ਮੈਂ ਜਾਣਦਾ ਸਾਂ...
ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਬਾਰੇ ਸਾਰੇ ਜਾਣਦੇ ਹਨ ਕਿ ਉਨ੍ਹਾਂ ਸੰਵਿਧਾਨ ਦੀ ਖਰੜਾ ਕਮੇਟੀ ਦੀ ਅਗਵਾਈ ਕੀਤੀ ਅਤੇ ਦੁਨੀਆ ਦਾ ਬਿਹਤਰੀਨ ਸੰਵਿਧਾਨ ਦੇਸ਼ ਦੀ ਝੋਲੀ ਪਾਇਆ। ਆਪਣੇ ਜੀਵਨ ਵਿੱਚ ਉਨ੍ਹਾਂ ਨੂੰ ਛੂਤਛਾਤ ਦੀ ਸਮੱਸਿਆ ਨਾਲ ਜੂਝਣਾ ਪਿਆ। ਅਜਿਹੀ...
ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਬਾਰੇ ਸਾਰੇ ਜਾਣਦੇ ਹਨ ਕਿ ਉਨ੍ਹਾਂ ਸੰਵਿਧਾਨ ਦੀ ਖਰੜਾ ਕਮੇਟੀ ਦੀ ਅਗਵਾਈ ਕੀਤੀ ਅਤੇ ਦੁਨੀਆ ਦਾ ਬਿਹਤਰੀਨ ਸੰਵਿਧਾਨ ਦੇਸ਼ ਦੀ ਝੋਲੀ ਪਾਇਆ। ਆਪਣੇ ਜੀਵਨ ਵਿੱਚ ਉਨ੍ਹਾਂ ਨੂੰ ਛੂਤਛਾਤ ਦੀ ਸਮੱਸਿਆ ਨਾਲ ਜੂਝਣਾ ਪਿਆ। ਅਜਿਹੀ ਹੀ ਇੱਕ ਘਟਨਾ ਡਾ. ਅੰਬੇਡਕਰ ਦੇ ਆਪਣੇ ਸ਼ਬਦਾਂ ਵਿੱਚ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਦੇਸ਼ੀ ਲੋਕ ਵੀ ਛੂਤਛਾਤ ਦੀ ਹੋਂਦ ਬਾਰੇ ਜਾਣਦੇ ਹਨ। ਉਹ ਸਿੱਧੇ ਤੌਰ ’ਤੇ ਇਸ ਦੇ ਸੰਪਰਕ ਵਿੱਚ ਨਹੀਂ ਆਉਂਦੇ, ਇਸ ਲਈ ਉਹ ਇਹ ਮਹਿਸੂਸ ਨਹੀਂ ਕਰ ਸਕਦੇ ਕਿ ਛੂਤਛਾਤ ਆਪਣੇ ਅਸਲ ਰੂਪ ਵਿੱਚ ਕਿੰਨੀ ਭਿਆਨਕ ਹੈ। ਉਨ੍ਹਾਂ ਲਈ ਇਹ ਸਮਝਣਾ ਮੁਸ਼ਕਿਲ ਹੈ ਕਿ ਕਿਵੇਂ ਕੁਝ ਅਛੂਤ ਲੋਕ, ਹਿੰਦੂਆਂ ਦੀ ਵੱਡੀ ਆਬਾਦੀ ਵਾਲੇ ਪਿੰਡਾਂ ਦੇ ਬਾਹਰਵਾਰ ਰਹਿੰਦੇ ਹਨ ਅਤੇ ਹਰ ਰੋਜ਼ ਪਿੰਡ ਜਾ ਕੇ ਉੱਥੋਂ ਦੀ ਗੰਦਗੀ ਸਾਫ਼ ਕਰਦੇ ਹਨ ਤੇ ਛੋਟੇ-ਵੱਡੇ ਸਾਰੇ ਕੰਮ ਨਿਬੇੜਦੇ ਹਨ। ਫਿਰ ਉਹ ਹਿੰਦੂਆਂ ਦੇ ਘਰ-ਘਰ ਜਾ ਕੇ ਰੋਟੀ ਮੰਗਦੇ ਹਨ ਅਤੇ ਉਸੇ ਬਾਣੀਏ ਦੀ ਦੁਕਾਨ ਤੋਂ ਤੇਲ-ਮਸਾਲੇ ਖ਼ਰੀਦਦੇ ਹਨ, ਜੋ ਇਹ ਵਸਤਾਂ ਉਨ੍ਹਾਂ ਨੂੰ ਦੂਰੋਂ ਹੀ ਫੜਾਉਂਦਾ ਹੈ। ਉਹ ਪਿੰਡ ਨੂੰ ਹਰ ਪੱਖੋਂ ਆਪਣਾ ਘਰ ਸਮਝਦੇ ਹਨ, ਫਿਰ ਵੀ ਪਿੰਡ ਦਾ ਕੋਈ ਵਿਅਕਤੀ ਉਨ੍ਹਾਂ ਨੂੰ ਨਹੀਂ ਛੂੰਹਦਾ ਅਤੇ ਨਾ ਹੀ ਉਹ ਕਿਸੇ ਨੂੰ ਛੂਹ ਸਕਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਦੇਸ਼ੀਆਂ ਨੂੰ ਇਹ ਕਿਵੇਂ ਸਮਝਾਇਆ ਜਾਵੇ ਕਿ ਸਵਰਣ-ਹਿੰਦੂ ਅਛੂਤਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹਨ? ਇਸ ਦੇ ਦੋ ਤਰੀਕੇ ਹੋ ਸਕਦੇ ਹਨ: ਪਹਿਲਾ ਇਹ ਕਿ ਇਸ ਦਾ ਸਾਧਾਰਨ ਵੇਰਵਾ ਦਿੱਤਾ ਜਾਵੇ ਅਤੇ ਦੂਜਾ ਇਹ ਕਿ ਉਨ੍ਹਾਂ ਨਾਲ ਕੀਤੇ ਜਾਂਦੇ ਵਿਹਾਰ ਦੀਆਂ ਕੁਝ ਮਿਸਾਲਾਂ ਪੇਸ਼ ਕੀਤੀਆਂ ਜਾਣ। ਮੇਰਾ ਮੰਨਣਾ ਹੈ ਕਿ ਦੂਜਾ ਤਰੀਕਾ ਵਧੇਰੇ ਕਾਰਗਰ ਸਿੱਧ ਹੋਵੇਗਾ। ਇਨ੍ਹਾਂ ਉਦਾਹਰਣਾਂ ਦੀ ਚੋਣ ਮੈਂ ਕਾਫ਼ੀ ਹੱਦ ਤੱਕ ਆਪਣੇ ਨਿੱਜੀ ਅਨੁਭਵਾਂ ਦੇ ਆਧਾਰ ’ਤੇ ਕੀਤੀ ਹੈ। ਮੈਂ ਉਨ੍ਹਾਂ ਘਟਨਾਵਾਂ ਤੋਂ ਸ਼ੁਰੂਆਤ ਕਰ ਰਿਹਾ ਹਾਂ, ਜੋ ਮੇਰੇ ਆਪਣੇ ਜੀਵਨ ਵਿੱਚ ਵਾਪਰੀਆਂ ਹਨ:
ਸਾਡਾ ਪਰਿਵਾਰ ਮੂਲ ਰੂਪ ਵਿੱਚ ਬੰਬਈ ਪ੍ਰੈਜ਼ੀਡੈਂਸੀ ਦੇ ਰਤਨਾਗਿਰੀ ਜ਼ਿਲ੍ਹੇ ਦੇ ਦਾਪੋਲੀ ਇਲਾਕੇ ਦਾ ਰਹਿਣ ਵਾਲਾ ਸੀ। ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੀ ਸ਼ੁਰੂਆਤ ਤੋਂ ਹੀ ਮੇਰੇ ਪੁਰਖੇ ਆਪਣਾ ਜੱਦੀ ਕੰਮ ਛੱਡ ਕੇ ਫ਼ੌਜ ਵਿੱਚ ਨੌਕਰੀ ਕਰਨ ਲੱਗ ਪਏ ਸਨ। ਮੇਰੇ ਪਿਤਾ ਨੇ ਵੀ ਪਰਿਵਾਰ ਦੀ ਇਸੇ ਪਰੰਪਰਾ ਨੂੰ ਜਾਰੀ ਰੱਖਦਿਆਂ ਸੈਨਾ ਵਿੱਚ ਨੌਕਰੀ ਕਰ ਲਈ। ਉਹ ਸੂਬੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਸੇਵਾਮੁਕਤੀ ਤੋਂ ਬਾਅਦ ਪਿਤਾ ਜੀ ਪਰਿਵਾਰ ਸਮੇਤ ਦਾਪੋਲੀ ਆ ਗਏ। ਉਨ੍ਹਾਂ ਦਾ ਮਨ ਇੱਥੇ ਹੀ ਵੱਸਣ ਦਾ ਸੀ, ਪਰ ਕਿਸੇ ਕਾਰਨ ਉਨ੍ਹਾਂ ਨੇ ਆਪਣਾ ਵਿਚਾਰ ਬਦਲ ਲਿਆ। ਫਿਰ ਅਸੀਂ ਦਾਪੋਲੀ ਤੋਂ ਸਤਾਰਾ ਆ ਗਏ ਅਤੇ 1904 ਤੱਕ ਉੱਥੇ ਹੀ ਰਹੇ। ਇਹ ਪਹਿਲੀ ਘਟਨਾ ਹੈ ਜਿਸ ਦਾ ਮੈਂ ਇੱਥੇ ਜ਼ਿਕਰ ਕਰ ਰਿਹਾ ਹਾਂ। ਜਿੱਥੋਂ ਤੱਕ ਮੈਨੂੰ ਯਾਦ ਹੈ, ਇਹ ਲਗਪਗ 1901 ਦੀ ਗੱਲ ਹੈ ਜਦੋਂ ਅਸੀਂ ਸਤਾਰਾ ਵਿੱਚ ਸੀ। ਉਦੋਂ ਤੱਕ ਮੇਰੀ ਮਾਂ ਦਾ ਦੇਹਾਂਤ ਹੋ ਚੁੱਕਾ ਸੀ। ਮੇਰੇ ਪਿਤਾ ਸਤਾਰਾ ਜ਼ਿਲ੍ਹੇ ਦੇ ਖਟਾਵ ਇਲਾਕੇ ਵਿੱਚ ਗੋਰੇਗਾਓਂ ਨਾਂ ਦੀ ਜਗ੍ਹਾ ’ਤੇ ਖ਼ਜ਼ਾਨਚੀ ਵਜੋਂ ਨੌਕਰੀ ਕਰਨ ਚਲੇ ਗਏ ਸਨ। ਉੱਥੇ ਬੰਬਈ ਸਰਕਾਰ ਨੇ ਕਾਲ਼ ਦੀ ਮਾਰ ਹੇਠ ਆਏ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਇੱਕ ਤਲਾਬ ਪੁੱਟਣ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਉਹ ਮੈਨੂੰ, ਮੇਰੇ ਵੱਡੇ ਭਰਾ ਨੂੰ ਅਤੇ ਮੇਰੀ ਸਭ ਤੋਂ ਵੱਡੀ ਭੈਣ ਦੇ ਦੋ ਪੁੱਤਰਾਂ ਨੂੰ ਮੇਰੀ ਭੂਆ ਅਤੇ ਕੁਝ ਸੁਹਿਰਦ ਗੁਆਂਢੀਆਂ ਦੇ ਹਵਾਲੇ ਕਰ ਗਏ ਸਨ। ਮੇਰੀ ਭੂਆ ਬਹੁਤ ਚੰਗੀ ਤੇ ਨਰਮ ਸੁਭਾਅ ਦੀ ਸੀ, ਪਰ ਉਹ ਸਾਡੀ ਕੋਈ ਮਦਦ ਕਰਨ ਦੇ ਸਮਰੱਥ ਨਹੀਂ ਸੀ। ਉਹ ਛੋਟੇ ਕੱਦ ਦੀ ਸੀ ਅਤੇ ਉਸ ਦੇ ਪੈਰਾਂ ਵਿੱਚ ਵੀ ਤਕਲੀਫ਼ ਰਹਿੰਦੀ ਸੀ, ਜਿਸ ਕਾਰਨ ਉਸ ਲਈ ਬਿਨਾਂ ਸਹਾਰੇ ਤੁਰਨਾ-ਫਿਰਨਾ ਬਹੁਤ ਔਖਾ ਸੀ; ਕਦੇ-ਕਦੇ ਤਾਂ ਉਸ ਨੂੰ ਚੁੱਕਣਾ ਵੀ ਪੈਂਦਾ ਸੀ। ਮੇਰੀਆਂ ਦੋ ਭੈਣਾਂ ਸਨ, ਜਿਨ੍ਹਾਂ ਦਾ ਵਿਆਹ ਹੋ ਚੁੱਕਾ ਸੀ ਅਤੇ ਉਹ ਆਪਣੇ ਸਹੁਰੇ ਘਰ ਰਹਿ ਰਹੀਆਂ ਸਨ। ਭੂਆ ਦੀ ਸਰੀਰਕ ਮਜਬੂਰੀ ਕਾਰਨ ਸਾਡੇ ਲਈ ਖਾਣਾ ਬਣਾਉਣਾ ਇੱਕ ਵੱਡੀ ਸਮੱਸਿਆ ਬਣ ਗਈ ਸੀ ਕਿਉਂਕਿ ਉਹ ਖਾਣਾ ਨਹੀਂ ਸੀ ਬਣਾ ਸਕਦੀ। ਅਸੀਂ ਚਾਰੇ ਬੱਚੇ ਸਕੂਲ ਵੀ ਜਾਂਦੇ ਅਤੇ ਆਪਣਾ ਖਾਣਾ ਖ਼ੁਦ ਤਿਆਰ ਕਰਦੇ। ਸਾਨੂੰ ਰੋਟੀ ਬਣਾਉਣੀ ਨਹੀਂ ਸੀ ਆਉਂਦੀ। ਇਸ ਲਈ ਅਸੀਂ ਪੁਲਾਓ ’ਤੇ ਗੁਜ਼ਾਰਾ ਕਰਦੇ। ਪੁਲਾਓ ਬਣਾਉਣਾ ਸਾਨੂੰ ਸਭ ਤੋਂ ਸੌਖਾ ਲੱਗਦਾ ਸੀ ਕਿਉਂਕਿ ਇਸ ਵਿੱਚ ਚਾਵਲ ਅਤੇ ਬੱਕਰੇ ਦਾ ਮਾਸ ਮਿਲਾਉਣ ਤੋਂ ਇਲਾਵਾ ਹੋਰ ਕੁਝ ਖ਼ਾਸ ਨਹੀਂ ਸੀ ਕਰਨਾ ਪੈਂਦਾ।
ਖ਼ਜ਼ਾਨਚੀ ਦੀ ਨੌਕਰੀ ਦੀਆਂ ਜ਼ਿੰਮੇਵਾਰੀਆਂ ਕਾਰਨ ਪਿਤਾ ਜੀ ਗੋਰੇਗਾਓਂ ਛੱਡ ਕੇ ਸਾਨੂੰ ਮਿਲਣ ਲਈ ਸਤਾਰਾ ਨਹੀਂ ਸਨ ਆ ਸਕਦੇ। ਇਸ ਲਈ ਉਨ੍ਹਾਂ ਨੇ ਸਾਨੂੰ ਚਿੱਠੀ ਲਿਖ ਕੇ ਕਿਹਾ ਕਿ ਅਸੀਂ ਸਾਰੇ ਗਰਮੀ ਦੀਆਂ ਛੁੱਟੀਆਂ ਬਿਤਾਉਣ ਲਈ ਉਨ੍ਹਾਂ ਕੋਲ਼ ਗੋਰੇਗਾਓਂ ਆ ਜਾਈਏ। ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਉਸ ਵੇਲ਼ੇ ਤੱਕ ਸਾਡੇ ਵਿੱਚੋਂ ਕਿਸੇ ਨੇ ਰੇਲ ਗੱਡੀ ਤੱਕ ਨਹੀਂ ਸੀ ਦੇਖੀ। ਸਫ਼ਰ ਲਈ ਬਹੁਤ ਤਿਆਰੀਆਂ ਕੀਤੀਆਂ ਗਈਆਂ; ਨਵੀਆਂ ਅੰਗਰੇਜ਼ੀ ਕਮੀਜ਼ਾਂ, ਚਮਕੀਲੀਆਂ ਜੜਾਊ ਟੋਪੀਆਂ, ਨਵੇਂ ਬੂਟ ਅਤੇ ਰੇਸ਼ਮੀ ਕਿਨਾਰਿਆਂ ਵਾਲੀਆਂ ਨਵੀਆਂ ਧੋਤੀਆਂ ਖ਼ਰੀਦੀਆਂ ਗਈਆਂ। ਪਿਤਾ ਜੀ ਨੇ ਸਾਨੂੰ ਸਫ਼ਰ ਨਾਲ ਸਬੰਧਿਤ ਸਾਰੀ ਜਾਣਕਾਰੀ ਭੇਜ ਦਿੱਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਅਸੀਂ ਉਨ੍ਹਾਂ ਨੂੰ ਆਪਣੇ ਘਰੋਂ ਤੁਰਨ ਦੀ ਤਾਰੀਖ਼ ਦੱਸ ਦੇਈਏ ਤਾਂ ਜੋ ਉਹ ਸਟੇਸ਼ਨ ਤੋਂ ਸਾਨੂੰ ਲੈਣ ਲਈ ਆਪਣੇ ਚਪੜਾਸੀ ਨੂੰ ਭੇਜ ਸਕਣ, ਜੋ ਸਾਨੂੰ ਗੋਰੇਗਾਓਂ ਲੈ ਜਾਵੇਗਾ। ਇਸ ਯੋਜਨਾ ਮੁਤਾਬਿਕ ਮੈਂ, ਮੇਰਾ ਭਰਾ ਅਤੇ ਮੇਰੇ ਦੋ ਭਾਣਜੇ ਸਤਾਰਾ ਤੋਂ ਰਵਾਨਾ ਹੋਏ। ਭੂਆ ਨੂੰ ਅਸੀਂ ਉਨ੍ਹਾਂ ਗੁਆਂਢੀਆਂ ਦੇ ਭਰੋਸੇ ਛੱਡ ਦਿੱਤਾ ਸੀ, ਜਿਨ੍ਹਾਂ ਨੇ ਉਨ੍ਹਾਂ ਦੀ ਦੇਖਭਾਲ ਦਾ ਵਾਅਦਾ ਕੀਤਾ ਸੀ। ਰੇਲਵੇ ਸਟੇਸ਼ਨ ਸਾਡੇ ਘਰ ਤੋਂ 10 ਮੀਲ ਦੂਰ ਸੀ, ਜਿਸ ਲਈ ਅਸੀਂ ਟਾਂਗਾ ਕਰ ਲਿਆ। ਅਸੀਂ ਇਸ ਮੌਕੇ ਲਈ ਖ਼ਾਸ ਤੌਰ ’ਤੇ ਤਿਆਰ ਕਰਵਾਏ ਨਵੇਂ ਕੱਪੜੇ ਪਾਏ ਅਤੇ ਚਾਅ ਨਾਲ ਘਰੋਂ ਨਿਕਲੇ, ਪਰ ਸਾਡੀ ਭੂਆ ਸਾਨੂੰ ਜਾਂਦੇ ਦੇਖ ਕੇ ਰੋ ਰਹੀ ਸੀ। ਜਦੋਂ ਅਸੀਂ ਸਟੇਸ਼ਨ ਪਹੁੰਚੇ ਤਾਂ ਭਰਾ ਨੇ ਟਿਕਟਾਂ ਲਈਆਂ ਅਤੇ ਮੈਨੂੰ ਤੇ ਭਾਣਜੇ ਨੂੰ ਦੋ-ਦੋ ਆਨੇ (ਲਗਪਗ 12 ਪੈਸੇ) ਜੇਬ-ਖ਼ਰਚ ਲਈ ਦਿੱਤੇ। ਪੈਸੇ ਮਿਲਦਿਆਂ ਹੀ ਅਸੀਂ ਐਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਭ ਤੋਂ ਪਹਿਲਾਂ ਲੈਮਨ (ਸੋਢੇ) ਦੀ ਇੱਕ-ਇੱਕ ਬੋਤਲ ਖ਼ਰੀਦੀ। ਥੋੜ੍ਹੀ ਦੇਰ ਵਿੱਚ ਰੇਲਗੱਡੀ ਆ ਗਈ ਅਤੇ ਅਸੀਂ ਇਸ ਡਰੋਂ ਛਾਲ ਮਾਰ ਕੇ ਚੜ੍ਹ ਗਏ ਕਿ ਕਿਤੇ ਇਹ ਸਾਨੂੰ ਛੱਡ ਹੀ ਨਾ ਜਾਵੇ। ਸਾਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਅਸੀਂ ‘ਮਸੂਰ’ ਉੱਤਰਨਾ ਹੈ, ਜੋ ਗੋਰੇਗਾਓਂ ਦਾ ਸਭ ਤੋਂ ਨਜ਼ਦੀਕੀ ਸਟੇਸ਼ਨ ਸੀ। ਗੱਡੀ ਸ਼ਾਮ ਪੰਜ ਵਜੇ ਮਸੂਰ ਪਹੁੰਚੀ। ਅਸੀਂ ਆਪਣਾ ਸਾਮਾਨ ਲੈ ਕੇ ਉੱਥੇ ਉਤਰ ਗਏ। ਕੁਝ ਹੀ ਮਿੰਟਾਂ ਵਿੱਚ ਗੱਡੀ ਤੋਂ ਉਤਰੇ ਬਾਕੀ ਸਾਰੇ ਮੁਸਾਫ਼ਰ ਆਪੋ-ਆਪਣੀਆਂ ਮੰਜ਼ਿਲਾਂ ਵੱਲ ਰਵਾਨਾ ਹੋ ਗਏ। ਪਰ ਅਸੀਂ ਬੱਚੇ ਇਸ ਉਡੀਕ ਵਿੱਚ ਪਲੇਟਫ਼ਾਰਮ ’ਤੇ ਹੀ ਖੜ੍ਹੇ ਰਹਿ ਗਏ ਕਿ ਸ਼ਾਇਦ ਪਿਤਾ ਜੀ ਜਾਂ ਉਨ੍ਹਾਂ ਦਾ ਚਪੜਾਸੀ ਸਾਨੂੰ ਲੈਣ ਜ਼ਰੂਰ ਆਵੇਗਾ।
ਪਿਤਾ ਜੀ ਨੇ ਜਿਸ ਚਪੜਾਸੀ ਨੂੰ ਭੇਜਣ ਦਾ ਵਾਅਦਾ ਕੀਤਾ ਸੀ, ਅਸੀਂ ਬਹੁਤ ਦੇਰ ਉਸ ਦੀ ਉਡੀਕ ਕੀਤੀ, ਪਰ ਕੋਈ ਨਾ ਆਇਆ। ਇਸੇ ਤਰ੍ਹਾਂ ਖੜਿ੍ਹਆਂ ਇੱਕ ਘੰਟਾ ਬੀਤ ਗਿਆ। ਫਿਰ ਸਟੇਸ਼ਨ ਮਾਸਟਰ ਸਾਡੇ ਕੋਲ ਪੁੱਛਗਿੱਛ ਕਰਨ ਆਇਆ। ਉਸ ਨੇ ਸਾਡੇ ਕੋਲੋਂ ਟਿਕਟਾਂ ਮੰਗੀਆਂ, ਜੋ ਅਸੀਂ ਉਸ ਨੂੰ ਦਿਖਾ ਦਿੱਤੀਆਂ। ਉਸ ਨੇ ਪੁੱਛਿਆ ਕਿ ਅਸੀਂ ਹੁਣ ਤੱਕ ਉੱਥੇ ਕਿਉਂ ਖੜ੍ਹੇ ਹਾਂ? ਅਸੀਂ ਦੱਸਿਆ ਕਿ ਅਸੀਂ ਗੋਰੇਗਾਓਂ ਜਾਣਾ ਹੈ ਅਤੇ ਪਿਤਾ ਜੀ ਜਾਂ ਉਨ੍ਹਾਂ ਦੇ ਚਪੜਾਸੀ ਦੀ ਉਡੀਕ ਕਰ ਰਹੇ ਹਾਂ। ਅਸੀਂ ਸਟੇਸ਼ਨ ਮਾਸਟਰ ਨੂੰ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਸਾਨੂੰ ਇਹ ਨਹੀਂ ਪਤਾ ਕਿ ਗੋਰੇਗਾਓਂ ਕਿਵੇਂ ਪਹੁੰਚਣਾ ਹੈ। ਅਸੀਂ ਚਾਰਾਂ ਬੱਚਿਆਂ ਨੇ ਸਾਫ਼-ਸੁਥਰੇ ਤੇ ਵਧੀਆ ਕੱਪੜੇ ਪਾਏ ਹੋਏ ਸਨ। ਸਾਡੀ ਪੁਸ਼ਾਕ ਅਤੇ ਬੋਲਚਾਲ ਤੋਂ ਕੋਈ ਅੰਦਾਜ਼ਾ ਵੀ ਨਹੀਂ ਸੀ ਲਗਾ ਸਕਦਾ ਕਿ ਅਸੀਂ ਅਛੂਤਾਂ ਦੇ ਬੱਚੇ ਹਾਂ। ਸਟੇਸ਼ਨ ਮਾਸਟਰ ਵੀ ਅਸਲ ਵਿੱਚ ਸਾਨੂੰ ਬ੍ਰਾਹਮਣ ਬੱਚੇ ਹੀ ਸਮਝ ਰਿਹਾ ਸੀ ਅਤੇ ਸਾਡੀ ਇਸ ਹਾਲਤ ’ਤੇ ਉਸ ਨੂੰ ਬਹੁਤ ਤਰਸ ਆ ਰਿਹਾ ਸੀ। ਹਿੰਦੂਆਂ ਵਿੱਚ ਆਮ ਪ੍ਰਚੱਲਿਤ ਰੀਤ ਮੁਤਾਬਿਕ ਸਟੇਸ਼ਨ ਮਾਸਟਰ ਨੇ ਸਾਨੂੰ ਪੁੱਛ ਲਿਆ, ‘‘ਤੁਸੀਂ ਕੌਣ ਹੋ?’’ ਮੈਂ ਬਿਨਾਂ ਕੁਝ ਸੋਚੇ-ਸਮਝੇ ਸਹਿਜੇ ਹੀ ਕਹਿ ਦਿੱਤਾ, ‘‘ਅਸੀਂ ਮਹਾਰ ਹਾਂ।’’(ਮਹਾਰ ਉਸ ਸਮਾਜ ਦਾ ਹਿੱਸਾ ਹਨ, ਜਿਨ੍ਹਾਂ ਨੂੰ ਬੰਬਈ ਪ੍ਰੈਜ਼ੀਡੈਂਸੀ ਵਿੱਚ ਅਛੂਤ ਮੰਨਿਆ ਜਾਂਦਾ ਸੀ)। ਇਹ ਸੁਣ ਕੇ ਉਹ ਹੱਕਾ-ਬੱਕਾ ਰਹਿ ਗਿਆ।
