DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੀ ਔਰਤ ਵਾਕਈ ਆਜ਼ਾਦ ਹੈ?

ਪਿਛਲੀ ਇੱਕ ਸਦੀ ਤੋਂ ਵੱਧ ਸਮੇਂ ਤੋਂ ਦੁਨੀਆ 8 ਮਾਰਚ ਨੂੰ ਮਹਿਲਾ ਦਿਵਸ ਵਜੋਂ ਮਨਾਉਂਦੀ ਆ ਰਹੀ ਹੈ। ਕੌਮਾਂਤਰੀ ਮਹਿਲਾ ਦਿਵਸ ਮਜ਼ਦੂਰਾਂ ਦੇ ਅੰਦੋਲਨ ਤੋਂ ਜਨਮਿਆ ਹੈ, ਜਿਸ ਨੂੰ ਬਾਅਦ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ ਦਿੱਤੀ ਗਈ। ਮਹਿਲਾ ਦਿਵਸ ਦੀ...

  • fb
  • twitter
  • whatsapp
  • whatsapp
Advertisement

ਪਿਛਲੀ ਇੱਕ ਸਦੀ ਤੋਂ ਵੱਧ ਸਮੇਂ ਤੋਂ ਦੁਨੀਆ 8 ਮਾਰਚ ਨੂੰ ਮਹਿਲਾ ਦਿਵਸ ਵਜੋਂ ਮਨਾਉਂਦੀ ਆ ਰਹੀ ਹੈ। ਕੌਮਾਂਤਰੀ ਮਹਿਲਾ ਦਿਵਸ ਮਜ਼ਦੂਰਾਂ ਦੇ ਅੰਦੋਲਨ ਤੋਂ ਜਨਮਿਆ ਹੈ, ਜਿਸ ਨੂੰ ਬਾਅਦ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ ਦਿੱਤੀ ਗਈ। ਮਹਿਲਾ ਦਿਵਸ ਦੀ ਨੀਂਹ ਰੱਖਣ ਦਾ ਸਿਹਰਾ ਕਲਾਰਾ ਜ਼ੈਟਕਿਨ ਨਾਮੀ ਔਰਤ ਨੂੰ ਜਾਂਦਾ ਹੈ। ਹਰ ਸਾਲ ਭਾਰਤ ਵਿੱਚ ਵੀ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਜੇਕਰ ਭਾਰਤ ਵਿੱਚ ਔਰਤ ਦੀ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਲਗਪਗ 79 ਸਾਲ ਬਾਅਦ ਵੀ ਔਰਤ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਸਕੀ ਅਤੇ ਔਰਤ ਨੂੰ ਖ਼ੁਦ ਵੀ ਨਹੀਂ ਪਤਾ ਕਿ ਉਹ ਅਣਦਿਸੀ ਗ਼ੁਲਾਮੀ ਵਿੱਚ ਜੀਵਨ ਬਤੀਤ ਕਰ ਰਹੀ ਹੈ। ਹਾਲਾਂਕਿ ਸਰਕਾਰਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਚੰਗੀ ਨੀਤੀ ਨਾ ਹੋਣ ਅਤੇ ਪੱਛੜੇ ਇਲਾਕਿਆਂ ਦੀਆਂ ਔਰਤਾਂ ਵਿੱਚ ਸਿੱਖਿਆ ਅਤੇ ਜਾਗਰੂਕਤਾ ਦੀ ਘਾਟ ਕਾਰਨ ਭਾਰਤੀ ਔਰਤ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਪਿੱਛੇ ਰਹਿ ਗਈ ਹੈ। ਭਾਰਤ ਵਿੱਚ ਲਗਪਗ 200 ਈਸਵੀ ਵਿੱਚ ਬਣਾਈ ਗਈ ਵਰਣ ਵਿਵਸਥਾ ਵਿੱਚ ਔਰਤ ਨੂੰ ਮਰਦ ਪ੍ਰਧਾਨ ਸਮਾਜ ਦੀ ਗ਼ੁਲਾਮ ਦੱਸਿਆ ਗਿਆ ਸੀ ਅਤੇ ਔਰਤ ਨੂੰ ਪੜ੍ਹਨ-ਲਿਖਣ ਅਤੇ ਘੁੰਮਣ-ਫਿਰਨ ਮਨਾਹੀ ਸੀ। ਉਸ ਵੇਲੇ ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਦਾ ਬੋਲਬਾਲਾ ਸੀ ਅਤੇ ਔਰਤ ਸਿਰਫ਼ ਚਾਰਦੀਵਾਰੀ ਅੰਦਰ ਹੀ ਰਹਿ ਸਕਦੀ ਸੀ। ਸਮੇਂ-ਸਮੇਂ ’ਤੇ ਮਹਾਨ ਲੋਕਾਂ ਨੇ ਔਰਤਾਂ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਹੈ। ਔਰਤਾਂ ਦੇ ਹੱਕਾਂ, ਬਰਾਬਰੀ ਅਤੇ ਸੁਰੱਖਿਆ ਲਈ ਸੰਘਰਸ਼ ਕਰਨ ਵਾਲਿਆਂ ਵਿੱਚ ਮਹਾਤਮਾ ਜੋਤੀਰਾਓ ਫੂਲੇ ਅਤੇ ਸਾਵਿਤਰੀਬਾਈ ਫੂਲੇ (ਭਾਰਤ ’ਚ ਔਰਤਾਂ ਦੀ ਸਿੱਖਿਆ), ਰਾਜਾ ਰਾਮ ਮੋਹਨ ਰਾਏ (ਸਤੀ ਪ੍ਰਥਾ ਵਿਰੁੱਧ), ਈਸ਼ਵਰ ਚੰਦਰ ਵਿਦਿਆਸਾਗਰ (ਵਿਧਵਾ ਪੁਨਰ-ਵਿਆਹ) ਅਤੇ ਡਾ ਬੀ ਆਰ ਅੰਬੇਡਕਰ (ਕਾਨੂੰਨੀ ਹੱਕ) ਸ਼ਾਮਲ ਹਨ। ਭਾਰਤ ਵਿੱਚ ਔਰਤਾਂ ਲਈ ਰਾਖਵਾਂਕਰਨ ਹੋਣ ਕਰ ਕੇ ਉਹ ਸਰਪੰਚ, ਐੱਮ ਸੀ ਅਤੇ ਐੱਮ ਐੱਲ ਏ ਤਾਂ ਬਣ ਜਾਂਦੀਆਂ ਹਨ ਪਰ ਉਨ੍ਹਾਂ ਦਾ ਜ਼ਿਆਦਾਤਰ ਕੰਮ ਪਰਿਵਾਰ ਦੇ ਮਰਦ ਹੀ ਕਰਦੇ ਹਨ। ਜ਼ਿਆਦਾਤਰ ਮੀਟਿੰਗਾਂ ਵਿੱਚ ਔਰਤਾਂ ਸ਼ਾਮਿਲ ਨਹੀਂ ਹੁੰਦੀਆਂ। ਪੜ੍ਹੇ-ਲਿਖੇ ਅਤੇ ਸ਼ਹਿਰੀ ਲੋਕਾਂ ਦੀਆਂ ਮਜਲਿਸਾਂ ਵਿੱਚ ਔਰਤ-ਮਰਦ ਦੀ ਬਰਾਬਰੀ ਦੀਆਂ ਇਹ ਗੱਲਾਂ ਆਮ ਹੀ ਸੁਣਨ-ਪੜ੍ਹਨ ਨੂੰ ਮਿਲਦੀਆਂ ਹਨ ਕਿ ਸ਼ਹਿਰੀ ਔਰਤ ਆਜ਼ਾਦ ਹੋ ਚੁੱਕੀ ਹੈ, ਉਹ ਸਿੱਖਿਅਤ ਹੋਣ ਦੇ ਨਾਲ-ਨਾਲ ਆਰਥਿਕ ਤੌਰ ਉੱਤੇ ਸਵੈ-ਨਿਰਭਰ ਹੈ, ਉਹ ਆਪਣੀ ਜ਼ਿੰਦਗੀ ਦੇ ਫ਼ੈਸਲੇ ਵੀ ਖੁਦ ਕਰਨ ਲੱਗ ਪਈ ਹੈ। ਕੁਝ ਹੱਦ ਤੱਕ ਇਹ ਸੱਚ ਵੀ ਹੈ ਪਰ ਜ਼ਮੀਨੀ ਪੱਧਰ ’ਤੇ ਹਾਲਾਤ ਬਾਰੇ ਜਾਣ ਕੇ ਇਸ ਗੱਲ ਉੱਤੇ ਸ਼ੱਕ ਹੁੰਦਾ ਹੈ।

ਆਜ਼ਾਦੀ ਦੇ ਅਰਥ ਕਿਸੇ ਵੀ ਮਨੁੱਖ ਦੇ ਸਵੈਮਾਣ ਅਤੇ ਖ਼ੁਦਮੁਖਤਿਆਰੀ ਨਾਲ ਜੁੜੇ ਹੁੰਦੇ ਹਨ ਪਰ ਜੇ ਅਸੀਂ ਬਹੁਗਿਣਤੀ ਔਰਤਾਂ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਆਜ਼ਾਦੀ ਦੇ ਅਸਲ ਮਾਅਨੇ ਕਿਧਰੇ ਗੁਆਚੇ ਨਜ਼ਰ ਆਉਂਦੇ ਹਨ। ਆਪਣੇ ਜੀਵਨ ਬਾਰੇ ਖ਼ੁਦ ਫੈਸਲੇ ਕਰਨ ਦੀ ਆਜ਼ਾਦੀ ਜਾਂ ਸਵੈਮਾਣ ਵਰਗੀ ਸ਼ੈਅ ਬਹੁ-ਗਿਣਤੀ ਔਰਤਾਂ ਤੱਕ ਅਜੇ ਅੱਪੜੀ ਹੀ ਨਹੀਂ। ਅੱਜ ਦੀ ਔਰਤ ਜਿਹੜੀ ਗ਼ੁਲਾਮੀ ਹੰਢਾ ਰਹੀ ਹੈ, ਇਹ ਅਣਡਿੱਠ ਗ਼ੁਲਾਮੀ ਹੈ। ਔਰਤਾਂ ਨੂੰ ਬਰਾਬਰ ਸਿੱਖਿਆ ਤੇ ਮਿਹਨਤਾਨੇ, ਵੋਟ ਦਾ ਅਧਿਕਾਰ ਪ੍ਰਾਪਤ ਹਨ ਪਰ ਹਕੀਕਤ ਵਿੱਚ ਅੱਜ ਵੀ ਔਰਤਾਂ ਇਨ੍ਹਾਂ ਹੱਕਾਂ ਲਈ ਮਰਦਾਂ ਉੱਤੇ ਨਿਰਭਰ ਹਨ। ਔਰਤ ਸਿੱਖਿਅਤ ਤਾਂ ਹੈ ਪਰ ਉਸ ਦੀ ਜ਼ਿੰਦਗੀ ਦੀ ਡੋਰ ਮਰਦ ਦੇ ਹੱਥ ਵਿੱਚ ਹੈ। ਵਿੱਦਿਅਕ ਢਾਂਚਾ ਵੀ ਉਸ ਦੀ ਜ਼ਿੰਦਗੀ ਵਿੱਚ ਕੋਈ ਹਕੀਕੀ ਸਕਾਰਾਤਮਕ ਤਬਦੀਲੀ ਲਿਆਉਣ ਦੀ ਬਜਾਏ ਮਰਦ ਪ੍ਰਧਾਨ ਸਮਾਜ ਦੇ ਹੱਕ ਵਿੱਚ ਭੁਗਤ ਜਾਂਦਾ ਹੈ। ਮਜ਼ਦੂਰ ਔਰਤਾਂ, ਮਰਦਾਂ ਦੇ ਬਰਾਬਰ ਮਿਹਨਤ ਕਰਦੀਆਂ ਹਨ ਪਰ ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਉਜਰਤ ਮਿਲਦੀ ਹੈ। ਔਰਤ ਸਰਪੰਚ ਤਾਂ ਬਣਦੀ ਹੈ ਪਰ ਸਰਪੰਚੀ ਉਸ ਦਾ ਪਤੀ ਕਰਦਾ ਹੈ। ਆਰਥਿਕ ਪੱਖੋਂ ਵੀ ਜ਼ਿਆਦਾਤਰ ਔਰਤਾਂ ਮਰਦਾਂ ’ਤੇ ਨਿਰਭਰ ਹਨ। ਹੱਕ ਪ੍ਰਾਪਤ ਹੋਣ ਦੇ ਬਾਵਜੂਦ ਦਬਦਬਾ ਮਰਦ ਪ੍ਰਧਾਨ ਸਮਾਜ ਦਾ ਹੀ ਹੈ ਪਰ ਔਰਤ ਨੂੰ ਇਹ ਗ਼ੁਲਾਮੀ ਮਹਿਸੂਸ ਹੀ ਨਹੀਂ ਹੁੰਦੀ। ਅੱਜ ਵੀ ਔਰਤਾਂ ਘਰ ਦੇ ਕੰਮਾਂ, ਬੱਚੇ ਪਾਲਣ, ਪਰਿਵਾਰਕ ਜ਼ਿੰਮੇਵਾਰੀਆਂ ਚੁੱਕਣ ਨੂੰ ਹੀ ਆਪਣਾ ਅਸਲ ਧਰਮ ਮੰਨਦੀਆਂ ਹਨ। ਔਰਤ ਦੀ ਇਸ ਗ਼ੁਲਾਮੀ ਦਾ ਕਾਰਨ ਸਰਕਾਰਾਂ, ਮਰਦ ਪ੍ਰਧਾਨ ਸਮਾਜ , ਦੇਸ਼ ਦਾ ਮਾੜਾ ਸਿਸਟਮ ਅਤੇ ਔਰਤ ਖ਼ੁਦ ਹੈ। ਕੁਦਰਤ ਮੁੰਡੇ-ਕੁੜੀ ਵਿੱਚ ਕੋਈ ਭੇਦ-ਭਾਵ ਨਹੀਂ ਕਰਦੀ ਪਰ ਸਮਾਜ ਵਿੱਚ ਔਰਤਾਂ ਲਈ ਵਿਤਕਰੇ ਵਾਲਾ ਦ੍ਰਿਸ਼ਟੀਕੋਣ ਅਪਣਾਇਆ ਜਾਂਦਾ ਹੈ। ਕੁੜੀ ਤੇ ਮੁੰਡੇ ਵਿਚਲਾ ਫਰਕ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਕੁੜੀ ਨੂੰ ਜਨਮ ਤੋਂ ਹੀ ਔਰਤ ਬਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਬਚਪਨ ਤੋਂ ਹੀ ਮਾਪਿਆਂ ਦੁਆਰਾ ਕੁੜੀ ਉੱਤੇ ਕਈ ਬੰਦਿਸ਼ਾਂ ਲਾਈਆਂ ਜਾਂਦੀਆਂ ਹਨ। ਕਿਸੇ ਵੀ ਤਰ੍ਹਾਂ ਦੇ ਹਾਲਾਤ ਲਈ ਕੋਈ ਇੱਕ ਧਿਰ ਪੂਰੀ ਤਰ੍ਹਾਂ ਜ਼ਿੰਮੇਵਾਰੀ ਨਹੀਂ ਹੋ ਸਕਦੀ ਜਿੱਥੇ ਔਰਤ ਦੀ ਅਜਿਹੀ ਸਥਿਤੀ ਲਈ ਸਮਾਜ ਜ਼ਿੰਮੇਵਾਰ ਹੈ, ਉੱਥੇ ਖ਼ੁਦ ਔਰਤ ਵੀ ਆਪਣੀ ਅੰਸ਼ਕ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ। ਮਾਵਾਂ ਸੁਚੇਤ ਹੋਣ ਦੇ ਬਾਵਜੂਦ ਧੀਆਂ ਨੂੰ ਉਹੀ ਤ੍ਰਾਸਦੀਆਂ ਹੰਢਾਉਣ ਲਈ ਤਿਆਰ ਕਰਦੀਆਂ ਹਨ ਜਿਹੜੀਆਂ ਉਨ੍ਹਾਂ ਆਪ ਹੰਢਾਈਆਂ ਹੁੰਦੀਆਂ ਹਨ। ਅੱਜ ਦੀ ਔਰਤ ਸਿੱਖਿਅਤ ਅਤੇ ਆਰਥਿਕ ਤੌਰ ’ਤੇ ਆਤਮ-ਨਿਰਭਰ ਤਾਂ ਹੈ ਪਰ ਇਸ ਦੇ ਬਾਵਜੂਦ ਉਸ ਦੇ ਜੀਵਨ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਆਇਆ। ਔਰਤ ਨੂੰ ਆਜ਼ਾਦੀ ਅਤੇ ਆਪਣੇ ਹੋਰ ਮਨੁੱਖੀ ਹੱਕ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਜਾਗਰੂਕ ਹੋਣ ਦੀ ਜ਼ਰੂਰਤ ਹੈ। ਸਮਾਜ ਨੂੰ ਚੰਗਾ ਬਣਾਉਣ ਲਈ ਔਰਤ ਪ੍ਰਤੀ ਵਿਤਕਰੇ ਵਾਲਾ ਦ੍ਰਿਸ਼ਟੀਕੋਣ ਬਦਲਣ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਮੁਲਕ ਦੀ ਉੱਨਤੀ ਬਾਰੇ ਜਾਣਨ ਲਈ ਉੱਥੋਂ ਦੀ ਔਰਤ ਦੀ ਹਾਲਤ ਨੂੰ ਜਾਣਿਆ ਜਾਂਦਾ ਹੈ। ਚੰਗਾ ਸਮਾਜ ਸਿਰਜਣ ਦੀ ਵੱਡੀ ਜ਼ਿੰਮੇਵਾਰੀ ਮਾਪਿਆਂ ਤੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਦਾ ਫਰਜ਼ ਹੈ ਕਿ ਉਹ ਲਿੰਗਕ ਵਿਤਕਰੇ ਤੋਂ ਉੱਪਰ ਉੱਠ ਕੇ ਬੱਚੇ ਨੂੰ ਬਰਾਬਰੀ ਦਾ ਪਾਠ ਪੜ੍ਹਾਉਣ। ਉਹ ਕੁੜੀ ਉੱਤੇ ਬੰਦਿਸ਼ਾਂ ਲਾਉਣ ਦੀ ਬਜਾਏ ਉਸ ਨੂੰ ਸਹੀ-ਗ਼ਲਤ ਦੀ ਪਛਾਣ ਦੀ ਸਮਝ ਪੈਦਾ ਕਰਨ ਦੇ ਸਮਰੱਥ ਬਣਾਉਣ। ਉਸ ਨੂੰ ਆਜ਼ਾਦੀ ਦੇ ਅਸਲ ਮਾਅਨੇ ਸਮਝਾਉਣ। ਉਸ ਨੂੰ ਇਸ ਕਾਬਿਲ ਬਣਾਇਆ ਜਾਵੇ ਕਿ ਉਹ ਆਪਣੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਕਰ ਸਕੇ। ਔਰਤ ਨੂੰ ਅਣਦਿਸੀ ਗੁਲਾਮੀ ਤੋਂ ਨਿਜਾਤ ਦਿਵਾਉਣ ਲਈ ਸਮਾਜ ਅਤੇ ਸਰਕਾਰਾਂ ਨੂੰ ਮਿਲ ਕੇ ਕੰਮ ਕਰਨ ਦੀ ਅਹਿਮ ਲੋੜ ਹੈ।

Advertisement

ਸੰਪਰਕ: 94179-90040

Advertisement

Advertisement
×