ਮੈਂ ਮੰਗਤਾ ਨਹੀਂ ਹਾਂ
ਬਿਜਲੀ ਦੇ ਬਿੱਲ ਭਰਨ ਦਾ ਆਖਰੀ ਦਿਨ ਹੋਣ ਕਰਕੇ ਗਾਹਕਾਂ ਦੀ ਭੀੜ ਸੀ। ਵਿਹਲਾ ਹੋ ਕੇ ਨਜ਼ਰ ਘੁਮਾਈ ਤਾਂ ਬੈਂਚ ਦੇ ਸਿਰੇ ’ਤੇ ਇੱਕ ਜਾਣਿਆ-ਪਛਾਣਿਆ ਚਿਹਰਾ ਬੈਠਾ ਨਜ਼ਰ ਆਇਆ। ਮੈਂ ਕਿਹਾ “ਬਜ਼ੁਰਗੋ, ਅੱਗੇ ਆ ਜਾਓ।” ਆਪਣੀ ਟੇਢੀ-ਮੇਢੀ ਸੋਟੀ ਨੂੰ ਸੰਭਾਲਦਾ...
ਬਿਜਲੀ ਦੇ ਬਿੱਲ ਭਰਨ ਦਾ ਆਖਰੀ ਦਿਨ ਹੋਣ ਕਰਕੇ ਗਾਹਕਾਂ ਦੀ ਭੀੜ ਸੀ। ਵਿਹਲਾ ਹੋ ਕੇ ਨਜ਼ਰ ਘੁਮਾਈ ਤਾਂ ਬੈਂਚ ਦੇ ਸਿਰੇ ’ਤੇ ਇੱਕ ਜਾਣਿਆ-ਪਛਾਣਿਆ ਚਿਹਰਾ ਬੈਠਾ ਨਜ਼ਰ ਆਇਆ। ਮੈਂ ਕਿਹਾ “ਬਜ਼ੁਰਗੋ, ਅੱਗੇ ਆ ਜਾਓ।” ਆਪਣੀ ਟੇਢੀ-ਮੇਢੀ ਸੋਟੀ ਨੂੰ ਸੰਭਾਲਦਾ ਉਹ ਮੇਰੇ ਸਾਹਮਣੇ ਆ ਕੇ ਬੋਲਿਆ, “ਪਛਾਣਿਆ ਨਹੀਂ?” ਆਵਾਜ਼ ਪਛਾਣ ਕੇ ਮੈਂ ਬੜੇ ਧਿਆਨ ਨਾਲ ਉਸ ਦਾ ਚਿਹਰਾ ਦੇਖਿਆ। ਇਹ ਤਾਂ ਮਲਕੀਤ ਸੀ। ਕਰੜ-ਬਰੜੀ ਦਾੜ੍ਹੀ, ਸਿਰ ਦੇ ਵਾਲ ਉੱਘੜ-ਦੁੱਘੜੇ, ਡੱਬੀਆਂ ਵਾਲੀ ਖੇਸੀ ਦੀ ਬੁੱਕਲ ਮਾਰੀ ਹੋਈ, ਹੱਥ ਵਿੱਚ ਤੂਤ ਦੀ ਖੁੰਘਿਆਂ ਵਾਲੀ ਲੰਬੀ ਸੋਟੀ। ਵੀਹ ਕੁ ਸਾਲ ਪਹਿਲਾਂ ਪਰਿਵਾਰ ਸਮੇਤ ਅਮਰੀਕਾ ਜਾ ਵਸਿਆ ਸੀ। ਦੋ-ਤਿੰਨ ਸਾਲ ਬਾਅਦ ਆਪਣੇ ਪਿੰਡ ਦਾ ਗੇੜਾ ਮਾਰਦਾ ਰਿਹਾ ਪਰ ਇਸ ਵਾਰ ਕਈ ਸਾਲਾਂ ਬਾਅਦ ਪਰਤਿਆ ਸੀ।
