ਜੈਲਾ ਰੰਗਣ ਕਾ...
ਮੈਨੂੰ ਨਾਨਕੇ ਪਿੰਡ ਛੱਤੇਆਣੇ ਗਏ ਨੂੰ ਉਹ ਭੱਜ ਕੇ ਮਿਲਦਾ ਅਤੇ ਹਰ ਵਾਰ ਹੱਥ ਮਿਲਾਉਂਦਿਆਂ ਕਹਿੰਦਾ, ‘‘ਬਾਈ ਮੈਂ ਜੈਲਾ ਰੰਗਣ ਕਾ, ਆਪਾਂ ਇਕੱਠੇ ਪੜ੍ਹਦੇ ਰਹੇ ਹਾਂ। ਸਕੂਲ ਤਾਂ ਬਸ ਮੈਂ ਮਹੀਨਾ ਕੁ ਹੀ ਗਿਆ ਸੀ ਪਰ ਆਪਾਂ ਇਕੱਠੇ ਖੇਡਦੇ ਹੁੰਦੇ...
ਮੈਨੂੰ ਨਾਨਕੇ ਪਿੰਡ ਛੱਤੇਆਣੇ ਗਏ ਨੂੰ ਉਹ ਭੱਜ ਕੇ ਮਿਲਦਾ ਅਤੇ ਹਰ ਵਾਰ ਹੱਥ ਮਿਲਾਉਂਦਿਆਂ ਕਹਿੰਦਾ, ‘‘ਬਾਈ ਮੈਂ ਜੈਲਾ ਰੰਗਣ ਕਾ, ਆਪਾਂ ਇਕੱਠੇ ਪੜ੍ਹਦੇ ਰਹੇ ਹਾਂ। ਸਕੂਲ ਤਾਂ ਬਸ ਮੈਂ ਮਹੀਨਾ ਕੁ ਹੀ ਗਿਆ ਸੀ ਪਰ ਆਪਾਂ ਇਕੱਠੇ ਖੇਡਦੇ ਹੁੰਦੇ ਸੀ, ਇੱਕੋ ਬੋਰੀ ’ਤੇ ਬੈਠਦੇ ਸੀ।’’ ਜਦੋਂ ਮੈਂ ਕਹਿੰਦਾ ਕਿ ਬਚਪਨ ਵਾਲੇ ਆੜੀਆਂ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ ਤਾਂ ਉਹ ਬਹੁਤ ਖੁਸ਼ ਹੁੰਦਾ ਤੇ ਅਗਲੀ ਵਾਰ ਜਦੋਂ ਮਿਲਦੇ, ਫਿਰ ਉਹੀ ਸ਼ਬਦ ਦੁਹਰਾਉਂਦਾ। ਪਿੰਡਾਂ ਵਾਲੇ ਬੱਚੇ ਉਨ੍ਹਾਂ ਸਮਿਆਂ ਵਿੱਚ ਆਪਣੀ ਪਛਾਣ ਦੱਸਣ ਵੇਲੇ ਪਿਓ ਜਾਂ ਦਾਦੇ ਦਾ ਨਾਮ ਨਾਲ ਦੱਸਦੇ ਹੁੰਦੇ ਸਨ। ਉਸ ਦਾ ਪੂਰਾ ਨਾਮ ਜਰਨੈਲ ਸਿੰਘ ਸੀ ਜਿਵੇਂ ਪਰਿਵਾਰ ਵਾਲੇ ਲਾਡ ਨਾਲ ਛੋਟਾ ਨਾਂ ਰੱਖ ਲੈਂਦੇ ਹਨ, ਉਹਦਾ ਨਿੱਕਾ ਨਾਮ ਜੈਲਾ ਸੀ ਤੇ ਪਿਤਾ ਦਾ ਨਾਮ ਰੰਗਣ ਸਿੰਘ ਸੀ। ਖੁਸ਼ਦਿਲ ਤਬੀਅਤ ਦੇ ਮਾਲਕ ਰੰਗਣ ਸਿੰਘ ਸੱਚੀ-ਸੁੱਚੀ ਕਿਰਤ ਕਰਨ ਵਾਲੇ ਕਿਰਤੀ ਪਰਿਵਾਰ ਵਿੱਚੋਂ ਸਨ। ਉਨ੍ਹਾਂ ਦੀ ਮਿੱਠੀ ਬੋਲੀ ਤੇ ਪਿੰਡ ਵਾਲੇ ਹਰ ਵੱਡੇ-ਛੋਟੇ ਦਾ ਸਤਿਕਾਰ ਕਰਨ ਵਾਲਾ ਇਨਸਾਨ ਸੀ ਅਤੇ ਇਹੀ ਗੁਣ ਉਸ ਦੇ ਪੁੱਤਰ ਜਰਨੈਲ ਸਿੰਘ ਵਿੱਚ ਸਨ। ਮੇਰਾ ਜੱਦੀ ਪਿੰਡ ਚਾਹੇ ਚੱਕ ਚਾਰ ਐੱਚ ਛੋਟੀ ਜ਼ਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਹੈ ਪਰ ਚਾਰ ਕੁ ਸਾਲ ਦੀ ਉਮਰ ਵਿੱਚ ਮੈਂ ਸਾਡੇ ਪਿੰਡ ਮਿਲਣ ਗਈ ਆਪਣੀ ਨਾਨੀ ਦੀ ਉਂਗਲ ਫੜ ਕੇ ਅਜਿਹਾ ਨਾਨਕੇ ਪਿੰਡ ਛੱਤੇਆਣੇ ਆਇਆ ਕਿ ਸਾਰੀ ਉਮਰ ਲਈ ਇੱਧਰ ਦਾ ਹੋ ਕੇ ਰਹਿ ਗਿਆ। ਨਾਨਕੇ ਘਰ ਦੇ ਸਾਹਮਣੇ ਪ੍ਰਾਇਮਰੀ ਸਕੂਲ ਸੀ, ਮੈਨੂੰ ਉੱਥੇ ਪੜ੍ਹਨ ਲਾ ਦਿੱਤਾ ਗਿਆ। ਉੱਥੇ ਹੀ ਜੈਲਾ ਮੇਰੇ ਨਾਲ ਇੱਕ ਅੱਧਾ ਮਹੀਨਾ ਸਕੂਲ ਵਿੱਚ ਪੜ੍ਹਿਆ ਸੀ ਪਰ ਇਹ ਯਾਦ ਉਸਦੇ ਚੇਤੇ ਵਿੱਚ ਸਦਾ ਲਈ ਉੱਕਰੀ ਗਈ। ਉਦੋਂ ਪੜ੍ਹਾਈ ਲਈ ਮਾਪੇ ਮਜਬੂਰ ਨਹੀਂ ਕਰਦੇ ਸਨ। ਸਕੂਲ ਵਾਲੇ ਆਪਣੇ ਬੱਚਿਆਂ ਦੀ ਗਿਣਤੀ ਪੂਰੀ ਕਰਨ ਲਈ ਬੱਚਿਆਂ ਨੂੰ ਦਾਖ਼ਲ ਤਾਂ ਕਰ ਲੈਂਦੇ ਸਨ ਪਰ ਕੁਝ ਬੱਚੇ ਜਲਦੀ ਹੀ ਸਕੂਲੋਂ ਹਟ ਜਾਂਦੇ ਸਨ।
