ਕਿਸਾਨ ਅੰਦੋਲਨ ਦੀ ਹਿੰਦੀ ਕਵਿਤਾ

ਕਿਸਾਨ ਅੰਦੋਲਨ ਦੀ ਹਿੰਦੀ ਕਵਿਤਾ

ਇਨ੍ਹਾਂ ਕਵਿਤਾਵਾਂ ਵਿਚ ਕਿਸਾਨ ਹਿੰਦੀ ਕਵਿਤਾ ਦਾ ਪਰਿਦ੍ਰਿਸ਼ ਦੇਖਿਆ ਜਾ ਸਕਦਾ ਹੈ:

ਇਸ ਆਤਮ ਹੱਤਿਆ ਨੂੰ ਹੁਣ ਕਿੱਥੇ ਜੋੜਾਂ?

ਰਾਜੇਸ਼ ਜੋਸ਼ੀ

ਦੇਸ਼ ਬਾਰੇ ਲਿਖੇ ਗਏ

ਹਜ਼ਾਰਾਂ ਲੇਖਾਂ ਵਿਚ ਲਿਖਿਆ ਗਿਆ

ਪਹਿਲਾ ਅਮਰ ਵਾਕ

ਇਕ ਵਾਰ ਫਿਰ ਲਿਖਦਾ ਹਾਂ-

ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ

ਦੁਬਾਰਾ ਉਸ ਨੂੰ ਪੜ੍ਹਨ ਲਈ

ਜਿਵੇਂ ਹੀ ਅੱਖਾਂ ਝੁਕਾਉਂਦਾ ਹਾਂ

ਤਾਂ ਲਿਖਿਆ ਹੋਇਆ ਪਾਉਂਦਾ ਹਾਂ

ਕਿ ਪਿਛਲੇ ਕੁਝ ਵਰ੍ਹਿਆਂ ਵਿਚ

ਡੇਢ ਲੱਖ ਤੋਂ ਵੱਧ ਕਿਸਾਨਾਂ ਨੇ

ਆਤਮ ਹੱਤਿਆ ਕੀਤੀ ਹੈ ਇਸ ਦੇਸ਼ ਵਿਚ

ਡਰ ਕੇ ਕਾਗਜ਼ ਤੋਂ

ਆਪਣੀਆਂ ਅੱਖਾਂ ਚੁੱਕਦਾ ਹਾਂ

ਤਾਂ ਮੁਸਕਰਾਉਂਦੀ ਹੋਈ ਦਿਸਦੀ ਹੈ

ਸਾਡੀ ਸਰਕਾਰ

ਕੋਈ ਸ਼ਰਮ ਨਹੀਂ ਕਿਸੇ ਦੀ ਅੱਖ ਵਿਚ

ਦੁਖ ਜਾਂ ਪਛਤਾਵੇ ਦੀ

ਇਕ ਲਕੀਰ ਨਹੀਂ ਚਿਹਰੇ ’ਤੇ

ਪਰਮਾਣੂ ਸਮਝੌਤਿਆਂ ਲਈ ਬੇਚੈਨ ਸਰਕਾਰ

ਆਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ

ਆਪਣੀਆਂ ਚਿੱਕੜ ਭਰੀਆਂ ਜੁੱਤੀਆਂ ਨਾਲ

ਗੰਦਾ ਕਰਦੀ ਇਕ

ਵੱਡੇ ਸਾਮਰਾਜ ਦੇ ਮੁਖੀ ਨੂੰ

ਸਲਾਮ ਵਜਾਉਂਦੀ ਨਜ਼ਰ ਆਉਂਦੀ ਹੈ

ਪੱਤਰਕਾਰਾਂ ਮੀਡੀਆ ਕਰਮੀਆਂ ਦੇ

ਸਵਾਲਾਂ ਨੂੰ ਟਾਲਦੀ ਹੋਈ

ਕਿ ਜਲਦੀ ਹੀ ਕਰੇਗੀ ਵਿਚਾਰ

ਕਿਸਾਨਾਂ ਬਾਰੇ

ਗੁੱਸੇ ਵਿਚ ਬੇਸੁਧ ਹੋ ਕੇ ਥੁੱਕਦਾ ਹਾਂ

ਸਰਕਾਰ ਦੇ ਚਿਹਰੇ ’ਤੇ

ਪਰ ਉਹ ਸਰਕਾਰ ਨਹੀਂ

ਸਰਕਾਰ ਦੀ ਰੰਗੀਨ ਦਿੱਖ ਹੈ

ਤੇ ਉਹ ਵੀ ਮੇਰੇ ਸਿਰ ਤੋਂ ਬਹੁਤ ਉੱਪਰ

ਥੁੱਕ ਦੇ ਛਿੱਟੇ ਮੇਰੇ ਹੀ ਚਿਹਰੇ ’ਤੇ ਡਿੱਗਦੇ ਹਨ

ਸ਼ਰਮਿੰਦਾ ਹੋ ਕੇ ਬਾਂਹ ਨਾਲ

ਆਪਣਾ ਚਿਹਰਾ ਪੂੰਝਦਾ ਹਾਂ

ਤਾਂ ਕੋਈ ਕੰਨ ਵਿਚ ਫੁਸਫੁਸਾਉਂਦਾ ਹੈ

ਕਿ ਇੱਕ ਕਿਸਾਨ ਨੇ ਕੁਝ ਦੇਰ ਪਹਿਲਾਂ

ਆਤਮ ਹੱਤਿਆ ਕਰ ਲਈ

ਤੇ ਆਪਣੇ ਪਿੰਡ ਵਿਚ

ਆਤਮ ਹੱਤਿਆ ਦੇ ਅੰਕੜਿਆਂ ਵਿਚ

ਹੁਣ ਇਸ ਨੂੰ ਕਿੱਥੇ ਜੋੜਾਂ?

ਨਵੀਂ ਖੇਤੀ

ਰਮਾ ਸ਼ੰਕਰ ਯਾਦਵ ਵਿਦ੍ਰੋਹੀ

ਮੈਂ ਕਿਸਾਨ ਹਾਂ

ਆਸਮਾਨ ਵਿਚ ਝੋਨਾ ਬੀਜ ਰਿਹਾ ਹਾਂ

ਕੁਝ ਲੋਕ ਕਹਿ ਰਹੇ ਨੇ

ਕਿ ਪਾਗਲ! ਆਸਮਾਨ ਵਿਚ

ਝੋਨਾ ਨਹੀਂ ਲੱਗਿਆ ਕਰਦਾ

ਮੈਂ ਕਹਿੰਦਾ ਹਾਂ

ਪਾਗਲ!

ਜੇ ਜ਼ਮੀਨ ’ਤੇ ਭਗਵਾਨ ਜੰਮ ਸਕਦਾ ਹੈ

ਤਾਂ ਆਸਮਾਨ ਵਿਚ ਵੀ ਝੋਨਾ ਲੱਗ ਸਕਦਾ ਹੈ

ਤੇ ਹੁਣ ਤਾਂ ਦੋਹਾਂ ਵਿਚੋਂ ਕੁਝ ਇਕ ਹੋ ਕੇ ਰਹੇਗਾ

ਜਾਂ ਤਾਂ ਜ਼ਮੀਨ ਤੋਂ ਭਗਵਾਨ ਉਖੜੇਗਾ

ਜਾਂ ਆਸਮਾਨ ਵਿਚ ਝੋਨਾ ਉੱਗੇਗਾ.....

