DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿੱਖ ਸਿਆਸਤ ਦਾ ਇਤਿਹਾਸਕ ਦਸਤਾਵੇਜ਼

ਪੁਸਤਕ ‘ਸਾਚੀ ਸਾਖੀ ਦਾ ਅਸਲੀ ਸੱਚ’ (ਸੰਪਾਦਕ: ਡਾ. ਭਗਵੰਤ ਸਿੰਘ ਤੇ ਸੰਦੀਪ ਸਿੰਘ; ਪੰਨੇ: 477) ਵਿੱਚ ਸਿਰਦਾਰ ਕਪੂਰ ਸਿੰਘ ਦੀ ਪੁਸਤਕ ‘ਸਾਚੀ ਸਾਖੀ’ ਦੇ ਮੂਲ ਪਾਠ ਦੇ ਨਾਲ ਨਾਲ ਉਨ੍ਹਾਂ ਦੀ ਲੇਖਣੀ ਅਤੇ ਸ਼ਖ਼ਸੀਅਤ ਬਾਰੇ 21 ਵਿਦਵਾਨਾਂ ਦੇ ਨਿਬੰਧ ਸ਼ਾਮਿਲ...

  • fb
  • twitter
  • whatsapp
  • whatsapp
Advertisement

ਪੁਸਤਕ ‘ਸਾਚੀ ਸਾਖੀ ਦਾ ਅਸਲੀ ਸੱਚ’ (ਸੰਪਾਦਕ: ਡਾ. ਭਗਵੰਤ ਸਿੰਘ ਤੇ ਸੰਦੀਪ ਸਿੰਘ; ਪੰਨੇ: 477) ਵਿੱਚ ਸਿਰਦਾਰ ਕਪੂਰ ਸਿੰਘ ਦੀ ਪੁਸਤਕ ‘ਸਾਚੀ ਸਾਖੀ’ ਦੇ ਮੂਲ ਪਾਠ ਦੇ ਨਾਲ ਨਾਲ ਉਨ੍ਹਾਂ ਦੀ ਲੇਖਣੀ ਅਤੇ ਸ਼ਖ਼ਸੀਅਤ ਬਾਰੇ 21 ਵਿਦਵਾਨਾਂ ਦੇ ਨਿਬੰਧ ਸ਼ਾਮਿਲ ਹਨ। ਇਸ ਪੁਸਤਕ ਵਿੱਚ ਸਿਰਦਾਰ ਕਪੂਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ‘ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ’ ਦੀ ਉਪਾਧੀ ਦੇਣ ਸਮੇਂ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਗਈ ਤਕਰੀਰ ਸਮੇਤ ਉਨ੍ਹਾਂ ਦੀਆਂ ਚਿੱਠੀਆਂ, ਹੱਥਲਿਖਤਾਂ, ਪੁਸਤਕਾਂ ਅਤੇ ਹਸਤਾਖਰਾਂ ਦੇ ਨਮੂਨਿਆਂ ਦੇ ਨਾਲ ਨਾਲ ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਕੁਝ ਤਸਵੀਰਾਂ ਵੀ ਅੰਤਿਕਾਵਾਂ ਵਜੋਂ ਸ਼ਾਮਿਲ ਕੀਤੀਆਂ ਗਈਆਂ ਹਨ।

