ਕਥਾ ਪ੍ਰਵਾਹ

ਜੇ ਗੁੱਡੀਏ ਤੂੰ ਮਰਨਾ ਸੀ

ਜੇ ਗੁੱਡੀਏ ਤੂੰ ਮਰਨਾ ਸੀ

ਜਗਮੀਤ ਸਿੰਘ ਪੰਧੇਰ

ਜਗਮੀਤ ਸਿੰਘ ਪੰਧੇਰ

ਮੈਲੇ-ਕੁਚੈਲੇ ਜਿਹੇ ਕੱਪੜੇ ਪਾਈ ‘ਬੱਲੀ ਬਾਬਾ’ ਸਾਰੀ ਦਿਹਾੜੀ ਪਿੰਡ ਦੇ ਦਰਵਾਜ਼ੇ ਨੇੜਲੇ ਪੁਰਾਣੇ ਬਰੋਟੇ ਨਾਲ ਲੱਗ ਕੇ ਚੁੱਪਚਾਪ ਬੈਠਾ ਉਂਗਲਾਂ ਦੀਆਂ ਗੱਠਾਂ ਭੰਨਦਾ ਰਹਿੰਦਾ। ਕਿਸੇ ਨਾਲ ਕੋਈ ਗੱਲ ਨਾ ਕਰਦਾ। ਜੇ ਕੋਈ ਬੁਲਾਉਂਦਾ ਤਾਂ ਉਹਦੇ ਵੱਲ ਦੇਖ ਛੱਡਦਾ, ਹੁੰਗਾਰਾ ਨਾ ਭਰਦਾ। ਪਰ ਜਦੋਂ ਵੀ ਕਦੇ ਨਿੱਕੀਆਂ ਕੁੜੀਆਂ ਉਸ ਕੋਲੋਂ ਲੰਘਦੀਆਂ ਤਾਂ ਉਹ ਝੱਟ ਸਿੱਧਾ ਜਿਹਾ ਹੋ ਕੇ ਉਨ੍ਹਾਂ ਵੱਲ ਝਾਕਦਾ ਜਿਵੇਂ ਕਿਸੇ ਦੀ ਪਛਾਣ ਕਰ ਰਿਹਾ ਹੋਵੇ। ਫੇਰ ਝੱਟ ਪੁੱਛਦਾ, ‘‘ਕੁੜੇ ਨਿੱਕੀਓ, ਐਧਰ ਕਿਤੇ ਸਾਡੀ ਪਾਲੋ ਨਈਂ ਦੇਖੀ?’’ ਕੁੜੀਆਂ ਦੇ ਕੁਝ ਪੱਲੇ ਤਾਂ ਨਾ ਪੈਂਦਾ, ਪਰ ਉਹ ਉਸ ਤੋਂ ਡਰਦੀਆਂ ਹਮੇਸ਼ਾ ਇਹ ਕਹਿ ਕੇ ਭੱਜ ਜਾਂਦੀਆਂ, ‘‘ਨਹੀਂ ਬਾਬਾ, ਅਸੀਂ ਨਈਂ ਦੇਖੀ।’’ ਉਹ ਦੁਖੀ ਹੋ ਕੇ ਚੁੱਪ ਵੱਟ ਲੈਂਦਾ ਤੇ ਫੇਰੇ ਬਰੋਟੇ ਨਾਲ ਟੇਢਾ ਜਿਹਾ ਹੋ ਜਾਂਦਾ। ਨੇੜੇ ਬੈਠੇ ਕੁਝ ਬੰਦੇ ਤਾਸ਼ ਖੇਡਦੇ ਰੌਲਾ ਪਾਈ ਜਾਂਦੇ ਤੇ ਕਈ ਵਾਰ ਗਾਲ੍ਹਾਂ ਵੀ ਕੱਢਦੇ। ਜੇ ਕਿਸੇ ਮੂੰਹੋਂ ਭੈਣ ਦੀ ਗਾਲ੍ਹ ਨਿਕਲ ਜਾਂਦੀ ਤਾਂ ਉਹ ਅੱਭੜਵਾਹੇ ਅੱਖਾਂ ਕੱਢ ਕੇ ਪੂਰੇ ਹਰਖ ਨਾਲ ਉੱਚੀ ਆਵਾਜ਼ ’ਚ ‘‘ਓਏ... ਤੂੰ...’’ ਆਖਦਾ ਤੇ ਫੇਰ ਇਕਦਮ ਚੁੱਪ ਕਰ ਜਾਂਦਾ। ਗਾਲ੍ਹ ਕੱਢਣ ਵਾਲਾ ਉਸਦੇ ਤੇਵਰ ਦੇਖ ਕੇ ਸੁੰਨ ਜਿਹਾ ਹੋ ਜਾਂਦਾ ਤੇ ਚੁੱਪ ਕਰ ਕੇ ਮੁੜ ਆਪਣੇ ਪੱਤੇ ਫਰੋਲਣ ਲੱਗਦਾ।

ਸਾਉਣ ਦਾ ਮਹੀਨਾ ਲੰਘ ਚੱਲਿਆ ਸੀ, ਪਰ ਬੱਦਲ ਦਾ ਕੋਈ ਫੰਬਾ ਜਿਹਾ ਵੀ ਆਸਮਾਨ ਵਿੱਚ ਕਿਧਰੇ ਦਿਖਾਈ ਨਹੀਂ ਸੀ ਦਿੱਤਾ। ਹਰ ਕੋਈ ਮੀਂਹ ਨੂੰ ਤਰਸਿਆ ਪਿਆ ਸੀ। ਜੱਗ ਵੀ ਕੀਤਾ, ਪਰ ਇੰਦਰ ਦੇਵਤਾ ਫੇਰ ਵੀ ਨਾ ਤਰੁੱਠਿਆ। ਇੱਕ ਦਿਨ ਕੁਝ ਛੋਟੀਆਂ ਵੱਡੀਆਂ ਕੁੜੀਆਂ ਨੇ ਰਲ ਕੇ ਗੁੱਡੀ ਫੂਕਣ ਦੀ ਤਿਆਰੀ ਕਰ ਲਈ। ਮਿੱਠੀਆਂ ਰੋਟੀਆਂ ਤੇ ਗੁਲਗਲੇ ਪਕਾ ਕੇ, ਲੀਰਾਂ ਦੀ ਸੋਹਣੀ ਜਿਹੀ ਗੁੱਡੀ ਬਣਾ ਲਈ। ਉਸ ਨੂੰ ਛੋਟੀ ਜਿਹੀ ਸੀੜ੍ਹੀ ’ਤੇ ਲਿਟਾ ਕੇ ਚਾਰ ਨਿਆਣਿਆਂ ਨੂੰ ਕਾਨ੍ਹੀਂ ਬਣਾ ਲਿਆ ਅਤੇ ਵੈਣ ਪਾਉਂਦੀਆਂ ਉਸਨੂੰ ਫੂਕਣ ਤੁਰ ਪਈਆਂ। ਉਹ ਦਰਵਾਜ਼ੇ ਕੋਲੋਂ ਲੰਘਣ ਲੱਗੀਆਂ ਤਾਂ ਬੱਲੀ ਬਾਬਾ ਇਕਦਮ ਉੱਠ ਕੇ ਉਨ੍ਹਾਂ ਸਾਹਮਣੇ ਖੜੋ ਕੇ ਬੋਲਿਆ, ‘‘ਕੌਣ ਮਰ ਗਿਆ, ਨਿੱਕੀਓ? ਕੀਹਦੇ ਵੈਣ ਪਾਉਨੀਉਂ?’’ ਕੁੜੀਆਂ ਪਹਿਲਾਂ ਤਾਂ ਇਕਦਮ ਠਠੰਬਰ ਗਈਆਂ, ਪਰ ਇੱਕ ਵੱਡੀ ਕੁੜੀ ਮੂਹਰੇ ਹੋ ਗਈ, ‘‘ਕੋਈ ਨਈਂ ਮਰਿਆ ਬਾਬਾ, ਅਸੀਂ ਤਾਂ ਗੁੱਡੀ ਫੂਕਣ ਚੱਲੀਆਂ।’’

‘‘ਨਾ ਇਹ ਮਰ ਗੀ? ... ਕਿ ਇਹਨੂੰ ਜਿਉਂਦੀ ਨੂੰ ਈ ਫੂਕ ਦਿਉਂਗੀਆਂ? ...ਨਾ ਨਾ ਪੁੱਤ, ਇਉਂ ਨਾ ਕਰਿਓ...।’’ ਉਹਨੇ ਹੱਥ ਬੰਨ੍ਹ ਕੇ ਤਰਲਾ ਜਿਹਾ ਕੀਤਾ।

‘‘ਬਾਬਾ, ਇਹ ਤਾਂ ਲੀਰਾਂ ਦੀ ਐ। ਮੀਂਹ ਪਵਾਉਣ ਖ਼ਾਤਰ ਫੂਕਣ ਚੱਲੀਆਂ।’’ ਇੱਕ ਸਿਆਣੀ ਕੁੜੀ ਨੇ ਉਸਦੇ ਨੇੜੇ ਹੋ ਕੇ ਉੱਚੀ ਆਵਾਜ਼ ’ਚ ਸਮਝਾਉਣ ਦੀ ਕੋਸ਼ਿਸ਼ ਕੀਤੀ।

‘‘ਅੱਛਾ ਅੱਛਾ, ਮੈਂ ਤਾਂ ਸਮਝਿਆ...। ਇਹਨੂੰ ਫੂਕੇ ਤੋਂ ਮੀਂਹ ਪੈ ਜੂ ਗਾ?’’ ਉਸਦੀ ਗੱਲ ਸੁਣ ਕੇ ਡਰੀਆਂ ਹੋਈਆਂ ਕੁੜੀਆਂ ਵੀ ਕੁਝ ਨੇੜੇ ਨੂੰ ਹੋ ਗਈਆਂ।

‘‘ਕਹਿੰਦੇ ਨੇ ਬਈ ਪੈ ਜਾਂਦੈ।’’ ਇੱਕ ਕੁੜੀ ਨੇ ਜਵਾਬ ਦਿੱਤਾ।

‘‘ਸਭ ਝੂਠ... ਐਵੇਂ ਕੁਫ਼ਰ... ਜਦੋਂ ਸਾਡੀ ਪਾਲੋ ਜਿਉਂਦੀ ਜਾਗਦੀ ਜਾਲ਼ ’ਤੀ ਸੀ ਉਦੋਂ ਤਾਂ ਪਿਆ ਨਈਂ? ਉਦੋਂ ਤਾਂ ਕਿਸੇ ਦੇਵਤੇ ਨੂੰ ਤਰਸ ਨਈਂ ਆਇਆ, ਹੁਣ ਲੀਰਾਂ ਜਾਲ਼ ਕੇ ਕਿਵੇਂ...?’’ ਉਹ ਉੱਚੀ ਉੱਚੀ ਹੱਸਣ ਤੇ ਫੇਰ ਧਾਹਾਂ ਮਾਰਨ ਲੱਗਿਆ। ਤਾਸ਼ ਖੇਡਦੇ ਬੰਦਿਆਂ ਨੇ ਉਸਨੂੰ ਫੜ ਕੇ ਥੜ੍ਹੇ ’ਤੇ ਲਿਆਂਦਾ ਅਤੇ ਕੁੜੀਆਂ ਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ। ਕੁੜੀਆਂ ਕੁਝ ਚਿਰ ਚੁੱਪ ਕਰ ਕੇ ਤੁਰੀਆਂ ਗਈਆਂ ਤੇ ਅੱਗੇ ਜਾ ਕੇ ਫੇਰ ਵੈਣ ਪਾਉਣ ਲੱਗੀਆਂ। ਗੁੱਡੀ ਫੂਕ ਕੇ ਮਿੱਠੀਆਂ ਰੋਟੀਆਂ ਤੇ ਗੁਲਗਲੇ ਖਾ ਕੇ ਘਰਾਂ ਨੂੰ ਪਰਤ ਗਈਆਂ। ਮੀਂਹ ਤਾਂ ਨਹੀਂ ਪਿਆ, ਪਰ ਅੱਜ ਸੱਥ ਵਿੱਚ ਲਗਪਗ ਵੀਹ ਸਾਲ ਪਹਿਲਾਂ ਸ਼ੁਰੂ ਹੋਈ ਇੱਕ ਭਿਆਨਕ ਕਹਾਣੀ ਬਿਆਨ ਹੋਣ ਲੱਗੀ। ਉਦੋਂ ਇਹ ਦਰਵੇਸ਼ ‘ਬੱਲੀ ਬਾਬਾ’ ਨਹੀਂ ਸਗੋਂ ਬਲਦੇਵ ਜਾਂ ਸਿਰਫ਼ ਬੱਲੀ ਹੀ ਸੀ।

