ਜੱਟ ਬਾਝ ਭਰਾਵਾਂ ਮਾਰਿਆ...
ਸੰਨ 1995 ਦੀ ਗੱਲ ਹੈ, ਅਸੀਂ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਲਈ ਸ਼ੇਖ਼ੂਪੁਰਾ (ਪਾਕਿਸਤਾਨ) ਗਏ ਹੋਏ ਸਾਂ। ਰਾਤ ਭਰ ਗਾਉਣ-ਵਜਾਉਣ ਦਾ ਦੌਰ ਚੱਲਦਾ ਰਿਹਾ, ਜਿਸ ਕਾਰਨ ਸਵੇਰੇ ਉੱਠਣ ਵਿੱਚ ਥੋੜ੍ਹੀ ਦੇਰੀ ਹੋ ਗਈ। ਸਾਨੂੰ ਦੱਸਿਆ ਗਿਆ ਕਿ ਬਾਹਰ ਵਿਹੜੇ ਵਿੱਚ...
ਸੰਨ 1995 ਦੀ ਗੱਲ ਹੈ, ਅਸੀਂ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਲਈ ਸ਼ੇਖ਼ੂਪੁਰਾ (ਪਾਕਿਸਤਾਨ) ਗਏ ਹੋਏ ਸਾਂ। ਰਾਤ ਭਰ ਗਾਉਣ-ਵਜਾਉਣ ਦਾ ਦੌਰ ਚੱਲਦਾ ਰਿਹਾ, ਜਿਸ ਕਾਰਨ ਸਵੇਰੇ ਉੱਠਣ ਵਿੱਚ ਥੋੜ੍ਹੀ ਦੇਰੀ ਹੋ ਗਈ। ਸਾਨੂੰ ਦੱਸਿਆ ਗਿਆ ਕਿ ਬਾਹਰ ਵਿਹੜੇ ਵਿੱਚ ਲੋਕ ਸਾਡਾ ਇੰਤਜ਼ਾਰ ਕਰ ਰਹੇ ਹਨ। ਜਿਉਂ ਹੀ ਅਸੀਂ ਬਾਹਰ ਨਿਕਲੇ, ਲੋਕਾਂ ਨੇ ਗੁਲਾਬ ਦੀਆਂ ਪੱਤੀਆਂ ਨਾਲ ਸਾਡਾ ਸਵਾਗਤ ਕੀਤਾ। ਚਾਰ ਚੁਫੇਰੇ ਫੁੱਲਾਂ ਦੀ ਵਰਖਾ ਹੋਈ ਅਤੇ ਪੂਰਾ ਵਾਤਾਵਰਨ ਮਹਿਕਾਂ ਨਾਲ ਲੱਦਿਆ ਗਿਆ। ਮੈਂ ਉਤਸੁਕਤਾ ਵੱਸ ਪੁੱਛਿਆ ਕਿ ਕੀ ਨੇੜੇ-ਤੇੜੇ ਕੋਈ ਇਤਿਹਾਸਕ ਜਗ੍ਹਾ ਹੈ? ਉਨ੍ਹਾਂ ਦੱਸਿਆ ਕਿ ਇੱਥੋਂ ਮਹਿਜ਼ 12 ਮੀਲ ਦੀ ਦੂਰੀ ’ਤੇ ਸੱਯਦ ਵਾਰਿਸ ਸ਼ਾਹ ਦੀ ਦਰਗਾਹ ਹੈ। ਮੈਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਮਿਰਜ਼ਾ-ਸਾਹਿਬਾਂ ਦੀ ਦਰਗਾਹ ਕਿੱਥੇ ਹੈ? ਸਭ ਨੇ ਇਕਮੱਤ ਹੋ ਕੇ ਕਿਹਾ ਕਿ ਦਰਗਾਹ ਹੈ ਤਾਂ ਸਹੀ, ਪਰ ਕਿਸੇ ਨੂੰ ਉਸ ਦੀ ਸਹੀ ਥਾਂ ਬਾਰੇ ਪਤਾ ਨਹੀਂ ਸੀ। ਅਗਲੇ ਦਿਨ ਅਸੀਂ ਜੰਡਿਆਲਾ ਸ਼ੇਰ ਖਾਂ ਪਹੁੰਚ ਗਏ। ਉੱਥੇ ਕਿੰਨੇ ਹੀ ਮਲੰਗ ਆਪਣੀ ਹੀ ਮਸਤੀ ਵਿੱਚ ਵਾਰਿਸ ਸ਼ਾਹ ਦੀ ‘ਹੀਰ’ ਗਾ ਰਹੇ ਸਨ। ਉੱਥੇ ਸਾਨੂੰ ਸ਼ੇਖ਼ੂਪੁਰਾ ਕਾਲਜ ਦੇ ਪ੍ਰਿੰਸੀਪਲ ਗ਼ੁਲਾਮ ਰਸੂਲ ਆਜ਼ਾਦ ਮਿਲੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮਿਰਜ਼ਾ-ਸਾਹਿਬਾਂ ਦੀਆਂ ਕਬਰਾਂ ਬਾਰੇ ਪਤਾ ਹੈ, ਪਰ ਉੱਥੇ ਜਾਣ ਲਈ ਵਿਸ਼ੇਸ਼ ਇੰਤਜ਼ਾਮ ਕਰਨਾ ਪਵੇਗਾ ਕਿਉਂਕਿ ਉਸ ਇਲਾਕੇ ਵਿੱਚ ਯੂਸਫ਼ ਸ਼ਾਹੀ ਨਾਂ ਦਾ ਇੱਕ ਇਸ਼ਤਿਹਾਰੀ ਡਾਕੂ ਰਹਿੰਦਾ ਸੀ।
ਦੂਜੇ ਦਿਨ ਹੀ ਪ੍ਰਿੰਸੀਪਲ ਸਾਹਿਬ ਦਾ ਸੁਨੇਹਾ ਆ ਗਿਆ, “ਮੈਂ ਇੰਤਜ਼ਾਮ ਕਰ ਲਿਆ ਹੈ, ਆਪਾਂ ਮਿਰਜ਼ੇ ਦੀ ਕਬਰ ’ਤੇ ਚੱਲਾਂਗੇ।” ਉਨ੍ਹਾਂ ਦੇ ਨਾਲ ਰਾਏ ਮਰਾਤਬ ਅਲੀ ਨਾਂ ਦਾ ਇੱਕ ਵਿਅਕਤੀ ਸੀ, ਜੋ ਪ੍ਰਿੰਸੀਪਲ ਸਾਹਿਬ ਦਾ ਵਿਦਿਆਰਥੀ ਰਿਹਾ ਸੀ। ਪਤਾ ਲੱਗਿਆ ਕਿ ਡਾਕੂ ਯੂਸਫ਼ ਸ਼ਾਹੀ ਅਕਸਰ ਮਰਾਤਬ ਅਲੀ ਕੋਲ ਪਨਾਹ ਲੈਂਦਾ ਸੀ, ਇਸ ਲਈ ਉਹ ਸਾਡੀ ਸੁਰੱਖਿਆ ਲਈ ਸਾਡੇ ਨਾਲ ਚੱਲਣ ਲਈ ਤਿਆਰ ਹੋ ਗਿਆ। ਜਦੋਂ ਅਸੀਂ ਮਿਰਜ਼ਾ-ਸਾਹਿਬਾਂ ਦੀ ਕਬਰ ਦੇਖਣ ਲਈ ਕਬੀਰ ਵਾਲੇ ਪਹੁੰਚੇ, ਤਾਂ ਰਸਤੇ ਵਿੱਚ ਲੋਕਾਂ ਨੇ ਸਾਨੂੰ ਰੋਕ ਕੇ ਬੜੇ ਚਾਅ ਨਾਲ ਦੁੱਧ-ਸੋਢਾ ਪਿਆਇਆ। ਗੱਲਾਂ-ਗੱਲਾਂ ਵਿੱਚ ਉਨ੍ਹਾਂ ਨੇ ਸਾਨੂੰ ਵਰਜਿਆ, “ਮਿਰਜ਼ਾ-ਸਾਹਿਬਾਂ ਦੀਆਂ ਕਬਰਾਂ ਵੱਲ ਨਾ ਜਾਓ, ਉੱਥੇ ਖ਼ਤਰਨਾਕ ਡਾਕੂ ਯੂਸਫ਼ ਸ਼ਾਹੀ ਦਾ ਡੇਰਾ ਹੈ।” ਉਨ੍ਹਾਂ ਦੀ ਫ਼ਿਕਰ ਸੁਣ ਕੇ ਮਰਾਤਬ ਅਲੀ ਖਿੜਖਿੜਾ ਕੇ ਹੱਸਿਆ ਤੇ ਕਹਿਣ ਲੱਗਾ, ‘ਅੱਲਾ ਭਲੀ ਕਰਸੀ।’ ਜਦੋਂ ਸਥਾਨਕ ਲੋਕਾਂ ਨੂੰ ਪਤਾ ਲੱਗਿਆ ਕਿ ਅਸੀਂ ਮਰਾਤਬ ਅਲੀ ਦੇ ਨਾਲ ਹਾਂ ਤਾਂ ਉਨ੍ਹਾਂ ਦਾ ਡਰ ਦੂਰ ਹੋ ਗਿਆ ਤੇ ਕਹਿਣ ਲੱਗੇ, ‘ਫੇਰ ਜ਼ਰੂਰ ਜਾਓ, ਹੁਣ ਕੋਈ ਖ਼ਤਰਾ ਨਹੀਂ।’
ਮਿਰਜ਼ਾ-ਸਾਹਿਬਾਂ ਦੀਆਂ ਕਬਰਾਂ ਕੋਲ ਪਹੁੰਚ ਕੇ ਸਾਨੂੰ ਕੁਝ ਤਸੱਲੀ ਤਾਂ ਹੋਈ, ਪਰ ਮਨ ਨੂੰ ਦੁੱਖ ਵਧੇਰੇ ਹੋਇਆ। ਉੱਥੇ ਮਿਰਜ਼ੇ ਦੇ ਪਿਤਾ ਰਾਏ ਵੰਝਲ, ਮਿਰਜ਼ਾ ਖ਼ਾਨ ਅਤੇ ਸਾਹਿਬਾਂ ਦੀਆਂ ਕਬਰਾਂ ਇਕੱਠੀਆਂ ਸਨ। ਪਰ ਉਨ੍ਹਾਂ ਕਬਰਾਂ ਦੀ ਹਾਲਤ ਦੇਖ ਕੇ ਦਿਲ ਭਰ ਆਇਆ; ਉਹ ਇੰਨੀਆਂ ਟੁੱਟੀਆਂ-ਭੱਜੀਆਂ ਅਤੇ ਉੱਜੜੀਆਂ ਹੋਈਆਂ ਸਨ ਕਿ ਸ਼ਾਇਦ ਕਿਸੇ ਆਮ ਬੰਦੇ ਦੀ ਕਬਰ ਵੀ ਇੰਨੀ ਬਦਹਾਲ ਨਹੀਂ ਹੁੰਦੀ। ਉੱਥੇ ਖੜ੍ਹਾ ਜੰਡ ਦਾ ਰੁੱਖ ਭਾਵੇਂ ਉੱਪਰੋਂ ਹਰਾ-ਭਰਾ ਸੀ, ਪਰ ਅੰਦਰੋਂ ਬਿਲਕੁਲ ਖੋਖਲਾ ਹੋ ਚੁੱਕਾ ਸੀ। ਆਮ ਤੌਰ ’ਤੇ ਜੰਡ ਦੀ ਉਮਰ ਤਿੰਨ-ਚਾਰ ਸੌ ਸਾਲ ਹੁੰਦੀ ਹੈ, ਜੋ ਉਸ ਬੀਤੇ ਹੋਏ ਵਕਤ ਦੀ ਗਵਾਹੀ ਭਰ ਰਿਹਾ ਸੀ। ਇਨ੍ਹਾਂ ਕਬਰਾਂ ਦੇ ਪੁਨਰ-ਨਿਰਮਾਣ ਦੀ ਕਹਾਣੀ ਵੀ ਬੜੀ ਅਜੀਬ ਹੈ। ਖਾਰੀਆਂ ਪਿੰਡ ਦਾ ਇੱਕ ਪਰਿਵਾਰ ਕਈ ਪੀੜ੍ਹੀਆਂ ਤੋਂ ਨਾਰਵੇ ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੇ ਪਰਿਵਾਰ ਦੇ ਇੱਕ ਨੌਜਵਾਨ, ਜਿਸ ਦਾ ਨਾਮ ਵਾਰਿਸ ਸੀ, ਨੂੰ ਇੱਕ ਰਾਤ ਸੁਪਨਾ ਆਇਆ। ਸੁਪਨੇ ਵਿੱਚ ਇੱਕ ਬੇਹੱਦ ਖ਼ੂਬਸੂਰਤ ਜੋੜੀ ਨੇ ਉਸ ਨੂੰ ਦਰਸ਼ਨ ਦਿੱਤੇ ਅਤੇ ਕਿਹਾ, “ਅਸੀਂ ਮਿਰਜ਼ਾ-ਸਾਹਿਬਾਂ ਹਾਂ; ਜ਼ਰਾ ਸਾਡੀਆਂ ਕਬਰਾਂ ਦੀ ਹਾਲਤ ਤਾਂ ਦੇਖ। ਅਸੀਂ ਇੱਥੇ ਉੱਜੜੇ-ਪੁੱਜੜੇ ਪਏ ਹਾਂ, ਤੂੰ ਆ ਕੇ ਸਾਡੀਆਂ ਕਬਰਾਂ ਦਾ ਮੂੰਹ-ਮੱਥਾ ਸੰਵਾਰ।”
ਵਾਰਿਸ ਇਸ ਸੁਪਨੇ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਤੁਰੰਤ ਆਪਣੇ ਦੇਸ਼ (ਪਾਕਿਸਤਾਨ) ਪਰਤ ਆਇਆ। ਉਸ ਨੇ ਲਾਹੌਰ ਆ ਕੇ ਪਹਿਲਾਂ ‘ਖਾਰੀਆਂ’ ਕਸਬਾ ਲੱਭਿਆ ਅਤੇ ਫਿਰ ਉੱਥੋਂ ‘ਦਾਨਾਬਾਦ’ ਦੀ ਭਾਲ ਸ਼ੁਰੂ ਕੀਤੀ। ਅਖ਼ੀਰ ਕਬਰਾਂ ਦਾ ਪਤਾ ਲੱਗਣ ’ਤੇ ਉਸ ਨੇ ਖਰਲ ਕਬੀਲੇ ਦੇ ਮੋਹਤਬਰ ਲੋਕਾਂ ਨਾਲ ਸੰਪਰਕ ਕੀਤਾ। ਉਸ ਨੇ ਕਿਹਾ, ‘ਇਨ੍ਹਾਂ ਕਬਰਾਂ ਦੀ ਮੁਰੰਮਤ ’ਤੇ ਜਿੰਨਾ ਵੀ ਖ਼ਰਚ ਆਵੇਗਾ, ਉਹ ਮੈਂ ਦਿਆਂਗਾ, ਬਸ ਇਨ੍ਹਾਂ ਨੂੰ ਇੱਕ ਖ਼ੂਬਸੂਰਤ ਦਿਖ਼ ਪ੍ਰਦਾਨ ਕਰੋ।’ ਅੱਜ ਉਸੇ ਦੀ ਬਦੌਲਤ ਇਹ ਕਬਰਾਂ ਇੱਕ ਗੁੰਬਦਨੁਮਾ ਹਾਲ ਦੇ ਅੰਦਰ ਬਣੀਆਂ ਹੋਈਆਂ ਹਨ ਅਤੇ ਰੰਗ-ਬਰੰਗੀਆਂ ਟਾਈਲਾਂ ਨਾਲ ਲਿਸ਼ਕ ਰਹੀਆਂ ਹਨ।
ਇਤਿਹਾਸ ਦੇ ਝਰੋਖੇ ਵਿੱਚੋਂ ਇੱਕ ਹੋਰ ਗੱਲ ਉੱਭਰਦੀ ਹੈ ਕਿ ਕਦੇ ਮਿਰਜ਼ਾ ਅਤੇ ਸ਼ੇਖੂ ਦੀ ਦੋਸਤੀ ਬਹੁਤ ਮਸ਼ਹੂਰ ਸੀ। ਸ਼ੇਖੂ (ਸ਼ਹਿਜ਼ਾਦਾ ਸਲੀਮ), ਜੋ ਬਾਅਦ ਵਿੱਚ ਜਹਾਂਗੀਰ ਦੇ ਨਾਂ ਨਾਲ ਮੁਗ਼ਲ ਬਾਦਸ਼ਾਹ ਬਣਿਆ, ਅਕਬਰ ਦਾ ਪੁੱਤਰ ਸੀ। ਸ਼ੇਖੂ ਅਤੇ ਮਿਰਜ਼ਾ ਖ਼ਾਨ ਇਕੱਠੇ ਘੋੜੀਆਂ ਭਜਾਉਂਦੇ ਅਤੇ ਤੀਰਅੰਦਾਜ਼ੀ ਦਾ ਅਭਿਆਸ ਕਰਦੇ ਸਨ। ਇੱਕ ਦਿਨ ਇਹ ਨੌਜਵਾਨ ਦੋਸਤ ਆਪਸ ਵਿੱਚ ਹਾਸਾ-ਠੱਠਾ ਕਰ ਰਹੇ ਸਨ ਕਿ ਉਨ੍ਹਾਂ ਨੇ ਅੰਬ ਦੇ ਰੁੱਖ ’ਤੇ ਇੱਕ ਤੋਤਾ ਬੈਠਾ ਦੇਖਿਆ, ਜਿਸ ਦੀ ਚੁੰਝ ਵਿੱਚ ਅੰਬੀ ਸੀ। ਸਾਰੇ ਦੋਸਤਾਂ ਨੇ ਮਿਰਜ਼ੇ ਨੂੰ ਚੁਣੌਤੀ ਦਿੱਤੀ, ‘ਮਿਰਜ਼ੇ! ਜੇ ਤੂੰ ਸੱਚਾ ਨਿਸ਼ਾਨੇਬਾਜ਼ ਹੈਂ, ਤਾਂ ਤੋਤੇ ਦੀ ਚੁੰਝ ਵਿੱਚੋਂ ਅੰਬੀ ਡੇਗ, ਪਰ ਸ਼ਰਤ ਇਹ ਹੈ ਕਿ ਤੋਤੇ ਨੂੰ ਖ਼ਰੋਚ ਤੱਕ ਨਹੀਂ ਆਉਣੀ ਚਾਹੀਦੀ।’ ਮਿਰਜ਼ੇ ਨੇ ਅਜਿਹਾ ਕਮਾਲ ਦਾ ਨਿਸ਼ਾਨਾ ਲਾਇਆ ਕਿ ਮਲਕੜੇ ਜਿਹੇ ਅੰਬੀ ਵੀ ਡਿੱਗ ਪਈ ਅਤੇ ਤੋਤੇ ਦਾ ਵਾਲ ਵੀ ਵਿੰਗਾ ਨਾ ਹੋਇਆ।
ਕੁਝ ਦਿਨਾਂ ਬਾਅਦ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਮਿਰਜ਼ੇ ਦੀ ਇੱਕ ਹੋਰ ਪ੍ਰੀਖਿਆ ਲਈ ਗਈ। ਦਰਬਾਰ ਵਿੱਚ ਬਾਂਸ ਦੇ ਬਾਰਾਂ ਡੰਡੇ ਗੱਡ ਕੇ ਉਨ੍ਹਾਂ ਦੇ ਉੱਪਰ ਤੇਲ ਨਾਲ ਭਰੀ ਇੱਕ ‘ਕੁੱਪੀ’ ਟੰਗ ਦਿੱਤੀ ਗਈ। ਸਭ ਨੇ ਮਿਰਜ਼ਾ ਖ਼ਾਨ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਕੁੱਪੀ ਨੂੰ ਤੀਰ ਨਾਲ ਹੇਠਾਂ ਉਤਾਰ ਕੇ ਦਿਖਾਵੇ, ਪਰ ਸ਼ਰਤ ਇਹ ਸੀ ਕਿ ਇੱਕ ਵੀ ਬਾਂਸ ਨਹੀਂ ਡਿੱਗਣਾ ਚਾਹੀਦਾ। ਮਿਰਜ਼ੇ ਨੇ ਆਪਣੀ ਕਲਾ ਦਾ ਅਜਿਹਾ ਪ੍ਰਦਰਸ਼ਨ ਕੀਤਾ ਕਿ ਤੀਰ ਦੀ ਨੋਕ ਨਾਲ ਕੁੱਪੀ ਬਿਲਕੁਲ ਸਿੱਧੀ ਹੇਠਾਂ ਉਤਾਰ ਦਿੱਤੀ ਅਤੇ ਬਾਂਸ ਆਪਣੀ ਥਾਂ ’ਤੇ ਟਿਕੇ ਰਹੇ। ਇਸ ਕਮਾਲ ਦੇ ਨਿਸ਼ਾਨੇ ਤੋਂ ਪ੍ਰਸੰਨ ਹੋ ਕੇ ਬਾਦਸ਼ਾਹ ਅਕਬਰ ਨੇ ਕਿਹਾ, ‘ਮੰਗ ਮਿਰਜ਼ਿਆ, ਜੋ ਕੁਝ ਮੰਗਣਾ ਹੈ!’ ਮਿਰਜ਼ੇ ਨੇ ਜਵਾਬ ਦਿੱਤਾ, “ਤੁਸੀਂ ਬਾਦਸ਼ਾਹਾਂ ਦੇ ਬਾਦਸ਼ਾਹ ਹੋ, ਜੇ ਦੇਣਾ ਹੀ ਹੈ ਤਾਂ ਮੈਨੂੰ ਆਪਣੀ ‘ਬੱਕੀ’ (ਘੋੜੀ) ਦੇ ਦਿਓ।” ਇਹ ਸੁਣ ਕੇ ਅਕਬਰ ਨੇ ਕਿਹਾ, “ਸ਼ਹਿਜ਼ਾਦੇ! ਇਹ ਤੂੰ ਮੇਰੇ ਕਾਲਜੇ ਨੂੰ ਹੱਥ ਪਾ ਲਿਆ ਹੈ। ਜੇ ਤੂੰ ਮੇਰੇ ਕੋਲੋਂ ਸੌ ਮੁਰੱਬਾ ਜ਼ਮੀਨ ਜਾਂ ਸੌ ਵਧੀਆ ਘੋੜੀਆਂ ਮੰਗਦਾ ਤਾਂ ਮੈਂ ਖ਼ੁਸ਼ੀ-ਖ਼ੁਸ਼ੀ ਦੇ ਦਿੰਦਾ।” ਮਿਰਜ਼ੇ ਨੇ ਦਲੇਰੀ ਨਾਲ ਕਿਹਾ, “ਜੇ ਤੁਸੀਂ ਮਹਾਰਾਜਿਆਂ ਦੇ ਮਹਾਰਾਜਾ ਹੋ ਤਾਂ ਆਪਣੇ ਬਚਨ ’ਤੇ ਪਹਿਰਾ ਦਿਓ, ਨਹੀਂ ਤਾਂ ਟਾਲ-ਮਟੋਲ ਕਰ ਦਿਓ।” ਅਖ਼ੀਰ ਅਕਬਰ ਨੇ ਬੜੇ ਭਰੇ ਮਨ ਨਾਲ ਬੱਕੀ ਦੀ ਵਾਗ ਮਿਰਜ਼ੇ ਦੇ ਹੱਥ ਫੜਾ ਦਿੱਤੀ।
ਇਸ ਤੋਂ ਇਲਾਵਾ ਇਤਿਹਾਸ ਵਿੱਚ ‘ਕੱਕੀ’ ਨਾਂ ਦੀ ਘੋੜੀ ਦਾ ਵੀ ਬਹੁਤ ਜ਼ਿਕਰ ਆਉਂਦਾ ਹੈ। ਕੱਕੀ, ਸਖੀ ਸਰਵਰ ਪੀਰ ਦੀਆਂ ਖੁੱਲ੍ਹੀਆਂ ਜ਼ਮੀਨਾਂ ਵਿੱਚ ਚੁਗਦੀ ਰਹਿੰਦੀ ਸੀ ਅਤੇ ਉਸ ਨੂੰ ਕੋਈ ਰੋਕਣ-ਟੋਕਣ ਵਾਲਾ ਨਹੀਂ ਸੀ। ਇੱਕ ਵਾਰ ਇੱਕ ਤਰਖਾਣ ਆਪਣੇ ਖੇਤ ਵਿੱਚ ਗਿਆ, ਜਿੱਥੇ ਕੱਕੀ ਚਰ ਰਹੀ ਸੀ। ਤਰਖਾਣ ਨੇ ਪੀਰ ਸਾਹਿਬ ਕੋਲੋਂ ਮਾਫ਼ੀ ਮੰਗੀ, ਪਰ ਪੀਰ ਸਾਹਿਬ ਨੇ ਰਹਿਮਦਿਲੀ ਦਿਖਾਉਂਦੇ ਹੋਏ ਕਿਹਾ, “ਮਾਫ਼ੀ ਛੱਡ, ਤੂੰ ਇਹ ਦੱਸ ਕਿ ਤੈਨੂੰ ਚਾਹੀਦਾ ਕੀ ਹੈ?” ਤਰਖਾਣ ਨੇ ਅਰਜ਼ ਕੀਤੀ, “ਮਿਹਰਬਾਨੀ ਕਰਕੇ ਇਸ ਇਲਾਕੇ ਦੀਆਂ ਸਾਰੀਆਂ ਟਾਹਲੀਆਂ ਵਿੱਚ ਲਾਲੀ ਭਰ ਦਿਓ।” ਇਸੇ ਤਰ੍ਹਾਂ ਲੋਕ ਰਾਜਾ ਰਸਾਲੂ ਦੇ ‘ਨੀਲੇ ਘੋੜੇ’ ਨੂੰ ਵੀ ਯਾਦ ਕਰਦੇ ਹਨ। ਰਾਜਾ ਰਸਾਲੂ, ਰਾਜਾ ਸਲਵਾਨ ਦਾ ਪੁੱਤਰ ਅਤੇ ਪੂਰਨ ਭਗਤ ਦਾ ਛੋਟਾ ਭਰਾ ਸੀ।
ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਹਰਜਾ ਤੇ ਗਰਜਾ ਮਿਰਜ਼ੇ ਦੇ ਦੋ ਮਤਰੇਏ ਭਰਾ ਸਨ, ਜਿਨ੍ਹਾਂ ਦੀ ਮਾਂ ‘ਨਸੀਬਾਂ’ ਸੀ। ਮਿਰਜ਼ੇ ਦੀ ਆਪਣੀ ਇੱਕ ਭੈਣ ‘ਛੱਤੀ’ ਅਤੇ ਤਿੰਨ ਭਰਾ ਸਨ- ਮਿਰਜ਼ਾ ਖ਼ਾਨ, ਸਰਦੂਲ ਖ਼ਾਨ ਅਤੇ ਨੂਰਸਬੰਧ। ਇਹ ਸਾਰੇ ‘ਫ਼ਤਿਹ ਬੀਬੀ’ ਦੀ ਔਲਾਦ ਸਨ। ਫ਼ਤਿਹ ਬੀਬੀ, ਨੂਰਾ ਮੰਦਲ ਦੀ ਧੀ ਸੀ। ਮਿਰਜ਼ਾ ਅਤੇ ਸਾਹਿਬਾਂ ਦਾ ਰਿਸ਼ਤਾ ਤਾਂ ਜਨਮ ਲੈਂਦਿਆਂ ਹੀ ਤੈਅ ਹੋ ਗਿਆ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਖੀਵਾ ਖ਼ਾਨ ਦਾ ਜਨਮ ਹੋਇਆ, ਤਾਂ ਉਸ ਦੀ ਮਾਂ ਜਣੇਪੇ ਦੌਰਾਨ ਹੀ ਚੜ੍ਹਾਈ ਕਰ ਗਈ ਸੀ। ਉਸ ਤੋਂ ਬਾਅਦ ਖੀਵਾ ਖ਼ਾਨ ਨੇ ਵੀ ਨੂਰਾ ਮੰਦਲ ਦਾ ਦੁੱਧ ਚੁੰਘਿਆ ਸੀ (ਜਿਸ ਕਾਰਨ ਉਹ ਮਿਰਜ਼ੇ ਦੀ ਮਾਂ ਦਾ ਦੁੱਧ-ਭਰਾ ਬਣ ਗਿਆ ਸੀ।
ਸਾਹਿਬਾਂ ਦੇ ਭਰਾਵਾਂ ਨੇ ਜ਼ਿੱਦ ਕਰਕੇ ਉਸ ਦਾ ਰਿਸ਼ਤਾ ਕਮਾਲੀਆ ਦੇ ਰਹਿਣ ਵਾਲੇ ਤਾਹਿਰ ਖ਼ਾਨ ਨਾਲ ਤੈਅ ਕਰ ਦਿੱਤਾ। ਜਦੋਂ ਸਾਹਿਬਾਂ ਦੇ ਵਿਆਹ ਦਾ ਦਿਨ ਆਇਆ ਤਾਂ ਮਿਰਜ਼ਾ ਆਪਣੀ ਬੱਕੀ ’ਤੇ ਸਵਾਰ ਹੋ ਕੇ ਉਸ ਨੂੰ ਲੈਣ ਲਈ ਸਾਹਿਬਾਂ ਦੀ ਭੂਆ ਬੀਬੋ ਦੇ ਘਰ ਪਹੁੰਚ ਗਿਆ। ਬੀਬੋ ਨੇ ਮਿਰਜ਼ੇ ਦਾ ਸੁਨੇਹਾ ਸਾਹਿਬਾਂ ਤੱਕ ਪਹੁੰਚਾਇਆ ਅਤੇ ਮਿਰਜ਼ਾ, ਸਾਹਿਬਾਂ ਨੂੰ ਬੱਕੀ ’ਤੇ ਬਿਠਾ ਕੇ ਦਾਨਾਬਾਦ ਵੱਲ ਉੱਡ ਗਿਆ। ਦਾਨਾਬਾਦ ਤੋਂ ਮਹਿਜ਼ ਚਾਰ ਮੀਲ ਪਹਿਲਾਂ, ਇੱਕ ਜੰਡ ਦੇ ਰੁੱਖ ਹੇਠ ਉਹ ਥੋੜ੍ਹੀ ਦੇਰ ਸੁਸਤਾਉਣ ਲਈ ਰੁਕ ਗਏ। ਸਾਹਿਬਾਂ ਨੇ ਸ਼ੰਕਾ ਜ਼ਾਹਿਰ ਕਰਦਿਆਂ ਕਿਹਾ, “ਮਿਰਜ਼ਿਆ! ਮੇਰੇ ਭਰਾ ਪਿੱਛਾ ਕਰਦੇ ਆਉਂਦੇ ਹੋਣਗੇ, ਸਾਨੂੰ ਇੱਥੇ ਨਹੀਂ ਰੁਕਣਾ ਚਾਹੀਦਾ।” ਪਰ ਮਿਰਜ਼ੇ ਨੂੰ ਆਪਣੀ ਬਹਾਦਰੀ ਅਤੇ ਤੀਰਅੰਦਾਜ਼ੀ ’ਤੇ ਹੱਦੋਂ ਵੱਧ ਮਾਣ ਸੀ, ਉਸ ਨੇ ਕਿਹਾ, “ਕਿਸੇ ਦੀ ਇੰਨੀ ਜੁਰਅੱਤ ਨਹੀਂ ਕਿ ਮੇਰੇ ਸਾਹਮਣੇ ਆ ਸਕੇ।” ਥੱਕੇ-ਟੁੱਟੇ ਮਿਰਜ਼ੇ ਦੀ ਅੱਖ ਲੱਗ ਗਈ ਅਤੇ ਕੁਝ ਹੀ ਦੇਰ ਵਿੱਚ ਖੀਵੇ ਦੇ ਪੁੱਤਰ ਮੌਤ ਬਣ ਕੇ ਸਿਰ ’ਤੇ ਆ ਖੜ੍ਹੇ ਹੋਏ।
ਭਾਵੇਂ ਸਾਡਾ ਮਰਦ-ਪ੍ਰਧਾਨ ਸਮਾਜ ਅਕਸਰ ਸਾਹਿਬਾਂ ਨੂੰ ਹੀ ਕਸੂਰਵਾਰ ਠਹਿਰਾਉਂਦਾ ਹੈ, ਪਰ ਸੱਚ ਤਾਂ ਇਹ ਹੈ ਕਿ ਉਸ ਦਿਨ ਪਹਿਲਾ ਤੀਰ ਸਾਹਿਬਾਂ ਦੇ ਲੱਗਿਆ, ਦੂਜਾ ਮਿਰਜ਼ਾ ਖ਼ਾਨ ਦੇ ਅਤੇ ਤੀਜਾ ਬੱਕੀ ਦੇ। ਚਰਵਾਹੇ ਮੁੰਡਿਆਂ ਨੇ ਭੱਜ ਕੇ ਦਾਨਾਬਾਦ ਮਿਰਜ਼ੇ ਦੇ ਪਰਿਵਾਰ ਨੂੰ ਇਸ ਕਹਿਰ ਦੀ ਖ਼ਬਰ ਦਿੱਤੀ। ਮਿਰਜ਼ੇ ਦੇ ਭਰਾਵਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਨਿੰਮ ਦੇ ਪੱਤਿਆਂ ਵਿੱਚ ਲਪੇਟਿਆ ਅਤੇ ਖੀਵੇ ਦੇ ਖ਼ਾਨਦਾਨ ਨਾਲ ਮੱਥਾ ਲਾਉਣ ਲਈ ਤਿਆਰ ਹੋ ਗਏ। ਆਖਿਆ ਜਾਂਦਾ ਹੈ ਕਿ ਵਫ਼ਾਦਾਰ ਬੱਕੀ ਜਿੰਨੇ ਦਿਨ ਜਿਊਂਦੀ ਰਹੀ, ਮਿਰਜ਼ੇ ਦੀ ਕਬਰ ਦੁਆਲੇ ਹੀ ਘੁੰਮਦੀ ਰਹੀ। ਦੂਜੇ ਪਾਸੇ, ਮਿਰਜ਼ੇ ਦੇ ਭਰਾਵਾਂ ਨੇ ਬਦਲੇ ਦੀ ਅੱਗ ਵਿੱਚ ‘ਖੀਵਾ’ ਢਹਿ-ਢੇਰੀ ਕਰ ਦਿੱਤਾ। ਅੱਜ ਵੀ ਉੱਥੇ ਦੋ ‘ਖੀਵੇ’ ਨਜ਼ਰ ਆਉਂਦੇ ਹਨ- ਇੱਕ ਪੁਰਾਣਾ ਖੰਡਰ ਹੋ ਚੁੱਕਾ ਪਿੰਡ ਅਤੇ ਇੱਕ ਨਵਾਂ ਵਸਿਆ ਹੋਇਆ। ਮਿਰਜ਼ੇ ਦੇ ਭਰਾਵਾਂ ਨੇ ਉਸੇ ਜੰਡ ਕੋਲ ਆ ਕੇ ਉੱਚੀ-ਉੱਚੀ ਧਾਹਾਂ ਮਾਰੀਆਂ ਅਤੇ ਆਪਣੇ ਵੀਰ ਨੂੰ ਯਾਦ ਕਰਦਿਆਂ ਕਿਹਾ, “ਉੱਠ ਮਿਰਜ਼ੇ ਵੀਰ! ਇੱਕ ਘੜੀ ਅੱਖ ਪੱਟ ਕੇ ਵੇਖ, ਅਸੀਂ ਤੇਰੀ ਮੌਤ ਦਾ ਬਦਲਾ ਲੈ ਕੇ ਆਏ ਹਾਂ।”
ਸੰਪਰਕ: 98156-28998