ਅਚਾਨਕ ਉਸ ਦੇ ਚਿਹਰੇ ਦੀ ਰੰਗਤ ਬਦਲ ਗਈ। ਸਾਨੂੰ ਸਾਫ਼ ਦਿਸ ਰਿਹਾ ਸੀ ਕਿ ਨਫ਼ਰਤ ਦੇ ਇੱਕ ਅਜੀਬ ਭਾਵ ਨੇ ਉਸ ਨੂੰ ਜਕੜ ਲਿਆ ਸੀ। ਮੇਰਾ ਜਵਾਬ ਸੁਣਦਿਆਂ ਹੀ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਅਸੀਂ ਉੱਥੇ ਹੀ ਖੜ੍ਹੇ ਰਹਿ ਗਏ। ਇਸ ਤਰ੍ਹਾਂ 15-20 ਮਿੰਟ ਹੋਰ ਬੀਤ ਗਏ। ਸੂਰਜ ਢਲਣ ਲੱਗਾ ਸੀ। ਨਾ ਪਿਤਾ ਜੀ ਆਏ ਸਨ ਅਤੇ ਨਾ ਹੀ ਉਨ੍ਹਾਂ ਦਾ ਕੋਈ ਬੰਦਾ; ਉੱਪਰੋਂ ਹੁਣ ਸਟੇਸ਼ਨ ਮਾਸਟਰ ਵੀ ਸਾਨੂੰ ਛੱਡ ਕੇ ਚਲਾ ਗਿਆ ਸੀ। ਅਸੀਂ ਬਹੁਤ ਫ਼ਿਕਰਮੰਦ ਸਾਂ। ਸਫ਼ਰ ਸ਼ੁਰੂ ਹੋਣ ਵੇਲੇ ਜੋ ਚਾਅ ਅਤੇ ਖ਼ੁਸ਼ੀ ਸਾਡੇ ਮਨਾਂ ਵਿੱਚ ਸੀ, ਉਹ ਹੁਣ ਹਵਾ ਹੋ ਚੁੱਕੀ ਸੀ ਅਤੇ ਉਸ ਦੀ ਜਗ੍ਹਾ ਬੇਅੰਤ ਉਦਾਸੀ ਨੇ ਲੈ ਲਈ ਸੀ। ਲਗਪਗ ਅੱਧੇ ਘੰਟੇ ਬਾਅਦ ਸਟੇਸ਼ਨ ਮਾਸਟਰ ਵਾਪਸ ਆਇਆ ਅਤੇ ਪੁੱਛਣ ਲੱਗਾ ਕਿ ਹੁਣ ਸਾਡਾ ਕੀ ਇਰਾਦਾ ਹੈ? ਅਸੀਂ ਕਿਹਾ ਕਿ ਜੇਕਰ ਕੋਈ ਬੈਲ-ਗੱਡੀ ਕਿਰਾਏ ’ਤੇ ਮਿਲ ਜਾਵੇ ਤਾਂ ਅਸੀਂ ਗੋਰੇਗਾਓਂ ਚਲੇ ਜਾਵਾਂਗੇ; ਜੇਕਰ ਰਸਤਾ ਬਹੁਤਾ ਦੂਰ ਨਹੀਂ ਤਾਂ ਅਸੀਂ ਹੁਣੇ ਚਾਲੇ ਪਾ ਦੇਵਾਂਗੇ। ਉੱਥੇ ਕਿਰਾਏ ਵਾਲੀਆਂ ਕਾਫ਼ੀ ਬੈਲ-ਗੱਡੀਆਂ ਖੜ੍ਹੀਆਂ ਸਨ, ਪਰ ਮੇਰੇ ਇਹ ਕਹਿਣ ’ਤੇ ਕਿ ‘ਅਸੀਂ ਮਹਾਰ ਹਾਂ’, ਇਹ ਗੱਲ ਸਾਰੇ ਗੱਡੀ ਵਾਲਿਆਂ ਨੂੰ ਪਤਾ ਲੱਗ ਚੁੱਕੀ ਸੀ। ਉਨ੍ਹਾਂ ਵਿੱਚੋਂ ਕੋਈ ਵੀ ਅਛੂਤ ਸਵਾਰੀਆਂ ਨੂੰ ਬਿਠਾ ਕੇ ਆਪਣੀ ਗੱਡੀ ਅਪਵਿੱਤਰ ਕਰਨ ਜਾਂ ਆਪਣੀ ਸਮਾਜਿਕ ਮਰਯਾਦਾ ਨੂੰ ਢਾਹ ਲਾਉਣ ਲਈ ਤਿਆਰ ਨਹੀਂ ਸੀ। ਅਸੀਂ ਦੁੱਗਣਾ ਕਿਰਾਇਆ ਦੇਣ ਲਈ ਵੀ ਤਿਆਰ ਸਾਂ, ਪਰ ਪੈਸੇ ਦੀ ਇੱਥੇ ਕੋਈ ਵੁੱਕਤ ਨਜ਼ਰ ਨਹੀਂ ਸੀ ਆ ਰਹੀ। ਸਾਡੇ ਵੱਲੋਂ ਗੱਲ ਕਰ ਰਿਹਾ ਸਟੇਸ਼ਨ ਮਾਸਟਰ ਵੀ ਦੁਚਿੱਤੀ ਵਿੱਚ ਸੀ ਕਿ ਕੀ ਕੀਤਾ ਜਾਵੇ, ਇਸ ਲਈ ਉਹ ਚੁੱਪਚਾਪ ਖੜ੍ਹਾ ਰਿਹਾ। ਅਚਾਨਕ ਉਸ ਨੂੰ ਇੱਕ ਜੁਗਤ ਸੁੱਝੀ ਅਤੇ ਉਸ ਨੇ ਸਾਨੂੰ ਪੁੱਛਿਆ, ‘‘ਕੀ ਤੁਸੀਂ ਗੱਡੀ ਚਲਾ ਸਕਦੇ ਹੋ?’’ ਇਹ ਸੋਚ ਕੇ ਕਿ ਉਹ ਸਾਡੀ ਮੁਸ਼ਕਿਲ ਦਾ ਕੋਈ ਹੱਲ ਲੱਭ ਰਿਹਾ ਹੈ, ਅਸੀਂ ਝੱਟ ਕਹਿ ਦਿੱਤਾ, ‘‘ਹਾਂ, ਅਸੀਂ ਚਲਾ ਸਕਦੇ ਹਾਂ।’’ ਇਹ ਸੁਣ ਕੇ ਉਹ ਗੱਡੀ ਵਾਲਿਆਂ ਕੋਲ ਗਿਆ ਅਤੇ ਸਾਡਾ ਇਹ ਮਸ਼ਵਰਾ ਰੱਖਿਆ ਕਿ ਅਸੀਂ ਦੁੱਗਣਾ ਕਿਰਾਇਆ ਵੀ ਦੇਵਾਂਗੇ ਅਤੇ ਗੱਡੀ ਵੀ ਖ਼ੁਦ ਚਲਾਵਾਂਗੇ ਜਦੋਂਕਿ ਗੱਡੀ ਦਾ ਕੋਚਵਾਨ ਸਾਡੇ ਨਾਲ-ਨਾਲ ਪੈਦਲ ਚੱਲੇਗਾ। ਇੱਕ ਗੱਡੀ ਵਾਲਾ ਇਸ ਸ਼ਰਤ ’ਤੇ ਤਿਆਰ ਹੋ ਗਿਆ ਕਿਉਂਕਿ ਉਸ ਨੂੰ ਬਿਨਾਂ ਮਿਹਨਤ ਕੀਤੇ ਚੰਗੇ ਪੈਸੇ ਕਮਾਉਣ ਦਾ ਮੌਕਾ ਮਿਲ ਰਿਹਾ ਸੀ ਅਤੇ ਛੂਤ ਲੱਗਣ ਦਾ ਵੀ ਕੋਈ ਡਰ ਨਹੀਂ ਸੀ।
ਸ਼ਾਮ ਲਗਪਗ ਸਾਢੇ ਛੇ ਵਜੇ ਸਾਡੀ ਰਵਾਨਗੀ ਦੀ ਤਿਆਰੀ ਹੋਈ। ਸਟੇਸ਼ਨ ਛੱਡਣ ਤੋਂ ਪਹਿਲਾਂ ਅਸੀਂ ਇਹ ਪੱਕਾ ਕਰ ਲੈਣਾ ਚਾਹੁੰਦੇ ਸਾਂ ਕਿ ਕੀ ਅਸੀਂ ਹਨੇਰਾ ਹੋਣ ਤੋਂ ਪਹਿਲਾਂ-ਪਹਿਲਾਂ ਗੋਰੇਗਾਓਂ ਪਹੁੰਚ ਜਾਵਾਂਗੇ? ਅਸੀਂ ਕੋਚਵਾਨ ਨੂੰ ਪੁੱਛਿਆ ਕਿ ਗੋਰੇਗਾਓਂ ਕਿੰਨੀ ਦੂਰ ਹੈ ਅਤੇ ਉਹ ਸਾਨੂੰ ਉੱਥੇ ਕਿੰਨੀ ਦੇਰ ਵਿੱਚ ਪਹੁੰਚਾ ਦੇਵੇਗਾ। ਉਸ ਦੀ ਗੱਲ ’ਤੇ ਯਕੀਨ ਕਰਕੇ ਅਸੀਂ ਆਪਣਾ ਸਾਮਾਨ ਬੈਲ-ਗੱਡੀ ਵਿੱਚ ਲੱਦਿਆ ਅਤੇ ਸਟੇਸ਼ਨ ਮਾਸਟਰ ਦਾ ਧੰਨਵਾਦ ਕਰਕੇ ਗੱਡੀ ਵਿੱਚ ਬੈਠ ਗਏ। ਸਾਡੇ ਵਿੱਚੋਂ ਇੱਕ ਨੇ ਬੈਲ-ਗੱਡੀ ਦੀ ਲਗਾਮ ਫੜ ਲਈ ਅਤੇ ਗੱਡੀ ਤੁਰ ਪਈ; ਗੱਡੀ ਵਾਲ਼ਾ ਸਾਡੇ ਨਾਲ-ਨਾਲ ਪੈਦਲ ਚੱਲਣ ਲੱਗਾ। ਸਟੇਸ਼ਨ ਤੋਂ ਕੁਝ ਦੂਰ ਜਾ ਕੇ ਹੀ ਇੱਕ ਨਦੀ ਪੈਂਦੀ ਸੀ, ਜੋ ਬਿਲਕੁਲ ਸੁੱਕੀ ਹੋਈ ਸੀ। ਬਸ ਕੁਝ ਥਾਵਾਂ ’ਤੇ ਛੋਟੇ-ਛੋਟੇ ਟੋਭੇ ਸਨ ਜਿਨ੍ਹਾਂ ਵਿੱਚ ਪਾਣੀ ਭਰਿਆ ਸੀ। ਗੱਡੀ ਵਾਲਾ ਕਹਿਣ ਲੱਗਾ, ‘‘ਤੁਸੀਂ ਇੱਥੇ ਰੁਕ ਕੇ ਖਾਣਾ ਖਾ ਲਵੋ ਕਿਉਂਕਿ ਅੱਗੇ ਰਸਤੇ ਵਿੱਚ ਕਿਤੇ ਪਾਣੀ ਨਹੀਂ ਮਿਲਣਾ।’’ ਅਸੀਂ ਉਸ ਦੀ ਗੱਲ ਮੰਨ ਲਈ। ਉਸ ਨੇ ਸਾਡੇ ਕੋਲੋਂ ਕਿਰਾਏ ਦੇ ਕੁਝ ਪੈਸੇ ਪੇਸ਼ਗੀ ਵਜੋਂ ਮੰਗੇ ਤਾਂ ਜੋ ਉਹ ਵੀ ਪਿੰਡ ਜਾ ਕੇ ਰੋਟੀ ਖਾ ਆਵੇ। ਮੇਰੇ ਭਰਾ ਨੇ ਉਸ ਨੂੰ ਪੈਸੇ ਦੇ ਦਿੱਤੇ ਅਤੇ ਉਹ ਜਲਦੀ ਵਾਪਸ ਆਉਣ ਦਾ ਵਾਅਦਾ ਕਰਕੇ ਚਲਾ ਗਿਆ। ਸਾਨੂੰ ਬਹੁਤ ਭੁੱਖ ਲੱਗੀ ਹੋਈ ਸੀ, ਇਸ ਲਈ ਅਸੀਂ ਖ਼ੁਸ਼ ਹੋਏ ਕਿ ਚਲੋ ਕੁਝ ਖਾਣ ਦਾ ਮੌਕਾ ਮਿਲਿਆ। ਸਾਡੀ ਭੂਆ ਨੇ ਗੁਆਂਢੀਆਂ ਦੀ ਮਦਦ ਨਾਲ ਸਫ਼ਰ ਲਈ ਕੁਝ ਵਧੀਆ ਪਕਵਾਨ ਤਿਆਰ ਕਰਵਾਏ ਸਨ। ਅਸੀਂ ਖਾਣੇ ਵਾਲੀ ਟੋਕਰੀ ਖੋਲ੍ਹੀ ਅਤੇ ਖਾਣਾ ਸ਼ੁਰੂ ਕੀਤਾ। ਰੋਟੀ ਲੰਘਾਉਣ ਲਈ ਸਾਨੂੰ ਪਾਣੀ ਦੀ ਲੋੜ ਮਹਿਸੂਸ ਹੋਈ, ਇਸ ਲਈ ਸਾਡੇ ਵਿੱਚੋਂ ਇੱਕ ਲੜਕਾ ਨਦੀ ਦੇ ਤਲ ਵਿੱਚ ਇਕੱਠੇ ਹੋਏ ਪਾਣੀ ਦੇ ਟੋਭੇ ਵੱਲ ਚਲਾ ਗਿਆ। ਦਰਅਸਲ, ਉਹ ਪਾਣੀ ਨਹੀਂ ਸੀ; ਪਾਣੀ ਦੇ ਨਾਂ ’ਤੇ ਉੱਥੇ ਚਿੱਕੜ ਅਤੇ ਉਨ੍ਹਾਂ ਪਸ਼ੂਆਂ ਦਾ ਮਲ-ਮੂਤਰ ਸੀ ਜੋ ਉੱਥੇ ਪਾਣੀ ਪੀਣ ਆਉਂਦੇ ਸਨ। ਸਹੀ ਮਾਅਨਿਆਂ ਵਿੱਚ ਉਹ ਪਾਣੀ ਮਨੁੱਖ ਦੇ ਪੀਣ ਯੋਗ ਬਿਲਕੁਲ ਨਹੀਂ ਸੀ। ਉਸ ਵਿੱਚੋਂ ਇੰਨੀ ਤੇਜ਼ ਸੜ੍ਹਾਂਦ ਆ ਰਹੀ ਸੀ ਕਿ ਸਾਡੇ ਲਈ ਉਸ ਨੂੰ ਪੀਣਾ ਅਸੰਭਵ ਸੀ। ਨਤੀਜੇ ਵਜੋਂ, ਸਾਨੂੰ ਅੱਧ-ਪਚੱਧਾ ਖਾਣਾ ਖਾ ਕੇ ਹੀ ਹਟਣਾ ਪਿਆ ਅਤੇ ਅਸੀਂ ਗੱਡੀ ਵਾਲ਼ੇ ਦੀ ਉਡੀਕ ਕਰਨ ਲੱਗੇ। ਬਹੁਤ ਦੇਰ ਬੀਤ ਗਈ, ਪਰ ਉਹ ਨਾ ਬਹੁੜਿਆ। ਅਸੀਂ ਬੜੀ ਬੇਸਬਰੀ ਨਾਲ ਉਸ ਨੂੰ ਉਡੀਕਦੇ ਰਹੇ। ਆਖ਼ਰਕਾਰ ਉਹ ਆਇਆ ਅਤੇ ਅਸੀਂ ਅਗਲੀ ਯਾਤਰਾ ਸ਼ੁਰੂ ਕੀਤੀ।
ਕੋਈ ਚਾਰ-ਪੰਜ ਮੀਲ ਤੱਕ ਤਾਂ ਅਸੀਂ ਖ਼ੁਦ ਗੱਡੀ ਹੱਕੀ ਅਤੇ ਉਹ ਨਾਲ਼-ਨਾਲ਼ ਪੈਦਲ ਚੱਲਦਾ ਰਿਹਾ। ਫਿਰ ਅਚਾਨਕ ਉਸ ਨੇ ਗੱਡੀ ਵਿੱਚ ਛਾਲ ਮਾਰੀ ਅਤੇ ਸਾਡੇ ਹੱਥਾਂ ਵਿੱਚੋਂ ਲਗਾਮ ਫੜ ਕੇ ਬੈਠ ਗਿਆ। ਸਾਨੂੰ ਉਸ ਦਾ ਇਹ ਵਿਹਾਰ ਕਾਫ਼ੀ ਅਜੀਬ ਲੱਗਿਆ ਕਿ ਉਹ ਆਪਣੇ ਸਾਰੇ ਧਾਰਮਿਕ ਸ਼ੰਕਿਆਂ ਨੂੰ ਛਿੱਕੇ ਟੰਗ ਕੇ ਸਾਡੇ ਨਾਲ਼ ਉਸੇ ਗੱਡੀ ਵਿੱਚ ਬੈਠਣ ਨੂੰ ਤਿਆਰ ਹੋ ਗਿਆ ਸੀ, ਜਦੋਂਕਿ ਸ਼ੁਰੂ ਵਿੱਚ ਉਸ ਨੇ ਆਪਣੀ ਗੱਡੀ ਅਪਵਿੱਤਰ ਹੋਣ ਦੇ ਡਰੋਂ ਸਾਨੂੰ ਬਿਠਾਉਣ ਤੋਂ ਵੀ ਮਨ੍ਹਾਂ ਕਰ ਦਿੱਤਾ ਸੀ। ਪਰ ਉਸ ਵੇਲੇ ਉਸ ਨੂੰ ਕੋਈ ਸਵਾਲ ਕਰਨ ਦੀ ਸਾਡੀ ਹਿੰਮਤ ਨਾ ਪਈ। ਅਸੀਂ ਤਾਂ ਬਸ ਜਲਦੀ ਤੋਂ ਜਲਦੀ ਗੋਰੇਗਾਓਂ ਪਹੁੰਚਣਾ ਚਾਹੁੰਦੇ ਸੀ। ਕੁਝ ਦੂਰੀ ਤੱਕ ਤਾਂ ਸਾਡਾ ਮਨ ਗੱਡੀ ਦੀ ਰਫ਼ਤਾਰ ਨਾਲ਼ ਪਰਚਿਆ ਰਿਹਾ। ਛੇਤੀ ਹੀ ਚਾਰੋ ਪਾਸੇ ਘੁੱਪ ਹਨੇਰਾ ਛਾ ਗਿਆ। ਸੜਕ ਕਿਨਾਰੇ ਕੋਈ ਬੱਤੀ ਨਹੀਂ ਸੀ ਜੋ ਉਸ ਹਨੇਰੇ ਨੂੰ ਚੀਰ ਸਕਦੀ। ਆਸ-ਪਾਸ ਕੋਈ ਮਨੁੱਖ ਜਾਂ ਪਸ਼ੂ ਵੀ ਨਜ਼ਰ ਨਹੀਂ ਸੀ ਆ ਰਿਹਾ, ਜਿਸ ਦੀ ਮੌਜੂਦਗੀ ਸਾਨੂੰ ਹੌਸਲਾ ਦਿੰਦੀ। ਚਾਰੋਂ ਤਰਫ਼ ਫੈਲੇ ਉਸ ਸੁੰਨਸਾਨ ਖ਼ਲਾਅ ਤੋਂ ਸਾਨੂੰ ਡਰ ਲੱਗਣ ਲੱਗਾ ਅਤੇ ਸਾਡੀ ਚਿੰਤਾ ਵਧਦੀ ਗਈ। ਅਸੀਂ ਆਪਣੀ ਹਿੰਮਤ ਇਕੱਠੀ ਕੀਤੀ। ਸਾਨੂੰ ਮਸੂਰ ਤੋਂ ਨਿਕਲਿਆਂ ਤਿੰਨ ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਸੀ, ਪਰ ਗੋਰੇਗਾਓਂ ਦੀ ਅਜੇ ਤੱਕ ਕੋਈ ਉੱਘ-ਸੁੱਘ ਨਹੀਂ ਸੀ। ਸਾਡੇ ਮਨਾਂ ਵਿੱਚ ਅਜੀਬ ਖ਼ਿਆਲ ਆਉਣ ਲੱਗੇ। ਸਾਨੂੰ ਸ਼ੱਕ ਹੋਇਆ ਕਿ ਕਿਤੇ ਕੋਚਵਾਨ ਦੇ ਮਨ ਵਿੱਚ ਖੋਟ ਤਾਂ ਨਹੀਂ? ਕਿਤੇ ਇਹ ਸਾਨੂੰ ਕਿਸੇ ਸੁੰਨਸਾਨ ਜਗ੍ਹਾ ਲਿਜਾ ਕੇ ਮਾਰ ਤਾਂ ਨਹੀਂ ਦੇਵੇਗਾ? ਅਸੀਂ ਸੋਨੇ ਦੇ ਗਹਿਣੇ ਪਾਏ ਹੋਏ ਸਨ, ਜਿਸ ਕਾਰਨ ਸਾਡਾ ਸ਼ੱਕ ਹੋਰ ਵੀ ਪੱਕਾ ਹੋ ਰਿਹਾ ਸੀ। ਅਸੀਂ ਕੋਚਵਾਨ ’ਤੇ ਸਵਾਲਾਂ ਦੀ ਵਾਛੜ ਕਰ ਦਿੱਤੀ ਕਿ ਗੋਰੇਗਾਓਂ ਅਜੇ ਕਿੰਨੀ ਦੂਰ ਹੈ ਅਤੇ ਸਾਨੂੰ ਇੰਨੀ ਦੇਰ ਕਿਉਂ ਲੱਗ ਰਹੀ ਹੈ? ਗੱਡੀ ਵਾਲਾ ਬਸ ਇਹੀ ਕਹਿੰਦਾ ਰਿਹਾ, ‘‘ਬਹੁਤੀ ਦੂਰ ਨਹੀਂ, ਬਸ ਛੇਤੀ ਹੀ ਪਹੁੰਚ ਜਾਵਾਂਗੇ।’’ ਜਦੋਂ ਰਾਤ ਦੇ ਦਸ ਵਜੇ ਤੱਕ ਵੀ ਗੋਰੇਗਾਓਂ ਦਾ ਕੋਈ ਨਾਮ-ਨਿਸ਼ਾਨ ਨਾ ਦਿਸਿਆ ਤਾਂ ਅਸੀਂ ਬੱਚੇ ਡਰ ਕੇ ਰੋਣ ਲੱਗ ਪਏ ਅਤੇ ਕੋਚਵਾਨ ਸਾਨੂੰ ਬੁਰਾ-ਭਲਾ ਕਹਿਣ ਲੱਗਾ। ਸਾਡਾ ਰੋਣਾ-ਧੋਣਾ ਕਾਫ਼ੀ ਦੇਰ ਚੱਲਦਾ ਰਿਹਾ, ਪਰ ਕੋਚਵਾਨ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ। ਅਚਾਨਕ ਕੁਝ ਦੂਰੀ ’ਤੇ ਸਾਨੂੰ ਰੌਸ਼ਨੀ ਦੀ ਇੱਕ ਕਿਰਨ ਦਿਖਾਈ ਦਿੱਤੀ। ਕੋਚਵਾਨ ਬੋਲਿਆ, ‘‘ਉਹ ਰੌਸ਼ਨੀ ਦੇਖ ਰਹੇ ਹੋ? ਉਹ ਚੁੰਗੀ ਵਾਲੇ ਦੀ ਬੱਤੀ ਹੈ। ਰਾਤ ਨੂੰ ਅਸੀਂ ਉੱਥੇ ਹੀ ਆਰਾਮ ਕਰਾਂਗੇ।’’ ਇਹ ਸੁਣ ਕੇ ਸਾਨੂੰ ਕੁਝ ਧੀਰਜ ਬੱਝਿਆ ਅਤੇ ਸਾਡਾ ਰੋਣਾ ਬੰਦ ਹੋ ਗਿਆ। ਹਾਲਾਂਕਿ ਰੌਸ਼ਨੀ ਦਿਸ ਰਹੀ ਸੀ, ਪਰ ਲੱਗਦਾ ਸੀ ਜਿਵੇਂ ਅਸੀਂ ਉੱਥੇ ਕਦੇ ਪਹੁੰਚ ਹੀ ਨਹੀਂ ਸਕਾਂਗੇ। ਚੁੰਗੀ ਦੀ ਚੌਕੀ ਤੱਕ ਪਹੁੰਚਦਿਆਂ ਸਾਨੂੰ ਦੋ ਘੰਟੇ ਹੋਰ ਲੱਗ ਗਏ। ਇਸ ਦੌਰਾਨ ਸਾਡੀ ਬੇਚੈਨੀ ਵਧਦੀ ਰਹੀ ਅਤੇ ਅਸੀਂ ਵਾਰ-ਵਾਰ ਗੱਡੀ ਵਾਲੇ ਨੂੰ ਪੁੱਛਦੇ ਰਹੇ ਕਿ ਕੀ ਅਸੀਂ ਸਹੀ ਰਾਹ ’ਤੇ ਹਾਂ?
ਆਖ਼ਰ ਅੱਧੀ ਰਾਤ ਦੇ ਕਰੀਬ ਬੈਲ-ਗੱਡੀ ਚੁੰਗੀ ਦੀ ਚੌਕੀ ’ਤੇ ਪਹੁੰਚੀ। ਇਹ ਇੱਕ ਪਹਾੜੀ ਦੀ ਤਰਾਈ ਵਿੱਚ ਸਥਿਤ ਸੀ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਦੇਖਿਆ ਕਿ ਬਹੁਤ ਸਾਰੀਆਂ ਬੈਲ-ਗੱਡੀਆਂ ਉੱਥੇ ਰਾਤ ਕੱਟਣ ਲਈ ਰੁਕੀਆਂ ਹੋਈਆਂ ਸਨ। ਸਾਨੂੰ ਬਹੁਤ ਤੇਜ਼ ਭੁੱਖ ਲੱਗੀ ਸੀ, ਪਰ ਇੱਥੇ ਵੀ ਉਹੀ ਪਾਣੀ ਦੀ ਕਿੱਲਤ ਸੀ। ਅਸੀਂ ਕੋਚਵਾਨ ਨੂੰ ਪੁੱਛਿਆ ਕਿ ਕੀ ਇੱਥੇ ਪਾਣੀ ਮਿਲ ਸਕਦਾ ਹੈ? ਉਸ ਨੇ ਸਾਨੂੰ ਸੁਚੇਤ ਕਰਦਿਆਂ ਕਿਹਾ ਕਿ ਚੁੰਗੀ ਵਾਲੇ ਹਿੰਦੂ ਹਨ ਅਤੇ ਜੇ ਅਸੀਂ ਸੱਚ ਦੱਸ ਦਿੱਤਾ ਕਿ ਅਸੀਂ ‘ਮਹਾਰ’ ਹਾਂ ਤਾਂ ਸਾਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਮਿਲੇਗੀ। ਉਸ ਨੇ ਸਲਾਹ ਦਿੱਤੀ, ‘‘ਇਹ ਕਹਿ ਕੇ ਦੇਖ ਲਵੋ ਕਿ ਅਸੀਂ ਮੁਸਲਮਾਨ ਹਾਂ, ਸ਼ਾਇਦ ਪਾਣੀ ਮਿਲ ਜਾਵੇ।’’
ਉਸ ਦੀ ਸਲਾਹ ਮੰਨ ਕੇ ਮੈਂ ਚੁੰਗੀ ਦੀ ਚੌਕੀ ’ਤੇ ਗਿਆ ਅਤੇ ਪਾਣੀ ਮੰਗਿਆ। ਅਫ਼ਸਰ ਨੇ ਪੁੱਛਿਆ, ‘‘ਤੂੰ ਕੌਣ ਹੈਂ?’’ ਮੈਂ ਜਵਾਬ ਦਿੱਤਾ, ‘‘ਅਸੀਂ ਮੁਸਲਮਾਨ ਹਾਂ।’ ਮੈਨੂੰ ਉਰਦੂ ਚੰਗੀ ਤਰ੍ਹਾਂ ਆਉਂਦੀ ਸੀ, ਇਸ ਲਈ ਮੈਂ ਜਾਣਬੁੱਝ ਕੇ ਉਰਦੂ ਵਿੱਚ ਗੱਲ ਕੀਤੀ ਤਾਂ ਜੋ ਮੇਰੀ ਪਛਾਣ ’ਤੇ ਕੋਈ ਸ਼ੱਕ ਨਾ ਕਰੇ, ਪਰ ਇਹ ਜੁਗਤ ਵੀ ਕੰਮ ਨਾ ਆਈ। ਉਸ ਨੇ ਬੜੇ ਰੁੱਖੇਪਣ ਨਾਲ ਜਵਾਬ ਦਿੱਤਾ, ‘‘ਕਿਉਂ, ਤੇਰੇ ਲਈ ਇੱਥੇ ਕਿਸੇ ਨੇ ਪਾਣੀ ਭਰ ਕੇ ਰੱਖਿਆ ਹੈ? ਪਹਾੜੀ ’ਤੇ ਪਾਣੀ ਹੈ, ਜੇ ਚਾਹੀਦਾ ਹੈ ਤਾਂ ਜਾ ਕੇ ਲੈ ਆ। ਮੇਰੇ ਕੋਲ ਕੋਈ ਪਾਣੀ-ਧਾਣੀ ਨਹੀਂ ਹੈ।’’ ਇਹ ਕਹਿ ਕੇ ਉਸ ਨੇ ਮੈਨੂੰ ਉੱਥੋਂ ਟਾਲ ਦਿੱਤਾ। ਮੈਂ ਉਦਾਸ ਮਨ ਨਾਲ ਗੱਡੀ ਕੋਲ ਵਾਪਸ ਆ ਗਿਆ ਅਤੇ ਸਾਰੀ ਗੱਲ ਭਰਾ ਨੂੰ ਦੱਸੀ। ਪਤਾ ਨਹੀਂ ਭਰਾ ਦੇ ਮਨ ਵਿੱਚ ਕੀ ਚੱਲ ਰਿਹਾ ਸੀ, ਉਸ ਨੇ ਬਸ ਇੰਨਾ ਹੀ ਕਿਹਾ, ‘‘ਹੁਣ ਚੁੱਪਚਾਪ ਲੰਮੇ ਪੈ ਜਾਓ।’’
