ਕੂੜਾ ਬੋਲ ਪਿਆ
ਮੇਰੇ ਨਾਮ ਅਤੇ ਰੂਪ ਤੋਂ ਸਭ ਨੂੰ ਨਫ਼ਰਤ ਹੈ। ਮੇਰੀ ਹੋਂਦ ਦਾ ਅਹਿਸਾਸ ਹੁੰਦਿਆਂ ਹੀ ਨੱਕ-ਬੁੱਲ੍ਹ ਵੱਟਣੇ ਅਤੇ ਥੂ-ਥੂ ਹੋਣੀ ਸ਼ੁਰੂ ਹੋ ਜਾਂਦੀ ਹੈ। ਮੈਨੂੰ ਦੇਖਦੇ ਸਾਰ ਮੱਥੇ ’ਤੇ ਹੱਥ ਮਾਰ ਕੇ ਜ਼ਰੂਰ ਆਖਿਆ ਜਾਂਦੈ, ‘‘ਕਿੱਥੇ ਮੱਥੇ ਲੱਗ ਗਿਐ ਚੰਦਰਾ!...
ਮੇਰੇ ਨਾਮ ਅਤੇ ਰੂਪ ਤੋਂ ਸਭ ਨੂੰ ਨਫ਼ਰਤ ਹੈ। ਮੇਰੀ ਹੋਂਦ ਦਾ ਅਹਿਸਾਸ ਹੁੰਦਿਆਂ ਹੀ ਨੱਕ-ਬੁੱਲ੍ਹ ਵੱਟਣੇ ਅਤੇ ਥੂ-ਥੂ ਹੋਣੀ ਸ਼ੁਰੂ ਹੋ ਜਾਂਦੀ ਹੈ। ਮੈਨੂੰ ਦੇਖਦੇ ਸਾਰ ਮੱਥੇ ’ਤੇ ਹੱਥ ਮਾਰ ਕੇ ਜ਼ਰੂਰ ਆਖਿਆ ਜਾਂਦੈ, ‘‘ਕਿੱਥੇ ਮੱਥੇ ਲੱਗ ਗਿਐ ਚੰਦਰਾ! ਕੁਲਹਿਣਾ...!’’ ਇਹ ਸੁਣਦਿਆਂ ਹੀ ਮੇਰਾ ਵੀ ਹਾਸਾ ਨਿਕਲ ਜਾਂਦਾ ਹੈ ਕਿ ਮਨੁੱਖ ਆਪਣੀ ਹੀ ਉਪਜਾਈ ਚੀਜ਼ ਯਾਨੀ ਮੈਨੂੰ ਉੱਕਾ ਹੀ ਨਹੀਂ ਪਛਾਣਦਾ ਤੇ ਮੈਥੋਂ ਹੀ ਦੁਖੀ ਹੈ। ਫਿਰ ਵੀ ਮੇਰੇ ਢੇਰਾਂ ਦੇ ਢੇਰ ਲਾਈ ਜਾ ਰਿਹਾ ਹੈ। ਕਿਤੇ-ਕਿਤੇ ਤਾਂ ਮੇਰਾ ਰੰਗੀਲਾ ਰੂਪ ਪਹਾੜਾਂ ਵਜੋਂ ਦਿਖਾਈ ਦੇਣ ਲੱਗ ਪਿਆ ਹੈ। ਦਰਅਸਲ, ਮੇਰਾ ਕੁਦਰਤੀ ਰੂਪ ਏਨਾ ਮਾੜਾ ਨਹੀਂ ਸਗੋਂ ਆਪਣੇ ਆਪ ਹੀ ਗਲ-ਸੜ ਕੇ ਧਰਤੀ ਮਾਂ ਵਿੱਚ ਜਜ਼ਬ ਹੁੰਦਿਆਂ ਧਰਤੀ ਮਾਂ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦਾ ਰਹਿੰਦਾ ਹੈ, ਪਰ ਮਨੁੱਖ ਨੇ ਮੇਰਾ ਹੁਲੀਆ ਹੀ ਵਿਗਾੜ ਕੇ ਰੱਖ ਦਿੱਤਾ ਅਤੇ ਮੇਰੇ ਕੁਦਰਤੀ ਰੂਪ ਵਿੱਚ ਐਸੇ ਪਦਾਰਥਾਂ (ਪਲਾਸਟਿਕ/ਲਿਫ਼ਾਫ਼ਿਆਂ ਆਦਿ) ਦਾ ਰਲੇਵਾਂ ਕੀਤਾ ਜਾ ਰਿਹਾ ਹੈ, ਜੋ ਗਲ਼ਦਾ-ਸੜਦਾ ਨਹੀਂ। ਇਸ ਦੇ ਫ਼ਲਸਰੂਪ ਨਾਲੀਆਂ-ਨਾਲਿਆਂ (ਸੀਵਰੇਜ) ਵਿੱਚ ਡੱਕੇ ਲੱਗ-ਲੱਗ ਕੇ ਮੇਰਾ ਦੂਜਾ ਸ਼ਰੀਕ (ਤਰਲ ਕੂੜਾ) ਵੀ ਪੈਦਾ ਹੋਈ ਜਾਂਦਾ ਰਹਿੰਦਾ ਹੈ। ਫਿਰ ਸਾਡੇ ਇਤਰ ਫੁਲੇਲ ਦੀਆਂ ਧੂਸਾਂ (ਬਦਬੂ) ਅਤੇ ਮੱਖੀਆਂ-ਮੱਛਰਾਂ ਦੇ ਸੰਗੀਤਕ ਰਾਗ ਆਲੇ-ਦੁਆਲੇ ਨੂੰ ਆਹਰੇ ਲਾਈ ਰੱਖਦੇ ਹਨ। ਸਾਰੇ ਸਿਹਤ ਮਹਿਕਮੇ ਨੂੰ ਹੀ ਵਖ਼ਤ ਪਾਈ ਰੱਖਦੇ ਹਨ।
ਆਪਣੀ ਫ਼ਿਤਰਤ ਦਿਖਾਉਂਦੇ ਬਹੁਤ ਸਾਰੇ ਲੋਕ ਆਪਣੇ ਘਰ ਦੀ ਸਫ਼ਾਈ ਕਰ ਕੇ ਮੈਨੂੰ ਰਾਹ-ਗਲ਼ੀ ਵਿੱਚ ਧੱਕ ਦਿੰਦੇ ਹਨ ਜਾਂ ਫਿਰ ਗੁਆਂਢੀ ਦੇ ਬੂਹੇ ਅੱਗੇ ਢੇਰੀ ਕਰਕੇ ਲੜਾਈ ਨੂੰ ਸੱਦਾ ਦੇਣਾ ਆਮ ਗੱਲ ਹੈ। ਬਹੁਤੀ ਥਾਈਂ ਇਸੇ ਗੱਲੋਂ ਸਿੰਙ ਵੀ ਫਸ ਜਾਂਦੇ ਨੇ। ‘ਤੁਣਕ ਰੱਸੀ ਬੁੜ੍ਹਕ ਸੋਟਾ’ ਵਾਲੀ ਗੱਲ ਹੋ ਨਿਬੜਦੀ ਹੈ। ਕਈ ਵਾਰ ਇਸ ਭੇੜ ਵਿੱਚ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਤੇ ਨਾਮ ਲੱਗ ਜਾਂਦਾ ਹੈ ਮੇਰਾ ਕਿ ਇਸ ਦੇ ਹੀ ਸਾਰੇ ਪੁਆੜੇ ਨੇ। ਨਾ ਮੈਂ ਤਿੰਨਾਂ ’ਚ, ਨਾ ਮੈਂ ਤੇਰਾਂ ’ਚ, ਪਰ ਫਿਰ ਵੀ ਸਾਰਾ ਠੀਕਰਾ ਮੇਰੇ ਸਿਰ ਹੀ ਫੁੱਟਦਾ ਹੈ। ਕਈ ਵਾਰ ਹਵਾ ਦੇ ਬੁੱਲੇ (ਵਾਵਰੋਲੇ) ਮੈਨੂੰ ਝੂਟੇ ਦਿੰਦੇ ਹੋਏ ਉਨ੍ਹਾਂ ਦੇ ਹੀ ਸਿਰਾਂ ’ਤੇ ਬਿਠਾ/ਪੁਆ ਕੇ ਸਾਬਿਤ ਕਰ ਜਾਂਦੇ ਨੇ ਕਿ ‘ਕੁੱਕੜ ਖੇਹ ਉਡਾਈ ਆਪਣੇ ਸਿਰ ਹੀ ਪਾਈ।