ਵਜੂਦ

ਸੁਭਾਸ਼ ਰਾਏ

ਮੈਂ ਜਦੋਂ ਵੀ ਮਰਿਆ

ਤੇਰੇ ਫੰਦੇ ਵਿਚ ਫਸ ਕੇ

ਤੂੰ ਪ੍ਰਚਾਰ ਕੀਤਾ

ਮੈਂ ਬਿਮਾਰ ਸੀ

ਘਰ ਵਿਚ ਰੋਜ਼ਾਨਾ ਦੇ ਝਗੜੇ ਤੋਂ ਪ੍ਰੇਸ਼ਾਨ ਸੀ

ਤੇਰੇ ਡਾਕਟਰਾਂ ਨੇ ਵੀ ਰਿਪੋਰਟ ਦਿੱਤੀ

ਕਿ ਮੈਂ ਨਾ ਕਰਜ਼ ਵਿਚ ਡੁੱਬ ਕੇ ਮਰਿਆ

ਨਾ ਉਦਾਸੀ ਵਿਚ, ਨਾ ਜ਼ਹਿਰ ਨਾਲ,

ਨਾ ਭੁੱਖ ਨਾਲ

ਮੇਰੇ ਢਿੱਡ ਵਿਚ ਰੋਟੀਆਂ ਦੇ

ਅਧਪਚੇ ਟੁਕੜੇ ਪਾਏ ਗਏ

ਮੇਰੇ ਆਖ਼ਰੀ ਬਿਆਨ ਵੀ ਤੂੰ

ਕਦੇ ਠੀਕ ਦਰਜ ਨਹੀਂ ਹੋਣ ਦਿੱਤੇ

ਲੋਕਾਂ ਨੂੰ ਦੱਸਿਆ

ਕਿ ਮੈਂ ਇੱਕ ਅਰਸੇ ਤੋਂ ਬਿਮਾਰ ਸੀ

ਅਚਾਨਕ ਹਾਲਤ ਵਿਗੜ ਗਈ

ਤੇ ਹਸਪਤਾਲ ਲੈ ਜਾਂਦੇ ਹੋਏ

ਰਾਹ ਵਿਚ ਹੀ ਦਮ ਤੋੜ ਦਿੱਤਾ

ਤੂੰ ਬਹੁਤ ਕੋਸ਼ਿਸ਼ ਕੀਤੀ ਹੈ

ਕਿ ਮੇਰੀ ਮੌਤ ਵਿਚ

ਕੁਝ ਵੀ ਵਿਸ਼ੇਸ਼ ਨਾ ਲੱਗੇ

ਪਰ ਮੇਰੇ ਬੱਚਿਆਂ ਨੇ ਸੁਣ ਲਈ

ਮੇਰੀ ਆਖ਼ਰੀ ਸਿਸਕੀ

ਉਹ ਸਮਝ ਗਏ

ਕਿ ਝੂਠੇ ਸੁਪਨਿਆਂ ਵਿਚ ਉਲਝਾ ਕੇ

ਮੇਰੀ ਹੱਤਿਆ ਕੀਤੀ ਗਈ ਹੈ

ਦਰਖਤਾਂ ਦੀਆਂ ਟਾਹਣੀਆਂ ਤੇ

ਬਿਜਲੀ ਦੇ ਖੰਭਿਆਂ ਤੇ

ਮਿੱਟੀ ਦੇ ਘਰਾਂ ਦੀਆਂ ਛੱਤਾਂ ’ਤੇ ਲੱਗੇ ਬਾਂਸਾਂ ’ਤੇ

ਵਰ੍ਹਿਆਂ ਤੋਂ ਲਟਕੇ ਹੋਏ ਸਿਰ ਮੇਰੇ ਹੀ ਨੇ

ਉਨ੍ਹਾਂ ’ਚੋਂ ਅੱਜ ਵੀ ਖ਼ੂਨ ਟਪਕ ਰਿਹਾ ਹੈ

ਤੂੰ ਫੰਦੇ ਬਣਾਉਣ ਵਿਚ ਬਹੁਤ ਮਾਹਿਰ ਹੈਂ

ਤੇਰੇ ਕੋਲ ਕਾਨੂੰਨ ਨੇ, ਵਰਦੀਆਂ ਨੇ, ਬੰਦੂਕਾਂ ਨੇ

ਪਰ ਬੱਚੇ ਆਪਣੇ ਪੁਰਖਿਆਂ ਦੇ ਵਾਂਗ

ਬੇਆਵਾਜ਼ ਨਹੀਂ ਮਰਨਾ ਚਾਹੁੰਦੇ

ਉਨ੍ਹਾਂ ਨੂੰ ਤੁਹਾਡੀ ਮਨਮਾਨੀ ਮੰਜੂਰ ਨਹੀਂ

ਕੋਈ ਹੋਰ ਗੁਸਤਾਖ਼ੀ ਕਰਨ ਤੋਂ ਪਹਿਲਾਂ

ਆਪਣੇ ਵਜੂਦ ਬਾਰੇ ਸੋਚੋ

ਸੋਚੋ ਕਿ ਕਦੇ ਕਦੇ ਸ਼ਿਕਾਰੀ ਵੀ ਮਾਰੇ ਜਾਂਦੇ ਨੇ

ਆਪਣੇ ਹੀ ਫੰਦਿਆਂ ਵਿਚ ਫਸ ਕੇ...

