ਵਾਢੀ ਦੀ ਰੁੱਤ
ਅਰਜਨ ਸਿੰਘ ਦੀ ਅੱਖ ਖੁੱਲ੍ਹੀ ਤਾਂ ਚੁਬਾਰੇ ਦੀ ਪੂਰਬ ਵੱਲ ਦੀ ਖਿੜਕੀ ਵਿਚ ਅੰਬਰ ਗੂੜ੍ਹਾ ਗੁਲਾਬੀ ਹੋਇਆ ਪਿਆ ਸੀ। ਉਹਨੇ ਆਪਣੇ ਸਰੀਰ ਨੂੰ ਟੋਹਿਆ। ਕੁਝ ਦਿਨਾਂ ਦੀ ਬੀਮਾਰੀ ਕਾਰਨ ਅੱਖ ਖੁਲ੍ਹਦਿਆਂ ਹੀ ਉੱਠ ਬੈਠਣ ਤੋਂ ਝਿਜਕ ਆਉਣ ਲੱਗੀ ਸੀ। ਕੀ...
ਅਰਜਨ ਸਿੰਘ ਦੀ ਅੱਖ ਖੁੱਲ੍ਹੀ ਤਾਂ ਚੁਬਾਰੇ ਦੀ ਪੂਰਬ ਵੱਲ ਦੀ ਖਿੜਕੀ ਵਿਚ ਅੰਬਰ ਗੂੜ੍ਹਾ ਗੁਲਾਬੀ ਹੋਇਆ ਪਿਆ ਸੀ। ਉਹਨੇ ਆਪਣੇ ਸਰੀਰ ਨੂੰ ਟੋਹਿਆ। ਕੁਝ ਦਿਨਾਂ ਦੀ ਬੀਮਾਰੀ ਕਾਰਨ ਅੱਖ ਖੁਲ੍ਹਦਿਆਂ ਹੀ ਉੱਠ ਬੈਠਣ ਤੋਂ ਝਿਜਕ ਆਉਣ ਲੱਗੀ ਸੀ। ਕੀ ਪਤਾ ਅੱਜ ਵੀ ਉਠਿਆ ਜਾਵੇ ਕਿ ਨਾ। ਕਿੰਨਾ ਹੀ ਚਿਰ ਉਹ ਜਾਗਦਾ ਪਿਆ ਰਿਹਾ। ਖਿੜਕੀ ਵਿਚ ਪੂਰਬ ਦਾ ਰੰਗ ਪਤਲਾ ਪੈਣ ਲੱਗ ਪਿਆ। ਗੁਲਾਬੀ ਭਾਹ ਖੁਰਦੀ-ਖੁਰਦੀ ਸਫ਼ੈਦੀ ਵਿੱਚ ਬਦਲਣ ਲੱਗੀ। ਆਖ਼ਰ ਦੁਮੇਲ ਉਤੇ ਸੂਰਜ ਦੀ ਕੰਨੀ ਦਿਖਾਈ ਦੇਣ ਲੱਗ ਪਈ।
ਉਹ ਹੰਭਲਾ ਮਾਰ ਕੇ ਬੈਠਾ ਹੋ ਗਿਆ। ਮੂੰਹ ਉਤੋਂ ਦੀ ਹੱਥ ਫੇਰ ਕੇ ਉਹਨੇ ਆਪਣੀਆਂ ਦੋਵੇਂ ਹਥੇਲੀਆਂ ਅੱਖਾਂ ਸਾਹਮਣੇ ਫੈਲਾ ਲਈਆਂ। ਸਾਰੀ ਉਮਰ ਕਿਸਮਤ ਉਹਦੇ ਨਾਲ ਰਹੀ ਸੀ। ਜਿਸ ਕੰਮ ਨੂੰ ਉਹ ਹੱਥ ਪਾਉਂਦਾ, ਉਹੋ ਸਿੱਧ ਹੁੰਦਾ ਤੁਰਿਆ ਜਾਂਦਾ। ਜਿਸ ਪਾਸੇ ਵੱਲ ਉਹ ਪੈਰ ਰਖਦਾ, ਰਾਹ ਆਪਣੇ ਆਪ ਖੁਲ੍ਹਦੇ ਜਾਂਦੇ। ਕਿਸੇ ਗੱਲ ਦਾ ਉਹਨੂੰ ਕਦੀ ਵਿਗੋਚਾ ਨਹੀਂ ਸੀ ਝੱਲਣਾ ਪਿਆ। ਕਿਸੇ ਗੱਲ ਦੀ ਕਦੀ ਕੋਈ ਘਾਟ ਮਹਿਸੂਸ ਨਹੀਂ ਸੀ ਹੋਈ। ਉਹ ਆਪਣੇ ਹੱਥਾਂ ਦੀਆਂ ਰੇਖਾਵਾਂ ਨੂੰ ਵਡਭਾਗੀਆਂ ਸਮਝਦਾ ਅਤੇ ਸਵੇਰੇ-ਸਵੇਰੇ ਉੱਠ ਕੇ ਅੱਖਾਂ ਖੋਲ੍ਹਣ ਤੋਂ ਮਗਰੋਂ ਕਿਸੇ ਹੋਰ ਨੂੰ ਮੱਥੇ ਲਾਉਣ ਦੀ ਥਾਂ ਸਭ ਤੋਂ ਪਹਿਲਾਂ ਆਪਣੇ ਭਾਗਾਂ ਦੀਆਂ ਰੇਖਾਵਾਂ ਦੇ ਹੀ ਜੀਅ ਭਰ ਕੇ ਦਰਸ਼ਨ ਕਰਦਾ।
ਪੈਰਾਂ ਵਿੱਚ ਜੁੱਤੀ ਫਸਾ ਕੇ ਖੜ੍ਹੇ ਹੁੰਦਿਆਂ ਉਹਨੇ ਅੰਗੜਾਈ ਲਈ। ਹੱਡਾਂ ਦੇ ਜੋੜਾਂ ਵਿੱਚ ਕਿੜ-ਕਿੜ ਹੋਈ ਅਤੇ ਸਾਰੀ ਦੇਹ ਖੁੱਲ੍ਹ ਗਈ। ਸਰੀਰ ਕਈ ਦਿਨਾਂ ਤੋਂ ਕੁਝ ਢਿੱਲਾ ਸੀ। ਮਨ ਵੀ ਠੀਕ ਨਹੀਂ ਸੀ। ਸਾਰੀ ਉਮਰ ਕਦੀ ਉਹਦਾ ਪਿੰਡਾ ਗਰਮ ਤੱਕ ਨਹੀਂ ਸੀ ਹੋਇਆ। ਬੀਮਾਰੀਆਂ ਦੀਆਂ ਗੱਲਾਂ ਅਤੇ ਰੋਗਾਂ ਦੀਆਂ ਪੀੜਾਂ ਉਹ ਦੂਜਿਆਂ ਤੋਂ ਹੀ ਸੁਣਦਾ ਆਇਆ ਸੀ। ਇਹ ਪਹਿਲੀ ਵਾਰ ਸੀ ਕਿ ਪਹਿਲਾਂ ਉਹਨੂੰ ਹੱਡ-ਭੰਨਣੀ ਜਿਹੀ ਮਹਿਸੂਸ ਹੋਈ ਅਤੇ ਫੇਰ ਸਰੀਰ ਡਿੱਗੂੰ-ਡਿੱਗੂੰ ਕਰਨ ਲੱਗਿਆ। ਕਈ ਦਿਨ ਤਾਂ ਉਹਤੋਂ ਮੰਜੇ ਤੋਂ ਉਠਿਆ ਹੀ ਨਾ ਗਿਆ। ਅੱਜ ਤੱਕ ਵੀ ਉਹ ਪੂਰੀ ਤਰ੍ਹਾਂ ਠੀਕ ਨਹੀਂ ਸੀ ਹੋਇਆ।
