ਰਣਜੀਤ ਸਿੰਘ ਨੂਰਪੁਰਾ
ਰਾਜਾ, ਲਾਡੀ ਤੇ ਜੱਸਾ ਦਾਦੀ ਮਾਂ ਨਾਲ ਮੱਖੀਆਂ ਵਾਂਗ ਚਿੰਬੜੇ ਬੈਠੇ ਸਨ। ਉਹ ਕੋਈ ਕਹਾਣੀ ਸੁਣਾਉਣ ਲਈ ਆਖ ਰਹੇ ਸਨ। ਟਾਲ-ਮਟੋਲ ਕਰਦੀ ਦਾਦੀ ਮਾਂ ਨੇ ਬਥੇਰਾ ਆਖਿਆ, ‘ਅੱਜ ਮੇਰੀ ਤਬੀਅਤ ਠੀਕ ਨ੍ਹੀਂ…ਕੱਲ੍ਹ ਨੂੰ ਕੋਈ ਕਹਾਣੀ ਜ਼ਰੂਰ ਸੁਣਾਵਾਂਗੀ।’ ਪਰ ਬੱਚੇ ਤਾਂ ਉਸ ਦਾ ਖਹਿੜਾ ਛੱਡ ਹੀ ਨਹੀਂ ਸਨ ਰਹੇ। ‘ਵੱਡੀ ਮੰਮੀ, ਸਾਨੂੰ ਨ੍ਹੀਂ ਪਤਾ, ਭਾਵੇਂ ਕੋਈ ਨਿੱਕੀ ਜਿਹੀ ਕਹਾਣੀ ਸੁਣਾ ਦੇ, ਪਰ ਅਸੀਂ ਸੁਣਨੀ ਜ਼ਰੂਰ ਆ।’
ਆਖ਼ਰ ਬੱਚਿਆਂ ਨੇ ਦਾਦੀ ਮਾਂ ਨੂੰ ਰਾਜ਼ੀ ਕਰ ਹੀ ਲਿਆ। ਜੱਸਾ ਤੇ ਰਾਜਾ ਦਾਦੀ ਮਾਂ ਮੂਹਰੇ ਚੌਂਕੜੀਆਂ ਮਾਰ ਬੈਠ ਗਏ ਜਦੋਂਕਿ ਲਾਡੀ ਦਾਦੀ ਦੀ ਬੁੱਕਲ ’ਚ ਵੜ ਗਿਆ। ਦਾਦੀ ਮਾਂ ਨੇ ਕੁਝ ਚਿਰ ਬਾਅਦ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ।
‘ਬੱਚਿਓ, ਇਕ ਕਿਸਾਨ ਦੇ ਕੱਚੇ ਕੋਠੇ ਦੀ ਛੱਤ ਵਾਲੀ ਲਟੈਣ ’ਤੇ ਚਿੜਾ-ਚਿੜੀ ਨੇ ਆਲ੍ਹਣਾ ਪਾਇਆ ਤੇ ਫਿਰ ਉਸ ’ਚ ਆਂਡੇ ਦੇ ਬੱਚੇ ਕੱਢ ਲਏ।’
‘ਕਿੰਨੇ ਬੱਚੇ ਸੀ ਦਾਦੀ ਅੰਮਾ?’ ਬੱਚਿਆਂ ਨੇ ਜਾਣਨਾ ਚਾਹਿਆ।
‘ਬੱਚੇ ਸੀ ਪੁੱਤਰੋ ਤਿੰਨ। ਬੱਚੇ ਬਹੁਤ ਸੋਹਣੇ ਹੋਣ ਕਾਰਨ ਚਿੜੀ ਉਨ੍ਹਾਂ ਦਾ ਭੋਰਾ ਵਿਸਾਹ ਨ੍ਹੀਂ ਸੀ ਕਰਦੀ।’
‘ਵਿਸਾਹ ਕੀ ਹੁੰਦਾ ਅੰਮਾ?’ ਰਾਜੇ ਨੇ ਜਾਣਨਾ ਚਾਹਿਆ।
‘ਵਿਸਾਹ ਦਾ ਮਤਲਬ ਚਿੜਾ-ਚਿੜੀ ਉਨ੍ਹਾਂ ਨੂੰ ’ਕੱਲਿਆਂ ਨ੍ਹੀਂ ਸੀ ਛੱਡਦੇ। ਜੇ ਚਿੜੀ ਬੱਚਿਆਂ ਲਈ ਚੋਗਾ ਲੈਣ ਜਾਂਦੀ ਤਾਂ ਚਿੜਾ ਬੱਚਿਆਂ ਦੇ ਕੋਲ ਰਹਿੰਦਾ। ਦਿਨਾਂ ’ਚ ਈ ਬੱਚਿਆਂ ਦੇ ਖੰਭ ਨਿਕਲ ਆਏ। ਬੱਚਿਓ, ਇਨ੍ਹਾਂ ਚਿੜੀ ਦੇ ਬੱਚਿਆਂ ’ਚੋਂ ਇਕ ਬੱਚਾ ਸ਼ਰਾਰਤਾਂ ਕਰਨੋਂ ਨਹੀਂ ਸੀ ਹਟਦਾ। ਕਦੇ ਉਹ ਆਲ੍ਹਣੇ ’ਚੋਂ ਹੇਠਾਂ ਆਉਣ ਦੀ ਕੋਸ਼ਿਸ਼ ਕਰਦਾ ਤੇ ਕਈ ਵਾਰ ਲਾਗਲੇ ਬਾਲਿਆਂ ਦੀਆਂ ਵਿਰਲਾਂ ’ਚ ਜਾ ਲੁਕਦਾ। ਜਦੋਂ ਚਿੜਾ-ਚਿੜੀ ਨੂੰ ਉਹ ਨਾ ਦਿਸਦਾ ਤਾਂ ਉਹ ਪ੍ਰੇਸ਼ਾਨ ਹੋ ਜਾਂਦੇ। ਉਹਨੂੰ ਹਾਕਾਂ ਮਾਰ-ਮਾਰ ਲੱਭਦੇ, ਪਰ ਉਹ ਚੁੱਪ-ਚਾਪ ਲੁਕਿਆ ਬੈਠਾ ਰਹਿੰਦਾ। ਚਿੜਾ-ਚਿੜੀ ਵੱਲੋਂ ਵਾਰ-ਵਾਰ ਸਮਝਾਉਣ ਦੇ ਬਾਵਜੂਦ ਉਹ ਆਖੇ ਨਾ ਲੱਗਦਾ।’
‘ਦਾਦੀ ਅੰਮਾ, ਉਹ ਐਨੀਆਂ ਸ਼ਰਾਰਤਾਂ ਕਿਉਂ ਕਰਦਾ ਰਹਿੰਦਾ ਸੀ।’ ਜੱਸੇ ਨੇ ਹੈਰਾਨ ਹੁੰਦਿਆਂ ਦਾਦੀ ਨੂੰ ਸੁਆਲ ਕੀਤਾ।
‘ਮੇਰੇ ਆਲਿਓ-ਭੋਲਿਓ…ਜਦੋਂ ਮਾਂ-ਬਾਪ ਬੱਚੇ ਨੂੰ ਬਿਨਾਂ ਕਿਸੇ ਗੱਲ ਤੋਂ ਲਾਡ ਲਡਾਉਣ ਲੱਗ ਜਾਣ ਤਾਂ ਬੱਚੇ ਵਿਗੜ ਜਾਂਦੇ ਨੇ ਤੇ ਆਪਣੀ ਜ਼ਿੱਦ ਪੁਗਾਉਣ ਲੱਗ ਜਾਂਦੇ ਨੇ…ਫੇਰ ਉਹ ਕਿਸੇ ਦਾ ਆਖਿਆ ਵੀ ਨ੍ਹੀਂ ਮੰਨਦੇ।’ ਸੁਆਲ ਦਾ ਜਵਾਬ ਦੇ ਦਾਦੀ ਮਾਂ ਨੇ ਕਹਾਣੀ ਅੱਗੇ ਤੋਰੀ,‘ਦੂਜੇ ਦੋਵਾਂ ਬੱਚਿਆਂ ਦੀਆਂ ਆਦਤਾਂ ਚੰਗੀਆਂ ਸਨ। ਉਹ ਚਿੜਾ-ਚਿੜੀ ਵੱਲੋਂ ਸਮਝਾਈਆਂ ਜਾਂਦੀਆਂ ਗੱਲਾਂ ਧਿਆਨ ਨਾਲ ਸੁਣ ਉਨ੍ਹਾਂ ’ਤੇ ਅਮਲ ਵੀ ਕਰਦੇ ਸਨ। ਪਤਾ ਨ੍ਹੀਂ ਉਨ੍ਹਾਂ ਨੂੰ ਇਹ ਸੋਝੀ ਕਿਵੇਂ ਆ ਗਈ ਸੀ ਕਿ ਮਾਂ-ਬਾਪ ਬੱਚਿਆਂ ਲਈ ਮਾੜਾ ਨ੍ਹੀਂ ਸੋਚਦੇ ਹੁੰਦੇ। ਚਿੜਾ-ਚਿੜੀ ਉਨ੍ਹਾਂ ਲਈ ਜੋ ਵੀ ਚੋਗਾ ਲਿਆਉਂਦੇ-ਉਹ ਬਿਨਾਂ ਨੱਕ-ਬੁੱਲ੍ਹ ਮਾਰਨ ਤੋਂ ਖਾਂਦੇ ਜਦੋਂਕਿ ਜ਼ਿੱਦ ਪੁਗਾਉਣ ਵਾਲਾ ਬੱਚਾ ਤਰ੍ਹਾਂ-ਤਰ੍ਹਾਂ ਦੀਆਂ ਫਰਮਾਇਸ਼ਾਂ ਕਰਦਾ। ਜਦੋਂ ਚਿੜਾ-ਚਿੜੀ ਨੂੰ ਉਹਦੀ ਇੱਛਾ ਵਾਲਾ ਚੋਗਾ ਨਾ ਮਿਲਦਾ ਤਾਂ ਉਹ ਉਨ੍ਹਾਂ ਨਾਲ ਰੁੱਸ ਚੋਗਾ ਨਾ ਲੈਂਦਾ। ਦੂਜੇ ਬੱਚਿਆਂ ਵੱਲੋਂ ਸਮਝਾਉਣ ’ਤੇ ਵੀ ਉਹ ਆਪਣੀ ਜ਼ਿੱਦ ਨਾ ਛੱਡਦਾ। ਉਹ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਤੇ ਭਰਾਵਾਂ ਨੂੰ ਝੁੱਡੂ ਆਖਦਾ। ਵਾਰ-ਵਾਰ ਸਮਝਾਉਣ ਦੇ ਬਾਵਜੂਦ ਉਸ ਦੀਆਂ ਆਦਤਾਂ ’ਚ ਫ਼ਰਕ ਨਾ ਆਉਂਦਾ।’
‘ਫਿਰ ਕੀ ਹੋਇਆ ਦਾਦੀ ਅੰਮਾ।’ ਉਸ ਬੱਚੇ ਬਾਰੇ ਅੱਗੇ ਜਾਣਨ ਲਈ ਬੱਚਿਆਂ ਨੇ ਦਾਦੀ ਅੰਮਾਂ ਦੇ ਚਿਹਰੇ ’ਤੇ ਨਜ਼ਰਾਂ ਟਿਕਾਅ ਲਈਆਂ।
‘ਦੱਸਦੀ ਆਂ, ਦੱਸਦੀ ਆਂ।’ ਆਪਣੇ ਮੂੰਹ ’ਤੇ ਚੁੰਨੀ ਫੇਰਦੀ ਦਾਦੀ ਅੰਮਾ ਅੱਗੇ ਬੋਲੀ, ‘ਇਕ ਵਾਰ ਇੰਜ ਹੋਇਆ ਕਿ ਉਹ ਬੱਚਾ ਆਲ੍ਹਣੇ ’ਚੋਂ ਬਾਹਰ ਨਿਕਲ ਉਡਾਰੀਆਂ ਲਾਉਣ ਦੀ ਜ਼ਿੱਦ ਫੜਕੇ ਬੈਠ ਗਿਆ। ਉਹ ਆਖਣ ਲੱਗਾ ਕਿ ਮੈਂ ਬਾਹਰ ਜਾ ਕੇ ਉੱਡ ਵੀ ਸਕਦਾਂ ਤੇ ਚੋਗਾ ਵੀ ਲੱਭ ਸਕਦਾਂ।’ ਬੱਚੇ ਦੀਆਂ ਇਹ ਗੱਲਾਂ ਸੁਣ ਚਿੜਾ-ਚਿੜੀ ਸੁੰਨ ਹੋ ਗਏ।’