ਦੋ ਵਿੱਘੇ ਖੇਤ

ਨਿਰੰਜਨ ਸ਼੍ਰੋਤਰਿਆ

ਪੂਰੀ ਦੁਨੀਆਂ ਤੋ ਅੱਡ ਹੁੰਦੀ

ਦੋ ਵਿੱਘੇ ਖੇਤ ਦੀ ਦੁਨੀਆਂ

ਦੋ ਵਿੱਘੇ ਖੇਤ ਦਾ

ਸੂਰਜ ਅੱਡ

ਹਵਾ ਅੱਡ

ਬੱਦਲ ਅੱਡ

ਦੋ ਵਿੱਘੇ ਖੇਤ ’ਤੇ ਹਲ ਵਾਹੁੰਦਾ ਆਦਮੀ

ਦੁਨੀਆਂ ਦੀ ਭੀੜ ਤੋਂ ਅੱਡ ਹੁੰਦਾ

ਇਕ ਜੋੜੀ ਬਲਦ ਹਲ ਤੇ

ਦੋ ਵਿੱਘੇ ਖੇਤ ਦੀ

ਦੁਨੀਆਂਦਾਰੀ ਵਿਚ ਫਸਿਆ ਉਹ

ਬੇਖ਼ਬਰ ਹੈ ਸੰਸਾਰ ਵਿਚ

ਜਮ੍ਹਾਂ ਹੋ ਰਹੇ ਹਥਿਆਰਾਂ ਤੋਂ

ਆਪਣਾ ਵੋਟ ਨੇਫੇ ਵਿਚ ਤੁੰਨ ਕੇ ਉਹ

ਘਿਰ ਆਏ ਬੱਦਲਾਂ ਨੂੰ ਤੱਕਦਾ

ਦੋ ਵਿੱਘੇ ਖੇਤ ਦੀ ਸਲਤਨਤ ਦਾ

ਬਾਦਸ਼ਾਹ ਮੰਨਦਾ ਹੈ

ਇਸ ਭੂ-ਖੰਡ ਨੂੰ

ਦੁਨੀਆਂ ਦੀ ਸੰਰਚਨਾਤਮਕ

ਤੇ ਕਿਰਿਆਤਮਕ ਇਕਾਈ

ਮਮਤਾ ਨਾਲ ਸਹਿਲਾਉਂਦਾ

ਦੋ ਵਿੱਘੇ ਖੇਤ ਵਿਚ ਉੱਗ ਆਏ

ਬੱਚਿਆਂ ਦੇ ਗੱਲ੍ਹ ਪਿੱਠਾਂ ਤੇ ਉਂਗਲੀਆਂ

ਚੁੰਮਦਾ ਉਨ੍ਹਾਂ ਦੇ ਜਵਾਨ ਹੁੰਦੇ

ਸੁਨਹਿਰੇ ਮੱਥਿਆਂ ਨੂੰ

ਫੇਰ ਇਕ ਦਿਨ

ਦੋ ਵਿੱਘੇ ਖੇਤ ਦਾ ਮਾਲਿਕ

ਘੁੱਟ ਕੇ ਆਪਣਾ ਅੰਗੂਠਾ ਮੁੱਠੀ ਵਿਚ

ਕਦੇ ਰੋਣ ਤੇ ਕਦੇ ਗਰਜਣ ਲੱਗਦਾ ਹੈ

ਉਸਦੀ ਬਾਰਿਸ਼

ਮਣੀ ਮੋਹਨ

ਅਸੀਂ ਤਾਂ

ਸਿਰਫ਼ ਉਡੀਕ ਕਰਦੇ ਹਾਂ

ਬਰਸਾਤ ਦੀ

ਉਹ ਤਾਂ ਬੱਦਲਾਂ ਦੇ ਵਿਚਾਲੇ

ਘਟਾ ਤਲਾਸ਼ਦਾ ਹੈ

ਹੁਣੇ ਹੁਣੇ ਮੁੜਿਆ ਹੈ ਉਹ

ਆਪਣੇ ਖੇਤਾਂ ਵਿਚ

ਸੁਪਨੇ ਬੀਜ ਕੇ

ਸਾਡੇ ਕੋਲ

ਕੁਝ ਵੀ ਨਹੀਂ

ਬੀਜਣ ਲਈ

ਕੁਝ ਵੀ ਤਾਂ ਨਹੀਂ

ਗੁਆਉਣ ਲਈ...

ਅੱਜ ਕਾਂ ਰਿੰਗ ਰਿਹਾ ਹੈ

ਲਾਲਿਤ੍ਯ ਲਲਿਤ

ਸਵੇਰ ਤੋਂ

ਪਤਾ ਨੀ ਕਿਉਂ

ਇਉਂ ਤਾਂ ਨਹੀਂ

ਕਿ ਉਸ ਨੂੰ ਪਤਾ ਲੱਗ ਗਿਆ ਹੋਵੇ

ਕਿ ਕਿਸਾਨ ਅੰਦੋਲਨ ਕਦੋਂ ਖ਼ਤਮ ਹੋਵੇਗਾ

ਮੱਖਣ ਵਿਚ ਡੁੱਬੇ ਪਰੌਂਠੇ

ਦੱਸ ਦਿੰਦੇ ਹਨ ਇਨ੍ਹਾਂ ਵਿਚ ਮਾਂ ਦਾ ਪਿਆਰ

ਡੁੱਲ੍ਹ ਡੁੱਲ੍ਹ ਪੈ ਰਿਹਾ ਹੈ

ਸੜਕ ’ਤੇ ਪਪੀਤਾ ਵੇਚਦਾ ਰਾਮ ਲੁਭਾਇਆ

ਆਵਾਜ਼ ਦੇ ਰਿਹਾ ਹੈ

ਲੈ ਲੋ ਭਾਈ

ਸਿਹਤ ਦਾ ਸੌਦਾ

ਸਾਹਮਣੇ ਪੀਜ਼ਾ ਡਲਿਵਰੀ ਵਾਲਾ ਮੁੰਡਾ

ਜਿਵੇਂ ਮੂੰਹ ਚਿੜ੍ਹਾ ਰਿਹਾ ਹੈ

ਕਾਂ ਜ਼ੋਰ ਜ਼ੋਰ ਦੀ ਦੱਸ ਰਿਹਾ ਹੈ

ਅੱਜ ਮੌਸਮ ਕੁਝ ਸੁਹਾਵਣਾ ਹੈ

ਸਾਰਿਆਂ ਨੂੰ ਪਤਾ ਹੈ

ਪਰ ਸਾਹਬ ਜੋ ਸੰਨਾਟੇ ਦਾ ਮਜ਼ਾ ਹੈ

ਉਹ ਇਵੇਂ ਹੀ ਹੈ ਜਿਵੇਂ

ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦਾ ਕੰਬੋ

ਜ਼ਿੰਦਗੀ ਵੀ ਕਨਫਿਊਜ਼ਨ ਤੋਂ ਸ਼ੁਰੂ ਹੋਈ

ਤੇ ਕਨਫਿਊਜ਼ਨ ’ਤੇ ਕੱਥਕ ਕਰਦੀ ਹੈ

ਹੁਣ ਇਸ ਨੂੰ ਇਸ ਤਰ੍ਹਾਂ ਲਵੋ

ਇਵੇਂ ਜੋ ਵੀ ਰਿੰਗ ਰਿਹਾ ਹੈ

ਉਸ ਨੂੰ ਰਿੰਗਣ ਦਿਉ

ਇਹੀ ਪ੍ਰਕਿਰਤੀ ਦਾ ਨਿਯਮ ਹੈ

ਉਸ ਨੂੰ ਉਸ ਪਲ ਦਾ ਸਵਾਗਤ ਕਰਨ ਦਿਉ...

ਕਿੱਲਾਂ

ਕਵਿਤਾ ਕੁਮਾਰੀ

ਰੋਜ਼ ਰਾਤ ਨੂੰ

ਠੱਕ ਠੱਕ ਕਰਦੀ ਆਉਂਦੀ ਹੈ ਆਵਾਜ਼

ਠੁਕ ਰਹੀਆਂ ਕਿੱਲਾਂ ਦੀ

ਦਿਨ ਦੇ ਚਾਨਣ ਵਿਚ ਵੀ

ਚੁਭਦੀ ਰਹਿੰਦੀ ਹੈ ਉਹ ਕਿੱਲ

ਜੋ ਠੋਕੀ ਗਈ

ਲੋਕਤੰਤਰ ਦੇ ਮੱਥੇ ’ਤੇ

ਇਕ ਦਿਨ ਬੀਤਿਆ

ਦੋ ਚਾਰ ਲੰਘ ਗਏ

ਹਫ਼ਤਾ ਗੁਜ਼ਰ ਗਿਆ

ਮਹੀਨੇ ਸਾਲ ਲੰਘਦੇ ਜਾਣਗੇ

ਪਰ ਠੱਕ ਠੱਕ ਦੀ ਆਵਾਜ਼

ਗੂੰਜਦੀ ਰਹੇਗੀ ਸਦੀਆਂ ਤਕ

ਕਿੱਲਾਂ ਵਾਲੇ ਲੋਕਤੰਤਰ ਦਾ ਠੱਪਾ

ਨਹੀਂ ਮਿਟ ਸਕੇਗਾ

ਹਜ਼ਾਰ ਵਿਛਾ ਦਿਉ ਰਾਹਾਂ ਵਿਚ ਫੁੱਲ

ਉਸ ਕਿੱਲ ਤੇ ਚੁਭਣ ਨਹੀਂ ਜਾਏਗੀ ਕਦੇ

ਏਨਾ ਵੀ ਨਹੀਂ ਜਾਣਦੇ

ਜਾਂ ਭੁੱਲ ਗਏ

ਜਿੰਨੀ ਨੁਕੀਲੀ ਕਿੱਲ ਹੋਵੇਗੀ

ਓਨਾ ਧਾਰਦਾਰ ਹੋਵੇਗਾ ਗਣਤੰਤਰ

ਨਹੀਂ ਠੋਕ ਸਕੋਗੇ ਕੋਈ ਕਿੱਲ

ਜਾਗਦੇ ਲੋਕਤੰਤਰ ਵਿਚ

ਫਿਰ ਜੁਰੱਅਤ ਕਿਉਂ ਕਰਦੇ ਹੋ

ਕਿੱਲ ਠੋਕਣ ਦੀ?

ਕਿਵੇਂ ਮਨਾਈਏ ਨਵੇਂ ਸਾਲ ਦਾ ਜਸ਼ਨ

ਅਸੀਂ ਕਿਵੇਂ ਮਨਾਈਏ

ਨੀਰਜ ਕੁਮਾਰ ਮਿਸ਼ਰ

ਨਵੇਂ ਸਾਲ ਦਾ ਜਸ਼ਨ

ਜਦੋਂ ਅਣਗਿਣਤ ਹਲਕੂ ਤੇ ਹੋਰੀ

ਬੈਠੇ ਹੋਣ ਰਾਜਧਾਨੀ ਦੀਆਂ ਸੀਮਾਵਾਂ ਉੱਤੇ

ਅਸੀਂ ਕਿਵੇਂ ਮਨਾਈਏ ਨਵੇਂ ਸਾਲ ਦਾ ਜਸ਼ਨ

ਜਦੋਂ ਕਰੋਨਾ ਦੇ ਗਿਆ ਹੋਵੇ

ਸਾਡੇ ਦਿਲਾਂ ਨੂੰ ਨਾ ਭਰਨ ਵਾਲੇ ਜ਼ਖ਼ਮ

ਸਾਰਾ ਸਾਲ ਗਿਣਦੇ ਰਹੇ ਅਸੀਂ

ਲਾਸ਼ਾਂ ਵਿਚ ਤਬਦੀਲ ਹੁੰਦੇ ਲੋਕਾਂ ਦੀ ਗਿਣਤੀ

ਅਸੀਂ ਕਿਵੇਂ ਮਨਾਈਏ ਨਵੇਂ ਸਾਲ ਦਾ ਜਸ਼ਨ

ਜਦੋਂ ਅਸੀਂ ਦੇਖਿਆ ਹੋਵੇ ਆਪਣੀਆਂ ਅੱਖਾਂ ਨਾਲ

ਪਰਵਾਸੀ ਮਜਦੂਰਾਂ ਦਾ ਪਲਾਇਣ

ਜੋ ਰੁਜ਼ਗਾਰ ਗੁਆਚਣ ਦੀ ਟੀਸ ਲਈ

ਨਿਰਾਸ਼ ਕਦਮਾਂ ਨਾਲ ਪਰਤ ਗਏ ਘਰਾਂ ਨੂੰ

ਅਸੀਂ ਕਿਵੇਂ ਮਨਾਈਏ ਨਵੇਂ ਸਾਲ ਦਾ ਜਸ਼ਨ

ਜਦੋਂ ਫੇਲ ਹੁੰਦੀਆਂ ਦੇਖੀਆਂ

ਅਨੇਕ ਦੇਸ਼ਾਂ ਦੀਆਂ ਸਰਕਾਰਾਂ

ਅਸਫ਼ਲ ਹੁੰਦੇ ਦੇਖਿਆ ਹੋਵੇ ਪੂਰਾ ਸ਼ਾਸਨ ਤੰਤਰ ਹੀ

ਆਪਣੀਆਂ ਨਾਕਾਮੀਆਂ ਦਾ ਠੀਕਰਾ

ਜਨਤਾ ਦੇ ਸਿਰ ਭੰਨਦੇ ਹੋਏ ਹੁਕਮਰਾਨਾਂ ਨੂੰ

ਅਸੀਂ ਕਿਵੇਂ ਮਨਾਈਏ ਨਵੇਂ ਸਾਲ ਦਾ ਜਸ਼ਨ

ਜਦੋਂ ਔਰਤਾਂ ਦੀ ਇੱਜ਼ਤ ਸੜਕਾਂ ’ਤੇ

ਹੁੰਦੀ ਹੋਵੇ ਤਾਰ ਤਾਰ

ਜਦੋਂ ਡਰ ਦੇ ਪਰਛਾਵੇਂ ਵਿਚ ਘਰਾਂ ਵਿਚ

ਰਹਿੰਦੀਆਂ ਹੋਣ ਧੀਆਂ

ਅਸੀਂ ਕਿਵੇਂ ਮਨਾਈਏ ਨਵੇਂ ਸਾਲ ਦਾ ਜਸ਼ਨ

ਜਦੋਂ ਬੇਰੁਜ਼ਗਾਰੀ ਦਰ ਸੁਰਸਾ ਦੇ ਮੂੰਹ ਦੇ ਵਾਂਗ

ਵਧ ਰਹੀ ਹੋਵੇ ਲਗਾਤਾਰ

ਨਿੱਜੀਕਰਨ ਸਾਡੀਆਂ ਆਤਮਾਵਾਂ ’ਤੇ ਵੀ

ਹੋ ਰਿਹਾ ਹੋਵੇ ਹਾਵੀ

ਅਸੀਂ ਕਿਵੇਂ ਮਨਾਈਏ ਨਵੇਂ ਸਾਲ ਦਾ ਜਸ਼ਨ

ਜਦੋਂ ਰਾਜਨੀਤੀ ਸੰਵਾਦ ਕਰਨਾ ਭੁੱਲ

ਆਪਣੇ ਪਤਨ ਦਾ ਜਸ਼ਨ ਮਨਾ ਰਹੀ ਹੋਵੇ

ਤਾਂ ਅਸੀਂ ਇਉਂ ਮਨਾਵਾਂਗੇ ਨਵੇਂ ਸਾਲ ਦਾ ਜਸ਼ਨ

ਅਸੀਂ ਇਸ ਵਾਰ ਨਹੀਂ ਵਜਾਵਾਂਗੇ

ਥਾਲੀਆਂ ਸੰਖ ਘੜਿਆਲ

ਅਸੀਂ ਨਹੀਂ ਬੁਝਾਵਾਂਗੇ

ਜਗਦੇ ਘਰਾਂ ਦੇ ਦੀਵੇ

ਅਸੀਂ ਆਪਣੇ ਦਿਲ ਵਿਚ ਉਮੀਦ ਦਾ ਦੀਵਾ ਜਗਾਈ

ਕਰਾਂਗੇ ਚੰਗੇ ਦਿਨਾਂ ਦਾ ਇੰਤਜ਼ਾਰ

ਹਰ ਸਾਲ ਦੇ ਵਾਂਗ

ਕਿਸਾਨ ਅੰਦੋਲਨ

ਸੰਜੀਵ ਕੌਸ਼ਲ

ਪਾਪਾ ਖੇਤ ਬਚਾਉਣ ਗਏ ਹਨ

ਬੱਚੇ ਨੇ ਜੋਸ਼ ਵਿਚ ਆ ਕੇ ਕਿਹਾ

ਜੇ ਜਿੱਤ ਕੇ ਆਏ ਤਾਂ ਕੀ ਕਰੇਂਗਾ

ਫੁੱਲਾਂ ਦਾ ਹਾਰ ਪਾਵਾਂਗਾ

ਜੇ ਪੁਲੀਸ ਦੀ ਗੋਲੀ ਲੱਗ ਗਈ ਤਾਂ

ਬੱਚਾ ਥੋੜ੍ਹਾ ਝਿਜਕ ਗਿਆ

ਫਿਰ ਬੋਲਿਆ

ਤਾਂ ਵੀ

ਫੁੱਲਾਂ ਦਾ ਹਾਰ ਪਾਵਾਂਗਾ

ਬਾਰਡਰ ਤੇ ਕਿਸਾਨ

