ਕਾਵਿ ਕਿਆਰੀ
ਜਦ ਮਾਂ ਹੁੰਦੀ ਸੀ ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ ਜੱਗ ’ਤੇ ਜਦ ਮਾਂ ਹੁੰਦੀ ਸੀ , ਦੁਆਵਾਂ ਦੀ ਸੰਘਣੀ ਛਾਂ ਹੁੰਦੀ ਸੀ। ਦੂਰ ਭਾਵੇਂ ਮੈਂ ਰਹਿੰਦਾ ਉਸ ਤੋਂ, ਮਾਂ ਦਿਲ ਵਿੱਚ ਹਰ ਥਾਂ ਹੁੰਦੀ ਸੀ। ਉਂਜ ਭਾਵੇਂ ਗੱਲ ਘੱਟ ਸੀ ਹੁੰਦੀ,...
ਜਦ ਮਾਂ ਹੁੰਦੀ ਸੀ
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਜੱਗ ’ਤੇ ਜਦ ਮਾਂ ਹੁੰਦੀ ਸੀ ,
ਦੁਆਵਾਂ ਦੀ ਸੰਘਣੀ ਛਾਂ ਹੁੰਦੀ ਸੀ।
ਦੂਰ ਭਾਵੇਂ ਮੈਂ ਰਹਿੰਦਾ ਉਸ ਤੋਂ,
ਮਾਂ ਦਿਲ ਵਿੱਚ ਹਰ ਥਾਂ ਹੁੰਦੀ ਸੀ।
ਉਂਜ ਭਾਵੇਂ ਗੱਲ ਘੱਟ ਸੀ ਹੁੰਦੀ,
ਜਨਮ ਦਿਨ ’ਤੇ ਫੋਨ ਸੀ ਆਉਂਦਾ।
ਕੀ ਦੱਸਾਂ ਖ਼ੁਸ਼ੀ ਅਥਾਹ ਹੁੰਦੀ ਸੀ
ਜੱਗ ’ਤੇ ਜਦ ਮਾਂ ਹੁੰਦੀ ਸੀ।
ਰੱਬ ਵੱਲੋਂ ਵੀ ਘਾਟ ਨਾ ਕੋਈ
ਛੱਡੀ ਮਾਂ ਨੇ ਤੋਟ ਨਾ ਕੋਈ।
ਬਿਨਾਂ ਵਿਤਕਰੇ ਸਭ ਮਿਲਦਾ ਸੀ
ਜੱਗ ’ਤੇ ਜਦ ਮਾਂ ਹੁੰਦੀ ਸੀ।
ਮੂਲ ਨਾਲੋਂ ਹੁੰਦਾ ਵਿਆਜ ਪਿਆਰਾ
ਮਾਂ ਸਮਝਾਇਆ, ਵਿਸ਼ਵਾਸ ਤਾਂ ਆਇਆ।
‘ਧਾਲੀਵਾਲ’ ਦੇ ਸਦਾ ਪਿਛਾਂਹ ਹੁੰਦੀ ਸੀ
ਜੱਗ ’ਤੇ ਜਦ ਮਾਂ ਹੁੰਦੀ ਸੀ।
ਜੱਗ ’ਤੇ ਜਦ ਮੇਰੀ ਮਾਂ ਹੁੰਦੀ ਸੀ
ਦੁਆਵਾਂ ਦੀ ਸੰਘਣੀ ਛਾਂ ਹੁੰਦੀ ਸੀ।
ਸੰਪਰਕ: 78374 90309
* * *
ਗ਼ਜ਼ਲ
