DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਇਨਕਲਾਬੀ ਰੰਗਮੰਚ ਦਾ ਨਾਇਕ ਗੁਰਸ਼ਰਨ ਸਿੰਘ

ਭਾਰਤ ਵਿੱਚ ਰੰਗਮੰਚ ਦੇ ਮਾਧਿਅਮ ਰਾਹੀਂ ਲੋਕ-ਪੱਖੀ ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀ ਦੀ ਲਹਿਰ ਖੜ੍ਹੀ ਕਰਨ ਵਾਲੇ ਉੱਘੇ ਨਾਟਕਕਾਰ ਅਤੇ ਚਿੰਤਕ ਗੁਰਸ਼ਰਨ ਸਿੰਘ ਦਾ ਜਨਮ 16 ਸਤੰਬਰ 1929 ਨੂੰ ਪਿਤਾ ਡਾ. ਗਿਆਨ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ਮੁਲਤਾਨ (ਪਾਕਿਸਤਾਨ)...

  • fb
  • twitter
  • whatsapp
  • whatsapp
Advertisement

ਭਾਰਤ ਵਿੱਚ ਰੰਗਮੰਚ ਦੇ ਮਾਧਿਅਮ ਰਾਹੀਂ ਲੋਕ-ਪੱਖੀ ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀ ਦੀ ਲਹਿਰ ਖੜ੍ਹੀ ਕਰਨ ਵਾਲੇ ਉੱਘੇ ਨਾਟਕਕਾਰ ਅਤੇ ਚਿੰਤਕ ਗੁਰਸ਼ਰਨ ਸਿੰਘ ਦਾ ਜਨਮ 16 ਸਤੰਬਰ 1929 ਨੂੰ ਪਿਤਾ ਡਾ. ਗਿਆਨ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ਮੁਲਤਾਨ (ਪਾਕਿਸਤਾਨ) ਵਿੱਚ ਹੋਇਆ। ਸੰਨ 1951 ਵਿੱਚ ਭਾਖੜਾ ਨੰਗਲ ਡੈਮ ਵਿੱਚ ਬਤੌਰ ਇੰਜਨੀਅਰ ਨੌਕਰੀ ਕਰਦਿਆਂ ਉਨ੍ਹਾਂ ਦੇ ਦਿਮਾਗ਼ ਵਿੱਚ ਇਹ ਸਵਾਲ ਉੱਠਿਆ ਕਿ ਜੇਕਰ ਅਸੀਂ ਦਰਿਆਵਾਂ ਦੇ ਵਹਿਣ ਮੋੜ ਸਕਦੇ ਹਾਂ ਤਾਂ ਜ਼ਿੰਦਗੀ ਦੇ ਵਹਿਣ ਕਿਉਂ ਨਹੀਂ ਮੋੜੇ ਜਾ ਸਕਦੇ? ਇਸੇ ਸਵਾਲ ਨੂੰ ਮੁਖ਼ਾਤਿਬ ਹੁੰਦੇ ਹੋਏ ਉਨ੍ਹਾਂ ਨੇ ਜ਼ਿੰਦਗੀ ਦੇ ਵਹਿਣ ਨੂੰ ਮੋੜਨ ਭਾਵ ਲੋਕ-ਪੱਖੀ ਸਮਾਜਿਕ ਤਬਦੀਲੀ ਲਿਆਉਣ ਲਈ ਰੰਗਮੰਚ ਦਾ ਰਾਹ ਚੁਣਿਆ।

0ਇਸੇ ਮਕਸਦ ਲਈ ਉਨ੍ਹਾਂ ਨੇ ਸੰਨ 1964 ’ਚ ਆਪਣੇ ਸਾਥੀ ਕਲਾਕਾਰਾਂ ਨਾਲ ਮਿਲ ਕੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਸਥਾਪਨਾ ਕੀਤੀ ਅਤੇ ਆਪਣੀ ਪਤਨੀ ਕੈਲਾਸ਼ ਕੌਰ ਅਤੇ ਦੋਵੇਂ ਧੀਆਂ ਨਵਸ਼ਰਨ ਤੇ ਅਰੀਤ ਨੂੰ ਰੰਗਮੰਚ ਨਾਲ ਜੋੜਨ ਲਈ ਪਹਿਲਕਦਮੀ ਵੀ ਕੀਤੀ। ਗੁਰਸ਼ਰਨ ਭਾ’ਜੀ ਦਾ ਰੰਗਮੰਚ ਨਾਲ ਜੁੜਨ ਦਾ ਅਸਲ ਮਕਸਦ ਇਹ ਸੀ ਕਿ ਆਮ ਲੋਕਾਂ ਨੂੰ ਸੰਘਰਸ਼ਸ਼ੀਲ ਬਣਾਇਆ ਜਾਵੇ ਤਾਂ ਕਿ ਉਹ ਆਪਣੇ ਜਮਹੂਰੀ ਹੱਕਾਂ ਦੀ ਰਾਖੀ ਲਈ ਹਾਕਮ ਜਮਾਤਾਂ ਦੀਆਂ ਗ਼ਲਤ ਨੀਤੀਆਂ, ਹਕੂਮਤੀ ਜਬਰ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਜਥੇਬੰਦਕ ਸੰਘਰਸ਼ ਕਰਨ ਅਤੇ ਲੋਕ ਵਿਰੋਧੀ ਰਾਜ ਪ੍ਰਬੰਧ ਬਦਲ ਕੇ ਬਿਹਤਰ ਜੀਵਨ ਬਸਰ ਕਰਨ ਦੇ ਸਮਰੱਥ ਹੋ ਸਕਣ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਨਾਟਕ ਨੇ ਦਰਸ਼ਕਾਂ ਦੇ ਮਨਾਂ ਵਿੱਚ ਸਵਾਲ ਹੀ ਖੜ੍ਹੇ ਨਹੀਂ ਕਰਨੇ ਤਾਂ ਫਿਰ ਨਾਟਕ ਕਰਨ ਦੀ ਲੋੜ ਹੀ ਕੀ ਹੈ? ਗੁਰਸ਼ਰਨ ਸਿੰਘ ਨੇ ਇਨਕਲਾਬੀ ਸਿਧਾਂਤਾਂ ਉੱਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਿਆਂ ਸਰਕਾਰੀ ਨੌਕਰੀ ਛੱਡ ਕੇ ਆਪਣਾ ਸਮੁੱਚਾ ਜੀਵਨ ਲੋਕ-ਪੱਖੀ ਰੰਗਮੰਚ ਰਾਹੀਂ ਦੱਬੇ ਕੁਚਲੇ ਮਿਹਨਤਕਸ਼ ਲੋਕਾਂ ਨੂੰ ਜਮਹੂਰੀ ਹੱਕਾਂ ਲਈ ਚੇਤਨ ਕਰਨ ਵਾਸਤੇ ਸਮਰਪਿਤ ਕੀਤਾ।

Advertisement

ਦੂਰਦਰਸ਼ਨ ਕੇਂਦਰ ਜਲੰਧਰ ਤੋਂ ਪ੍ਰਸਾਰਿਤ ਉਨ੍ਹਾਂ ਦਾ ਨਾਟਕ ‘ਭਾਈ ਮੰਨਾ ਸਿੰਘ’ ਇੰਨਾ ਮਕਬੂਲ ਹੋਇਆ ਕਿ ਆਮ ਲੋਕ ਸਤਿਕਾਰ ਵਜੋਂ ਉਨ੍ਹਾਂ ਨੂੰ ‘ਭਾਈ ਮੰਨਾ ਸਿੰਘ’ ਕਹਿਣ ਲੱਗ ਪਏ ਸਨ। ਗੁਰਸ਼ਰਨ ਭਾ’ਜੀ ਦੇ ਰੰਗਮੰਚ ਦੀ ਇਹ ਖ਼ਾਸੀਅਤ ਰਹੀ ਹੈ ਕਿ ਉਨ੍ਹਾਂ ਨੇ ਆਪਣੇ ਨਾਟਕਾਂ ਵਿੱਚ ਵੱਡ-ਆਕਾਰੀ ਖਰਚੀਲੇ ਸੈੱਟ ਲਾਉਣ ਦੀ ਬਜਾਏ ਸਾਧਾਰਨ ਸਟੇਜ ਅਤੇ ਨੁੱਕੜ ਨਾਟਕ ਖੇਡਣ ਦੀ ਤਕਨੀਕ ਵਿਕਸਿਤ ਕੀਤੀ। ਨੁੱਕੜ ਨਾਟਕ ਦੀ ਇਸ ਵਿਲੱਖਣ ਸ਼ੈਲੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਇਸੇ ਸਦਕਾ ਉਹ ਆਮ ਪੇਂਡੂ ਤੇ ਪੱਛੜੇ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਇਨਕਲਾਬੀ ਰੰਗਮੰਚ ਨਾਲ ਜੋੜਨ ਵਿੱਚ ਸਫ਼ਲ ਰਹੇ। ਉਨ੍ਹਾਂ ਆਪਣੇ ਮਕਬੂਲ ਨਾਟਕਾਂ ‘ਦੁੱਲਾ ਭੱਟੀ’, ‘ਤਖ਼ਤ ਲਾਹੌਰ’, ‘ਧਮਕ ਨਗਾਰੇ ਦੀ’, ‘ਇਹ ਲਹੂ ਕਿਸਦਾ ਹੈ’, ‘ਜਨਤਾ ਮਾਈ’, ‘ਕੁਰਸੀ ਵਾਲਾ ਮੰਜੀ ਵਾਲਾ’, ‘ਕੁਰਸੀ ਮੋਰਚਾ ਤੇ ਹਵਾ ਵਿੱਚ ਲਟਕਦੇ ਲੋਕ’, ‘ਹਿੱਟ ਲਿਸਟ’, ‘ਜੰਗੀ ਰਾਮ ਦੀ ਹਵੇਲੀ’, ‘ਬਾਬਾ ਬੋਲਦਾ ਹੈ’, ‘ਇਨਕਲਾਬ ਜ਼ਿੰਦਾਬਾਦ’, ‘ਖੇਤਾਂ ਦੇ ਪੁੱਤ’, ‘ਬੁੱਤ ਬੋਲ ਪਿਆ’ ਤੇ ‘ਭੰਡ ਪੰਜਾਬ ਦੇ’ ਸਮੇਤ ਕਈ ਹੋਰ ਨਾਟਕਾਂ ਵਿੱਚ ਹਕੂਮਤ ਦੀਆਂ ਸਾਮਰਾਜ-ਪੱਖੀ ਲੋਟੂ ਨੀਤੀਆਂ, ਕਾਲੇ ਕਾਨੂੰਨਾਂ ਰਾਹੀਂ ਜਬਰ ਕਰਨ, ਧਾਰਮਿਕ ਕੱਟੜਵਾਦ, ਭ੍ਰਿਸ਼ਟਾਚਾਰ, ਅੰਧ-ਵਿਸ਼ਵਾਸ, ਪਾਖੰਡਵਾਦ ਅਤੇ ਸਮਾਜਿਕ ਬੁਰਾਈਆਂ ਵਰਗੇ ਗ਼ੈਰ-ਮਨੁੱਖੀ ਵਰਤਾਰਿਆਂ ਨੂੰ ਇਨਕਲਾਬੀ ਸੁਰ ਵਿੱਚ ਨਿਡਰਤਾ ਨਾਲ ਪੇਸ਼ ਕੀਤਾ। ਔਰਤਾਂ ਦੇ ਹੱਕਾਂ ਲਈ ਲਿਖੇ ਨਾਟਕ ‘ਸਮਾਜ’ ਵਿੱਚ ਉਨ੍ਹਾਂ ਨੇ ਇਹ ਸਵਾਲ ਉਭਾਰਿਆ ਕਿ ਸਕੂਲ ਵਿੱਚ ਦਾਖ਼ਲੇ ਸਮੇਂ ਬੱਚੇ ਦੇ ਪਿਤਾ ਦਾ ਨਾਂ ਹੀ ਕਿਉਂ ਲਿਖਿਆ ਜਾਂਦਾ ਹੈ, ਮਾਂ ਦਾ ਕਿਉਂ ਨਹੀਂ ਜਦੋਂਕਿ ਮਾਂ ਉਸ ਦੀ ਜਨਮਦਾਤੀ ਅਤੇ ਪਾਲਣਹਾਰ ਹੁੰਦੀ ਹੈ?

