ਉਹ ਦਰਿੰਦਾ ਨਹੀਂ ਸੀ
ਓਮਪਾਲ ਸਾਡੇ ਪਰਿਵਾਰ ਦਾ ਅਨਿੱਖੜਵਾਂ ਹਿੱਸਾ ਸੀ। ਮੈਂ ਜਦੋਂ ਤੋਂ ਹੋਸ਼ ਸੰਭਾਲਿਆ, ਆਪਣੇ ਘਰ ਦੇ ਹਰ ਕੰਮ ਵਿੱਚ ਉਸ ਦੀ ਦਖ਼ਲਅੰਦਾਜ਼ੀ ਨੂੰ ਮਹਿਸੂਸ ਕਰਨ ਲੱਗ ਪਿਆ ਸੀ। ਉਹ ਮੇਰੇ ਪਿਤਾ ਜੀ ਨੂੰ ਚਾਚਾ ਤੇ ਮੰਮੀ ਨੂੰ ਬੀਬੀ ਕਹਿੰਦਾ ਸੀ। ਦੂਜੇ ਪਾਸੇ ਅਸੀਂ ਸਾਰੇ ਬੱਚੇ ਉਸ ਨੂੰ ਚਾਚਾ ਕਹਿੰਦੇ ਸਾਂ, ਜਿਸ ਕਰਕੇ ਉਹ ਅਕਸਰ ਚਿੜ੍ਹ ਜਾਂਦਾ ਤੇ ਸਾਨੂੰ ਉਸ ਨੂੰ ਭਾਈ ਸਾਹਿਬ ਜਾਂ ਭਈਆ ਸੰਬੋਧਨ ਕਰਨ ਲਈ ਕਹਿੰਦਾ ਸੀ।
ਪਾਕਿਸਤਾਨ ਤੋਂ ਉੱਜੜ ਕੇ ਮੇਰੇ ਦਾਦਾ ਜੀ ਅਤੇ ਪਿਤਾ ਜੀ ਕਈ ਥਾਈਂ ਭਟਕਦੇ ਹੋਏ ਆਖ਼ਰਕਾਰ ਦਿੱਲੀ ਦੀ ਇੱਕ ਬੇਤਰਤੀਬ ਵਸੀ ਕਾਲੋਨੀ ਬਲਜੀਤ ਨਗਰ ਆ ਟਿਕੇ ਸਨ। ਉੱਥੇ ਹੀ ਨਾਲ ਦੇ ਘਰ ਵਾਲੇ ਗੁਆਂਢੀ ਦਇਆ ਰਾਮ ਨਾਲ ਉਨ੍ਹਾਂ ਦੀ ਅਜਿਹੀ ਦੋਸਤੀ ਕਾਇਮ ਹੋਈ, ਜਿਹੜੀ ਉਸ ਦੀ ਮੌਤ ਤੱਕ ਨਿਭਦੀ ਰਹੀ। ਓਮਪਾਲ ਓਸੇ ਦਾ ਜਵਾਈ ਸੀ, ਜੋ ਉਮਰ ਵਿੱਚ ਮੇਰੇ ਤੋਂ 15-16 ਸਾਲ ਵੱਡਾ ਸੀ। ਉਹ ਮੂਲ ਰੂਪ ਵਿੱਚ ਮੇਰਠ ਦੇ ਕਿਸੇ ਪਿੰਡ ਤੋਂ ਸੀ, ਜਿਸ ਦੀ ਮਾਂ ਦੀ ਮੌਤ ਤੋਂ ਬਾਅਦ ਪਿਤਾ ਨੇ ਦੂਜਾ ਵਿਆਹ ਕਰ ਲਿਆ ਸੀ। ਬੇਹੱਦ ਗੁਸੈਲ ਸੁਭਾਅ ਦੇ ਓਮਪਾਲ ਦੀ ਜਦੋਂ ਦੂਜੀ ਮਾਂ ਨਾਲ ਨਹੀਂ ਬਣੀ ਤਾਂ ਉਹ ਪਿਉ ਨਾਲ ਲੜ ਝਗੜ ਕੇ ਦਿੱਲੀ ਭੱਜ ਆਇਆ ਤੇ ਇੱਥੇ ਦਾ ਹੀ ਹੋ ਕੇ ਰਹਿ ਗਿਆ।
ਐਮਰਜੈਂਸੀ ਦੇ ਦੌਰ 1976 ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸੜਕ ਚੌੜੀ ਕਰਨ ਦੇ ਨਾਂ ’ਤੇ ਬਲਜੀਤ ਨਗਰ ਦੇ ਕੁਝ ਹਿੱਸੇ ਨੂੰ ਢਾਹੁਣ ਦੇ ਹੁਕਮ ਜਾਰੀ ਕਰ ਦਿੱਤੇ ਗਏ। ਇਨ੍ਹਾਂ ਹੁਕਮਾਂ ਦੀ ਜ਼ਦ ਵਿੱਚ ਕੋਨੇ ਵਾਲਾ ਹੋਣ ਕਾਰਨ ਪਹਿਲਾ ਮਕਾਨ ਦੁਕਾਨ ਸਾਡਾ ਆਇਆ ਤੇ ਦੂਜਾ ਦਇਆ ਰਾਮ ਦਾ। ਇਸਦੇ ਬਦਲੇ ਸਾਨੂੰ 25-25 ਗਜ਼ ਦੇ ਪਲਾਟ ਅਲਾਟ ਕਰ ਦਿੱਤੇ ਗਏ। ਦਇਆ ਰਾਮ ਨੇ ਓਮਪਾਲ ਨੂੰ ਆਪਣਾ ਕਿਰਾਏਦਾਰ ਦਰਸਾ ਕੇ ਉਸ ਨੂੰ ਵੀ ਨਾਲ ਲਗਦਾ 25 ਗਜ਼ ਦਾ ਪਲਾਟ ਅਲਾਟ ਕਰਵਾ ਦਿੱਤਾ। ਇਸ ਤਰ੍ਹਾਂ ਜਨਵਰੀ 1977 ’ਚ ਅਸੀਂ ਬਾਹਰੀ ਦਿੱਲੀ ਦੀ ਇੱਕ ਗੰਦੀ ਬਸਤੀ ਸੁਲਤਾਨਪੁਰੀ ਦੇ ਕ੍ਰਮਵਾਰ ਐੱਫ1, 313, 314 ਅਤੇ 315 ਨੰਬਰ ਕੁੱਕੜ ਖੁੱਡੀਆਂ ਵਰਗੇ ਮਕਾਨਾਂ ਦੇ ਵਾਸੀ ਹੋ ਗਏ। ਦੁਕਾਨ ਦੇ ਬਦਲੇ 10X10 ਦਾ ਇੱਕ ਅੱਡ ਪਲਾਟ ਸ਼ਾਪਿੰਗ ਕੰਪਲੈਕਸ ਵਿੱਚ ਮਿਲ ਗਿਆ।
ਇਸ ਕਾਲੋਨੀ ਵਿੱਚ ਆ ਕੇ ਦੋਵੇਂ ਪਰਿਵਾਰਾਂ ਦਾ ਆਪਸੀ ਸਹਿਚਾਰ ਹੋਰ ਵਧ ਗਿਆ। ਦਇਆ ਰਾਮ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਤੇ ਉਸ ਦੇ ਦੋਵੇਂ ਮੁੰਡੇ ਪਿੰਡ ਰਹਿ ਕੇ ਆਪਣੀ ਘਰ ਗ੍ਰਹਿਸਥੀ ਵਿੱਚ ਹੀ ਮਸਤ ਸਨ। ਉਹ ਆਪ ਦਿੱਲੀ ਮਿਲਕ ਸਕੀਮ ਦੀ ਗੱਡੀ ’ਤੇ ਡਰਾਈਵਰ ਸੀ, ਜਿੱਥੇ ਓਮਪਾਲ ਖਲਾਸੀ ਦਾ ਕੰਮ ਕਰਦਾ ਸੀ। ਦਇਆ ਰਾਮ ਦੀ ਇਕਲੌਤੀ ਧੀ ਸ਼ੀਲਾ ਕੋਰੀ ਅਨਪੜ੍ਹ ਸੀ। ਉਹ ਉਸ ਨੂੰ ਓਮਪਾਲ ਨਾਲ ਵਿਆਹ ਕੇ ਸੁਰਖ਼ਰੂ ਹੋ ਗਿਆ। ਸੁਲਤਾਨਪੁਰੀ ਆਉਣ ਤੋਂ ਦੋ ਕੁ ਸਾਲ ਬਾਅਦ ਹੀ ਦਇਆ ਰਾਮ ਦੀ ਮੌਤ ਹੋ ਗਈ ਤਾਂ ਉਸ ਦੇ ਮੁੰਡਿਆਂ ਨੇ ਦੂਜਾ ਮਕਾਨ ਵੀ ਓਮਪਾਲ ਦੇ ਹੀ ਹਵਾਲੇ ਕਰ ਦਿੱਤਾ। 25 ਗਜ਼ ਵਾਲੇ ਮਕਾਨਾਂ ਦੇ ਬਲਾਕ ਵਿੱਚ 50 ਗਜ਼ ਦਾ ਮਾਲਕ ਹੋ ਜਾਣ ਕਾਰਨ ਕਾਲੋਨੀ ਵਿੱਚ ਉਸ ਦੀ ਠੁੱਕ ਹੋਰ ਵਧ ਗਈ।
ਇਨ੍ਹਾਂ ਕੁਝ ਕੁ ਵਰ੍ਹਿਆਂ ’ਚ ਹੀ ਸ਼ੀਲਾ ਇੱਕ ਇੱਕ ਕਰਕੇ ਪੰਜ ਬੱਚਿਆਂ ਦੀ ਮਾਂ ਬਣ ਗਈ। ਓਮਪਾਲ ਤਾਂ ਸਾਰੀਆਂ ਬੇੜੀਆਂ ਡੋਬ ਕੇ ਆਇਆ ਹੋਇਆ ਸ਼ਖ਼ਸ ਸੀ। ਦੂਜੇ ਪਾਸੇ ਦਇਆ ਰਾਮ ਦੇ ਮਰਨ ਪਿੱਛੋਂ ਸ਼ੀਲਾ ਦਾ ਵੀ ਪੇਕਿਆਂ ਨਾਲ ਵਰਤੋਂ ਵਿਹਾਰ ਬਹੁਤ ਘਟ ਗਿਆ ਸੀ। ਸੋ ਉਸ ਦੇ ਹਰੇਕ ਜਣੇਪੇ ਵੇਲੇ ਮੇਰੇ ਮਾਤਾ ਜੀ ਨੇ ਨਾਨਕਿਆਂ ਵਰਗੇ ਫਰਜ਼ ਪੂਰੇ ਕੀਤੇ। ਇਸ ਤਰ੍ਹਾਂ ਦੋਵਾਂ ਪਰਿਵਾਰਾਂ ਦੇ ਸੰਬੰਧ ਅਜਿਹੇ ਗੂੜ੍ਹੇ ਹੋ ਗਏ ਕਿ ਬਾਕੀ ਲੋਕਾਂ ਲਈ ਹਊਆ ਮੰਨਿਆ ਜਾਣ ਵਾਲਾ ਓਮਪਾਲ ਜੇਕਰ ਚੋਰੀ-ਚੋਰੀ ਬੀੜੀ ਪੀਂਦਾ ਹੋਇਆ ਮੰਮੀ ਨੂੰ ਵੇਖ ਲੈਂਦਾ ਤਾਂ ਝੱਟ ਆਪਣੇ ਕੰਨ ਫੜ ਲੈਂਦਾ।
ਪਿਓ ਦੀ ਮੌਤ ਤੋਂ ਬਾਅਦ ਉਸ ਨੇ ਮਤਰੇਏ ਭਰਾ ਨਾਲ ਵੀ ਲੜ-ਝਗੜ ਕੇ ਪੁਸ਼ਤੈਨੀ ਜਾਇਦਾਦ ’ਚੋਂ ਹਿੱਸਾ ਵਸੂਲ ਲਿਆ। ਹੁਣ ਉਸ ਨੇ ਨੌਕਰੀ ਛੱਡ ਕੇ ਚਾਰ ਪੰਜ ਆਟੋ ਰਿਕਸ਼ਾ ਖਰੀਦ ਕੇ ਕਿਰਾਏ ’ਤੇ ਚਾੜ੍ਹ ਦਿੱਤੇ ਤੇ ਨਾਲ ਹੀ ਵਿਆਜ ’ਤੇ ਪੈਸੇ ਦੇਣ ਦਾ ਧੰਦਾ ਵੀ ਸ਼ੁਰੂ ਕਰ ਲਿਆ। ਇਸ ਧੰਦੇ ਵਿੱਚ ਉਹ ਅਕਸਰ ਲੋਕਾਂ ਕੋਲੋਂ ਕੋਈ ਨਾ ਕੋਈ ਚੀਜ਼ ਗਹਿਣੇ ਜ਼ਰੂਰ ਰੱਖਦਾ ਹੁੰਦਾ ਸੀ। ਕਲੋਨੀ ਵਿੱਚ ਨਿੱਤ ਦਿਹਾੜੇ ਲੜਾਈ ਝਗੜੇ ਹੋਣੇ ਆਮ ਹੀ ਗੱਲ ਸੀ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਉਹ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗਾ ਤਾਂ ਉਸ ਨੇ ਲਾਇਸੈਂਸੀ ਰਿਵਾਲਵਰ ਵੀ ਰੱਖ ਲਿਆ। ਇਸ ਨਾਲ ਸੁਭਾਵਿਕ ਹੀ ਉਸ ਦੇ ਤੌਰ ਤਰੀਕੇ ਵਿੱਚ ਹੰਕਾਰ ਆ ਗਿਆ ਤੇ ਉਸ ਦਾ ਅਕਸ ਇੱਕ ਦਬੰਗ ਕਿਸਮ ਦੇ ਵਿਅਕਤੀ ਵਾਲਾ ਬਣ ਗਿਆ।
ਵਕਤ ਦੇ ਚਲਦੇ ਚੱਕਰ ਨਾਲ 31 ਅਕਤੂਬਰ 1984 ਨੂੰ ਦਿੱਲੀ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਮੇਰੇ ਪਿਤਾ ਜੀ ਰੋਜ਼ੀ-ਰੋਟੀ ਲਈ ਆਟੋ ਚਲਾਉਂਦੇ ਸਨ। ਉਸ ਦਿਨ ਸ਼ਾਮ ਨੂੰ ਉਹ ਛੇਤੀ ਹੀ ਘਰ ਆ ਗਏ। ਉਨ੍ਹਾਂ ਨੇ ਸਾਨੂੰ ਇਸ ਘਟਨਾ ਬਾਰੇ ਦੱਸ ਕੇ ਏਮਸ ਦੇ ਬਾਹਰ ਸਿੱਖਾਂ ’ਤੇ ਹੋਏ ਹਮਲਿਆਂ ਬਾਰੇ ਵੀ ਦੱਸਿਆ ਤੇ ਫ਼ਿਕਰਮੰਦੀ ਦੀ ਹਾਲਤ ਵਿੱਚ ਓਮਪਾਲ ਵੱਲ ਚਲੇ ਗਏ। ਕੁਝ ਕੁ ਮਿੰਟ ਪਿੱਛੋਂ ਓਮਪਾਲ ਨੇ ਆ ਕੇ ਸਾਨੂੰ ਚੁੱਪ ਚੁਪੀਤੇ ਅੰਦਰ ਬੈਠੇ ਰਹਿਣ ਦੀ ਹਦਾਇਤ ਦਿੱਤੀ ਤੇ ਸਾਡੇ ਬੂਹੇ ਨੂੰ ਬਾਹਰੋਂ ਤਾਲਾ ਲਾ ਦਿੱਤਾ। ਨਾਲ ਹੀ ਉਸ ਨੇ ਪਿਤਾ ਜੀ ਦਾ ਆਟੋ ਰੇੜ੍ਹ ਕੇ ਆਪਣੇ ਘਰ ਅੱਗੇ ਖਲੋਤੇ ਹੋਰ ਆਟੋਜ਼ ਦੇ ਵਿਚਾਲੇ ਖੜ੍ਹਾ ਕਰ ਕੇ ਸੰਗਲ ਨਾਲ ਬੰਨ੍ਹ ਲਿਆ। ਉਹ ਰਾਤ ਤੇ ਅਗਲਾ ਦਿਨ (ਇੱਕ ਨਵੰਬਰ) ਅਸੀਂ ਸੱਤ ਜਣਿਆਂ ਨੇ ਇਸੇ ਤਰ੍ਹਾਂ ਦਹਿਸ਼ਤ ਦੇ ਸਾਏ ਹੇਠ ਕੱਟਿਆ। ਇੱਕ ਤਰੀਕ ਦੀ ਰਾਤ ਨੂੰ ਚੋਖਾ ਹਨੇਰਾ ਹੋਣ ਤੋਂ ਬਾਅਦ ਓਮਪਾਲ ਅਛੋਪਲੇ ਜਿਹੇ ਸਾਡੇ ਵੱਲ ਆਇਆ ਤੇ ਸਾਨੂੰ ਆਪਣੇ ਚੁਬਾਰੇ ਵਿੱਚ ਲੈ ਗਿਆ। ਉਸ ਦੇ ਮੱਥੇ ’ਤੇ ਪਈਆਂ ਤਿਉੜੀਆਂ ਦੱਸਦੀਆਂ ਸਨ ਕਿ ਉਹ ਸਾਡੀ ਸੁਰੱਖਿਆ ਪ੍ਰਤੀ ਬਹੁਤ ਚਿੰਤਤ ਸੀ।
ਉਸ ਸਮੇਂ ਪੂਰੀ ਕਲੋਨੀ ਵਿੱਚ ਉਸ ਦਾ ਮਕਾਨ ਇੱਕੋ ਇਕ ਅਜਿਹਾ ਘਰ ਸੀ, ਜਿਸ ਦੀ ਦੂਜੀ ਮੰਜ਼ਿਲ ’ਤੇ ਜਾਣ ਵਾਸਤੇ ਵੀ ਪੌੜੀਆਂ ਸਨ। ਸਾਨੂੰ ਦੂਜੀ ਮੰਜ਼ਿਲ ਦੀ ਛੱਤ ਉੱਤੇ ਚਾੜ੍ਹ ਕੇ ਉਸ ਨੇ ਬੜੀ ਸਖ਼ਤੀ ਨਾਲ ਤਾਕੀਦ ਕੀਤੀ ਕਿ ਕਿਸੇ ਨੇ ਵੀ ਖੜ੍ਹੇ ਹੋਣ ਦੀ ਕੋਸ਼ਿਸ਼ ਨਹੀਂ ਕਰਨੀ, ਬਨੇਰਿਆਂ ਦੇ ਨਾਲ ਚੰਬੜ ਕੇ ਬੈਠੇ ਰਹਿਣਾ ਹੈ। ਜੇਕਰ ਕਿਸੇ ਨੂੰ ਹਾਜਤ ਜਾਣ ਦੀ ਵੀ ਲੋੜ ਪੈ ਜਾਵੇ ਤਾਂ ਛੱਤ ਉੱਤੇ ਰੀਂਗ ਕੇ ਹੀ ਜਾਣਾ ਹੈ। ਇਉਂ ਇੱਕ ਨਵੰਬਰ ਦੀ ਇਹ ਕਹਿਰੀ ਰਾਤ ਸਾਨੂੰ ਖੁੱਲ੍ਹੇ ਆਸਮਾਨ ਦੇ ਸਾਏ ’ਚ ਕੱਟਣੀ ਪਈ। ਓਮਪਾਲ ਦਾ ਪਰਿਵਾਰ ਲੁਕਦਾ ਲੁਕਾਉਂਦਾ ਸਾਨੂੰ ਰੋਟੀ ਵੀ ਫੜਾ ਗਿਆ ਜਿਹੜੀ ਅਜਿਹੇ ਹਾਲਾਤ ਵਿੱਚ ਮਸਾਂ ਹੀ ਸਾਡੇ ਸੰਘੋਂ ਲੱਥੀ। ਇੱਥੇ ਬੈਠਿਆਂ ਨੂੰ ਸਾਨੂੰ ਦੂਰ-ਦੂਰ ਤੱਕ ਇਉਂ ਅੱਗ ਦੀਆਂ ਲਾਟਾਂ ਦਿਸਦੀਆਂ ਸਨ ਜਿਵੇਂ ਸਾਰੀ ਦਿੱਲੀ ਹੀ ਸੜ ਰਹੀ ਹੋਵੇ। ਸਾਡੀ ਆਪਣੀ ਗਲੀ ਵਿੱਚ ਵੀ ਰਹਿ ਰਹਿ ਕੇ ਚੀਕ ਚਿਹਾੜਾ ਮਚਦਾ ਹੀ ਰਿਹਾ। ਕਾਤਲਾਂ ਦਾ ਸੌਖਾ ਨਿਸ਼ਾਨਾ ਜ਼ਿਆਦਾਤਰ ਗ਼ਰੀਬ ਪਰਿਵਾਰ ਹੀ ਬਣੇ। ਦਰਿੰਦਿਆਂ ਦਾ ਇੱਕ ਹਜੂਮ ਸਾਡੇ ਘਰ ਨੂੰ ਸਾੜਨ ਲਈ ਵੀ ਆਇਆ। ਇਨ੍ਹਾਂ ’ਚੋਂ ਬਹੁਤੇ ਮਿਉਂਸਿਪਲ ਕਮੇਟੀ ਦੀਆਂ ਗੱਡੀਆਂ ਵਿੱਚ ਢੋਅ ਕੇ ਲਿਆਂਦੇ ਹੋਏ ਬਾਹਰਲੇ ਜਰਾਇਮ ਪੇਸ਼ਾ ਲੋਕ ਸਨ ਜਿਨ੍ਹਾਂ ਦੇ ਨਾਲ ਸਿੱਖਾਂ ਦੇ ਘਰਾਂ ਦੀ ਸ਼ਨਾਖ਼ਤ ਕਰਨ ਲਈ ਇੱਕਾ ਦੁੱਕਾ ਸਥਾਨਕ ਗੁੰਡਾ ਅਨਸਰ ਵੀ ਸਨ, ਪਰ ਓਮਪਾਲ ਜਿਵੇਂ ਕਿਵੇਂ ਉਨ੍ਹਾਂ ਨੂੰ ਇਹ ਸਮਝਾਉਣ ਵਿੱਚ ਕਾਮਯਾਬ ਹੋ ਗਿਆ ਕਿ ਸਰਦਾਰ ਤਾਂ ਇਹ ਘਰ ਮੈਨੂੰ ਵੇਚ ਕੇ ਪਹਿਲਾਂ ਹੀ ਚਲੇ ਗਏ ਸਨ। ਲੁੱਟਮਾਰ ਅਤੇ ਅੱਗਜ਼ਨੀ ’ਤੇ ਉਤਾਰੂ ਇਹ ਦਰਿੰਦੇ ਭਾਵੇਂ ਕੋਈ ਕਾਰਾ ਕਰ ਕੇ ਜਾਣ ’ਤੇ ਹੀ ਉਤਾਰੂ ਸਨ ਪਰ ਸਥਾਨਕ ਚੋਰ ਉਚੱਕੇ ਸਿੱਧੇ ਤੌਰ ’ਤੇ ਓਮਪਾਲ ਨਾਲ ਨਹੀਂ ਸਨ ਉਲਝਣਾ ਚਾਹੁੰਦੇ। ਇਸ ਕਰਕੇ ਇਹ ਹਜੂਮ ਥੋੜ੍ਹੇ ਬਹੁਤ ਸ਼ੋਰ ਸ਼ਰਾਬੇ ਪਿੱਛੋਂ ਵਾਪਸ ਮੁੜ ਗਿਆ। ਓਮਪਾਲ ਸ਼ਾਇਦ ਅੰਦਰੋਂ ਅੰਦਰੀ ਦਰਿੰਦਿਆਂ ਦੇ ਇਸ ਹੱਲੇ ਤੋਂ ਡਰ ਗਿਆ ਸੀ। ਉਹ ਖ਼ੁਦ ਚਾਰ ਧੀਆਂ ਦਾ ਪਿਓ ਸੀ। ਉਸ ਨੂੰ ਪਤਾ ਸੀ ਕਿ ਸਥਾਨਕ ਮੁਖ਼ਬਰ ਦੋਵੇਂ ਪਰਿਵਾਰਾਂ ਦੇ ਗੂੜ੍ਹੇ ਰਿਸ਼ਤਿਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਜੇਕਰ ਕਿਸੇ ਨੂੰ ਸਾਡੇ ਉਸ ਦੇ ਘਰ ’ਚ ਲੁਕੇ ਹੋਣ ਦੀ ਸੂਹ ਲੱਗ ਗਈ ਤਾਂ ਉਹ ਦੁਬਾਰਾ ਹੋਰ ਵੱਡਾ ਹਜੂਮ ਲਿਆ ਕੇ ਉਸ ਦਾ ਵੀ ਨੁਕਸਾਨ ਕਰ ਸਕਦੇ ਹਨ।