ਨਿਸ਼ਾਨ ਸਿੰਘ ਰਾਠੌਰ
ਏਨੀ ਬੇਇਤਬਾਰੀ ਕਾਹਤੋਂ ਹੋਈ ਏ,
ਮਨ ਦੇ ਅੰਦਰ ਰੀਝ ਲੱਗੇ ਜਿਉਂ ਮੋਈ ਏ।
ਮੋਹ-ਮੁਹੱਬਤ ਦੱਸਿਓ ਕਿਸ ਨੂੰ ਕਹਿੰਦੇ ਨੇ,
ਦੁਨੀਆ ਤਾਂ ਵਿੱਚ ਦੁਨੀਆ ਦੇ ਹੀ ਖੋਈ ਏ।
ਗ਼ੈਰਾਂ ਦੇ ਸੰਗ ਬੇਫ਼ਿਕਰੀ ਦੇ ਨਾਲ ਰਿਹਾ,
ਆਪਣਿਆਂ ਤੋਂ ਬਚਿਆਂ ਰੱਬ ਦੀ ਢੋਈ ਏ।
ਕੀ ਹੋਇਆ ਜੇ ਅੱਖ ’ਚੋਂ ਹੰਝੂ ਚੋਇਆ ਨਾ,
ਤੇਰੀ ਖ਼ਾਤਿਰ ਰੂਹ ਤੱਕ ਸੱਜਣਾ ਰੋਈ ਏ।
ਹਾਸੇ ਦੇ ਵਿੱਚ ਜਿਹੜਾ ਗੱਲਾਂ ਆਖ ਰਿਹੈ,
ਦਿਲ ਉਸੇ ਦੇ ਅੰਦਰ ਹੀ ਬਦਖੋਈ ਏ।
ਖ਼ਬਰੇ ਉਸ ਨੂੰ ਮੇਰਾ ਚੇਤਾ ਆਉਂਦਾ ਹੋਊ,
ਯਾਦਾਂ ਨੇ ਅੱਜ ਮੁੜ ਕੇ ਲੜੀ ਪਰੋਈ ਏ।
ਕਿਹੜੀਆਂ ਜਿੱਤਾਂ, ਕਿਹੜੀਆਂ ਹਾਰਾਂ, ਦੱਸ ਤੇ ਸਹੀ,
ਬਾਰਡਰ ਉੱਤੋਂ ਲਾਸ਼ ਬੜੀ ਮੈਂ ਢੋਈ ਏ।
ਘਰ-ਘਰ ਦੇ ਵਿੱਚ ਖ਼ੁਸ਼ੀਆਂ-ਹਾਸੇ ਡੇਰੇ ਲਾਉਣ
ਮੇਰੀ ਤਾਂ ਬੱਸ ‘ਸ਼ਾਨਾ’ ਏਹੋ ਅਰਜ਼ੋਈ ਏ।
ਸੰਪਰਕ: 90414-98009
* * *
ਵੀਰਾਨੀ ਦਾ ਪਹਿਰਾ
ਮੋਹਨ ਸ਼ਰਮਾ
ਲੋਕ ਵਾਹੋ-ਦਾਹੀ ਦੌੜ-ਭੱਜ ਕਰ ਰਹੇ ਨੇ
ਆਪੋ ਆਪਣੇ ਧੰਦੇ ਸਮੇਟਣ
ਅਤੇ ਪੇਟ ਪੂਰਤੀ ਦੇ
ਆਹਰ ਵਿੱਚ।
ਮਿਲਣ ਵੇਲੇ
ਇੱਕ ਦੂਜੇ ਵੱਲ ਹੱਥ ਹਿਲਾ ਕੇ
ਜਾਂ ਫਿਰ ਫਿੱਕੀ ਜਿਹੀ
ਮੁਸਕਰਾਹਟ ਨਾਲ
ਇੱਕ ਦੂਜੇ ਦੀ
ਖ਼ੈਰ ਸੁੱਖ ਪੁੱਛੇ ਬਿਨਾਂ
ਲੰਘ ਜਾਣਾ
ਰਿਵਾਜ ਜਿਹਾ
ਬਣ ਗਿਆ ਹੈ।
ਸੱਥਾਂ ਸੁੰਨੀਆਂ ਨੇ!
ਖੇਤਾਂ ਵਿੱਚ
ਪਰਵਾਸੀ ਮਜ਼ਦੂਰਾਂ ਦਾ
ਜਮਘਟਾ ਹੈ।
ਪਹਿਆਂ, ਬੰਨਿਆਂ ’ਤੇ
ਰੌਣਕ ਨ੍ਹੀਂ
ਹਾਂ, ਸੜਕਾਂ ’ਤੇ
ਬੱਸਾਂ ਦੇ ਹੌਰਨ
ਸਾਈਕਲ ’ਤੇ ਪੂਰੇ ਤਾਣ ਨਾਲ
ਪੈਡਲ ਮਾਰ ਰਹੇ ਮਜ਼ਦੂਰ
ਤੇਜ਼ ਦੌੜਦੀਆਂ ਕਾਰਾਂ
ਅਤੇ ਹੋਰ ਆਵਾਜਾਈ
ਨਜ਼ਰ ਆਉਂਦੀ ਹੈ।
ਇਹ ਸਭ ਕੁਝ ਵਿੱਚ
ਕਹਿਕਹੇ, ਸੰਦਲੀ ਬੋਲ,
ਪ੍ਰੇਮ ਕਥਾਵਾਂ
ਦੁਖ-ਸੁਖ ਦੀਆਂ ਗੱਲਾਂ
ਅਲੋਪ ਹੁੰਦੀਆਂ ਨੇ।
ਮਜ਼ਦੂਰ ਵਿਚਾਰੇ ਤਾਂ
ਸਾਈਕਲ ਦੇ ਪੈਡਲ
ਮਾਰਦੇ ਹੋਏ
ਆਪਣੇ ਆਪ ਨਾਲ
ਗੱਲਾਂ ਕਰਦਿਆਂ
ਕਬੀਲਦਾਰੀ ਦੀ
ਉਲਝੀ ਤਾਣੀ ਨੂੰ
ਧਰਵਾਸ ਦਾ ਠੁੰਮਣਾ ਦੇਕੇ
ਥਾਂ ਸਿਰ ਕਰਨ ਦੀ
ਅਸਫਲ ਕੋਸ਼ਿਸ਼ ਕਰਦੇ ਹਨ।
ਦੋ ਥਾਵਾਂ ’ਤੇ ਭੀੜ
ਅਕਸਰ ਨਜ਼ਰ ਆਉਂਦੀ ਹੈ
ਲੇਬਰ ਚੌਕ ਵਿੱਚ
ਖੜੋਤੇ ਮਜ਼ਦੂਰ
ਦਿਹਾੜੀ ਲੱਗਣ ਦੀ
ਆਸ ਵਿੱਚ
ਸਾਹਮਣੇ ਆ ਰਹੇ
ਚਿਹਰੇ ’ਚੋਂ
ਰੋਟੀ ਦੇ ਜੁਗਾੜ ਦੀ
ਆਸ ਨਾਲ
ਉਸ ਵੱਲ ਉਲਰਦੇ ਹਨ।
ਲੇਬਰ ਚੌਕ ਵਿੱਚ ਦਿਹਾੜੀ
ਹਰ ਇੱਕ ਦੇ
ਹਿੱਸੇ ਨਹੀਂ ਆਉਂਦੀ।
ਦਿਹਾੜੀ ਦਾ ਚੋਗਾ
ਪਾਉਣ ਵਾਲਾ
ਤਕੜਾ ਜੁੱਸਾ, ਚੁਸਤ ਅਤੇ
ਫੁਰਤੀਲੇ ਦਿਹਾੜੀਦਾਰ ਨੂੰ
ਤਰਜੀਹ ਦਿੰਦਾ ਹੈ।
ਇੰਜ ਮਾੜਚੂ,
ਅੜਾਂ ਥੁੜ੍ਹਾਂ ਦੇ
ਸ਼ਿਕਾਰ ਕਿਰਤੀਆਂ ਨੂੰ
ਕੰਮ ਨਾ ਮਿਲਣ ਦੇ
ਝੋਰੇ ਕਾਰਨ
ਉਨ੍ਹਾਂ ਦੇ ਚਿਹਰਿਆਂ ’ਤੇ
ਉੱਕਰੀਆਂ ਚਿੰਤਾ ਦੀਆਂ ਲਕੀਰਾਂ ਹੋਰ ਡੂੰਘੀਆਂ
ਹੋ ਜਾਂਦੀਆਂ ਨੇ।
ਇਸ ਤੋਂ ਬਿਨਾਂ ਭੀੜ
ਅੱਜਕੱਲ੍ਹ
ਸਮਸ਼ਾਨਘਾਟਾਂ ਵਿੱਚ ਵੀ
ਵੇਖੀ ਜਾ ਸਕਦੀ ਹੈ।
ਜਿੱਥੇ ਖ਼ੂਨ ਦੇ
ਅੱਥਰੂ ਕੇਰਦੇ ਮਾਪੇ
ਆਪਣੇ ਜਵਾਨ ਪੁੱਤ ਦੀ
ਅਰਥੀ ਨੂੰ ਮੋਢਾ ਦੇ ਕੇ
ਜਿਉਂਦੇ ਜੀਅ
ਆਪ ਮੋਇਆਂ ਦੀ
ਕਤਾਰ ਵਿੱਚ
ਜਾ ਖੜੋਂਦੇ ਨੇ।
ਨਸ਼ਿਆਂ ਕਾਰਨ
ਨੌਜਵਾਨਾਂ ਦੇ ਸਿਵੇ
ਬਲ ਰਹੇ ਨੇ।
ਮਾਂ-ਬਾਪ ਦੇ ਅੰਦਰ
ਬਲ ਰਿਹਾ ਸਿਵਾ
ਠੰਢਾ ਹੋਣ ਦਾ
ਨਾਂ ਨਹੀਂ ਲੈ ਰਿਹਾ।
ਹੁਣ ਭੀੜ
ਸਿਵਿਆਂ ਵਿੱਚ ਵੀ
ਨਿਰੰਤਰ ਵਧ ਰਹੀ ਹੈ।
ਲੇਬਰ ਚੌਕ ਦੀ ਭੀੜ
ਅਤੇ ਸਿਵਿਆਂ ਦੀ ਭੀੜ!!