ਕੌਸ਼ਲ ਕਿਸ਼ੋਰ

ਜੈ ਜਵਾਨ ਜੈ ਕਿਸਾਨ ਦੇ ਦੇਸ਼ ਵਿਚ

ਜਵਾਨ ਤੇ ਕਿਸਾਨ

ਦੋਹਾਂ ਦੀ ਜਗ੍ਹਾ ਹੁਣ ਬਾਰਡਰ ’ਤੇ ਹੈ

ਕਿਸਾਨਾਂ ਨੇ ਕਦੇ ਨਹੀਂ ਸੋਚਿਆ ਸੀ

ਕਿ ਉਨ੍ਹਾਂ ਨੂੰ ਅਤਿਵਾਦੀ ਸਮਝ ਕੇ ਬਾਰਡਰ ’ਤੇ

ਇਸ ਤਰ੍ਹਾਂ ਰੋਕ ਲਿਆ ਜਾਵੇਗਾ

ਠੰਢ ਦੇ ਮੌਸਮ ਵਿਚ

ਜਦੋਂ ਖ਼ੂਨ ਜੰਮਦਾ ਜਾ ਰਿਹਾ ਹੋਵੇ

ਉਨ੍ਹਾਂ ਦਾ ਸਵਾਗਤ ਪਾਣੀ ਦੀ

ਤੇਜ਼ ਧਾਰ ਨਾਲ ਕੀਤਾ ਜਾਵੇਗਾ

ਉਨ੍ਹਾਂ ਦਾ ਸਾਹਮਣਾ ਕੰਡਿਆਲੀਆਂ ਤਾਰਾਂ ਤੇ

ਬੁਲਡੋਜ਼ਰਾਂ ਨਾਲ ਹੋਵੇਗਾ

ਉਨ੍ਹਾਂ ਨੂੰ ਝੱਲਣੇ ਪੈਣਗੇ ਗੈਸ ਦੇ ਗੋਲੇ

ਕਿਸਾਨ ਪਹੁੰਚਣਾ ਚਾਹੁੰਦੇ ਸਨ ਰਾਜਧਾਨੀ

ਆਪਣੀ ਦਰਖਾਸਤ ਤੇ ਦਾਅਵਿਆਂ ਨਾਲ

ਇਹ ਉਨ੍ਹਾਂ ਦਾ ਦੂਜਾ ਘਰ ਸੀ

ਉਨ੍ਹਾਂ ਲਈ ਪਿਆਰ ਦੀ ਥਾਂ ਸੀ

ਦਿੱਲੀ ਤਾਂ ਉਨ੍ਹਾਂ ਦੇ ਦਰਵਾਜ਼ੇ ’ਤੇ ਸੀ

ਉਹੀ ਦਿੱਲੀ ਉਨ੍ਹਾਂ ਤੋਂ ਦੂਰ ਹੋ ਗਈ

ਦਿਲ ਵਾਲੀ ਕਹੇ ਜਾਣ ਵਾਲੀ ਦਿੱਲੀ

ਬਦਲੀ ਬਦਲੀ ਜਿਹੀ ਸੀ

ਕਿਸਾਨਾਂ ਦਾ ਕਹਿਣਾ ਸੀ

ਅਸੀਂ ਚੁਣੀ ਹੈ ਇਹ ਸਰਕਾਰ

ਫਿਰ ਉਹ ਕਿਵੇਂ ਦੇ ਸਕਦੀ ਹੈ ਆਜ਼ਾਦੀ

ਕੰਪਨੀਆਂ ਨੂੰ

ਕਿ ਉਹ ਆਉਣ ਤੇ ਕਬਜ਼ਾ ਜਮਾ ਲੈਣ ਸਾਡੇ

ਖੇਤ ਖਲਿਆਨਾਂ ’ਤੇ

ਅਨਾਜ ਦੇ ਗੋਦਾਮਾਂ ’ਤੇ

ਤੇ ਨਿਲਾਮ ਕਰ ਦੇਣ ਦੁਨੀਆਂ ਦੀਆਂ ਮੰਡੀਆਂ ਵਿਚ

ਅਸੀਂ ਆਪਣੇ ਹੀ ਖੇਤਾਂ ’ਤੇ ਬਣ ਜਾਈਏ ਮਜ਼ਦੂਰ

ਤੇ ਬੱਚੇ ਹੋ ਜਾਣ ਸੁਖ ਸੁਪਨਿਆਂ ਤੋਂ ਦੂਰ

ਸਰਕਾਰ ਆਪਣੇ ਹੋਣ ਦਾ ਅਧਿਕਾਰ ਜਤਾਉਂਦੀ ਹੈ

ਉਹ ਇਲਜ਼ਾਮ ਦੇ ਸੁਰ ਵਿਚ ਕਹਿੰਦੀ ਹੈ

ਕਿਸਾਨ ਤਾਂ ਭੋਲੇ ਭਾਲੇ

ਗਊ ਦੇ ਵਾਂਗ ਸਿੱਧੇ ਸਾਦੇ

ਇਹ ਕਿਸਾਨ ਨਹੀਂ

ਇਨ੍ਹਾਂ ਦੀ ਭਾਸ਼ਾ ਕਿਸਾਨ ਦੀ ਨਹੀਂ

ਇਹ ਤਾਂ ਸ਼ੈਤਾਨ ਦੀ ਜ਼ੁਬਾਨ ਹੈ

ਬਹੁਰੂਪੀਏ ਘੁਸ ਗਏ ਨੇ ਇਨ੍ਹਾਂ ਦੇ ਵਿਚ

ਕਿਸਾਨ ਵੀ ਪਲਟਵਾਰ ਵਿਚ ਪਿੱਛੇ ਨਹੀਂ

ਸਰਕਾਰ ਨੇ ਜੋ ਕਹਿਣਾ ਕਹੇ

ਉਸਤੋਂ ਅੱਗੇ ਜਾ ਕੇ ਵੀ ਕਹੇ

ਫ਼ਿਕਰ ਨਹੀਂ

ਅਸੀਂ ਹਾਂ ਜੋ ਕਦੇ ਨਹੀਂ ਛੱਡਾਂਗੇ ਖੇਤ

ਅਸੀਂ ਤਾਂ ਹਾਂ ਡਟ ਜਾਣ ਵਾਲੇ

ਇਹ ਧਰਤੀ ਸਾਡੀ ਮਾਂ ਹੈ

ਸੈਂਕੜੇ ਜਾਨਾਂ ਵੀ ਚਲੀਆਂ ਜਾਣ

ਸ਼ਹੀਦ ਹੋਣਾ ਸਾਡੀ ਪਰੰਪਰਾ ਵਿਚ ਸ਼ਾਮਿਲ ਹੈ

ਐਸੀ ਹੀ ਜ਼ਿੱਦ ਹੈ ਕਿਸਾਨਾਂ ਦੀ

ਜਿਸ ’ਤੇ ਅੜੇ ਹੋਏ ਨੇ ਉਹ

ਇਹ ਉਨ੍ਹਾਂ ਦੀ ਜ਼ਿੱਦ ਹੀ ਹੈ

ਜਿਸ ’ਤੇ ਟਿਕੀ ਹੈ ਲੋਕਾਂ ਦੀ ਉਮੀਦ

ਟਿਕਿਆ ਹੈ ਦੇਸ਼ ਦਾ ਲੋਕਤੰਤਰ...

ਦਿੱਲੀ ਦੀਆਂ ਸੜਕਾਂ ਤੇ ਕਿਸਾਨ

ਲਕਸ਼ਮੀਕਾਂਤ ਮੁਕੁਲ

ਛਾ ਗਏ ਦਿੱਲੀ ਦੀਆਂ ਸੜਕਾਂ ’ਤੇ

ਸ਼ੇਰਾਂ ਵਰਗੇ ਮਜ਼ਬੂਤ ਪੰਜੇ ਲਈ ਕਿਸਾਨ

ਖੇਤ ਮਜ਼ਦੂਰ, ਆਦਿਵਾਸੀ, ਭੂਮੀਹੀਣ, ਪਸ਼ੂਪਾਲਕ

ਦਰੜ ਦੇਣ ਲਈ ਪੂੰਜੀਵਾਦੀ ਸ਼ਾਸਨ ਦਾ ਮਗਰੂਰ ਸੀਨਾ

ਹੱਥਾਂ ਵਿਚ ਬੈਨਰ, ਝੰਡੇ, ਪਲੇਕਾਰਡ, ਪੋਸਟਰ ਫੜੀ

ਸਿਰ ’ਤੇ ਕਫ਼ਨ ਜਿਵੇਂ ਯੁੱਧ ਦਾ ਸਕਾਰਫ਼

ਬਾਹਵਾਂ ਵਿਚ ਪ੍ਰਦਰਸ਼ਨ ਦੀਆਂ ਪੱਟੀਆਂ

ਮੂੰਹ ਵਿਚ ਨਾਅਰੇ ਲਈ

ਰਾਮਲੀਲਾ ਮੈਦਾਨ ਤੋਂ ਸੰਸਦ ਮਾਰਗ ਦੇ ਰਾਹ ਵਿਚ

ਜਿਨ੍ਹਾਂ ਦੇ ਵਿਰੋਧ ਦੇ ਸੁਰ ਵਿਚ ਦੁਬਕ ਗਏ ਨੇ

ਦਿੱਲੀ ਦੇ ਜੰਗਲੀ ਲੱਕੜਬੱਘੇ

ਇਨ੍ਹਾਂ ਨੇ ਸ਼ੇਰ ਸ਼ਾਹ ਸੂਰੀ

ਜਾਂ ਬਾਜੀਰਾਵ ਪੇਸ਼ਵਾ ਦੇ ਵਾਂਗ

ਤਲਵਾਰਬਾਜ਼ੀ ਅਜ਼ਮਾਉਣ ਲਈ ਕੂਚ ਨਹੀਂ ਕੀਤਾ

ਸੱਤ ਦੇ ਕੇਂਦਰ ਵੱਲ

ਉਨ੍ਹਾਂ ਦਾ ਮਕਸਦ ਰਾਜ ਮੁਕਟ

ਪਾਉਣਾ ਨਹੀਂ ਹੈ ਫਿਲਹਾਲ

ਉਨ੍ਹਾਂ ਦੀ ਆਵਾਜ਼ ਵਿਚ ਝਲਕ ਰਹੀ ਹੈ

ਖੇਤੀ ਦੇ ਸੰਕਟ ਦੀ ਛਟਪਟਾਹਟ

ਫ਼ਸਲ ਉਤਪਾਦਨ ਦਾ ਨਿਊਨਤਮ ਸਮਰਥਨ ਮੁੱਲ

ਨਾ ਮਿਲਣ ਦਾ ਦਰਦ

ਕਰਜ਼ ਵਿਚ ਡੁੱਬੇ ਕਿਸਾਨਾਂ ਦੀਆਂ ਚਿੰਤਾਵਾਂ

ਆਤਮ ਹੱਤਿਆ ਕਰਦੇ ਮਜ਼ਦੂਰਾਂ ਦੀਆਂ ਵਿਆਕੁਲਤਾਵਾਂ

ਵੱਡੇ ਵੱਡੇ ਬੰਨ੍ਹਾਂ ਤਾਪ ਬਿਜਲੀ ਘਰਾਂ ਨਾਲ

ਜੀਵਾਂ ਤੇ ਵਾਤਾਵਰਣ ਦੀ ਹਾਨੀ ਫ਼ਸਲਾਂ ਦਾ ਨੁਕਸਾਨ

ਪਿੰਡਾਂ ਵਿਚ ਵਧਦੇ ਮਾਫੀਆ ਤੰਤਰ ਦਾ ਦਬਾਅ

ਪੁਲੀਸ ਗੋਲੀਬਾਰੀ ਵਿਚ ਮਰਦੇ ਕਿਸਾਨ ਮੁਕਤੀ ਦੇ ਯੋਧੇ

ਮਨਰੇਗਾ ਵਰਗੀਆਂ ਸਰਕਾਰੀ ਯੋਜਨਾਵਾਂ ਵਿਚ

ਭਿਅੰਕਰ ਲੁੱਟ ਤੋਂ ਉਪਜੀ ਬੇਚੈਨੀ

ਥਿਰਕ ਰਹੀ ਸੀ ਦੇਸ਼ ਭਰ ਤੋਂ ਇਕੱਠੇ ਹੋਏ

ਕਿਸਾਨ ਯੋਧਿਆਂ ਦੇ ਚਿਹਰੇ ’ਤੇ

ਕੌਣ ਹੈ ਉਹ ਸ਼ਾਤਿਰ ਚਿਹਰਾ

ਜੋ ਖੋਹ ਰਿਹਾ ਹੈ ਜਨਤਾ ਤੋਂ ਖੇਤੀਯੋਗ

ਭੂਮੀ ਦਾ ਅਧਿਕਾਰ

ਹਾਈਵੇਅ ਬੰਨ੍ਹਾਂ ਰੇਲ ਖੰਡਾਂ ਦੇ ਨਾਮ

ਕੌਣ ਬੁਲਾ ਰਿਹਾ ਹੈ

ਵਿਦੇਸ਼ੀ ਕੰਪਨੀਆਂ ਨੂੰ ਕਾਰਪੋਰੇਟ ਖੇਤੀ ਕਰਨ

ਐਗਰੋ ਪ੍ਰੋਸੈਸਿੰਗ ਇਕਾਈਆਂ ਬਣਾਉਣ ਲਈ

ਸਾਡੀ ਛਾਤੀ ’ਤੇ ਮੂੰਗ ਦਲਦਿਆਂ

ਹਾਈਬ੍ਰਿਡ ਬੀਜਾਂ ਕੈਮੀਕਲ ਖਾਦਾਂ ਜ਼ਹਿਰੀਲੀਆਂ ਦਵਾਈਆਂ

ਮਹਿੰਗੇ ਯੰਤਰਾਂ ਨਾਲ ਕੌਣ ਚੀਰਹਰਨ ਕਰਨਾ ਚਾਹੁੰਦਾ ਹੈ

ਸਾਡੀ ਉਪਜਾਊ ਭੂਮੀ ਦਾ

ਵਰਲਡ ਬੈਂਕ ਵਿਸ਼ਵ ਵਪਾਰ ਸੰਗਠਨ ਜਾਂ ਅਮਰੀਕਾ ਦੇ

ਠੁਮਕੇ ’ਤੇ ਥਿਰਕਦੀਆਂ ਸਾਡੀਆਂ ਸਰਕਾਰਾਂ

ਤਾਂ ਉਤਸੁਕ ਨਹੀਂ ਇਸ ਖੇਡ ਵਿਚ

ਕਿਸਾਨਾਂ ਤੋਂ ਖੋਹ ਲੈਣ ਲਈ

ਸਾਹਮਣੇ ਪਈ ਭੋਜਨ ਦੀ ਥਾਲੀ

ਲੁੱਟ ਲੈਣ ਲਈ ਝੋਨਾ, ਕਪਾਹ, ਮੱਕੀ ਦੇ ਖੇਤਾਂ ਦੀ ਹਰਿਆਲੀ

ਝੁਲਸਾ ਦੇਣ ਲਈ

ਉਨ੍ਹਾਂ ਦੇ ਚਿਹਰੇ ਤੋਂ ਚਾਨਣ ਨਾਲ ਭਰੀਆਂ ਲਕੀਰਾਂ?