ਭਿਆਨਕ ਸੜਕ ਹਾਦਸੇ ਦੇ ਨਿਗਲੇ ਬਾਪੂ ਤੇ ਬੇਬੇ ਦੀਆਂ ਵਿਹੜੇ ਵਿੱਚ ਰੱਖੀਆਂ ਲਾਸ਼ਾਂ ਕੋਲ ਹਾਲੋਂ ਬੇਹਾਲ ਹੋਇਆ ਚੀਕਾਂ ਮਾਰਦਾ ਨਿੱਕਾ ਜਿਹਾ ਬੱਲੀ ਅਤੇ ਭੂਆ ਦੇ ਗੋਡੇ ਨੂੰ ਚਿੰਬੜੀ ਡੌਰ ਭੌਰ ਹੋਈ ਉਸਤੋਂ ਵੀ ਨਿੱਕੀ ਬੇਸਮਝ ਪਾਲੋ ਮਾਪਿਆਂ ਵਾਹਰੇ ਹੋ ਗਏ ਸਨ। ਨਿੱਕੀਆਂ ਜਿੰਦਾਂ ’ਤੇ ਭਾਰੀ ਬਿਪਤਾ ਆ ਪਈ ਸੀ। ਭਾਵੇਂ ਬੱਲੀ ਰਿਸ਼ਤੇਦਾਰਾਂ ਤੇ ਆਂਢੀਆਂ ਗੁਆਂਢੀਆਂ ਵਿੱਚ ਘਿਰਿਆ ਬੈਠਾ ਸੀ ਅਤੇ ਹਰ ਕੋਈ ਉਸਨੂੰ ਦਿਲਾਸਾ ਦੇ ਰਿਹਾ ਸੀ, ਪਰ ਉਸਨੂੰ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ। ਏਨਾ ਇਕੱਠ ਹੋਣ ਦੇ ਬਾਵਜੂਦ ਉਸਨੂੰ ਆਪਣਾ ਘਰ ਖਾਲੀ ਹੋ ਗਿਆ ਮਹਿਸੂਸ ਹੋ ਰਿਹਾ ਸੀ। ਉਹ ਤਾਂ ਆਲੇ-ਦੁਆਲੇ ਤੋਂ ਮਿਲ ਰਹੀਆਂ ਹਦਾਇਤਾਂ ਦੀ ਪੁਤਲੀ ਵਾਂਗ ਪਾਲਣਾ ਕਰੀ ਜਾ ਰਿਹਾ ਸੀ। ਸਸਕਾਰ ਦੀ ਤਿਆਰੀ ਹੋ ਗਈ। ਜਦੋਂ ਸਿਵਿਆਂ ਵਿੱਚ ਚਿਣੀਆਂ ਲੱਕੜਾਂ ’ਤੇ ਬਰੋ-ਬਰੋਬਰ ਰੱਖੀਆਂ ਲਾਸ਼ਾਂ ਨੂੰ ਅਗਨੀ ਦੇਣ ਲਈ ਉਸਨੂੰ ਮੂਹਰੇ ਕੀਤਾ ਤਾਂ ਉਸ ਦੀਆਂ ਚੀਕਾਂ ਨਿਕਲ ਗਈਆਂ, ‘‘ਓਏ ਨਾ ਓਏ, ਹਾਏ ਓਏ, ਇਹ ਤਾਂ ਮੱਚ ਜਾਣਗੇ।’’ ਭੋਲ਼ੀ ਜਿਹੀ ਆਵਾਜ਼ ਨੇ ਸਾਰੇ ਇਕੱਠ ਨੂੰ ਬੇਹੱਦ ਭਾਵੁਕ ਕਰ ਦਿੱਤਾ। ਪਰ ਰਸਮਾਂ ਤਾਂ ਰਸਮਾਂ ਨੇ, ਨਿਭਾਉਣੀਆਂ ਹੀ ਸੀ, ਨਿਭਦੀਆਂ ਚਲੀਆਂ ਗਈਆਂ।

ਬੇਬੇ ਬਾਪੂ ਦੇ ਭੋਗ ਤੱਕ ਤਾਂ ਆਂਢ ਗੁਆਂਢ, ਸ਼ਰੀਕੇ ਕਬੀਲੇ ਤੇ ਰਿਸ਼ਤੇਦਾਰਾਂ ਦੇ ਆਉਣ ਜਾਣ ਨੇ ਬੱਲੀ ਨੂੰ ਕੁਝ ਢਾਰਸ ਦੇਈ ਰੱਖੀ, ਪਰ ਭੋਗ ਤੋਂ ਬਾਅਦ ਕੁਝ ਕੁ ਨੂੰ ਛੱਡ ਕੇ ਹਰ ਕੋਈ ਇਹ ਸਿੱਖਿਆ ਦਿੰਦਿਆਂ ਤੁਰ ਗਿਆ, ‘‘ਲੈ ਭਾਈ ਬਲਦੇਵ ਸਿਆਂ, ਹੁਣ ਵੱਡੀ ਜ਼ਿੰਮੇਵਾਰੀ ਆ ਪਈ ਐ ਤੇਰੇ ’ਤੇ, ਸਿਆਣਾ ਬਣੀਂ। ਜੁਆਕੜੀ ਵੀ ਪਾਲਣੀ ਐ।’’ ਕੁਝ ਹੀ ਦਿਨਾਂ ਵਿੱਚ ਉਸਨੂੰ ਪੂਰੀ ਤਰ੍ਹਾਂ ਅਹਿਸਾਸ ਹੋ ਗਿਆ ਕਿ ਸੱਚਮੁੱਚ ਹੀ ਹੁਣ ਵੱਡੀ ਜ਼ਿੰਮੇਵਾਰੀ ਆ ਪਈ ਹੈ। ਉਸਨੇ ਬੜੇ ਹੌਸਲੇ ਨਾਲ ਨਿਭਾਉਣ ਦਾ ਤਹੱਈਆ ਕੀਤਾ। ਆਪਣੇ ਬਸਤੇ ਵਿੱਚੋਂ ਤੀਜੀ ਵਾਲੀਆਂ ਕਿਤਾਬਾਂ ਕੱਢ ਕੇ ਪਹਿਲੀ ਵਾਲਾ ਕੈਦਾ ਪਾ ਦਿੱਤਾ। ਪਹਿਲੇ ਦਿਨ ਪਾਲੋ ਨੂੰ ਤਿਆਰ ਕਰ ਕੇ ਉਂਗਲ ਫੜਾ ਉਹ ਸਕੂਲ ਲੈ ਕੇ ਗਿਆ ਤਾਂ ਉਤਸੁਕਤਾ ਨਾਲ ਝਾਕਦੇ ਆਪਣੇ ਜਮਾਤੀਆਂ ਤੋਂ ਨਜ਼ਰ ਬਚਾਉਂਦਿਆਂ ਉਹ ਸਿੱਧਾ ਅਧਿਆਪਕਾਂ ਵੱਲ ਹੋ ਗਿਆ। ‘‘ਆ ਬਈ ਬਲਦੇਵ, ਬੜੀ ਮਾੜੀ ਗੱਲ ਹੋਈ,’’ ਇੱਕ ਅਧਿਆਪਕ ਨੇ ਹਮਦਰਦੀ ਜ਼ਾਹਰ ਕੀਤੀ। ਬੱਲੀ ਤੋਂ ਕੁਝ ਵੀ ਬੋਲ ਨਾ ਹੋਇਆ, ਬੱਸ ਸਿਰ ਹਿਲਾ ਕੇ ਨੀਵੀਂ ਪਾ ਲਈ। ‘‘ਹੁਣ ਫੇਰ ਇਹਨੂੰ ਵੀ ਦਾਖਲ ਕਰਾਉਣ ਅਇਐਂ?’’ ਅਧਿਆਪਕ ਨੇ ਪਾਲੋ ਵੱਲ ਇਸ਼ਾਰਾ ਕਰਦਿਆਂ ਪੁੱਛਿਆ। ‘‘ਹਾਂ... ਜੀ’’ ਬੱਲੀ ਦੇ ਮੂੰਹੋਂ ਮਸਾਂ ਨਿਕਲਿਆ। ‘‘ਦੇਖ ਬਲਦੇਵ, ਇਹਨੂੰ ਤਾਂ ਦਾਖਲ ਕਰ ਹੀ ਲੈਨੇ ਆਂ। ਤੂੰ ਵੀ ਸਕੂਲ ਆਇਆ ਕਰ। ਅਸੀਂ ਤੇਰਾ ਨਾਂ ਨਈਂ ਕੱਟਿਆ। ਘੱਟੋ ਘੱਟ ਅੱਠ ਜਮਾਤਾਂ ਤਾਂ ਇੱਥੇ ਪਿੰਡ ਈ ਹੋ ਜਾਣੀਆਂ ਨੇ।’’ ਅਧਿਆਪਕ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ‘‘ਬੱਸ ਜੀ ਹੁਣ... ਕਿੱਥੇ...’’ ਬੱਲੀ ਨੇ ਅੱਖਾਂ ਭਰ ਲਈਆਂ। ਦਾਖਲੇ ਵਾਲੇ ਫਾਰਮ ’ਤੇ ਦਸਤਖਤ ਕਰ ਕੇ ਉਹ ਡਰੀ ਜਿਹੀ ਖੜ੍ਹੀ ਪਾਲੋ ਦੇ ਕੰਨ ਵਿੱਚ ਕੁਝ ਕਹਿ ਕੇ ਜਲਦੀ ਨਾਲ ਸਕੂਲ ਵਿੱਚੋਂ ਬਾਹਰ ਹੋ ਗਿਆ। ਬੱਸ ਫੇਰ ਅਗਲੇ ਦਿਨ ਤੋਂ ਪਾਲੋ ਨੂੰ ਤਿਆਰ ਕਰਨਾ, ਖੁਆ ਪਿਆ ਕੇ ਉਂਗਲ ਲਾ ਸਕੂਲ ਛੱਡ ਕੇ ਆਉਣਾ ਅਤੇ ਛੁੱਟੀ ਵੇਲੇ ਉਸ ਨੂੰ ਸਕੂਲੋਂ ਲੈ ਕੇ ਆਉਣਾ, ਉਸਦਾ ਨਿੱਤ ਨੇਮ ਬਣ ਗਿਆ। ਦਿਨ ਮਹੀਨੇ ਸਾਲ ਬੀਤਦੇ ਗਏ, ਬੱਲੀ ਉਡਾਰ ਹੋਣ ਦੇ ਨਾਲ ਨਾਲ ਹੋਰ ਸਿਆਣਾ ਤੇ ਜ਼ਿੰਮੇਵਾਰ ਹੁੰਦਾ ਗਿਆ। ਕਦੇ ਮਾਮਾ ਤੇ ਭੂਆ ਵੀ ਸਹਾਰਾ ਦਿੰਦੇ ਰਹੇ। ਹੌਲੀ ਹੌਲੀ ਘਰ ਅਤੇ ਖੇਤ ਬੱਲੀ ਨੇ ਪੂਰੀ ਤਰ੍ਹਾਂ ਸਾਂਭ ਲਿਆ। ਉਸਦੇ ਮਨ ਵਿੱਚ ਚੌਵੀ ਘੰਟੇ ਪਾਲੋ ਦਾ ਫ਼ਕਰ ਰਹਿੰਦਾ। ਉਸਨੇ ਕਿਸੇ ਗੱਲੋਂ ਵੀ ਪਾਲੋ ਨੂੰ ਕਦੇ ਕੋਈ ਘਾਟ ਮਹਿਸੂਸ ਨਹੀਂ ਹੋਣ ਦਿੱਤੀ। ਆਪਣਾ ਭਰਿਆ ਮਨ ਅੰਦਰ ਵੜ ਕੇ ਹੌਲਾ ਕਰ ਲੈਂਦਾ, ਪਰ ਪਾਲੋ ਨੂੰ ਕਦੇ ਬੇਬੇ ਬਾਪੂ ਦਾ ਚੇਤਾ ਨਹੀਂ ਆਉਣ ਦਿੱਤਾ। ਸਾਰੇ ਪਿੰਡ ਤੇ ਰਿਸ਼ਤੇਦਾਰੀਆਂ ਵਿੱਚ ਉਸ ਦੀਆਂ ਸਿਫ਼ਤਾਂ ਹੁੰਦੀਆਂ। ਹੁਣ ਤਾਂ ਪਾਲੋ ਵੀ ਘਰ ਦੇ ਨਿੱਕੇ ਮੋਟੇ ਕੰਮਾਂ ਨੂੰ ਹੱਥ ਪਾਉਣ ਲੱਗ ਪਈ ਸੀ। ਭਾਵੇਂ ਬੱਲੀ ਉਸਨੂੰ ਕੰਮ ਕਰਨੋਂ ਵਰਜਦਾ ਰਹਿੰਦਾ, ਪਰ ਫੇਰ ਵੀ ਉਹ ਉਸਦੇ ਘਰ ਆਉਣ ਤੋਂ ਪਹਿਲਾਂ ਪਹਿਲਾਂ ਛੋਟੇ ਮੋਟੇ ਕਈ ਕੰਮ ਨਿਪਟਾ ਛੱਡਦੀ। ਉਹ ਬਾਹਰੋਂ ਆ ਕੇ ਉਸ ਨਾਲ ਗੁੱਸੇ ਤਾਂ ਹੁੰਦਾ, ਪਰ ਅੰਦਰੋਂ ਅੰਦਰੀ ਖ਼ੁਸ਼ ਵੀ ਹੋ ਜਾਂਦਾ। ਨਿੱਕੀ ਭੈਣ ਜ਼ਿੰਮੇਵਾਰੀਆਂ ਸੰਭਾਲਦੀ ਉਸਨੂੰ ਚੰਗੀ ਲੱਗਦੀ। ਪਾਲੋ ਨੇ ਅੱਠਵੀਂ ਪਾਸ ਕਰ ਲਈ। ਨੌਵੀਂ ਵਿੱਚ ਲਾਗਲੇ ਪਿੰਡ ਜਾਣਾ ਪੈਣਾ ਸੀ। ਬੱਲੀ ਅੰਦਰੋਂ ਡਰਦਾ ਸੀ ਅਤੇ ਪਾਲੋ ਨੂੰ ਬਿਗਾਨੇ ਪਿੰਡ ਪੜ੍ਹਨ ਨਹੀਂ ਸੀ ਭੇਜਣਾ ਚਾਹੁੰਦਾ। ਪਾਲੋ ਵੀ ਉਸਦਾ ਮਨ ਸਮਝਦੀ ਹੋਈ ਆਪਣੇ ਵੀਰ ’ਤੇ ਕਿਸੇ ਕਿਸਮ ਦਾ ਬੋਝ ਨਹੀਂ ਸੀ ਪਾਉਣਾ ਚਾਹੁੰਦੀ। ਸੋ ਪਾਲੋ ਨੇ ਘਰ ਦਾ ਸਾਰਾ ਕੰਮ ਪੂਰੀ ਤਰ੍ਹਾਂ ਸੰਭਾਲ ਲਿਆ। ਉਸਦੇ ਨਿੱਕੇ ਹੱਥਾਂ ਵਿੱਚ ਤਾਂ ਜਿਵੇਂ ਕੋਈ ਜਾਦੂ ਹੀ ਸੀ। ਥੋੜ੍ਹੇ ਹੀ ਅਰਸੇ ਵਿੱਚ ਉਸਨੇ ਘਰ ਦੀ ਵਜਾ ਹੀ ਬਦਲ ਦਿੱਤੀ। ਉਨ੍ਹਾਂ ਦੇ ਘਰ ਆਉਣ ਵਾਲਾ ਹਰ ਵਿਅਕਤੀ ਇਸ ਗੱਲੋਂ ਹੈਰਾਨ ਰਹਿ ਜਾਂਦਾ ਕਿ ਪਾਲੋ ਨੇ ਇਹ ਸਹੁਨਰਪੁਣਾ ਕਿੱਥੋਂ ਸਿੱਖਿਆ? ਬਲਦੇਵ ਅੰਦਰੋਂ ਅੰਦਰੀ ਬਹੁਤ ਖ਼ੁਸ਼ ਹੁੰਦਾ ਜਦੋਂ ਉਹ ਆਪਣੀ ਨਿੱਕੀ ਭੈਣ ਦੀਆਂ ਸਿਫ਼ਤਾਂ ਸੁਣਦਾ। ਉਹ ਉਸਦੀ ਕਿਸੇ ਮੰਗ ਨੂੰ ਅਣਗੌਲਿਆ ਨਹੀਂ ਸੀ ਕਰਦਾ। ਖੇਤੀ ਭਾਵੇਂ ਥੋੜ੍ਹੀ ਸੀ, ਪਰ ਬੱਲੀ ਦੀ ਸਿਆਣਪ ਅਤੇ ਮਿਹਨਤ ਸਦਕਾ ਚੰਗਾ ਗੁਜ਼ਾਰਾ ਹੋਣ ਲੱਗਿਆ ਸੀ।

ਇੱਕ ਦਿਨ ਬੱਲੀ ਦੇ ਮਾਮੇ ਨੇ ਉਸ ਨਾਲ ਗੱਲ ਚਲਾਈ, ‘‘ਕਿਉਂ ਭਾਣਜੇ ਆਪਾਂ ਹੁਣ ਤੇਰਾ ਵਿਆਹ ਈ ਨਾ ਕਰ ਲੀਏ?’’

‘‘ਨਹੀਂ ਮਾਮਾਂ ਹਾਲੇ ਕਿੱਥੇ? ਪਹਿਲਾਂ ਪਾਲੋ ਦਾ ਵਿਆਹ ਕਰਾਂਗੇ ਫੇਰ ਦੇਖੀ ਜਾਊ।’’ ਬੱਲੀ ਨੇ ਆਪਣੇ ਮਨ ਦੀ ਗੱਲ ਮਾਮੇ ਨੂੰ ਆਖ ਦਿੱਤੀ।

‘‘ਗੱਲ ਤਾਂ ਤੇਰੀ ਵੀ ਠੀਕ ਐ। ਚੱਲ ਫੇਰ ਆਪਾਂ ਪਾਲੋ ਵਾਸਤੇ ਈ ਕੋਈ ਥਾਂ ਦੇਖ ਲੈਨੇ ਆਂ!’’ ਮਾਮੇ ਨੇ ਸਲਾਹ ਦਿੱਤੀ।

‘‘ਪਰ ਮਾਮਾ, ਉਹ ਤਾਂ ਹਾਲੇ ਬਹੁਤੀ ਨਿਆਣੀ ਐ। ਹਾਲੇ ਉਹਨੂੰ ਕਿਹੜੀ ਅਕਲ ਐ ਵਿਆਹ ਦੀ?’’ ਬੱਲੀ ਬੋਲਿਆ।

‘‘ਨਹੀਂ ਭਾਣਜੇ, ਕੁੜੀਆਂ ਜਿੰਨਾ ਛੇਤੀ ਆਵਦੇ ਘਰ ਜਾਣ ਓਨਾ ਈ ਚੰਗਾ ਹੁੰਦੈ। ਨਾਲੇ ਸੁੱਖ ਨਾਲ ਉੱਨੀ ਵੀਹ ਦੀ ਤਾਂ ਹੋ ਈ ਗਈ ਆ।’’ ਮਾਮੇ ਨੇ ਸਮਝਾਇਆ।

‘‘ਚੱਲ ਠੀਕ ਐ ਮਾਮਾ, ਜਿਮੇ ਤੇਰੀ ਮਰਜ਼ੀ। ਪਰ ਸਾਰਾ ਕੁਛ ਤੂੰ ਹੀ ਕਰਨਾ ਹੋਊ। ਮੈਨੂੰ ਤਾਂ ਭੋਰਾ ਪਤਾ ਨਈਂ ਕਾਸੇ ਦਾ।’’ ਬੱਲੀ ਨੂੰ ਮਾਮੇ ਦੀ ਗੱਲ ਜਚ ਗਈ ਸੀ।

‘‘ਓਏ ਤੂੰ ਚਿੰਤਾ ਨਾ ਕਰ, ਭਾਣਜੇ! ਆਪਾਂ ਰਲ-ਮਿਲ ਕੇ ਸਭ ਕੁਸ਼ ਕਰ ਲਾਂਗੇ। ਸਾਡੇ ਨਾਲ ਦੇ ਪਿੰਡ ਇੱਕ ਮੁੰਡੇ ਦੀ ਦੱਸ ਪਈ ਸੀ ’ਕੇਰਾਂ। ਉਹਦਾ ਪਤਾ ਕਰਦੇ ਆਂ। ’ਕੱਲਾ ਮੁੰਡੈ, ਜ਼ਮੀਨ ਜਾਇਦਾਦ ਵੀ ਤਕੜੀ ਐ। ਜੇ ਬਹੁਤਾ ਮੂੰਹ ਨਾ ਅੱਡਣ!’’ ਮਾਮੇ ਨੇ ਗੱਲ ਸਾਂਝੀ ਕੀਤੀ।

‘‘ਕੋਈ ਨਾ ਮਾਮਾ, ਜੇ ਕੋਈ ਮੰਗ ਵੀ ਹੋਊ ਤਾਂ ਆਪਾਂ ਪੂਰ ਦਿਆਂਗੇ। ਬੱਸ ਬੰਦੇ ਚੰਗੇ ਹੋਣ। ਪਾਲੋ ਸੁਖੀ ਵਸੇ, ਖਰਚ ਦਾ ਕੀ ਐ ਆਪਾਂ ਕਰ ਦਿਆਂਗੇ।’’ ਬੱਲੀ ਤਾਂ ਪਾਲੋ ਖ਼ਾਤਰ ਕੁਝ ਵੀ ਕਰਨ ਨੂੰ ਤਿਆਰ ਸੀ।

ਮਾਮਾ ਤਾਂ ਸਲਾਹ ਕਰ ਕੇ ਚਲਿਆ ਗਿਆ, ਪਰ ਬੱਲੀ ਦਾ ਮਨ ਉਚਾਟ ਜਿਹਾ ਹੋ ਗਿਆ। ਉਹ ਵਾਰ ਵਾਰ ਘਰ ਵਿੱਚ ਤੁਰੀ ਫਿਰਦੀ ਪਾਲੋ ਵੱਲ ਹੀ ਦੇਖੀ ਜਾਵੇ।

‘‘ਕਿਉਂ ਬਾਈ ਅੱਜ ਸੁਸਤ ਜਿਹਾ ਕਿਉਂ ਐਂ?’’ ਪਾਲੋ ਨੇ ਅਚਾਨਕ ਪੁੱਛ ਲਿਆ।

‘‘ਨਹੀਂ ਨਹੀਂ, ਤੈਨੂੰ ਐਵੇਂ ਈ ਲੱਗਿਆ, ਮੈਂ ਤਾਂ ਠੀਕ ਠਾਕ ਆਂ। ਜਾ ਤੂੰ ਰੋਟੀ ਲੈ ਕੇ ਆ।’’ ਗੱਲ ਟਾਲ ਕੇ, ਕੁਝ ਸੰਭਲਦਿਆਂ ਬੱਲੀ ਝੱਟ ਬੋਲਿਆ।

ਭਾਵੇਂ ਪਾਲੋ ਹੋਰ ਕੁਝ ਨਹੀਂ ਬੋਲੀ, ਪਰ ਉਸਨੂੰ ਫ਼ਿਕਰ ਜਿਹਾ ਹੋ ਗਿਆ। ਪਾਲੋ ਰੋਟੀ ਲੈ ਕੇ ਆਈ ਤਾਂ ਉਸਨੇ ਬੱਲੀ ਨੂੰ ਫੇਰ ਪੁੱਛਿਆ, ‘‘ਬਾਈ ਤੂੰ ਦੱਸ ਨਾ ਦੱਸ, ਅੱਜ ਕੋਈ ਗੱਲ ਜ਼ਰੂਰ ਐ।’’

‘‘ਗੱਲ ਨੂੰ ਕੀ ਐ! ਬਹਿ ਜਾ, ਸੁਣ ਲੈ। ਮਾਮਾ ਅੱਜ ਤੇਰੇ ਵਿਆਹ ਦੀ ਗੱਲ ਚਲਾਉਂਦਾ ਸੀ।’’ ਅੱਖਾਂ ਭਰ ਕੇ ਬੱਲੀ ਮਸਾਂ ਬੋਲਿਆ।

‘‘ਹੈਂਅ... ਨਾ ਬਾਈ, ਪਹਿਲਾਂ ਆਪਾਂ ਭਾਬੀ ਲੈ ਕੇ ਆਵਾਂਗੇ, ਫੇਰ ਦੇਖੀ ਜਾਊਗੀ।’’ ਪਾਲੋ ਲਾਡ ਨਾਲ ਬੱਲੀ ਦੇ ਸਿਰ ’ਤੇ ਹੱਥ ਮਾਰ ਕੇ ਚਲੀ ਗਈ।

ਬੱਲੀ ਉਸ ਵੱਲ ਦੇਖਦਾ ਹੋਇਆ ਸੋਚਾਂ ਵਿੱਚ ਡੁੱਬ ਗਿਆ। ਅੱਜ ਵੱਡੀ ਰਾਤ ਤੱਕ ਉਸ ਦੀ ਅੱਖ ਨਾ ਲੱਗੀ।

ਹਫ਼ਤੇ ਕੁ ਪਿੱਛੋਂ ਮਾਮਾ ਮੁੰਡੇ ਵਾਲਿਆਂ ਦਾ ਪਤਾ ਕਰ ਕੇ ਫੇਰ ਆ ਗਿਆ। ਉਹ ਗੱਲ ਲਗਪਗ ਪੱਕੀ ਹੀ ਕਰ ਆਇਆ ਸੀ। ਫੇਰ ਵੀ ਉਸਨੇ ਬੱਲੀ ਨਾਲ ਸਲਾਹ ਕਰਨੀ ਜ਼ਰੂਰੀ ਸਮਝੀ। ਉਸਨੇ ਗੱਲ ਛੇੜੀ ਤਾਂ ਬੱਲੀ ਨੇ ਕਿਹਾ, ‘‘ਦੇਖ ਮਾਮਾ, ਮੈਨੂੰ ਕੁਸ਼ ਨਈਂ ਪਤਾ। ਜੇ ਤੈਨੂੰ ਠੀਕ ਲੱਗਦੈ ਤਾਂ ਬੱਸ ਠੀਕ ਐ। ਮੈਨੂੰ ਤਾਂ ਦੱਸੀ ਜਾਈਂ, ਜਿਵੇਂ ਕਹੇਂਗਾ ਮੈਂ ਕਰੀ ਜਾਊਂ।’’