ਸਿਰਦਾਰ ਕਪੂਰ ਸਿੰਘ ਦੀ ਪੁਸਤਕ ‘ਸਾਚੀ ਸਾਖੀ’ ਪਹਿਲੀ ਵਾਰ 1972 ਵਿੱਚ ਛਪ ਕੇ ਆਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਲਗਾਤਾਰ ਚਰਚਾ ਵਿੱਚ ਹੈ। ਵੀਹਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਇਸ ਪੁਸਤਕ ਉੱਪਰ ਪਾਬੰਦੀ ਵੀ ਲੱਗੀ ਰਹੀ। ਇਸ ਪੁਸਤਕ ਨੂੰ ਸਿੱਖ ਮਸਲਿਆਂ ਅਤੇ ਸਿੱਖ ਸਿਆਸਤ ਦਾ ਇਤਿਹਾਸਕ ਤੇ ਰਾਜਨੀਤਕ ਦਸਤਾਵੇਜ਼ ਕਿਹਾ ਜਾਂਦਾ ਹੈ। ਇਸ ਪੁਸਤਕ ਦੇ ਚਰਚਿਤ ਹੋਣ ਦਾ ਮੁੱਖ ਕਾਰਨ 126 ਪੰਨਿਆਂ ’ਤੇ ਫੈਲਿਆ ਪ੍ਰਮੁੱਖ ਨਿਬੰਧ ‘ਕਮੀਊਨਲ ਅਵਾਰਡ’ ਅਤੇ ਭੂਮਿਕਾ ਵਜੋਂ 45 ਪੰਨਿਆਂ ਦੀ ਸਿਰਦਾਰ ਕਪੂਰ ਸਿੰਘ ਦੀ ਖ਼ੁਦ ਲਿਖੀ ਸੰਖੇਪ ਆਤਮ-ਕਥਾ ਹੈ। ਇਸ ਤੋਂ ਇਲਾਵਾ ਪੁਸਤਕ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ 5 ਅਤੇ ਪੰਜਾਬੀ ਭਾਸ਼ਾ ਵਿੱਚ ਪੇਸ਼ 9 ਅੰਤਿਕੇ ਵੀ ਮਹੱਤਵਪੂਰਨ ਹਨ ਕਿਉਂਕਿ ਇਹ ਸਿਰਦਾਰ ਕਪੂਰ ਸਿੰਘ ਨੂੰ ਆਜ਼ਾਦ ਭਾਰਤ ਦੀ ਸਰਕਾਰ ਵੱਲੋਂ ਆਈ.ਸੀ.ਐੱਸ. ਦੀ ਅਹਿਮ ਨੌਕਰੀ ਤੋਂ ਪਹਿਲਾਂ ਮੁਅੱਤਲ ਅਤੇ ਫਿਰ ਬਰਖ਼ਾਸਤ ਕਰਨ ਸਬੰਧੀ ਪ੍ਰਮਾਣਿਤ ਦਸਤਾਵੇਜ਼ ਹਨ। ਪੁਸਤਕ ‘ਸਾਚੀ ਸਾਖੀ’ ਦਾ ਡਾ. ਗੰਡਾ ਸਿੰਘ ਵੱਲੋਂ ਲਿਖਿਆ ਹੋਇਆ ਮੁੱਖਬੰਧ ਇਸ ਪੁਸਤਕ ਦੇ ਸੰਖੇਪ ਭਾਵ ਨੂੰ ‘ਕੁੱਜੇ ਵਿੱਚ ਸਮੁੰਦਰ ਬੰਦ’ ਕਰਨ ਲਈ ਬਹੁਤ ਹੀ ਅਹਿਮ ਹੈ। ਸੰਪਾਦਕੀ ਸ਼ਬਦ ਪੁਸਤਕ ਸਬੰਧੀ ਜਾਣ-ਪਛਾਣ ਕਰਵਾਉਣ ਪੱਖੋਂ ਆਪਣੀ ਅਹਿਮੀਅਤ ਰੱਖਦੇ ਹਨ।