Advertisement

ਇਸੇ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤਤਕਾਲੀ ਚੇਅਰਮੈਨ ਨੇ ਸਰਟੀਫਿਕੇਟ ’ਚ ਪਿਤਾ ਦੇ ਨਾਲ ਮਾਂ ਦਾ ਨਾਮ ਲਿਖੇ ਜਾਣ ਲਈ ਲਿਖਤੀ ਪੱਤਰ ਜਾਰੀ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮਾਂ-ਭੈਣ-ਧੀ ਦੀਆਂ ਗਾਲ੍ਹਾਂ ਕੱਢਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਮਾਦਾ ਭਰੂਣ ਹੱਤਿਆ ਦੇ ਦੋਸ਼ੀਆਂ ਉੱਤੇ ਕਤਲ ਦੇ ਕੇਸ ਚਲਾਉਣ ਦੀ ਮੰਗ ਵੀ ਕੀਤੀ। ਗੁਰਸ਼ਰਨ ਭਾ’ਜੀ ਨੇ ਆਪਣੇ ਪੰਜਾਹ ਸਾਲ ਦੇ ਰੰਗਮੰਚੀ ਜੀਵਨ ਵਿੱਚ ਤਕਰੀਬਨ 185 ਨਾਟਕ ਲਿਖੇ ਅਤੇ ਤਕਰੀਬਨ 12,000 ਤੋਂ ਵੱਧ ਪੇਸ਼ਕਾਰੀਆਂ ਕੀਤੀਆਂ। ਉਨ੍ਹਾਂ ਨੇ ਇੱਕ ਸਾਲ ਵਿੱਚ ਰੰਗਮੰਚ ਦੀਆਂ 200 ਤੋਂ ਵੱਧ ਪੇਸ਼ਕਾਰੀਆਂ ਕਰਕੇ ਰਿਕਾਰਡ ਵੀ ਬਣਾਇਆ। ਉਨ੍ਹਾਂ ਨੇ ਅਤਿਵਾਦ ਦੇ ਦੌਰ ਵੇਲੇ ਸਮੁੱਚੇ ਪੰਜਾਬ ਵਿੱਚ ਪੂਰੀ ਨਿਡਰਤਾ ਅਤੇ ਨਿਰਪੱਖਤਾ ਨਾਲ ਨਾਟਕ ਖੇਡ ਕੇ ਧਰਮ ਦੇ ਨਾਮ ਹੇਠ ਹੁੰਦੀ ਕਤਲੋਗਾਰਤ ਦਾ ਵਿਰੋਧ ਕਰਦਿਆਂ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਅਤੇ ਹਕੂਮਤ ਵੱਲੋਂ ਕਰਵਾਏ ਗਏ ਝੂਠੇ ਪੁਲੀਸ ਮੁਕਾਬਲਿਆਂ ਅਤੇ ਝੂਠੇ ਕੇਸਾਂ ਖ਼ਿਲਾਫ਼ ਵੀ ਲਗਾਤਾਰ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਲੱਚਰ ਤੇ ਭੜਕਾਊ ਗਾਇਕੀ ਦੇ ਬਦਲ ਵਜੋਂ ਇੱਕ ਲੋਕ-ਪੱਖੀ ਤੇ ਚੰਗਾ ਸੱਭਿਆਚਾਰ ਉਸਾਰਨ ਲਈ ਸੰਨ 1982 ਵਿੱਚ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੀ ਸਥਾਪਨਾ ਅਤੇ ਲੰਮਾ ਸਮਾਂ ਅਗਵਾਈ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਈ ਲੋਕ-ਪੱਖੀ ਜਮਹੂਰੀ ਅਧਿਕਾਰਾਂ, ਸੱਭਿਆਚਾਰਕ, ਸਾਹਿਤਕ, ਸਮਾਜਿਕ, ਤਰਕਸ਼ੀਲ ਅਤੇ ਜਨਤਕ ਜਥੇਬੰਦੀਆਂ ਵਿੱਚ ਸਰਗਰਮ ਸ਼ਮੂਲੀਅਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਯੋਗ ਅਗਵਾਈ ਵੀ ਕੀਤੀ।

ਨਾਟਕ ਦੀ ਪੇਸ਼ਕਾਰੀ ਮਗਰੋਂ ਇਨਕਲਾਬੀ ਤੇ ਸਿਹਤਮੰਦ ਸਾਹਿਤ ਦੀ ਪ੍ਰਦਰਸ਼ਨੀ ਲਾਉਣੀ ਅਤੇ ਦਰਸ਼ਕਾਂ ਨੂੰ ਆਪਣੇ ਜਮਹੂਰੀ ਹੱਕਾਂ ਦੀ ਰਾਖੀ ਲਈ ਸਿਆਸਤਦਾਨਾਂ ਨੂੰ ਸਵਾਲ ਕਰਨ ਦਾ ਸੁਨੇਹਾ ਦੇਣਾ ਗੁਰਸ਼ਰਨ ਭਾ’ਜੀ ਦੇ ਰੰਗਮੰਚ ਦੀ ਵਿਲੱਖਣਤਾ ਸੀ ਤਾਂ ਜੋ ਲੋਕਾਂ ਨੂੰ ਆਪਣੀ ਮਾਂ ਬੋਲੀ ਵਿੱਚ ਲੋਕ-ਪੱਖੀ ਸਾਹਿਤ ਸਸਤੇ ਭਾਅ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਨੇ ਰੰਗਮੰਚ ਤੋਂ ਇਲਾਵਾ ਲੰਮਾ ਸਮਾਂ ‘ਸਮਤਾ’ ਨਾਮੀ ਇੱਕ ਪਰਚਾ ਕੱਢਿਆ। 1975 ਦੀ ਐਮਰਜੈਂਸੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਕਰਕੇ ਉਹ ਸਰਕਾਰੀ ਨੌਕਰੀ ਤੋਂ ਮੁਅੱਤਲ ਵੀ ਕੀਤੇ ਗਏ ਅਤੇ ਉਨ੍ਹਾਂ ਕੁਝ ਮਹੀਨੇ ਜੇਲ੍ਹ ਵੀ ਕੱਟੀ। ਉਹ ਹਮੇਸ਼ਾ ਸਰਕਾਰਾਂ ਦੀਆਂ ਨਜ਼ਰਾਂ ਵਿੱਚ ਰੜਕਦੇ ਰਹੇ ਅਤੇ ਉਨ੍ਹਾਂ ਨੇ ਸਰਕਾਰੀ ਇਨਾਮਾਂ ਸਨਮਾਨਾਂ ਤੋਂ ਦੂਰੀ ਬਣਾਈ ਰੱਖੀ। ਇਸ ਦੇ ਨਾਲ ਹੀ ਪੰਜਾਬ ਦੀ ਸਮੁੱਚੀ ਇਨਕਲਾਬੀ ਲਹਿਰ ਵੱਲੋਂ ਗੁਰਸ਼ਰਨ ਭਾ’ਜੀ ਨੂੰ 11 ਜਨਵਰੀ 2006 ਨੂੰ ਪਿੰਡ ਕੁੱਸਾ ਵਿੱਚ ਲੱਖਾਂ ਮਿਹਨਤਕਸ਼ ਲੋਕਾਂ ਦੀ ਹਾਜ਼ਰੀ ਵਿੱਚ ‘ਇਨਕਲਾਬੀ ਨਿਹਚਾ ਸਨਮਾਨ’ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਸ਼ਰਨ ਭਾ’ਜੀ ਨੇ ਅਜਿਹੇ ਸੁਫ਼ਨੇ ਲਏ, ਜਿਨ੍ਹਾਂ ਨੇ ਉਨ੍ਹਾਂ ਨੂੰ ਸਾਰੀ ਉਮਰ ਕਦੇ ਵੀ ਚੈਨ ਦੀ ਨੀਂਦ ਸੌਣ ਨਹੀਂ ਦਿੱਤਾ। ਉਹ ਰਵਾਇਤੀ ਰਾਹਾਂ ’ਤੇ ਨਹੀਂ ਤੁਰੇ ਸਗੋਂ ਆਪਣੇ ਰਾਹ ਖ਼ੁਦ ਬਣਾਏ। ਗੁਰਸ਼ਰਨ ਭਾ’ਜੀ ਆਪਣੇ ਦੋ ਮੁੱਖ ਫ਼ਿਕਰ ਖ਼ਤਮ ਕਰਨ ਲਈ ਸਾਰੀ ਉਮਰ ਸੰਘਰਸ਼ ਕਰਦੇ ਰਹੇ। ਪਹਿਲਾ, ਸ਼ਹੀਦ ਭਗਤ ਸਿੰਘ ਦੇ ਸੁਫ਼ਨਿਆਂ ਦੇ ਸਮਾਜ ਦੀ ਸਥਾਪਤੀ ਅਤੇ ਦੂਜਾ, ਸਮੂਹ ਖੱਬੇ-ਪੱਖੀ ਧਿਰਾਂ ਨੂੰ ਸਾਂਝੇ ਪਲੈਟਫਾਰਮ ਉੱਤੇ ਇੱਕਜੁਟ ਕਰਨਾ ਪਰ ਉਨ੍ਹਾਂ ਦੇ ਇਹ ਦੋਵੇਂ ਸੁਫ਼ਨੇ ਅਧੂਰੇ ਰਹਿ ਗਏ। ਉਹ ਚਾਹੁੰਦੇ ਸਨ ਕਿ ਸ਼ਹੀਦ ਭਗਤ ਸਿੰਘ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੀ ਜਿਹੜੀ ਤੜਪ ਤੇ ਫ਼ਿਕਰਮੰਦੀ ਉਨ੍ਹਾਂ ਨੂੰ ਦਿਨ-ਰਾਤ ਝੰਜੋੜਦੀ ਹੈ, ਓਹੀ ਤੜਪ ਤੇ ਫ਼ਿਕਰ ਸਿਆਸੀ ਆਗੂਆਂ ਅਤੇ ਲੋਕਾਂ ਦੀ ਸੋਚ ਦਾ ਹਿੱਸਾ ਬਣੇ।