ਬਾਜ਼ਾਰ

ਧਰਮਪਾਲ ਮਹੇਂਦਰ ਜੈਨ

ਹਰੀ ਵੇਲ ’ਤੇ ਲਾਲ ਟਮਾਟਰ ਦੇਖ ਕੇ

ਮੰਗਰੂ ਦੀਆਂ ਅੱਖਾਂ ਵਿਚ

ਇੱਛਾਵਾਂ ਚਿਤ੍ਰਿਤ ਹੋਈਆਂ

ਗੁੜ ਸ਼ੱਕਰ ਮਿੱਠੇ ਤੇਲ ਨਾਲ ਭਰੀਆਂ

ਮੰਡੀ ਦੇ ਨਾਕੇ ’ਤੇ ਕੱਟੀ ਪਰਚੀ

ਬੁੜਬੁੜਾਇਆ ਉਹ ਮਨ ਹੀ ਮਨ

ਮੋਈ ਸਰਕਾਰ

ਜਿੱਥੇ ਦੇਖੋ ਉੱਥੇ ਹੀ ਟੈਕਸ ਦੀ ਭੁੱਖੀ

ਆਏ ਦਲਾਲ ਘੇਰਿਆ ਉਸ ਨੂੰ

ਚੁੱਕੇ ਟਮਾਟਰ ਦੱਬ ਕੇ ਦੇਖੇ ਉਛਾਲ ਕੇ ਦੇਖੇ

ਲਾਉਣ ਲੱਗੇ ਬੋਲੀ

ਅਠਾਰਾਂ ਰੁਪਏ ਉੱਨੀ ਸਾਢੇ ਉੱਨੀ

ਵੀਹ ਵੀਹ ਇੱਕ ਵੀਹ ਦੋ

ਅੱਖਾਂ ਰੁਕੀਆਂ ਵੀਹ ’ਤੇ

ਸਾਜ਼ਿਸ਼ ਦੀ ਬੂ ਆਉਣ ਲੱਗੀ ਵੀਹ ’ਤੇ

ਝੁਕਿਆ ਰਿਹਾ ਕੁਝ ਪਲ ਮਗਰੂ

ਨਹੀਂ ਚੁੱਕੀ ਗਈ ਟਮਾਟਰ ਦੀ ਟੋਕਰੀ ਉਸ ਤੋਂ

ਵਿਆਹੀ ਧੀ ਦਾ ਪਤੀ ਮੋੜ ਦੇਵੇ

ਬੇਇੱਜ਼ਤ ਕਰ ਕੇ ਤਾਂ

ਕਿੰਨਾ ਭਾਰਾ ਲੱਗਦਾ ਹੈ ਪਿਤਾ ਦੇ ਘਰ ਪਰਤਣਾ

ਉਸ ਨੇ ਸਮੇਟ ਲਾਈਆਂ ਇੱਛਾਵਾਂ ਵੀਹ ਵਿਚ

ਚਮਕਦੀ ਕਰਿਆਨਾ ਮੰਡੀ ਵਿਚ ਲੜਖੜਾਏ

ਗੁੜ ਸ਼ੱਕਰ ਤੇਲ ਸਾਰੇ ਆਸਮਾਨ ਤੇ

ਨਾ ਮੁੱਲ ਭਾਅ ਨਾ ਵਿਚੋਲੀਏ

ਨਾ ਸੱਤਾ ਦੇ ਦਲਾਲ

ਮਰਜ਼ੀ ਦਾ ਮੁੱਲ ਮੰਗੇ

ਸੋਚ ਕੇ ਰੱਖੇ ਉਸ ਨੇ ਕਿੱਲੋ ਭਰ ਟਮਾਟਰ

ਖਾ ਲੈਂਦੇ ਬੱਚੇ

ਪਹੁੰਚਿਆ ਉਹ ਸਬਜ਼ੀ ਮੰਡੀ

ਚੁੱਕਿਆ ਟਮਾਟਰ

ਬੋਲੇ ਦੁਕਾਨਦਾਰ

“ਇਕ ਦਮ ਲਾਲ ਟਮਾਟਰ

ਸੱਠ ਰੁਪਏ ਕਿੱਲੋ

ਅੱਖਾਂ ਕਿਉਂ ਅੱਡਦਾ ਹੈਂ

ਸੱਠ ਰੁਪਏ ਕਿੱਲੋ’’

ਮੰਗਰੂ ਦੀਆਂ ਅੱਖਾਂ ਨਿਕਲ ਆਈਆਂ ਬਾਹਰ

ਦੂਰ ਖੜ੍ਹਾ ਵਿਚੋਲਿਆਂ ਦਾ ਸਮੂਹ

ਲਾਉਂਦਾ ਰਿਹਾ ਬੋਲੀ

ਇੱਕ ਦੋ ਤਿੰਨ

ਘੁੱਟੀ ਗਈ ਉਸ ਦੀ ਮੁੱਠੀ

ਦੱਬਿਆ ਗਿਆ ਟਮਾਟਰ

ਰਿਸਣ ਲੱਗਿਆ ਖ਼ੂਨ

ਉਸ ਦੇ ਹੱਥ ਵਿਚੋਂ...

ਦੌੜ ਟਰੈਕਟਰ ਦੌੜ

ਵਸੰਤ ਸਕਰਗਾਏ

ਟਰੈਕਟਰ

ਅੱਜ ਮੈਨੂੰ ਭੋਰਾ ਵੀ ਕੋਫਤ ਨਹੀਂ ਹੋਵੇਗੀ

ਨਾ ਹੀ ਆਏਗਾ ਗੁੱਸਾ ਤੇਰੇ ’ਤੇ

ਅੱਜ ਦੌੜ ਤੂੰ ਮੇਰੇ ਤੋਂ ਅੱਗੇ ਅੱਗੇ

ਅੱਜ ਮੈਂ ਨਹੀਂ ਨਿਕਲਣਾ ਤੇਰੇ ਤੋਂ ਅੱਗੇ

ਅੱਜ ਮੈਨੂੰ ਬਿਲਕੁਲ ਖਿਝ ਨਹੀਂ ਹੋਵੇਗੀ

ਕਿ ਬਾਰਦਾਨੇ ਵਿਚ ਲਿਪਟੀ ਤੇਰੀ ਟਰਾਲੀ ਨੇ

ਘੇਰ ਲਈ ਸਾਰੀ ਸੜਕ

ਦਿਸ ਨਹੀਂ ਰਿਹਾ ਅੱਗੇ ਦਾ ਰਸਤਾ

ਅੱਜ ਖ਼ੁਦ ਨੂੰ ਨਹੀਂ ਕਹਾਂਗਾ

ਕਿੱਥੇ ਫਸ ਗਿਆ ਟਰੈਕਟਰ ਦੇ ਪਿੱਛੇ

ਅੱਜ ਤੂੰ ਬੇਸ਼ੱਕ ਖਾਲੀ ਦੌੜ

ਦੌੜ ਦਿੱਲੀ ਦੀਆਂ ਸੜਕਾਂ ’ਤੇ ਦੌੜ

ਦੌੜ ਤੇ ਇੰਨਾ ਤੇਜ਼ ਦੌੜ

ਕਿ ਸੱਤਾ ਦੀਆਂ ਚੂਲਾਂ ਹਿੱਲ ਜਾਣ

ਤੇਰੀ ਧਮਕ ਨਾਲ

ਇਨਕਲਾਬ ਤਰਾਨਿਆਂ ਦੇ ਵਾਂਗ

ਦੁਨੀਆਂ ਭਰ ਵਿਚ ਗੂੰਜੇ ਤੇਰੀ ਆਵਾਜ਼

ਦੌੜ ਕਿ ਅੱਜ ਤੇਰਾ ਦੌੜਨਾ ਬਹੁਤ ਜ਼ਰੂਰੀ ਹੈ

ਦੌੜ ਇਸ ਲਈ ਦੌੜ

ਕਿ ਸਾਰਾ ਦੇਸ਼ ਫਸਿਆ ਹੋਇਆ ਹੈ

ਅੱਖਾਂ ਵਿਚੋਂ ਧੁੰਦਲਾ ਪੈ ਗਿਆ ਹੈ

ਆਜ਼ਾਦੀ ਦਾ ਹਰ ਦ੍ਰਿਸ਼

ਦੌੜ ਕਿ ਪੂੰਜੀਪਤੀਆਂ ਦੇ ਦਲਾਲਾਂ ਤੋਂ

ਇਸ ਦੇਸ਼ ਦਾ ਸੰਵਿਧਾਨ ਤੂੰ ਬਚਾਉਣਾ ਹੈ

ਅੱਜ ਮੈਂ ਸਿਰਫ਼ ਤੇਰੇ ਦੌੜਨ ਦਾ ਦ੍ਰਿਸ਼ ਦੇਖਣਾ ਹੈ

ਅੱਜ ਮੈਂ ਚੱਲਣਾ ਚਾਹੁੰਦਾ ਹਾਂ

ਤੇਰੇ ਪਿੱਛੇ ਪਿੱਛੇ...