ਖੇਤੀਬਾੜੀ ਦੇ ਕੰਮਕਾਰ ਲਈ ਵੀ ਉਦੋਂ ਬੱਚਿਆਂ ਦੀ ਲੋੜ ਹੁੰਦੀ ਸੀ। ਇਸ ਤਰ੍ਹਾਂ ਆਮ ਹੀ ਬੱਚੇ ਚਾਰ-ਪੰਜ ਜਮਾਤਾਂ ਪੜ੍ਹ ਕੇ ਹਟ ਜਾਂਦੇ ਸਨ ਪਰ ਜੈਲਾ ਤਾਂ ਇੱਕ ਮਹੀਨੇ ਬਾਅਦ ਹੀ ਹਟ ਗਿਆ ਸੀ। ਉਦੋਂ ਪਿੰਡਾਂ ਵਿੱਚ ਵੱਡੇ ਸਕੂਲ ਵੀ ਘੱਟ ਹੀ ਹੁੰਦੇ ਸਨ। ਖ਼ੈਰ, ਬਚਪਨ ਦੀਆਂ ਕਈ ਨਿੱਕੀਆਂ-ਨਿੱਕੀਆਂ ਯਾਦਾਂ ਹਰ ਇਨਸਾਨ ਦੇ ਜ਼ਿੰਦਗੀ ਭਰ ਨਾਲ-ਨਾਲ ਤੁਰਦੀਆਂ ਰਹਿੰਦੀਆਂ ਹਨ। ਮੈਂ ਛੱਤੇਆਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਪਾਸ ਕਰਕੇ ਸੁਖਨਾ ਅਬਲੂ ਦੇ ਹਾਈ ਸਕੂਲ ਤੋਂ ਦਸਵੀਂ ਕੀਤੀ। ਉਪਰੰਤ ਕਾਲਜ ਦੀ ਪੜ੍ਹਾਈ ਲਈ ਮਲੋਟ-ਅਬੋਹਰ ਅਤੇ ਬਾਅਦ ਵਿੱਚ ਰੋਡੇ ਕਾਲਜ ਚਲਾ ਗਿਆ ਅਤੇ ਸਰਵਿਸ ਕਰਦਿਆਂ ਮਲੋਟ ਰਹਿਣ ਲੱਗ ਪਿਆ। ਜੈਲਾ ਵੀ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਦਿਹਾੜੀ ਮਜ਼ਦੂਰੀ ਕਰਨ ਲੱਗ ਪਿਆ। ਕਈ ਵਾਰ ਵਿਹਲੇ ਦਿਨਾਂ ਵਿੱਚ ਆਮ ਤੌਰ ’ਤੇ ਉਹ ਸਾਈਕਲ ’ਤੇ ਪਿੰਡਾਂ ਵਿੱਚ ਸਬਜ਼ੀਆਂ ਜਾਂ ਫ਼ਲ ਵੇਚਣ ਚਲਾ ਜਾਂਦਾ ਸੀ। ਜਦੋਂ ਵੀ ਕਦੇ ਇੱਕ-ਦੋ ਸਾਲ ਬਾਅਦ ਸਬੱਬੀਂ ਉਹ ਮਿਲਦਾ ਤਾਂ ਉਹ ਉਹੀ ਸ਼ਬਦ ਦੁਹਰਾਉਂਦਾ, ‘‘ਬਾਈ ਮੈਂ ਜੈਲਾ ਰੰਗਣ ਕਾ’’ ਸ਼ਾਇਦ ਉਸ ਨੂੰ ਲੱਗਦਾ ਸੀ ਕਿ ਮੈਂ ਉਸ ਨੂੰ ਭੁੱਲ ਗਿਆਂ ਹਾਂ ਤੇ ਨਾਲ ਹੀ ਮੈਨੂੰ ਦੱਸਦਾ ਬਾਈ ਜਦੋਂ ਮੈਂ ਦੂਜੇ ਪਿੰਡਾਂ ਵਿੱਚ ਜਾਂਦਾ ਹਾਂ ਤਾਂ ਮੈਂ ਦੱਸਦਾ ਹੁੰਦਾ ਕਿ ਆਪਾਂ ਇਕੱਠੇ ਪੜ੍ਹਦੇ ਰਹੇ ਹਾਂ ਤੇ ਤੁਸੀਂ ਹੁਣ ਅਫਸਰ ਲੱਗੇ ਹੋ ਅਤੇ ਮੈਂ ਇਹ ਵੀ ਦੱਸਦਾ ਹੁੰਦਾ ਕਿ ਤੁਸੀਂ ਗੀਤ ਵੀ ਲਿਖਦੇ ਹੋ। ਜਦੋਂ ਅੱਗਿਓਂ ਕੋਈ ਮੈਨੂੰ ਕਹਿੰਦਾ ਹੈ ਕਿ ਅਸੀਂ ਉਸ ਨੂੰ ਜਾਣਦੇ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਮੈਂ ਤੁਹਾਡੇ ਗੀਤਾਂ ਬਾਰੇ ਵੀ ਦੱਸਦਾਂ। ਕਰੀਬ ਦੋ ਕੁ ਸਾਲ ਲਈ ਉਹ ਪਰਿਵਾਰ ਸਮੇਤ ਰਾਜਸਥਾਨ ਦੀ ਮਟੀਲੀ ਮੰਡੀ ਨੇੜੇ ਲਾਲਬਾਈ ਪਿੰਡ ਚਲਾ ਗਿਆ ਸੀ, ਜਿੱਥੇ ਮੇਰੇ ਮਾਮਾ ਜੀ ਨੇ ਪੈਲੀ ਮੁੱਲ ਲਈ ਸੀ ਅਤੇ ਉਹ ਉਨ੍ਹਾਂ ਨਾਲ ਖੇਤੀਬਾੜੀ ਦਾ ਕੰਮ ਕਰਵਾਉਂਦਾ ਸੀ। ਉੱਥੇ ਵੀ ਉਹ ਮੈਨੂੰ ਮਿਲਦਾ ਰਹਿੰਦਾ।
ਇੱਕ ਵਾਰ ਉਹ ਮੈਨੂੰ ਦੋਦੇ ਪਿੰਡ ਦੇ ਬੱਸ ਅੱਡੇ ’ਤੇ ਬੈਠਾ ਮਿਲ ਗਿਆ, ਜਿੱਥੇ ਉਹ ਕਿੰਨੂਆਂ ਵਾਲੀ ਟੋਕਰੀ ਰੱਖੀ ਬੈਠਾ ਸੀ। ਸਿਆਲ ਦਾ ਠੰਢਾ ਦਿਨ ਸੀ। ਉਸ ਨੇ ਮੈਨੂੰ ਮਿਲ ਕੇ ਫਿਰ ਉਹੀ ਸ਼ਬਦ ਦੁਹਰਾਏ ਕਿ ਆਪਾਂ ਇਕੱਠੇ ਪੜ੍ਹਦੇ ਰਹੇ ਹਾਂ। ਮੇਰੇ ਨਾਂਹ-ਨਾਂਹ ਕਰਦਿਆਂ ਵੀ ਉਸ ਨੇ ਇੱਕ ਕਿੰਨੂ ਛਿੱਲ ਕੇ ਮੈਨੂੰ ਫੜਾ ਦਿੱਤਾ। ਗੱਲਾਂ ਕਰਦਿਆਂ ਉਸ ਨੇ ਦੱਸਿਆ ਕਿ ਸਰਦੀ ਕਰਕੇ ਅੱਜ ਕੋਈ ਕਿੰਨੂ ਖ਼ਰੀਦ ਨਹੀਂ ਰਿਹਾ ਤੇ ਮੈਂ ਜਲਦੀ ਘਰ ਜਾਣਾ ਸੀ ਕਿਉਂਕਿ ਮੇਰੀ ਘਰਵਾਲੀ ਥੋੜ੍ਹੀ ਜਿਹੀ ਬਿਮਾਰ ਸੀ ਤੇ ਮੈਂ ਜਾ ਕੇ ਦਵਾਈ ਦਿਵਾਉਣੀ ਸੀ। ਮੈਂ ਉਸ ਨਾਲ ਗੱਲਾਂ-ਬਾਤਾਂ ਕਰਨ ਤੋਂ ਬਾਅਦ ਅੱਡੇ ਤੋਂ ਥੋੜ੍ਹੀ ਜਿਹੀ ਦੂਰ ਦੁਕਾਨ ’ਤੇ ਆ ਗਿਆ, ਜਿੱਥੇ ਮੇਰਾ ਦੋਸਤ ਅਤੇ ਰਿਸ਼ਤੇਦਾਰ ਜਸਕਰਨ ਭੁੱਲਰ ਬੈਠਾ ਮੈਨੂੰ ਉਡੀਕ ਰਿਹਾ ਸੀ ਅਤੇ ਅਸੀਂ ਮੇਰੇ ਸਹੁਰੇ ਪਿੰਡ ਕੋਟਲੀ ਅਬਲੂ ਜਾਣਾ ਸੀ। ਮੈਂ ਜਸਕਰਨ ਨੂੰ ਦੂਰੋਂ ਹੀ ਜੈਲੇ ਵੱਲ ਇਸ਼ਾਰਾ ਕਰਕੇ ਸਮਝਾਇਆ ਕਿ ਉਸ ਦੀ ਸਾਰੀ ਕਿੰਨੂਆਂ ਵਾਲੀ ਟੋਕਰੀ ਖਰੀਦ ਕੇ ਕਾਰ ਵਿੱਚ ਰਖਵਾ ਲਵੇ ਅਤੇ ਪੈਸੇ ਵੀ ਵੀਹ ਪੰਜਾਹ ਰੁਪਏ ਵੱਧ ਹੀ ਦੇਵੇ। ਮੈਂ ਪਾਸੇ ਦੁਕਾਨ ਵਿੱਚ ਬੈਠ ਗਿਆ। ਜਸਕਰਨ ਨੇ ਇਸੇ ਤਰ੍ਹਾਂ ਹੀ ਕੀਤਾ। ਉਂਝ, ਜੇ ਮੈਂ ਕਹਿੰਦਾ ਤਾਂ ਜੈਲੇ ਨੇ ਮੈਥੋਂ ਪੈਸੇ ਨਹੀਂ ਲੈਣੇ ਸਨ। ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਆਪਣੇ ਮਿੱਤਰ ਨੂੰ ਸੜਕ ਦੇ ਦੂਜੇ ਪਾਸੇ ਖੜ੍ਹ ਕੇ ਪਿੰਡ ਵਾਲੀ ਬੱਸ ਨੂੰ ਉਡੀਕਦੇ ਦੇਖਿਆ। ਉਸ ਦੇ ਚਿਹਰੇ ’ਤੇ ਕਿੰਨੂ ਵਿਕ ਜਾਣ ’ਤੇ ਲੋੜ ਲਈ ਪੈਸੇ ਵੱਟੇ ਜਾਣ ਦੀ ਤਸੱਲੀ ਅਤੇ ਖੁਸ਼ੀ ਸੀ। ਹਾਲਾਂਕਿ ਇਸ ਗੱਲ ਦਾ ਉਸ ਨੂੰ ਬਾਅਦ ਵਿੱਚ ਪਤਾ ਲੱਗਿਆ ਤਾਂ ਉਹ ਗੁੱਸੇ ਵੀ ਹੋਇਆ। ਉਹ ਕਹਿੰਦਾ ਕਿ ਜੇ ਤੁਸੀਂ ਰਿਸ਼ਤੇਦਾਰੀ ਵਿੱਚ ਕਿੰਨੂ ਲੈ ਕੇ ਜਾਣੇ ਸਨ ਤਾਂ ਫਿਰ ਮੇਰਾ ਪੈਸੇ ਲੈਣ ਦਾ ਹੱਕ ਨਹੀਂ ਸੀ। ਸਾਧਾਰਨ ਕਿਰਤੀ ਪਰਿਵਾਰ ਦਾ ਜੰਮਿਆ ਜੈਲਾ ਰੱਜੀ ਰੂਹ ਵਾਲਾ ਤੇ ਦਿਲ ਦਾ ਅਮੀਰ ਆਦਮੀ ਸੀ। ਬਚਪਨ ਵੀ ਕਿੰਨਾ ਨਿਰਛਲ ਤੇ ਨਿਰਕਪਟ ਹੁੰਦਾ ਹੈ। ਅਮੀਰੀ ਗ਼ਰੀਬੀ, ਤਕੜਾ ਮਾੜਾ, ਵੱਡਾ ਛੋਟਾ ਹੋਣ ਦਾ ਨਾ ਮਾਣ ਹੁੰਦਾ ਹੈ ਤੇ ਨਾ ਹੀ ਝੋਰਾ। ਨਿੱਕੀਆਂ-ਨਿੱਕੀਆਂ ਗੱਲਾਂ, ਛੋਟੀਆਂ-ਛੋਟੀਆਂ ਖੇਡੀਆਂ ਖੇਡਾਂ ਸਾਰੀ ਉਮਰ ਲਈ ਯਾਦਾਂ ਦਾ ਸਰਮਾਇਆ ਬਣ ਜਾਂਦੀਆਂ ਹਨ। ਵੱਡੀ ਉਮਰ ਵਿੱਚ ਵਿਚਰਦਿਆਂ, ਵਰਤਦਿਆਂ, ਕਾਰੋਬਾਰ ਕਰਦਿਆਂ ਇਨਸਾਨ ਨੂੰ ਅਨੇਕਾਂ ਵੱਡੇ-ਛੋਟੇ, ਤਕੜੇ-ਮਾੜੇ ਰੁਤਬੇ ਵਾਲੇ ਲੋਕ ਮਿਲਦੇ ਹਨ, ਜਿਨ੍ਹਾਂ ਵਿੱਚੋਂ ਕਈ ਇਨਸਾਨਾਂ ਨੂੰ ਉਹ ਆਪ ਸਲਾਮਾਂ ਕਰਦਾ ਹੈ ਤੇ ਕਈ ਉਸ ਨੂੰ ਸਲਾਮ ਕਰਦੇ ਹਨ, ਜੋ ਅਕਸਰ ਭੁੱਲ-ਭੁਲਾ ਜਾਂਦੇ ਹਨ ਪਰ ਜੈਲੇ ਵਰਗੇ ਸਾਦ-ਮੁਰਾਦੇ ਅਤੇ ਸਾਫ਼ ਸਪੱਸ਼ਟ ਸੁਭਾਅ ਵਾਲੇ ਭਲੇ ਲੋਕ, ਜਿਨ੍ਹਾਂ ਨਾਲ ਪਹਿਲੀ ਜਮਾਤ ਵਿੱਚ ਸਿਰਫ਼ ਮਹੀਨਾ ਦੋ ਮਹੀਨੇ ਵਾਹ ਪਿਆ ਹੁੰਦਾ ਹੈ, ਜ਼ਿੰਦਗੀ ਦੀ ਯਾਦਾਂ ਰੂਪੀ ਕਿਤਾਬ ਦੇ ਪੰਨੇ ਦਾ ਉਮਰਾਂ ਤੱਕ ਸ਼ਿੰਗਾਰ ਬਣੇ ਰਹਿੰਦੇ ਹਨ। ਅੱਜ ਵੀ ਉਦੋਂ ਨਾਲ ਪੜ੍ਹਨ ਵਾਲੇ ਸੰਗੀ ਸਾਥੀ, ਨਾਲ ਖੇਡਣ ਵਾਲੇ ਯਾਰ-ਬੇਲੀ ਪਿਆਰੇ ਬੱਚੇ ਅਤੇ ਅਧਿਆਪਕ ਤਰਲੋਚਨ ਸਿੰਘ ਡੇਮਰੂ ਕਲਾਂ, ਮਾਸਟਰ ਕਸਤੂਰੀ ਨਾਲ ਮੁਕਤਸਰ ਤੇ ਮਾਸਟਰ ਚੰਨਣ ਸਿੰਘ ਸੁਖਣਾ ਅਬਲੂ ਅਤੇ ਸਕੂਲ ਦੀ ਇਮਾਰਤ ਦੀਆਂ ਯਾਦਾਂ ਮਨ ਮਸਤਕ ’ਤੇ ਰੰਗੀਨ ਤਸਵੀਰਾਂ ਵਾਂਗ ਗੂੜ੍ਹੇ ਰੰਗਾਂ ਵਿੱਚ ਉਕਰੀਆਂ ਮਹਿਸੂਸ ਹੁੰਦੀਆਂ ਹਨ।
ਦੋ ਕੁ ਸਾਲ ਪਹਿਲਾਂ ਬਚਪਨ ਦਾ ਬੇਲੀ ਉਹ ਪਿਆਰਾ ਮਿੱਤਰ ਜਰਨੈਲ ਸਿੰਘ ਉਰਫ਼ ਜੈਲਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਪਰ ਹੁਣ ਵੀ ਮੈਂ ਜਦੋਂ ਕਦੇ ਨਾਨਕੇ ਪਿੰਡ ਛੱਤੇਆਣੇ ਜਾਂਦਾ ਹਾਂ ਤੇ ਮੈਨੂੰ ਗਲੀਆਂ ਵਿੱਚ ਤੁਰਦਿਆਂ-ਫਿਰਦਿਆਂ ਇੰਝ ਲੱਗਦੈ ਕਿ ਹੁਣੇ ਹੀ ਕਿਸੇ ਮੋੜ ’ਤੇ ਸਾਈਕਲ ਦੀ ਟੱਲੀ ਵਜਾਉਂਦਾ ਹੋਇਆ ਜੈਲਾ ਮਿਲੇਗਾ ਤੇ ਕਹੇਗਾ, ‘‘ਬਾਈ ਮੈਂ ਜੈਲਾ ਰੰਗਣ ਕਾ, ਆਪਾਂ ਇਕੱਠੇ ਪੜ੍ਹਦੇ ਰਹੇ ਹਾਂ’’ ਪਰ ਜੈਲਾ ਹੁਣ ਕਦੇ ਨਹੀਂ ਮਿਲੇਗਾ ਕਿਉਂਕਿ ਉਹ ਉਨ੍ਹਾਂ ਰਾਹਾਂ ’ਤੇ ਤੁਰ ਗਿਆ, ਜਿਨ੍ਹਾਂ ਰਾਹਾਂ ’ਤੇ ਤੁਰਨ ਵਾਲੇ ਕਦੇ ਪਰਤਦੇ ਨਹੀਂ ਹੁੰਦੇ। ਮਹਿਜ਼ ਉਨ੍ਹਾਂ ਦੀਆਂ ਯਾਦਾਂ ਰਹਿ ਜਾਂਦੀਆਂ ਹਨ ਅਤੇ ਮਨ ਬੀਤ ਗਏ ਸੁਪਨਮਈ ਦ੍ਰਿਸ਼ਾਂ ਨੂੰ ਚਿਤਵਦਾ ਰਹਿੰਦਾ ਹੈ। ਅਜਿਹੀਆਂ ਰੰਗਲੀਆਂ ਅਤੇ ਪਿਆਰੀਆਂ ਯਾਦਾਂ ਕਦੇ ਵੀ ਮਨ ’ਚੋਂ ਮਨਫ਼ੀ ਨਹੀਂ ਹੁੰਦੀਆਂ।
ਸੰਪਰਕ: 94171-04961

