DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿਹਤਮੰਦ ਜੀਵਨ ਜਿਊਣ ਦੇ ਕੁਦਰਤੀ ਨਿਯਮ

ਆਧੁਨਿਕ ਯੁੱਗ ਵਿੱਚ ਮਨੁੱਖੀ ਜੀਵਨ ਮਸ਼ੀਨ ਵਾਂਗ ਹੋ ਗਿਆ ਹੈ। ਛੋਟੀਆਂ-ਛੋਟੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਮਨੁੱਖ ਨੂੰ ਮਸ਼ੀਨਾਂ ਆਦਿ ਦਾ ਸਹਾਰਾ ਲੈਣਾ ਪੈ ਰਿਹਾ ਹੈ। ਮਿਹਨਤ ਲਈ ਕੰਮ ਆਉਣ ਵਾਲੇ ਸਰੀਰ ਨੂੰ ਆਰਾਮ, ਵਿਲਾਸ ਅਤੇ ਸਹੂਲਤਾਂ ਨਾਲ ਨਿੱਸਲ ਕੀਤਾ...

  • fb
  • twitter
  • whatsapp
  • whatsapp
Advertisement

ਆਧੁਨਿਕ ਯੁੱਗ ਵਿੱਚ ਮਨੁੱਖੀ ਜੀਵਨ ਮਸ਼ੀਨ ਵਾਂਗ ਹੋ ਗਿਆ ਹੈ। ਛੋਟੀਆਂ-ਛੋਟੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਮਨੁੱਖ ਨੂੰ ਮਸ਼ੀਨਾਂ ਆਦਿ ਦਾ ਸਹਾਰਾ ਲੈਣਾ ਪੈ ਰਿਹਾ ਹੈ। ਮਿਹਨਤ ਲਈ ਕੰਮ ਆਉਣ ਵਾਲੇ ਸਰੀਰ ਨੂੰ ਆਰਾਮ, ਵਿਲਾਸ ਅਤੇ ਸਹੂਲਤਾਂ ਨਾਲ ਨਿੱਸਲ ਕੀਤਾ ਜਾ ਰਿਹਾ ਹੈ। ਜਵਾਨੀ ਆਉਂਦੀ ਪਿੱਛੋਂ ਹੈ, ਰੋਗ ਪਹਿਲਾਂ ਖੜ੍ਹੇ ਹੋ ਜਾਂਦੇ ਹਨ। ਦਸ ਕਦਮ ਵੀ ਚੱਲਣਾ ਹੋਵੇ ਤਾਂ ਕੋਈ ਸਵਾਰੀ ਚਾਹੀਦੀ ਹੈ। ਪੈਦਲ ਚੱਲਣ ਲਈ ਅੱਜ ਕੋਈ ਰਾਜ਼ੀ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਇਸ ਤਰ੍ਹਾਂ ਸੁੱਖ-ਸਹੂਲਤਾਂ ਨਾਲ ਭਰੇ ਜੀਵਨ ਨਾਲ ਅਸੀਂ ਸਰੀਰ ਦੀ ਕੁਦਰਤੀ/ਸੁਭਾਵਿਕ ਸ਼ਕਤੀ ਗੁਆ ਬੈਠੇ ਹਾਂ। ਸਰੀਰ ਦੀ ਲੋੜ ਅਨੁਸਾਰ ਸਰੀਰਕ ਮਿਹਨਤ ਕਰਨ ਤੋਂ ਅਸੀਂ ਦੂਰ ਜਾ ਚੁੱਕੇ ਹਾਂ। ਸਰੀਰ ਦੀ ਮੰਗ ਮੁਤਾਬਿਕ ਇਸ ਦੇ ਅਨੁਕੂਲ ਭੋਜਨ, ਕਸਰਤ, ਦਿਨ ਦਾ ਵਿਹਾਰ ਆਦਿ ਪੂਰਾ ਨਹੀਂ ਹੋ ਰਿਹਾ। ਇਸ ਦਾ ਨਤੀਜਾ ਇਹ ਹੋਇਆ ਕਿ ਸਰੀਰ ਦੀ ਸੁਭਾਵਿਕ ਸ਼ਕਤੀ, ਸਮਰੱਥਾ, ਚੁਸਤੀ-ਫੁਰਤੀ ਅਤੇ ਰੋਗਾਂ ਨੂੰ ਰੋਕਣ ਦੀ ਸ਼ਕਤੀ ਦੀ ਘਟਣ ਲੱਗੀ ਹੈ। ਸਰੀਰ ਨੂੰ ਕੁਦਰਤੀ ਤੌਰ ’ਤੇ ਤੰਦਰੁਸਤ ਅਤੇ ਨਿਰੋਗ ਰੱਖਣ ਲਈ ਜੇਕਰ ਹੇਠ ਲਿਖੇ ਕੁਝ ਸਾਧਨਾਂ ਅਤੇ ਨਿਯਮਾਂ ਦਾ ਪਾਲਣ ਕੀਤਾ ਜਾਵੇ ਤਾਂ ਇਸ ਨਾਲ ਸਰੀਰ ਤਾਂ ਤੰਦਰੁਸਤ ਰਹੇਗਾ ਹੀ ਸਗੋਂ ਜੀਵਨ ਦੇ ਪੰਧ ਨੂੰ ਲੰਮੇਰਾ ਵੀ ਕੀਤਾ ਜਾ ਸਕੇਗਾ:

ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਬਿਸਤਰਾ ਛੱਡ ਦੇਣਾ ਚਾਹੀਦਾ ਹੈ। ਇਹ ਇੱਕ ਚੰਗੀ ਆਦਤ ਹੈ। ਇਸ ਨਾਲ ਸਰੀਰ ਵਿੱਚ ਤਾਜ਼ਗੀ ਅਤੇ ਚੁਸਤੀ ਆਉਂਦੀ ਹੈ ਅਤੇ ਆਲਸ ਨੇੜੇ ਨਹੀਂ ਢੁਕਦਾ। ਇਸ ਬਾਰੇ ਇੱਕ ਕਹਾਵਤ ਹੈ ਕਿ ਛੇਤੀ ਸੌਣਾ ਅਤੇ ਛੇਤੀ ਉੱਠਣਾ ਮਨੁੱਖ ਨੂੰ ਤੰਦਰੁਸਤ ਅਤੇ ਬੁੱਧੀਮਾਨ ਬਣਾਉਂਦਾ ਹੈ।

Advertisement

ਸਵੇਰੇ ਉੱਠਦੇ ਸਾਰ ਜਦੋਂ ਤੱਕ ਦਾਤਣ/ਬੁਰਸ਼ ਜਾਂ ਦੰਦ ਸਾਫ਼ ਨਾ ਕਰ ਲਏ ਜਾਣ ਤਦ ਤੱਕ ਚਾਹ ਜਾਂ ਕੁੱਝ ਹੋਰ ਨਹੀਂ ਲੈਣਾ ਚਾਹੀਦਾ। ‘ਬੈੱਡ- ਟੀ’ ਦੀ ਆਦਤ ਸਿਹਤ ਨੂੰ ਰੋਗੀ ਬਣਾਉਂਦੀ ਹੈ। ਇਸ ਤਰ੍ਹਾਂ ਮੂੰਹ ਦੀ ਗੰਦਗੀ ਸਰੀਰ ਵਿੱਚ ਪਹੁੰਚ ਕੇ ਪੇਟ ਦੇ ਅਨੇਕਾਂ ਰੋਗਾਂ ਦਾ ਕਾਰਨ ਬਣਦੀ ਹੈ।

Advertisement

ਮੂੰਹ ਸਾਫ਼ ਕਰ ਕੇ ਸਭ ਤੋਂ ਪਹਿਲਾਂ ਦੋ ਗਿਲਾਸ ਕੋਸੇ ਪਾਣੀ ਦੇ ਪੀਣੇ ਗੁਣਕਾਰੀ ਹਨ। ਇਹ ਪਾਣੀ ਰਾਤ ਦੇ ਸਮੇਂ ਸਰੀਰ ਵਿੱਚ ਪਈ ਖੁਸ਼ਕੀ/ਤੇਜ਼ਾਬੀਪਣ ਆਦਿ ਨੂੰ ਸ਼ਾਂਤ ਕਰਕੇ ਪੇਟ ਨੂੰ ਸਾਫ਼ ਕਰਨ ਵਿੱਚ ਸਹਾਇਤਾ ਕਰਦਾ ਹੈ।