ਘਰੇ ਕੰਮ ਕਰਦੀਆਂ ਨੂੰਹਾਂ ਨੂੰ ਉਹਦੇ ਹੁੰਦਿਆਂ ਘੁੰਡ ਕੱਢਣਾ ਪੈਂਦਾ। ਕੰਮ-ਧੰਦੇ ਦਾ ਸ਼ੋਰ-ਸ਼ਰਾਬਾ ਅਤੇ ਬੱਚਿਆਂ ਦਾ ਖੇਡਣਾ, ਰੌਲਾ-ਰੱਪਾ ਤੇ ਚੀਕ-ਚਿਹਾੜਾ ਵੀ ਸਭ ਜਿਵੇਂ ਕੰਨਾਂ ਨੂੰ ਚੰਗਾ ਨਹੀਂ ਸੀ ਲੱਗਦਾ। ਉਹ ਢਿੱਲਾ ਹੁੰਦਿਆਂ ਹੀ ਪੌੜੀਆਂ ਚੜ੍ਹ ਕੇ ਚੁਬਾਰੇ ਵਿੱਚ ਆ ਪਿਆ ਸੀ।
ਪਿੰਡ ਵਾਲੇ ਪੁਰਾਣੇ ਘਰ ਵਿਚੋਂ ਨਿੱਕਲ ਕੇ ਜਦੋਂ ਅਰਜਨ ਸਿੰਘ ਨੇ ਆਪਣੇ ਮੁਰੱਬੇ ਦੇ ਵਿਚਕਾਰ ਇਹ ਖੁੱਲ੍ਹਾ ਪੱਕਾ ਘਰ ਬਣਾਇਆ ਸੀ, ਉਹਨੇ ਨਾਲ ਹੀ ਚੁਬਾਰਾ ਵੀ ਛੱਤ ਲਿਆ ਸੀ। ਹੇਠਾਂ ਆਏ-ਗਏ ਨੂੰ ਬਿਠਾਉਣ ਲਈ ਪੱਕੀ ਬੈਠਕ ਤਾਂ ਸੀ ਪਰ ਕਈ ਮਹਿਮਾਨ ਨਿਵੇਕਲੇ ਬਿਠਾਉਣ ਵਾਲੇ ਵੀ ਹੁੰਦੇ ਸਨ। ਅਰਜਨ ਸਿੰਘ ਦੇ ਘਰ ਉਹਨਾਂ ਦਾ ਉਤਾਰਾ ਚੁਬਾਰੇ ਵਿਚ ਹੁੰਦਾ। ਖੁੱਲ੍ਹੇ ਵਿਹੜੇ ਵਿਚ ਇਕ ਪਾਸਿਓਂ ਪੌੜੀਆਂ ਚੜ੍ਹਦੀਆਂ ਸਨ। ਅਜਿਹੇ ਮਹਿਮਾਨਾਂ ਦੇ ਚੁਬਾਰੇ ਵਿਚ ਪਹੁੰਚਿਆਂ ਘਰ ਦੀਆਂ ਨੂੰਹਾਂ-ਧੀਆਂ ਬੇਝਿਜਕ ਕੰਮ-ਧੰਦਾ ਕਰ ਸਕਦੀਆਂ ਸਨ। ਉਂਜ ਆਮ ਤੌਰ ਉਤੇ ਚੁਬਾਰਾ ਬੰਦ ਹੀ ਰਹਿੰਦਾ। ਪਰਿਵਾਰ ਲਈ ਤਾਂ ਥਾਂ ਹੇਠਾਂ ਹੀ ਬਹੁਤ ਸੀ।
ਅਰਜਨ ਸਿੰਘ ਬੀਮਾਰ ਹੋ ਕੇ ਚੁਬਾਰੇ ਵਿਚ ਪਿਆ ਤਾਂ ਇਕ ਵਾਰ ਤਾਂ ਉਹਨੂੰ ਅਜੀਬ-ਅਜੀਬ ਲੱਗਿਆ। ਪਰ ਟੱਬਰ ਦੇ ਜੀਅ ਵਾਰ-ਵਾਰ ਚਾਹ-ਪਾਣੀ ਪੁਛਦੇ। ਦਵਾਈ ਵੇਲੇ ਦੁੱਧ ਦੀਆਂ ਘੁੱਟਾਂ ਨਾਲ ਦਵਾਈ ਦਿੰਦੇ। ਉਹਦੀ ਘਰ ਵਾਲੀ ਜੈਕੁਰ ਉਹਨੂੰ ਇਕੱਲਾ ਨਾ ਰਹਿਣ ਦਿੰਦੀ। ਉਹ ਮੁੜ-ਮੁੜ ਕੇ ਗੇੜੇ ਮਾਰਦੀ। ਖੇਤੋਂ ਆ ਕੇ ਮੁੰਡੇ ਪਹਿਲਾਂ ਉਹਦਾ ਪਤਾ ਲੈਂਦੇ, ਫੇਰ ਪਿੰਡੇ ਪਾਣੀ ਪਾਉਂਦੇ। ਨੂੰਹਾਂ ਦੁੱਧ-ਚਾਹ ਲੈ-ਲੈ ਆਉਂਦੀਆਂ। ਜਾਂ ਫਿਰ ਜੈਕੁਰ ਗਿੰਦਰ-ਮਹਿੰਦਰ ਦੇ ਬੱਚਿਆਂ ਵਿਚੋਂ ਕਿਸੇ ਇਕ ਨੂੰ ਚੁਬਾਰੇ ਵਿਚ ਭੇਜ ਦਿੰਦੀ। ਉਹ ਬਾਬੇ ਕੋਲ ਬੈਠਾ ਰਹਿੰਦਾ ਅਤੇ ਕਿਤਾਬਾਂ-ਕਾਪੀਆਂ ਖੋਲ੍ਹ ਕੇ ਸਕੂਲ ਦਾ ਕੰਮ ਕਰਦਾ ਰਹਿੰਦਾ।
ਸੱਠ ਸਾਲ ਦੀ ਅਰੋਗ ਉਮਰ ਬਿਤਾ ਕੇ ਅਰਜਨ ਸਿੰਘ ਨੂੰ ਏਨੀਂ ਕੁ ਬੀਮਾਰੀ ਵੀ ਪਹਾੜ ਲਗਦੀ। ਕਦੇ ਬਚਪਣ ਵਿਚ ਖਸਰਾ ਨਿਕਲਿਆ ਹੋਵੇ ਜਾਂ ਦੰਦੀਆਂ ਕੱਢਣ ਵੇਲੇ ਸਿਰ-ਪੇਟ ਦੁਖਿਆ ਹੋਵੇ, ਇਹ ਉਹਦੇ ਯਾਦ ਨਹੀਂ ਸੀ। ਪਰ ਜਦੋਂ ਤੋਂ ਉਹਦੀ ਸੁਰਤ ਸੰਭਲੀ ਸੀ, ਉਹ ਲੋਹੇ ਦੀ ਲੱਠ ਵਾਂਗ ਤਕੜਾ ਰਿਹਾ ਸੀ।