‘‘ਇਹ ਤਾਂ ਠੀਕ ਐ, ਪਰ ਰਾਇ ਸਲਾਹ ਕਰਨੀ ਜ਼ਰੂਰੀ ਹੁੰਦੀ ਐ। ਬੱਸ ਵਿਆਹ ਛੇਤੀ ਮੰਗਦੇ ਐ। ਨਾਲੇ ਕੁਸ਼ ਮੰਨ ਮਨੌਤੀਆਂ ਵੀ ਕਰਾਉਣਗੇ।’’ ਮਾਮੇ ਨੇ ਅਗਲੀ ਗੱਲ ਤੋਰੀ।

‘‘ਤਾਂ ਕੀ ਐ, ਆੜ੍ਹਤੀਏ ਤੋਂ ਮੂਹਰੇ ਫੜ ਲਾਂਗੇ। ਚੰਗਾ ਸਾਕ ਨਾ ਹੱਥੋਂ ਨਿੱਕਲ ਜੇ।’’ ਬੱਲੀ ਨੇ ਝੱਟ ਸਕੀਮ ਬਣਾ ਲਈ।

ਮੁੰਡੇ ਵਾਲਿਆਂ ਨਾਲ ਅੱਗੇ ਗੱਲ ਤੋਰ ਕੇ ਉਨ੍ਹਾਂ ਵੱਲੋਂ ਰੱਖੀਆਂ ਮੰਗਾਂ ਮੰਨ ਕੇ ਸ਼ਗਨ ਕਰ ਕੇ ਵਿਆਹ ਰੱਖ ਦਿੱਤਾ। ਪਾਲੋ ਨੂੰ ਵੀ ਸਾਰੀ ਬਿੜਕ ਲੱਗੀ ਤਾਂ ਜਾਂਦੀ ਸੀ, ਪਰ ਉਹ ਬੇਵੱਸ ਸੀ ਅਤੇ ਵੀਰੇ ਦੀ ਗੱਲ ਨਹੀਂ ਸੀ ਮੋੜ ਸਕਦੀ। ਉਸ ਮਗਰੋਂ ਬੱਲੀ ਦਾ ਇਕੱਲਾ ਰਹਿ ਜਾਣਾ ਉਸ ਨੂੰ ਬਹੁਤ ਦੁਖੀ ਕਰਦਾ ਸੀ। ਓਧਰ ਬੱਲੀ ਦਾ ਵੀ ਬੁਰਾ ਹਾਲ ਸੀ। ਉਸਨੂੰ ਪਤਾ ਹੀ ਨਾ ਚਲਦਾ ਕਿ ਉਹ ਕੀ ਕਰੇ। ਅਕਸਰ ਉਹ ਪਾਲੋ ਤੋਂ ਜਾਣਬੁੱਝ ਕੇ ਪਾਸਾ ਵੱਟਣ ਲੱਗਿਆ। ਮਾੜੀ ਮੋਟੀ ਗੱਲ ਕਰ ਕੇ ਉਹ ਉਸ ਕੋਲੋਂ ਭਰੀਆਂ ਅੱਖਾਂ ਲੁਕੋ ਕੇ, ਬਹਾਨਾ ਜਿਹਾ ਬਣਾ ਕੇ ਖਿਸਕ ਜਾਂਦਾ। ਵਿਆਹ ਦੀ ਸਾਰੀ ਤਿਆਰੀ ਦਾ ਭਾਰ ਮਾਮੇ, ਭੂਆ ਤੇ ਹੋਰ ਮਿੱਤਰਾਂ ਦੋਸਤਾਂ ਨੇ ਵੰਡਾ ਲਿਆ ਸੀ।

ਵਿਆਹ ਦਾ ਦਿਨ ਆਇਆ ਤਾਂ ਘਰ ਵਿੱਚ ਰੌਣਕਾਂ ਲੱਗ ਗਈਆਂ। ਮਾਮੇ ਤੇ ਭੂਆ ਦੀਆਂ ਸੁਚੇਤ ਰੂਪ ਵਿੱਚ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਰੀਆਂ ਰਸਮਾਂ ’ਤੇ ਬੇਬੇ ਬਾਪੂ ਦੀ ਅਣਹੋਂਦ ਦਾ ਪਰਛਾਵਾਂ ਰਿਹਾ। ਅੱਖਾਂ ਭਰਦੀਆਂ ਤੇ ਸੁੱਕਦੀਆਂ ਰਹੀਆਂ। ਜੰਞ ਢੁੱਕੀ, ਮਿਲਣੀਆਂ ਹੋਈਆਂ, ਆਨੰਦ ਕਾਰਜ ਹੋਏ, ਭੰਗੜੇ ਪਏ। ਮੁੰਡੇ ਦੇ ਮਾਮਿਆਂ, ਫੁੱਫੜਾਂ, ਮਾਸੜਾਂ, ਚਾਚੇ ਤਾਇਆਂ ਆਦਿ ਸਭਨਾਂ ਦੀ ਕਾਰਮੀਂ-ਮੰਗ ਅਨੁਸਾਰ ਮੰਨ ਮਨੌਤੀ ਹੋਈ। ਸਭ ਕੁਝ ਖ਼ੁਸ਼ੀ ਖ਼ੁਸ਼ੀ ਨਿੱਬੜ ਗਿਆ। ਡੋਲੀ ਵਿਦਾ ਕਰਨ ਦੀ ਤਿਆਰੀ ਹੋ ਗਈ।

ਮਨ ਤਾਂ ਬੱਲੀ ਦਾ ਸਵੇਰ ਤੋਂ ਹੀ ਕਈ ਵਾਰੀ ਡੋਲਿਆ ਸੀ, ਪਰ ਜ਼ਿੰਮੇਵਾਰੀ ਦੇ ਅਹਿਸਾਸ ਨੇ ਉਸਨੂੰ ਤਕੜਾ ਕਰੀ ਰੱਖਿਆ ਸੀ। ਜਦ ਪਾਲੋ ਨੇ ਵਿਦਾ ਹੋਣ ਵੇਲੇ ਉਸਦੇ ਗਲ਼ ਨੂੰ ਚਿੰਬੜ ਕੇ ਚੀਕ ਮਾਰੀ, ‘‘ਬਾਈ... ਤੂੰ ਤਾਂ ਹੁਣ ’ਕੱਲਾ ਰਹਿ ਗਿਆ।’’ ਬੱਲੀ ਨੇ ਉਸਦੇ ਸਿਰ ਨੂੰ ਬੁੱਕਲ ਵਿੱਚ ਲੈ ਕੇ ਘੁੱਟ ਲਿਆ, ਜ਼ੁਬਾਨ ਠਾਕੀ ਗਈ, ਮਨ ਦੇ ਨਾਲ ਅੱਖਾਂ ਵੀ ਭਰ ਆਈਆਂ। ਨਿੱਕੀ ਭੈਣ ਸਾਹਮਣੇ ਉਹ ਕਮਜ਼ੋਰੀ ਜ਼ਾਹਰ ਨਹੀਂ ਸੀ ਹੋਣ ਦੇਣਾ ਚਾਹੁੰਦਾ। ਡੋਲੀ ਵਾਲੀ ਗੱਡੀ ਨੂੰ ਅਣਮੰਨੇ ਮਨ ਨਾਲ ਦੋਵਾਂ ਹੱਥਾਂ ਨਾਲ ਧੱਕਾ ਲਾ ਕੇ ਵਿਦਾ ਕਰਨ ਪਿੱਛੋਂ ਉਸ ਦੇ ਹੁਣ ਤੱਕ ਮਸਾਂ ਡੱਕ ਕੇ ਰੱਖੇ ਮਨ ਵਿੱਚੋਂ ਹਉਕਿਆਂ ਤੇ ਭੁੱਬਾਂ ਦਾ ਹੜ੍ਹ ਵਗ ਤੁਰਿਆ ਸੀ। ਉਹ ਧਾਹਾਂ ਮਾਰਦਾ ਝੱਲਿਆ ਨਹੀਂ ਸੀ ਜਾਂਦਾ। ਮਾਂ ਪਿਓ ਦੀ ਅਣਹੋਂਦ ਅੱਜ ਉਸਦੇ ਦਿਲ ਦਿਮਾਗ਼ ’ਤੇ ਬੁਰੀ ਤਰ੍ਹਾਂ ਭਾਰੂ ਸੀ। ਭੂਆ ਨੇ ਆਪਣੀਆਂ ਅੱਖਾਂ ਪੂੰਝਦਿਆਂ ਉਸਨੂੰ ਬੁੱਕਲ ਵਿੱਚ ਲੈ ਕੇ ਹੌਸਲਾ ਦਿੱਤਾ। ਹੋਰਨਾਂ ਰਿਸ਼ਤੇਦਾਰਾਂ, ਮਿੱਤਰਾਂ ਦੋਸਤਾਂ ਨੇ ਵੀ ਮੋਢਾ ਥਾਪੜਿਆ। ਉਸਨੇ ਬਹੁਤ ਜ਼ੋਰ ਲਾ ਕੇ ਆਪਣੇ ਆਪ ਨੂੰ ਕੁਝ ਸੰਭਾਲਿਆ ਤੇ ਸਭ ਤੋਂ ਅੱਖ ਬਚਾ ਕੇ ਬਾਹਰਲੀ ਬੈਠਕ ਵਿੱਚ ਜਾ ਵੜਿਆ ਅਤੇ ਬਾਰ ਝੰਬ ਕੇ ਖਾਲੀ ਮੰਜੇ ’ਤੇ ਜਾ ਡਿੱਗਿਆ। ਪਾਲੋ ਦੀਆਂ ਆਪਣੀ ਅੰਮੜੀ ਤੇ ਬਾਬਲ ਨੂੰ ਮਾਰੀਆਂ ਆਵਾਜ਼ਾਂ ਉਸ ਦੇ ਕੰਨਾਂ ਵਿੱਚ ਗੂੰਜਣ ਲੱਗੀਆਂ। ਜ਼ਬਰਦਸਤੀ ਬੰਨ੍ਹ ਮਾਰੇ ਜਜ਼ਬਾਤ ਦਾ ਹੜ੍ਹ ਇੱਕ ਵਾਰੀ ਫੇਰ ਬੁਰੀ ਤਰ੍ਹਾਂ ਵਹਿ ਤੁਰਿਆ। ਉਸਦੇ ਮਾਮੇ ਨੇ ਸਾਰੀ ਹਾਲਤ ਭਾਂਪ ਕੇ ਸਾਰਾ ਧਿਆਨ ਉਸ ਵੱਲ ਹੀ ਰੱਖਿਆ ਸੀ। ਬੈਠਕ ਦਾ ਬਾਰ ਖੋਲ੍ਹਦਿਆਂ ਮਾਮੇ ਨੇ ਬੱਲੀ ਨੂੰ ਬੁੱਕਲ ਵਿੱਚ ਲੈ ਲਿਆ। ਦੋਹਾਂ ਨੇ ਹੰਝੂਆਂ ਹਉਕਿਆਂ ਨਾਲ ਮਨ ਹੌਲੇ ਕੀਤੇ, ਇੱਕ ਦੂਜੇ ਨੂੰ ਹੌਸਲਾ ਦਿੱਤਾ ਅਤੇ ਬਾਹਰ ਨਿਕਲ ਫੇਰ ਜ਼ਿੰਮੇਵਾਰੀਆਂ ਨਿਭਾਉਣ ਲੱਗੇ।

