ਹੇਰਵਾ
ਪਹੁ-ਫੁਟਾਲਾ ਹੋਣ ਤੋਂ ਪਹਿਲਾਂ ਉੱਠਣਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰ ਕੇ ਦਿਨ ਦੇ ਕੰਮਾਕਾਰ ਨੂੰ ਹੱਥ ਪਾਉਣਾ ਜੰਗੀਰੋ ਦੀ ਰੋਜ਼ ਦੀ ਆਦਤ ਸੀ। ਆਪਣੇ ਨਿੱਜੀ ਕੰਮਾਂ ਤੋਂ ਵਿਹਲੀ ਹੋ ਕੇ ਉਹ ਝਬਦੇ ਹੀ ਘਰ ਦੇ ਕੰਮਾਂ ਵਿੱਚ ਜੁਟ...
ਪਹੁ-ਫੁਟਾਲਾ ਹੋਣ ਤੋਂ ਪਹਿਲਾਂ ਉੱਠਣਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰ ਕੇ ਦਿਨ ਦੇ ਕੰਮਾਕਾਰ ਨੂੰ ਹੱਥ ਪਾਉਣਾ ਜੰਗੀਰੋ ਦੀ ਰੋਜ਼ ਦੀ ਆਦਤ ਸੀ। ਆਪਣੇ ਨਿੱਜੀ ਕੰਮਾਂ ਤੋਂ ਵਿਹਲੀ ਹੋ ਕੇ ਉਹ ਝਬਦੇ ਹੀ ਘਰ ਦੇ ਕੰਮਾਂ ਵਿੱਚ ਜੁਟ ਜਾਂਦੀ। ਉਸ ਦਿਨ ਵੀ ਆਪਣੇ ਕਰਨ ਗੋਚਰੇ ਘਰ ਦੇ ਸਾਰੇ ਕੰਮ ਨਿਪਟਾ ਕੇ ਉਹ ਮੂੰਹ ਝਾਖਰੇ ਵੇਲੇ ਦੇ ਘਰੋਂ ਤੁਰੇ ਹਾਲੀਆਂ ਦਾ ਹਾਜ਼ਰੀ ਵੇਲਾ ਲੈ ਕੇ ਖੇਤ ਨੂੰ ਜਾਣ ਦੀ ਤਿਆਰੀ ਕਰ ਰਹੀ ਸੀ। ਧੋਤੇ ਸੰਵਾਰੇ ਚਿੱਟੇ ਖੱਦਰ ਦੇ ਪੋਣੇ ਵਿੱਚ ਹੱਥ ਲਾਵੀਆਂ ਵੇਸਣੀਆਂ ਰੋਟੀਆਂ ਬੰਨ੍ਹ ਕੇ, ਦਹੀਂ ਵਾਲੀ ਗੜਵੀ, ਭੂਕਾਂ ਵਾਲੇ ਹਰੇ ਗੰਢੇ ਤੇ ਅੰਬ ਦਾ ਅਚਾਰ ਇੱਕ ਵੱਖਰੇ ਮਿੱਟੀ ਦੇ ਕੌਲੇ ਵਿੱਚ ਰੱਖ ਕੇ ਉਸ ਨੇ ਸਾਰਾ ਸਾਮਾਨ ਇੱਕ ਛੋਟੀ ਜਿਹੀ ਟੋਕਰੀ ਵਿੱਚ ਪਾ ਲਿਆ। ਟੋਕਰੀ ਦੇ ਹੇਠਾਂ ਈਨੂੰ ਰੱਖ ਕੇ ਲੱਸੀ ਵਾਲਾ ਚਟੂਰਾ ਸਿਰ ’ਤੇ ਟਿਕਾਇਆ ਤੇ ਸੱਤ ਕੁ ਵਜਦਿਆਂ ਨੂੰ ਉਹ ਘਰੋਂ ਤੁਰ ਪਈ।
ਜਦੋਂ ਦੀ ਉਹ ਪੇਕੀਂ ਆਈ ਸੀ, ਸਾਰਾ ਦਿਨ ਟੁੱਟ-ਟੁੱਟ ਮਰਦੀ, ਵਿੱਤੋਂ ਬਾਹਰਾ ਕੰਮ ਕਰਦੀ, ਇਸ ਡਰੋਂ ਕਿ ਕਿਤੇ ਭਰਜਾਈਆਂ ਨੂੰ ਉਸ ਦੀ ਤਿੰਨ ਵੇਲਿਆਂ ਦੀ ਰੁੱਖੀ ਮਿੱਸੀ ਰੋਟੀ ਨਾ ਚੁਭਣ ਲੱਗ ਜਾਵੇ। ਰਾਹ ਤੁਰੀ ਜਾਂਦੀ ਉਹ ਸੋਚ ਰਹੀ ਸੀ, ‘ਅੱਛਾ ਮਾਲਕਾ! ਤੇਰੇ ਰੰਗ ਬੜੇ ਨਿਆਰੇ ਨੇ ਦਾਤਿਆ! ਜਿਵੇਂ ਤੂੰ ਰੱਖੇਂ, ਤੇਰੀ ਰਜ਼ਾ ਵਿੱਚ ਉਵੇਂ ਹੀ ਰਹਿਣਾ ਪੈਂਦੈ ਬੰਦੇ ਨੂੰ, ਕਿਹੜਾ ਕਿਸੇ ਦੇ ਵੱਸ ਦੀ ਗੱਲ ਏ! ਆਪਣਾ ਭਰਿਆ ਭਕੁੰਨਿਆ ਘਰ ਛੱਡ ਕੇ, ਘਰ ਦੀ ਬਾਦਸ਼ਾਹੀ ਤਿਆਗ ਕੇ, ਮੈਨੂੰ ਆਹ ਦਿਨ ਵੀ ਵੇਖਣੇ ਪੈਣੇ ਸੀ!’ ਇੱਕ ਠੰਢਾ ਹਾਉਕਾ ਉਸ ਦੇ ਹੋਠਾਂ ’ਚੋਂ ਨਿਕਲ ਕੇ ਪੁਰੇ ਦੀ ਵਗਦੀ ਹਵਾ ਵਿੱਚ ਜਾ ਰਲਿਆ। ਅਜੇ ਤਾਂ ਪਤਾ ਨਹੀਂ ਕਿੰਨਾ ਕੁ ਚਿਰ ਉਸ ਦੇ ਮਨ ਨੇ ਘਾੜੀਂ ਪਿਆ ਰਹਿਣਾ ਸੀ ਕਿ ਦੂਰੋਂ ਤੁਰੇ ਆਉਂਦੇ ਦੋ ਮਨੁੱਖੀ ਆਕਾਰਾਂ ਨੇ ਉਸ ਦੀ ਸੋਚ ਲੜੀ ਤੋੜ ਦਿੱਤੀ। ਉਸ ਦੀ ਨਜ਼ਰ ਪਹੀ ਪਹੀ ਤੁਰੀਆਂ ਆਉਂਦੀਆਂ ਦੋ ਔਰਤਾਂ ’ਤੇ ਜਾ ਪਈ। ਨੇੜੇ ਆਉਣ ’ਤੇ ਉਨ੍ਹਾਂ ਦੋਵੇਂ ਜਣੀਆਂ ਨੂੰ ਉਸ ਨੇ ਚੰਗੀ ਤਰ੍ਹਾਂ ਪਛਾਣ ਲਿਆ ਸੀ। ਸ਼ਾਇਦ ਉਹ ਪਿੰਡੋਂ ਬਾਹਰਵਾਰ ਪੈਂਦੇ ਗੁਰੂਘਰ ’ਚ ਮੱਥਾ ਟੇਕ ਕੇ ਵਾਪਸ ਆ ਰਹੀਆਂ ਸਨ। ਇੱਕ ਸ਼ਰੀਕੇ ਵਿੱਚੋਂ ਚਾਚੀ ਲਗਦੀ ਸ਼ਾਮ ਕੌਰ ਸੀ ਤੇ ਦੂਜੀ ਵੀਹ ਕੁ ਸਾਲਾਂ ਦੀ ਸੱਜ-ਵਿਆਹੀ ਮੁਟਿਆਰ, ਜਿਸ ਨੇ ਲਾਲ ਸੂਹਾ ਕਢਾਈਦਾਰ ਸੂਟ ਪਾਇਆ ਹੋਇਆ ਸੀ। ਗੋਰੀਆਂ ਗੁਲਾਬੀ ਬਾਹਾਂ ’ਚ ਰੱਤਾ ਚੂੜਾ, ਰੱਜ ਕੇ ਸੋਹਣੀ ਉਹ ਅੱਲੜ੍ਹ ਮੁਟਿਆਰ ਪਰੀਆਂ ਨੂੰ ਮਾਤ ਪਾਉਂਦੀ ਜਾਪ ਰਹੀ ਸੀ। ਉਸ ਦਾ ਰੰਗ ਰੂਪ ਅਜਿਹਾ ਅੱਖਾਂ ਨੂੰ ਚੁੰਧਿਆ ਦੇਣ ਵਾਲਾ ਸੀ ਕਿ ਵੇਖਣ ਵਾਲੇ ਦੀ ਨਜ਼ਰ ਨੂੰ ਇੱਕ ਵਾਰ ਤਾਂ ਉਸ ਦੇ ਚਿਹਰੇ ਤੋਂ ਨਜ਼ਰਾਂ ਪਾਸੇ ਹਟਾਉਣ ਦਾ ਚੇਤਾ ਹੀ ਭੁੱਲ ਜਾਵੇ।
ਹੋਰ ਨੇੜੇ ਆਉਣ ’ਤੇ ਬਜ਼ੁਰਗ ਔਰਤ ਸ਼ਾਮ ਕੁਰ ਨੇ ਵੀ ਸਾਹਮਣੇ ਤੋਂ ਤੁਰੀ ਆਉਂਦੀ ਜੰਗੀਰੋ ਨੂੰ ਪਛਾਣ ਲਿਆ। ਉਹ ਆਪਣੀ ਪੋਤ ਨੂੰਹ ਨੂੰ ਕਹਿਣ ਲੱਗੀ, ‘‘ਲੈ ਕੁੜੇ! ਕੁਲਦੀਪ ਕੁਰੇ! ਆਹ ਤਾਂ ਤੇਰੀ ਭੂਆ ਸੱਸ ਜੰਗੀਰੋ ਤੁਰੀ ਆਉਂਦੀ ਐ, ਪੈਰੀਂ ਹੱਥ ਲਾ ਦੇਈਂ ਪੁੱਤ! ਕੋਲ ਆਈ ਤੋਂ।’’