ਸੱਠ ਸਾਲ ਦੀ ਉਮਰ ਵਿਚ ਵੀ ਉਹਦਾ ਚਿਹਰਾ ਭਰਵਾਂ ਸੀ ਅਤੇ ਸੂਹੀ ਭਾਹ ਮਾਰਦਾ ਸੀ। ਉਹਦੇ ਤਾਂ ਦਾੜ੍ਹੀ ਦੇ ਵਾਲ ਵੀ ਅਜੇ ਸਾਰੇ ਸਫ਼ੈਦ ਨਹੀਂ ਸਨ ਹੋਏ। ਉਹਦੇ ਹਾਣੀ ਕਈ ਤਾਂ ਮਰ ਗਏ ਸਨ, ਕਈ ਮਰਿਆਂ ਵਰਗੇ ਸਨ। ਕੋਈ ਵਿਰਲਾ-ਟਾਵਾਂ ਹੀ ਉਹਦੇ ਵਾਂਗ ਤਨ-ਮਨ ਦਾ ਨਰੋਆ ਰਹਿ ਗਿਆ ਸੀ।
ਸੱਥ ਵਿਚ ਅਰਜਨ ਸਿੰਘ ਦੀ ਗੱਲ ਪਿੱਠ-ਪਿੱਛੇ ਛਿੜਦੀ ਤਾਂ ਲੋਕ ਉਹਦੀ ਤੰਦਰੁਸਤੀ ਉਤੇ ਰਸ਼ਕ ਕਰਦੇ।
-ਮੈਂ ਕਿਹਾ, ਦੇਖ ਲੈ ਇਹਨੂੰ, ਟਾਹਲੀ ਵਰਗਾ ਪਿਆ ਐ।
-ਚਿਹਰੇ ਦੀ ਰੰਗਤ ਤਾਂ ਦੇਖੋ।
-ਉਇ ਭਾਈ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਨੇ।
-ਖੁਰਾਕਾਂ ਕੀ ਇਹਦੀਆਂ ਅਲਹਿਦੀਆਂ ਖਾਧੀਆਂ ਹੋਈਆਂ ਨੇ। ਓਦੋਂ ਤਾਂ ਸਾਰੇ ਹੀ ਖਾਂਦੇ ਸੀ। ਦੁੱਧ-ਘਿਓ ਆਮ ਹੁੰਦਾ ਸੀ ਜੱਟਾਂ ਦੇ ਘਰੀਂ। ਆਹ ਘਰ-ਘਰ ਵਿਚੋਂ ਦੁੱਧ ਦੀ ਬੂੰਦ-ਬੂੰਦ ਸ਼ਹਿਰ ਲੈ ਵੜਦੇ ਢੋਲਾਂ ਵਾਲਿਆਂ ਦਾ ਕੰਜਰਖਾਨਾ ਨਹੀਂ ਸੀ ਹੁੰਦਾ।
-ਤੂੰ ਇਉਂ ਦੇਖ ਲਈਂ, ਗਿੰਦਰ ਤੇ ਮਹਿੰਦਰ ਬੁੜ੍ਹੇ ਹੋ ਜਾਣਗੇ, ਅਰਜਨ ਸਿਉਂ ਇਉਂ ਦਾ ਇਉਂ ਹੀ ਰਹੂ।
-ਬਈ ਇਹ ਗੱਲ ਤੂੰ ਲੱਖ ਰੁਪਈਏ ਦੀ ਕਹੀ। ਅਰਜਨ ਸਿਉਂ ਨਹੀਂ ਹੁੰਦਾ ਬੁੜ੍ਹਾ। ਇਹਨੂੰ ਕਦੋਂ ਦੇ ਇਹੋ ਜਿਹਾ ਹੀ ਦੇਖਦੇ ਆਂ।
ਕੋਈ ਜਣਾ ਵਿਚੋਂ ਈਰਖਾ ਨਾਲ ਇਹ ਵੀ ਆਖ ਦਿੰਦਾ, ‘‘ਉਇ ਯਾਰੋ, ਚੰਗਾ ਖਾਧਾ ਐ, ਚੰਗਾ ਪਹਿਨਿਆ ਐ, ਆਰਾਮ-ਦਾਰੀ ਭੋਗੀ ਐ ਸਾਰੀ ਉਮਰ, ਡੱਕਾ ਭੰਨ ਕੇ ਕਦੇ ਦੂਹਰਾ ਨ੍ਹੀਂ ਕੀਤਾ, ਸੰਸਾ ਨੀ, ਫਿਕਰ ਨੀ, ਇਹ ਬੁੜ੍ਹਾ ਕਿਉਂ ਹੋਊ?’’
ਦੂਜਾ ਕੋਈ ਉਹਦੀ ਪੁਸ਼ਟੀ ਕਰਦਾ, ‘‘ਆਹੋ ਭਾਈ, ਪਹਿਲਾਂ ਇਹਦਾ ਪਿਉ ਤੇ ਚਾਚਾ, ਗੱਜਣ-ਸੱਜਣ, ਦੋਵੇਂ ਬੁੜ੍ਹੇ ਕਮਾਉਂਦੇ ਰਹੇ। ਉਹਨਾਂ ਦੇ ਹੁੰਦਿਆਂ ਹੀ ਗਿੰਦਰ-ਮਹਿੰਦਰ ਉਡਾਰ ਹੋ ਗਏ। ਇਹ ਤਾਂ ਵਿਚ-ਵਿਚਾਲੇ ਹੀ ਰਿਹਾ, ਖੜ੍ਹੀ ਖੇਡ ਉਤੇ।’’
ਕੋਈ ਹੋਰ ਆਖਦਾ, ‘‘ਸਭ ਕਿਸਮਤ ਦੀਆਂ ਗੱਲਾਂ ਨੇ।’’
ਤੇ ਆਖ਼ਰ ਕੋਈ ਗੱਲ ਮੁਕਦੀ ਕਰਦਾ, ‘‘ਕਿਸਮਤ-ਕੁਸਮਤ ਕਿਹੜੀ, ਬੱਸ ਦਾਅ ਲੱਗੇ ਦੀ ਗੱਲ ਐ। ਕਈ ਸਾਰੀ ਉਮਰ ਇੱਥੇ ਬਾਦਸ਼ਾਹੀ ਭੋਗ ਕੇ ਜਾਂਦੇ ਐ, ਕਈ ਨਰਕ ਭੋਗਦੇ ਤੁਰ ਜਾਂਦੇ ਐ!’’