ਸਵੇਰੇ ਖਾਲੀ ਪੇਟ ਘੱਟੋ-ਘੱਟ 15-20 ਮਿੰਟ ਤੱਕ ਇਸ ਤਰ੍ਹਾਂ ਦੀ ਕੋਈ ਹਲਕੀ-ਫੁਲਕੀ ਕਸਰਤ ਕਰੋ ਕਿ ਸਰੀਰ ਥਕਾਵਟ ਮਹਿਸੂਸ ਨਾ ਕਰੇ। ਹਰ ਅੰਗ ਦੀ ਥੋੜ੍ਹੀ-ਬਹੁਤ ਕਸਰਤ ਜ਼ਰੂਰ ਹੋ ਜਾਵੇ। ਇਸ ਵਾਸਤੇ ਇੱਕ ਹੀ ਥਾਂ ’ਤੇ ਦੌੜਨਾ, ਕਮਰ ਨੂੰ ਸੱਜੇ-ਖੱਬੇ ਕਰਨਾ, ਰੱਸੀ-ਟੱਪਣਾ, ਹੱਥਾਂ-ਪੈਰਾਂ ਨੂੰ ਸੱਜੇ-ਖੱਬੇ, ਹੇਠਾਂ-ਉੱਪਰ ਅਤੇ ਅੱਗੇ-ਪਿੱਛੇ ਹਿਲਾਉਣਾ ਆਦਿ ਕਸਰਤਾਂ ਹੋ ਸਕਦੀਆਂ ਹਨ। ਇਸ ਨਾਲ ਸਰੀਰ ਦੇ ਪੱਠੇ ਸ਼ਕਤੀਸ਼ਾਲੀ ਅਤੇ ਲਚਕਦਾਰ ਹੁੰਦੇ ਹਨ। ਫੇਫੜੇ ਅਤੇ ਦਿਲ ਸਹੀ ਰੂਪ ਵਿੱਚ ਕੰਮ ਕਰਦੇ ਹਨ, ਖ਼ੂਨ ਦਾ ਦੌਰਾ ਵੀ ਠੀਕ ਬਣਿਆ ਰਹਿੰਦਾ ਹੈ ਅਤੇ ਸਰੀਰ ਵਿੱਚ ਦਿਨ ਭਰ ਲਈ ਚੁਸਤੀ ਬਣੀ ਰਹਿੰਦੀ ਹੈ।

ਰੋਜ਼ਾਨਾ ਦੇ ਭੋਜਨ ਵਿੱਚ ਹਰੀਆਂ ਅਤੇ ਤਾਜ਼ੀਆਂ ਸਬਜ਼ੀਆਂ, ਦਾਲ, ਚੌਲ, ਦੁੱਧ, ਮੱਖਣ, ਦਹੀਂ, ਤਾਜ਼ੇ ਅਤੇ ਮੌਸਮੀ ਫ਼ਲ, ਸ਼ੱਕਰ ਆਦਿ ਪਦਾਰਥ ਸਹੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ। ਇਸ ਦੇ ਉਲਟ ਤਲਿਆ-ਭੁੰਨਿਆ ਅਤੇ ਜ਼ਿਆਦਾ ਮਿਰਚ-ਮਸਾਲੇ ਵਾਲਾ ਭੋਜਨ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ। ਕਾਰਨ ਇਹ ਹੈ ਕਿ ਇੱਕ ਤਾਂ ਇਹ ਦੇਰ ਨਾਲ ਪਚਦਾ ਹੈ, ਦੂਜਾ ਇਸ ਨਾਲ ਅੰਤੜੀਆਂ ’ਤੇ ਬੋਝ ਪੈਂਦਾ ਹੈ, ਜਿਸ ਨਾਲ ਇਹ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਕਬਜ਼ ਬਣੀ ਰਹਿੰਦੀ ਹੈ। ਇਸ ਲਈ ਭੋਜਨ ਹਲਕਾ ਅਤੇ ਭੁੱਖ ਰੱਖ ਕੇ ਖਾਣਾ ਚਾਹੀਦਾ ਹੈ। ਦਿਨ ਵਿੱਚ ਦੋ ਵਾਰ ਭੋਜਨ ਕਰਨ ਦੀ ਆਦਤ ਨਾਲ ਸਿਹਤ ਠੀਕ ਰਹਿੰਦੀ ਹੈ। ਜਦੋਂ ਭੋਜਨ ਖਾਓ ਮਨ ਸ਼ਾਂਤ ਚਿੱਤ ਹੋਣਾ ਚਾਹੀਦਾ ਹੈ।

ਭੋਜਨ ਨੂੰ ਇੰਨਾ ਪਕਾ ਕੇ ਨਾ ਖਾਓ ਕਿ ਇਸ ਦੇ ਵਿਟਾਮਿਨ ਅਤੇ ਦੂਜੇ ਤੱਤ ਨਸ਼ਟ ਹੋ ਜਾਣ। ਹਰੀਆਂ ਸਬਜ਼ੀਆਂ ਥੋੜ੍ਹੀਆਂ ਕੱਚੀਆਂ ਰੱਖ ਕੇ ਖਾਓ। ਅੱਜਕੱਲ੍ਹ ਪ੍ਰੈੱਸ਼ਰ ਕੁੱਕਰ ’ਚ ਭੋਜਨ ਪਕਾਉਣ ਦੀ ਸਹੀ ਵਿਧੀ ਨਾਲ ਭੋਜਨ ਦਾ ਕੁਦਰਤੀ ਰੂਪ ਨਸ਼ਟ ਹੋਣ ਤੋਂ ਬਚ ਜਾਂਦਾ ਹੈ।

ਦਿਨ ਵਿੱਚ ਥੋੜ੍ਹਾ ਸਮਾਂ ਮਨੋਰੰਜਨ ਲਈ ਵੀ ਕੱਢੋ। ਇਸ ਨਾਲ ਦਿਨ ਭਰ ਦਾ ਥਕੇਵਾਂ, ਤਣਾਅ, ਚਿੰਤਾ, ਸੁਸਤੀ ਅਤੇ ਭਾਰਾਪਣ ਦੂਰ ਹੋ ਜਾਂਦੇ ਹਨ। ਮਨ ਹਲਕਾ ਅਤੇ ਪ੍ਰਸੰਨ ਰਹਿੰਦਾ ਹੈ।

ਬਹੁਤ ਜ਼ਿਆਦਾ ਡਰ, ਚਿੰਤਾ, ਗੁੱਸਾ ਅਤੇ ਦੁੱਖ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਈਰਖਾ, ਸਾੜਾ ਤੇ ਚੁਗਲੀ ਆਦਿ ਜਿਹੀਆਂ ਆਦਤਾਂ ਸਰੀਰ ਦੀ ਕੁਦਰਤੀ ਚਮਕ ਨੂੰ ਨਸ਼ਟ ਕਰ ਦਿੰਦੀਆਂ ਹਨ। ਇਸ ਹਾਲਤ ਵਿੱਚ ਸਦਾ ਹੱਸਦੇ-ਮੁਸਕਰਾਉਂਦੇ ਰਹੋ। ਚੰਗੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰੋ।

ਚੰਗਾ ਅਤੇ ਅਗਾਂਹਵਧੂ ਸਾਹਿਤ ਵੀ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਦਾ ਹੈ। ਇਸ ਲਈ ਚੰਗੇ ਸਾਹਿਤ ਦਾ ਅਧਿਐਨ ਕਰੋ। ਚੰਗੇ ਲੇਖਕਾਂ ਦੀਆਂ ਸਵੈ-ਜੀਵਨੀਆਂ ਅਤੇ ਬਹਾਦਰ ਲੋਕਾਂ ਦੀਆਂ ਜੀਵਨੀਆਂ ਪੜ੍ਹੋ ਅਤੇ ਇਨ੍ਹਾਂ ਦਾ ਅਧਿਐਨ ਕਰੋ।

ਜੇਕਰ ਇਨ੍ਹਾਂ ਥੋੜ੍ਹੇ ਜਿਹੇ ਨਿਯਮਾਂ ਦਾ ਪਾਲਣ ਕੀਤਾ ਜਾਵੇ ਤਾਂ ਲੰਮੀ ਉਮਰ ਸਿਹਤਮੰਦ ਰਹਿ ਕੇ ਗੁਜ਼ਾਰੀ ਜਾ ਸਕਦੀ ਹੈ। ਇਹ ਗੱਲਾਂ ਕੋਈ ਔਖੀਆਂ ਨਹੀਂ ਹਨ ਕਿ ਇਨ੍ਹਾਂ ਨੂੰ ਰੋਜ਼ਾਨਾ ਦੇ ਜੀਵਨ ਵਿੱਚ ਅਪਣਾਇਆ ਨਾ ਜਾ ਸਕੇ।

Advertisement
×