ਨੇੜੇ ਆਉਣ ’ਤੇ ਬਹੂ ਨੇ ਸਤਿਕਾਰ ਨਾਲ ਦੁਪੱਟੇ ਦਾ ਲੜ ਉਸ ਦੇ ਪੈਰਾਂ ਨੂੰ ਛੁਹਾਉਣ ਤੋਂ ਬਾਅਦ ਆਪਣੇ ਮੱਥੇ ਨੂੰ ਲਾ ਕੇ ਪੈਰੀਂ ਪੈਣਾ ਕੀਤਾ। ਉਸ ਦਾ ਸਿਰ ਪਲੋਸਦੀ ਹੋਈ ਜੰਗੀਰੋ ਨੇ ਦੁੱਧ ਪੁੱਤ ਦੀਆਂ ਅਸੀਸਾਂ ਦੀ ਝੜੀ ਲਾ ਦਿੱਤੀ। ਫਿਰ ਉਹ ਸ਼ਾਮ ਕੌਰ ਚਾਚੀ ਵੱਲ ਤੱਕਦੀ ਹੋਈ ਬੋਲੀ ‘‘ਤਕੜੀ ਏਂ ਚਾਚੀ, ਹੋਰ ਸੁਣਾ ਰਾਜ਼ੀ ਖ਼ੁਸ਼ੀ ਐ ਆਪਣਾ ਸਾਰਾ ਮਹੈਂਣ? ਵਧਾਈਆਂ ਹੋਣ ਤੈਨੂੰ, ਪੋਤੇ ਦੇ ਵਿਆਹ ਦੀਆਂ।’’ ‘‘ਸਵਾ ਵਧਾਈਆਂ ਧੀਏ! ਮਹਾਰਾਜ ਭਾਈ ਸਭਨਾਂ ਨੂੰ ਵਧਾਵੇ।’’ ਚਾਚੀ ਨੇ ਖ਼ੁਸ਼ ਹੁੰਦਿਆਂ ਕਿਹਾ। ‘‘ਦੋਹਾਂ ਭਰਾਵਾਂ ਵਿੱਚੋਂ ਕਿਹੜੇ ਦਾ ਮੁੰਡਾ ਵਿਆਹ ਲਿਐ? ਸੁਖਦਿਆਲ ਦਾ ਕਿ ਗੁਰਦਿਆਲ ਦਾ?’’
‘‘ਵੱਡੇ ਮੁੰਡੇ ਗੁਰਦਿਆਲ ਦਾ ਮੁੰਡਾ ਵਿਆਹਿਐ, ਜੰਗੀਰੋ! ਸੁਖਦਿਆਲ ਦੇ ਮੁੰਡੇ ਤਾਂ ਹਾਲੇ ਛੋਟੇ ਨੇ। ਹੋਰ ਸੁਣਾ, ਤੂੰ ਕਦੋਂ ਆਈ ਸੀ?’’
‘‘ਹੋ ‘ਗੇ ਚਾਚੀ! ਮੈਨੂੰ ਵੀ ਵੀਹ-ਬਾਈ ਦਿਨ ਆਈ ਨੂੰ।’’
‘‘ਲੈ ਹੋਰ! ਰਹਿ ਜਾ ਅਜੇ ਪੰਜ ਦਸ ਦਿਨ, ਹੁਣ ਤਾਂ ਕੁੜੇ! ਸੁੱਖ ਨਾਲ ਤੇਰਾ ਵੀ ਘਰੇ ਸਰਦੈ, ਪਹਿਲਾਂ ਤਾਂ ਕਹਿੰਦੀ ਹੁੰਦੀ ਸੀ, ਕਿੱਥੇ ਰਹਿ ਹੁੰਦੈ ਕਲਾਪਿਆਂ ਤੋਂ, ਹੁਣ ਤਾਂ ਸੁੱਖ ਨਾਲ ਘਰੇ ਹੈ ‘ਗੀ ਐ ਘਰ ਦੇ ਧੰਦਾਲ ਕਰਨ ਵਾਲੀ, ਪਿਛਲੇ ਕੰਮ ਧੰਦੇ ਦਾ ਫ਼ਿਕਰ ਕਰਨ ਵਾਲੀ ਹੁਣ ਤਾਂ ਕੋਈ ਗੱਲ ਈ ਨ੍ਹੀਂ।’’
ਜੰਗੀਰੋ ਦੀਆਂ ਅੱਖਾਂ ਭਰ ਆਈਆਂ। ਉਸ ਨੂੰ ਇਉਂ ਲੱਗਾ ਜਿਵੇਂ ਚਾਚੀ ਉਸ ਨੂੰ ਲਾ ਲਾ ਕੇ ਗੱਲਾਂ ਕਹਿ ਰਹੀ ਹੋਵੇ।
‘‘ਕੀ ਗੱਲ ਕੁੜੇ? ਘਰੇ ਸੁੱਖ ਤਾਂ ਹੈ? ਮਾਂ ਸਦਕੇ! ਅੱਖਾਂ ਕਾਹਤੋਂ ਭਰ ਲਈਆਂ ਧੀਏ? ਸਹੁਰਿਆਂ ਤੋਂ ਰਾਜੀਬੰਦੇ ਤਾਂ ਆਈ ਏਂ ਨਾ?’’ ਸਭ ਕੁਝ ਜਾਣਦਿਆਂ ਹੋਇਆਂ ਵੀ ਸ਼ਾਮ ਕੌਰ ਨੇ ਜਾਣਬੁੱਝ ਕੇ ਉਸ ਦੇ ਮੂੰਹੋਂ ਸਾਰੀ ਵਿਥਿਆ ਸੁਣਨ ਲਈ ਉਸ ਦੇ ਮੋਢੇ ’ਤੇ ਹੱਥ ਰੱਖ ਕੇ ਪੁੱਛਿਆ।
‘‘ਨਹੀਂ ਚਾਚੀ! ਸੁੱਖ ਨਾਲ ਤਾਂ ਮੈਂ ਕਾਹਨੂੰ ਆਈ ਆਂ, ਤੈਥੋਂ ਹੁਣ ਕਿਹੜਾ ਕੁਸ਼ ਭੁੱਲਿਆ ਹੋਇਐ, ਤੈਨੂੰ ਦਾਨੀ ਸ਼ਾਨੀ ਨੂੰ ਇਹ ਤਾਂ ਪਤਾ ਈ ਐ ਬਈ ਇੱਕ ਮਿਆਨ ’ਚ ਵੀ ਕਦੇ ਦੋ ਤਲਵਾਰਾਂ ਮਿਉਂਦੀਆਂ ਹੁੰਦੀਆਂ ਨੇ?’’