ਅਗਲੇ ਦਿਨ ਪਾਲੋ ਅਤੇ ਪ੍ਰਾਹੁਣਾ ਫੇਰੀ ਪਾਉਣ ਆਏ ਤਾਂ ਅੰਦਰ ਵੜਨ ਸਾਰ ਪਾਲੋ ਭੱਜ ਕੇ ਬੱਲੀ ਨੂੰ ਜਾ ਚਿੰਬੜੀ। ਦੋਹਾਂ ਦੀਆਂ ਅੱਖਾਂ ਨਮ ਤਾਂ ਹੋਈਆਂ, ਪਰ ਪਾਲੋ ਦੇ ਚਿਹਰੇ ’ਤੇ ਖ਼ੁਸ਼ੀ ਦੀ ਰੌਣਕ ਦੇਖ ਕੇ ਬੱਲੀ ਦੇ ਮਨ ਨੂੰ ਤਸੱਲੀ ਜਿਹੀ ਹੋ ਗਈ। ਰੋਟੀ ਪਾਣੀ ਤੋਂ ਬਾਅਦ ਪਾਲੋ ਤੇ ਪ੍ਰਾਹੁਣੇ ਦੇ ਜਾਣ ਪਿੱਛੋਂ ਭੂਆ ਤੇ ਮਾਮੇ ਨੂੰ ਛੱਡ ਕੇ ਬਾਕੀ ਮੇਲ਼-ਗੇਲ਼ ਵੀ ਵਿਦਾ ਹੋ ਗਿਆ। ਬੱਲੀ ਰਹਿੰਦੇ ਕੰਮ ਨਿਬੇੜਣ ’ਚ ਰੁੱਝਿਆ ਰਿਹਾ। ਰਾਤ ਨੂੰ ਉਹ ਮੰਜਿਆਂ ’ਤੇ ਪੈ ਤਾਂ ਗਏ, ਪਰ ਥੱਕਿਆ ਹੋਣ ਦੇ ਬਾਵਜੂਦ ਨੀਂਦ ਬੱਲੀ ਦੇ ਨੇੜੇ ਤੇੜੇ ਵੀ ਨਾ ਆਈ। ਅੱਚਵੀ ਜਿਹੀ ਲੱਗੀ ਰਹੀ। ਅਖੀਰ ਉਸ ਤੋਂ ਰਿਹਾ ਨਾ ਗਿਆ, ‘‘ਮਾਮਾ, ਭਲਾਂ ਪਾਲੋ ਤੈਨੂੰ ਖ਼ੁਸ਼ ਤਾਂ ਲੱਗੀ?’’ ਮਾਮੇ ਨੂੰ ਉਸਦੀ ਹਾਲਤ ਦਾ ਪਹਿਲਾਂ ਹੀ ਪਤਾ ਸੀ। ‘‘ਖ਼ੁਸ਼ ਕਿਉਂ ਨਈਂ ਹੋਊ ਭਾਣਜੇ? ਸੋਹਣਾ ਸੁਨੱਖਾ ਮੂੰਡੈ, ਘਰ ਬਾਰ ਵਧੀਆ ਬਣਿਆ ਹੋਇਐ। ਹੋਰ ਕੁੜੀਆਂ ਨੂੰ ਚਾਹੀਦਾ ਵੀ ਕੀ ਐ? ਨਾਲੇ ਆਪਾਂ ਕਿਹੜਾ ਕੋਈ ਕਸਰ ਛੱਡੀ ਐ।’’ ਮਾਮੇ ਦੇ ਬੋਲਾਂ ਨਾਲ ਬੱਲੀ ਦੀ ਸੰਤੁਸ਼ਟੀ ਹੋ ਗਈ ਤੇ ਉਸ ਦਾ ਮਨ ਸ਼ਾਂਤ ਹੋ ਗਿਆ। ‘‘ਲੱਗਿਆ ਤਾਂ ਮੈਨੂੰ ਵੀ ਏਕਣ ਈ ਐ,’’ ਕਹਿੰਦਿਆਂ ਬੱਲੀ ਪਾਸਾ ਮਾਰ ਕੇ ਸੁਪਨਿਆਂ ਵਿੱਚ ਜਾ ਵੜਿਆ।

ਵਿਆਹ ਦੇ ਮਾਹੌਲ ’ਚੋਂ ਨਿਕਲ ਸਮਾਂ ਆਪਣੀ ਚਾਲ ਚੱਲਣ ਲੱਗਿਆ, ਪਰ ਬੱਲੀ ਦਾ ਮਨ ਕਿਸੇ ਕੰਮ ਵਿੱਚ ਨਾ ਖੁੱਭਦਾ। ਘਰ ਸੁੰਨਾ ਸੁੰਨਾ ਲੱਗਦਾ, ਬਿੰਦੇ ਝੱਟੇ ਪਾਲੋ ਦੀਆਂ ਬਿੜਕਾਂ ਜਿਹੀਆਂ ਆਈ ਜਾਂਦੀਆਂ। ਇੱਕ ਦਿਨ ਉਹ ਮਨ ਬਣਾ ਕੇ ਪਾਲੋ ਨੂੰ ਮਿਲਣ ਚਲਾ ਗਿਆ। ਸਾਰੇ ਪਰਿਵਾਰ ਨੇ ਉਸਦਾ ਪੂਰਾ ਆਦਰ ਮਾਣ ਕੀਤਾ। ਉਸਦਾ ਮਨ ਪਾਲੋ ਨੂੰ ਇਕੱਲਿਆਂ ਮਿਲਣ ਨੂੰ ਕਰਦਾ ਸੀ, ਪਰ ਮੌਕਾ ਹੀ ਨਹੀਂ ਮਿਲਿਆ। ਵਾਪਸ ਆ ਕੇ ਉਹ ਕੰਮਾਂ ਕਾਰਾਂ ’ਚ ਰੁੱਝ ਗਿਆ। ਕਦੇ ਕਦੇ ਉਸਦਾ ਮਨ ਪਾਲੋ ਨਾਲ ਗੱਲਾਂ ਕਰਨ ਲਈ ਤਰਸਣ ਲੱਗ ਜਾਂਦਾ। ਪਾਲੋ ਨੇ ਵੀ ਕਈ ਵਾਰ ਪਿੰਡ ਜਾਣ ਦੀ ਇੱਛਾ ਜਤਾਈ, ਪਰ ਸਿੱਟਾ ਟਾਲਮਟੋਲ ਹੀ ਨਿੱਕਲਦਾ ਰਿਹਾ। ਬੱਲੀ ਦਾ ਜਦੋਂ ਵੀ ਮਨ ਉਚਾਟ ਹੁੰਦਾ, ਉਹ ਪਾਲੋ ਨੂੰ ਮਿਲਣ ਤੁਰ ਪੈਂਦਾ। ਹੌਲੀ ਹੌਲੀ ਉਸਨੂੰ ਇੱਕ ਗੱਲ ਰੜਕਣ ਲੱਗੀ ਕਿ ਉਸਨੂੰ ਜਾਣ-ਬੁੱਝ ਕੇ ਪਾਲੋ ਨਾਲ ਇਕੱਲੇ ਮਿਲਣ ਨਹੀਂ ਦਿੱਤਾ ਜਾ ਰਿਹਾ। ਪਾਲੋ ਦਾ ਚਿਹਰਾ ਵੀ ਉਸਨੂੰ ਕਈ ਸ਼ੰਕੇ ਖੜ੍ਹੇ ਕਰ ਗਿਆ।

ਇੱਕ ਦਿਨ ਉਹ ਪਾਲੋ ਨੂੰ ਮਿਲਣ ਗਿਆ ਤਾਂ ਅਜੀਬ ਗੱਲ ਹੋਈ ਕਿ ਪਹਿਲੀ ਵਾਰ ਪਾਲੋ ਇਕੱਲੀ ਚਾਹ ਫੜਾਉਣ ਉਸ ਕੋਲ ਬਾਹਰਲੀ ਬੈਠਕ ਵਿੱਚ ਆਈ। ਦੋਵਾਂ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਸਦੀਆਂ ਦੇ ਵਿਛੜੇ ਮਿਲੇ ਹੋਣ। ਪਾਲੋ ਇਕਦਮ ਉਸਨੂੰ ਚਿੰਬੜ ਕੇ ਰੋਣ ਲੱਗ ਪਈ। ਬੱਲੀ ਅੰਦਰੋਂ ਡਰ ਗਿਆ, ਪਰ ਉਸਨੇ ਤੁਰੰਤ ਆਪਣੇ ਆਪ ਨੂੰ ਸੰਭਾਲਦਿਆਂ ਪਾਲੋ ਨੂੰ ਦਿਲਾਸਾ ਦਿੱਤਾ ਅਤੇ ਕਾਰਨ ਪੁੱਛਣ ਦੀ ਕੋਸ਼ਿਸ਼ ਕੀਤੀ। ਪਰ ਪਾਲੋ ਤਾਂ ਆਪਣੇ ਆਪ ਵਿੱਚ ਹੀ ਨਹੀਂ ਸੀ ਆ ਰਹੀ। ਰੋਂਦੀ ਰੋਂਦੀ ਦੇ ਉਸਦੇ ਮੂੰਹੋਂ ਬੱਸ ਐਨਾ ਨਿਕਲਿਆ, ‘‘ਬਾਈ... ਮੈਨੂੰ ਤਾਂ ਬੱ...ਸ ਤੂੰ ਲੈ ਚੱਲ।’’ ਬੱਲੀ ਹੋਰ ਵੀ ਡਰ ਗਿਆ। ਉਸਨੇ ਉਹਨੂੰ ਬੁੱਕਲ ਵਿੱਚ ਲੈ ਲਿਆ। ‘‘ਤੂੰ ਗੱਲ ਤਾਂ ਦੱਸ, ਦੁੱਖ ਤਾਂ ਦੱਸ?’’ ਉਸਨੇ ਤਰਲਾ ਜਿਹਾ ਕੀਤਾ। ਪਾਲੋ ਚੁੰਨੀ ਨਾਲ ਅੱਖਾਂ ਪੂੰਝ ਕੇ ਆਪਣੇ ਆਪ ਨੂੰ ਸੰਭਾਲਦਿਆਂ ਬੋਲੀ, ‘‘ਬਾਈ, ਪਹਿਲਾਂ ਤਾਂ ਇਹ ਮੈਨੂੰ ਦਾਜ ਘੱਟ ਲਿਆੳਣ ਦੇ ਗੱਲੀਂਬਾਤੀਂ ਮਿਹਣੇ ਮਾਰਦੇ ਸੀ... ਪਰ ਹੁਣ ਤਾਂ ਰੋਜ਼ ਹੀ ਮੈਨੂੰ ਟਰੈਕਟਰ ਲੈਣ ਲਈ ਤੈਥੋਂ ਦੋ ਲੱਖ ਰੁਪਏ ਲਿਆਉਣ ਖਾਤਰ ਜ਼ੋਰ ਪਾਈ ਜਾਂਦੇ ਨੇ। ਆਥਣ ਸਵੇਰ ਇਹੀ ਸਿਆਪਾ ਪਿਆ ਰਹਿੰਦੈ। ਅੱਜ ਵੀ ਏਸੇ ਕਰਕੇ ਮੈਨੂੰ ’ਕੱਲੀ ਨੂੰ ਤੇਰੇ ਕੋਲ ਭੇਜਿਐ।’’ ਪਾਲੋ ਦਾ ਮਨ ਫੇਰ ਭਰ ਆਇਆ, ਪਰ ਬੱਲੀ ਦੇ ਉਸਦੇ ਸਿਰ ’ਤੇ ਲਗਾਤਾਰ ਫਿਰਦੇ ਹੱਥ ਨੇ ਉਸਨੂੰ ਕੁਝ ਮਜ਼ਬੂਤ ਕਰ ਦਿੱਤਾ, ‘‘ਮੈਂ ਬਥੇਰਾ ਕਹਿਨੀ ਆਂ ਬਈ ਬਾਈ ਕਿੱਥੋਂ ਦੇਊ ਦੋ ਲੱਖ, ਐਨਾ ਖਰਚ ਤਾਂ ਪਹਿਲਾਂ ਵਿਆਹ ’ਤੇ ਹੋ ਗਿਆ। ਹੁਣ ਤਾਂ ਬਾਈ ਇਹ ਇਉਂ ਵੀ ਕਹਿਣ ਲੱਗ ਗੇ ਬਈ ਤੇਰਾ ਓਥੇ ਦੀ ਜ਼ਮੀਨ ’ਚ ਅੱਧ ਐ।’’ ਬੱਲੀ ਨੂੰ ਗੱਲ ਕਾਫ਼ੀ ਵਿਗੜੀ ਲੱਗੀ, ਪਰ ਉਸਨੇ ਪਾਲੋ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਸਗੋਂ ਜਾਣਬੁੱਝ ਕੇ ਗੱਲ ਨੂੰ ਪਤਲੀ ਪਾਉਣ ਲੱਗਾ, ‘‘ਓ ਕਮਲ਼ੀ..., ਤੂੰ ਦਿਲ ਛੋਟਾ ਨਾ ਕਰ। ਮੈਂ ਆਪੇ ਠੀਕ ਕਰ ਲੂੰ ਸਾਰਾ ਕੁਸ਼।’’ ਕਹਿੰਦਿਆਂ ਉਸਨੇ ਪਾਲੋ ਦਾ ਸਿਰ ਥਪਥਪਾਇਆ। ਕੁਝ ਚਿਰ ਐਧਰ ਓਧਰ ਦੀਆਂ ਗੱਲਾਂ ਮਾਰ ਕੇ ਪਾਲੋ ਦੇ ਮਨ ਨੂੰ ਧਰਵਾਸ ਦਿਵਾ ਕੇ ਉਹ ਉੱਠ ਖੜ੍ਹਾ ਹੋਇਆ। ਤੁਰਨ ਲੱਗਿਆਂ ਉਸਨੇ ਘਰ ਦੇ ਅੰਦਰ ਨੂੰ ਨਿਗ੍ਹਾ ਮਾਰੀ। ਕੋਈ ਦਿਖਾਈ ਨਾ ਦਿੱਤਾ ਤਾਂ ਉਹ ਪਾਲੋ ਦਾ ਸਿਰ ਪਲੋਸ ਕੇ ਘਰੋਂ ਬਾਹਰ ਹੋ ਗਿਆ।

