ਗਿੱਦੜਸਿੰਙੀ
ਸਵੇਰ ਦਾ ਵੇਲਾ ਸੀ। ਅਕਲ ਚੰਦ ਆਪਣੇ ਘਰ ਦੇ ਵਿਹੜੇ ਵਿੱਚ ਮੂੜ੍ਹੇ ’ਤੇ ਬੈਠਾ ਅਖ਼ਬਾਰ ਵਿੱਚ ਪੂਰੀ ਤਰ੍ਹਾਂ ਖੁੱਭਿਆ ਹੋਇਆ ਸੀ। ਦਰਾਂ ’ਤੇ ਇੱਕ ਜੋਗੀ ਨੇ ਆ ਅਲਖ ਜਗਾਈ, ‘‘ਬੱਚਾ! ਨਾਥ ਦੋ ਦਿਨਾਂ ਤੋਂ ਭੁੱਖੇ ਨੇ, ਨਾਥਾਂ ਲਈ ਕੁਝ ਖਾਣ...
ਸਵੇਰ ਦਾ ਵੇਲਾ ਸੀ। ਅਕਲ ਚੰਦ ਆਪਣੇ ਘਰ ਦੇ ਵਿਹੜੇ ਵਿੱਚ ਮੂੜ੍ਹੇ ’ਤੇ ਬੈਠਾ ਅਖ਼ਬਾਰ ਵਿੱਚ ਪੂਰੀ ਤਰ੍ਹਾਂ ਖੁੱਭਿਆ ਹੋਇਆ ਸੀ। ਦਰਾਂ ’ਤੇ ਇੱਕ ਜੋਗੀ ਨੇ ਆ ਅਲਖ ਜਗਾਈ, ‘‘ਬੱਚਾ! ਨਾਥ ਦੋ ਦਿਨਾਂ ਤੋਂ ਭੁੱਖੇ ਨੇ, ਨਾਥਾਂ ਲਈ ਕੁਝ ਖਾਣ ਨੂੰ ਦੇ ਦਿਓ।’’ ਅਕਲ ਚੰਦ ਖ਼ਬਰਾਂ ਦੇ ਮੋਹ ਵਿੱਚ ਇੰਨਾ ਗ੍ਰਸਤ ਸੀ ਕਿ ਉਸ ਦਾ ਧਿਆਨ ਜੋਗੀ ਵੱਲ ਉੱਕਾ ਹੀ ਨਾ ਗਿਆ। ਜੋਗੀ ਨੇ ਮੁੜ ਕਿਹਾ, ‘‘ਬੱਚਾ! ਅਖ਼ਬਾਰ ਵਿੱਚ ਅਜਿਹੀ ਕਿਹੜੀ ਜੜੀ-ਬੂਟੀ ਛਪੀ ਹੈ, ਜੋ ਤੂੰ ਇਹਦੇ ਵਿੱਚ ਹੀ ਵੜਿਆ ਪਿਆ ਏਂ?’’ ਅਕਲ ਚੰਦ ਨੇ ਤ੍ਰਭਕ ਕੇ ਜੋਗੀ ਵੱਲ ਦੇਖਿਆ ਤੇ ਕਹਿਣ ਲੱਗਾ, ‘‘ਬਾਬਾ ਜੀ! ਮੈਂ ਖ਼ਬਰ ਨਹੀਂ, ਲੇਖ ਪੜ੍ਹ ਰਿਹਾ ਸੀ। ਬੜਾ ਕਮਾਲ ਦਾ ਲਿਖਿਆ ਏ, ਸਵਾਦ ਆ ਗਿਆ।’’ ਅਕਲ ਚੰਦ ਨੇ ਅਖ਼ਬਾਰ ਦੇ ਅੰਤਿਮ ਪੰਨੇ ’ਤੇ ਨਜ਼ਰ ਮਾਰਦਿਆਂ ਕਿਹਾ, ‘‘ਆਹ ਦੇਖੋ ਬਾਬਾ ਜੀ, ਇੱਕ ਹੋਰ ਬੰਦੇ ਦੀ ਕਹਾਣੀ ਵੀ ਛਪੀ ਏ। ਕਮਾਲ ਦਾ ਦਿਮਾਗ਼ ਏ ਇਨ੍ਹਾਂ ਲੋਕਾਂ ਦਾ! ਹਰੇਕ ਵਿਸ਼ੇ ’ਤੇ ਕਿੰਨੀ ਪਕੜ ਏ! ਰਾਜਨੀਤੀ ਹੋਵੇ, ਸਾਹਿਤ, ਫਿਲਮਾਂ, ਸਾਇੰਸ ਜਾਂ ਖੇਡਾਂ- ਹਰੇਕ ਮੁੱਦੇ ’ਤੇ ਇੰਨਾ ਕਿਵੇਂ ਲਿਖ ਲੈਂਦੇ ਨੇ ਇਹ?’’ ਜੋਗੀ ਹੱਸਿਆ, ‘‘ਬੱਚਾ! ਦਿਮਾਗ਼ ਤਾਂ ਤੇਰੇ ਕੋਲ ਵੀ ਹੈ, ਤੂੰ ਵੀ ਲਿਖ ਲਿਆ ਕਰ।’’ ‘‘ਬਾਬਾ ਜੀ, ਮੈਂ ਤਾਂ ਸਕੂਲ ਵੇਲੇ ‘ਮੇਰਾ ਸਕੂਲ’ ਦਾ ਲੇਖ ਵੀ ਮਸਾਂ ਲਿਖਿਆ ਸੀ।
ਅਖ਼ਬਾਰੀ ਲੇਖ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਏ?’’ ਅਕਲ ਚੰਦ ਨੇ ਨਿਮਾਣਾ ਜਿਹਾ ਮੂੰਹ ਬਣਾ ਕੇ ਕਿਹਾ। ਜੋਗੀ ਦੇ ਚਿਹਰੇ ’ਤੇ ਰਹੱਸਮਈ ਮੁਸਕਾਨ ਫੈਲ ਗਈ ਤੇ ਬੋਲਿਆ, ‘‘ਕੋਈ ਗੱਲ ਨਹੀਂ ਬੱਚਾ! ਅੱਜ ਨਾਥ ਤੈਨੂੰ ਇੱਕ ਅਜਿਹੀ ਗਿੱਦੜਸਿੰਙੀ ਦੇ ਕੇ ਜਾਣਗੇ, ਜਿਹੜੀ ਤੇਰੇ ਬੜੇ ਕੰਮ ਆਵੇਗੀ।’’ ਅਕਲ ਚੰਦ ਦੀਆਂ ਅੱਖਾਂ ਚਮਕ ਪਈਆਂ, ‘‘ਗਿੱਦੜਸਿੰਙੀ?’’ ‘‘ਹਾਂ ਬੱਚਾ! ਤੂੰ ਜੋ ਕਹੇਂਗਾ, ਇਹ ਲਿਖ ਦੇਵੇਗੀ।’’ ‘‘ਅੱਛਾ ਬਾਬਾ ਜੀ! ਇਹ ਲੇਖ ਵੀ ਲਿਖ ਦਿਆ ਕਰੇਗੀ?’’ ‘‘ਇਕੱਲਾ ਲੇਖ ਹੀ ਨਹੀਂ ਬੱਚਾ! ਤੂੰ ਕਵਿਤਾ ਲਿਖਵਾ, ਕਹਾਣੀ ਲਿਖਵਾ, ਨਾਟਕ, ਇਕਾਂਗੀ, ਨਾਵਲ- ਜਿਹੜੀ ਮਰਜ਼ੀ ਵਿਧਾ ਲਿਖਵਾ ਲੈਣਾ। ਸੂਬਾਈ ਮਸਲੇ ’ਤੇ ਲਿਖਵਾ, ਕੌਮੀ ਮਸਲੇ ’ਤੇ ਲਿਖਵਾ ਜਾਂ ਵਿਸ਼ਵ ਰਾਜਨੀਤੀ ’ਤੇ, ਇਹ ਸਭ ਚੁਟਕੀਆਂ ਵਿੱਚ ਤਿਆਰ ਕਰ ਦੇਵੇਗੀ।’’