ਮੈਂ ਖ਼ੁਦ ਹੈਰਾਨ-ਪ੍ਰੇਸ਼ਾਨ ਹਾਂ ਕਿ ਮੇਰੇ ਬਾਲ-ਬੱਚੇ ਵਿੱਚ ਏਨਾ ਵਾਧਾ ਕਿਉਂ ਹੋ ਰਿਹਾ ਹੈ? ਮੇਰੇ ਢੇਰ ਪਹਾੜਾਂ ਦੀ ਦਿੱਖ ਤੇ ਸੜਾਂਦ ਕੁਦਰਤੀ ਸੁਹਜ ਤੇ ਪੌਣ-ਪਾਣੀ ਦਾ ਮੂੰਹ ਚਿੜਾ ਰਹੀ ਹੈ। ਇੱਕ ਹਾਸੋਹੀਣੀ ਗੱਲ ਹੋਰ ਵੀ ਹੈ ਕਿ ਮੇਰੇ ਬਾਰੇ ਕਦੇ-ਕਦੇ ਸਿਆਸਤ ਦਾ ਅਖਾੜਾ ਵੀ ਭਖ਼ ਜਾਂਦਾ ਹੈ। ਮੇਰੀ ਸੜਾਂਦ ’ਤੇ ਵੀ ਸਿਆਸਤ ਹੁੰਦੀ ਹੈ। ਖ਼ਾਸ ਸਮਿਆਂ (ਵੋਟਾਂ ਵੇਲੇ) ’ਤੇ ਵੋਟ ਬੈਂਕ ਵਧਾਉਣ ਖ਼ਾਤਰ ਕਈ ਰਾਜਸੀ ਆਕਾਵਾਂ ਦੀ ਚਰਨ ਛੋਹ ਵੀ ਮੈਨੂੰ ਪ੍ਰਾਪਤ ਹੋ ਜਾਂਦੀ ਹੈ। ਮੇਰੀ ਪ੍ਰਦੱਖਣਾ ਕਰਦੇ ਸਮੇਂ ਉਨ੍ਹਾਂ ਬਥੇਰਾ ਨੱਕ ਮੂੰਹ ਬੰਨ੍ਹਿਆ ਹੁੰਦਾ ਹੈ, ਪਰ ਮੇਰਾ ਵੰਨ-ਸੁਵੰਨਾ ਇਤਰ-ਫੁਲੇਲ ਉਨ੍ਹਾਂ ਦੇ ਨੱਕ ਮੂੰਹ ਵਿੱਚ ਘੁਸਪੈਠ ਕਰ ਹੀ ਜਾਂਦਾ ਹੈ। ਸ਼ੋਸ਼ੇਬਾਜ਼ੀ ਵੀ ਸਿਖ਼ਰਾਂ ’ਤੇ ਹੈ ਕਿਉਂਕਿ ਸਾਫ਼-ਸੁਥਰੀਆਂ ਥਾਵਾਂ ’ਤੇ ਹੀ ਝਾੜੂ ਮਾਰ ਮਾਰ ਕੇ ਸਿਰਫ਼ ਫੋਟੋ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਸਲ ਵਿੱਚ ਮੇਰੇ ਤੱਕ ਪਹੁੰਚਿਆ ਹੀ ਨਹੀਂ ਜਾਂਦਾ। ਖ਼ਾਸ ਮਹਿਮਾਨਾਂ ਦੀ ਆਮਦ ਵੇਲੇ ਮੇਰੇ ਆਲੇ-ਦੁਆਲੇ ਫੁੱਲਦਾਰ ਕਨਾਤਾਂ/ਪਰਦੇ ਲਾ ਕੇ ਢੱਕ ਦਿੱਤਾ ਜਾਂਦਾ ਹੈ, ਪਰ ਮੇਰੀ ਹੋਂਦ ਲਈ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਥਾਂ ਹੋਰਨਾਂ ਦੇ ਸਿਰ ਠੀਕਰਾ ਭੰਨ ਦਿੱਤਾ ਜਾਂਦਾ ਹੈ।