ਹਾਲ ਤਾਂ ਮੈਂ ਦੇਖ ਹੀ ਲਿਆ ਸੀ, ਪਰ ਹੱਥ ਵਿੱਚ ਸੋਟੀ ਫੜੀ ਹੋਣ ਕਰਕੇ ਚਾਲ ਬਾਰੇ ਪੁੱਛਣਾ ਪਿਆ। ਕਹਿੰਦਾ “ਲੱਤਾਂ ਨਹੀਂ ਚੱਲਦੀਆਂ, ਇਸ ਲਈ ਆਹ ਸੋਟੀ ਫੜਨੀ ਪੈ ਗਈ। ਮੈਂ ਸ਼ਿੰਦੇ ਨੂੰ ਪੈਸੇ ਦੇ ਕੇ ਖੂੰਡੀ ਲੈਣ ਭੇਜਿਆ ਸੀ ਪਰ ਖੂੰਡੀ ਮਹਿੰਗੀ ਸੀ। ਉਹ ਖੂਹ ਤੋਂ ਆਹ ਤੂਤ ਦੀ ਸੋਟੀ ਵੱਢ ਲਿਆਇਆ। ਦੋ ਕੁ ਦਿਨਾਂ ਤੋਂ ਇਸ ਦੇ ਸਹਾਰੇ ਤੁਰਿਆ ਫਿਰਦਾਂ।” ਮੈਂ ਚਾਹ-ਪਾਣੀ ਪੁੱਛਣ ਤੋਂ ਬਾਅਦ ਪਰਿਵਾਰ ਦੀ ਸੁੱਖ-ਸਾਂਦ ਪੁੱਛੀ ਤਾਂ ਉਹ ਚੁੱਪ ਹੋ ਗਿਆ। ਥੋੜ੍ਹਾ ਠਹਿਰ ਕੇ ਗੱਚ ਨੂੰ ਸਾਫ਼ ਕਰਦਾ ਹੋਇਆ ਬੋਲਿਆ, “ਅੱਠ ਸਾਲ ਪਹਿਲਾਂ ਜਦੋਂ ਮੈਂ ਇੰਡੀਆ ਤੋਂ ਵਾਪਸ ਗਿਆ, ਘਰ ਤਾਂ ਉਦੋਂ ਹੀ ਟੁੱਟ ਗਿਆ ਸੀ। ਪਰਿਵਾਰ ਨਾਲ ਛੋਟੇ-ਛੋਟੇ ਬਹਾਨਿਆਂ ਕਰਕੇ ਮਨ-ਮੁਟਾਵ ਰਹਿਣ ਲੱਗਾ। ਅਖੀਰ ਮੈਨੂੰ ਹੀ ਦੂਸਰੇ ਸ਼ਹਿਰ ਟਿਕਾਣਾ ਕਰਨਾ ਪੈ ਗਿਆ। ਹੁਣ ਤਾਂ ਉਨ੍ਹਾਂ ਨਾਲ ਬੋਲ-ਚਾਲ ਵੀ ਨਹੀਂ, ...ਅੱਛਾ, ਮੈਂ ਚੱਲਦਾਂ” ਕਹਿੰਦਾ ਹੋਇਆ ਉਹ ਆਪਣੀ ਸੋਟੀ ਅਤੇ ਪਲਾਸਟਿਕ ਦਾ ਲਿਫਾਫਾ ਚੁੱਕ ਕੇ ਬਾਹਰ ਨਿਕਲ ਗਿਆ। ਬੇ-ਜ਼ਮੀਨੇ ਕਿਸਾਨ ਦਾ ਪੁੱਤ ਅੱਸੀਵਿਆਂ ਵਿੱਚ ਜਰਮਨੀ ਚਲਾ ਗਿਆ ਸੀ। ਉੱਥੋਂ ਦੀ ਕਮਾਈ ਨਾਲ ਸੱਤ ਖੇਤ ਖਰੀਦਣ ਤੋਂ ਬਾਅਦ ਹੀ ਮੁੜਿਆ। ਸਿਆੜਾਂ ਦਾ ਮਾਲਕ ਹੋਣ ਕਰਕੇ ਰਿਸ਼ਤੇ ਆਉਣ ਲੱਗ ਪਏ, ਵਿਆਹਿਆ ਗਿਆ। ਵਿਦੇਸ਼ ਆਉਣ-ਜਾਣ ਲੱਗਾ ਰਿਹਾ। ਚੰਗੇ ਗੁਜ਼ਾਰੇ ਜੋਗੀ ਜਾਇਦਾਦ ਬਣਾ ਲਈ। ਚਾਰ ਕੁ ਸਾਲ ਇੰਗਲੈਂਡ ਵੀ ਲਾਏ। ਸਹੁਰਿਆਂ ਵੱਲੋਂ ਬਲੱਡ ਰਿਲੇਸ਼ਨ ਦੇ ਆਧਾਰ ’ਤੇ ਵੀਹ ਕੁ ਸਾਲ ਪਹਿਲਾਂ ਸਾਰਾ ਪਰਿਵਾਰ ਅਮਰੀਕਾ ਜਾ ਵਸਿਆ।
