DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪ੍ਰੇਰਨਾ

ਗੱਲ ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਦੀ ਹੈ ਜਦੋਂ ਪੰਜਾਬ, ਖ਼ਾਸਕਰ ਮਾਲਵੇ ਇਲਾਕੇ ਦੇ ਵੱਡੇ ਖਿੱਤੇ ਵਿੱਚ ਸਾਉਣੀ ਦੀ ਮੁੱਖ ਫਸਲ ਨਰਮਾ ਹੀ ਹੁੰਦੀ ਸੀ। ਇਹ ਫਸਲ ਕਿਸਾਨ ਅਤੇ ਮਜ਼ਦੂਰ ਦੋਹਾਂ ਲਈ ਲਾਹੇਵੰਦ ਧੰਦਾ ਸੀ ਪਰ ਅਮਰੀਕਨ ਸੁੰਡੀ ਦੀ ਅਜਿਹੀ...

  • fb
  • twitter
  • whatsapp
  • whatsapp
Advertisement

ਗੱਲ ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਦੀ ਹੈ ਜਦੋਂ ਪੰਜਾਬ, ਖ਼ਾਸਕਰ ਮਾਲਵੇ ਇਲਾਕੇ ਦੇ ਵੱਡੇ ਖਿੱਤੇ ਵਿੱਚ ਸਾਉਣੀ ਦੀ ਮੁੱਖ ਫਸਲ ਨਰਮਾ ਹੀ ਹੁੰਦੀ ਸੀ। ਇਹ ਫਸਲ ਕਿਸਾਨ ਅਤੇ ਮਜ਼ਦੂਰ ਦੋਹਾਂ ਲਈ ਲਾਹੇਵੰਦ ਧੰਦਾ ਸੀ ਪਰ ਅਮਰੀਕਨ ਸੁੰਡੀ ਦੀ ਅਜਿਹੀ ਮਾਰ ਪਈ ਕਿ ਇਹ ਲਾਹੇਵੰਦ ਧੰਦਾ ਘਾਟੇ ਦਾ ਸੌਦਾ ਬਣ ਗਿਆ। ਇਸ ਦਾ ਵੱਡਾ ਕਾਰਨ ਨਕਲੀ ਕੀਟਨਾਸ਼ਕ ਦਵਾਈਆਂ ਦੀ ਭਰਮਾਰ ਸੀ। ਨਰਮੇ ਨੂੰ ਅਮਰੀਕਨ ਸੁੰਡੀ ਤੋਂ ਬਚਾਉਣ ਲਈ ਕਿਸਾਨ ਦੀ ਜੱਦੋ-ਜਹਿਦ ਵਿੱਚ ਕੀਟਨਾਸ਼ਕ ਕੰਪਨੀਆਂ ਅਤੇ ਉਨ੍ਹਾਂ ਦੇ ਵਿਚੋਲਿਆਂ ਨੇ ਢੇਰ ਸਾਰਾ ਪੈਸਾ ਕਮਾ ਲਿਆ ਪਰ ਕਿਸਾਨ ਦੇ ਪੱਲੇ ਕੱਖ ਨਾ ਪਿਆ ਸਗੋਂ ਕਰਜ਼ਾਈ ਹੋ ਗਿਆ। ਜਦੋਂ ਰੇਹਾਂ ਸਪਰੇਆਂ ਦੇ ਭਾਰੀ ਖਰਚੇ ਕਰਕੇ ਵੀ ਨਰਮੇ ਦੀ ਵੱਟਤ ਜਵਾਬ ਦੇ ਗਈ ਅਤੇ ਕਰਜ਼ੇ ਦੀ ਪੰਡ ਭਾਰੀ ਹੋਣ ਲੱਗੀ ਤਾਂ ਕਿਸਾਨ ਲਈ ਨਰਮੇ ਦੀ ਖੇਤੀ ਛੱਡ ਝੋਨੇ ਵੱਲ ਮੋੜਾ ਕੱਟਣਾ ਮਜਬੂਰੀ ਬਣ ਗਿਆ। ਅਸੀਂ ਵੀ ਉਸ ਸਾਲ ਸਾਉਣੀ ਦੀ ਫਸਲ ਦਾ ਕੁਝ ਹਿੱਸਾ ਝੋਨਾ ਲਾਉਣ ਦੀ ਵਿਉਂਤ ਬਣਾਈ।