‘ਚਿੜਾ ਤੇ ਚਿੜੀ ਸੁੰਨ ਕਿਉਂ ਹੋ ਗਏ ਦਾਦੀ?’ ਉਸ ਬੱਚੇ ਬਾਰੇ ਇਹ ਗੱਲਾਂ ਸੁਣ ਬੱਚਿਆਂ ਅੰਦਰ ਹੈਰਾਨੀ ਵਧ ਗਈ।
‘ਸੁੰਨ ਉਹ ਤਾਂ ਹੋਏ ਬਈ ਅਸੀਂ ਏਹਨੂੰ ਉੱਡਣ ਬਾਰੇ ਤਾਂ ਹਾਲੇ ਜਾਣਕਾਰੀ ਦਿੱਤੀ ਈ ਨ੍ਹੀਂ…ਤੇ ਨਾ ਹੀ ਹਾਲੇ ਉਹ ਉੱਡਣ ਦੇ ਯੋਗ ਸੀ। ਚਿੜਾ ਤੇ ਚਿੜੀ ਉਸ ਬੱਚੇ ਨੂੰ ਪਿਆਰ ਨਾਲ ਸਮਝਾਉਂਦੇ ਰਹੇ, ਪਰ ਉਹ ਤਾਂ ਸਿਰ ਮਾਰੀ ਜਾ ਰਿਹਾ ਸੀ। ਚਿੜਾ ਤੇ ਚਿੜੀ ਦੀਆਂ ਤਰੇਲੀਆਂ ਛੁੱਟ ਆਈਆਂ ਤੇ ਉਹ ਡਰ ਵੀ ਗਏ। ਉਨ੍ਹਾਂ ਫੇਰ ਉਹਨੂੰ ਸਮਝਾਇਆ ਕਿ ਤੇਰੇ ਖੰਭ ਹਾਲੇ ਬਹੁਤ ਛੋਟੇ ਨੇ ਤੇ ਉਹ ਛੋਟੀ ਜਿੰਨੀ ਉਡਾਰੀ ਭਰਨ ਦੇ ਵੀ ਯੋਗ ਨ੍ਹੀਂ। ਬੱਚਿਓ, ਚਿੜਾ-ਚਿੜੀ ਨੇ ਸਮਝਾਉਣ ਦੇ ਨਾਲ-ਨਾਲ ਉਹਨੂੰ ਡਰਾਇਆ ਵੀ ਕਿ ਬਾਹਰਲੇ ਮਾਹੌਲ ਬਾਰੇ ਤੈਨੂੰ ਭੋਰਾ ਵੀ ਜਾਣਕਾਰੀ ਨ੍ਹੀਂ ਤੇ ਜੇ ਤੈਨੂੰ ਕਾਂ ਨੇ ਵੇਖ ਲਿਆ ਤਾਂ ਉਹਨੇ ਝੱਟ ਤੈਨੂੰ ਧੌਣ ਤੋਂ ਫੜਕੇ ਲੈ ਜਾਣਾ। ਜਦੋਂ ਤੁਸੀਂ ਸਾਡੇ ਪਿੱਛੇ ਬਾਹਰ ਨਿਕਲੋਗੇ ਤਾਂ ਅਸੀਂ ਥੋਨੂੰ ਉੱਡਣਾ ਵੀ ਸਿਖਾਉਂਦੇ ਰਹਾਂਗੇ ਤੇ ਚੋਗਾ ਵੀ ਦਿੰਦੇ ਰਹਾਂਗੇ।’
‘ਦਾਦੀ ਮਾਂ, ਫੇਰ ਤਾਂ ਉਹ ਬੱਚਾ ਡਰਿਆ ਈ ਹੋਊ।’ ਬੱਚਿਆਂ ਨੇ ਆਪਣੇ ਮਾਂ-ਬਾਪ ਨੂੰ ਯਾਦ ਕੀਤਾ ਜਿਹੜੇ ਮਾੜੇ ਕੰਮਾਂ ਤੋਂ ਮੋੜਨ ਲਈ ਕਈ ਵਾਰ ਉਨ੍ਹਾਂ ਨੂੰ ਡਰਾਉਂਦੇ ਸਨ ਜਿਸ ਸਦਕਾ ਉਹ ਮਾੜੇ ਪਾਸੇ ਵੱਲ ਨਹੀਂ ਸਨ ਜਾਂਦੇ।