ਅਗਲੇ ਦਿਨ ਦੋ ਨਵੰਬਰ ਨੂੰ ਉਸ ਨੇ ਸਾਨੂੰ ਇਹ ਆਖ ਕੇ ਆਪਣੇ ਘਰੋਂ ਜਾਣ ਲਈ ਕਹਿ ਦਿੱਤਾ ਕਿ ਹੁਣ ਕਰਫਿਊ ਲੱਗ ਗਿਆ ਹੈ, ਸਾਰੇ ਪਾਸੇ ਸੁੰਨਸਾਨ ਹੋ ਗਈ ਹੈ, ਹੁਣ ਕੋਈ ਵੀ ਹਜੂਮ ਨਹੀਂ ਆ ਸਕਦਾ, ਚੁੱਪ-ਚੁਪੀਤੇ ਆਪਣੇ ਘਰ ’ਚ ਵੜ ਕੇ ਅੰਦਰੋਂ ਤਾਲੇ ਲਾ ਲਓ। ਜਿਉਂ ਹੀ ਅਸੀਂ ਆਪਣੇ ਘਰ ਵੜੇ, ਪਤਾ ਨਹੀਂ ਕਿੱਧਰੋਂ ਵੱਡੀ ਗਿਣਤੀ ਦਰਿੰਦਿਆਂ ਨੇ ਸਾਨੂੰ ਘੇਰ ਲਿਆ। ਇਸ ਤੋਂ ਪਹਿਲਾਂ ਕਿ ਉਹ ਕੋਈ ਵੱਢ-ਟੁੱਕ ਕਰਦੇ, ਕਿਸੇ ਨੇ ਇਹ ਅਫ਼ਵਾਹ ਫੈਲਾ ਦਿੱਤੀ ਕਿ ਫ਼ੌਜ ਦੀ ਇੱਕ ਟੁਕੜੀ ਇੱਧਰ ਨੂੰ ਆ ਰਹੀ ਹੈ। ਇਹ ਸੁਣ ਕੇ ਉਹ ਭੀੜ ਸਾਨੂੰ ਮਰਦ ਮੈਂਬਰਾਂ ਨੂੰ ਧੂਹ ਕੇ ਸਾਹਮਣੇ ਵਾਲੇ ਚੁਬਾਰੇ ਵਿੱਚ ਲੈ ਗਈ। ਉੱਥੇ ਸਾਡੇ ਕੇਸ ਕਤਲ ਕਰ ਕੇ, ਗਾਲ੍ਹਾਂ ਕੱਢਦੇ ਤੇ ਮੁੜ ਕੇ ਆਉਣ ਦੀਆਂ ਧਮਕੀਆਂ ਦਿੰਦੇ ਸਾਰੇ ਪਲੋ-ਪਲੀ ਤਿਤਰ ਬਿਤਰ ਹੋ ਗਏ। ਹੁਣ ਆਪਣੇ ਘਰ ਰਹਿਣਾ ਸੁਰੱਖਿਅਤ ਨਾ ਸਮਝਦੇ ਹੋਏ ਪਿਤਾ ਜੀ ਸਾਨੂੰ ਆਟੋ ਵਿੱਚ ਬਿਠਾ ਕੇ ਥਾਣੇ ਲੈ ਗਏ। ਉੱਥੇ ਮਾਹੌਲ ਹੋਰ ਵੀ ਖ਼ਰਾਬ ਸੀ। ਪੁਲੀਸ ਵਾਲੇ ਸੁਰੱਖਿਆ ਦੀ ਆਸ ਲੈ ਕੇ ਉੱਥੇ ਪਹੁੰਚੇ ਪੀੜਤਾਂ ਨੂੰ ਨਾ ਸਿਰਫ਼ ਧਮਕੀਆਂ ਦੇ ਰਹੇ ਸਨ ਸਗੋਂ ਉਨ੍ਹਾਂ ਦੀ ਸੁਰੱਖਿਆ ਕਰਨ ਤੋਂ ਸਾਫ਼ ਤੌਰ ’ਤੇ ਇਨਕਾਰ ਕਰ ਰਹੇ ਸਨ। ਜਿਵੇਂ-ਕਿਵੇਂ ਅਸੀਂ ਦੋ ਨਵੰਬਰ ਦੀ ਰਾਤ ਕੱਟੀ ਤੇ ਅਗਲੇ ਦਿਨ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਕੇ ਸ਼ਰਨ ਲੈ ਲਈ। ਆਉਣ ਤੋਂ ਪਹਿਲਾਂ ਪਿਤਾ ਜੀ ਨੇ ਘਰ ਦੀ ਚਾਬੀ ਫਿਰ ਓਮਪਾਲ ਦੇ ਸਪੁਰਦ ਕਰ ਦਿੱਤੀ। ਰਿਸ਼ਤੇਦਾਰ ਦੀ ਸਲਾਹ ਨੂੰ ਮੰਨ ਕੇ ਪਰਿਵਾਰ ਨੇ ਕੁਝ ਦਿਨ ਲਈ ਪੰਜਾਬ ਆਉਣ ਦਾ ਫ਼ੈਸਲਾ ਕਰ ਲਿਆ।
ਇੱਥੋਂ ਹੀ ਓਮਪਾਲ ਅਤੇ ਸਾਡੇ ਸੰਬੰਧਾਂ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋ ਗਿਆ। ਉਸ ਵੇਲੇ ਦੇ ਹਾਲਾਤ ਵੇਖ ਕੇ ਸ਼ਾਇਦ ਉਸ ਨੂੰ ਇਹ ਜਾਪਿਆ ਹੋਵੇ ਕਿ 1947 ਵਾਲੀ ਵੰਡ ਦੀ ਤਰਜ਼ ’ਤੇ ਇੱਥੋਂ ਤੁਰ ਗਏ ਲੋਕ ਵਾਪਸ ਨਹੀਂ ਮੁੜ ਸਕਣਗੇ।