ਉਸ ਸਮੇਂ ਖੇਤੀਬਾੜੀ ਲਈ ਟਿਊਬਵੈੱਲ ਮੋਟਰਾਂ ਤਾਂ ਸਾਡੇ ਪੂਰੇ ਪਿੰਡ ਵਿੱਚ ਮਸਾਂ ਦਹਾਈ ਦੇ ਅੰਕ ਤੋਂ ਵੀ ਘੱਟ ਹੀ ਸਨ। ਨਹਿਰੀ ਪਾਣੀ ਦੀ ਵਾਰੀ ਝੋਨੇ ਦੀ ਖੇਤੀ ਲਈ ਪਾਣੀ ਦੀ ਲੋੜ ਨੂੰ ਪੂਰਾ ਨਹੀਂ ਕਰਦੀ ਸੀ। ਇਸ ਲਈ ਅਸੀਂ ਖੇਤ ਬੋਰ (ਟਿਊਬਵੈੱਲ) ਚਲਾਉਣ ਲਈ ਘਰ ਵਾਲੇ ਪੱਠਿਆਂ ਵਾਲੇ ਫੀਟਰ (ਇੰਜਣ) ਨੂੰ ਟੋਕਾ ਮਸ਼ੀਨ ਸਮੇਤ ਖੇਤ ਲਿਜਾ ਰੱਖਿਆ। ਮੈਂ ਉਸ ਸਮੇਂ ਨੌਂ ਕੁ ਸਾਲ ਦਾ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਗਰਮੀ ਦੀਆਂ ਛੁੱਟੀਆਂ ਹੋਈਆਂ ਸਨ। ਮੇਰੇ ਪਿਤਾ ਜੀ ਖੇਤ ਵਿੱਚ ਲੱਗੀ ਟੋਕਾ ਮਸ਼ੀਨ ਵਿੱਚ ਖੇਤ ਵਿੱਚੋਂ ਤਾਜ਼ੀ ਕੱਟ ਕੇ ਢੇਰ ਲਾਈ ਜਵੀਂ ਦੇ ਰੁੱਗ ਲਾ ਰਹੇ ਸਨ। ਪਿਤਾ ਜੀ ਨੂੰ ਇੱਕ ਦਿਨ ਪਹਿਲਾਂ ਪੱਠਿਆਂ ਦੀ ਭਰੀ ਪੰਡ ਸਿਰ ’ਤੇ ਚੁੱਕ ਕੇ ਖਾਲ਼ ਪਾਰ ਕਰਦਿਆਂ ਧੌਣ ਵਿੱਚ ਅਜਿਹਾ ਕੋਈ ਵਲ ਜਾ ਪਿਆ ਜੋ ਉਨ੍ਹਾਂ ਨੂੰ ਝੁਕਣ ਵਿੱਚ ਕਾਫ਼ੀ ਤਕਲੀਫ਼ ਦਿੰਦਾ ਸੀ। ਇਸ ਲਈ ਮੇਰਾ ਵੱਡਾ ਭਰਾ ਥੱਲਿਓਂ ਜਵੀਂ ਦੇ ਰੁੱਗ ਚੁੱਕ ਕੇ ਪਿਤਾ ਜੀ ਫੜਾ ਰਿਹਾ ਸੀ ਅਤੇ ਪਿਤਾ ਜੀ ਤਕਲੀਫ਼ ਤੋਂ ਬਚਣ ਲਈ ਸਿੱਧੇ ਖੜ੍ਹੇ ਹੀ ਟੋਕਾ ਮਸ਼ੀਨ ਵਿੱਚ ਜਵੀਂ ਦੇ ਰੁੱਗ ਲਾ ਰਹੇ ਸਨ। ਮੈਂ ਤੇ ਮੇਰੇ ਚਾਚੇ ਦਾ ਮੁੰਡਾ ਜੋ ਉਮਰ ਵਿੱਚ ਲਗਪਗ ਮੇਰਾ ਹਾਣੀ ਹੈ, ਕੋਲ ਹੀ ਖੜ੍ਹੇ ਵਣ ਤੇ ਨਿੰਮ ਦੇ ਰੁੱਖ ਉੱਪਰ ਖੇਡ ਰਹੇ ਸੀ। ਮੇਰਾ ਨਿੱਕੇ ਹੁੰਦਿਆਂ ਤੋਂ ਹੀ ਖੇਡਣ ਨਾਲੋਂ ਜ਼ਿਆਦਾ ਧਿਆਨ ਖੇਤੀ ਦੇ ਕੰਮਾਂ ਵਿੱਚ ਰਹਿੰਦਾ ਸੀ। ਮੈਂ ਦੇਖਿਆ ਟੋਕਾ ਮਸ਼ੀਨ ਹੇਠਾਂ ਕੁਤਰੇ ਹੋਏ ਪੱਠਿਆਂ ਦਾ ਵੱਡਾ ਢੇਰ ਲੱਗ ਗਿਆ, ਜੋ ਘੁੰਮ ਰਹੇ ਮਸ਼ੀਨ ਦੇ ਭਾਉਣ (ਚੱਕਰ) ਨਾਲ ਲੱਗ ਕੇ ਦੂਰ ਤੱਕ ਖਿਲਰ ਰਹੇ ਸਨ। ਮੇਰਾ ਵੱਡਾ ਭਰਾ ਟੋਕਾ ਮਸ਼ੀਨ ਥੱਲਿਓਂ ਕੁਤਰੇ ਪੱਠੇ ਪਾਸੇ ਕਰਨ ਲੱਗ ਪਿਆ। ਪਿਤਾ ਜੀ ਧੌਣ ਦੀ ਪੀੜ ਨਾਲ ਤੰਗ ਹੁੰਦੇ ਝੁਕ ਕੇ ਆਪ ਹੀ ਜਵੀਂ ਦੇ ਰੁੱਗ ਚੁੱਕ ਰਹੇ ਸਨ। ਮੈਂ ਭਰਾ ਦੀ ਥਾਂ ਪਿਤਾ ਨੂੰ ਆਪਣੇ ਵਿੱਤ ਅਨੁਸਾਰ ਨਿੱਕੇ-ਨਿੱਕੇ ਰੁੱਗ ਫੜਾਉਣ ਲੱਗ ਪਿਆ। ਅਚਾਨਕ ਪਿਤਾ ਜੀ ਹੱਥ ਵਿੱਚ ਰੁੱਗ ਲਏ ਹੀ ਮੇਰੇ ਵੱਡੇ ਭਰਾ ਨੂੰ ਪੱਠੇ ਹਟਾਉਂਦੇ ਨੂੰ ਵੇਖਣ ਲੱਗ ਪਏ ਅਤੇ ਏਨੀ ਦੇਰ ਵਿੱਚ ਹੀ ਮੈਂ ਇੱਕ ਹੋਰ ਜਵੀਂ ਦਾ ਰੁੱਗ ਚੁੱਕਿਆ ਅਤੇ ਸਿੱਧਾ ਹੀ ਮਸ਼ੀਨ ਵਿੱਚ ਲਾ ਦਿੱਤਾ ਅਤੇ ਮੇਰੇ ਪਿਤਾ ਜੀ ਨੇ ਬੇਧਿਆਨੇ ਹੀ ਮੇਰੇ ਰੁੱਗ ਉਪਰ ਆਪਣਾ ਰੁੱਗ ਰੱਖ ਦਿੱਤਾ ਅਤੇ ਮੇਰਾ ਹੱਥ ਦੋਹਾਂ ਰੁੱਗਾਂ ਦੇ ਵਿਚਕਾਰ ਦੀ ਮਸ਼ੀਨ ਦੀਆਂ ਗਰਾਰੀਆਂ ਤੱਕ ਚਲਾ ਗਿਆ। ਜਦੋਂ ਮੈਨੂੰ ਦਬਾ ਮਹਿਸੂਸ ਹੋਇਆ ਤਾਂ ਮੈਂ ਪਿਤਾ ਜੀ ਨੂੰ ਦੱਸਿਆ। ਉਹ ਸੁਣ ਕੇ ਘਬਰਾ ਗਏ ਅਤੇ ਘਬਰਾਹਟ ਵਿੱਚ ਉਨ੍ਹਾਂ ਨੂੰ ਕੁਝ ਸਮਝ ਨਾ ਆਇਆ ਕਿ ਕੀ ਕੀਤਾ ਜਾਵੇ। ਜਦੋਂ ਤੱਕ ਉਨ੍ਹਾਂ ਭੱਜ ਕੇ ਫੀਟਰ ਬੰਦ ਕੀਤਾ ਅਤੇ ਟੋਕਾ ਮਸ਼ੀਨ ਰੁਕੀ ਮੇਰਾ ਸੱਜਾ ਹੱਥ ਗੁੱਟ ਤੱਕ ਕੱਟਿਆ ਗਿਆ। ਕੁਝ ਦਿਨ ਇਲਾਜ ਤੋਂ ਬਾਅਦ ਮੈਂ ਘਰ ਆ ਗਿਆ। ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਮੇਰਾ ਪਤਾ ਲੈਣ ਆਉਂਦੇ। ਦੇਖਣ ਨੂੰ ਤਾਂ ਇੰਝ ਹੀ ਲੱਗਦਾ ਕਿ ਜਵਾਕ ਏਨੀ ਛੋਟੀ ਉਮਰ ਵਿੱਚ ਟੋਕਾ ਮਸ਼ੀਨ ਨਾਲ ਵਾਧੂ ਪੰਗੇ ਹੀ ਲੈਂਦਾ ਹੋਵੇਗਾ ਪਰ ਉਸ ਉਮਰ ਵਿੱਚ ਹੀ ਪਿਤਾ ਨਾਲ ਮੈਨੂੰ ਖੇਤੀ ਦੇ ਕੰਮ ਕਰਨ ਦਾ ਸ਼ੌਕ ਪੈ ਗਿਆ ਸੀ। ਮੈਂ ਆਪਣੇ ਪਿਤਾ ਨੂੰ ਮੇਰਾ ਪਤਾ ਲੈਣ ਆਏ ਵਿਅਕਤੀਆਂ ਨਾਲ ਗੱਲਾਂ ਕਰਦੇ ਕਈ ਵਾਰ ਸੁਣਿਆ, ‘‘ਕੰਮ ਦਾ ਤਾਂ ਇਹਨੂੰ ਬਾਹਲਾ ਸ਼ੌਕ ਸੀ, ਗੱਡਾ-ਗੱਡਾ ਲਾਂਗੇ ਦਾ ਇਕੱਲਾ ਖਿਲਾਰ ਦਿੰਦਾ ਸੀ, ਧੁੱਪ ਵਿੱਚ ਪਿੜ ’ਚ ਮਾਂਜਾ ਲਾਉਂਦੇ ਦਾ ਮੂੰਹ ਲਾਲ ਹੋ ਜਾਂਦਾ ਪਰ ਪਰਵਾਹ ਨਹੀਂ ਕਰਦਾ ਸੀ।’’

Advertisement

ਮੇਰਾ ਪਤਾ ਲੈਣ ਆਈਆਂ ਔਰਤਾਂ ਮੇਰੀ ਮਾਂ ਨਾਲ ਮੇਰੇ ਭਵਿੱਖ ਨੂੰ ਲੈ ਕੇ ਗੱਲਾਂ ਕਰਦੀਆਂ। ਮੈਂ ਕੋਲ ਬੈਠਾ ਸੱਜੇ ਹੱਥ ਦੀ ਥਾਂ ਹੁਣ ਖੱਬੇ ਹੱਥ ਨਾਲ ਲਿਖਣ ਦੀ ਕੋਸ਼ਿਸ਼ ਕਰਦਾ ਕਾਪੀ ’ਤੇ ਪੰਜਾਬੀ ਦੇ ਸਫ਼ੇ ਲਿਖੀ ਜਾਂਦਾ ਅਤੇ ਨਾਲ-ਨਾਲ ਉਨ੍ਹਾਂ ਦੀਆਂ ਗੱਲਾਂ ਸੁਣੀ ਜਾਂਦਾ, ‘‘ਕੀ ਸੋਹਣਾ ਜਵਾਕ ਸੀ ਰੱਬ ਨੇ ਬੱਜ ਪਾ ਕੇ ਕੰਮ ਤੋਂ ਆਹਰੀ ਕਰਤਾ, ਚੱਲ ਹੁਣ ਪੜ੍ਹ ਲਿਖ ਜਾਵੇ ਤਾਂ ਕਿਸੇ ਟੁੱਕੜੇ ਪੈ ਜਾਵੇ’’, ਕਈ ਵਾਰ ਮੇਰੀ ਮਾਂ ਚੁੰਨੀ ਦੇ ਪੱਲੇ ਨਾਲ਼ ਅੱਖਾਂ ਸਾਫ ਕਰਦਿਆਂ ਆਖਦੀ, ‘‘ਹਾਂ, ਅਸੀਂ ਤਾਂ ਆਪ ਇਹਨੂੰ ਆਖਦੇ ਹਾਂ ਭਾਈ ਪੜ੍ਹ ਲੈ, ਹੁਣ ਤਾਂ ਪੜ੍ਹਾਈ ਹੀ ਕੰਮ ਆਉਣੀ ਆ ਤੇਰੇ।’’ ਉਸ ਸਮੇਂ ਪਿੰਡਾਂ ਦਾ ਮਾਹੌਲ ਹੀ ਅਜਿਹਾ ਸੀ ਕਿ ਕੋਈ ਵਿਰਲਾ ਹੀ ਦਸਵੀਂ ਲੰਘਦਾ ਸੀ। ਕੋਈ ਮਾਂ-ਬਾਪ ਆਪਣੇ ਬੱਚਿਆਂ ਨੂੰ ਅੱਜ ਵਾਂਗ ਜ਼ੋਰ ਦੇ ਕੇ ਪੜ੍ਹਨ ਲਈ ਨਹੀਂ ਕਹਿੰਦਾ ਸੀ। ਸ਼ਾਇਦ ਕਿਸੇ ਨੂੰ ਵਿੱਦਿਆ ਦੀ ਸਹੀ ਅਹਿਮੀਅਤ ਹੀ ਨਹੀਂ ਪਤਾ ਸੀ। ਸੁਣੀ-ਸੁਣਾਈ ਇੱਕ ਗੱਲ ਹਰ ਕੋਈ ਆਪਣੇ ਬੱਚਿਆਂ ਨੂੰ ਜ਼ਰੂਰ ਕਹਿ ਦਿੰਦਾ ਸੀ, ‘‘ਪੜ੍ਹ ਲੈ ਚਾਰ ਅੱਖਰ, ਨਹੀਂ ਤਾਂ ਅੰਗੂਠਾ ਛਾਪ ਰਹਿ ਕੇ ਮੇਰੇ ਵਾਂਗ ਘੱਟਾ ਹੀ ਢੋਵੇਂਗਾ।’’

Advertisement

ਮੇਰੇ ਅਨਪੜ੍ਹ ਮਾਂ-ਬਾਪ ਨੇ ਵੀ ਭਾਵੇਂ ਕਦੇ ਜ਼ਿਆਦਾ ਤਵੱਜੋਂ ਦੇ ਕੇ ਸਾਨੂੰ ਪੜ੍ਹਨ ਲਈ ਨਹੀਂ ਕਿਹਾ ਪਰ ਮੈਂ ਇਹ ਸਮਝ ਗਿਆ ਸੀ ਕਿ ਮੇਰੀ ਸਰੀਰਕ ਕਮੀ ਕਰਕੇ ਉਹ ਮੇਰੇ ਭਵਿੱਖ ਨੂੰ ਲੈ ਕੇ ਚਿੰਤਾ ਜ਼ਰੂਰ ਕਰਦੇ ਹਨ। ਉਨ੍ਹਾਂ ਦੀ ਇਹ ਚਿੰਤਾ ਹੀ ਮੈਨੂੰ ਪੜ੍ਹਨ ਲਈ ਪ੍ਰੇਰਿਤ ਕਰਦੀ ਰਹੀ। ਜੇਕਰ ਅੱਜ ਮੇਰੇ ਦੋਵੇਂ ਹੱਥ ਹੁੰਦੇ ਤਾਂ ਸ਼ਾਇਦ ਮੈਂ ਅਧਿਆਪਕ ਵੀ ਨਾ ਹੁੰਦਾ ਸਗੋਂ ਆਪਣੇ ਸਾਰੇ ਹਾਣੀਆਂ ਵਾਂਗ ਸਕੂਲੀ ਸਿੱਖਿਆ ਵਿੱਚ-ਵਿਚਾਲੇ ਛੱਡ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਰਿਹਾ ਹੁੰਦਾ। ਇੱਕ ਦਿਨ ਸਾਡੇ ਘਰ ਇੱਕ ਜੋਤਸ਼ੀ ਤੇ ਨਾਲ ਉਸ ਦਾ ਚੇਲਾ ਆਏ ਜੋ ਹੱਥ ਦੀਆਂ ਲਕੀਰਾਂ ਦੇਖ ਕੇ ਕਿਸਮਤ ਵਿੱਚ ਆਉਣ ਵਾਲੇ ਦੁੱਖ-ਸੁੱਖ ਦੱਸਣ ਦਾ ਦਾਅਵਾ ਕਰਦੇ ਸਨ। ਉਸ ਸਮੇਂ ਮੈਂ ਆਪਣੀ ਗਰੈਜੂਏਸ਼ਨ ਅਜੇ ਸ਼ੁਰੂ ਹੀ ਕੀਤੀ ਸੀ। ਉਨ੍ਹਾਂ ਦੁਆਲੇ ਮੇਰੇ ਮਾਤਾ, ਭੂਆ, ਚਾਚੀ ਤੇ ਇੱਕ-ਦੋ ਆਂਢ-ਗੁਆਂਢ ’ਚੋਂ ਵੀ ਔਰਤਾਂ ਆ ਕੇ ਬੈਠ ਗਈਆਂ। ਚੇਲੇ ਦੇ ਦੱਸਣ ਅਨੁਸਾਰ ਜੋਤਸ਼ੀ ਨੂੰ ਉੱਚਾ (ਘੱਟ) ਸੁਣਦਾ ਸੀ, ਹੱਥ ਦਿਖਾਉਣ ਵਾਲੀਆਂ ਔਰਤਾਂ ਦਾ ਕੋਈ ਵੀ ਸਵਾਲ ਸੁਣ ਕੇ ਚੇਲਾ ਜੋਤਸ਼ੀ ਦੇ ਕੰਨ ਕੋਲ ਉੱਚੀ ਆਵਾਜ਼ ਵਿੱਚ ਪੁੱਛਦਾ ਸੀ ਤੇ ਫਿਰ ਜੋਤਸ਼ੀ ਉਸ ਦਾ ਜਵਾਬ ਦਿੰਦਾ ਸੀ। ਪਰ ਮੈਂ ਜਲਦ ਇਹ ਸਮਝ ਲਿਆ ਸੀ ਕਿ ਉਹ ਉੱਚਾ ਸੁਣਨ ਦਾ ਢੌਂਗ ਕਰ ਰਿਹਾ ਹੈ। ਇਹ ਉਸ ਦਾ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਣ ਦਾ ਇੱਕ ਢੰਗ ਸੀ। ਇਕੱਠੀਆਂ ਹੋਈਆਂ ਔਰਤਾਂ ਜਦੋਂ ਸਵਾਲ ਕਰਨ ਲਈ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰਦੀਆਂ ਤਾਂ ਉੱਚਾ ਸੁਣਨ ਦਾ ਪਖੰਡ ਕਰ ਰਿਹਾ ਜੋਤਸ਼ੀ ਲਗਪਗ ਹਰ ਸਵਾਲ ਦਾ ਜਵਾਬ ਵੀ ਤਿਆਰ ਕਰ ਲੈਂਦਾ ਸੀ। ਉਦਾਹਰਨ ਵਜੋਂ ਜਦੋਂ ਮੇਰੀ ਭੂਆ ਨੇ ਆਪਣਾ ਹੱਥ ਜੋਤਸ਼ੀ ਨੂੰ ਦਿਖਾਇਆ ਤਾਂ ਉਸ ਨੇ ਕਿਹਾ, ‘‘ਤੁਹਾਡੇ ਇੱਕ ਮੁੰਡਾ ਹੋ ਕੇ ਗੁਜ਼ਰ ਗਿਆ ਤੇ ਉਸ ਤੋਂ ਬਾਅਦ ਦੋ ਕੁੜੀਆਂ ਹੋਈਆਂ ਹਨ ਅਤੇ ਤੁਹਾਡੀ ਕਿਸਮਤ ਵਿੱਚ ਇੱਕ ਮੁੰਡਾ ਹੋਰ ਹੈ ਪਰ ਉਸ ਲਈ ਉਪਾਅ ਦੀ ਲੋੜ ਹੈ।’’ ਇਹ ਜਵਾਬ ਸੁਣਦਿਆਂ ਹੀ ਔਰਤਾਂ ਦੇ ਮੂੰਹੋਂ ਜੋਤਸ਼ੀ ਦੀ ਵਾਹ-ਵਾਹ ਹੋਣ ਲੱਗ ਪਈ। ਮੈਂ ਕੋਲ ਖੜ੍ਹੇ ਨੇ ਸਮਝ ਲਿਆ ਕਿ ਜੋਤਸ਼ੀ ਨੇ ਜੋ ਦੱਸਿਆ ਉਹ ਤਾਂ ਭੋਲੀਆਂ ਔਰਤਾਂ ਜੋਤਸ਼ੀ ਨੂੰ ਘੱਟ ਸੁਣਦਾ ਸਮਝ ਹੌਲ਼ੀ ਆਵਾਜ਼ ਵਿੱਚ ਇੱਕ ਦੂਜੇ ਨੂੰ ਪਹਿਲਾਂ ਹੀ ਦੱਸ ਰਹੀਆਂ ਸਨ। ਉਹੀ ਕੁਝ ਸੁਣ ਕੇ ਉਸ ਨੇ ਦੱਸਿਆ ਹੈ। ਉਸ ਸਮੇਂ ਮੈਨੂੰ ਕੁਝ ਅਧਿਆਪਕਾਂ ਅਤੇ ਕੁਝ ਕਿਤਾਬਾਂ ਤੋਂ ਸਿੱਖਿਆ ਇੰਨਾ ਕੁ ਗਿਆਨ ਜ਼ਰੂਰ ਸੀ ਕਿ ਕਿਸਮਤ ਹੱਥਾਂ ਦੀਆਂ ਲਕੀਰਾਂ ਵਿੱਚ ਨਹੀਂ ਹੁੰਦੀ। ਮੈਂ ਜੋਤਸ਼ੀ ਦੀ ਚਲਾਕੀ ਔਰਤਾਂ ਨੂੰ ਸਮਝਾਉਣ ਲਈ ਉਤਾਵਲਾ ਜਿਹਾ ਹੋਣ ਲੱਗਾ। ਉਹ ਸਮਝ ਗਿਆ ਕਿ ਮੈਂ ਉਸ ਦੀ ਖੇਡ ਖਰਾਬ ਕਰ ਸਕਦਾ ਹਾਂ। ਉਸ ਨੇ ਮੇਰੀ ਦਾੜ੍ਹੀ ਤੇ ਮੁੱਛ ਦੇ ਫੁੱਟ ਰਹੇ ਕੱਕੇ ਜਿਹੇ ਵਾਲ਼ ਵੇਖ ਕੇ ਮੇਰੀ ਜਵਾਨ ਉਮਰ ਦਾ ਅੰਦਾਜ਼ਾ ਲਾ ਕੇ ਮੈਨੂੰ ਰਾਹ ਦਾ ਰੋੜਾ ਬਣਨ ਤੋਂ ਰੋਕਣ ਲਈ ਆਪਣੇ ਤਜਰਬੇ ਤੋਂ ਅਗਲਾ ਤੀਰ ਮੇਰੇ ਵੱਲ ਛੱਡਦੇ ਹੋਏ ਕਿਹਾ, ‘‘ਤੁਹਾਡਾ ਇਹ ਲੜਕਾ ਬਹੁਤ ਪੜ੍ਹ-ਲਿਖ ਕੇ ਅਫ਼ਸਰ ਬਣੇਗਾ ਅਤੇ ਬਹੁਤ ਸੋਹਣੀ ਪੈਂਟ ਵਾਲੀ ਕੰਨਿਆਂ ਨਾਲ ਵਿਆਹ ਕਰਵਾਏਗਾ।’’ ਉਂਝ ਤਾਂ ਮੈਂ ਸਰੀਫ਼ ਤੇ ਸੰਗਾਲੂ ਕਿਸਮ ਦਾ ਸੀ ਪਰ ਮੇਰੀ ਉਭਰਦੀ ਜਵਾਨੀ ਦੀਆਂ ਭਾਵਨਾਵਾਂ ਨੂੰ ਅਜਿਹਾ ਉਛਾਲ ਮਿਲਿਆ ਕਿ ਮੈਂ ਪੈਂਟ ਵਾਲੀ ਕੰਨਿਆ ਦੇ ਸੁਪਨਿਆਂ ਵਿੱਚ ਵਹਿ ਗਿਆ। ਮੈਂ ਖੜ੍ਹਾ ਭਾਵੇਂ ਉੱਥੇ ਹੀ ਸੀ ਪਰ ਮੇਰੇ ਅੰਦਰ ਦੇ ਵਹਿਣ ਤਾਂ ਟੀ.ਵੀ. ’ਤੇ ਦੇਖੀਆਂ ਫਿਲਮਾਂ ਵਿਚਲੀਆਂ ਹੀਰੋਇਨਾਂ ਦੇ ਚਿਹਰਿਆਂ ’ਚੋਂ ਆਪਣੇ ਲਈ ਸਭ ਤੋਂ ਸੁੰਦਰ ਚਿਹਰਾ ਲੱਭਣ ਵੱਲ ਦੌੜ ਪਏ।

