ਮੈਂ ਵੀ ਦਿੱਲੀ ਨੂੰ ਜਾਣਾ

ਮੈਂ ਵੀ ਦਿੱਲੀ ਨੂੰ ਜਾਣਾ

ਜਗਵੀਰ ਕੌਰ ਮੋਗਾ

ਮੇਰੇ ਸਾਥੀ ਮੇਰੀ ਸੁਣ ਲੈ ਪੁਕਾਰ ਵੇ,

ਮੈਨੂੰ ਦਿੱਲੀ ਨੂੰ ਲੈ ਚੱਲ ਨਾਲ ਵੇ,

ਵੇ ਮੈਂ ਵੇਖਣੀ ਆ ਦਿੱਲੀ ਇੱਕ ਵਾਰ ਵੇ,

ਮੈਨੂੰ ਦਿੱਲੀ ਨੂੰ ਲੈ ਚੱਲ ਨਾਲ ਵੇ।

ਵੇਖਾਂ ਉਹਦਾ ਰੰਗ ਵੇ ਕਿੰਨਾ ਕੁ ਹੈ ਉੱਡਿਆ,

ਅੰਨਦਾਤਾ ਵੇਖ ਵਾਂਗ ਬੱਦਲਾਂ ਦੇ ਗੱਜਿਆ,

ਫਿੱਕੀ ਕਿੰਨੀ ਕੁ ਪਈ ਉਹਦੇ ਚਿਹਰੇ ਦੀ ਨੁਹਾਰ ਵੇ,

ਮੈਂ ਵੇਖਾਂ ਤਾਂ ਚੱਲ ਇੱਕ ਵਾਰ ਵੇ,

ਮੇਰੇ ਸਾਥੀ ਮੇਰੀ ਸੁਣ ਲੈ ਪੁਕਾਰ ਵੇ,

ਮੈਨੂੰ ਦਿੱਲੀ ਨੂੰ ਲੈ ਚੱਲ ਨਾਲ ਵੇ।

ਚੁੱਲ੍ਹਾ-ਚੌਕਾ ਸਾਂਭ-ਸਾਂਭ ਮੇਰਾ ਭਰਿਆ ਏ ਜੀਅ ਵੇ,

ਰਹੀ ਨਾ ਜੇ ਪੈਲੀ ਫਿਰ ਰਿੰਨ੍ਹਣਾ ਹੈ ਕੀ ਵੇ,

ਛੱਡ ਫ਼ਿਕਰਾਂ ਨੂੰ ਪਰ੍ਹਾਂ ਗੋਲੀ ਮਾਰ ਵੇ,

ਚੱਲ ਲਾਈਏ ਗੱਲ ਆਰ ਜਾਂ ਹੁਣ ਪਾਰ ਵੇ,

ਮੇਰੇ ਸਾਥੀ ਮੇਰੀ ਸੁਣ ਲੈ ਪੁਕਾਰ ਵੇ,

ਮੈਨੂੰ ਦਿੱਲੀ ਨੂੰ ਲੈ ਚੱਲ ਨਾਲ ਵੇ।

ਸੰਪਰਕ: 76963-00539,73802-27706


ਕਾਰੋਬਾਰ

ਜਸਵੀਰ ਸੋਹਲ

ਚੱਲਿਆ ਕਾਰੋਬਾਰ ਹਵਾ ਦਾ

ਲੱਗਾ ਹੋਣ ਵਪਾਰ ਹਵਾ ਦਾ

ਕਿੰਨੀ ਛੇਤੀ ਪੈਦਾ ਹੋ ਗਿਆ

ਇੱਕ ਨਵਾਂ ਬਾਜ਼ਾਰ ਹਵਾ ਦਾ

ਆਪਣੇ ਹੀ ਲੋਕਾਂ ਤੋਂ ਦੇਖੋ

ਲੈਂਦੀ ਮੁੱਲ ਸਰਕਾਰ ਹਵਾ ਦਾ

ਭਾਰੀ ਕੀਮਤ ਦੇਣੀ ਪੈ ਗਈ

ਹੁੰਦਾ ਨੀ ਉਂਝ ਭਾਰ ਹਵਾ ਦਾ

ਖੰਡਾਂ ਤੋਂ ਬ੍ਰਹਿਮੰਡਾਂ ਤੀਕਰ

ਪੂਰਾ ਹੈ ਵਿਸਥਾਰ ਹਵਾ ਦਾ