Advertisement

ਪੁਸਤਕ ਦਾ ਪ੍ਰਮੁੱਖ ਨਿਬੰਧ ‘ਕਮੀਊਨਲ ਅਵਾਰਡ’ 16 ਅਗਸਤ 1932 ਨੂੰ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਰੈਮਸੇ ਮੈਕਡੌਨਲਡ ਵੱਲੋਂ ਹਿੰਦੋਸਤਾਨ ਦੇ ਵੱਖ-ਵੱਖ ਫ਼ਿਰਕਿਆਂ ਦਰਮਿਆਨ ਵਧ ਰਹੀ ਫ਼ਿਰਕੂ ਖਿੱਚੋਤਾਣ ਅਤੇ ਉਨ੍ਹਾਂ ਦੀ ਰਾਜਨੀਤਕ ਮੰਗਾਂ ਦੇ ਪਿਛੋਕੜ ਵਿੱਚ ਐਲਾਨੇ ਗਏ ਸਿਆਸੀ ਐਵਾਰਡ ਦੀ ਪਿੱਠਭੂਮੀ ਸਬੰਧੀ ਵਿਸਥਾਰਤ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਐਵਾਰਡ ਰਾਹੀਂ ਮੁਸਲਮਾਨਾਂ, ਸਿੱਖਾਂ, ਭਾਰਤੀ ਇਸਾਈਆਂ, ਐਂਗਲੋ ਇੰਡੀਅਨਜ਼ ਅਤੇ ਯੂਰੋਪੀਅਨਾਂ ਲਈ ਵੱਖਰੇ-ਵੱਖਰੇ ਚੋਣ ਹਲਕਿਆਂ ਦਾ ਉਪਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਐਵਾਰਡ ਨੇ ਹਾਸ਼ੀਆਗਤ ਜਮਾਤਾਂ ਭਾਵ ਸ਼ੈਡਿਊਲਡ ਕਾਸਟਸ ਨੂੰ ਮਾਨਤਾ ਦੇ ਕੇ ਉਨ੍ਹਾਂ ਵਾਸਤੇ ਵੀ ਵੱਖਰੇ ਚੋਣ ਹਲਕੇ ਰਾਖਵੇਂ ਕਰ ਦਿੱਤੇ ਸਨ ਅਤੇ ਨਾਲ ਹੀ ਉਨ੍ਹਾਂ ਨੂੰ ਰਾਖਵੇਂ ਤੇ ਜਨਰਲ ਦੋਵਾਂ ਹਲਕਿਆਂ ਲਈ ਭਾਵ ਦੂਹਰੀ ਵੋਟ ਦਾ ਅਧਿਕਾਰ ਵੀ ਦਿੱਤਾ ਗਿਆ ਸੀ। ਐਵਾਰਡ ਰਾਹੀਂ ਪ੍ਰੋਵਿੰਸ਼ੀਅਲ ਹਲਕਿਆਂ ਦੀ ਗਿਣਤੀ ਦੁੱਗਣੀ ਕਰਕੇ ਔਰਤਾਂ, ਵਪਾਰੀਆਂ ਤੇ ਸਨਅਤਕਾਰਾਂ ਅਤੇ ਜ਼ਿਮੀਂਦਾਰਾਂ ਲਈ ਕੁਝ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਸਨ। ‘ਕਮੀਊਨਲ ਐਵਾਰਡ’ ਲੇਖ ਵਿੱਚ ਸਿਰਦਾਰ ਕਪੂਰ ਸਿੰਘ ਨੇ ਹਿੰਦੂ-ਸਿੱਖਾਂ ਅਤੇ ਮੁਸਲਮਾਨਾਂ ਦੇ ਅਣਸੁਖਾਵੇਂ ਸਬੰਧਾਂ ਦੇ ਪਿਛੋਕੜ ਨੂੰ ਵਿਸਥਾਰ ਸਹਿਤ ਬਿਆਨ ਕੀਤਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਮੁਸਲਮਾਨ ਆਗੂਆਂ ਨੇ ਨਾਂਹ-ਨੁੱਕਰ ਕਰਦਿਆਂ ਇਹ ਐਵਾਰਡ ਪ੍ਰਵਾਨ ਕਰ ਲਿਆ ਸੀ ਅਤੇ ਮਹਾਤਮਾ ਗਾਂਧੀ ਨੇ ਭੁੱਖ ਹੜਤਾਲ ਰਾਹੀਂ ਅਛੂਤਾਂ ਨੂੰ ਹਿੰਦੂਆਂ ਦਾ ਹਿੱਸਾ ਮੰਨਵਾ ਕੇ ਕੂਟਨੀਤਕ ਸਹਿਮਤੀ ਦੇ ਦਿੱਤੀ ਸੀ। ਸਿੱਖ ਨੇਤਾਵਾਂ ਅਤੇ ਜਨਤਾ ਨੇ ਇਸ ਐਵਾਰਡ ਨੂੰ ਨਾ ਰੱਦ ਕੀਤਾ ਤੇ ਨਾ ਹੀ ਇਸ ਨੂੰ ਕਬੂਲਿਆ ਭਾਵ ਕੋਈ ਵੀ ਠੋਸ ਫ਼ੈਸਲਾ ਨਾ ਕਰ ਸਕੇ। ਲੇਖਕ ਦਾ ਮੰਨਣਾ ਹੈ ਕਿ ਇਸ ਐਵਾਰਡ ਦੇ ਵਿਰੋਧ ਵਿੱਚ ਸਿੱਖ ਨੇਤਾ ਥੋੜ੍ਹੀ ਜਿਹੀ ਕੁਰਬਾਨੀ ਕਰ ਗੁਜ਼ਰਦੇ ਤਾਂ ਪੰਜਾਬ ਤੇ ਸਿੱਖਾਂ ਦਾ ਇਤਿਹਾਸ ਕੁਝ ਹੋਰ ਹੀ ਹੁੰਦਾ। ਸਿੱਖ ਆਗੂਆਂ ਵਿੱਚ ਦੂਰਅੰਦੇਸ਼ੀ ਦੀ ਘਾਟ ਅਤੇ ਬੇਇਤਫ਼ਾਕੀ ਨੇ ਪੰਜਾਬ ਤੇ ਸਿੱਖਾਂ ਦੇ ਇਤਿਹਾਸ ਨੂੰ ਹਾਸ਼ੀਏ ਉੱਤੇ ਧੱਕ ਦਿੱਤਾ। ਲੇਖਕ ਅਨੁਸਾਰ ਇਹ ਕਮਿਊਨਲ ਐਵਾਰਡ ਹੀ ਬਾਅਦ ਵਿੱਚ ਦੇਸ਼ ਦੇ ਬਟਵਾਰੇ ਦਾ ਕਾਰਨ ਬਣਿਆ। ਕਪੂਰ ਸਿੰਘ ਨੇ ਨਿਬੰਧ ‘ਕਮੀਊਨਲ ਐਵਾਰਡ’ ਵਿੱਚ ਨਾ ਕੇਵਲ ਭਾਰਤੀ ਹਿੰਦੂ ਸਿਆਸਤਦਾਨਾਂ ਨੂੰ ਹੀ ਨਿੰਦਿਆ ਹੈ ਸਗੋਂ ਉਸ ਸਮੇਂ ਦੇ ਸਿੱਖ ਸਿਆਸਤਦਾਨਾਂ ਦੀ ਵੀ ਨੁਕਤਾਚੀਨੀ ਕੀਤੀ ਹੈ, ਪਰ ਦੂਜੇ ਪਾਸੇ ਅੰਗਰੇਜ਼ਾਂ ਪ੍ਰਤੀ ਨਰਮ ਵਤੀਰਾ ਧਾਰਨ ਕੀਤਾ ਜਾਪਦਾ ਹੈ। ਨਿਬੰਧ ਉਸ ਸਮੇਂ ਦੇ ਸਿੱਖ ਸਿਆਸਤਦਾਨਾਂ ਦੀਆਂ ਕਮਜ਼ੋਰੀਆਂ ਅਤੇ ਉਨ੍ਹਾਂ ਦੀ ਅਲਪ ਦ੍ਰਿਸ਼ਟੀ ਉੱਪਰ ਉਂਗਲ ਧਰਦਾ ਹੈ।