ਪਤਾ ਨਹੀਂ ਕਿਸਮਤ ਸੀ ਕਿ ਦਾਅ ਲੱਗਿਆ ਸੀ, ਭੋਗੀ ਅਰਜਨ ਸਿੰਘ ਨੇ ਸਾਰੀ ਉਮਰ ਬਾਦਸ਼ਾਹੀ ਹੀ ਸੀ, ਕੀਤੀਆਂ ਉਹਨੇ ਸਾਰੀ ਉਮਰ ਮੌਜਾਂ ਹੀ ਸਨ।
ਉਹ ਗੱਜਣ ਸਿੰਘ ਦਾ ਇਕੋ ਪੁੱਤਰ ਸੀ, ਦੋ ਧੀਆਂ ਮਗਰੋਂ ਹੋਇਆ। ਉਹਦੇ ਚਾਚੇ ਸੱਜਣ ਸਿੰਘ ਦੀ ਪਤਨੀ ਕੁੱਖ ਹਰੀ ਹੋਏ ਬਿਨਾਂ ਹੀ ਅਧੇੜ ਉਮਰ ਵਿੱਚ ਮਰ ਗਈ ਸੀ। ਇਉਂ ਅਰਜਨ ਇਕ ਤਰ੍ਹਾਂ ਨਾਲ ਦੋ ਘਰਾਂ ਦਾ ਇਕ ਪੁੱਤ ਸੀ। ਉਹ ਚੰਗਾ ਖਾਂਦਾ ਅਤੇ ਢੋਲੇ ਦੀਆਂ ਲਾਉਂਦਾ। ਦੋ ਭਰਾਵਾਂ ਦੇ ਘਰ ਇਕੋ-ਇਕ ਪੁੱਤਰ ਹੋਣ ਕਰਕੇ ਗੱਜਣ-ਸੱਜਣ ਉਹਨੂੰ ਮੂੰਹ ਪਾੜ ਕੇ ਕੋਈ ਕੰਮ ਨਾ ਆਖਦੇ। ਜੇ ਕਦੇ ਆਪ ਉਹਦਾ ਦਿਲ ਕਰਦਾ, ਉਹ ਕਿਸੇ ਕੰਮ ਨੂੰ ਹੱਥ ਪੁਆ ਦਿੰਦਾ, ਨਹੀਂ ਤਾਂ ਉਹ ਘਰ ਦੇ ਉਤਲੇ ਕੰਮਾਂ ਉਤੇ ਹੀ ਰਹਿੰਦਾ। ਅਜਿਹੇ ਕੰਮ ਸਮਾਂ ਤਾਂ ਮੰਗਦੇ ਹੁੰਦੇ ਹਨ, ਪਰ ਜੱਟ ਵਾਲੀ ਹੱਡ-ਤੋੜਵੀਂ ਖੇਚਲ ਨਹੀਂ। ਗੱਜਣ-ਸੱਜਣ ਨੂੰ ਇਹੋ ਬਹੁਤ ਸੀ ਕਿ ਉਹਨਾਂ ਨੂੰ ਖੇਤੀ ਦੇ ਕੰਮ ਛੱਡ ਕੇ ਨਿੱਕੀਆਂ-ਮੋਟੀਆਂ ਗੱਲਾਂ ਉਤੇ ਸਮਾਂ ਨਹੀਂ ਸੀ ਗੁਆਉਣਾ ਪੈਂਦਾ। ਇਕੱਲਾ ਪੁੱਤ ਹੋਣ ਕਰਕੇ ਉਹਨੂੰ ਦੁੱਧ-ਘਿਉ ਵੀ ਖੁੱਲ੍ਹਾ ਮਿਲਦਾ। ਸਾਰਾ ਟੱਬਰ ਜਿਵੇਂ ਉਹਨੂੰ ਛੇਤੀ-ਛੇਤੀ ਗੱਭਰੂ ਹੋਇਆ ਦੇਖਣਾ ਚਾਹੁੰਦਾ ਸੀ।
ਜਿਉਂ ਹੀ ਅਰਜਨ ਨੇ ਜਵਾਨੀ ਵਿਚ ਪੈਰ ਧਰਿਆ, ਉਹਦਾ ਵਿਆਹ ਕਰ ਦਿੱਤਾ ਗਿਆ ਤੇ ਉਹਦੇ ਘਰ ਅੱਗੜ-ਪਿੱਛੜ ਗਿੰਦਰ ਅਤੇ ਮਹਿੰਦਰ ਹੋ ਗਏ। ਸੁਰਤ ਸੰਭਲੀ ਤੋਂ ਉਹ ਮਾਲ-ਡੰਗਰ ਚਾਰਨ ਲੱਗੇ। ਫੇਰ ਉਹ ਖੇਤੀ ਦੇ ਨਿੱਕੇ-ਮੋਟੇ ਕੰਮਾਂ ਨੂੰ ਹੱਥ ਪਾਉਣ ਲੱਗੇ ਅਤੇ ਅੰਤ ਨੂੰ ਵਧੀਆ ਕਿਸਾਨ ਨਿਕਲ ਆਏ। ਗੱਜਣ-ਸੱਜਣ ਕੰਮ ਕਰਦੇ ਜਾਂ ਗਿੰਦਰ-ਮਹਿੰਦਰ। ਅਰਜਨ ਸਿੰਘ ਪਹਿਲਾਂ ਵਾਂਗ ਹੀ ਸ਼ਹਿਰੋਂ ਬੀ, ਤੇਲ ਜਾਂ ਖਾਦ ਲਿਆਉਂਦਾ ਜਾਂ ਘਰ-ਖੇਤ ਦੇ ਤੋਰੇ-ਫੇਰੇ ਵਾਲੇ ਕੰਮ ਕਰ ਛਡਦਾ।
ਜਦੋਂ ਨੂੰ ਕੁਝ ਸਾਲਾਂ ਦੀ ਵਿੱਥ ਨਾਲ ਦੋਵੇਂ ਬਜ਼ੁਰਗ ਪੂਰੇ ਹੋਏ, ਦੋਵਾਂ ਮੁੰਡਿਆਂ ਨੇ ਕੰਮ ਪੂਰੀ ਤਰ੍ਹਾਂ ਸਾਂਭ ਲਿਆ ਸੀ। ਉਹ ਸੀਰੀ ਰੱਖ ਲੈਂਦੇ ਅਤੇ ਪਸ਼ੂ-ਡੰਗਰ ਸਾਂਭਣ ਲਈ ਪਾਲੀ ਰੱਖ ਛੱਡਦੇ। ਹੁਣ ਉਹਨਾਂ ਦੇ ਬਚਪਣ ਵਾਲਾ ਜ਼ਮਾਨਾ ਤਾਂ ਹੈ ਹੀ ਨਹੀਂ ਸੀ ਕਿ ਉਹਨਾਂ ਦੇ ਮੁੰਡੇ ਡੰਗਰ ਚਾਰਨ। ਉਹਨਾਂ ਦੇ ਵੱਡੇ ਬੱਚੇ ਸਕੂਲ ਪੜ੍ਹਨ ਜਾਂਦੇ ਸਨ। ਛੋਟੇ ਅਜੇ ਨਿਆਣੇ ਸਨ।
ਧੋਤੇ ਹੋਏ ਕੱਪੜੇ ਪਾ ਕੇ ਅਰਜਨ ਸਿੰਘ ਮੋਢੇ ਉਤੇ ਪਰਨਾ ਰੱਖਦਾ। ਜੇ ਕਦੇ ਸੱਥ ਵਿੱਚ ਜਾਂਦਾ ਤਾਂ ਬੈਠਣ ਤੋਂ ਪਹਿਲਾਂ ਉਹ ਤਖ਼ਤਪੋਸ਼ ਜਾਂ ਚੌਂਤਰੇ ਨੂੰ ਪਰਨੇ ਨਾਲ ਝਾੜਦਾ। ਬੈਠਣ ਮਗਰੋਂ ਉਹ ਸੁਤੇ-ਸਿਧ ਹੀ ਜੁੱਤੀ ਲਾਹ ਕੇ ਪਰਨੇ ਨਾਲ ਪੈਰ ਪੂੰਝਦਾ। ਉਥੇ ਬੈਠੇ ਸਭ ਜੱਟਾਂ ਦੇ ਗਿੱਟਿਆਂ ਉਤੇ ਮੈਲ ਜੰਮੀ ਹੋਈ ਹੁੰਦੀ। ਅਰਜਨ ਸਿੰਘ ਦੇ ਪੈਰ ਝਾਮੇ ਨਾਲ ਰਗੜੇ ਹੋਏ ਹੁੰਦੇ।