‘‘ਲੈ ਕੁੜੇ! ਫੇਰ ਤਾਂ ਭਾਈ! ਮਾੜਾ ਕੰਮ ਈ ਹੋਇਆ, ਨਾ ਪ੍ਰਾਹੁਣਾ ਆਇਆ ਨ੍ਹੀਂ ਫੇਰ ਤੈਨੂੰ ਮਨਾਉਣ ਵਾਸਤੇ? ਚਲ ਉਹ ਜਾਣੇ! ਫੇਰ ਵੀ ਤੂੰ ਪੱਚੀ ਤੀਹ ਸਾਲ ਉਹ ਦੇ ਘਰ ਵਸੀ ਰਸੀ ਏਂ, ਫੂਹੀ ਫੂਹੀ ਕਰਕੇ ਘਰ ਬੰਨ੍ਹਦੀ ਨੂੰ ਆਹ ਦਿਨ ਆ ‘ਗੇ... ਚਲ ਉਹ ਜਾਣੇ! ਘਰਾਂ ਵਿੱਚ ਤਾਂ ਵੀਹ ਵਾਰੀ ਕਜੀਏ ਕਲੇਸ਼ ਹੋ ਜਾਂਦੇ ਨੇ, ਇਹ ਤਾਂ ਭਾਈ ਕੁੜੀਏ! ਫੇਰ ਮਾੜੀ ਗੱਲ ਐ ਉਹਦੇ ਵਾਸਤੇ।’’
‘‘ਉਹ ਹੁਣ ਮੈਨੂੰ ਕਾਹਤੋਂ ਲੈਣ ਆਉਣ ਲੱਗਾ? ਅਗਲਾ ਰੰਗੀਂ ਵਸਦੈ, ਐਸ਼ਾਂ ਕਰਦੈ, ਬੁੱਲੇ ਲੁੱਟਦੈ, ਉਹਨੂੰ ਤਾਂ ਉਹਦੀ ਖ਼ਾਹਿਸ਼ ਮੁਤਾਬਕ ਸਭ ਕੁਸ਼ ਮਿਲ ਗਿਐ, ਤੀਵੀਂ ਦੀ ਥਾਂ ਤੀਵੀਂ ਮਿਲ ‘ਗੀ, ਔਲਾਦ ਦੀ ਥਾਂ ਔਲਾਦ, ਰੁਲਦੀ ਤਾਂ ਮੈਂ ਫਿਰਦੀ ਆਂ ਮਾੜੇ ਕਰਮਾਂ ਵਾਲੀ, ਮੈਥੋਂ ਕੀ ਹੁਣ ਉਹ ਨੇ ਕਾਢਾ ਕਢਾਉਣੈ।’’ ਅੰਦਰੋਂ ਭਰੀ ਪੀਤੀ ਜੰਗੀਰੋ ਨੇ ਮਨ ਦੀ ਦੱਸੀ।
‘‘ਫੇਰ ਕੁੜੇ, ਤੂੰ ਜਮਾਂ ਈ ਤੋੜ ਵਿਛੋੜਾ ਕਰਕੇ ਆਈ ਐਂ?’’
‘‘ਹਾਂ ਚਾਚੀ, ਬੱਸ ਤੂੰ ਇਉਂ ਈਂ ਸਮਝ ਲੈ, ਮੈਥੋਂ ਨੀਂ ਐਸ ਉਮਰੇ ਨਿੱਤ ਹੱਡ ਤੁੜਵਾਏ ਜਾਂਦੇ।’’
‘‘ਪਰ ਕੁੜੀਏ! ਸੁਣ ਮੇਰੀ ਗੱਲ, ਧੀਆਂ ਧਿਆਣੀਆਂ ਤਾਂ ਆਵਦੇ ਘਰੇ ਵਸਦੀਆਂ ਈ ਸੋਂਹਦੀਆਂ ਨੇ ਵੀਰ, ਭਾਵੇਂ ਸਿਰੋਂ ਪਰੰਦ ਔਖੀਆਂ ਹੋਣ, ਪੇਕੀਂ ਮਰੀਆਂ ਵਿਆਹੀਆਂ ਵਰੀਆਂ ਕੁੜੀਆਂ ਨੂੰ ਤਾਂ ਅਗਲੇ ਜਹਾਨ ’ਚ ਵੀ ਢੋਈ ਨ੍ਹੀਂ ਮਿਲਦੀ। ਚੰਗਾ ਫੇਰ ਅਸੀਂ ਤਾਂ ਚਲਦੀਆਂ ਹੁਣ, ਕੱਟ ਲੈ ਭਾਈ! ਸਬਰ ਸੰਤੋਖ ਨਾਲ, ਜਿਹੜੀਆਂ ਲੇਖਾਂ ਵਿੱਚ ਲਿਖ ‘ਤੀਆਂ ਮਹਾਰਾਜ ਨੇ, ਹੁਣ ਹੋਰ ਤਾਂ ਕੋਈ ਚਾਰਾ ਨ੍ਹੀਂ ਧੀਏ!’’