‘ਸੁਣੋ ਤਾਂ ਸਈ ਨਿੱਕੜਿਓ, ਉਸ ਹਿੰਡੀ ਤੇ ਬੇਪ੍ਰਵਾਹ ਬੱਚੇ ਨੇ ਚਿੜਾ-ਚਿੜੀ ਦੀਆਂ ਗੱਲਾਂ ਮਜ਼ਾਕ ਹੀ ਸਮਝੀਆਂ। ਦੁਪਹਿਰ ਢਲਣ ਮਗਰੋਂ ਜਦੋਂ ਚਿੜੀ ਚੋਗਾ ਲੈਣ ਲਈ ਖੇਤਾਂ ਵੱਲ ਗਈ ਹੋਈ ਸੀ ਤੇ ਚਿੜਾ ਵੀ ਅਵੇਸਲਾ ਜਿਹਾ ਬੈਠਾ ਸੀ ਤਾਂ ਉਹ ਬੱਚਾ ਭੰਬੀਰੀ ਵਾਂਗ ਘੁੰਮਦਾ ਆਲ੍ਹਣੇ ’ਚੋਂ ਬਾਹਰ ਵੱਲ ਨਿਕਲ ਗਿਆ।’
‘ਫਿਰ ਦਾਦੀ ਮਾਂ, ਕੀ ਉਹ ਚਿੜੀ ਮਗਰ ਚਲਿਆ ਗਿਆ?’ ਬੱਚੇ, ਚਿੜੀ ਦੇ ਉਸ ਬੱਚੇ ਦੀ ਅਗਲੀ ਗੱਲ ਸੁਣਨ ਲਈ ਕਾਹਲੇ ਪੈ ਰਹੇ ਸਨ।
‘ਉਹਨੂੰ ਕਿੱਥੇ ਪਤਾ ਸੀ ਬਈ ਚਿੜੀ ਕਿੱਧਰ ਗਈ ਹੋਈ ਆ…ਉਹ ਹਵਾ ’ਚ ਖੜ੍ਹਾ ਈ ਖੰਭ ਮਾਰੀ ਜਾ ਰਿਹਾ ਸੀ ਜਿਵੇਂ ਤੁਸੀਂ ਆਪਣੇ ਟਰੈਕਟਰ-ਖਿਡਾਉਣੇ ਨੂੰ ਚਾਬੀ ਦੇ ਕੇ ਛੱਡਦੇ ਹੁੰਦੇ ਓ ਤੇ ਉਹ ਉੱਥੇ ਈ ਘੁੰਮਦਾ ਰਹਿੰਦੈ। ਫਿਰ ਉਹ ਬੱਚਾ ਘਰ ਦੇ ਵਿਹੜੇ ’ਚ ਖੜ੍ਹੀ ਨਿੰਮ ਦੀਆਂ ਟਹਿਣੀਆਂ ’ਚ ਫਸ ਗਿਆ। ਬਸ, ਐਨਾ-ਕੁ ਉੱਡਣ ਨਾਲ ਈ ਉਹ ਸਾਹੋ-ਸਾਹ ਹੋ ਗਿਆ। ਬੱਚਿਓ, ਉਸੇ ਨਿੰਮ ਉੱਪਰ ਇਕ ਕਾਂ ਬੈਠਾ ਸੀ ਤੇ ਜਦੋਂ ਉਸ ਦੀ ਨਜ਼ਰ ਉਸ ਬੱਚੇ ’ਤੇ ਪਈ ਤਾਂ ਉਹ ਝਪਟ ਮਾਰ ਉਸ ਨੂੰ ਗਲ ਤੋਂ ਫੜ ਕੇ ਲੈ ਗਿਆ।’