ਜਦੋਂ ਤੱਕ ਮੈਂ ਇਨ੍ਹਾਂ ਵਹਿਣਾਂ ’ਚੋਂ ਬਾਹਰ ਆਇਆ ਪਾਖੰਡੀ ਜੋਤਸ਼ੀ ਤੇ ਉਸ ਦਾ ਚੇਲਾ ਸਾਡੇ ਘਰੋਂ ਉਪਾਅ ਦੇ ਨਾਂ ’ਤੇ ਕੀਮਤੀ ਗਹਿਣਾ, ਨਕਦੀ ਤੇ ਲੀੜਾ-ਲੱਤਾ ਲੈ ਕੇ ਰਫੂ ਚੱਕਰ ਹੋ ਗਏ। ਮੈਂ ਫਿਰ ਸੋਚਾਂ ਵਿੱਚ ਗੁਆਚਿਆ ਰਿਹਾ, ‘ਕੀ ਜੋਤਸ਼ੀ ਦਾ ਕਿਹਾ ਸੱਚ ਹੋ ਸਕਦਾ ਹੈ? ਨਹੀਂ... ਕਿਸਮਤ ਹੱਥਾਂ ਦੀਆਂ ਲਕੀਰਾਂ ਵਿੱਚ ਤਾਂ ਨਹੀਂ ਹੋ ਸਕਦੀ। ਜੇਕਰ ਇੰਝ ਹੁੰਦਾ ਤਾਂ ਮੈਂ ਅੱਧੀ ਕਿਸਮਤ ਤਾਂ ਆਪਣੀ ਉਸ ਸਮੇਂ ਹੀ ਗੁਆ ਲਈ ਸੀ ਜਦੋਂ ਮੇਰਾ ਸੱਜਾ ਹੱਥ ਕੱਟਿਆ ਗਿਆ।’ ਪਰ ਅੱਜ ਮੈਨੂੰ ਆਪਣੀ ਕਿਸਮਤ ਵਿੱਚ ਕੋਈ ਕਮੀ ਨਜ਼ਰ ਨਹੀਂ ਆਈ। ਘਰ ਵਿੱਚ ਕੋਈ ਪੜ੍ਹਿਆ-ਲਿਖਿਆ ਨਾ ਹੋਣ ਕਾਰਨ ਯੋਗ ਅਗਵਾਈ ਦੀ ਜ਼ਰੂਰ ਕਮੀ ਰਹੀ ਹੈ।

ਜੇਕਰ ਸਹੀ ਪ੍ਰੇਰਨਾ ਨਾਲ ਯੋਗ ਅਗਵਾਈ ਵੀ ਮਿਲ ਜਾਂਦੀ ਤਾਂ ਮੇਰੀ ਉਡਾਰੀ ਹੋਰ ਲੰਮੀ ਹੋ ਸਕਦੀ ਸੀ। ਕਿਸਮਤ ਹੱਥਾਂ ਦੀਆਂ ਲਕੀਰਾਂ ਵਿੱਚ ਨਹੀਂ। ਬਾਹਰੀ ਪ੍ਰੇਰਨਾ ਅਤੇ ਯੋਗ ਅਗਵਾਈ ਹੀ ਚਾਹੀਦੀ ਹੁੰਦੀ ਹੈ। ਤੁਹਾਡੇ ਆਲੇ-ਦੁਆਲੇ, ਹਾਲਾਤ, ਲੋੜ ਜਾਂ ਫਿਰ ਕਿਸੇ ਮਜਬੂਰੀ ਵਿੱਚੋਂ। ਕਿਸੇ ਸੋਹਣੀ ਕਿਤਾਬ, ਫਿਲਮ ਜਾਂ ਨਾਟਕ ਵਿੱਚੋਂ। ਕਿਸੇ ਅਧਿਆਪਕ, ਕਲਾਕਾਰ ਜਾਂ ਫਿਰ ਆਮ ਇਨਸਾਨ ਕੋਲੋਂ ਜਾਂ ਫਿਰ ਮੇਰੇ ਵਾਂਗ ਸੱਟ ਖਾ ਕੇ ਭੋਲੇ ਮਾਂ-ਬਾਪ ਦੀਆਂ ਸੰਵੇਦਨਸ਼ੀਲ ਤੇ ਚਿੰਤਾਜਨਕ ਭਾਵਨਾਵਾਂ ਵਿੱਚੋਂ। ਪ੍ਰੇਰਨਾ ਦੇ ਖੰਭਾਂ ਨਾਲ ਉਡਾਰੀ ਮਾਰ ਕੇ ਜੋ ਤੁਸੀਂ ਹਾਸਿਲ ਕਰ ਲਿਆ ਉਹੀ ਤੁਹਾਡੀ ਕਿਸਮਤ ਹੈ।

ਸੰਪਰਕ: 91937-00037

Advertisement
×