ਖ਼ੈਰ, ਪੰਜ-ਛੇ ਦਿਨਾਂ ਬਾਅਦ ਦੁਪਹਿਰ ਵੇਲੇ ਮਲਕੀਤ ਹੌਲੀ-ਹੌਲੀ ਤੁਰਦਾ ਹੋਇਆ ਦੁਬਾਰਾ ਆਇਆ। ਇਸ ਵਾਰ ਉਸ ਦੇ ਹੱਥ ਵਿੱਚ ਖੁੰਘਿਆਂ ਵਾਲੀ ਸੋਟੀ ਦੀ ਥਾਂ ਗੋਲ ਹੈਂਡਲ ਵਾਲੀ ਬੈਂਤ ਦੀ ਖੂੰਡੀ ਸੀ। ਦਾੜ੍ਹੀ ਅਤੇ ਸਿਰ ਦੇ ਵਾਲ ਕੱਟੇ ਹੋਏ, ਸਲੇਟੀ ਰੰਗ ਦਾ ਕਮੀਜ਼-ਪਜਾਮਾ ਅਤੇ ਦੇਸੀ ਜੁੱਤੀ ਪਹਿਨੀ ਹੋਈ। ਮੈਂ ਕਿਹਾ “ਤੇਰੀ ਤਾਂ ਸ਼ਕਲ ਹੀ ਬਦਲ ਗਈ, ਹੁਣ ਬਾਹਰੋਂ ਆਇਆ ਲੱਗਦੈਂ।” ਕਹਿਣ ਲੱਗਾ, “ਛੋਟੇ ਹੁੰਦੇ ਜਦੋਂ ਮੈਂ ਘਰੋਂ ਬਾਹਰ ਗਲੀ ਦੇ ਬੱਚਿਆਂ ਨਾਲ ਖੇਡਣ ਲਈ ਨਿਕਲਣਾ ਤਾਂ ਗੁਆਂਢਣਾਂ ਨੇ ਆਪੋ-ਆਪਣੇ ਬੱਚਿਆਂ ਨੂੰ ਘਰੀਂ ਵਾੜ ਲੈਣਾ। ਸਾਡੇ ਘਰ ਦੇ ਹਾਲਾਤ ਹੀ ਇਹੋ ਜਿਹੇ ਸੀ ਕਿ ਇੱਕ ਵੇਲੇ ਦੀ ਖਾ ਕੇ ਦੂਜੇ ਵੇਲੇ ਦਾ ਫਿਕਰ ਹੁੰਦਾ ਸੀ। ਅੱਜ ਮੇਰੇ ਕੋਲ ਬਹੁਤ ਕੁਝ ਹੈ, ਦੂਜਿਆਂ ਦੀ ਮਦਦ ਕਰਨ ਦੀ ਸਮਰੱਥਾ ਵੀ ਰੱਖਦਾਂ, ਪਰ ਜਦੋਂ ਲੰਘਿਆ ਵੇਲਾ ਯਾਦ ਆਉਂਦਾ, ਕਿਸੇ ਨੂੰ ਬੁਲਾਉਣ ਨੂੰ ਜੀਅ ਨਹੀਂ ਕਰਦਾ। ਕੱਲ੍ਹ ਕਟਿੰਗ ਕਰਵਾਈ। ਇੱਕ ਦੁਕਾਨ ਤੋਂ ਆਹ ਬੈਂਤ ਦੀ ਖੂੰਡੀ ਮਿਲ ਗਈ। ਅਲਮਾਰੀ ਖੋਲ੍ਹੀ ਤਾਂ ਆਹ ਜੁੱਤੀ ਤੇ ਕਮੀਜ਼-ਪਜਾਮਾ ਹੱਥ ਲੱਗੇ, ਪਹਿਨ ਕੇ ਤੇਰੇ ਵੱਲ ਨੂੰ ਆ ਗਿਆ।” ਮੈਂ ਕਿਹਾ, “ਅੱਜ ਬੰਦਾ ਲੱਗਦੈਂ, ਓਦਣ ਤਾਂ ਮੰਗਤਾ ਜਿਹਾ ਲੱਗਦਾ ਸੀ।”