ਜੰਗੀਰੋ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਸਿਆਣੀ ਬਿਆਣੀ, ਧੌਲੇ ਝਾਟੇ ਵਾਲੀ ਤੀਵੀਂ ਉਸ ਨਾਲ ਹਮਦਰਦੀ ਕਰਕੇ ਗਈ ਹੈ ਜਾਂ ਉਸ ਦੇ ਜ਼ਖਮਾਂ ’ਤੇ ਲੂਣ ਭੁੱਕ ਕੇ? ਜੰਗੀਰੋ ਖ਼ੁਦ ਵਿੱਚ ਹੀ ਪਛਤਾ ਰਹੀ ਸੀ ਕਿ ਕਾਹਨੂੰ ਉਸ ਨੇ ਚਾਚੀ ਕੋਲ ਢਿੱਡ ਫਰੋਲਣਾ ਸੀ! ਫਿਰ ਝੱਟ ਹੀ ਉਸ ਦੇ ਮਨ ਨੇ ਜਵਾਬ ਦਿੱਤਾ, ‘ਦੁਖੀ ਬੰਦਾ ਤਾਂ ਕੰਧਾਂ ਕੌਲਿਆਂ ਕੋਲੋਂ ਵੀ ਚਾਰ ਬੋਲ ਹਮਦਰਦੀ ਦੇ ਭਾਲਦੈੈ, ਬਈ ਕੋਈ ਉਸ ਦਾ ਦੁੱਖ ਸੁੱਖ ਸੁਣਨ ਵਾਲਾ ਮਿਲ ਜਾਵੇ ਪਰ ਜੀਹਦੇ ਕਦੇ ਆਵਦੇ ਪੈਰ ’ਚ ਬਿਆਈ ਨਾ ਪਾਟੀ ਹੋਵੇ ਉਹ ਪਰਾਈ ਪੀੜ ਦਾ ਦਰਦ ਕਿਵੇਂ ਮਹਿਸੂਸ ਕਰ ਸਕਦੈ?’
ਜੰਗੀਰੋ ਨੂੰ ਵੀਹ ਸਾਲ ਹੋ ਗਏ ਸਨ ਵਸਦੀ ਰਸਦੀ ਨੂੰ, ਪਰ ਉਸ ਦੀ ਝੋਲੀ ਔਲਾਦ ਖੁਣੋਂ ਸੱਖਣੀ ਸੀ। ਬਥੇਰਾ ਇਲਾਜ ਕਰਵਾਇਆ, ਸਾਧੂਆਂ ਸੰਤਾਂ ਦੇ ਡੇਰਿਆਂ ’ਤੇ ਜਾ ਕੇ ਮੱਥੇ ਰਗੜੇ, ਸੁੱਖਣਾਂ ਸੁੱਖੀਆਂ ਪਰ ਕਿਤੋਂ ਵੀ ਉਨ੍ਹਾਂ ਦੀ ਝੋਲੀ ਖੈਰ ਨਾ ਪਈ। ਬਲਵੰਤ ਸਿੰਘ ਨੇ ਤਾਂ ਡਾਕਟਰਾਂ ਦੇ ਘਰ ਭਰਨ ਲੱਗੇ ਨੇ ਵੀ ਕਦੇ ਸੀ ਨਾ ਕੀਤੀ ਪਰ ਡਾਢੀ ਕਿਸਮਤ ਨੇ ਡਾਹ ਨਾ ਦਿੱਤੀ। ‘ਕੀ ਮੇਰੀ ਜ਼ਮੀਨ ਜਾਇਦਾਦ ਹੁਣ ਸ਼ਰੀਕ ਸਾਂਭਣਗੇ? ਔਤ ਗਿਆਂ ਦੇ ਘਰ ਤੇ ਜ਼ਮੀਨਾਂ ਤਾਂ ਸ਼ਰੀਕ ਰੱਸੀਆਂ ਧਰ ਧਰ ਕੇ ਮਿਣਦੇ ਹੁੰਦੇ ਨੇ।’ ਹਰ ਵੇਲੇ ਬਲਵੰਤ ਸਿੰਘ ਦੇ ਦਿਮਾਗ਼ ਵਿੱਚ ਇਹ ਗੱਲ ਵਾਵਰੋਲੇ ਦੀ ਖੱਖ ਵਾਂਗ ਚੜ੍ਹੀ ਰਹਿੰਦੀ।
ਉਹ ਜੰਗੀਰੋ ਤੋਂ ਚੋਰੀਓਂ ਜਣੇ ਖਣੇ ਨੂੰ ਆਪਣੇ ਵਾਸਤੇ ਰਿਸ਼ਤੇ ਦੀ ਦੱਸ ਪਾਉਣ ਦੀਆਂ ਮਿੰਨਤਾਂ ਕਰਦਾ ਰਹਿੰਦਾ। ਹੁਣ ਇਹੋ ਜਿਹੀ ਗੱਲ ਗੁੱਝੀ ਕਿੱਥੇ ਰਹਿਣੀ ਸੀ! ਨਾਲੇ ਜੰਗੀਰੋ ਕਿਹੜਾ ਹੁਣ ਨਿਆਣੀ ਸੀ, ਉਹ ਸਭ ਕੁਝ ਸਮਝਦੀ ਸੀ। ਉੱਡਦੀ-ਉੱਡਦੀ ਇਸ ਗੱਲ ਦੀ ਬਿੜਕ ਉਸ ਦੇ ਕੰਨੀਂ ਵੀ ਪੈ ਗਈ। ਦੰਪਤੀ ਜੀਵਨ ਵਿੱਚ ਕਿਸੇ ਤੀਜੇ ਬੰਦੇ ਨੂੰ ਬਰਦਾਸ਼ਤ ਕਰਨਾ ਕਿਤੇ ਸੌਖਾ ਕੰਮ ਨਹੀਂ ਹੁੰਦਾ। ਇੱਕ ਵਾਰ ਤਾਂ ਉਸ ਦੇ ਦਿਲ ਨੂੰ ਡੋਬੂ ਜਿਹੇ ਪਏ। ਫਿਰ ਉਹ ਘਰ ਦੀ ਜੜ੍ਹ ਮੇਖ ਲੱਗਣ ਦੀ ਖ਼ਾਹਿਸ਼ ਨਾਲ ਪਤੀ ਦਾ ਦੂਜਾ ਵਿਆਹ ਆਪਣੇ ਹੱਥੀਂ ਕਰਨ ਵਾਸਤੇ ਖ਼ੁਦ ਹੀ ਸਹਿਮਤ ਹੋ ਗਈ। ਵੱਡੀ ਉਮਰ ਦੇ ਬਲਵੰਤ ਸਿੰਘ ਨੂੰ ਇਸ ਉਮਰੇ ਕੋਈ ਚੱਜ ਦੀ ਕੁੜੀ ਤਾਂ ਕਿੱਥੋਂ ਮਿਲਣੀ ਸੀ!