ਰਸਤੇ ਵਿੱਚ ਉਹ ਆਪਣੇ ਹੀ ਮਨ ’ਚ ਸਕੀਮਾਂ ਬਣਾਉਂਦਾ, ਢਾਹੁੰਦਾ ਰਿਹਾ। ਪਹਿਲਾਂ ਮਾਮੇ ਨਾਲ ਸਲਾਹ ਕਰਨ ਨੂੰ ਮਨ ਕੀਤਾ, ਪਰ ਮਾਮੇ ਦੇ ਸੁਭਾਅ ਤੋਂ ਉਹ ਜਾਣੂੰ ਸੀ। ਡਰਦਾ ਸੀ ਕਿ ਮਾਮਾ ਉਨ੍ਹਾਂ ਨਾਲ ਕਲੇਸ਼ ਹੀ ਨਾ ਪਾ ਲਵੇ। ਅਖੀਰ ਉਸਨੇ ਆਪਣੇ ਮਨ ’ਚ ਆੜ੍ਹਤੀਏ ਤੋਂ ਪੈਸੇ ਫੜਨ ਦੀ ਪੱਕੀ ਸਕੀਮ ਬਣਾ ਲਈ ਅਤੇ ਉਹਨੇ ਸਕੂਟਰ ਪਿੰਡ ਦੀ ਬਜਾਏ ਮੰਡੀ ਨੂੰ ਸਿੱਧਾ ਕਰ ਲਿਆ।

‘‘ਆ ਬਈ ਬੱਲੀ, ਕਿਵੇਂ ਅੱਜ ਕਵੇਲੇ ਜਿਹੇ ਈ ਤੁਰਿਆ ਫਿਰਦੈਂ?’’ ਸੇਠ ਨੇ ਅੰਦਰ ਵੜਨ ਸਾਰ ਸਵਾਲ ਕਰ ਦਿੱਤਾ।

‘‘ਕਾਹਦਾ ਤੁਰਿਆ ਫਿਰਦਾਂ ਸੇਠ ਜੀ, ਬੱਸ ਇੱਕ ਤੁਹਾਡੇ ਗੋਚਰੀ ਲੋੜ ਆ ਪਈ। ਆਪਣੇ ਕਿਸੇ ਖ਼ਾਸ ਰਿਸ਼ਤੇਦਾਰ ਨੂੰ ਜ਼ਰੂਰੀ ਲੋੜ ਪੈ ਗੀ ਦੋ ਲੱਖ ਰੁਪਈਆਂ ਦੀ। ਦੇਣੇ ਵੀ ਜ਼ਰੂਰ ਪੈਣੇ ਐਂ। ਕੋਈ ਹੀਲਾ ਕਰੋ।’’

‘‘ਹੈਂਅ... ਦੋ ਲੱਖ ? ਕਮਲਾ ਨਈਂ ਬਣੀਦਾ, ਏਨੀ ਰਕਮ! ਐਵੇਂ ਨਈਂ ਕਿਸੇ ਦੀਆਂ ਗੱਲਾਂ ’ਚ ਆਈਦਾ।’’ ਸੇਠ ਨੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ।

‘‘ਨਹੀਂ ਸੇਠ ਜੀ ਸਰਨਾ ਨਈਂ, ਮਜਬੂਰੀ ਐ। ਨਾਲੇ ਬੰਦਾ ਲੋੜ ਪਈ ਤੋਂ ਕੰਮ ਆਉਣਾ ਈ ਚਾਹੀਦੈ। ਤੁਸੀਂ ਕਰੋ ਕੋਈ ਜੁਗਾੜ।’’

‘‘ਤੂੰ ਤਾਂ ਕਮਲੈਂ ਬੱਲੀ। ਤੇਰਮੇਂ ਮਹੀਨੇ ਤਾਂ ਪੈਸੇ ਬੰਦਾ ਮਾਰੇ ਤੋਂ ਨਈਂ ਮਿਲਦੇ। ਨਾਲੇ ਭਾਈ ਸੱਚੀ ਗੱਲ ਤਾਂ ਇਹ ਵੀ ਐ ਕਿ ਤੇਰੇ ਤਾਂ ਵਿਆਹ ਵੇਲੇ ਦੇ ਈ ਦੋ ਫਸਲਾਂ ’ਚ ਮਸਾਂ ਨਿੱਬੜਨਗੇ।’’ ਸੇਠ ਨੇ ਸੁਣਵਾਈ ਜਿਹੀ ਕਰ ਕੇ ਉਸਨੂੰ ਟਾਲਣਾ ਚਾਹਿਆ। ਪਰ ਬੱਲੀ ਤਾਂ ਜ਼ਿੱਦ ਕਰ ਕੇ ਬੈਠ ਗਿਆ। ਸੇਠ ਵੀ ਮਨੋ-ਮਨੀ ਸਕੀਮ ਲੜਾਉਣ ਲੱਗਿਆ। ਅਖੀਰ ਸੇਠ ਨੇ ਉਸਨੂੰ ਕੱਚਾ ਪੱਕਾ ਜਿਹਾ ਹੁੰਗਾਰਾ ਭਰ ਦਿੱਤਾ।

‘‘ਦੇਖ ਬੱਲੀ, ਮੇਰੇ ਪੱਲੇ ਤਾਂ ਧੇਲਾ ਵੀ ਨਈਂ ਏਸ ਵਕਤ। ਪੱਕਾ ਤਾਂ ਨਈਂ ਕਹਿੰਦਾ ਪਰ ਇੱਕ ਬੰਦਾ ਹੈਗਾ। ਉਹਤੋਂ ਪਤਾ ਕਰ ਲੈਨੇ ਆਂ। ਜੇ ਮੰਨ ਗਿਆ। ਪਰ ਉਹ ਜ਼ਮੀਨ ਲਿਖਾਊਗਾ, ਸਿੱਧੀ ਜਿਹੀ ਗੱਲ ਐ। ਤੂੰ ਗੁੱਸਾ ਨਾ ਕਰੀਂ।’’ ਸੇਠ ਨੇ ਢੰਗ ਨਾਲ ਦਾਅ ਖੇਡਿਆ।

‘‘ਗੁੱਸਾ ਕਾਹਦਾ ਕਰਨੈ ਸੇਠ ਜੀ। ਇਹ ਤਾਂ ਵਿਹਾਰੀ ਗੱਲ ਐ। ਬੱਸ ਤੁਸੀਂ ਕਰ ਦਿਉ ਕੰਮ ਇੱਕ ਦੋ ਦਿਨ ’ਚ ਈ ਜਿਮੇ ਵੀ ਹੁੰਦੈ।’’ ਬੱਲੀ ਨੂੰ ਕੰਮ ਬਣਦਾ ਦੇਖ ਕੇ ਕਾਹਲੀ ਹੋ ਗਈ ਸੀ।

‘‘ਨਾ ਏਡੀ ਛੇਤੀ ਨਈਂ ਹੋਣੀ। ਨਾਲੇ ਹਾਲੇ ਤਾਂ ਮੈਂ ਪਤਾ ਕਰਦਾਂ। ਦਸ ਪੰਦਰਾਂ ਦਿਨ ਤਾਂ ਘੱਟੋ ਘੱਟ ਲੱਗ ਈ ਜਾਣੇ ਨੇ।’’ ਸੇਠ ਨੇ ਬੱਲੀ ਦੀ ਕਾਹਲੀ ਨੂੰ ਕੁਝ ਠੰਢਾ ਜਿਹਾ ਪਾ ਦਿੱਤਾ।

‘‘ਚੱਲ ਫੇਰ ਕੋਈ ਨਾ, ਪਰ ਕੰਮ ਹੋ ਜੇ ਜ਼ਰੂਰ।’’ ਬੱਲੀ ਕੁਝ ਹੌਸਲੇ ਜਿਹੇ ਨਾਲ ਉੱਠਦਾ ਹੋਇਆ ਹੱਥ ਜੋੜ ਕੇ ਤੁਰਨ ਲੱਗਿਆ।

‘‘ਦੇਖ ਬਈ ਮੈਂ ਤਾਂ ਆਵਦੇ ਵੱਲੋਂ ਪੂਰੀ ਵਾਹ ਲਾਊਂ ਤੇਰੇ ਕਰਕੇ। ਪਰ ਗੱਲ ਤਾਂ ਬਿਗਾਨੇ ਵੱਸ ਐ ਨਾ।’’ ਸੇਠ ਨੇ ਪੂਰੀ ਗਿਣਤੀ ਮਿਣਤੀ ਲਾ ਲਈ ਸੀ।

ਕੁਵੇਲਾ ਹੁੰਦਾ ਦੇਖ ਕੇ ਬੱਲੀ ਕਾਹਲੀ ਨਾਲ ਪਿੰਡ ਨੂੰ ਤੁਰ ਗਿਆ। ਸਮੱਸਿਆ ਦਾ ਕੁਝ ਰਾਹ ਬਣਦਾ ਦੇਖ ਉਸਨੂੰ ਤਸੱਲੀ ਜਿਹੀ ਹੋ ਗਈ ਸੀ। ਇੱਕ ਵਾਰੀ ਤਾਂ ਉਸਦੇ ਮਨ ਵਿੱਚ ਆਇਆ ਕਿ ਪਾਲੋ ਦੇ ਸਹੁਰੀਂ ਜਾ ਕੇ ਦੱਸ ਆਵੇ ਕਿ ਟਰੈਕਟਰ ਵਾਸਤੇ ਪੈਸਿਆਂ ਦਾ ਇੰਤਜ਼ਾਮ ਹੋ ਗਿਆ, ਪਰ ਫੇਰ ਉਸਨੇ ਸੋਚਿਆ ਕਿ ਪੈਸੇ ਨਾਲ ਲੈ ਕੇ ਹੀ ਜਾਇਆ ਜਾਵੇ, ਖਾਲੀ ਜਾਣ ਦਾ ਕੀ ਤੁਕ ਐ। ਉਹ ਆੜ੍ਹਤੀਏ ਕੋਲ ਦੂਜੇ ਚੌਥੇ ਦਿਨ ਗੇੜਾ ਮਾਰਦਾ ਰਿਹਾ। ਦਸ ਕੁ ਦਿਨ ਲੰਘ ਗਏ ਤਾਂ ਬੱਲੀ ਨੂੰ ਸੇਠ ਦਾ ਜ਼ਮੀਨ ਦੇ ਨੰਬਰ ਲੈ ਕੇ ਆਉਣ ਦਾ ਸੁਨੇਹਾ ਆ ਗਿਆ ਅਤੇ ਓਧਰ ਪਾਲੋ ਦੇ ਸਹੁਰੀਂ ਪਾਲੋ ਨਾਲ ਕਲੇਸ਼ ਵੀ ਦਿਨੋ ਦਿਨ ਲਗਾਤਾਰ ਵਧਦਾ ਗਿਆ। ਕੁੱਟਮਾਰ ਹਰ ਰੋਜ਼ ਦਾ ਸਿਲਸਿਲਾ ਬਣ ਗਿਆ। ਇੱਕ ਦਿਨ ਤਾਂ ਉਸਨੇ ਰੋਂਦੀ ਕੁਰਲਾਉਂਦੀ ਨੇ ਕਹਿ ਹੀ ਦਿੱਤਾ, ‘‘ਮੈਂ ਨੀ ਆਵਦੇ ਬਾਈ ਨੂੰ ਦੁਖੀ ਕਰਨਾ, ਉਹ ਵਿਚਾਰਾ ਕਿੱਥੋਂ ਦੇਊ ਏਨੇ ਪੈਸੇ?’’