‘‘ਬਾਬਾ ਜੀ, ਫਿਰ ਤਾਂ ਇਹ ਵੱਡੀ ਕਰਾਮਾਤ ਹੋਈ!’’ ਅਕਲ ਚੰਦ ਨੇ ਹੈਰਾਨੀ ਨਾਲ ਕਿਹਾ। ‘‘ਕਰਾਮਾਤ ਤਾਂ ਹੋਰ ਵੀ ਵੱਡੀ ਏ ਬੱਚਾ! ਅੱਜਕੱਲ੍ਹ ਇਸ ਨੇ ਅੱਧੇ ਤੋਂ ਵੱਧ ਲੋਕਾਂ ਨੂੰ ਡਾਕਟਰ, ਪ੍ਰੋਫੈਸਰ ਤੇ ਵਿਦਵਾਨ ਵੀ ਬਣਾ ਦਿੱਤਾ ਏ। ਰਾਤੋ-ਰਾਤ ਮੋਟੇ-ਮੋਟੇ ਥੀਸਿਸ ਲਿਖ ਕੇ ਸਾਹਮਣੇ ਧਰ ਦਿੰਦੀ ਏ। ਬੰਦੇ ਦੀ ਵਿਸ਼ੇ ’ਤੇ ਪਕੜ ਹੋਵੇ ਜਾਂ ਨਾ, ਪਰ ਨਾਮ ਅੱਗੇ ‘ਡਾਕਟਰ’ ਲੱਗ ਜਾਂਦਾ ਏ!’’ ਜੋਗੀ ਦੀ ਗੱਲ ਸੁਣ ਕੇ ਅਕਲ ਚੰਦ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਅਕਲ ਚੰਦ ਨੇ ਖ਼ੁਸ਼ ਹੋ ਕੇ ਪਹਿਲਾਂ ਜੋਗੀ ਨੂੰ ਰੱਜ ਕੇ ਪ੍ਰਸ਼ਾਦਾ ਛਕਾਇਆ, ਫਿਰ ਗਿੱਦੜਸਿੰਙੀ ਦੀ ਮੰਗ ਕੀਤੀ। ਜੋਗੀ ਨੇ ਅਕਲ ਚੰਦ ਦਾ ਮੋਬਾਈਲ ਫੜਿਆ, ਅੱਖਾਂ ਮੀਟ ਕੇ ਕੁਝ ਮੰਤਰ ਫੂਕੇ ਅਤੇ ਮੋਬਾਈਲ ਵਾਪਸ ਫੜਾਉਂਦਿਆਂ ਕਿਹਾ, ‘‘ਬੱਚਾ! ਇਹ ਗਿੱਦੜਸਿੰਙੀ ਮੈਂ ਤੇਰੇ ਮੋਬਾਈਲ ਵਿੱਚ ਫਿੱਟ ਕਰ ਦਿੱਤੀ ਹੈ।’’ ‘‘ਪਰ ਬਾਬਾ ਜੀ ਇਹ ਕੰਮ ਕਿਵੇਂ ਕਰੇਗੀ?’’ ਅਕਲ ਚੰਦ ਨੇ ਉਤਸੁਕਤਾ ਨਾਲ ਪੁੱਛਿਆ। ‘‘ਬੱਚਾ! ਇਸ ਲਈ ਤੈਨੂੰ ਦੋ-ਤਿੰਨ ਮੰਤਰ ਸਿੱਖਣੇ ਪੈਣਗੇ। ਮੰਤਰ ਮਾਰੇਂਗਾ, ਰਚਨਾ ਆਪੇ ਬਾਹਰ ਆ ਜਾਵੇਗੀ। ਹਾਂ, ਥੋੜ੍ਹਾ ਬਹੁਤਾ ‘ਲੂਣ-ਤੇਲ’ ਤੈਨੂੰ ਆਪਣੇ ਵੱਲੋਂ ਲਾਉਣਾ ਪੈ ਸਕਦਾ ਹੈ। ਜੇ ਲਾ ਲਵੇਂਗਾ ਤਾਂ ਉੱਤਮ, ਨਾ ਲਾਵੇਂਗਾ ਤਾਂ ਵੀ ਤੇਰਾ ਨਾਮ ਅਖ਼ਬਾਰਾਂ ’ਚ ਗੂੰਜੇਗਾ।’’ ਅਕਲ ਚੰਦ ਨੇ ਡਰਦਿਆਂ ਪੁੱਛਿਆ, ‘‘ਬਾਬਾ ਜੀ! ਅਖ਼ਬਾਰ ਵਾਲਿਆਂ ਨੂੰ ਪਤਾ ਤਾਂ ਨਹੀਂ ਲੱਗੇਗਾ?’’ ਜੋਗੀ ਆਸਮਾਨ ਵੱਲ ਦੇਖ ਕੇ ਹੱਸਿਆ ਤੇ ਗੰਭੀਰ ਹੁੰਦਿਆਂ ਬੋਲਿਆ, “ਬੱਚਾ! ਇਸ ਗਿੱਦੜਸਿੰਙੀ ਤੋਂ ਕੋਈ ਅਛੂਤਾ ਨਹੀਂ। ਕੀ ਨਵੇਂ ਤੇ ਕੀ ਪੁਰਾਣੇ, ਅੱਜਕੱਲ੍ਹ ਸਾਰੇ ਇਸ ਦੀ ਪੂਜਾ ਕਰਦੇ ਨੇ। ਕੋਈ ਮੰਤਰ ਫੂਕ ਕੇ, ਕੋਈ ਅੱਖ ਮਾਰ ਕੇ ਤੇ ਕੋਈ ਮੂੰਹ ਬੰਦ ਰੱਖ ਕੇ। ਹਰ ਕੋਈ ਆਪੋ-ਆਪਣੇ ਕੰਮ ਦੀ ਕਰਾਮਾਤ ਕਰਵਾ ਰਿਹਾ ਏ। ਫ਼ਰਕ ਸਿਰਫ਼ ਐਨਾ ਏ ਕਿ ਕੋਈ ਇਸ ਨੂੰ ਸਹਾਇਕ ਬਣਾਉਂਦਾ ਏ ਤੇ ਕੋਈ ਆਪਣੀ ਅਕਲ ਦਾ ਬਦਲ।” ਇੰਨੀ ਗੱਲ ਕਹਿ ਕੇ ਜੋਗੀ ਨੇ ਆਪਣੀ ਬਗਲੀ ਮੋਢੇ ਪਾਈ ਅਤੇ ਤੁਰ ਪਿਆ। ਜੋਗੀ ਦੇ ਜਾਣ ਮਗਰੋਂ ਅਕਲ ਚੰਦ ਨੇ ਮੋਬਾਈਲ ਵਿੱਚ ਬੈਠੀ ਗਿੱਦੜਸਿੰਙੀ ਅੱਗੇ ਪਹਿਲਾ ਮੰਤਰ ਫੂਕਿਆ।
ਪਲਕ ਝਪਕਦਿਆਂ ਵਿਸ਼ਵ ਰਾਜਨੀਤੀ ’ਤੇ ਇੱਕ ਗੰਭੀਰ ਲੇਖ ਤਿਆਰ ਸੀ। ਅਕਲ ਚੰਦ ਦੀਆਂ ਅੱਖਾਂ ਫੈਲ ਗਈਆਂ, “ਵਾਹ! ਇਹ ਤਾਂ ਸੱਚਮੁੱਚ ਗਿੱਦੜਸਿੰਙੀ ਏ!” ਉਸ ਨੇ ਦੂਜਾ ਮੰਤਰ ਫੂਕਿਆ; ਸਕਿੰਟਾਂ ਵਿੱਚ ਕਵਿਤਾ ਤਿਆਰ! ਤੀਜਾ ਮੰਤਰ ਫੂਕਿਆ ਤਾਂ ਕਹਾਣੀ ਸਾਹਮਣੇ! ਹੁਣ ਤਾਂ ਅਕਲ ਚੰਦ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਜੋਗੀ ਨੇ ਲੂਣ-ਤੇਲ ਲਾਉਣ ਲਈ ਕਿਹਾ ਸੀ ਪਰ ਅਕਲ ਚੰਦ ਨੇ ਜਦੋਂ ਪੂਰੀ ਰਚਨਾ ਪੜ੍ਹੀ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਇਸ ਵਿੱਚ ਤਾਂ ਲੂਣ-ਤੇਲ ਦੀ ਵੀ ਲੋੜ ਨਹੀਂ ਸੀ! ਰਚਨਾ ਵਿੱਚ ਤਾਂ ਸਭ ਕੁਝ ਸੀ ਭਾਸ਼ਾ, ਤਰਕ, ਹਵਾਲੇ, ਵਿਚਾਰ, ਵਿਸ਼ਲੇਸ਼ਣ ਤੇ ਸਿੱਟਾ। ਕੁਝ ਦਿਨਾਂ ਬਾਅਦ ਰਚਨਾ ਅਖ਼ਬਾਰ ਵਿੱਚ ਛਪ ਗਈ। ਫਿਰ ਦੂਜੀ ਛਪੀ, ਉਸ ਤੋਂ ਬਾਅਦ ਤੀਜੀ।
ਕਿਸੇ ਰਸਾਲੇ ਵਿੱਚ ਕਹਾਣੀ ਛਪ ਗਈ, ਕਿਸੇ ਹੋਰ ਅਖ਼ਬਾਰ ’ਚ ਵਿਸ਼ਲੇਸ਼ਣ। ਬੱਸ, ਉਸ ਦਿਨ ਤੋਂ ਬਾਅਦ ਅਕਲ ਚੰਦ ਰਾਤੋ-ਰਾਤ ‘ਮਹਾਨ ਲੇਖਕ’ ਬਣ ਗਿਆ। ਹੁਣ ਹਰ ਦੂਜੇ ਅਖ਼ਬਾਰ ਤੇ ਰਸਾਲੇ ਵਿੱਚ ਉਸ ਦਾ ਨਾਮ ਗੂੰਜਣ ਲੱਗਿਆ। ਕੋਈ ਉਸ ਨੂੰ ਸਾਹਿਤਕਾਰ ਕਹਿੰਦੈ, ਕੋਈ ਚਿੰਤਕ, ਕੋਈ ਵਿਸ਼ਲੇਸ਼ਕ ਤੇ ਕੋਈ ਬੁੱਧੀਜੀਵੀ, ਪਰ ਅਕਲ ਚੰਦ ਆਪਣੇ ਮੋਬਾਈਲ ਵਿੱਚ ਮੁਸਕਰਾਉਂਦੀ ਉਸ ‘ਗਿੱਦੜਸਿੰਙੀ’ ਦਾ ਧੰਨਵਾਦ ਕਰਦਾ, ਜਿਸ ਨੇ ਬਿਨਾਂ ਕਿਸੇ ਮੁਸ਼ੱਕਤ ਦੇ ਉਸ ਨੂੰ ‘ਬੁੱਧੀਜੀਵੀ’ ਦੀ ਕੁਰਸੀ ’ਤੇ ਬਿਠਾ ਦਿੱਤਾ ਹੈ! ਸੁਣਿਆ ਹੈ ਅੱਜਕੱਲ੍ਹ ਇਹੀ ਗਿੱਦੜਸਿੰਙੀ ਅਕਲ ਚੰਦ ਦੀ ਪਤਨੀ ਦੇ ਹੱਥ ਵੀ ਲੱਗ ਚੁੱਕੀ ਹੈ।
ਸੰਪਰਕ: 98769-68193