ਕਹਾਣੀ ਸੁਣ ਤਿੰਨਾਂ ਬੱਚਿਆਂ ਦੇ ਚਿਹਰਿਆਂ ਉੱਪਰ ਉਦਾਸੀ ਛਾ ਗਈ। ਉਨ੍ਹਾਂ ਦੇ ਮਨਾਂ ਅੰਦਰ ਚਿੜੀ ਦੇ ਉਸ ਬੱਚੇ ਬਾਰੇ ਤਰਸ ਬਣ ਚੁੱਕਿਆ ਸੀ ਜਦੋਂਕਿ ਕਾਂ ਵਿਰੁੱਧ ਨਫ਼ਰਤ। ਪਰ ਜਦੋਂ ਦਾਦੀ-ਮਾਂ ਨੇ ਬੱਚਿਆਂ ਦੇ ਚਿਹਰਿਆਂ ਉੱਪਰਲੀ ਉਦਾਸੀ ਭਾਂਪ ਇਹ ਗੱਲ ਦੁਬਾਰਾ ਆਖੀ ਕਿ ਜੇ ਉਹ ਬੱਚਾ ਆਪਣੇ ਮਾਪਿਆਂ ਦਾ ਆਖਾ ਮੰਨ ਦੂਜੇ ਬੱਚਿਆਂ ਵਾਂਗ ਆਲ੍ਹਣੇ ’ਚ ਈ ਰਹਿੰਦਾ ਤਾਂ ਕੀ ਉਸ ਨਾਲ ਏਹ ਦੁੱਖ ਵਾਲੀ ਗੱਲ ਵਾਪਰਦੀ? ਬੱਚਿਆਂ ਨੇ ਮਾਂ-ਬਾਪ ਕੋਲੋਂ ਸਿੱਖਿਅਤ ਹੋ ਕੇ ਈ ਉਨ੍ਹਾਂ ਰਾਹਾਂ ’ਤੇ ਜਾਣਾ ਹੁੰਦਾ-ਜਿਹੜੇ ਉਨ੍ਹਾਂ ਕਦੇ ਵੇਖੇ ਵੀ ਨਹੀਂ ਹੁੰਦੇ। ਮਾਂ-ਬਾਪ ਕੋਲ ਜ਼ਿੰਦਗੀ ਜਿਉਣ ਦਾ ਤਜਰਬਾ ਹੁੰਦੈ-ਜਿਸ ਬਾਰੇ ਸਾਨੂੰ ਉਹ ਸਮੇਂ-ਸਮੇਂ ਸਿਰ ਦੱਸਦੇ ਵੀ ਰਹਿੰਦੇ ਆ, ਪਰ ਜੇ ਬੱਚੇ ਬਿਨਾਂ ਕੁਝ ਜਾਣਿਆਂ, ਮਨ-ਮਾਨੀਆਂ ਕਰਨ ਲੱਗ ਜਾਣ ਤਾਂ ਉਨ੍ਹਾਂ ਦਾ ਹਾਲ ਚਿੜੀ ਦੇ ਏਸ ਬੱਚੇ ਵਰਗਾ ਈ ਬਣੇਗਾ।
ਦਾਦੀ ਮਾਂ ਚੁੱਪ ਕਰ ਗਈ। ਤਦ ਬੱਚੇ ਇਕਸੁਰ ’ਚ ਬੋਲੇ,‘ਚਿੜੀ ਦੇ ਏਸ ਬੱਚੇ ਆਲ਼ਾ ਹਾਲ ਉਨ੍ਹਾਂ ਦਾ ਈ ਹੋਊਗਾ-ਜਿਹੜੇ ਆਪਣੀਆਂ ਗੱਲਾਂ ਮੰਨਵਾਉਣ ਲਈ ਜ਼ਿੱਦ ਕਰਨਗੇ। ਅਸੀਂ ਤਾਂ ਉਹੀ ਕੁਝ ਕਰਦੇ ਆਂ ਜੋ ਕਰਨ ਲਈ ਮੰਮੀ-ਪਾਪਾ ਆਖਿਆ ਕਰਦੇ ਨੇ।’
‘ਸ਼ਾਬਾਸ਼ ਬੱਚਿਓ ਸ਼ਾਬਾਸ਼!..ਤੁਸੀਂ ਜ਼ਿੰਦਗੀ ’ਚ ਕਦੇ ਵੀ ਧੋਖਾ ਨ੍ਹੀਂ ਖਾਓਗੇ।’ ਕਹਾਣੀ ਸੁਣਾ ਦਾਦੀ ਮਾਂ ਬੱਚਿਆਂ ਨਾਲ ਹੀ ਪੈ ਗਈ।
ਸੰਪਰਕ: 99887-09052