ਕਦੀ-ਕਦੀ ਤਾਂ ਕੋਈ ਉਹਦੇ ਮੂੰਹ ਉਤੇ ਹੀ ਆਖ ਦਿੰਦਾ, ‘‘ਅਰਜਨ ਸਿਆਂ, ਕਿਹੜੇ ਮਜੂਨ ਛਕਦਾ ਹੈਂ ਯਾਰ, ਸਾਨੂੰ ਵੀ ਦੇ-ਦੇ ਕੋਈ ਗੁਰ ਆਪਣੇ ਵਾਂਗੂੰ ਤਕੜੇ ਰਹਿਣ ਦਾ।’’
ਅਜਿਹੇ ਵੇਲੇ ਉਹ ਉਤੋਂ-ਉਤੋਂ ਹੱਸ ਛਡਦਾ, ਪਰ ਅੰਦਰੋਂ ਦੁਖੀ ਹੁੰਦਾ। ਉਹਨੂੰ ਡਰ ਲਗਦਾ, ਇਹ ਲੋਕ ਉਹਨੂੰ ਨਜ਼ਰ ਲਾ ਕੇ ਹੀ ਛੱਡਣਗੇ।
ਅੱਜ ਚੁਬਾਰੇ ਵਿਚੋਂ ਬਾਹਰ ਨਿੱਕਲ ਕੇ ਛੱਤ ਉਤੇ ਪਏ ਮੰਜੇ ਉਤੇ ਬੈਠਦਿਆਂ ਉਹਨੇ ਸੋਚਿਆ- ਪਤਾ ਨਹੀਂ ਕਿਹੜੇ ਸਾਲੇ ਦੀ ਨਜ਼ਰ ਲੱਗ ਗਈ ਦੇਹ ਨੂੰ।
ਨਜ਼ਰ ਲੱਗਣ ਦਾ ਵਹਿਮ ਤਾਂ ਉਹਦੇ ਮਨ ਵਿਚ ਉਸੇ ਦਿਨ ਆ ਗਿਆ ਸੀ, ਜਦੋਂ ਉਹਨੂੰ ਮੰਜੇ ਉਤੇ ਪੈਣਾ ਪੈ ਗਿਆ ਸੀ। ਉਹਨੇ ਇਹ ਸ਼ੰਕਾ ਜੈਕੁਰ ਨਾਲ ਵੀ ਸਾਂਝਾ ਕੀਤਾ। ਅੰਦਰੋਂ ਜੈਕੁਰ ਦੀ ਵੀ ਤਾਰ ਝੱਟ ਖੜਕ ਗਈ। ਹੋਵੇ ਨਾ ਹੋਵੇ, ਲੱਗੀ ਤਾਂ ਕਿਸੇ ਦੀ ਨਜ਼ਰ ਹੀ ਸੀ। ਪਰ ਅਰਜਨ ਸਿੰਘ ਦਾ ਦਿਲ ਧਰਾਉਣ ਲਈ ਉਹ ਬੋਲੀ, ‘‘ਹੂੰ, ਨਜ਼ਰ ਨਾ ਕਿਤੇ ਕੁਛ ਹੋਰ। ਨਜ਼ਰ ਨੂੰ ਕੀ ਤੂੰ ਖਾੜੇ ਵਿਚ ਕੁਸ਼ਤੀ ਲੜਨ ਉੱਤਰਿਆ ਸੀ।’’
ਉਹ ਝੱਟ ਬੋਲਿਆ ਸੀ, ‘‘ਤੈਨੂੰ ਨਹੀਂ ਪਤਾ ਕੰਜਰ ਲੋਕਾਂ ਦਾ। ਜਦੋਂ ਗੱਲ ਕਰਦੇ ਨੇ, ਕਹਿੰਦੇ ਨੇ, ਕੀ ਮਜੂਨ ਛਕਦਾ ਐਂ ਅਰਜਨ ਸਿਆਂ। ਨਜ਼ਰ ਬੁਰੀ ਹੁੰਦੀ ਐ ਜੈਕੁਰੇ, ਪੱਥਰਾਂ ਨੂੰ ਪਾੜ ਦਿੰਦੀ ਐ ਨਜ਼ਰ ਤਾਂ।’’
‘‘ਲੈ ਜੇ ਤੈਨੂੰ ਇਹ ਭਰਮ ਐ, ਨਜ਼ਰ ਤਾਂ ਮੈਂ ਲਾਹ ਦੇਊਂ।’’, ਜੈਕੁਰ ਹੌਸਲੇ ਨਾਲ ਬੋਲੀ। ‘‘ਸਵੇਰੇ ਅੰਮ੍ਰਿਤ ਵੇਲੇ ਨਜ਼ਰ ਅੱਗ ਵਿੱਚ ਪਾ ਦੇਊਂ।’’
‘‘ਕੀ ਪਤੈ ਕਿਹੜੇ ਸਾਲੇ ਨੇ ਲਾਈ ਐ’’, ਅਰਜਨ ਸਿੰਘ ਬੇਉਤਸਾਹਾ ਬੋਲਿਆ, ‘‘ਕੀਹਦੀ ਨਜ਼ਰ ਅੱਗ ਵਿਚ ਪਾਵੇਂਗੀ।’’
‘‘ਕੀਹਦੀ ਨਜ਼ਰ?’’ ਜੈਕੁਰ ਨੇ ਹੁਸ਼ਿਆਰੀ ਦਿਖਾਈ, ‘‘ਤੜਕੇ ਲੋਅ ਹੁੰਦੀ ਨਾਲ ਪਿੰਡ ਦੇ ਚਾਰੇ ਪੱਕੇ ਦਰਵਾਜ਼ਿਆਂ ਤੋਂ ਮੁੱਠੀ-ਮੁੱਠੀ ਮਿੱਟੀ ਲਿਆਊਂ। ਸਾਰਾ ਪਿੰਡ ਤਾਂ ਉਹਨਾਂ ਵਿਚੋਂ ਦੀ ਹੀ ਲੰਘਦਾ ਐ।’’
ਇਹ ਗੱਲ ਅਰਜਨ ਸਿੰਘ ਨੂੰ ਵੀ ਜਚ ਗਈ।
ਸੁਵਖਤੇ ਅੱਗ ਬਾਲ ਕੇ ਜੈਕੁਰ ਨੇ ਪਿੰਡ ਦੇ ਚਾਰੇ ਦਰਵਾਜ਼ਿਆਂ ਤੋਂ ਲਿਆਂਦੀ ਹੋਈ ਮਿੱਟੀ ਹੀ ਉਸ ਵਿਚ ਨਾ ਪਾਈ, ਸਗੋਂ ਲਾਲ ਮਿਰਚਾਂ ਦੀ ਮੁੱਠੀ ਵੀ ਸਾਰੇ ਪਿੰਡ ਵੱਲ ਸੱਤ ਵਾਰ ਘੁਮਾ ਕੇ ਲਾਟਾਂ ਵਿਚ ਸੁੱਟ ਦਿੱਤੀ।
ਹੁਣ ਨਜ਼ਰ ਵੱਲੋਂ ਜੈਕੁਰ ਤਾਂ ਨਿਸ਼ਚਿੰਤ ਹੋ ਗਈ ਅਤੇ ਕਿਸੇ ਹੱਦ ਤੱਕ ਅਰਜਨ ਸਿੰਘ ਵੀ। ਪਰ ਉਹਨੂੰ ਕਈ ਦਿਨ ਮੰਜੇ ਉਤੇ ਪੈਣਾ ਹੀ ਪਿਆ।
ਛੱਤ ਉਤੇ ਅਰਜਨ ਸਿੰਘ ਦੀ ਪੈੜ-ਚਾਲ ਸੁਣ ਕੇ ਜੈਕੁਰ ਨੇ ਗਿੰਦਰ ਦੀ ਗੁੱਡੀ ਹੱਥ ਚਾਹ ਭੇਜ ਦਿੱਤੀ। ਕੌਲੀ ਨਾਲ ਢਕੀ ਹੋਈ ਚਿਲਕਣੀ ਗੜਵੀ ਉਹਨੇ ਪੌਣੇ ਨਾਲ ਫੜ ਕੇ ਮੰਜੇ ਦੇ ਸਰ੍ਹਾਣੇ ਬਨੇਰੇ ਉਤੇ ਲਿਆ ਰੱਖੀ।
ਨਿੱਕੀ ਜਿਹੀ ਗੁੱਡੀ ਨੂੰ ਕੱਪੜੇ ਨਾਲ ਫੜ ਕੇ ਤੱਤੀ ਗੜਵੀ ਲਿਆਉਂਦੀ ਦੇਖ ਅਰਜਨ ਸਿੰਘ ਲਾਡ ਨਾਲ ਬੋਲਿਆ, ‘‘ਲਿਆ ਬਈ, ਮੇਰਾ ਸ਼ੇਰ ਪੁੱਤ! ਤੂੰ ਪੀ ਲਈ ਚਾਹ ਮੇਰਿਆ ਬੱਚੂਆ?’’