ਇਹੀ ਕਾਰਨ ਸੀ ਕਿ ਆਪਣੇ ਆਖ਼ਰੀ ਸਮਿਆਂ ਵਿੱਚ ਜਦੋਂ ਵੀ ਕੋਈ ਰੰਗਕਰਮੀ ਸ਼ਾਗਿਰਦ ਨਾਟਕਕਾਰ, ਲੇਖਕ ਜਾਂ ਸਮਾਜਿਕ ਕਾਰਕੁਨ ਉਨ੍ਹਾਂ ਨੂੰ ਮਿਲਣ ਜਾਂਦਾ ਤਾਂ ਉਹ ਹਰੇਕ ਨੂੰ ਇਹ ਸਵਾਲ ਜ਼ਰੂਰ ਕਰਦੇ ਸਨ, “ਸੈਮੀਨਾਰ, ਮੇਲੇ, ਨਾਟਕ, ਕਨਵੈਨਸ਼ਨਾਂ ਤਾਂ ਬਹੁਤ ਹੋ ਰਹੇ ਨੇ ਅਤੇ ਇਹ ਅਗਾਂਹ ਵੀ ਹੁੰਦੇ ਰਹਿਣਗੇ ਪਰ ਮੈਨੂੰ ਦੱਸੋ, ਹੁਣ ਇਸ ਤੋਂ ਅੱਗੇ ਤੁਹਾਡੇ ਕੀ ਫ਼ਿਕਰ ਹਨ? ਇਹ ਸਾਡੇ ਲੋਕ ਰਾਜਸੀ ਚੇਤਨਾ ਵੱਲ ਅੱਗੇ ਕਿਉਂ ਨਹੀਂ ਵਧ ਰਹੇ?” ਗੁਰਸ਼ਰਨ ਭਾ’ਜੀ ਦੀ ਮੱਥੇ ਉੱਤੇ ਦੋ ਉਂਗਲੀਆਂ ਰੱਖੀ ਤਸਵੀਰ ਉਨ੍ਹਾਂ ਦੀ ਇਹੋ ਫ਼ਿਕਰਮੰਦੀ ਜ਼ਾਹਿਰ ਕਰਦੀ ਦਿਖਾਈ ਦਿੰਦੀ ਹੈ ਅਤੇ ਇਹੀ ਫ਼ਿਕਰਮੰਦੀ ਸਾਡੀ ਸਾਰਿਆਂ ਦੀ ਮਾਨਸਿਕਤਾ ਅਤੇ ਅਮਲਾਂ ਦਾ ਵੀ ਹਿੱਸਾ ਬਣਨੀ ਚਾਹੀਦੀ ਹੈ।

ਗੁਰਸ਼ਰਨ ਭਾ’ਜੀ ਨੇ ਅੰਮ੍ਰਿਤਸਰ ਦੇ ਰਣਜੀਤਪੁਰਾ ਸਥਿਤ ਆਪਣੇ ਜੱਦੀ ਘਰ ਗੁਰੂ ਖ਼ਾਲਸਾ ਨਿਵਾਸ ਵਿੱਚ ਰਹਿੰਦੇ ਹੋਏ ਚਾਰ ਦਹਾਕੇ ਆਰਥਿਕ, ਸਮਾਜਿਕ, ਸੱਭਿਆਚਾਰਕ, ਰਾਜਸੀ ਤੇ ਧਾਰਮਿਕ ਮੁੱਦਿਆਂ, ਸਮਾਜਿਕ ਬੁਰਾਈਆਂ, ਬੇਇਨਸਾਫ਼ੀਆਂ, ਫ਼ਿਰਕਾਪ੍ਰਸਤੀ, ਅੰਧ-ਵਿਸ਼ਵਾਸਾਂ, ਹਕੂਮਤੀ ਤਸ਼ੱਦਦ ਅਤੇ ਸਾਮਰਾਜੀ ਲੁੱਟ ਖ਼ਿਲਾਫ਼ ਸੈਂਕੜੇ ਲੋਕ-ਪੱਖੀ ਨਾਟਕ ਲਿਖੇ ਅਤੇ ਕਈ ਨਾਟਕਾਂ ਦੀਆਂ ਰਿਹਰਸਲਾਂ ਕੀਤੀਆਂ। ਗੁਰਸ਼ਰਨ ਭਾ’ਜੀ ਦਾ ਇਹ ਜੱਦੀ ਘਰ ਮਹਿਜ਼ ਇੱਕ ਮਕਾਨ ਨਹੀਂ ਸਗੋਂ ਦੇਸ਼ ਅਤੇ ਪੰਜਾਬ ਦੀ ਮਹਾਨ ਸੱਭਿਆਚਾਰਕ ਵਿਰਾਸਤ ਅਤੇ ਇਨਕਲਾਬੀ ਰੰਗ ਮੰਚ ਦੀ ਇਤਿਹਾਸਕ ਕੌਮੀ ਯਾਦਗਾਰ ਹੈ।

