ਆਲੋਚਨਾ ਹੁੰਦੀ ਹੈ ਤਾਂ ਹੋਣ ਦਿਓ... !
ਚਾਹੇ ਆਮ ਆਦਮੀ ਹੋਵੇ, ਲੇਖਕ ਹੋਵੇ, ਕਲਾਕਾਰ ਜਾਂ ਆਪਣੇ ਆਪ ਨੂੰ ਵਿਦਵਾਨ ਸਮਝਦਾ ਹੋਵੇ, ਜੇ ਉਸ ਦੇ ਜ਼ਿਹਨ ਵਿੱਚ ਕੋਈ ਗੱਲ, ਕੋਈ ਘਟਨਾ, ਕੋਈ ਵਾਰਦਾਤ ਅਟਕ ਗਈ ਤਾਂ ਛੇਤੀ ਕੀਤੇ ਉਸ ਦੇ ਦਿਮਾਗ਼ ਵਿੱਚੋਂ ਨਿਕਲਦੀ ਨਹੀਂ। ਜਿਵੇਂ ਕਾਵਾਂ, ਗਿਰਝਾਂ ਨੂੰ...
ਚਾਹੇ ਆਮ ਆਦਮੀ ਹੋਵੇ, ਲੇਖਕ ਹੋਵੇ, ਕਲਾਕਾਰ ਜਾਂ ਆਪਣੇ ਆਪ ਨੂੰ ਵਿਦਵਾਨ ਸਮਝਦਾ ਹੋਵੇ, ਜੇ ਉਸ ਦੇ ਜ਼ਿਹਨ ਵਿੱਚ ਕੋਈ ਗੱਲ, ਕੋਈ ਘਟਨਾ, ਕੋਈ ਵਾਰਦਾਤ ਅਟਕ ਗਈ ਤਾਂ ਛੇਤੀ ਕੀਤੇ ਉਸ ਦੇ ਦਿਮਾਗ਼ ਵਿੱਚੋਂ ਨਿਕਲਦੀ ਨਹੀਂ। ਜਿਵੇਂ ਕਾਵਾਂ, ਗਿਰਝਾਂ ਨੂੰ ਚਾਹੇ ਜਿੰਨਾ ਰੋਕ ਲਓ, ਉਨ੍ਹਾਂ ਨੇ ‘ਗੰਦ’ ਵੱਲ ਜਾਣਾ ਹੀ ਜਾਣਾ ਹੈ।
ਮੈਨੂੰ ਇੱਕ ਤਪੱਸਵੀ ਸਾਧ ਤੇ ਉਸ ਦੇ ਚੇਲੇ ਦੀ ਕਥਾ ਯਾਦ ਆ ਰਹੀ ਹੈ। ਜਦੋਂ ਉਹ ਇੱਕ ਨਦੀ ਪਾਰ ਕਰਨ ਲੱਗੇ ਤਾਂ ਨਦੀ ਕਿਨਾਰੇ ਖੜ੍ਹੀ ਇੱਕ ਲੜਕੀ ਪਾਣੀ ਵਿੱਚ ਉਤਰਨ ਤੋਂ ਡਰ ਰਹੀ ਸੀ। ਤਪੱਸਵੀ ਨੇ ਸੁਭਾਵਿਕ ਹੀ ਪੁੱਛਿਆ, ‘‘ਨਦੀ ਪਾਰ ਜਾਣਾ ਹੈ?’’
ਲੜਕੀ ਨੇ ਸਿਰ ਹਿਲਾ ਕੇ ਹਾਮੀ ਭਰੀ।
ਤਪੱਸਵੀ ਨੇ ਪੁੱਛਿਆ, ‘‘ਪਾਣੀ ਤੋਂ ਡਰ ਲੱਗਦਾ ਹੈ?’’