ਕੁੜੀ ਸੰਗਦਿਆਂ-ਸੰਗਦਿਆਂ ਬੋਲੀ, ‘‘ਚਾਹ ਤਾਂ ਅੰਬੋ ਨੇ ਕਦੋਂ ਦੀ ਕਰ ਲਈ ਸੀ, ਬਾਬਾ ਜੀ! ਮੈਂ ਦੇਖ ਕੇ ਗਈ। ਤੁਸੀਂ ਤਾਂ ਅਜੇ ਚੁਬਾਰੇ ਵਿਚ ਸੁੱਤੇ ਪਏ ਸੀ। ਅਸੀਂ ਸਾਰਿਆਂ ਨੇ ਚਾਹ ਪੀ ਵੀ ਲਈ। ਅੰਬੋ ਕਹਿੰਦੀ, ਜਦੋਂ ਤੇਰੇ ਬਾਬਾ ਜੀ ਜਾਗੇ, ਉਹਨਾਂ ਦੀ ਚਾਹ ਓਦੋਂ ਬਣਾ ਦਿਆਂਗੇ।’’
ਅਰਜਨ ਸਿੰਘ ਨੇ ਪਰਨੇ ਦੇ ਲੜ ਨਾਲ ਗੜਵੀ ਵਿਚੋਂ ਚਾਹ ਕੌਲੀ ਵਿਚ ਪਾਈ ਅਤੇ ਘੁੱਟ ਭਰ ਕੇ ਗੁੱਡੀ ਦੇ ਸਿਰ ਉਤੇ ਹੱਥ ਫੇਰਿਆ, ‘‘ਬੜਾ ਸਿਆਣਾ ਪੁੱਤ ਐ ਮੇਰਾ ਤਾਂ! ਬੜੀ ਸੇਵਾ ਕਰਦਾ ਐ ਬਾਬਾ ਜੀ ਦੀ!’’
ਹੇਠਾਂ ਤੋਂ ਜੈਕੁਰ ਨੇ ਆਵਾਜ਼ ਮਾਰੀ, ‘‘ਕੁੜੇ ਤੂੰ ਹੈਥੇ, ਉਤੇ ਈ ਕੀ ਕਰਨ ਲੱਗ ਪਈ ਜਾ ਕੇ?’’
‘‘ਆਈ ਅੰਬੋ’’ ਆਖ ਕੇ ਗੁੱਡੀ ਛਾਲਾਂ ਮਾਰਦੀ ਹੋਈ ਕਾਹਲੀ-ਕਾਹਲੀ ਪੌੜੀਆਂ ਉਤਰ ਗਈ।
ਅਸਲ ਵਿਚ ਅਰਜਨ ਸਿੰਘ ਨੂੰ ਕੱਲ੍ਹ ਦਿਨ ਵੇਲੇ ਰੋਟੀ ਖਾਣ ਮਗਰੋਂ ਕੁਝ ਬਹੁਤੀ ਹੀ ਨੀਂਦ ਆ ਗਈ ਸੀ। ਪਿਛਲੇਰੀ ਰਾਤ ਉਹ ਚੰਗੀ ਤਰ੍ਹਾਂ ਸੁੱਤਾ ਨਹੀਂ ਸੀ। ਸਰੀਰ ਠੀਕ ਤਾਂ ਹੋ ਗਿਆ ਸੀ, ਪਰ ਅਜੇ ਪਹਿਲਾਂ ਵਾਲੀ ਹਿੰਮਤ ਨਹੀਂ ਸੀ ਮੁੜੀ। ਹੱਡ ਅਜੇ ਚਸਕਦੇ ਰਹਿੰਦੇ ਸਨ। ਬਸ ਕਲ੍ਹ ਦੁਪਹਿਰ ਦੀ ਰੋਟੀ ਖਾ ਕੇ ਉਹ ਜਿਉਂ ਸੁੱਤਾ, ਦਿਨ ਢਲੇ ਤੋਂ ਮਗਰੋਂ ਜੈਕੁਰ ਨੇ ਹੀ ਆ ਕੇ ਜਗਾਇਆ। ਚਾਹ ਦੀ ਭਰੀ ਹੋਈ ਗੜਵੀ ਅਤੇ ਦੋ ਖਾਲੀ ਗਲਾਸ ਸਟੂਲ ਉਤੇ ਰਖਦਿਆਂ ਉਹ ਬੋਲੀ, ‘‘ਮੈਂ ਕਿਹਾ, ਅੱਜ ਬਹੁਤੀਆਂ ਹੀ ਨੀਂਦਾਂ ਆ ਗਈਆਂ ਕਿਤੋਂ। ਉੱਠ ਚਾਹ ਪੀ ਲੈ।’’ ਗਲਾਸ ਚਾਹ ਦਾ ਭਰ ਕੇ ਜੈਕੁਰ ਨੇ ਉਹਦੇ ਕੋਲ ਸਟੂਲ ਉਤੇ ਰੱਖ ਦਿੱਤਾ ਤੇ ਬਚਦੀ ਚਾਹ ਦੂਜੇ ਗਲਾਸ ਵਿਚ ਪਾ ਕੇ ਉਹ ਮੰਜੇ ਦੀ ਪੈਂਦੀਂ ਬੈਠ ਕੇ ਪੀਣ ਲੱਗ ਪਈ।
ਪਰ ਅਰਜਨ ਸਿੰਘ ਦਿਨੇ ਰੱਜ ਕੇ ਕਾਹਦਾ ਸੁੱਤਾ, ਰਾਤ ਨੀਂਦ ਆਉਣ ਵਿਚ ਹੀ ਨਾ ਆਈ। ਰੁੱਤ ਬਦਲ ਚਲੀ ਸੀ, ਪਰ ਉਹ ਤ੍ਰੇਲ ਦੇ ਡਰੋਂ ਖਿੜਕੀਆਂ ਖੋਲ੍ਹ ਕੇ ਚੁਬਾਰੇ ਵਿਚ ਹੀ ਸੌਂਦਾ ਸੀ। ਕਿਤੇ ਅੱਧੀ ਰਾਤ ਨੂੰ ਅੱਖ ਲੱਗੀ ਤਾਂ ਅੱਜ ਸਵੇਰੇ ਰੋਜ਼ ਵਾਲੇ ਵੇਲੇ ਜਾਗ ਨਾ ਆਈ। ਆਖ਼ਰ ਨੂੰ ਜਦੋਂ ਅੱਖ ਖੁੱਲ੍ਹੀ ਤਾਂ ਚੁਬਾਰੇ ਦੀ ਪੂਰਬ ਵੱਲ ਦੀ ਖਿੜਕੀ ਵਿਚ ਅੰਬਰ ਗੂੜ੍ਹਾ ਗੁਲਾਬੀ ਹੋਇਆ ਪਿਆ ਸੀ।
ਅਰਜਨ ਸਿੰਘ ਨੇ ਕੌਲੀ ਪੀ ਕੇ ਖਾਲੀ ਗੜਵੀ ਉਤੇ ਰੱਖ ਦਿੱਤੀ ਅਤੇ ਮੁੱਛਾਂ ਉਤੇ ਪਰਨੇ ਦਾ ਲੜ ਫੇਰਿਆ। ਅੱਜ ਉਹਨੇ ਚਾਹ ਅਣਪੀਤੀ ਨਹੀਂ ਸੀ ਛੱਡੀ। ਉਹਨੂੰ ਸਰੀਰ ਪਹਿਲਾਂ ਨਾਲੋਂ ਕਾਇਮ ਹੋ ਗਿਆ ਲੱਗਿਆ। ਅੱਜ ਤਾਂ ਮਨ ਵੀ ਕੁਝ ਠੀਕ ਸੀ। ਅੱਜ ਦੇਹ ਵਿਚ ਹਿੰਮਤ ਲਗਦੀ ਸੀ। ਉਹਦਾ ਜੀਅ ਕੀਤਾ, ਅੱਜ ਉਹ ਵਾਢੀ ਕਰਦੇ ਮੁੰਡਿਆਂ ਕੋਲ ਰਹੇ।