ਦੋਵੇਂ ਥਾਵਾਂ ’ਤੇ
ਘੋਰ ਉਦਾਸੀ
ਅਤੇ ਹਾਉਕਿਆਂ ਨਾਲ ਲਬਰੇਜ਼
ਵੀਰਾਨੀ ਦਾ ਪਹਿਰਾ ਹੈ।
ਸੰਪਰਕ: 94171-48866
* * *
ਆ ਬੈਠ ਆਪਾਂ ਦੋ ਗੱਲਾਂ ਕਰੀਏ
ਬਚਿੱਤਰ ਜਟਾਣਾ
ਆ ਬੈਠ ਦੋ ਗੱਲਾਂ ਕਰੀਏ,
ਇੱਕ ਦੂਜੇ ਦੀ ਹਾਂ ਵਿੱਚ ਹਾਂ ਭਰੀਏ,
ਆਪਸੀ ਮੋਹ ਪਿਆਰ ਰੱਖੀਏ,
ਆਪਾਂ ਜਿੱਤੀਏ ਜਾਂ ਹਰੀਏ।
ਬਰਾਬਰੀ ਦਾ ਸਬਕ ਸਿੱਖੀਏ,
ਵਿਸ਼ਵਾਸ ਨੂੰ ਕਾਇਮ ਕਰੀਏ,
ਆਪਾਂ ਦੀਵਾਰ ਬਣ ਜਾਈਏ,
ਐਵੇਂ ਮਿੱਟੀ ਵਾਂਗ ਨਾ ਖੁਰੀਏ।
ਕਿਰਤ ਦਾ ਜਜ਼ਬਾ ਰੱਖੀਏ,
ਲੱਭੀਏ ਰਿਜ਼ਕ ਦੇ ਚੰਗੇ ਜ਼ਰੀਏ,
ਆਪਣਾ ਵਿਸ਼ਵਾਸ ਨਾ ਡੁਲਾਈਏ,
ਇਰਾਦੇ ਆਪਣੇ ਮਜ਼ਬੂਤ ਕਰੀਏ।
ਥੰਮ ਬਣ ਖੜ੍ਹ ਜਾਈਏ,
ਘੜੇ ਦੇ ਪਾਣੀ ਵਾਂਗ ਨਾ ਝਰੀਏ,
ਹੌਸਲਾ ਨਾ ਛੱਡੀਏ,
ਸਾਉਣ ਦੇ ਬੱਦਲ ਵਾਂਗ ਵਰ੍ਹੀਏ।
ਹਰ ਦਮ ਸੂਰਜ ਵਾਂਗ ਤਪੀਏ,
ਘੜੇ ਦੇ ਪਾਣੀ ਵਾਂਗ ਨਾ ਠਰੀਏ,
ਸ਼ਾਂਤੀ ਬਣਾ ਕੇ ਰੱਖੀਏ।
ਕਿਸੇ ਨੂੰ ਨਾ ਡਰਾਈਏ, ਨਾ ਡਰੀਏ,
ਕੰਢਿਆਂ ’ਤੇ ਨਾ ਖੜ੍ਹ ਕੇ,
ਡੂੰਘੇ ਪਾਣੀਆਂ ’ਚ ਤਰੀਏ।
ਇਰਾਦੇ ਮਜ਼ਬੂਤ ਰੱਖੀਏ,
ਔਖੀ ਬਾਜ਼ੀ ਜਿੱਤ ਧਰੀਏ,
ਆਲਸੀ ਨਾ ਬਣੀਏ,
ਮੁਸ਼ੱਕਤ ਕਰ ਖਾਲੀ ਖੂਹ ਭਰੀਏ।
ਨਿਰਾਸ਼ਾ ਤੋਂ ਪੱਲਾ ਛੁਡਾਈਏ,
ਜ਼ਿੰਦਾਦਿਲ ਰਹੀਏ, ਐਵੇਂ ਈ ਨਾ ਡਰੀਏ।
* * *
ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਤਰਕ ਤੇ ਤਲਵਾਰ ਆਹਮੋ ਸਾਹਮਣੇ,
ਫੁੱਲਾਂ ਦੇ ਨਾਲ ਖਾਰ ਆਹਮੋ ਸਾਹਮਣੇ।
ਦੁਸ਼ਮਣਾਂ ਕੋਈ ਐਸੀ ਗੱਲ ਚਲਾਈ ਹੈ,
ਯਾਰਾਂ ਦੇ ਫਿਰ ਯਾਰ ਆਹਮੋ ਸਾਹਮਣੇ।
ਸ਼ਹਿਰ ਦੇ ਕੱਖਾਂ ’ਚ ਅਗਨੀ ਧੁਖ਼ ਰਹੀ,
ਈਰਖਾ ਤੇ ਪਿਆਰ ਆਹਮੋ ਸਾਹਮਣੇ।
ਬਾਪ ਦੇ ਮਰਨੇ ਦੀ ਹੀ ਜਿਵੇਂ ਦੇਰ ਸੀ,
ਸਾਰਾ ਹੀ ਪਰਿਵਾਰ ਆਹਮੋ ਸਾਹਮਣੇ।
ਨਾਲੀਆਂ ਵਿੱਚ ਲੋਕ ਡਿੱਗਦੇ ਫਿਰਦੇ ਨੇ,
ਵੋਟਾਂ ਤੇ ਸਰਕਾਰ ਆਹਮੋ ਸਾਹਮਣੇ।
ਪਲਟ ਸਕਦਾ ਰੈਫ਼ਰੀ ਵੀ ਜ਼ਿੰਦਗੀ,
ਜਿੱਤ ਹੋਵੇ ਜਾਂ ਹਾਰ ਆਹਮੋ ਸਾਹਮਣੇ।
ਸਿਰਫ਼ ਲੂਤੀ ਦਾ ਕ੍ਰਿਸ਼ਮਾ ਹੈ ਸਾਰਾ,
ਹਾਰ ਜਿੱਤ ਲਲਕਾਰ ਆਹਮੋ ਸਾਹਮਣੇ।
ਕੁਰਸੀਆਂ ਵਿੱਚ ਦੌਲਤਾਂ ਅਤੇ ਸ਼ੁਹਰਤਾਂ,
ਭਿੜ ਗਏ ਸਰਕਾਰ ਆਹਮੋ ਸਾਹਮਣੇ।
ਝੂਠ ਲੋਕਾਂ ਵਿੱਚ ਫੈਲਾਇਆ ਜਾ ਰਿਹਾ,
ਚੋਰ ਤੇ ਪਹਿਰੇਦਾਰ ਆਹਮੋ ਸਾਹਮਣੇ।
ਖਿੜਦੀਆਂ ਕਲੀਆਂ ਦਾ ਝੁਰਮਟ ਕੀ ਕਹਾਂ,
ਮਾਲੀ ਤੇ ਗੁਲਜ਼ਾਰ ਆਹਮੋ ਸਾਹਮਣੇ।
ਬੇੜੀਆਂ ਦੇ ਠਿੱਲ੍ਹਣ ਦੀ ਬਸ ਦੇਰ ਸੀ,
ਨੀਰ ਤੇ ਪਤਵਾਰ ਆਹਮੋ ਸਾਹਮਣੇ।
ਡੁੱਬ ਰਹੇ ਸੂਰਜ ਦੀ ਏਨੀ ਦਾਸਤਾਂ,
ਯਾਦ ਤੇ ਇਕਰਾਰ ਆਹਮੋ ਸਾਹਮਣੇ।
ਦੋ ਘੜੀ ਦਾ ਰੁੱਸਣਾ ਵੀ ਕੀ ਰੁੱਸਣਾ,