ਉਹ ਠਹਾਕਾ ਮਾਰ ਕੇ ਹੱਸਿਆ। ਕਹਿੰਦਾ, “ਲੈ, ਮੰਗਤੇ ਦੀ ਗੱਲ ਸੁਣ ਲਾ। ਮੈਂ ਸੋਟੀ ਫੜੀ ਤੇਰੇ ਕੋਲੋਂ ਨਿਕਲਿਆ। ਜਿੱਧਰ ਵੀ ਨਜ਼ਰ ਘੁਮਾਵਾਂ, ਸਭ ਕੁਝ ਬਦਲਿਆ-ਬਦਲਿਆ ਲੱਗੇ। ਅੱਠ ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ। ਜਾਂਦਾ-ਜਾਂਦਾ ਮੈਂ ਪਰਸ ਰਾਮ ਦੀ ਪ੍ਰਿੰਟਿੰਗ ਪ੍ਰੈਸ ਅੱਗੋਂ ਲੰਘਣ ਲੱਗਾ ਤਾਂ ਇੱਕ ਜਨਾਨੀ ਦੀ ਆਵਾਜ਼ ਸੁਣ ਕੇ ਰੁਕ ਗਿਆ।
ਉਹ ਅੱਡੇ ਵਿੱਚ ਮੰਗਤਿਆਂ ਬਾਰੇ ਗੱਲ ਕਰ ਰਹੀ ਸੀ ਕਿ ਕਿਵੇਂ ਹੱਥ ਵਿੱਚੋਂ ਪਰਸ ਖੋਹਣ ਨੂੰ ਫਿਰਦੇ ਹਨ। ਮੈਨੂੰ ਦੇਖ ਕੇ ਕਹਿੰਦੀ, “ਲੈ, ਇੱਕ ਆਹ ਖੜ੍ਹਾ... ਇਹ ਖਹਿੜਾ ਨਹੀਂ ਛੱਡਦੇ” ਕਹਿੰਦਿਆਂ ਦਸਾਂ ਦਾ ਨੋਟ ਮੇਰੇ ਅੱਗੇ ਸੁੱਟ ਕੇ ਤੁਰ ਪਈ। ਮੈਂ ਕਿਹਾ, “ਬੀਬੀ, ਮੈਂ ਮੰਗਤਾ ਨਹੀਂ।” “ਹੋਰ ਤੂੰ ਧੰਨਾ ਸੇਠ ਆਂ” ਇਹ ਕਹਿੰਦੀ ਹੋਈ ਉਹ ਤੇਜ਼ੀ ਨਾਲ ਬਾਹਰ ਨਿਕਲ ਗਈ। ਹੌਲੀ-ਹੌਲੀ ਤੁਰਦਾ ਮੈਂ ਆਲਾ-ਦੁਆਲਾ ਦੇਖਦਾ ਬਾਜ਼ਾਰ ਵਿੱਚ ਦੀ ਤੁਰਦਾ ਗਿਆ। ਬਾਜ਼ਾਰ 'ਚੋਂ ਨਿਕਲ ਕੇ ਮੈਂ ਘਰ ਨੇੜੇ ਚੁਰਾਹੇ ਵਿੱਚ ਆ ਗਿਆ। ਟਰਾਂਸਫਾਰਮਰ ਨੇੜੇ ਪਹੁੰਚਿਆ ਤਾਂ ਦੇਸੀ ਜਿਹਾ ਕੁੱਤਾ ਮੇਰੇ ਸਾਹਮਣੇ ਖੜ੍ਹ ਕੇ ਭੌਂਕਣ ਲੱਗਾ। ਆਪਣੇ ਬਚਾਅ ਲਈ ਮੈਂ ਸੋਟੀ ਘੁਮਾਈ ਪਰ ਉਹ ਮੇਰੀਆਂ ਲੱਤਾਂ ਨੂੰ ਵੱਢਣ ਪਿਆ। ਮੈਂ ਇੱਕ ਸੋਟੀ ਟਿਕਾਈ ਤਾਂ ਚਊਂ-ਚਊਂ ਕਰਦਾ ਭੱਜ ਪਿਆ। ਮੈਂ ਭੱਜੇ ਜਾਂਦੇ ਦੇ ਵਗਾਹ ਕੇ ਸੋਟੀ ਮਾਰੀ ਤਾਂ ਸੋਟੀ ਗਾਰ ਨਾਲ ਭਰੇ ਨਾਲੇ ਵਿੱਚ ਜਾ ਡਿੱਗੀ। ਨੇੜਲੇ ਘਰ ਦੇ ਦਰਵਾਜ਼ੇ ਵਿੱਚ ਖੜ੍ਹੀ ਜਨਾਨੀ ਨੂੰ ਮੈਂ ਕਿਹਾ, “ਬੀਬੀ, ਬੰਨ੍ਹ ਕੇ ਰੱਖਿਆ ਕਰੋ ਕੁੱਤਿਆਂ ਨੂੰ, ਹੁਣੇ ਮੇਰੀ ਲੱਤ ਪਾੜ ਦੇਣੀ ਸੀ।” ਅੱਗੋਂ ਉਹ ਕਹਿੰਦੀ, “ਕੁੱਤਾ ਤਾਂ ਬੜਾ ਸਮਝਦਾਰ ਆ, ਪਰ ਮੰਗਤਿਆਂ ਨੂੰ ਗਲੀ ’ਚੋਂ ਕੱਢ ਕੇ ਹੀ ਸਾਹ ਲੈਂਦਾ।” ਕੰਧਾਂ ਦਾ ਸਹਾਰਾ ਲੈਂਦਾ ਮੈਂ ਔਖਾ-ਸੌਖਾ ਘਰ ਤਾਂ ਪਹੁੰਚ ਗਿਆ, ਸਾਰੀ ਰਾਤ ਭਾਂ-ਭਾਂ ਕਰਦੇ ਘਰ ਦੀਆਂ ਕੰਧਾਂ ਵਿੱਚੋਂ ‘ਮੰਗਤਾ-ਮੰਗਤਾ’ ਦੀਆਂ ਆਵਾਜ਼ਾਂ ਦੀ ਠੱਕ-ਠੱਕ ਹੁੰਦੀ ਰਹੀ। ਕਦੇ ਮੈਨੂੰ ਆਪਣੇ-ਆਪ ’ਤੇ ਤਰਸ ਜਿਹਾ ਆਉਂਦਾ, ਕਦੇ ਆਪਣੇ-ਆਪ ਉੱਤੇ ਇਹ ਸੋਚ ਕੇ ਗੁੱਸਾ ਆਉਂਦਾ ਕਿ ਮੈਂ ਕੀਹਦੇ ਲਈ ਟੁੱਟ-ਟੁੱਟ ਮਰਦਾ ਰਿਹਾਂ? ਕਮਾ-ਕਮਾ ਕੇ ਪਿੱਛੇ ਸੁੱਟਦਾ ਰਿਹਾਂ, ਆਪ ਨਾ ਚੱਜ ਦਾ ਖਾਧਾ ਨਾ ਪਹਿਨਿਆ। ਇਹ ਕਹਿੰਦਿਆਂ ਉਸ ਦਾ ਗਲਾ ਭਰ ਆਇਆ। ਆਪਣੇ ਅੱਥਰੂ ਲੁਕਾਉਣ ਲਈ ਉਸ ਨੇ ਮੂੰਹ ਦੂਜੇ ਪਾਸੇ ਕਰਕੇ ਅੱਖਾਂ ਪੂੰਝੀਆਂ। ਅਗਲੇ ਦਿਨ ਉਹ ਫਿਰ ਆਇਆ। ਕਹਿੰਦਾ, “ਮਾਸਟਰ, ਮੇਰੇ ਰੰਡੀ-ਰੋਣੇ ਤਾਂ ਮੇਰੇ ਨਾਲ ਈ ਜਾਣਗੇ, ਮੈਂ ਤੇਰੇ ਕੋਲ ਬੈਠ ਕੇ ਆਪਣਾ ਦਿਲ ਫਰੋਲ ਲੈਨਾ, ਤੂੰ ਡਿਸਟਰਬ ਤਾਂ ਨਹੀਂ ਹੁੰਦਾ?” ਮੇਰੇ ‘ਨਹੀਂ’ ਕਹਿਣ ’ਤੇ ਉਹਨੇ ਗੱਲ ਅੱਗੇ ਤੋਰੀ, “ਤੈਨੂੰ ਇੱਕ ਵਾਕਿਆ ਸੁਣਾਉਣ ਲੱਗਾਂ। ਜਦੋਂ ਮੈਂ ਪਹਿਲੀ ਵਾਰ ਗੈਰ-ਕਾਨੂੰਨੀ ਢੰਗ ਨਾਲ ਇੰਗਲੈਂਡ ਗਿਆ, ਕਈ ਦਿਨਾਂ ਤੱਕ ਮੈਨੂੰ ਕੋਈ ਕੰਮ ਨਾ ਲੱਭਾ। ਰਹਿਣ ਦਾ ਟਿਕਾਣਾ ਮੇਰੇ ਵਰਗੇ ਹੋਰ ਤਿੰਨਾਂ ਨਾਲ ਰਲ ਕੇ ਹੋ ਗਿਆ।
ਰੋਜ਼ ਕੰਮ ਦੀ ਭਾਲ ਵਿੱਚ ਨਿਕਲਣਾ, ਅਣਜਾਣੇ ਨੂੰ ਕੋਈ ਕੰਮ ਨਾ ਦੇਵੇ। ਸਵੇਰੇ ਉੱਠ ਕੇ ਗੁਰਦੁਆਰੇ ਚਲੇ ਜਾਣਾ, ਲੰਗਰ ਛਕ ਕੇ ਕੰਮ ਲੱਭਣ ਤੁਰ ਪੈਣਾ। ਦਾੜ੍ਹੀ ਵਧ ਗਈ, ਕੱਪੜੇ ਧੋਣ ਲਈ ਸਾਬਣ ਜੋਗੇ ਪੈਸੇ ਨਹੀਂ ਸਨ, ਹਾਲਤ ਤਰਸਯੋਗ ਬਣ ਗਈ। ਇੱਕ ਦਿਨ ਸ਼ਾਮ ਵੇਲੇ ਥੱਕ-ਹਾਰ ਕੇ ਮੈਂ ਗੁਰਦੁਆਰੇ ਨੇੜੇ ਸੜਕ ਕਿਨਾਰੇ ਫੁੱਟਪਾਥ ’ਤੇ ਬਹਿ ਗਿਆ। ਅੱਖਾਂ ਮੀਚ ਕੇ ਸੋਚੀਂ ਪਿਆ ਹੋਇਆ ਸੀ ਕਿ ਮੈਨੂੰ ਪੋਲੇ-ਪੋਲੇ ਕਦਮਾਂ ਦੀ ਆਹਟ ਸੁਣਾਈ ਦਿੱਤੀ। ਮੂੰਹ ਉੱਪਰ ਚੁੱਕ ਕੇ ਦੇਖਿਆ ਤਾਂ ਇੱਕ ਬਜ਼ੁਰਗ ਔਰਤ ਮੇਰੇ ਅੱਗੇ ਦਸ ਪੌਂਡ ਦਾ ਨੋਟ ਰੱਖ ਕੇ ਕਾਹਲੀ ਨਾਲ ਕਾਰ ਵਿੱਚ ਬਹਿ ਕੇ ਚਲੀ ਗਈ। ਸ਼ਾਇਦ ਉਸ ਨੇ ਮੈਨੂੰ ਮੰਗਤਾ ਸਮਝ ਲਿਆ ਸੀ। ਮੈਂ ਉਸੇ ਮੁਦਰਾ ਵਿੱਚ ਘੰਟਾ ਕੁ ਬੈਠਾ ਰਿਹਾ। ਗੱਡੀਆਂ ’ਚੋਂ ਉੱਤਰ-ਉੱਤਰ ਕੇ ਲੋਕ ਮੇਰੇ ਅੱਗੇ ਪੌਂਡ-ਪੈਨੀਆਂ ਰੱਖਦੇ ਰਹੇ। ਹਨੇਰਾ ਹੋਣ ਲੱਗਾ ਸੀ, ਮੈਂ ਮਾਇਆ ਇਕੱਠੀ ਕੀਤੀ, ਗੁਰਦੁਆਰੇ ਜਾ ਕੇ ਲੰਗਰ ਛਕਿਆ ਤੇ ਰੈਣ-ਬਸੇਰੇ ਚਲਾ ਗਿਆ। ਮਾਇਆ ਗਿਣੀ ਤਾਂ ਨੱਬੇ ਪੌਂਡ ਨਿਕਲੇ। ਦੂਸਰੇ ਦਿਨ ਕੰਮ ਦੀ ਭਾਲ ਵਿੱਚ ਨਿਕਲਿਆ ਪਰ ਕਿਤੇ ਗੱਲ ਨਾ ਬਣੀ। ਸ਼ਾਮ ਵੇਲੇ ਫੇਰ ਪਿਛਲੇ ਦਿਨ ਵਾਲੀ ਜਗ੍ਹਾ ਜਾ ਕੇ ਬੈਠਾ ਹੀ ਸੀ ਕਿ ਇੱਕ ਅੱਧਖੜ ਜਿਹੇ ਪਾਕਿਸਤਾਨੀ ਨੇ ਮੇਰੀ ਬਾਂਹ ਫੜ ਕੇ ਮੈਨੂੰ ਉੱਥੋਂ ਉਠਾ ਦਿੱਤਾ ਅਤੇ ਆਪਣੀ ਬੋਰੀ ਵਿਛਾ ਕੇ ਬੈਠ ਗਿਆ। ਕਹਿਣ ਲੱਗਾ, ‘ਇਹ ਮੇਰੀ ਬੀਟ ਆ, ਮੈਂ ਬੌਸ ਨੂੰ ਹਿੱਸਾ ਭਰਦਾਂ। ਕੱਲ੍ਹ ਮੈਂ ਛੁੱਟੀ ’ਤੇ ਸੀ, ਤੂੰ ਫਾਇਦਾ ਚੁੱਕ ਲਿਆ। ਜੇ ਬੈਗਿੰਗ ਦਾ ਕੰਮ ਕਰਨਾ ਤਾਂ ਬੌਸ ਨੂੰ ਮਿਲ ਕੇ ਬੀਟ ਅਲਾਟ ਕਰਵਾ ਲੈ, ਨਹੀਂ ਤਾਂ ਤੈਨੂੰ ਬੁਰੇ ਨਤੀਜੇ ਭੁਗਤਣੇ ਪੈਣਗੇ’।
ਉਸ ਰਾਤ ਮੰਗਤਿਆਂ ਦੇ ਚਿਹਰੇ ਮੇਰੇ ਖਿਆਲਾਂ ਵਿੱਚ ਆਉਂਦੇ ਰਹੇ। ਮੈਂ ਆਪਣੇ-ਆਪ ਨੂੰ ਮੰਗਤੇ ਦੇ ਭੇਸ ਵਿੱਚ ਦੇਖਦਾ ਰਿਹਾ। ਮੇਰੇ ਮਾਂ-ਪਿਓ ਨੇ ਮੇਰਾ ਨਾਂ ਤਾਂ ਮਲਕੀਤ ਸਿੰਘ ਰੱਖਿਆ ਸੀ ਪਰ ਜਿਊਂਦੇ-ਜੀਅ ਮੈਨੂੰ ‘ਮੰਗੋ’ ਕਹਿ ਕੇ ਬੁਲਾਉਂਦੇ ਰਹੇ। ਇਹਦੇ ਨਾਲੋਂ ਤਾਂ ਚੰਗਾ ਸੀ ਮੇਰਾ ਨਾਂ ‘ਮੰਗਤਾ’ ਰੱਖ ਦਿੰਦੇ, ਕਿਸੇ ਦੇ ਮੰਗਤਾ ਕਹਿਣ ਨਾਲ ਦੁੱਖ ਨਹੀਂ ਹੋਣਾ ਸੀ।” ਮਲਕੀਤ ਸਿੰਘ ਉਰਫ਼ ਮੰਗੋ ਦੀ ਵਿੱਥਿਆ ਸੁਣਨ ਤੋਂ ਬਾਅਦ ਮੈਂ ਉਸ ਨੂੰ ਕੋਈ ਸਵਾਲ ਨਾ ਕਰ ਸਕਿਆ। ਉਸ ਦੇ ਅੰਦਰਲੇ ਦਰਦ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਸੰਪਰਕ: 98728-30235