ਅਜਿਹੀ ਮਹਾਨ ਅਤੇ ਲੋਕ-ਪੱਖੀ ਸ਼ਖ਼ਸੀਅਤ ਦੀਆਂ ਯਾਦਾਂ ਅਤੇ ਉਸ ਦੀ ਕਰਮ-ਭੂਮੀ ਰਹੇ ਇਸ ਜੱਦੀ ਘਰ ਨੂੰ ਇਤਿਹਾਸਕ ਵਿਰਾਸਤ ਵਜੋਂ ਜਿਉਂ ਦਾ ਤਿਉਂ ਸੰਭਾਲਣਾ ਭਾ’ਜੀ ਨੂੰ ਪਿਆਰ ਕਰਨ ਵਾਲਿਆਂ ਅਤੇ ਪੰਜਾਬ ਸਰਕਾਰ ਦਾ ਮੁੱਢਲਾ ਨੈਤਿਕ ਫਰਜ਼ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਇਨਕਲਾਬੀ ਪ੍ਰੇਰਨਾ ਲੈ ਕੇ ਇੱਕ ਅਗਾਂਹਵਧੂ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾ ਸਕਣ। ਦੇਸ਼ ਦੀਆਂ ਸਮੂਹ ਲੋਕ-ਪੱਖੀ ਤੇ ਅਗਾਂਹਵਧੂ ਜਮਹੂਰੀ ਤਾਕਤਾਂ, ਨਾਟਕਕਾਰਾਂ, ਰੰਗਕਰਮੀਆਂ ਅਤੇ ਸਾਹਿਤਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਅਤੇ ਗੁਰਸ਼ਰਨ ਭਾ’ਜੀ ਦੇ ਇਨਕਲਾਬੀ ਰੰਗਮੰਚ ਨੂੰ ਪੂਰੇ ਸਿਰੜ ਅਤੇ ਨਿਡਰਤਾ ਨਾਲ ਅਮਲੀ ਜਾਮਾ ਪਹਿਨਾਉਣ। 27 ਸਤੰਬਰ 2011 ’ਚ ਉਨ੍ਹਾਂ ਦੇ ਸਦੀਵੀਂ ਵਿਛੋੜੇ ਤੋਂ ਬਾਅਦ ਬੇਸ਼ੱਕ ਸੈਂਕੜੇ ਨਾਟਕਕਾਰ ਉਨ੍ਹਾਂ ਦੀ ਸੋਚ ਦੇ ਵਾਰਿਸ ਬਣ ਕੇ ਆਪਣੀ ਸਮਰੱਥਾ ਅਨੁਸਾਰ ਲੋਕ ਪੱਖੀ ਰੰਗਮੰਚ ਕਰ ਰਹੇ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਗੁਰਸ਼ਰਨ ਭਾ’ਜੀ ਵਰਗੀ ਪ੍ਰਤੀਬੱਧਤਾ, ਨਿਡਰਤਾ, ਇਮਾਨਦਾਰੀ, ਸੁਹਿਰਦਤਾ ਅਤੇ ਵਿਚਾਰਧਾਰਾ ਉੱਤੇ ਪਹਿਰਾ ਦੇਣ ਦੀ ਵੀ ਲੋੜ ਹੈ।

ਸੰਪਰਕ: 76960-30173

Advertisement
×