ਪਹਿਲਾਂ ਵੀ ਹਰ ਸਾਲ ਅਰਜਨ ਸਿੰਘ ਜ਼ਮੀਨ ਦੀ ਤਿਆਰੀ ਵੇਲੇ, ਬਿਜਾਈ ਵੇਲੇ, ਗੋਡੀ-ਰਾਖੀ ਵੇਲੇ ਭਾਵੇਂ ਕਦੀ ਗੇੜਾ ਨਾ ਵੀ ਮਾਰਦਾ, ਵਾਢੀ ਵੇਲੇ ਖੇਤ ਜ਼ਰੂਰ ਰਹਿੰਦਾ। ਕਣਕ ਦੀ ਫ਼ਸਲ ਲਈ ਖੇਤ ਖਾਲੀ ਛੱਡ ਕੇ ਵਾਰ-ਵਾਰ ਹਲ ਵਾਹੁਣਾ ਤਾਂ ਨੀਰਸ ਜਿਹਾ ਕੰਮ ਸੀ ਹੀ, ਅਰਜਨ ਸਿੰਘ ਨੂੰ ਖੇਤ ਬੀਜਣ ਮਗਰੋਂ ਲਗਦੇ ਛੀ ਮਹੀਨੇ ਵੀ ਬੜੇ ਅਕਾਊ ਲਗਦੇ। ਉਹ ਕਣਕ ਬੀਜੇ ਜਾਣ ਮਗਰੋਂ ਖੇਤ ਵਿਚੋਂ ਦੀ ਲੰਘਦਾ ਤਾਂ ਕਾਹਲਾ ਪੈਂਦਾ ਕਿ ਧਰਤੀ ਵਿਚੋਂ ਤੂਈਆਂ ਛੇਤੀ ਕਿਉਂ ਨਹੀਂ ਨਿੱਕਲਦੀਆਂ। ਕਣਕ ਫੁੱਟ ਪੈਂਦੀ ਤਾਂ ਉਹਨੂੰ ਕਾਹਲ ਹੁੰਦੀ ਕਿ ਇਹ ਪੂਰੇ ਖੇਤ ਨੂੰ ਹਰੀ ਚਾਦਰ ਵਾਂਗ ਕਦੋਂ ਢਕੇਗੀ। ਕਣਕ ਗਿੱਠ-ਗਿੱਠ ਹੁੰਦੀ, ਹੱਥ-ਹੱਥ ਹੁੰਦੀ, ਉਹ ਬੱਲੀਆਂ ਦੀ ਉਡੀਕ ਕਰਦਾ। ਜਦੋਂ ਬੱਲੀਆਂ ਲਗਦੀਆਂ ਤਾਂ ਅਰਜਨ ਸਿੰਘ ਦੀ ਕਾਹਲ ਮੱਠੀ ਪੈਂਦੀ।
ਬੱਲੀਆਂ ਨਿੱਕਲ ਆਉਂਦੀਆਂ ਤਾਂ ਅਰਜਨ ਸਿੰਘ ਉਹਨਾਂ ਵਿਚਲੇ ਦਾਣੇ ਗਿਣਦਾ। ਉਹ ਹਿਸਾਬ ਲਾਉਂਦਾ ਕਿ ਇਕ ਕਿੱਲੇ ਪਿੱਛੇ ਕਿੰਨੀ ਫ਼ਸਲ ਹੋ ਜਾਵੇਗੀ। ਹੁਣ ਕਿਤੇ ਜਾ ਕੇ ਉਹਦੇ ਮਨ ਨੂੰ ਸ਼ਾਂਤੀ ਆਉਂਦੀ।
ਉਹਨੇ ਖੜ੍ਹਾ ਹੋ ਕੇ ਚੁਫ਼ੇਰੇ ਨਜ਼ਰ ਮਾਰੀ। ਮੁਰੱਬੇ ਦੇ ਵਿਚਕਾਰ ਪਾਏ ਹੋਏ ਨਿਵੇਕਲੇ ਘਰ ਦੀ ਛੱਤ ਤੋਂ ਦੂਰ-ਦੂਰ ਤੱਕ ਖੇਤ ਹੀ ਖੇਤ ਦਿਸਦੇ ਸਨ। ਕਿਤੇ ਕਣਕ ਵੱਢ ਕੇ ਮੰਡਲੀਆਂ ਲਾਈਆਂ ਪਈਆਂ ਸਨ। ਕਿਤੇ ਕਣਕ ਖੜ੍ਹੀ ਸੀ ਤਾਂ ਵਾਢੇ ਵਾਢੀ ਕਰਨ ਲਈ ਆ ਉੱਤਰੇ ਸਨ। ਉਹਦੇ ਸੱਜੇ ਹੱਥ ਵੱਲ ਉਹਦਾ ਆਪਣਾ ਖੇਤ ਪਰਸੋਂ ਵੱਢਿਆ ਜਾ ਚੁੱਕਿਆ ਸੀ। ਬਸ ਕਿਤੇ-ਕਿਤੇ ਫ਼ਸਲ ਖਲੋਤੀ ਹੋਈ ਸੀ ਜੋ ਖੇਤ ਵੱਢਣ ਸਮੇਂ ਹਰੀ ਹੋਣ ਕਰਕੇ ਛੱਡ ਦਿੱਤੀ ਗਈ ਸੀ। ਕੱਲ੍ਹ ਖੱਬੇ ਹੱਥ ਵੱਲ ਦਾ ਖੇਤ ਵੱਢਿਆ ਗਿਆ ਸੀ। ਉਹਦੇ ਵਿਚ ਵੀ ਕਿਤੇ-ਕਿਤੇ ਹਰੀ ਕਣਕ ਦੀਆਂ ਦੌਗੀਆਂ ਛੱਡ ਦਿੱਤੀਆਂ ਗਈਆਂ ਸਨ। ਅੱਜ ਰਾਹ ਤੋਂ ਪਾਰ ਵਾਲੇ ਖੇਤ ਵਿਚ ਵਾਢੀ ਹੋਣੀ ਸੀ। ਤਿੱਖੀਆਂ ਦਾਤੀਆਂ ਲੈ ਕੇ ਵਾਢੇ ਜਾ ਵੀ ਪਹੁੰਚੇ ਸਨ।
ਉਹਨੇ ਸੱਜੇ-ਖੱਬੇ ਦੇ ਖੇਤਾਂ ਵਿਚ ਨਜ਼ਰ ਮਾਰੀ। ਕਣਕ ਦੀਆਂ ਤੀਹਰੀਆਂ ਮੰਡਲੀਆਂ ਲੰਮੀਆਂ ਵੀ ਬਹੁਤ ਸਨ ਅਤੇ ਉੱਚੀਆਂ ਵੀ ਬਹੁਤ। ਉਹਦਾ ਚਿੱਤ ਹੌਸਲੇ ਵਿੱਚ ਹੋ ਕੇ ਕਰਾਰ ਵਿਚ ਆ ਗਿਆ।
ਅੱਜ ਉਹ ਵਾਢਿਆਂ ਦੀ ਹਾਜ਼ਰੀ ਲੈ ਕੇ ਜਾਵੇਗਾ। ਫੇਰ ਉਹ ਰੋਟੀ ਆਪ ਖੁਆ ਕੇ ਆਵੇਗਾ ਅਤੇ ਪਿਛਲੇ ਪਹਿਰ ਦੀ ਚਾਹ ਪਿਆ ਕੇ ਆਵੇਗਾ। ਜਦੋਂ ਵਾਢੀ ਹੁੰਦੀ ਅਤੇ ਫ਼ਸਲ ਦੇ ਢੇਰ ਉਹਦੀਆਂ ਅੱਖਾਂ ਅੱਗੇ ਉਚੇ ਹੋਣ ਲਗਦੇ, ਉਹ ਮਿਹਨਤ ਦਾ ਫ਼ਲ ਦੇਖਣ ਲਈ ਵਾਰ-ਵਾਰ ਖੇਤ ਗੇੜੇ ਮਾਰਦਾ।
ਕਈ ਦਿਨਾਂ ਮਗਰੋਂ ਅੱਜ ਉਹ ਪਹਿਲੀ ਵਾਰ ਹੇਠਾਂ ਉੱਤਰਨ ਲਈ ਪੌੜੀਆਂ ਵੱਲ ਅਹੁਲਿਆ। ਹੇਠਾਂ ਗਿੰਦਰ ਹੱਥ ਵਿਚ ਦਾਤੀ ਲੈ ਕੇ ਤੁਰਿਆ ਜਾ ਰਿਹਾ ਸੀ। ਉਹਨੇ ਬਨੇਰੇ ਕੋਲ ਖਲੋ ਕੇ ਪੁੱਛਿਆ, ‘‘ਕਿਵੇਂ ਜਗਿੰਦਰ ਸਿਆਂ, ਸ਼ੇਰਾ, ਤੂੰ ਹੁਣ ਚੱਲਿਆ ਹੈਂ, ਸਭ ਤੋਂ ਮਗਰੋਂ?’’