ਬੈਲ ਗੱਡੀ ਤੋਂ ਬਲਦਾਂ ਨੂੰ ਅੱਡ ਕਰ ਦਿੱਤਾ ਗਿਆ ਅਤੇ ਗੱਡੀ ਨੂੰ ਇਸ ਤਰ੍ਹਾਂ ਖੜ੍ਹਾ ਕੀਤਾ ਗਿਆ ਕਿ ਉਸ ਦਾ ਪਿਛਲਾ ਹਿੱਸਾ ਜ਼ਮੀਨ ਨਾਲ਼ ਟਿਕ ਜਾਵੇ ਅਤੇ ਅਗਲਾ ਭਾਗ ਹਵਾ ਵਿੱਚ ਉੱਪਰ ਉੱਠਿਆ ਰਹੇ। ਅਸੀਂ ਬੈਲ-ਗੱਡੀ ਦੇ ਅੰਦਰਲੇ ਤਖ਼ਤਿਆਂ ’ਤੇ ਹੀ ਆਪਣੇ ਬਿਸਤਰ ਵਿਛਾ ਲਏ ਅਤੇ ਸਰੀਰ ਨੂੰ ਆਰਾਮ ਦੇਣ ਲਈ ਉੱਥੇ ਹੀ ਲੰਮੇ ਪੈ ਗਏ। ਹੁਣ ਅਸੀਂ ਇੱਕ ਸੁਰੱਖਿਅਤ ਜਗ੍ਹਾ ’ਤੇ ਸਾਂ। ਇਸ ਲਈ ਸਾਨੂੰ ਇਸ ਗੱਲ ਦਾ ਫ਼ਿਕਰ ਨਹੀਂ ਸੀ ਕਿ ਅੱਗੇ ਕੀ ਹੋਵੇਗਾ, ਪਰ ਸਾਡਾ ਮਨ ਰਹਿ-ਰਹਿ ਕੇ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਵੱਲ ਚਲਾ ਜਾਂਦਾ ਸੀ। ਸਾਡੇ ਕੋਲ਼ ਖਾਣਾ ਤਾਂ ਬਹੁਤ ਸੀ ਅਤੇ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਸੀ, ਪਰ ਸਾਨੂੰ ਭੁੱਖੇ-ਭਾਣੇ ਹੀ ਸੌਣਾ ਪਿਆ। ਇਸ ਦਾ ਕਾਰਨ ਸਿਰਫ਼ ਇਹ ਸੀ ਕਿ ਸਾਨੂੰ ਪਾਣੀ ਨਹੀਂ ਮਿਲ ਸਕਿਆ ਕਿਉਂਕਿ ਅਸੀਂ ‘ਅਛੂਤ’ ਸਾਂ। ਮੇਰੇ ਮਨ ਵਿੱਚ ਆਖ਼ਰੀ ਖ਼ਿਆਲ ਇਹੀ ਆਇਆ ਕਿ ਹੁਣ ਅਸੀਂ ਸੁਰੱਖਿਅਤ ਹਾਂ, ਪਰ ਮੇਰਾ ਵੱਡਾ ਭਰਾ ਅਜੇ ਵੀ ਸ਼ੰਕੇ ਵਿੱਚ ਸੀ। ਉਸ ਨੇ ਕਿਹਾ ਕਿ ਸਾਨੂੰ ਚਾਰਾਂ ਨੂੰ ਇਕੱਠੇ ਨਹੀਂ ਸੌਣਾ ਚਾਹੀਦਾ ਕਿਉਂਕਿ ਕੁਝ ਵੀ ਅਣਸੁਖਾਵਾਂ ਵਾਪਰ ਸਕਦਾ ਹੈ। ਉਸ ਨੇ ਸਲਾਹ ਦਿੱਤੀ ਕਿ ਸਾਡੇ ਵਿੱਚੋਂ ਦੋ ਜਣੇ ਸੌਣਗੇ ਅਤੇ ਦੋ ਪਹਿਰੇਦਾਰੀ ਕਰਨਗੇ। ਇਸ ਤਰ੍ਹਾਂ ਅਸੀਂ ਉਹ ਰਾਤ ਪਹਾੜੀ ਦੀ ਤਰਾਈ ਵਿੱਚ ਗੁਜ਼ਾਰੀ।
ਸਵੇਰੇ ਪੰਜ ਵਜੇ ਕੋਚਵਾਨ ਆਇਆ ਅਤੇ ਕਹਿਣ ਲੱਗਾ ਕਿ ਸਾਨੂੰ ਫ਼ੌਰਨ ਗੋਰੇਗਾਓਂ ਲਈ ਚੱਲ ਪੈਣਾ ਚਾਹੀਦਾ ਹੈ, ਪਰ ਅਸੀਂ ਸਾਫ਼ ਮਨ੍ਹਾਂ ਕਰ ਦਿੱਤਾ ਅਤੇ ਕਹਿ ਦਿੱਤਾ ਕਿ ਅਸੀਂ ਅੱਠ ਵਜੇ ਤੋਂ ਪਹਿਲਾਂ ਬਿਲਕੁਲ ਨਹੀਂ ਹਿੱਲਾਂਗੇ। ਅਸੀਂ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ ਸਾਂ। ਕੋਚਵਾਨ ਅੱਗੋਂ ਕੁਝ ਨਾ ਬੋਲਿਆ। ਅਖ਼ੀਰ ਅਸੀਂ ਅੱਠ ਵਜੇ ਉੱਥੋਂ ਚੱਲੇ ਅਤੇ ਗਿਆਰਾਂ ਵਜੇ ਗੋਰੇਗਾਓਂ ਪਹੁੰਚ ਗਏ। ਪਿਤਾ ਜੀ ਸਾਨੂੰ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਾਡੇ ਆਉਣ ਦੀ ਕੋਈ ਖ਼ਬਰ ਹੀ ਨਹੀਂ ਸੀ। ਅਸੀਂ ਜਦੋਂ ਦੱਸਿਆ ਕਿ ਅਸੀਂ ਤਾਂ ਸੂਚਨਾ ਭੇਜ ਦਿੱਤੀ ਸੀ ਤਾਂ ਉਨ੍ਹਾਂ ਨੇ ਕੋਈ ਵੀ ਚਿੱਠੀ ਮਿਲਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਪਤਾ ਲੱਗਿਆ ਕਿ ਗ਼ਲਤੀ ਪਿਤਾ ਜੀ ਦੇ ਨੌਕਰ ਦੀ ਸੀ; ਉਸ ਨੂੰ ਚਿੱਠੀ ਮਿਲ ਤਾਂ ਗਈ ਸੀ, ਪਰ ਉਹ ਪਿਤਾ ਜੀ ਨੂੰ ਦੇਣੀ ਭੁੱਲ ਗਿਆ ਸੀ। ਮੇਰੀ ਜ਼ਿੰਦਗੀ ਵਿੱਚ ਇਸ ਘਟਨਾ ਦੀ ਬਹੁਤ ਅਹਿਮ ਜਗ੍ਹਾ ਹੈ। ਉਸ ਸਮੇਂ ਮੈਂ ਸਿਰਫ਼ ਨੌਂ ਸਾਲ ਦਾ ਬੱਚਾ ਸਾਂ, ਪਰ ਇਸ ਹਾਦਸੇ ਨੇ ਮੇਰੇ ਮਨ ’ਤੇ ਕਦੇ ਨਾ ਮਿਟਣ ਵਾਲੀ ਛਾਪ ਛੱਡੀ। ਇਸ ਤੋਂ ਪਹਿਲਾਂ ਮੈਂ ਇਹ ਤਾਂ ਜਾਣਦਾ ਸਾਂ ਕਿ ਮੈਂ ਅਛੂਤ ਹਾਂ ਅਤੇ ਅਛੂਤਾਂ ਨੂੰ ਅਪਮਾਨਜਨਕ ਹਾਲਾਤ ਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਮਿਸਾਲ ਵਜੋਂ, ਮੈਨੂੰ ਪਤਾ ਸੀ ਕਿ ਮੈਂ ਸਕੂਲ ਵਿੱਚ ਜਮਾਤ ਦੇ ਬਾਕੀ ਵਿਦਿਆਰਥੀਆਂ ਦੇ ਵਿਚਕਾਰ ਨਹੀਂ ਬੈਠ ਸਕਦਾ ਸਗੋਂ ਮੈਨੂੰ ਇੱਕ ਨੁੱਕਰ ਵਿੱਚ ਇਕੱਲਿਆਂ ਬੈਠਣਾ ਪੈਂਦਾ ਸੀ। ਮੈਨੂੰ ਪਤਾ ਸੀ ਕਿ ਸਕੂਲ ਵਿੱਚ ਮੈਨੂੰ ਆਪਣੇ ਬੈਠਣ ਲਈ ਟਾਟ ਦਾ ਟੁਕੜਾ ਖ਼ੁਦ ਨਾਲ ਲੈ ਕੇ ਆਉਣਾ ਪੈਂਦਾ ਸੀ ਅਤੇ ਸਕੂਲ ਦਾ ਸਫ਼ਾਈ ਸੇਵਕ ਮੇਰੇ ਟਾਟ ਨੂੰ ਹੱਥ ਤੱਕ ਨਹੀਂ ਸੀ ਲਾਉਂਦਾ। ਮੈਨੂੰ ਉਹ ਟਾਟ ਰੋਜ਼ ਸ਼ਾਮ ਨੂੰ ਘਰ ਲਿਜਾਣਾ ਪੈਂਦਾ ਅਤੇ ਅਗਲੀ ਸਵੇਰ ਫਿਰ ਨਾਲ ਲੈ ਕੇ ਆਉਣਾ ਪੈਂਦਾ ਸੀ। ਸਕੂਲ ਵਿੱਚ ਮੈਂ ਇਹ ਵੀ ਦੇਖਦਾ ਸਾਂ ਕਿ ਸਵਰਣ ਜਾਤੀ ਦੇ ਬੱਚੇ ਪਿਆਸ ਲੱਗਣ ’ਤੇ ਟੂਟੀ ਖੋਲ੍ਹ ਕੇ ਆਪਣੀ ਪਿਆਸ ਬੁਝਾ ਲੈਂਦੇ ਸਨ; ਉਨ੍ਹਾਂ ਨੂੰ ਸਿਰਫ਼ ਅਧਿਆਪਕ ਦੀ ਆਗਿਆ ਦੀ ਲੋੜ ਹੁੰਦੀ ਸੀ, ਪਰ ਮੇਰੀ ਸਥਿਤੀ ਬਿਲਕੁਲ ਵੱਖਰੀ ਸੀ। ਮੈਂ ਟੂਟੀ ਨੂੰ ਛੂਹ ਨਹੀਂ ਸੀ ਸਕਦਾ। ਜਦੋਂ ਤੱਕ ਕੋਈ ਸਵਰਣ ਜਾਤੀ ਦਾ ਵਿਅਕਤੀ ਮੇਰੇ ਲਈ ਨਲ ਨਾ ਖੋਲ੍ਹਦਾ, ਮੈਂ ਆਪਣੀ ਪਿਆਸ ਨਹੀਂ ਸੀ ਬੁਝਾ ਸਕਦਾ।
ਮੇਰੇ ਮਾਮਲੇ ਵਿੱਚ ਸਿਰਫ਼ ਅਧਿਆਪਕ ਦੀ ਮਨਜ਼ੂਰੀ ਹੀ ਕਾਫ਼ੀ ਨਹੀਂ ਸੀ, ਸਗੋਂ ਸਕੂਲ ਦੇ ਚਪੜਾਸੀ ਦੀ ਹਾਜ਼ਰੀ ਵੀ ਜ਼ਰੂਰੀ ਹੁੰਦੀ ਸੀ। ਉਹ ਇਕੱਲਾ ਅਜਿਹਾ ਵਿਅਕਤੀ ਸੀ ਜਿਸ ਦੀ ਸੇਵਾ ਅਧਿਆਪਕ ਇਸ ਕੰਮ (ਪਾਣੀ ਪਿਲਾਉਣ) ਲਈ ਲੈ ਸਕਦਾ ਸੀ। ਜੇਕਰ ਕਿਸੇ ਦਿਨ ਚਪੜਾਸੀ ਨਾ ਹੁੰਦਾ ਤਾਂ ਮੈਨੂੰ ਸਾਰਾ ਦਿਨ ਪਿਆਸਾ ਹੀ ਰਹਿਣਾ ਪੈਂਦਾ ਸੀ। ਇਸ ਸਥਿਤੀ ਨੂੰ ਸੰਖੇਪ ਵਿੱਚ ਇਉਂ ਬਿਆਨ ਕੀਤਾ ਜਾ ਸਕਦਾ ਹੈ ਕਿ ‘ਚਪੜਾਸੀ ਨਹੀਂ, ਤਾਂ ਪਾਣੀ ਵੀ ਨਹੀਂ।’ ਮੈਂ ਜਾਣਦਾ ਸਾਂ ਕਿ ਘਰ ਵਿੱਚ ਕੱਪੜੇ ਧੋਣ ਦਾ ਕੰਮ ਮੇਰੀਆਂ ਭੈਣਾਂ ਹੀ ਕਰਦੀਆਂ ਸਨ। ਅਜਿਹਾ ਨਹੀਂ ਸੀ ਕਿ ਸਤਾਰਾ ਵਿੱਚ ਧੋਬੀ ਨਹੀਂ ਸਨ ਜਾਂ ਸਾਡੇ ਕੋਲ ਉਨ੍ਹਾਂ ਨੂੰ ਦੇਣ ਲਈ ਪੈਸੇ ਨਹੀਂ ਸਨ। ਮੇਰੀਆਂ ਭੈਣਾਂ ਨੂੰ ਕੱਪੜੇ ਇਸ ਲਈ ਧੋਣੇ ਪੈਂਦੇ ਸਨ ਕਿਉਂਕਿ ਅਸੀਂ ਅਛੂਤ ਸਾਂ ਅਤੇ ਕੋਈ ਵੀ ਧੋਬੀ ਅਛੂਤਾਂ ਦੇ ਕੱਪੜੇ ਧੋਣ ਲਈ ਤਿਆਰ ਨਹੀਂ ਹੁੰਦਾ ਸੀ। ਇਸੇ ਤਰ੍ਹਾਂ ਸਾਡੀ ਹਜਾਮਤ ਕਰਨ ਜਾਂ ਵਾਲ ਕੱਟਣ ਦਾ ਕੰਮ ਵੀ ਸਾਡੀ ਵੱਡੀ ਭੈਣ ਹੀ ਕਰਦੀ ਸੀ, ਜੋ ਸਾਡੇ ਵਾਲ ਕੱਟ-ਕੱਟ ਕੇ ਇਸ ਕੰਮ ਵਿੱਚ ਮਾਹਿਰ ਹੋ ਗਈ ਸੀ। ਇੱਥੇ ਵੀ ਕਾਰਨ ਪੈਸੇ ਦੀ ਕਮੀ ਨਹੀਂ ਸੀ, ਸਗੋਂ ਇਹ ਸੀ ਕਿ ਕੋਈ ਵੀ ਨਾਈ ਕਿਸੇ ਅਛੂਤ ਦੇ ਵਾਲਾਂ ਨੂੰ ਹੱਥ ਲਗਾਉਣ ਲਈ ਤਿਆਰ ਨਹੀਂ ਸੀ। ਇਹ ਸਭ ਗੱਲਾਂ ਮੇਰੀ ਜਾਣਕਾਰੀ ਵਿੱਚ ਸਨ, ਪਰ ਮਸੂਰ ਤੋਂ ਗੋਰੇਗਾਓਂ ਤੱਕ ਦੀ ਉਸ ਘਟਨਾ ਨੇ ਮੈਨੂੰ ਅਜਿਹਾ ਝਟਕਾ ਦਿੱਤਾ ਜੋ ਪਹਿਲਾਂ ਕਦੇ ਨਹੀਂ ਸੀ ਲੱਗਿਆ। ਉਸ ਹਾਦਸੇ ਨੇ ਮੈਨੂੰ ਛੂਤਛਾਤ ਬਾਰੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ। ਇਸ ਘਟਨਾ ਤੋਂ ਪਹਿਲਾਂ ਛੂਤ-ਛਾਤ ਮੇਰੇ ਲਈ ਵੀ ਇੱਕ ਆਮ ਜਿਹੀ ਗੱਲ ਸੀ, ਜਿਵੇਂ ਕਿ ਇਹ ਉਸ ਸਮੇਂ ਦੇ ਬਹੁਤ ਸਾਰੇ ਸਵਰਣਾਂ ਅਤੇ ਅਛੂਤਾਂ ਲਈ ਸੀ।
ਡਾ. ਬੀ ਆਰ ਅੰਬੇਡਕਰ ਦੀ ਸਵੈ-ਜੀਵਨੀ ‘Waiting for a Visa’ ਅੱਜ ਵੀ ਕੋਲੰਬੀਆ ਯੂਨੀਵਰਸਿਟੀ ਵਿੱਚ ਪਾਠ ਪੁਸਤਕ ਵਜੋਂ ਪੜ੍ਹਾਈ ਜਾਂਦੀ ਹੈ। ਹਥਲਾ ਲੇਖ ਇਸੇ ਸਵੈ-ਜੀਵਨੀ ਦੇ ਅੰਸ਼ਾਂ ’ਤੇ ਆਧਾਰਿਤ ਹੈ, ਜਿਸ ਨੂੰ ਪੰਜਾਬੀ ਰੂਪ ਡਾ. ਹਰਪ੍ਰੀਤ ਸਿੰਘ (ਸੰਪਰਕ: 94643-15244) ਨੇ ਦਿੱਤਾ ਹੈ।