ਲੜਕੀ ਨੇ ਫਿਰ ਸਿਰ ਹਿਲਾ ਕੇ ‘ਹਾਂ’ ਕਿਹਾ।
ਤਪੱਸਵੀ ਸਾਧ ਨੇ ਲੜਕੀ ਨੂੰ ਆਪਣੇ ਮੋਢਿਆਂ ’ਤੇ ਬਿਠਾਇਆ। ਨਦੀ ਪਾਰ ਕੀਤੀ ਤੇ ਪਾਰਲੇ ਕੰਢੇ ਉਤਾਰ ਦਿੱਤਾ। ਫਿਰ ਉਹ ਆਪਣੇ ਸਫ਼ਰ ’ਤੇ ਚੱਲ ਪਏ।
ਤਪੱਸਵੀ ਦੇ ਪਿੱਛੇ ਪਿੱਛੇ ਤੁਰਦਾ ਦੁਬਿਧਾ ਵਿੱਚ ਫਸਿਆ ਸ਼ਾਗਿਰਦ ਕੁਝ ਵਧੇਰੇ ਹੀ ਬੇਚੈਨ ਹੋ ਗਿਆ। ਜਦੋਂ ਸਬਰ ਨਾ ਹੋਇਆ ਤਾਂ ਤਪੱਸਵੀ ਨੂੰ ਪੁੱਛਿਆ:
‘‘ਗੁਰੂ ਜੀ ਆਪਾਂ ਤਾਂ ਪ੍ਰਣ ਕੀਤਾ ਹੋਇਐ, ਔਰਤ ਦੇ ਪਰਛਾਵੇਂ ਤੋਂ ਵੀ ਦੂਰ ਰਹਿਣਾ ਹੈ ਤੇ ਆਪ ਤਾਂ ਉਸ ਨੂੰ ਮੋਢਿਆਂ ’ਤੇ ਬਿਠਾ ਕੇ ਨਦੀ ਪਾਰ ਲੈ ਆਏ।’’
ਤਪੱਸਵੀ ਹੈਰਾਨ ਹੋਇਆ, ‘‘ਤੂੰ ਅਜੇ ਵੀ ਲੜਕੀ ਨੂੰ ਮੋਢਿਆਂ ’ਤੇ ਚੁੱਕੀ ਆਉਨੈ? ਮੈਂ ਤਾਂ ਉਸ ਨੂੰ ਕਦੋਂ ਦਾ ਨਦੀ ਕੰਢੇ ਉਤਾਰ ਆਇਆ ਵਾਂ।’’
ਠੀਕ ਸਾਡੇ ਕੁਝ ਲੋਕ/ਵਿਦਵਾਨ ਅਜਿਹੀ ਮਾਨਸਿਕਤਾ ਦੇ ਹਨ। ਜਿਸ ਗੱਲ ਦੀ ਉਨ੍ਹਾਂ ਦੇ ਮਨ ਵਿੱਚ ਗੰਢ ਬੱਝ ਜਾਵੇ, ਫਿਰ ਉਹ ਮਹੀਨਿਆਂ, ਸਾਲਾਂ ਤੱਕ ਉਨ੍ਹਾਂ ਦਾ ਖਹਿੜਾ ਨਹੀਂ ਛੱਡਦੀ, ਭਾਵੇਂ ਪੁਲਾਂ ਹੇਠੋਂ ਦੀ ਕਿੰਨਾ ਹੀ ਪਾਣੀ ਵਗ ਜਾਵੇ।
ਅੱਜ ਦੇ ਡਿਜੀਟਲ ਯੁੱਗ ਤੋਂ ਪਹਿਲਾਂ ਗ੍ਰਾਮੋਫੋਨ ਹੁੰਦੇ ਸਨ। ਪਿੰਡਾਂ ਵਾਲੇ ਇਸ ਨੂੰ ‘ਤਵਿਆਂ ਵਾਲੀ ਮਸ਼ੀਨ’ ਕਹਿੰਦੇ ਸਨ। ਉਸ ਦੌਰ ਦੇ ਤਵੇ (ਰਿਕਾਰਡ) ਲਾਖ ਦੇ ਹੁੰਦੇ ਸਨ। ਉਨ੍ਹਾਂ ਉੱਪਰ ਲਗਾਤਾਰ ਸੂਈ ਘਿਸਣ ਨਾਲ ਕਿਸੇ ਰਿਕਾਰਡ ਉੱਪਰ ਝਿਰੀ ਪੈ ਜਾਂਦੀ ਸੀ ਤੇ ਉਸ ਵਿੱਚ ਸਾਊਂਡ ਬਾਕਸ ਦੀ ਸੂਈ ਅਟਕ ਜਾਂਦੀ ਸੀ। ਸਾਡੇ ਘਰ ਵੀ ਤਵਿਆਂ ਵਾਲੀ ਮਸ਼ੀਨ ਹੁੰਦੀ ਸੀ ਤੇ ਮੇਰੇ ਕੋਲ ਅਜੇ ਵੀ ਹੈ। ਮੈਂ ਅਮਰ ਸਿੰਘ ਸ਼ੌਂਕੀ ਦਾ ਰਿਕਾਰਡ ‘ਸਾਹਿਬਾਂ ’ਵਾਜਾਂ ਮਾਰਦੀ, ਕਹਿੰਦੀ ਉੱਠ ਖਾਂ ਮਿਰਜ਼ਾ ਯਾਰ ਵੇ...’ ਇੰਨੀ ਵਾਰ ਸੁਣਿਆ ਤੇ ਸੁਣਾਇਆ ਕਿ ਉਸ ਵਿੱਚ ਇੱਕ ਥਾਂ ਝਿਰੀ ਪੈ ਗਈ, ਉੱਥੇ ਸੂਈ ਅਟਕ ਜਾਣੀ ਤੇ ਫਿਰ... ‘ਉੱਠ ਖਾਂ, ਉੱਠ ਖਾਂ, ਉੱਠ ਖਾਂ’ ਦੀ ਓਨੀ ਦੇਰ ਤੱਕ ਰੱਟ ਲੱਗੀ ਜਾਣੀ ਜਦੋਂ ਤੱਕ ਉਸ ਨੂੰ ਆਸਰਾ ਦੇ ਕੇ ਝਿਰੀ ਵਿੱਚੋਂ ਕੱਢ ਨਾ ਦੇਣਾ ਤੇ ਫਿਰ ‘ਮਿਰਜ਼ਾ ਯਾਰ ਵੇ...’ ਤੋਂ ਅਗਾਂਹ ਤੁਰਨਾ।
ਸਾਡੇ ਕੁਝ ਲੋਕਾਂ ਦੀ ਸੋਚ ਅਤੇ ਮਾਨਸਿਕਤਾ ਵੀ ਤਵੇ ਦੀ ਉਸ ਝਿਰੀ ਵਾਂਗ ਇੱਕੋ ਥਾਂ ਅਟਕੀ ਹੋਈ ਹੈ। ਅਜਿਹੇ ਲੋਕਾਂ ਨੂੰ ਥੋੜ੍ਹਾ ਜਿਹਾ ਹਲੂਣਾ ਦੇਣ ਦੀ ਲੋੜ ਹੈ, ਨਹੀਂ ਤਾਂ ਇਹ ਇੱਕੋ ਥਾਂ ਝਿਰੀ ’ਚ ਫਸੇ ਵਰ੍ਹਿਆਂ ਤੱਕ ਮਿੱਸ ਮਾਰੀ ਜਾਂਦੇ ਰਹਿਣਗੇ।
ਲੇਖਕ ਕੋਲ ਆਪਣੇ ਪਾਤਰ ਅਤੇ ਬਿਰਤਾਂਤ ਸਿਰਜਣ ਲਈ ਸਭ ਤੋਂ ਵੱਡੀ ਦੌਲਤ ਹੁੰਦੀ ਹੈ: ਭਾਸ਼ਾ, ਸਾਹਿਤ ਅਤੇ ਵਿਰਸਾ। ਇਸ ਦੇ ਖ਼ਜ਼ਾਨੇ ਵਿੱਚ ਹਜ਼ਾਰਾਂ ਵਰ੍ਹਿਆਂ ਦੀਆਂ ਸਿਆਣਪਾਂ ਦਾ ਭੰਡਾਰ ਹੁੰਦਾ ਹੈ। ਇਹ ਵਡਮੁੱਲੀ ਦੌਲਤ ਸਾਨੂੰ ਅਖਾਣਾਂ, ਮੁਹਾਵਰਿਆਂ ਦੇ ਰੂਪ ਵਿੱਚ ਮਿਲਦੀ ਹੈ। ਇਨ੍ਹਾਂ ਵਿੱਚ ਖ਼ੁਸ਼ੀਆਂ, ਗ਼ਮੀਆਂ, ਹਾਸੇ, ਹੰਝੂ, ਮੁਹੱਬਤਾਂ, ਦੁਸ਼ਮਣੀਆਂ, ਅੰਧ-ਵਿਸ਼ਵਾਸਾਂ, ਵਿਸ਼ਵਾਸਾਂ, ਠੱਗੀਆਂ, ਇਮਾਨਦਾਰੀਆਂ ਆਦਿ ਦੇ ਬੇਸ਼ੁਮਾਰ ਕਿੱਸੇ, ਕਥਾਵਾਂ, ਸਾਖੀਆਂ, ਟੋਟਕੇ ਹੁੰਦੇ ਨੇ, ਜਿਨ੍ਹਾਂ ਦੀ ਮਦਦ ਨਾਲ ਲੇਖਕ ਆਪਣੇ ਪਾਤਰ ਜਾਂ ਪ੍ਰਸਥਿਤੀਆਂ ਸਿਰਜਦਾ ਹੈ। ਲੇਖਕ ਨੂੰ ਇਨ੍ਹਾਂ ਨੂੰ ਸਹੀ ਢੰਗ ਨਾਲ ਵਰਤਣ ਦੀ ਜਾਚ ਹੋਣੀ ਚਾਹੀਦੀ ਹੈ।
ਸਾਹਿਤ ਦਾ ਕਿੱਤਾ ਸਭ ਤੋਂ ਵੱਧ ਵਿਅਕਤੀਵਾਦੀ (ਨਿੱਜੀ) ਹੈ। ਇਸ ਲਈ ਲੇਖਕ ਨੂੰ ਜੋਗੀਆਂ ਵਾਂਗ ਤਪੱਸਿਆ ਕਰਨੀ ਪੈਂਦੀ ਹੈ। ਆਪਣੇ ਲਿਖਣ ਦੀ ਮੇਜ਼ ਉੱਪਰ ਉਸ ਨੂੰ ਲਗਾਤਾਰ ਬੈਠਣਾ ਪੈਂਦਾ ਹੈ। ਉਂਜ ਤਾਂ ਮਹਾਨ ਰੂਸੀ ਲੇਖਕ ਚੈਖੋਵ ਕਹਿੰਦਾ ਹੈ:
‘ਲਿਖਣ ਲਈ ਬੈਠੋ ਤਾਂ ਬਰਫ਼ ਵਾਂਗ ਠੰਢੇ ਹੋ ਕੇ ਬੈਠੋ।’
ਇਸ ਕਥਨ ਨਾਲ ਮੈਂ ਸਹਿਮਤ ਨਹੀਂ। ਲਿਖਣ ਵੇਲੇ ਤਾਂ ਲੇਖਕ ਦੀਆਂ ਰਗਾਂ ਵਿੱਚ ਲਹੂ ਉਬਾਲੇ ਮਾਰਦਾ ਹੋਵੇ। ਲੇਖਕ ਊਰਜਾ ਨਾਲ ਭਰਿਆ ਹੋਵੇ। ਆਪਣੇ ਪਾਤਰਾਂ ਨੂੰ ਘੜਦਿਆਂ ਜੇ ਉਹ ਕਿਸੇ ਵਿਰੋਧੀ ਜਾਂ ਖਲਨਾਇਕ ਬਾਰੇ ਲਿਖ ਰਿਹਾ ਹੈ ਤਾਂ ਘ੍ਰਿਣਾ ਨਾਲ ਭਰਿਆ ਹੋਵੇ। ਪਾਤਰ ਹੱਸੇ, ਪਾਤਰ ਰੁੱਸੇ, ਪਾਤਰ ਗੁੱਸੇ ਹੋਵੇ ਤਾਂ ਲੇਖਕ ਆਪਣੇ ਅੰਦਰ ਅਜਿਹੇ ਭਾਵ ਮਹਿਸੂਸ ਕਰੇ ਤਾਂ ਹੀ ਪਾਠਕ ਰਚਨਾ ਨਾਲ ਜੁੜ ਸਕੇਗਾ। ਪਾਤਰਾਂ ਨਾਲ ਵਾਪਰਦੀ ਹਰ ਘਟਨਾ, ਪਾਠਕ ਆਪਣੇ ਨਾਲ ਵਾਪਰਦੀ ਮਹਿਸੂਸ ਕਰੇਗਾ। ਅਜਿਹੀ ਰਚਨਾ ਪਾਠਕਾਂ ਵਿੱਚ ਵਧੇਰੇ ਮਕਬੂਲ ਹੋਵੇਗੀ।