ਜਲੂਸ

ਪ੍ਰੇਮ ਸ਼ੰਕਰ ਸ਼ੁਕਲ

ਸੜਕਾਂ ਉੱਤੇ ਆ ਗਈਆਂ ਨੇ ਪਗਡੰਡੀਆਂ

ਆਪਣੇ ਆਪਣੇ ਲੋਕਾਂ ਦੇ ਪਹਿਰਾਵੇ ਤੇ

ਆਪਣੀਆਂ ਆਪਣੀਆਂ ਪਗੜੀਆਂ ਦੇ ਵਿਚ

ਸਾਫ਼ ਪਛਾਣੀਆਂ ਜਾ ਰਹੀਆਂ ਨੇ ਪਗਡੰਡੀਆਂ

ਘੇਰ ਲਿਆ ਹੈ ਸੜਕਾਂ ਨੂੰ ਪਗਡੰਡੀਆਂ ਨੇ

ਸੜਕ ਨੂੰ ਸੁੱਝ ਨਹੀਂ ਰਿਹਾ

ਕਿ ਨਿਕਲ ਕੇ ਉਹ ਜਾਵੇ ਕਿਧਰ

ਦੁਖੀ ਪਰੇਸ਼ਾਨ ਹਨ ਪਗਡੰਡੀਆਂ

ਉਨ੍ਹਾਂ ਦੇ ਹੱਥਾਂ ਨੂੰ ਕੰਮ ਨਹੀਂ ਮਿਲ ਰਿਹਾ

ਜਾਤ ਬਿਰਾਦਰੀ ਦੀ ਬੇਹੂਦਾ ਵੰਡ ਵਿਚ

ਛਿਜਿਆ ਜਾ ਰਿਹਾ ਹੈ ਉਨ੍ਹਾਂ ਦਾ ਸੁਭਾਅ

ਉਨ੍ਹਾਂ ਦੇ ਖੇਤ ਖਲਿਆਨ ਖਾ ਰਹੀਆਂ ਨੇ

ਵੱਡੀਆਂ ਵੱਡੀਆਂ ਇਮਾਰਤਾਂ

ਹਨੇਰਾ ਵੀ ਸੰਘਣਾ ਹੋ ਰਿਹਾ ਹੈ

ਪਗਡੰਡੀਆਂ ਦੇ ਪਿੰਡਾਂ ਵਿੱਚ ਲਗਾਤਾਰ

ਪਗਡੰਡੀਆਂ ਛੁਟਕਾਰਾ ਚਾਹੁੰਦੀਆਂ ਨੇ

ਅਜਿਹੀਆਂ ਮੁਸ਼ਕਿਲਾਂ ਵਿਚ

ਜ਼ਿਆਦਾ ਹੋਰ ਕੁਝ ਨਹੀਂ

ਪਗਡੰਡੀਆਂ ਦੇ ਵੱਡੇ ਜਲੂਸ ਵਿਚ

ਕੰਬ ਰਿਹਾ ਹੈ ਰਾਜਮਾਰਗ

ਪਗਡੰਡੀਆਂ ਨੇ ਘੇਰ ਲਿਆ ਹੈ ਸੜਕਾਂ ਨੂੰ

ਤੇ ਉਨ੍ਹਾਂ ਦਾ ਜਲੂਸ ਵਧ ਰਿਹਾ ਹੈ ਅੱਗੇ

ਮੂੰਹ ਵਿਚ ਲੈ ਕੇ ਜ਼ੋਰਦਾਰ ਨਾਅਰੇ ਤੇ

ਹੱਥਾਂ ਵਿਚ ਵਿਰੋਧ ਦੀਆਂ ਤਖਤੀਆਂ

ਪਗਡੰਡੀਆਂ ਦੀ ਸਾਂਝ ਤੋਂ ਹੈਰਾਨ ਨੇ ਸੜਕਾਂ

ਸੜਕ ਜਿੰਨੀ ਲੰਬੀ ਚਲ ਰਹੀ ਹੈ

ਰਾਜਭਾਗ ਦੀ ਬੈਠਕ

ਤੇ ਸੜਕ ’ਤੇ ਵਧਦਾ ਜਾ ਰਿਹਾ ਹੈ

ਪਗਡੰਡੀਆਂ ਦਾ ਘੇਰਾ

ਅਜਿਹੀ ਰੈਲੀ ਦੇਖ ਕੇ

ਕਵਿਤਾ ਵਿਚ ਭਰ ਰਿਹਾ ਹੈ ਆਤਮ ਵਿਸ਼ਵਾਸ

ਕਵਿਤਾ ਜਾਗਦੀਆਂ ਅੱਖਾਂ ਨਾਲ ਨਿਹਾਰ ਰਹੀ ਹੈ

ਕਿ ਵਿਸ਼ਾਲ ਰੈਲੀ ਵਿਚ ਸ਼ਾਮਿਲ

ਪਗਡੰਡੀਆਂ ਦੇ ਚਿਹਰੇ ’ਤੇ

ਦੁੱਖ ਦਾ ਝੂਠ ਨਹੀਂ ਹੈ...

ਪੰਜਾਬ ਅਤੇ ਹਰਿਆਣਾ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਵੱਡੀ ਦੇਸ਼ ਵਿਆਪੀ ਲਹਿਰ ਬਣ ਚੁੱਕਿਆ ਹੈ। ਇਸ ਲਹਿਰ ਨੂੰ ਸਿਰਫ਼ ਕਿਸਾਨਾਂ ਨੇ ਹੀ ਨਹੀਂ ਸਗੋਂ ਸਮਾਜ ਦੇ ਹਰ ਵਰਗ ਨੇ ਆਪਣੇ ਆਪਣੇ ਢੰਗ ਨਾਲ ਆਪਣਾ ਸਮਰਥਨ ਦਿੱਤਾ ਹੈ। ਇਹੀ ਕਾਰਨ ਹੈ ਕਿ ਅੱਜ ਛੇ ਮਹੀਨੇ ਬੀਤ ਜਾਣ ’ਤੇ ਵੀ ਕਿਸਾਨ ਉਸੇ ਤਰ੍ਹਾਂ ਚੜ੍ਹਦੀ ਕਲਾ ਵਿਚ ਦਿੱਲੀ ਦੀਆਂ ਬਰੂਹਾਂ ’ਤੇ ਸਰਦੀ ਗਰਮੀ ਦੀ ਕਰੋਪੀ ਨੂੰ ਝੱਲਦਿਆਂ ਆਪਣੇ ਪੂਰੇ ਜਲੌਅ ਵਿਚ ਡਟੇ ਹੋਏ ਹਨ। ਜਿੱਥੇ ਕਿਸਾਨੀ ਅੰਦੋਲਨ ਨੂੰ ਲੈ ਕੇ ਪੰਜਾਬੀ ਕਵੀਆਂ ਨੇ ਕਵਿਤਾਵਾਂ ਲਿਖੀਆਂ ਉੱਥੇ ਹਿੰਦੀ ਅਤੇ ਹੋਰਨਾਂ ਭਾਸ਼ਾਵਾਂ ਵਿਚ ਵੀ ਕਿਸਾਨ ਅੰਦੋਲਨ ਦੇ ਹੱਕ ਵਿਚ ਲੇਖਕਾਂ ਕਵੀਆਂ ਨੇ ਆਵਾਜ਼ ਬੁਲੰਦ ਕੀਤੀ ਹੈ।
ਪੇਸ਼ਕਸ਼ ਤੇ ਅਨੁਵਾਦ: ਅਮਰਜੀਤ ਕੌਂਕੇ*
ਸੰਪਰਕ: 98142-31698

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All