ਸਾਲ 1985 ਦੀ ਸ਼ੁਰੂਆਤ ਵਿੱਚ ਹਾਲਾਤ ਦਾ ਜਾਇਜ਼ਾ ਲੈਣ ਲਈ ਪਿਤਾ ਜੀ ਨੇ ਇੱਕਲਿਆਂ ਹੀ ਦਿੱਲੀ ਜਾਣ ਦਾ ਫ਼ੈਸਲਾ ਕੀਤਾ, ਪਰ ਕੁਝ ਦਿਨਾਂ ਬਾਅਦ ਉਹ ਮੁੜ ਪੰਜਾਬ ਆਏ ਤਾਂ ਬਹੁਤ ਨਿਰਾਸ਼ ਜਾਪਦੇ ਸਨ। ਕਈ ਦਿਨਾਂ ਤੱਕ ਸਾਡੇ ਕੋਲੋਂ ਲੁਕ-ਲੁਕ ਕੇ ਮੰਮੀ ਪਾਪਾ ਦੀ ਆਪਸੀ ਘੁਸਰ-ਮੁਸਰ ਚਲਦੀ ਰਹੀ। ਬੜਾ ਕੁਰੇਦਣ ਮਗਰੋਂ ਸਾਨੂੰ ਮੰਮੀ ਦੀਆਂ ਅਸਪੱਸ਼ਟ ਜਿਹੀਆਂ ਗੱਲਾਂ ਤੋਂ ਇਹ ਅੰਦਾਜ਼ਾ ਲੱਗ ਗਿਆ ਕਿ ਪਾਪਾ ਦੀ ਓਮਪਾਲ ਨਾਲ ਕੋਈ ਅਣਬਣ ਹੋਈ ਹੈ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਮੰਮੀ ਨੂੰ ਵੀ ਆਪਣੇ ਨਾਲ ਦਿੱਲੀ ਜਾਣ ਲਈ ਤਿਆਰ ਕਰ ਲਿਆ ਕਿਉਂਕਿ ਹੁਣ ਤੱਕ ਸਾਰਿਆਂ ’ਤੇ ਇਹੀ ਪ੍ਰਭਾਵ ਬਣਿਆ ਹੋਇਆ ਸੀ ਕਿ ਓਮਪਾਲ ਮੰਮੀ ਕੋਲੋਂ ਝਿਪਦਾ ਹੈ ਤੇ ਉਨ੍ਹਾਂ ਦੀ ਕਹੀ ਗੱਲ ਕਦੇ ਨਹੀਂ ਮੋੜਦਾ। ਪਰ ਹੁਣ ਉਹ ਸਮਾਂ ਬਦਲ ਗਿਆ ਸੀ। ਦੋ ਤਿੰਨ ਦਿਨ ਬਾਅਦ ਜਦੋਂ ਉਹ ਵਾਪਸ ਆਏ ਤਾਂ ਦੋਵਾਂ ਦੇ ਚਿਹਰੇ ਪਹਿਲਾਂ ਨਾਲੋਂ ਵੀ ਉਤਰੇ ਹੋਏ ਸਨ। ਉਸ ਮਗਰੋਂ ਪਾਪਾ ਇੱਕ ਦੋ ਵਾਰ ਇਕੱਲੇ ਹੀ ਦਿੱਲੀ ਜਾਂਦੇ ਰਹੇ ਪਰ ਹਰ ਵਾਰ ਨਿਰਾਸ਼ ਹੋ ਕੇ ਹੀ ਮੁੜੇ। ਸਾਨੂੰ ਬੱਚਿਆਂ ਨੂੰ ਇਸ ਮਸਲੇ ਦਾ ਕੁਝ ਕੁਝ ਅੰਦਾਜ਼ਾ ਤਾਂ ਹੋ ਗਿਆ ਸੀ ਪਰ ਮਾਪਿਆਂ ਕੋਲੋਂ ਖੁੱਲ੍ਹ ਕੇ ਪੁੱਛਣ ਦਾ ਯਤਨ ਕੀਤਿਆਂ ਹਰ ਵਾਰ ਝਿੜਕ ਕੇ ਚੁੱਪ ਕਰਵਾ ਦਿੱਤਾ ਜਾਂਦਾ ਸੀ। ਬਸ ਇੱਕ ਵਾਰੀ ਮੰਮੀ ਦੇ ਮੂੰਹੋਂ ਨਿਕਲ ਹੀ ਗਿਆ ਕਿ ਓਮਪਾਲ ਨੇ ਜਿਹੜੀ ਹਰਕਤ ਕੀਤੀ ਹੈ ਉਸ ਦੀ ਉਮੀਦ ਨਹੀਂ ਸੀ। ਜਿਹੜੇ ਰਿਸ਼ਤੇਦਾਰਾਂ ਕੋਲ ਅਸੀਂ ਪੰਜਾਬ ਆ ਕੇ ਠਹਿਰੇ ਸੀ ਉਨ੍ਹਾਂ ਕੋਲੋਂ ਸਾਨੂੰ ਇੰਨਾ ਕੁ ਜ਼ਰੂਰ ਪਤਾ ਲੱਗ ਗਿਆ ਸੀ ਕਿ ਉਸ ਨੇ ਸਾਡੇ ਮਕਾਨ ’ਤੇ ਕਬਜ਼ਾ ਕਰ ਲਿਆ ਹੈ ਤੇ ਕਿਸੇ ਸੂਰਤ ’ਚ ਵੀ ਛੱਡਣ ਲਈ ਤਿਆਰ ਨਹੀਂ ਹੈ।
ਅਸੀਂ ਬੱਚੇ ਇਹ ਸਮਝਣ ਵਿੱਚ ਅਸਮਰੱਥ ਸਾਂ ਕਿ ਇੰਨੀਆਂ ਨਜ਼ਦੀਕੀਆਂ ਹੋਣ ਦੇ ਬਾਵਜੂਦ ਦੋਵੇਂ ਪਰਿਵਾਰਾਂ ਵਿੱਚ ਇਹ ਵਿਵਾਦ ਕਿਉਂ ਖੜ੍ਹਾ ਹੋਇਆ ਹੈ। ਦੂਜੇ ਪਾਸੇ, ਦੇਸ਼ ਭਰ ਵਿੱਚ ਸਿੱਖਾਂ ਖ਼ਿਲਾਫ਼ ਅਜਿਹਾ ਬਿਰਤਾਂਤ ਸਿਰਜ ਦਿੱਤਾ ਗਿਆ ਸੀ ਕਿ ਸਰਕਾਰੀ ਮਸ਼ੀਨਰੀ ਦਾ ਕੋਈ ਵੀ ਅੰਗ ਉਨ੍ਹਾਂ ਦੀ ਗੱਲ ਸੁਣਨ ਲਈ ਰਾਜ਼ੀ ਹੀ ਨਹੀਂ ਸੀ। ਘਰੋਂ ਬੇਘਰ ਹੋ ਕੇ ਕੁਝ ਸਾਲ ਦੁਸ਼ਵਾਰੀਆਂ ਝੱਲਣ ਤੋਂ ਬਾਅਦ 1988 ’ਚ ਪਿਤਾ ਜੀ ਨੇ ਨਹਿਰ ਵਿੱਚ ਛਾਲ ਮਾਰ ਕੇ ਜਾਨ ਦੇ ਦਿੱਤੀ। ਉਨ੍ਹਾਂ ਦੀ ਮੌਤ ਤੋਂ ਬਾਅਦ ਮੇਰੇ ਹੱਥ ’ਚੋਂ ਕਿਤਾਬਾਂ ਛੁੱਟ ਗਈਆਂ ਤੇ ਆਟੋ ਰਿਕਸ਼ਾ ਦਾ ਹੈਂਡਲ ਆ ਗਿਆ। ਅਜਿਹੀ ਤਰਸਯੋਗ ਹਾਲਤ ਵਿੱਚ ਵੀ ਅਸੀਂ ਕਈ ਵਾਰ ਮੰਮੀ ਨੂੰ ਕੁਰੇਦਿਆ, ਉਨ੍ਹਾਂ ਦੇ ਮੂੰਹੋਂ ਓਮਪਾਲ ਖ਼ਿਲਾਫ਼ ਕੋਈ ਗੱਲ ਕਢਵਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਦਾ ਇੱਕੋ ਹੀ ਰਟਿਆ ਰਟਾਇਆ ਜਵਾਬ ਮਿਲਦਾ ਰਿਹਾ, ‘‘ਪੁੱਤਰ ਕਪੁੱਤਰ ਹੋ ਸਕਦੇ ਨੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਸਭ ਕੁਝ ਭੁੱਲ ਕੇ ਬੱਸ ਇਹ ਯਾਦ ਰੱਖੋ ਕਿ ਉਸ ਨੇ ਆਪਣੇ ਪਰਿਵਾਰ ’ਤੇ ਖ਼ਤਰਾ ਮੁੱਲ ਲੈ ਕੇ ਸਾਡੀਆਂ ਜਾਨਾਂ ਬਚਾਈਆਂ ਨੇ। ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਗੱਲ ਕਦੇ ਸੋਚਣਾ ਵੀ ਨਾ।’’ ਹਰ ਵਾਰ ਸਾਡੀ ਵਾਰਤਾ ਦਾ ਇੱਥੇ ਹੀ ਆ ਕੇ ਅੰਤ ਹੋ ਜਾਂਦਾ।
ਆਰਥਿਕ ਤੰਗੀ ਦਾ ਸਤਾਇਆ 1994 ਵਿੱਚ ਇੱਕ ਵਾਰ ਮੈਂ ਮੰਮੀ ਨੂੰ ਦੱਸੇ ਬਿਨਾਂ ਓਮਪਾਲ ਨੂੰ ਮਿਲਣ ਦਿੱਲੀ ਪਹੁੰਚ ਗਿਆ। ਮੇਰਾ ਮਕਸਦ ਸੀ ਕਿ ਸ਼ਾਇਦ ਉਸ ਨੂੰ ਕੁਰੇਦ ਕੇ ਮੈਂ ਕੋਈ ਅਜਿਹਾ ਤੱਥ ਕੱਢਵਾ ਲਵਾਂ, ਜਿਸ ਨਾਲ ਮਕਾਨ ਦੁਕਾਨ ਵਿੱਚੋਂ ਘੱਟੋ-ਘੱਟ ਕੋਈ ਇੱਕ ਚੀਜ਼ ਹੀ ਹਾਸਲ ਹੋ ਸਕੇ। ਪਹਿਲਾਂ ਉੱਥੇ ਆਪਣੇ ਕਿਸੇ ਹੋਰ ਪੁਰਾਣੇ ਗੁਆਂਢੀ ਨੂੰ ਮਿਲਿਆ ਤਾਂ ਉਸ ਨੇ ਹਲਕੀ ਜਿਹੀ ਸੂਹ ਦਿੱਤੀ ਕਿ ਸ਼ਾਇਦ ਓਮਪਾਲ ਕੋਲ ਪਿਤਾ ਜੀ ਦੇ ਉਰਦੂ ਵਿੱਚ ਕੀਤੇ ਦਸਤਖ਼ਤਾਂ ਵਾਲੇ ਕੋਈ ਕਾਗਜ਼ਾਤ ਮੌਜੂਦ ਸਨ, ਜਿਨ੍ਹਾਂ ਰਾਹੀਂ ਉਸ ਨੇ ਕੋਈ ਫਰਜ਼ੀ ਬੰਦਾ ਖੜ੍ਹਾ ਕਰ ਕੇ ਮਕਾਨ ਦੁਕਾਨ ਦੋਵੇਂ ਆਪਣੇ ਨਾਂ ਕਰਵਾ ਲਏ ਸਨ। (ਦਰਅਸਲ ਉਹ ਜਦੋਂ ਕਿਸੇ ਨੂੰ ਵਿਆਜੂ ਪੈਸੇ ਦਿੰਦਾ ਸੀ ਤਾਂ ਹਮੇਸ਼ਾ ਗਵਾਹ ਦੇ ਤੌਰ ’ਤੇ ਪਿਤਾ ਜੀ ਕੋਲੋਂ ਹੀ ਦਸਤਖ਼ਤ ਕਰਵਾਉਂਦਾ ਹੁੰਦਾ ਸੀ)। ਮਗਰੋਂ ਜਦੋਂ ਮੈਂ ਓਮਪਾਲ ਕੋਲ ਗਿਆ ਤਾਂ ਉਹ ਬੜੀ ਗਰਮਜੋਸ਼ੀ ਨਾਲ ਮਿਲਿਆ। ਰਸਮੀ ਸੁੱਖ-ਸਾਂਦ ਤੋਂ ਬਾਅਦ ਆਖਣ ਲੱਗਾ, ‘‘ਚਾਚੇ (ਪਿਤਾ ਜੀ) ਕੀ ਮੌਤ ਕਾ ਪਤਾ ਲੱਗ ਗਿਆ ਥਾ। ਜੋ ਭੀ ਹੋ ਗਿਆ ਉਸੇ ਭੂਲ ਜਾਓ ਔਰ ਵਾਪਸ ਆ ਜਾਉ।’’ ਮੈਨੂੰ ਇਹ ਪੁੱਛਣ ਲਈ ਇਹੀ ਮੌਕਾ ਠੀਕ ਲੱਗਿਆ ਕਿ ਸਾਡੇ ਮਕਾਨ ਦੁਕਾਨ ਦਾ ਕੀ? ਕੀ ਉਹ ਸਾਨੂੰ ਵਾਪਸ ਮੋੜ ਦਿਉਗੇ? ਉਸ ਨੇ ਗੋਲ-ਮੋਲ ਜਵਾਬ ਦਿੰਦਿਆਂ ਗੱਲ ਇੱਥੇ ਮੁਕਾਈ ਦਿੱਤੀ, ‘‘ਪੁਰਾਣੀ ਬਾਤੇਂ ਛੋੜ ਕਰ ਬੀਬੀ (ਮੰਮੀ) ਸੇ ਬੋਲ ਦੋ ਕਿ ਅਗਰ ਵਾਪਸ ਆ ਜਾਓਗੇ ਤੋ ਸਬ ਕੁਛ ਫਿਰ ਸੇ ਬਨ ਜਾਏਗਾ।’’
ਇਹ ਕੋਈ ਠੋਸ ਜਵਾਬ ਨਹੀਂ ਸੀ। ਮੈਂ ਵੀ ਨਿਰਾਸ਼ ਹੋ ਕੇ ਮੁੜ ਆਇਆ। ਮੰਮੀ ਨੂੰ ਮੇਰੇ ਉੱਥੇ ਜਾਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਰੱਜ ਕੇ ਗੁੱਸਾ ਕੀਤਾ। ਜਦੋਂ ਮੈਂ ਉਨ੍ਹਾਂ ਨੂੰ ਓਮਪਾਲ ਦੀਆਂ ਕਹੀਆਂ ਗੱਲਾਂ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਦੋ ਟੁੱਕ ਜਵਾਬ ਦੇ ਦਿੱਤਾ ਕਿ ਹੁਣ ਅਸੀਂ ਉਸ ਉੱਤੇ ਹਰਗਿਜ਼ ਵੀ ਭਰੋਸਾ ਨਹੀਂ ਕਰ ਸਕਦੇ। ਇਸ ਤਰ੍ਹਾਂ ਸੱਚਾਈ ਦੀ ਤਹਿ ਤਕ ਜਾਣ ਦਾ ਮੇਰਾ ਇਹ ਯਤਨ ਵੀ ਅਸਫਲ ਹੋ ਗਿਆ।
ਇਸ ਸਾਰੇ ਵਰਤਾਰੇ ਦੇ ਚਾਲ਼ੀ ਸਾਲ ਬਾਅਦ 2024 ਵਿੱਚ ਮੈਂ ਫੇਰ ਇਸ ਉਲਝੀ ਤਾਣੀ ਦਾ ਸਿਰਾ ਫੜਨ ਦੀ ਆਸ ਲੈ ਕੇ ਓਮਪਾਲ ਨੂੰ ਮਿਲਣ ਲਈ ਚਲਾ ਗਿਆ। ਉੱਥੇ ਜਾ ਕੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ, ਉਸ ਤੋਂ ਪਹਿਲਾਂ ਹੀ ਉਸ ਦਾ ਮੁੰਡਾ ਜਿਹੜਾ ਸਾਡੇ ਹੱਥਾਂ ’ਚ ਖੇਡਿਆ ਸੀ, ਲੰਮੀ ਬਿਮਾਰੀ ਨਾਲ ਸੰਸਾਰ ਤੋਂ ਕੂਚ ਕਰ ਗਿਆ। ਉਸ ਦੇ ਇਲਾਜ ਵਿੱਚ ਓਮਪਾਲ ਦੇ ਤਿੰਨੋਂ ਮਕਾਨ (ਸਾਡੇ ਵਾਲੇ ਸਣੇ) ਵਿਕ ਗਏ। ਛੇ ਕੁੜੀਆਂ ਦੀ ਮਾਂ ਸ਼ੀਲਾ ਹੁਣ ਕਦੇ ਇੱਕ ਤੇ ਕਦੇ ਦੂਜੀ ਕੁੜੀ ਕੋਲ ਰਹਿ ਕੇ ਦਿਨ ਕਟੀ ਕਰ ਰਹੀ ਹੈ।
ਹਜ਼ਾਰਾਂ ਦਰਿੰਦਿਆਂ ਦੀ ਭੀੜ ਵਿੱਚ ਵੀ ਉਹ ਦਰਿੰਦਾ ਤਾਂ ਨਹੀਂ ਬਣਿਆ ਪਰ ਇਸ ਨੂੰ ਮਨੁੱਖੀ ਸੁਭਾਅ ਦੀ ਵਚਿੱਤਰਤਾ ਹੀ ਕਿਹਾ ਜਾ ਸਕਦਾ ਹੈ ਕਿ ਤਤਕਾਲੀ ਸਿਆਸੀ ਤਾਕਤਾਂ ਦੇ ਘੜੇ ਕੁਚੱਕਰ ਵਿੱਚ ਫਸ ਕੇ ਉਹ ਆਪਣੀ ਨੇਕੀ ਦਾ ਜਸ ਵੀ ਨਹੀਂ ਲੈ ਸਕਿਆ। ਫਿਰ ਵੀ ਉਹ ਹੁਣ ਤਕ ਸਾਡੇ ਚੇਤਿਆਂ ਦਾ ਅਨਿੱਖੜਵਾਂ ਹਿੱਸਾ ਬਣਿਆ ਹੋਇਆ ਹੈ।
ਸੰਪਰਕ: 90412-63401