‘‘ਅੱਛਾ... ਉਹ ਵਿਚਾਰਾ! ਉਦੋਂ ਪਤਾ ਨਈਂ ਸੀ ਕੀਹਦੇ ਨਾਲ ਮੱਥਾ ਲਾਇਐ? ਜਾ ਫੇਰ ਤੂੰ ਵੀ ਆਵਦੇ ‘ਵਿਚਾਰੇ ਬਾਈ’ ਕੋਲ ਹੀ ਚਲੀ ਜਾ... ਜਾ ਨਿਕਲ ਏਥੋਂ।’’ ਗੁੱਤੋਂ ਫੜ ਕੇ ਥੱਪੜ ਮਾਰਦਿਆਂ ਉਸਦੇ ਘਰਵਾਲੇ ਨੇ ਏਨੀ ਬੁਰੀ ਤਰ੍ਹਾਂ ਧੱਕਾ ਦਿੱਤਾ ਕਿ ਪਾਲੋ ਚੀਕ ਮਾਰਦੀ ਹੋਈ ਦੂਰ ਜਾ ਡਿੱਗੀ।

‘‘ਵੇ ਤੂੰ ਕਾਹਨੂੰ ਆਵਦੇ ਸਿਰ ਲੈਨੈ, ਇਹ ਤਾਂ ਹੈ ਈ ਇਹੋ ਜੀ। ਏਹਨੂੰ ਤਾਂ ਆਵਦੇ ਬਾਈ ਦਾ ਘਰ ਈ ਦੀਂਹਦੈ। ਜਿੱਥੋਂ ਰੋਜ਼ ਡੱਫਦੀ ਐ ਉਹ ਆਵਦਾ ਨਈਂ ਲੱਗਦਾ। ਕੁਲਹਿਣੀ ਨਾ ਹੋਵੇ।’’ ਦੂਰ ਖੜ੍ਹੀ ਦੇਖਦੀ ਪਾਲੋ ਦੀ ਸੱਸ ਨੇ ਭੜਾਸ ਕੱਢੀ।

ਡਿੱਗੀ ਪਈ ਪਾਲੋ ਬੇਵੱਸ ਰੋਂਦੀ ਰਹੀ, ਪਰ ‘ਕੁਲਹਿਣੀ’ ਸ਼ਬਦ ਸੁਣ ਕੇ ਉਹ ਆਪਣੀ ਸੱਸ ਵੱਲ ਇਕਦਮ ਕੌੜੀ ਝਾਕੀ।

‘‘ਦੇਖ, ਭਾਈਆਂ ਪਿੱਟੀ ਹਾਲੇ ਵੀ ਕਿਵੇਂ ਡੇਲੇ ਕੱਢਦੀ ਐ?’’ ਸੱਸ ਨੂੰ ਪਾਲੋ ਦੀ ਝਾਕਣੀ ਨੇ ਹੋਰ ਅੱਗ ਲਾ ਦਿੱਤੀ।

‘‘ਭਾਈਆਂ ਪਿੱਟੀ ਹੋਵੇਂ ਤੂੰ, ਨਾਲੇ ਤੇਰੇ ਕੁ ਲੱਗਦੇ, ਭਾਈ ਦੀ ਗਾਲ੍ਹ ਨਾ ਕੱਢੀਂ... ਮੈਂ ਤੈਨੂੰ ਦੱਸਾਂ।’’ ਉੱਚੀ ਉੱਚੀ ਬੋਲਦੀ ਪਾਲੋ ਤਾਂ ਅੱਗ ਬਗੂਲ਼ਾ ਹੋ ਕੇ ਇਕਦਮ ਖੜ੍ਹੀ ਹੋ ਗਈ।

ਸੱਸ ਉਹਦੇ ਭਖਦੇ ਚਿਹਰੇ ਵੱਲ ਦੇਖ ਕੇ ਇਕਦਮ ਠਠੰਬਰ ਗਈ। ਪਾਲੋ ਦੇ ਘਰਵਾਲੇ ਨੇ ਉਸਨੂੰ ਘੜੀਸ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਤਾਂ ਕਿ ਆਵਾਜ਼ ਬਾਹਰ ਨਾ ਜਾਵੇ। ਉਸਨੂੰ ਬਾਹਰੋਂ ਆਪਣੀ ਸੱਸ ਦੀ ਏਨੀ ਕੁ ਆਵਾਜ਼ ਸੁਣਾਈ ਦਿੱਤੀ, ‘‘ਕਿਵੇਂ ਖੇਖਣ ਕਰਦੀ ਐ! ਕੋਈ ਨਾ ਇਹ ਵੀ ਹਟਾ ਦੂੰ। ਕਰਦੀ ਆਂ ਕੋਈ ’ਲਾਜ।’’

ਡਰੀ ਹੋਈ ਪਾਲੋ ਸਾਰੀ ਰਾਤ ਭੁੱਖਣ-ਭਾਣੀ ਰੋਂਦੀ ਰਹੀ।

ਆੜਤੀਏ ਨੇ ਕਿਸੇ ਹੋਰ ਜਿਮੀਂਦਾਰ ਦੇ ਨਾਂ ’ਤੇ ਸਾਰੇ ਕਾਗਜ਼ ਤਿਆਰ ਕਰਵਾ ਕੇ ਬੱਲੀ ਵੱਲ ਰਹਿੰਦੀ ਆਪਣੀ ਪਹਿਲੀ ਰਕਮ ਵੀ ਵਿੱਚ ਹੀ ਪੁਆ ਕੇ ਪੱਕਾ ਕੰਮ ਕਰਵਾ ਲਿਆ ਤੇ ਬੱਲੀ ਨੂੰ ਦੱਸ ਵੀ ਦਿੱਤਾ, ‘‘ਦੇਖ ਬਈ ਬੱਲੀ, ਤੈਨੂੰ ਮੈਂ ਸਾਰੀ ਗੱਲ ਸਾਫ਼ ਸਾਫ਼ ਦੱਸ ਦਿਆਂ, ਕੋਈ ਉਹਲਾ ਨਹੀਂ ਰਹਿਣਾ ਚਾਹੀਦਾ। ਪਹਿਲੇ ਪੈਸਿਆਂ ਦਾ ਹਿਸਾਬ ਵੀ ਇਹਦੇ ਵਿੱਚ ਹੀ ਪਾ ਦਿੱਤਾ ਐ। ਤੇਰੇ ਕੋਲੋਂ ਕੀ ਲੁਕੋ ਐ। ਅਸਲ ’ਚ ਓਸ ਜੱਟ ਦੇ ਪੈਸੇ ਮੇਰੇ ਸਿਰ ਖੜ੍ਹੇ ਸੀ। ਮੈਂ ਸੋਚਿਆ ਦੋ ਦੋ ਪਾਸੇ ਕਾਹਨੂੰ ਹਿਸਾਬ ਰੱਖਣੈ। ਇੱਕੋ ਪਾਸੇ ’ਕੱਠਾ ਕਰ ਦਿੰਨੇ ਆਂ। ਸਮਝ ਗਿਆ ਨਾ ਤੂੰ?’’

‘‘ਉਹ ਤਾਂ ਜੀ ਅਗਲੀ ਫ਼ਸਲ ’ਚ ਹਿਸਾਬ ਹੋ ਜਾਣਾ ਸੀ। ਚੱਲੋ, ਠੀਕ ਐ। ਜਿਵੇਂ ਥੋਨੂੰ ਠੀਕ ਲੱਗਦੇ ਉਵੇਂ ਸਹੀ।’’ ਬੱਲੀ ਨੂੰ ਹਾਲੇ ਵੀ ਡਰ ਸੀ ਕਿ ਸੇਠ ਮੁੱਕਰ ਹੀ ਨਾ ਜਾਵੇ। ਪੰਜ ਲੱਖ ’ਤੇ ਹੱਥ ਵਢਾ ਕੇ, ਦੋ ਲੱਖ ਰੁਪਏ ਝੋਲੇ ’ਚ ਪਾ ਉਹ ਤੇਜ਼ੀ ਨਾਲ ਪਿੰਡ ਨੂੰ ਤੁਰ ਪਿਆ। ਪਾਲੋ ਦੇ ਸਹੁਰਿਆਂ ਨੂੰ ਖ਼ੁਸ਼ ਕਰਨ ਦੇ ਮਾਰੇ, ਉਸ ਨੇ ਤਾਂ ਇਹ ਵੀ ਨਹੀਂ ਪੁੱਛਿਆ ਕਿ ਜ਼ਮੀਨ ਦੇ ਕਿਹੜੇ ਨੰਬਰ ਕਾਗਜ਼ੀਂ ਚੜ੍ਹ ਗਏ। ਘਰ ਆਏ ਨੂੰ ਭੂਆ ਨੇ ਬਥੇਰਾ ਪੁੱਛਿਆ ਕਿ ਉਹ ਕਿੱਧਰ ਤੇ ਕੀ ਕਰਦਾ ਫਿਰੀ ਜਾਂਦਾ ਹੈ। ਪਰ ਉਸਨੇ ਬੱਸ ਐਵੇਂ ਬਹਾਨੇ ਜਿਹੇ ਲਾ ਕੇ ਸਾਰ ਦਿੱਤਾ। ਰੁਪਈਆਂ ਵਾਲਾ ਝੋਲਾ ਉਸਨੇ ਅਲਮਾਰੀ ਦੇ ਪਿੱਛੇ ਤਸੱਲੀ ਨਾਲ ਲੁਕੋ ਦਿੱਤਾ। ਪਰ ਫਿਕਰ ਵਿੱਚ ਸਾਰੀ ਰਾਤ ਉਸਦੀ ਅੱਖ ਨਾ ਲੱਗੀ। ਸਵੇਰੇ ਸੁਵਖਤੇ ਹੀ ਉੱਠ ਕੇ ਭੂਆ ਨੂੰ ਜਗਾ ਕੇ ਚਾਹ ਧਰਾ ਲਈ। ਭੂਆ ਦੇ ਪੁੱਛਣ ’ਤੇ ਆਖ ਦਿੱਤਾ, ‘‘ਮੈਂ ਅੱਜ ਪਾਲੋ ਕੋਲ ਜਾ ਕੇ ਅਉਣੈ।’’ ਭੂਆ ਨੂੰ ਹੈਰਾਨੀ ਹੋਈ, ਪਰ ‘ਚੱਲੋ ਇਹਦਾ ਮਨ ਕਰਦਾ ਹੋਊ’ ਸੋਚ ਕੇ ਕੁਝ ਨਾ ਬੋਲੀ। ਬੱਲੀ ਤਿਆਰ ਹੋਣ ਲੱਗਿਆ ਹੀ ਸੀ ਕਿ ਬਾਹਰਲਾ ਦਰਵਾਜ਼ਾ ਖੜਕਿਆ। ਘਰਾਂ ’ਚੋਂ ਲੱਗਦਾ ਚਾਚੇ ਦਾ ਮੁੰਡਾ ਆਇਆ ਸੀ। ਉਹ ਅੰਦਰ ਵੜਨਸਾਰ ਹੀ ਬੱਲੀ ਨੂੰ ਇੱਕ ਪਾਸੇ ਲੈ ਗਿਆ।

‘‘ਬੱਲੀ, ਖਬਰ ਤਾਂ ਮਾੜੀ ਐ। ਪਾਲੋ ਦੇ ਸਹੁਰਿਆਂ ਤੋਂ ਇੱਕ ਮੁੰਡਾ ਆਇਆ ਸੀ ਹੁਣੇ। ਤੇ ਕਾਹਲੀ ਕਾਹਲੀ ਏਨਾ ਕਹਿ ਕੇ ਭੱਜ ਗਿਆ ਕਿ ਰਾਤੀਂ ਪਾਲੋ ਨੂੰ ਅਚਾਨਕ ਅੱਗ ਲੱਗ ਗਈ।’’ ਉਹਦੀ ਏਨੀ ਗੱਲ ਸੁਣ ਕੇ ਬੱਲੀ ਦੀ ਧਾਹ ਨਿਕਲ ਗਈ। ‘‘ਹਾਏ ਓਏ, ਬੱਸ ਓਹੀ ਹੋ ਗਿਆ... ਓਏ... ਲੋਕੋ...’’

ਚੀਕ ਸੁਣ ਕੇ ਭੂਆ ਭੱਜੀ ਆਈ, ‘‘ਵੇ ਕੀ ਹੋ ਗਿਆ?’’

‘‘ਕਿਵੇਂ ਲੱਗ ਗੀ? ਹੋਰ ਕੀ ਦੱਸ ਕੇ ਗਿਐ? ਜਿਉਂਦੀ ਵੀ ਐ ਕਿ ਬੱ...ਸ...?’’ ਚੀਕਾਂ ਮਾਰਦਾ ਬੱਲੀ ਹਾਲੇ ਵੀ ਕੁਝ ਆਸ ਭਾਲਦਾ ਸੀ।

‘‘ਬੱਸ ਹੋਰ ਕੁਸ਼ ਨਈਂ ਦੱਸਿਆ... ਉਹ ਤਾਂ ਏਨਾ ਕਹਿ ਕੇ ਭੱਜ ਗਿਆ। ਆਪਾਂ ਚਲਦੇ ਆਂ ਹੁਣੇ। ਛੇਤੀ ਕਰ, ਮੈਂ ਆਉਨਾਂ’’ ਏਨਾ ਆਖ ਉਹ ਮੁੰਡਾ ਤੇਜ਼ੀ ਨਾਲ ਬਾਹਰ ਨਿਕਲ ਗਿਆ।