ਉਸ ਨੂੰ ਤਾਂ ਕੋਈ ਬੱਜੋਰੱਤੀ, ਵੱਡੀ ਉਮਰ ਦੀ ਰਹੀ ਰਵਿੰਨੀ ਕੁੜੀ ਹੀ ਜੁੜਨੀ ਸੀ। ਕਿਸੇ ਨੇ ਇੱਕ ਕੁੜੀ ਦੀ ਦੱਸ ਪਾਈ ਜਿਹੜੀ ਦਿਮਾਗ਼ੀ ਪੱਖੋਂ ਸਹੀ ਨਹੀਂ ਸੀ। ਉਸ ਨੂੰ ਕੋਈ ਵੀ ਕੰਮ ਕਰਨਾ ਨਹੀਂ ਸੀ ਆਉਂਦਾ। ਘਰੇਲੂ ਕੰਮਾਂ ਦਾ ਤਾਂ ਉਨ੍ਹਾਂ ਦੋਹਾਂ ਜੀਆਂ ਨੂੰ ਭੋਰਾ ਜਿੰਨਾ ਵੀ ਫ਼ਿਕਰ ਨਹੀਂ ਸੀ। ਘਰ ਦਾ ਕੋਈ ਕੰਮ ਨਾ ਵੀ ਕਰੂ ਤਾਂ ਵੀ ਸਰ ਹੀ ਜਾਣਾ ਸੀ। ਜੰਗੀਰੋ ਬਥੇਰੀ ਤਕੜੀ ਸੀ ਕੰਮ ਧੰਦੇ ਨੂੰ। ਜਦੋਂ ਪ੍ਰੀਤੋ ਵਿਆਹੀ ਆਈ ਤਾਂ ਉਹ ਦੋਵੇਂ ਜੀਅ ਹੈਰਾਨ ਰਹਿ ਗਏ। ਉਸ ਨੂੰ ਘਰ ਦਾ ਕੰਮ ਤਾਂ ਇੱਕ ਪਾਸੇ, ਆਪਣਾ ਆਪ ਵੀ ਸੰਭਾਲਣਾ ਨਹੀਂ ਸੀ ਆਉਂਦਾ। ਕਈ ਕਈ ਦਿਨ ਉਹ ਨਹਾਉਂਦੀ ਹੀ ਨਾ, ਹਫ਼ਤਾ ਹਫ਼ਤਾ ਸਿਰ ਨਾ ਵਾਹੁੰਦੀ। ਕੇਸੀ ਮਹੀਨੇ ਬਾਅਦ ਵਾਰ ਵਾਰ ਕਹਿਣ ’ਤੇ ਮਸਾਂ ਨਹਾਉਂਦੀ। ਬਲਵੰਤ ਸਿੰਘ ਉਸ ਨੂੰ ਬਿੱਜੜੇ ਦੇ ਆਲਣੇ ਵਾਂਗ ਉਲਝੇ ਤੇ ਖਿੱਲਰੇ ਵਾਲ ਲੈ ਕੇ ਤੁਰੀ ਫਿਰਦੀ ਨੂੰ ਦੇਖ ਕੇ ਖਿਝਦਾ ਖਪਦਾ ਰਹਿੰਦਾ। ਉਸ ਦੇ ਵਾਲਾਂ ਦੀ ਲਿਟ ਹੱਥ ਵਿੱਚ ਫੜ ਕੇ ਉਸ ਨੂੰ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇਨ੍ਹਾਂ ਨੂੰ ਕਦੇ ਕੰਘੀ ਵੀ ਕਰ ਲਿਆ ਕਰ। ਵਿਚਾਰੀ ਜੰਗੀਰੋ ਪਿਆਰ ਨਾਲ ਆਹਿਸਤਾ ਆਹਿਸਤਾ ਉਸ ਨੂੰ ਘਰ ਦਾ ਸਾਰਾ ਕੰਮ ਅਤੇ ਬਣ ਫਬ ਕੇ ਰਹਿਣ ਦੇ ਢੰਗ ਤਰੀਕੇ ਸਿਖਾ ਰਹੀ ਸੀ। ਸਮਾਂ ਆਪਣੀ ਚਾਲੇ ਚਲਦਾ ਗਿਆ। ਹੁਣ ਤੱਕ ਪ੍ਰੀਤੋ ਇੱਕ ਧੀ ਤੇ ਇੱਕ ਪੁੱਤ ਦੀ ਮਾਂ ਬਣ ਗਈ ਸੀ। ਬੱਚੇ ਵੱਡੇ ਹੋ ਗਏ ਸਨ। ਹੌਲੀ ਹੌਲੀ ਪ੍ਰੀਤੋ ਨੇ ਜੰਗੀਰੋ ਤੋਂ ਘਰ ਦਾ ਸਾਰਾ ਕੰਮ ਸਿੱਖ ਲਿਆ ਸੀ। ਪ੍ਰੀਤੋ ਜਿੰਨੀ ਸਿੱਧਰੀ ਸੀ, ਉਸ ਦੇ ਜਵਾਕ ਉਨੇ ਹੀ ਤੇਜ਼ ਤਰਾਰ ਸਨ। ਮਤਰੇਈ ਮਾਂ ਜੇ ਕਿਸੇ ਕੋਲ ਕੋਈ ਦੁਖ-ਸੁਖ ਦੀ ਗੱਲ ਕਰਕੇ ਮਨ ਦਾ ਬੋਝ ਹਲਕਾ ਕਰ ਲੈਂਦੀ ਤਾਂ ਉਹ ਝੱਟ ਆਪਣੀ ਮਾਂ ਨੂੰ ਲੂਤੀਆਂ ਲਾ ਕੇ ਲੜਾਈ ਪਵਾ ਦਿੰਦੇ। ਜਸੂਸਾਂ ਵਾਂਗ ਉਹ ਦੋਵੇਂ ਭੈਣ ਭਰਾ ਜੰਗੀਰੋ ਦੇ ਪਿੱਛੇ ਪਿੱਛੇ ਰਹਿੰਦੇ। ਔਲਾਦ ਮੁਰਾਦ ਵਾਲੀ ਹੋ ਜਾਣ ਕਾਰਨ ਪ੍ਰੀਤੋ ਦੇ ਘਰ ਵਿੱਚ ਪੈਰ ਜੰਮ ਗਏ ਸਨ। ਹੁਣ ਉਹ ਜੰਗੀਰੋ ਨਾਲ ਪੂਰਾ ਸੌਂਕਣਪੁਣਾ ਵਿਹਾਜ ਕੇ ਰੱਖਦੀ। ਦਿਨ ਰਾਤ ਜੰਗੀਰੋ ਨਾਲ ਆਢਾ ਲਾਈ ਰੱਖਦੀ। ਬਲਵੰਤ ਸਿੰਘ ਨੂੰ ਇੱਕ ਦੀਆਂ ਦਸ ਲਾ ਕੇ ਉਹ ਉਸ ਦੇ ਕੁੱਟ ਪਵਾ ਦਿੰਦੀ। ਉਹਦੀ ਚੁੱਕ ਵਿੱਚ ਆ ਕੇ ਬਲਵੰਤ ਸਿੰਘ ਉਸ ਨੂੰ ਗੰਦੀਆਂ ਗਾਲ੍ਹਾਂ ਕੱਢਦਾ, ਸੋਟੀ ਫੜ ਕੇ ਐਸਾ ਕੁੱਟਦਾ ਕਿ ਉਸ ਦਾ ਅੰਗ ਅੰਗ ਪਰੁੰਨ ਦਿੰਦਾ। ਘਰ ਵਿੱਚ ਹੁਣ ਜੰਗੀਰੋ ਦੀ ਅਹਿਮੀਅਤ ਕਿਸੇ ਬੇਕਾਰ ਚੀਜ਼ ਨਾਲੋਂ ਵੀ ਘਟ ਗਈ ਸੀ। ਅੰਦਰ ਵੜ ਕੇ ਬਥੇਰਾ ਚਿਰ ਕੁੱਟ ਖਾਂਦੀ ਰਹੀ, ਸਾਰੇ ਟੱਬਰ ਦੀਆਂ ਤੱਤੀਆਂ ਠੰਢੀਆਂ ਸੁਣਦੀ ਰਹੀ। ਪਰ ਜਦੋਂ ਉਸ ਦੀ ਨਾਂਹ ਹੋ ਗਈ ਤਾਂ ਪਤੀ ਤੇ ਸੌਕਣ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਉਹ ਪੇਕਿਆਂ ਦੇ ਬੂਹੇ ਜਾ ਬੈਠੀ।
ਵਰ੍ਹਿਆਂ ਦੇ ਵਰ੍ਹੇ ਲੰਘ ਗਏ ਕੋਈ ਵੀ ਉਸ ਨੂੰ ਲੈਣ ਨਾ ਆਇਆ। ਜੰਗੀਰੋ ਦੇ ਭਰਾ ਆਪਣੇ ਭਣੋਈਏ ਨੂੰ ਉਡੀਕਦੇ ਰਹੇ। ਅੱਜ ਵੀ ਆਇਆ ਕੱਲ੍ਹ ਵੀ ਆਇਆ ਪਰ ਜੰਗੀਰੋ ਨੂੰ ਮਨਾਉਣ ਤਾਂ ਕੀ, ਉਸ ਦਾ ਹਾਲ-ਚਾਲ ਪੁੱਛਣ ਵੀ ਕੋਈ ਨਾ ਆਇਆ। ਸ਼ਰਮ ਦੇ ਮਾਰੇ ਉਸ ਦੇ ਭਰਾ ਉਸ ਨੂੰ ਸਹੁਰੇ ਘਰ ਛੱਡਣ ਨਾ ਗਏ ਬਈ ਲੋਕ ਕੀ ਕਹਿਣਗੇ ਇਨ੍ਹਾਂ ਵੱਡਿਆਂ ਸਰਦਾਰਾਂ ਤੋਂ ਭੈਣ ਨੂੰ ਦੋ ਵੇਲੇ ਦੀ ਰੋਟੀ ਨਾ ਦੇ ਹੋਈ? ਇਉਂ ਉਸ ਨੂੰ ਪੇਕੀਂ ਬੈਠੀ ਨੂੰ ਮੁੱਦਤਾਂ ਬੀਤ ਗਈਆਂ ਸਨ। ਹੁਣ ਉਸ ਦੇ ਜੀਵਨ ਦਾ ਅੰਤਿਮ ਪੜਾਅ ਨੇੜੇ ਆ ਰਿਹਾ ਸੀ।
ਜੰਗੀਰੋ ਜਦੋਂ ਕਿਤੇ ਇਕੱਲੀ ਬੈਠੀ ਹੁੰਦੀ ਤਾਂ ਉਸ ਨੂੰ ਆਪਣਾ ਘਰ ਬੜਾ ਯਾਦ ਆਉਂਦਾ। ਇਹ ਹੇਰਵਾ ਤਾਂ ਸਾਰੀ ਉਮਰ ਉਸ ਦੇ ਢਿੱਡ ਵਿੱਚੋਂ ਨਹੀਂ ਸੀ ਨਿਕਲਿਆ। ਆਪਣੇ ਘਰ ਨੂੰ ਯਾਦ ਕਰਕੇ ਇੱਕ ਵਾਰੀ ਤਾਂ ਉਸ ਦੇ ਸਰੀਰ ਵਿੱਚ ਸੀਤ ਫਿਰ ਜਾਂਦਾ, ਨਾਲ ਹੀ ਚਾਚੀ ਸ਼ਾਮ ਕੌਰ ਦੀ ਆਖੀ ਉਹ ਗੱਲ ਵੀ ਕੰਨਾਂ ’ਚ ਗੂੰਜਣ ਲੱਗਦੀ ‘ਜਦੋਂ ਵਿਆਹੀਆਂ ਵਰੀਆਂ ਧੀਆਂ ਪੇਕੇ ਘਰ ਮਰਦੀਆਂ ਨੇ ਤਾਂ ਉਨ੍ਹਾਂ ਨੂੰ ਅਗਲੇ ਜਹਾਨ ’ਚ ਢੋਈ ਨ੍ਹੀਂ ਮਿਲਦੀ ਹੁੰਦੀ।’ ਉਸ ਦਾ ਦਿਲ ਕਰਦਾ ਭਾਈਆਂ ਭਤੀਜਿਆਂ ਨੂੰ ਕਹੇ, ‘ਮੈਨੂੰ ਮਰੀ ਨੂੰ ਚੁੱਕ ਕੇ ਮੇਰੇ ਸਹੁਰੇ ਘਰ ਲੈ ਜਾਇਓ, ਮੇਰਾ ਸਸਕਾਰ ਉੱਥੇ ਹੀ ਕਰਿਓ।’ ਫਿਰ ਠੰਢਾ ਹਾਉਕਾ ਭਰ ਕੇ ਖ਼ੁਦ ਹੀ ਇਸ ਖ਼ਾਹਿਸ਼ ਨੂੰ ਆਪਣੇ ਸੀਨੇ ਵਿੱਚ ਅੰਦਰੇ ਹੀ ਦਫ਼ਨ ਕਰ ਲੈਂਦੀ। ‘ਉੱਥੋਂ ਤਾਂ ਅਗਲਿਆਂ ਨੇ ਧੱਕੇ ਮਾਰ ਕੇ ਉਦੋਂ ਘਰੋਂ ਬਾਹਰ ਕੱਢ ਦਿੱਤਾ ਸੀ ਜਦੋਂ ਮੈਂ ਕਾਲੇ ਬਲਦ ਵਾਂਗੂੰ ਕਮੱਤਦੀ ਸੀ, ਮੇਰੇ ਮੁਰਦਾ ਸਰੀਰ ਨੂੰ ਉੱਥੇ ਕੀਹਨੇ ਮੋਢਾ ਦੇਣੈ? ਕੌਣ ਏ ਉੱਥੇ ਮੇਰਾ ਆਪਣਾ? ਓ ਕਮਲਿਆ ਮਨਾ! ਦੱਸ ਤਾਂ ਸਹੀ ਉੱਥੇ ਹੈ ਕੋਈ ਮੇਰਾ ਹਮਦਰਦ? ਚੱਲ ਉਹ ਜਾਣੇ! ਇੱਥੇ ਹੀ ਮੇਰੇ ਟੱਬਰ ਦੇ ਜੀਅ ਮੇਰੀ ਮਿੱਟੀ ਕਿਉਂਟ ਦੇਣਗੇ। ਨਾ ਹੋਵੇ ਮੇਰੀ ਗਤੀ ਜੇ ਨਹੀਂ ਹੁੰਦੀ ਤਾਂ। ਨਾਲੇ ਗਤੀ ਹੁੰਦੀ ਦੱਸਣ ਮੁੜ ਕੇ ਕੌਣ ਆਇਐ ਇੱਥੇ?’
ਸੰਪਰਕ: 78146-98117