ਅੱਖਾਂ ਵਿੱਚ ਇਨਕਾਰ ਆਹਮੋ ਸਾਹਮਣੇ।
ਜਦ ਜ਼ਰੂਰਤ ਰਿਸ਼ਤਿਆਂ ਵਿੱਚ ਆ ਪਈ,
ਕਰ ਲਈ ਦੀਵਾਰ ਆਹਮੋ ਸਾਹਮਣੇ।
ਰਾਜਨੀਤੀ ਕੀ ਨਹੀਂ ਕਰਵਾ ਦਿੰਦੀ,
ਦੋ ਧਿਰਾਂ ਵਿਚਕਾਰ ਆਹਮੋ ਸਾਹਮਣੇ।
ਸਿਰਫ਼ ਅਪਣੀ ਹੋਂਦ ਦਾ ਹੰਕਾਰ ਹੈ,
ਤੀਰ ਤੇ ਤਲਵਾਰ ਆਹਮੋ ਸਾਹਮਣੇ।
‘ਬਾਲਮਾ’ ਤੇਰੀ ਗ਼ਜ਼ਲ ਦਾ ਜਾਦੂ ਹੈ,
ਹੋ ਗਿਆ ਦੀਦਾਰ ਆਹਮੋ ਸਾਹਮਣੇ।
ਸੰਪਰਕ: 98156-25409
* * *
ਸੱਜਣਾ
ਮਦਨ ਬੰਗੜ
ਸੁਪਨੇ ਦੇ ਵਿੱਚ ਆਵੀਂ ਸੱਜਣਾ,
ਰੂਹ ਮੇਰੀ ਨਸ਼ਿਆਵੀਂ ਸੱਜਣਾ।
ਹੋਰ ਤੇ ਕੁਝ ਨਾ ਚਾਹਵਾਂ ਤੈਥੋਂ,
ਸਾਹ ਵਿੱਚ ਆਣ ਸਮਾਵੀਂ ਸੱਜਣਾ।
ਕੀਤੇ ਲੱਖਾਂ ਵਾਅਦੇ ਸਨ ਤੂੰ,
ਕੋਈ ਤਾਂ ਕਦੇ ਪੁਗਾਵੀਂ ਸੱਜਣਾ।
ਚੰਨ ਕਿਹਾ ਸੀ ਅਸਾਂ ਤਾਂ ਤੈਨੂੰ,
ਮੁਖੜਾ ਕਦੇ ਵਿਖਾਵੀਂ ਸੱਜਣਾ।
ਰੂਹ ਮੇਰੀ ਵਿੱਚ ਤੁੂੰ ਹੀ ਵੱਸਦੈਂ,
ਧੜਕਣ ਵੀ ਧੜਕਾਵੀਂ ਸੱਜਣਾ।
ਭੁੱਲ ਗਿਓਂ ਤੂੰ ਸਾਨੂੰ ਲਗਦੈ,
ਕਿੰਜ ਭੁੱਲੀਏ ਸਮਝਾਵੀਂ ਸੱਜਣਾ।
ਜਿੰਦ ਸਾਡੀ ਮੱਸਿਆ ਜਿਹੀ ਜਾਪੇ,
ਇੱਕ ਵੇਰੀ ਰੁਸ਼ਨਾਵੀਂ ਸੱਜਣਾ।
ਜਿੰਦ ਤੂਫ਼ਾਨਾਂ ਨੇ ਹੈ ਘੇਰੀ,
ਤੂੰ ਹੀ ਪਾਰ ਲੰਘਾਵੀਂ ਸੱਜਣਾ।
‘ਬੰਗੜ’ ਦੀ ਉੱਜੜੀ ਦੁਨੀਆ ਨੂੰ,
ਕਦੇ ਤਾਂ ਆਣ ਵਸਾਵੀਂ ਸੱਜਣਾ।
ਸੰਪਰਕ: 95015-75511