ਕਦੋਂ ਹਨੇਰੀ ਬਣ ਕੇ ਆਏ

ਭੋਰਾ ਨ੍ਹੀਂ ਇਤਬਾਰ ਹਵਾ ਦਾ

ਇਹ ਵੀ ਸਾਰਾ ਦੋਸ਼ ਹੈ ਸਾਡਾ

ਬੰਦਾ ਹੈ ਗੁਨਹਗਾਰ ਹਵਾ ਦਾ

ਕਾਸ਼! ਅਸੀਂ ਵੀ ਕਰਦੇ ਸੋਹਲ

ਥੋੜ੍ਹਾ ਤਾਂ ਸਤਿਕਾਰ ਹਵਾ ਦਾ।

ਸੰਪਰਕ: 98144-21001


ਗ਼ਜ਼ਲ

ਅੰਜੂ ਅਮਨਦੀਪ ਗਰੋਵਰ

ਟਿਕਾ ਕੇ ਪੈਰ ਧਰਤੀ ’ਤੇ ਗਗਨ ਦੀ ਸੈਰ ਕਰਦੀ ਹੈ।

ਇਹ ਸਾਡੀ ਸੋਚ ਹੈ ਜੋ ਨਿੱਤ ਨਵੀਂ ਪਰਵਾਜ਼ ਭਰਦੀ ਹੈ।

ਅਨੇਕਾਂ ਤਾਜ ਉਹ ਜਿੱਤਦੀ, ਨਵੇਂ ਇਤਿਹਾਸ ਉਹ ਰਚਦੀ ,

ਮਗਰ ਨਾਰੀ ਤਾਂ ਮਰਦਾਂ ਦੇ ਸਿਤਮ ਹਾਲੇ ਵੀ ਜਰਦੀ ਹੈ।

ਕਰਾਂ ਮੈਂ ਮਾਣ ਕਿਸ ਗੱਲ ਦਾ ਕਿ ਮੇਰੇ ਦੇਸ਼ ਦੇ ਅੰਦਰ,

ਇਹ ਨੇਤਾ ਐਸ਼ ਕਰਦੇ ਨੇ ਤੇ ਜਨਤਾ ਭੁੱਖੀ ਮਰਦੀ ਹੈ।

ਨਹੀਂ ਹੈ ਹੋਰ ਕੋਈ ਮਾਂ ਬਿਨਾਂ ਇਸ ਜੱਗ ਦੇ ਅੰਦਰ,

ਇਹ ਮਾਂ ਹੀ ਹੈ ਜੋ ਅਪਣੇ ਬੱਚਿਆਂ ਦੇ ਦੁੱਖ ਹਰਦੀ ਹੈ।

ਬਦਲ ਜਾਂਦੇ ਨੇ ਸਾਰੇ ਅਰਥ ਧਰਮ ਪ੍ਰਚਾਰ ਦੇ ‘ਅੰਜੂ’,

ਜਦੋਂ ਵੀ ਧਰਮ ਦੇ ਅੰਦਰ ਸਿਆਸਤ ਪੈਰ ਧਰਦੀ ਹੈ।

ਸੰਪਰਕ: 99990-30821


ਮਾਈ ਲਾਲੀ ਦੀ ਭੱਠੀ

ਬੂਟਾ ਗੁਲਾਮੀ ਵਾਲਾ

ਪਿੰਡ ਦੇ ਐਨ ਵਿਚਾਲੇ, ਬਈ ਇੱਕ ਭੱਠੀ ਹੁੰਦੀ ਸੀ

ਉੱਤੇ ਕੜਾਹੀ ਦਾਣੇ ਭੁੰਨਣ ਲਈ, ਰੱਖੀ ਹੁੰਦੀ ਸੀ

ਢਲੀ ਦੁਪਹਿਰ ਤੋਂ ਸਾਫਿਆਂ ਦੇ ਲੜ, ਦਾਣੇ ਬੰਨ੍ਹ ਲਿਜਾਣੇ

ਮਾਈ ਲਾਲੀ ਦੀ ਭੱਠੀ ਤੋਂ, ਫਿਰ ਜਾ ਅਸੀਂ ਭੁੰਨਾਣੇ

ਤੁਰ ਪੈਂਦੇ ਸੀ ਭੱਠੀ ਵੱਲ ਨੂੰ, ਅੱਗੜ ਪਿੱਛੜ ਸਾਰੇ

ਦਾਦੇ ਪੋਤੇ ਬੁੱਢੇ ਬੱਚੇ, ਵਿਆਹੇ ਅਤੇ ਕੁਆਰੇ

ਆ ਜਾ ਪਿੱਪਲਾ ਆ ਜਾ ਕਿੱਕਰਾ ਭੱਠੀ ਉੱਤੇ ਚੱਲੀਏ

ਅੱਜ ਮੈਂ ਵਾਰੀ ਪਹਿਲਾਂ ਲੈਣੀ, ਜਾ ਕੇ ਤੇ ਥਾਂ ਮੱਲੀਏ

ਮਾਵਾਂ ਕੋਲੋਂ ਝੋਲੀਆਂ ਦੇ ਵਿੱਚ, ਦਾਣੇ ਬਈ ਪੁਆ ਕੇ

ਭੱਠੀ ਵੱਲ ਨੂੰ ਜਾਂਦੇ ਭੱਜੇ, ਹੱਥ ਨਿੱਕਰ ਨੂੰ ਪਾ ਕੇ

ਨੰਗ ਧੜੰਗੇ ਲਿੱਬੜੇ ਤਿੱਬੜੇ, ਤੁਰ ਪੈਂਦੇ ਸੀ ਬੱਚੇ

ਉਮਰ ਬਾਦਸ਼ਾਹ ਮੂੰਹ ’ਤੇ ਹਾਸੇ, ਦਿਲ ਦੇ ਵੀ ਨੇ ਸੱਚੇ

ਸਭ ਬਹਿੰਦੇ ਸੀ ਭੱਠੀ ਉੱਤੇ, ਕੀ ਗੁਰੂ ਕੀ ਚੇਲਾ

ਚਾਰ ਵਜੇ ਤੱਕ ਭੱਠੀ ਉੱਤੇ, ਲੱਗ ਜਾਂਦਾ ਸੀ ਮੇਲਾ

ਕੰਧ ਨਾਲ ਸੀ ਹੁੰਦੀ ਭੱਠੀ, ਛਾਂ ਪਰਛਾਵਾਂ ਕਰਦਾ

ਆਣ ਤਪਾਉਂਦੀ ਭੱਠੀ ਮਾਈ, ਮੋਹ ਛੱਡ ਕੇ ਬਈ ਘਰ ਦਾ

ਘਰੋਂ ਲਿਆ ਕੇ ਬਾਲਣ ਸੀ, ਉਹ ਭੱਠੀ ਆਣ ਤਪਾਉਂਦੀ

ਅੱਗ ਬਾਲਣ ਤੋਂ ਪਹਿਲਾ ਸੀ, ਉਹ ਰੱਬ ਨੂੰ ਧਿਆਉਂਦੀ

ਵਿਚ ਵਿਚਾਲੇ ਭੱਠੀ ਵਾਲੀ, ਚੁੰਗਾਂ ਬੈਠੀਆਂ ਪਾਸੇ

ਨਾ ਕੋਈ ਫ਼ਿਕਰ ਨਾ ਫਾਕਾ ਕੋਈ, ਹਾਸੇ ਹੀ ਬੱਸ ਹਾਸੇ

ਪਾ ਕੇ ਰੇਤਾ ਵਿਚ ਕੜਾਹੀ, ਅੱਗ ਬਾਲ ਸੀ ਦੇਂਦੀ

ਜਿਸ ਦੀ ਵਾਰੀ ਅੱਗ ਉਹ ਬਾਲੇ, ਸਭਨਾਂ ਤਾਈਂ ਕਹਿੰਦੀ

ਕੱਕਾ ਰੇਤਾ ਵਿੱਚ ਕੜਾਹੀ, ਪਾ ਕੇ ਗਰਮ ਸੀ ਕਰਦੀ

ਫਿਰ ਦਾਤੀ ਦੇ ਨਾਲ ਉਹ ਦਾਣੇ, ਉੱਤੇ ਹੇਠਾਂ ਕਰਦੀ,

ਭੁੰਨ ਭੁੰਨ ਕੇ ਦਾਣੇ ਜਦ ਉਹ, ਛਾਨਣੀ ਨਾਲ ਹਿਲਾਉਂਦੀ

ਛੋਲਿਆਂ ਦੇ ਦਾਣਿਆਂ ਨੂੰ ਦੌਰੀ, ਨਾਲ ਸੀ ਰਗੜਾ ਲਾਉਂਦੀ

ਵਿੱਚ ਛਾਨਣੀ ਦਾਣੇ ਰਹਿੰਦੇ, ਥੱਲੇ ਕਿਰਦਾ ਰੇਤਾ

ਸਭ ਤੋਂ ਲੱਪ ਲੱਪ ਦਾਣੇ ਲੈਂਦੀ, ਅੱਜ ਵੀ ਮੈਨੂੰ ਚੇਤਾ

ਉਦੋਂ ਭੋਲੇ ਬੱਚੇ ਸੀ ਤੇ ਬੜਾ ਜ਼ਮਾਨਾ ਭੋਲਾ

ਅੱਜ ਵਾਂਗੂ ਨਾ ਕਰਨ ਸ਼ਰਾਰਤ, ਨਾ ਕੋਈ ਪਾਉਂਦਾ ਰੌਲਾ

ਤੜ ਤੜ ਕਰਕੇ ਡਿੱਗਦੇ ਸੀ ਜਦ, ਭੁੜਕ ਭੁੜਕ ਫੁੱਲੇ

ਭੱਜ ਭੱਜ ਚੁੱਕ ਕੇ ਖਾਈ ਜਾਣੇ ਇਹ ਵੀ ਸੀ ਅਣਮੁੱਲੇ

ਘਰ ਨੂੰ ਤੁਰਨਾ ਝੋਲੀ ਪਾ ਕੇ ਭੱਠੀਉਂ ਭੁੱਜੇ ਦਾਣੇ

ਵਿਚ ਗਲੀ ਦੇ ਚੱਬਦੇ ਜਾਂਦੇ, ਕੀ ਨਿਆਣੇ ਕੀ ਸਿਆਣੇ

ਹੱਟੀਉਂ ਲੈ ਕੇ ਗੁੜ ਠੇਲਾ, ਲੈਣਾ ਬਣਾ ਮਰੂੰਡਾ

ਨਾਲੇ ਲੈਣਾ ਲਾਲੇ ਕੋਲੋਂ, ਬਿਨ ਪੈਸੇ ਤੋਂ ਝੂੰਗਾ

ਮਾਈ ਜਦ ਜਾਂਦੀ ਸੀ ਵਾਂਡੇ, ਚੀਸ ਦਿਲਾਂ ਵਿੱਚ ਪੈਂਦੀ

ਉਸ ਦਿਨ ਭੱਠੀ ਸੁੰਨੀ ਲੱਗੇ, ਰੌਣਕ ਮੂਲ ਨਾ ਰਹਿੰਦੀ

ਅੱਜਕੱਲ੍ਹ ਭਾਵੇਂ ਪੌਪਕੋਰਨ ਨੇ, ਲੈ ਲਈ ਭੱਠੀ ਦੀ ਥਾਂ

ਪਰ ਮਾਸੀ ਨਹੀਂ ਕਰ ਸਕਦੀ ਕਦੇ ਮਾਂ ਦੇ ਵਰਗੀ ਛਾਂ

ਉਹ ਭੱਠੀ ਮੇਰੇ ਦਿਲ ਦੇ ਵਿਹੜੇ, ਅੱਜ ਵੀ ਤਪਦੀ ਰਹਿੰਦੀ

ਅੱਜ ਵੀ ਚੇਤੇ ਆਉਂਦੀਆਂ ਗੱਲਾਂ, ਜੋ ਮਾਈ ਸੀ ਕਹਿੰਦੀ

ਇਹੋ ਜਿਹੀਆਂ ਮੈਂ ਕਵਿਤਾਵਾਂ, ਸੌਂਦਾ ਰੱਖ ਸਿਰਹਾਣੇ

ਸੁਪਨੇ ਦੇ ਵਿੱਚ ਰਹਿੰਦਾ ਹਾਂ, ਮੈਂ ਰੋਜ਼ ਭੁੰਨਾਉਂਦਾ ਦਾਣੇ

ਇਹ ਮੇਰੇ ਪੰਜਾਬ ਦਾ ਵਿਰਸਾ, ਦੱਸੋ ਕਿਵੇਂ ਭੁਲਾਵਾਂ

ਇੰਝ ਲੱਗਦਾ ਜਿਵੇਂ ਭੱਠੀ ਵੱਲ ਨੂੰ, ਅੱਜ ਵੀ ਤੁਰਿਆ ਜਾਵਾਂ

ਸੰਪਰਕ: 94171-97395

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All