‘‘ਸੋਚਿਆ, ਮੈਂ ਔਹ ਪਰਸੋਂ ਦੀ ਛੱਡੀ ਹੋਈ ਕਣਕ ਵੱਢ ਕੇ ਹੀ ਜਾਵਾਂ। ਇਹ ਕੰਮ ਵੀ ਮੁੱਕੇ ਵਿਚੋਂ!’’ ਉਹਨੇ ਖਲੋ ਕੇ ਦੱਸਿਆ।
‘‘ਪਰਸੋਂ ਹੀ ਤਾਂ ਤੁਸੀਂ ਹਰੀ-ਕਚਾਰ ਹੋਣ ਕਰਕੇ ਛੱਡੀ ਸੀ। ਅਜੇ ਕੱਚੀ ਨਾ ਹੋਵੇ ਇਹ ਕਣਕ?’’ ਅਰਜਨ ਸਿੰਘ ਬੋਲਿਆ, ‘‘ਕੱਚੀ ਵੱਢੀ ਜਾਵੇ ਤਾਂ ਦਾਣੇ ਪਿਚਕ ਜਾਂਦੇ ਨੇ, ਭਾਈ, ਕਣਕ ਦੇ।’’
‘‘ਕੱਚੀ ਕਿਥੇ, ਬਾਪੂ, ਰਾਮ ਦਾ ਨਾਂ ਲੈ। ਛੀ ਮਹੀਨੇ ਕਣਕ ਹਰੀ ਖੜ੍ਹੀ ਰਹਿੰਦੀ ਐ। ਬਸ ਇਕ ਵਾਰੀਂ ਪੀਲੀ ਪੈ ਜਾਵੇ, ਫੇਰ ਕੱਚੀ ਕਿੱਥੇ! ਸਵੇਰੇ ਹੋਰ, ਦੁਪਹਿਰੇ ਹੋਰ ਤੇ ਆਥਣੇ ਹੋਰ।’’ ਤੇ ਫੇਰ ਇਕ ਪਲ ਰੁਕ ਕੇ ਗਿੰਦਰ ਹੱਸਿਆ, ‘‘ਕੀ ਹੋਇਆ ਜੇ ਹੱਥੀਂ ਆਪ ਕਦੇ ਵਾਢੀ ਨਹੀਂ ਕੀਤੀ, ਤੂੰ ਕਿਹੜਾ, ਬਾਪੂ ਇਹ ਗੱਲਾਂ ਜਾਣਦਾ ਨਹੀਂ।’’
ਗੱਲ ਤਾਂ ਗਿੰਦਰ ਦੀ ਵੀ ਠੀਕ ਸੀ। ਕੀ ਹੋਇਆ ਜੇ ਅਰਜਨ ਸਿੰਘ ਨੇ ਆਪ ਕਦੇ ਵਾਢੀ ਦੀ ਦਾਤੀ ਹੱਥ ਵਿਚ ਨਹੀਂ ਸੀ ਫੜੀ, ਉਹ ਕਣਕ ਵੱਲੋਂ ਰੰਗ ਬਦਲੇ ਜਾਣ ਬਾਰੇ ਤਾਂ ਜਾਣਦਾ ਸੀ।
ਪਰ ਉਹਨੂੰ ਇਹ ਗੱਲ ਅੱਜ ਬੜੀ ਅਨੋਖੀ ਲੱਗ ਰਹੀ ਸੀ। ਉਹਨੂੰ ਜਾਪਿਆ, ਜਿਵੇਂ ਉਹਨੇ ਇਹ ਰਹੱਸ ਪਹਿਲੀ ਵਾਰ ਜਾਣਿਆ ਹੋਵੇ- ਛੇ ਮਹੀਨਿਆਂ ਦੀ ਹਰਿਆਲੀ ਇਕ ਵਾਰ ਪੀਲੀ ਪੈ ਜਾਵੇ, ਫੇਰ ਤਾਂ ਫਸਲ ਦਿਨਾਂ ਵਿਚ ਹੀ ਪੱਕ ਕੇ ਸੁੱਕ ਜਾਂਦੀ ਹੈ।
ਗਿੰਦਰ ਨਾਲ ਗੱਲਾਂ ਕਰਦਿਆਂ ਖਲੋਤਾ ਰਿਹਾ ਹੋਣ ਕਰਕੇ ਅਰਜਨ ਸਿੰਘ ਦੀਆਂ ਲੱਤਾਂ ਥੱਕ ਗਈਆਂ। ਉਹਦਾ ਧਿਆਨ ਫੇਰ ਬੀਮਾਰੀ ਵੱਲ ਚਲਿਆ ਗਿਆ। ਸੋਚਾਂ ਵਿਚੋਂ ਜਾਗ ਕੇ ਉਹਨੇ ਸਿਰ ਚੁੱਕਿਆ ਤਾਂ ਗਿੰਦਰ ਨੇ ਪਰਸੋਂ ਹਰੀ ਹੋਣ ਕਰਕੇ ਛੱਡੀ ਗਈ ਕਣਕ ਨੂੰ ਦਾਤੀ ਜਾ ਪਾਈ ਸੀ।
ਅਰਜਨ ਸਿੰਘ ਨੇ ਆਪਣੇ ਸੱਜੇ ਹੱਥ ਦਾ ਪੁੱਠਾ ਪਾਸਾ ਮੱਥੇ ਨੂੰ ਲਾ ਕੇ ਦੇਖਿਆ ਅਤੇ ਫੇਰ ਉਹਦੀਆਂ ਉਂਗਲਾਂ ਦੇ ਪੋਟੇ ਆਪਣੇ ਖੱਬੇ ਹੱਥ ਦੀ ਨਬਜ਼ ਉੱਤੇ ਧਰ ਲਏ।
ਉਹਨੂੰ ਫੇਰ ਹੱਡ-ਭਖ ਹੋ ਗਈ ਲਗਦੀ ਸੀ।
ਉਹਦੀਆਂ ਲੱਤਾਂ ਤੋਂ ਹੋਰ ਬਹੁਤਾ ਖਲੋਤਾ ਨਾ ਗਿਆ ਅਤੇ ਉਹ ਜੰਗਲੇ ਨਾਲ ਪਿੱਠ ਲਾ ਕੇ ਉਥੇ ਹੀ ਨਿਢਾਲ ਜਿਹਾ ਬੈਠ ਗਿਆ।