ਨਿੰਦਕ ਜਾਂ ਆਲੋਚਕ ਕੀ ਆਖਦੇ ਨੇ ਲੇਖਕ ਨੂੰ ਇਨ੍ਹਾਂ ਤੋਂ ਕਦੇ ਨਹੀਂ ਘਬਰਾਉਣਾ ਚਾਹੀਦਾ। ਕਬੀਰ ਜੀ ਆਖਦੇ ਹਨ:
ਨਿੰਦਕ ਨੀਅਰੇ ਰਾਖੀਏ ਆਂਗਨ ਕੁਟੀ ਛਵਾਇ।।
ਬਿਨ ਪਾਨੀ ਸਾਬੁਨ ਬਿਨਾਂ ਨਿਰਮਲ ਕਰੇ ਸੁਭਾਇ।।
ਜੇ ਲੇਖਕ ਵਿੱਚ ਦੂਸਰਿਆਂ ਨਾਲੋਂ ਕੁਝ ਵੱਖਰਾ ਹੈ ਤਾਂ ਹੀ ਨਿੰਦਾ ਜਾਂ ਆਲੋਚਨਾ ਹੁੰਦੀ ਹੈ। ਇਸ ਪਿੱਛੇ ਈਰਖਾ ਕੰਮ ਕਰਦੀ ਹੈ। ਨਿੰਦਾ ਹੈ ਤਾਂ ਜ਼ਿੰਦਾ ਹੈ। ਮੁਰਦਿਆਂ ਨੂੰ ਤਾਂ ਸਿਰਫ਼ ਸ਼ਰਧਾਂਜਲੀ ਦਿੱਤੀ ਜਾਂ ਉਨ੍ਹਾਂ ਦੀ ਪ੍ਰਸ਼ੰਸਾ ਹੀ ਕੀਤੀ ਜਾਂਦੀ ਹੈ। ਹਰ ਵਰਤਾਰੇ ਦੀ ਸਹਿਮਤੀ ਵਿੱਚ ਸਿਰ ਨਹੀਂ ਨਿਵਾਉਣਾ ਚਾਹੀਦਾ। ਅਸਹਿਮਤੀ ਵਿੱਚ ਸਿਰ ਫੇਰਨਾ ਵੀ ਜ਼ਰੂਰੀ ਹੈ। ਦੁਸ਼ਿਅੰਤ ਕੁਮਾਰ ਦਾ ਸ਼ਿਅਰ ਹੈ:
ਤੁਮਹਾਰੇ ਪਾਓਂ ਕੇ ਨੀਚੇ ਕੋਈ ਜ਼ਮੀਨ ਨਹੀਂ,
ਕਮਾਲ ਯੇਹ ਹੈ ਕਿ ਫਿਰ ਭੀ ਤੁਮਹੇਂ ਯਕੀਨ ਨਹੀਂ।
ਮੈਂ ਬੇਪਨਾਹ ਅੰਧੇਰੋਂ ਕੋ ਕੈਸੇ ਸੁਬਾਹ ਕਹੂੰ
ਮੈਂ ਇਨ ਨਜ਼ਾਰੋਂ ਕਾ ਅੰਧਾ ਤਮਾਸ਼ਬੀਨ ਨਹੀਂ।
ਲੇਖਕ ਨੂੰ ਹਰ ਸਮੇਂ, ਸਮੇਂ ਦਾ ਹਾਣੀ ਬਣਨ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ। ਨਵੇਂ ਯੁੱਗ ਦੀ ਪੀੜ੍ਹੀ ਸਾਡੇ ਲਈ ਚੁਣੌਤੀ ਬਣੀ ਹੋਈ ਹੈ:
ਬਾਬਾ ਰਾਹੋਂ ਲਾਂਭੇ ਹੋ ਜਾ,
ਜਾਂ ਨਵਿਆਂ ਦੇ ਨਾਲ ਖਲੋ ਜਾ।
- ਧਨੀ ਰਾਮ ਚਾਤ੍ਰਿਕ
ਲਾਂਭੇ ਹੋਣ ਨਾਲੋਂ ਲੇਖਕ ਨੂੰ ਨਵਿਆਂ ਦੇ ਨਾਲ ਖਲੋਣਾ ਚਾਹੀਦਾ ਹੈ। ਲੇਖਕ ਨੂੰ ਨਵੀਂ ਸੋਚ ਦਾ ਹਾਣੀ ਬਣਨ ਦੀ ਲੋੜ ਹੈ। ਉਂਜ ਇੱਥੇ ਬੜਾ ਕੁਝ ਅਲੋਕਾਰ ਵਾਪਰਦਾ ਰਹਿੰਦਾ ਹੈ:
ਇੱਥੇ ਮਿੱਟੀ ਦੀ ਔਰਤ ਨੂੰ ਕੱਪੜੇ ਪਹਿਨਾ ਕੇ ਹਾਰ-ਸ਼ਿੰਗਾਰ ਲਗਾ ਕੇ ਪੂਜਿਆ ਜਾਂਦਾ ਹੈ, ਪਰ ਜਿਊਂਦੀ ਔਰਤ ਨੂੰ ਨਗਨ ਕਰਕੇ ਸ਼ਰ੍ਹੇਆਮ ਸੜਕਾਂ ’ਤੇ ਘੁੰਮਾਇਆ ਜਾਂਦਾ ਹੈ। ਪੱਥਰ ਦੇ ਸੱਪ ਦੀ ਪੂਜਾ ਕੀਤੀ ਜਾਂਦੀ ਹੈ, ਜਿਊਂਦੇ ਸੱਪ ਨੂੰ ਮਾਰਿਆ ਜਾਂਦਾ ਹੈ। ਕੁੱਤੇ ਨੂੰ ਮਾਰਨ ’ਤੇ ਮੁਕੱਦਮਾ ਦਰਜ ਹੋ ਜਾਂਦਾ ਹੈ, ਸੜਕ ਉੱਪਰ ਜ਼ਖ਼ਮੀ ਜਾਂ ਮਰਦੇ ਤੜਪਦੇ ਆਦਮੀ ਨੂੰ ਸੰਭਾਲਣ ਜਾਂ ਮਦਦ ਕਰਨ ਦੀ ਥਾਂ ਲੋਕ ਉਸਦੀ ਵੀਡੀਓ ਬਣਾਉਂਦੇ ਦੇਖੇ ਜਾਂਦੇ ਹਨ।
ਮੌਜੂਦਾ ਸਮੇਂ ਬਹੁਤੇ ਲੋਕ ਬਿਨਾਂ ਮਤਲਬ ਤੋਂ ਚੌਧਰੀ ਬਣੇ ਫਿਰਦੇ ਹਨ। ਕੋਈ ਸਿਆਸੀ ਰਸੂਖ਼ ਦੀ ਧੌਂਸ ਦਿੰਦਾ ਹੈ। ਕਿਸੇ ਕੋਲ ਆਪਣੇ ਰੁਤਬੇ ਦੀ ਹੈਂਕੜ ਹੈ। ਕੋਈ ਹੋਰ ਆਪਣੀ ਅਮੀਰੀ ਦਾ ਜਲੌਅ ਦਿਖਾਉਂਦਾ ਹੈ। ਗੁਲਜ਼ਾਰ ਦਾ ਇੱਕ ਸ਼ਿਅਰ ਹੈ:
ਜ਼ਰਾ ਯੇ ਧੂਪ ਢਲ ਜਾਏ ਤੋ ਹਾਲ ਪੂਛੇਂਗੇ,
ਯਹਾਂ ਕੁਛ ਸਾਏ, ਖ਼ੁਦ ਕੋ ਖ਼ੁਦਾ ਬਤਾਤੇ ਹੈਂ।
ਪਰ ਸਾਨੂੰ ਡਿਜੀਟਲ ਯੁੱਗ ਦੇ ਇਸ ਏ ਆਈ ਦੌਰ ਵਿੱਚ ਸੈਂਕੜੇ ਹਜ਼ਾਰਾਂ ਸਾਲ ਪਹਿਲਾਂ ਦੀ ਸੱਭਿਅਤਾ ਵਿੱਚ ਲਿਜਾਣ ਦੀਆਂ ਬੜੀ ਚਤੁਰਾਈ ਨਾਲ ਕੋਸ਼ਿਸ਼ਾਂ ਹੋ ਰਹੀਆਂ ਹਨ। ਉਹੀ ਕਰਾਮਾਤਾਂ, ਉਹੀ ਤੰਤਰ, ਉਹੀ ਮਾਨਸਿਕਤਾ, ਮਿਥਿਹਾਸ ਨੂੰ ਇਤਿਹਾਸ ਬਣਾਇਆ ਜਾ ਰਿਹਾ ਹੈ ਪਰ ਦੁਸ਼ਿਅੰਤ ਕੁਮਾਰ ਦੇ ਸ਼ੇਅਰ ਹਨ:
ਕੈਸੇ ਮੰਜ਼ਰ ਸਾਮਨੇ ਆਨੇ ਲਗੇ ਹੈਂ
ਗਾਤੇ ਗਾਤੇ ਲੋਕ ਚਿਲਾਨੇ ਲਗੇ ਹੈਂ।
ਅਬ ਤੋ ਇਸ ਤਾਲਾਬ ਕਾ ਪਾਨੀ ਬਦਲ ਦੋ,
ਯੇ ਕੰਵਲ ਕੇ ਫੂਲ ਕੁਮਲਾਨੇ ਲਗੇ ਹੈਂ।
ਹਰ ਦੌਰ ਵਿੱਚ ਨੌਜਵਾਨਾਂ ਦੇ ਮੋਢਿਆਂ ਉੱਪਰ ਵੱਡੀਆਂ ਜ਼ਿੰਮੇਵਾਰੀਆਂ ਰਹੀਆਂ ਹਨ। ਉਨ੍ਹਾਂ ਆਪਣੀ ਮਿੱਟੀ, ਆਪਣੇ ਦੇਸ਼ ਅਤੇ ਆਪਣੇ ਲੋਕਾਂ ਲਈ ਉੱਜਲੇ ਭਵਿੱਖ ਲਈ ਕਾਮਨਾ ਕਰਦਿਆਂ ਬਲੀਦਾਨ ਦਿੱਤੇ। ਮੌਜੂਦਾ ਦੌਰ ਵਿੱਚ ਵੀ ਨੌਜਵਾਨਾਂ ਉੱਪਰ ਵੱਡੀਆਂ ਜ਼ਿੰਮੇਵਾਰੀਆਂ ਹਨ। ਉਨ੍ਹਾਂ ਨੂੰ ਹਰ ਗ਼ਲਤ ਵਰਤਾਰੇ ਉੱਪਰ ਕਿੰਤੂ ਕਰਦਿਆਂ ਸੁਆਲ ਪੁੱਛਣ ਦਾ ਅਧਿਕਾਰ ਹੈ। ਜਿੱਥੇ ਸਵਾਲ ਪੁੱਛਣਾ ਵੀ ਅਪਰਾਧ ਹੋਵੇ, ਉੱਥੇ ਤੁਰੰਤ ਪ੍ਰਤੀਕਰਮ ਦਿਖਾਉਣ ਦੀ ਥਾਂ ਗੰਭੀਰਤਾ ਨਾਲ ਸੋਚੋ। ਕੀ ਤੁਹਾਨੂੰ ਯੋਜਨਾਬੱਧ ਪਰੇਸ਼ਾਨ ਤਾਂ ਨਹੀਂ ਕੀਤਾ ਜਾ ਰਿਹਾ? ਕਦੇ ਵੀ ਤੁਰੰਤ ਜਵਾਬ ਨਾ ਦਿਓ। ਨਾ ਅਜਿਹੇ ਲੋਕਾਂ ਨਾਲ ਫਾਲਤੂ ਬਹਿਸ ਵਿੱਚ ਪਓ। ਗੁਰਬਾਣੀ ਸਾਨੂੰ ਮੱਤ ਦਿੰਦੀ ਹੈ:
ਮੂਰਖੈ ਨਾਲਿ ਨ ਲੁਝੀਐ।।
ਸਾਨੂੰ ਆਪਣੇ ਆਪ ਉੱਪਰ ਭਰੋਸਾ ਹੋਣਾ ਚਾਹੀਦਾ ਹੈ। ਧੀਰਜ ਰੱਖਣਾ ਚਾਹੀਦਾ ਹੈ, ਸਹਿਜ ਰਹਿਣਾ ਚਾਹੀਦਾ ਹੈ ਤੇ ਆਪਣੇ ਕੰਮ ਨੂੰ ਪਿਆਰ ਕਰਨਾ ਚਾਹੀਦਾ ਹੈ। ਆਲੋਚਨਾ ਹੁੰਦੀ ਹੈ ਤਾਂ ਹੋਣ ਦਿਓ, ਇਸ ਦੀ ਪਰਵਾਹ ਨਾ ਕਰੋ। ਤੁਹਾਡੀ ਚੁੱਪ ਅਤੇ ਸਮਾਂ ਆਪਣੇ ਆਪ ਜਵਾਬ ਦੇ ਦਿੰਦਾ ਹੈ।
ਸੰਪਰਕ: 98147-83069