ਮੇਰੀ ਮੁਕਤੀ ਕਰਨ/ਕਰਾਉਣ ਲਈ ‘ਗੋਂਗਲੂਆਂ ਤੋਂ ਮਿੱਟੀ ਝਾੜਨ’ ਵਾਲੇ ਆਡੰਬਰ ਹੀ ਰਚੇ ਜਾਂਦੇ ਹਨ, ਪਰ ਸਫ਼ਾਈ ਲਈ ਅਸਲ ਪ੍ਰੋਗਰਾਮ ਉਲੀਕਣ ਦੀ ਥਾਂ ਮੈਨੂੰ ਇੱਕ ਵੋਟ ਬਟੋਰੂ ਮੁੱਦਾ ਬਣਾ ਕੇ ਵਰਤਿਆ ਜਾਂਦਾ ਹੈ। ਕਦੇ ਕਦਾਈਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਲਗਾਏ ਜਾਂਦੇ ਭਾਰੀ ਜੁਰਮਾਨਿਆਂ ਨਾਲ ਮੇਰੀ ਮੁਕਤੀ ਦੀ ਕੁਝ ਆਸ ਜ਼ਰੂਰੀ ਜਾਗ ਪੈਂਦੀ ਹੈ, ਪਰ ਬਹੁਤਾ ਕਰ ਕੇ ਪਰਨਾਲਾ ਉੱਥੇ ਦਾ ਉੱਥੇ ਹੀ ਰੱਖਿਆ ਜਾਂਦਾ ਹੈ। ਭਲੇਮਾਣਸੋ! ਮੇਰੀ ਮੁਕਤੀ ਦਾ ਰਾਹ ਹੈ ਸੰਜਮ ਯਾਨੀ ਬੇਲੋੜਾ ਤੇ ਹੱਦੋਂ ਵੱਧ ਪਦਾਰਥਵਾਦੀ ਹੋਣ ਤੋਂ ਬਚਿਆ ਜਾਵੇ। ਮੇਰੇ ਵਿੱਚ ਗ਼ੈਰ-ਕੁਦਰਤੀ ਰਲੇਵੇਂ (ਪਲਾਸਟਿਕ ਲਿਫ਼ਾਫ਼ਿਆਂ ਆਦਿ) ਦਾ ਪ੍ਰਚਲਨ ਬੰਦ ਹੋਵੇ। ਮੇਰਾ ਕੁਦਰਤੀ ਰੂਪ ਮੁੜ ਬਹਾਲ ਕਰਨ ਦੇ ਯਤਨ ਹੋਣ। ਮੈਨੂੰ ਵੱਖ-ਵੱਖ ਡੰਪ ਪ੍ਰੋਜੈਕਟਾਂ ਰਾਹੀਂ ਰੀਸਾਈਕਲਿੰਗ ਕਰਕੇ ਨਵੇਂ ਪਦਾਰਥ/ਬਾਇਓ ਖਾਦ ਬਣਾਉਣ ਦੀ ਵਿਵਸਥਾ ਕੀਤੀ ਜਾਵੇ। ਫਿਰ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ ਯਾਨੀ ਮੇਰੀ ਵੀ ਮੁਕਤੀ ਤੇ ਮੇਰੀਆਂ ਹਮਸਾਇਆ ਬਹੁਤ ਸਾਰੀਆਂ ਬਿਮਾਰੀਆਂ ਤੋਂ ਤੁਹਾਡੀ ਵੀ ਮੁਕਤੀ।
ਸੰਪਰਕ: 98764-74858