Advertisement

ਕੁੱਲ ਮਿਲਾ ਕੇ ਇਸ ਲੇਖ ਨੂੰ ਉਸ ਸਮੇਂ ਦੀ ਸਿੱਖ ਸਿਆਸਤ, ਹਿੰਦੂ-ਸਿੱਖ-ਮੁਸਲਮਾਨ ਆਗੂਆਂ ਦੇ ਕਿਰਦਾਰ ਅਤੇ ਅੰਗਰੇਜ਼ਾਂ ਦੀ ਕਪਟ ਨੀਤੀ ਦਾ ਇਤਿਹਾਸਕ ਦਸਤਾਵੇਜ਼ ਕਿਹਾ ਜਾ ਸਕਦਾ ਹੈ। ਇਹ ਨਿਬੰਧ ਕਈ ਆਗੂਆਂ ਦੀ ਸਿੱਖਾਂ ਪ੍ਰਤੀ ਨਕਾਰਾਤਮਕ ਸੋਚ ਦਾ ਵੀ ਪ੍ਰਗਟਾਵਾ ਕਰਦਾ ਹੈ।

ਕਮੀਊਨਲ ਐਵਾਰਡ ਤੋਂ ਇਲਾਵਾ ਇਸ ਪੁਸਤਕ ਵਿੱਚ ਦਰਜ ਲੇਖਕ ਦੀ ਭੂਮਿਕਾ ਰੂਪੀ ਆਤਮਕਥਾ ਆਜ਼ਾਦ ਭਾਰਤ ’ਚ ਸਰਕਾਰ ਵੱਲੋਂ ਉਨ੍ਹਾਂ ਨੂੰ ਧਰਮ ਦੇ ਆਧਾਰ ਕਰਕੇ ਆਈ.ਸੀ.ਐੱਸ. ਦੀ ਅਹਿਮ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਦਾਸਤਾਨ ਪੇਸ਼ ਕਰਦੀ ਹੈ।

ਪੁਸਤਕ ‘ਸਾਚੀ ਸਾਖੀ ਦਾ ਅਸਲ ਸੱਚ’ ਵਿੱਚ ਸਿਰਦਾਰ ਕਪੂਰ ਸਿੰਘ ਦੇ ਜੀਵਨ, ਸ਼ਖ਼ਸੀਅਤ ਅਤੇ ਰਚਨਾਵਾਂ ਬਾਰੇ 21 ਵਿਦਵਾਨਾਂ ਦੇ ਨਿਬੰਧ ਸ਼ਾਮਿਲ ਕਰਨਾ ਸੰਪਾਦਕਾਂ ਦੀ ਵੱਡੀ ਪ੍ਰਾਪਤੀ ਹੈ, ਜੋ ਪੁਸਤਕ ‘ਸਾਚੀ ਸਾਖੀ’ ਨੂੰ ਹੋਰ ਅਹਿਮ ਬਣਾਉਂਦੀ ਹੈ। ਕੁੱਲ ਮਿਲਾ ਕੇ ਇਹ ਸਿਰਦਾਰ ਕਪੂਰ ਸਿੰਘ ਦੀ ਚਰਚਿਤ ਪੁਸਤਕ ‘ਸਾਚੀ ਸਾਖੀ’ ਦੇ ਪਾਠ ਤੋਂ ਇਲਾਵਾ ਉਨ੍ਹਾਂ ਦੇ ਜੀਵਨ, ਸ਼ਖ਼ਸੀਅਤ ਅਤੇ ਰਚਨਾਵਾਂ ਦਾ ਪੜ੍ਹਨਯੋਗ ਅਤੇ ਸਾਂਭਣਯੋਗ ਦਸਤਾਵੇਜ਼ ਹੈ।

ਸੰਪਰਕ: 97800-36137

Advertisement
×