ਬੱਲੀ ਨੂੰ ਤਾਂ ਜਿਵੇਂ ਅੱਗ ਹੀ ਲੱਗ ਗਈ। ਉਹ ਤੇਜ਼ੀ ਨਾਲ ਕਦੇ ਅੰਦਰ ਕਦੇ ਬਾਹਰ ਭੱਜਣ ਲੱਗਿਆ। ਭੂਆ ਤਰਲੇ ਜਿਹੀ ਕਰਦੀ ਉਸ ਦੇ ਮਗਰ ਮਗਰ ਫਿਰਦੀ ਲੇਲ੍ਹੜੀਆਂ ਜਿਹੀਆਂ ਕੱਢੀ ਜਾਵੇ, ‘‘ਮੈਨੂੰ ਤਾਂ ਦੱਸਦੇ ਕੁਸ਼... ਵੇ ਕੀ ਹੋ ਗਿਆ?’’ ਪਰ ਬੱਲੀ ਨੂੰ ਤਾਂ ਜਿਵੇਂ ਸੁਣਨੋਂ ਹੀ ਹਟ ਗਿਆ ਸੀ। ਅਲਮਾਰੀ ਪਿੱਛੇ ਰੱਖਿਆ ਰੁਪਈਆਂ ਵਾਲਾ ਝੋਲਾ ਚੁੱਕਿਆ ਅਤੇ ਸਕੂਟਰ ਨੂੰ ਕਿੱਕ ਮਾਰ ਕੇ ਇਕਦਮ ਬਾਹਰ ਨਿਕਲ ਗਿਆ। ਭੂਆ ਰੋਂਦੀ ਪਿੱਟਦੀ ਰਹਿ ਗਈ। ਪਿੰਡ ਵਿੱਚ ਰੌਲ਼ਾ ਪੈ ਗਿਆ। ਪਰ ਬੱਲੀ ਨੇ ਤਾਂ ਕਿਸੇ ਦੀ ਕੋਈ ਪਰਵਾਹ ਨਾ ਕੀਤੀ। ਉਸਨੂੰ ਤਾਂ ਪੈਸੇ ਲੈ ਕੇ ਪਹੁੰਚਣ ਦੀ ਕਾਹਲ ਸੀ। ਉਹ ਮਨ ਵਿੱਚ ਸੋਚੀ ਜਾਂਦਾ ਸੀ ਕਿ ਇਹ ਸਾਰੇ ਪੈਸੇ ਡਾਕਟਰ ਨੂੰ ਦੇ ਕੇ ਪਾਲੋ ਦਾ ਇਲਾਜ ਕਰਵਾ ਲਵੇਗਾ। ਸਕੂਟਰ ਭਜਾ ਕੇ ਜਦ ਉਹ ਪਿੰਡੋਂ ਬਾਹਰ ਸਿਵਿਆਂ ਕੋਲ ਪਹੁੰਚਿਆ ਤਾਂ ਉਹ ਬੰਦੇ ਸਿਆਣ ਕੇ ਇਕਦਮ ਠਠੰਬਰ ਗਿਆ। ਚਿਤਾ ਨੂੰ ਅਗਨੀ ਦੇਣ ਦੀ ਪੂਰੀ ਤਿਆਰੀ ਸੀ। ਉਹ ਸਕੂਟਰ ਸੁੱਟ ਕੇ, ਭੁੱਬਾਂ ਮਾਰਦਾ ਝੋਲਾ ਚੁੱਕ ਕੇ ਚਿਤਾ ਵੱਲ ਭੱਜ ਲਿਆ। ਇਕੱਠੇ ਹੋਏ ਲੋਕ ਡਰ ਜਿਹੇ ਗਏ ਅਤੇ ਕੁਝ ਤਾਂ ਹੌਲੀ ਹੌਲੀ ਖਿਸਕਣੇ ਹੀ ਸ਼ੁਰੂ ਹੋ ਗਏ। ਚਾਰੇ ਪਾਸੇ ਚੁੱਪ ਛਾ ਗਈ।

‘‘ਓਏ ਜ਼ਾਲਮੋਂ... ਓਏ ਪਾਪੀਓ...’’ ਚੀਕਾਂ ਮਾਰਦੇ ਬੱਲੀ ਨੇ ਭੱਜ ਕੇ ਪਾਲੋ ਦੇ ਪ੍ਰਾਹੁਣੇ ਨੂੰ ਧੱਕਾ ਮਾਰ ਕੇ ਉਸਦੇ ਹੱਥੋਂ ਤੀਲ੍ਹਾਂ ਵਾਲੀ ਡੱਬੀ ਖੋਹ ਲਈ। ਨੇੜੇ ਖੜ੍ਹੇ ਹੋਰ ਲੋਕ ਵੀ ਇਕਦਮ ਪਿੱਛੇ ਹਟ ਗਏ।

‘‘ਓਏ ਤੁਸੀਂ ਮੇਰਾ ਸਾਰਾ ਕੁਸ਼ ਈ ਲੈ ਲੈਂਦੇ ਬੇਈਮਾਨੋ... ਪਰ... ਮੇਰਾ ਤਾਂ ਜਹਾਨ ਸੁੰਨਾ ਕਰਤਾ... ਪਾਪੀਓ...’’ ਸੁੰਨ ਹੋਏ ਖੜ੍ਹੇ ਲੋਕਾਂ ਨੂੰ ਬੱਲੀ ਦਾ ਵਿਰਲਾਪ ਅੰਦਰੋਂ ਹਿਲਾ ਰਿਹਾ ਸੀ।

‘‘ਲਓ ਆਹ ਲੈ ਲੋ... ਆਹ ਐ ਮੇਰੀ ਪਾਲੋ ਦਾ ਹਿੱਸਾ...’’ ਏਨਾ ਕਹਿੰਦਿਆਂ ਉਸਨੇ ਰੁਪਈਆਂ ਵਾਲਾ ਝੋਲਾ ਚਿਤਾ ਉੱਤੇ ਖਾਲੀ ਕਰ ਦਿੱਤਾ।

‘‘ਓਏ ਆਹ ਕੀ? ਰੋਕੋ ਭਾਈ ਮੁੰਡੇ ਨੂੰ...’’ ਇਕੱਠ ’ਚੋਂ ਆਵਾਜ਼ ਆਈ। ਦੋ ਤਿੰਨ ਜਣੇ ਨੇੜੇ ਨੂੰ ਹੋਣ ਲੱਗੇ, ਪਰ ਬੱਲੀ ਨੇ ਚਿਤਾ ਵਾਲੀਆਂ ਲੱਕੜਾਂ ਵਿੱਚੋਂ ਇੱਕ ਤੈਂਬੜ ਖਿੱਚ ਕੇ ਉੱਘਰ ਲਿਆ, ‘‘ਆਓ ਕਿਹੜਾ ਆਉਂਦੈ... ਹੋ ’ਗਾਹਾਂ ਨੂੰ... ਦੇਵਾਂ ਥੋਨੂੰ ਪਾਲੋ ਦਾ ਹਿੱਸਾ... ਆ ਜੋ... ਆ ਜੋ...’’ ਬੱਲੀ ਦਾ ਭਿਅੰਕਰ ਰੂਪ ਦੇਖ ਕੇ ਚਾਹੁੰਦਿਆਂ ਵੀ ਕੋਈ ਨੇੜੇ ਨਹੀਂ ਲੱਗਿਆ ਸਗੋਂ ਤੇਜ਼ੀ ਨਾਲ ਸਾਰੇ ਹੀ ਬੰਦੇ ਵਾਰੀ ਵਾਰੀ ਮੁੜ ਮੁੜ ਕੇ ਚਿਤਾ ਵੱਲ ਅੱਡੀਆਂ ਅੱਖਾਂ ਨਾਲ ਝਾਕਦੇ ਹੋਏ ਖਿਸਕਣ ਲੱਗੇ। ਬੱਲੀ ਨੇ ਚਾਰੇ ਪਾਸੇ ਘੁੰਮ ਕੇ ਚਿਤਾ ਨੂੰ ਅੱਗ ਲਾ ਦਿੱਤੀ। ਸੁੱਕੀ ਲੱਕੜ ਨੂੰ ਅੱਗ ਇਕਦਮ ਚੜ੍ਹ ਕੇ ਨੋਟਾਂ ਤੱਕ ਅੱਪੜ ਗਈ। ਦੂਰ ਖੜ੍ਹਾ ਪਾਲੋ ਦਾ ਪ੍ਰਾਹੁਣਾ ਚਿਤਾ ਦੀਆਂ ਆਸਮਾਨ ਵੱਲ ਉੱਠਦੀਆਂ ਲਾਟਾਂ ਵਿੱਚੋਂ ਨੋਟਾਂ ਦੀ ਉੱਡਦੀ ਸੁਆਹ ਵੱਲ ਇਉਂ ਤੱਕ ਰਿਹਾ ਸੀ ਜਿਵੇਂ ਉਸਨੂੰ ਨੋਟਾਂ ਦੇ ਸੜਨ ਦਾ ਪਛਤਾਵਾ ਹੋ ਰਿਹਾ ਹੋਵੇ। ਬੱਲੀ ਤੈਂਬੜ ਮੋਢੇ ’ਤੇ ਰੱਖ ਕੇ ਚਿਤਾ ਦੁਆਲੇ ਕਾਹਲੀ ਕਾਹਲੀ ਗੇੜੇ ਕੱਢਦਾ ਉੱਚੀ ਉੱਚੀ ਅਵਾ ਤਵਾ ਬੋਲਣ ਲੱਗ ਪਿਆ। ਏਨੇ ਨੂੰ ਉਸਦੇ ਆਪਣੇ ਪਿੰਡੋਂ ਕੁਝ ਬੰਦੇ ਪਹੁੰਚ ਗਏ। ਬੱਲੀ ਉਨ੍ਹਾਂ ਨੂੰ ਦੇਖ ਕੇ ਹੋਰ ਵੀ ਉੱਚੀ ਉੱਚੀ ਬੋਲਣ ਲੱਗ ਪਿਆ। ‘‘ਦੇ ’ਤਾ ਚਾਚਾ ਦੇ ’ਤਾ, ਪਾਲੋ ਦਾ ਹਿੱਸਾ ਮੰਗਦੇ ਸੀ... ਅਹੁ ਦੇ ’ਤਾ। ਅਹੁ ਜਾਂਦੈ ਪਾਲੋ ਦਾ ਹਿੱਸਾ... ਓਹਦੇ ਨਾਲ ਈ।’’ ਬੱਲੀ ਨੇ ਨੋਟਾਂ ਦੀ ਉੱਡੀ ਜਾਂਦੀ ਸੁਆਹ ਵੱਲ ਹੱਥ ਕਰ ਕੇ ਚੀਕ ਮਾਰੀ। ਬੰਦਿਆਂ ਨੇ ਉਸ ਨੂੰ ਧੱਕੇ ਨਾਲ ਮਸਾਂ ਚਿਤਾ ਤੋਂ ਪਾਸੇ ਕੀਤਾ ਅਤੇ ਪਿੰਡ ਨੂੰ ਲੈ ਤੁਰੇ। ਉਸਦੇ ਮਾਮੇ ਤੇ ਹੋਰ ਰਿਸ਼ਤੇਦਾਰਾਂ ਨੂੰ ਸੁਨੇਹੇ ਭੇਜ ਕੇ ਸੱਦ ਲਿਆ। ਪਰ ਉਹ ਤਾਂ ਚੁੱਪ ਹੀ ਕਰ ਗਿਆ। ਸਾਰਿਆਂ ਨੇ ਰੋ ਪਿੱਟ ਕੇ ਵੀ ਜ਼ੋਰ ਲਾ ਲਿਆ, ਪਰ ਬੱਲੀ ਨੇ ਜ਼ੁਬਾਨ ਨਹੀਂ ਖੋਲ੍ਹੀ। ਉਹ ਤਾਂ ਬੱਸ ਸਾਹਮਣੇ ਵਾਲੇ ਬੰਦੇ ਵੱਲ ਇੱਕ ਟਕ ਅੱਖਾਂ ਟੱਡ ਕੇ ਸਵਾਲੀਆ ਨਜ਼ਰ ਨਾਲ ਝਾਕੀ ਜਾਂਦਾ ਸੀ। ਸਭਨਾਂ ਨੂੰ ਹੁਣ ਬੱਲੀ ਦਾ ਫ਼ਿਕਰ ਲੱਗ ਗਿਆ ਸੀ।

ਕੁਝ ਹੀ ਦਿਨਾਂ ਪਿੱਛੋਂ ਕਿਸਾਨ ਯੂਨੀਅਨ ਅਤੇ ਹੋਰ ਜਮਹੂਰੀ ਜਥੇਬੰਦੀਆਂ ਨੇ ਰਲ ਕੇ ਇਸ ਘਿਨੌਣੇ ਕਾਰੇ ਦੀ ਪੂਰੀ ਪੜਤਾਲ ਕਰ ਕੇ ਸੰਘਰਸ਼ ਵਿੱਢ ਦਿੱਤਾ। ਪਾਲੋ ਦੇ ਸਹੁਰੇ ਪਿੰਡ ਵਿੱਚੋਂ ਵੀ ਬਹੁਗਿਣਤੀ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਜਿਸਦੇ ਸਿੱਟੇ ਵਜੋਂ ਪੁਲੀਸ ਨੂੰ ਕੇਸ ਦਰਜ ਕਰਨਾ ਹੀ ਪਿਆ। ਓਧਰ ਬੱਲੀ ਦਾ ਮਾਮਾ ਉਸ ਨੂੰ ਲੈ ਕੇ ਦੂਰ ਦੂਰ ਦੇ ਡਾਕਟਰਾਂ ਕੋਲ ਫਿਰਦਾ ਰਿਹਾ। ਉਸਨੇ ਨੇ ਕੋਈ ਕਸਰ ਨਹੀਂ ਛੱਡੀ, ਪਰ ਬੱਲੀ ਤਾਂ ਜਿਉਂਦੀ ਲਾਸ਼ ਹੀ ਬਣ ਗਿਆ। ਉਸਨੂੰ ਤਾਂ ਹਰ ਇੱਕ ਕੁੜੀ ਵਿੱਚੋਂ ਪਾਲੋ ਹੀ ਦਿਸਣ ਲੱਗ ਪਈ।

ਸੰਪਰਕ: 98783-37222

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All