ਇਕ ਪੁਸਤਕ - ਇਕ ਨਜ਼ਰ

ਗੁਰਚਰਨ ਕੋਚਰ ਦੀ ਗ਼ਜ਼ਲਗੋਈ ਦੇ ਰੰਗ-ਢੰਗ

ਗੁਰਚਰਨ ਕੋਚਰ ਦੀ ਗ਼ਜ਼ਲਗੋਈ ਦੇ ਰੰਗ-ਢੰਗ

ਗੁਲਜ਼ਾਰ ਸਿੰਘ ਸੰਧੂ

‘ਗ਼ਜ਼ਲ ਅਸ਼ਰਫੀਆਂ’ ਵਿਚ ਗੁਰਚਰਨ ਕੌਰ ਕੋਚਰ ਦੀਆਂ ਹੁਣ ਤੱਕ ਲਿਖੀਆਂ 24 ਦਰਜਨ ਗ਼ਜ਼ਲਾਂ ਕਲਮਬੰਦ ਹਨ। ਚਾਰ ਗ਼ਜ਼ਲ ਸੰਗ੍ਰਹਿਆਂ ਦੀ ਵਿਰਾਸਤ। ਸਮੁੱਚੀ ਧਾਰਨਾ ਅਹਿਸਾਸ ਮਾਨਣ ਤੇ ਮਹਿਕ ਬਿਖੇਰਨ ਵਾਲੀ ਹੈ। ਅਹਿਸਾਸ ਉਸ ਦੀ ਗ਼ਜ਼ਲਗੋਈ ਦਾ ਪਾਸਵਰਡ ਹੈ।

ਮੇਰੇ ਵਿਹੜੇ ਦੀ ਮਿੱਟੀ ਅਰਸ਼ ਨੂੰ ਛੂਹ ਕੇ ਨਹੀਂ ਤੱਕਿਆ,

ਮੇਰੇ ਵਿਹੜੇ ’ਚ ਬਣ ਕੇ ਅਰਸ਼ ਦਾ ਤਾਰਾ ਚਲਾ ਆਵੀਂ।

ਕਿਸੇ ਮਿੱਠੀ ਜਿਹੀ ਰੁੱਤ ਦਾ ਸੁਨੇਹਾ ਦੇਣ ਦੀ ਖ਼ਾਤਰ,

ਤੂੰ ਬਣ ਕੇ ਫੁੱਲਾਂ ਦੀ ਖੁਸ਼ਬੂ ਦਾ ਹਰਕਾਰਾ ਚਲਾ ਆਵੀਂ।

ਤੇਰੇ ਲਾਰੇ ਹਮੇਸ਼ਾ ਉਮਰ ਦਿਲ ਦੀ ਲੰਮੀ ਕੀਤੀ ਹੈ,

ਤੂੰ ਲੈ ਕੇ ਆਪਣੇ ਹੋਠਾਂ ’ਤੇ ਨਵਾਂ ਲਾਰਾ ਚਲਾ ਆਵੀਂ।

ਉਸ ਦੀ ਇਹ ਭਾਵਨਾ ਛੋਟੀ ਬਹਿਰ ਦੀਆਂ ਗ਼ਜ਼ਲਾਂ ਵਿਚ ਵਧੇਰੇ ਤਿੱਖੀ ਤੇ ਪ੍ਰਭਾਵੀ ਹੈ।

ਅਨੇਕਾਂ ਹੀ ਹੀਰੇ ਤੇ ਮੋਤੀ ਨੇ ਇਸ ਵਿਚ,

ਸਮੁੰਦਰ ਦੇ ਵਿਚ ਸਿਰਫ਼ ਪਾਣੀ ਨਹੀਂ ਹੈ।

ਨਦੀਂ ਤਾਂ ਹੈ ਚਾਹੁੰਦੀ ਸਮੁੰਦਰ ਨੂੰ ਪਾਉਣਾ,

ਸਮੁੰਦਰ ਮਗਰ ਉਸ ਦਾ ਹਾਣੀ ਨਹੀਂ ਹੈ।

ਯਕੀਨਨ ਉਸੇ ਨੇ ਹੈ ਰਹਿ ਜਾਣਾ ਪਿੱਛੇ,

ਜਿਹਦਾ ਦਰਦ ਸਮਿਆਂ ਦਾ ਹਾਣੀ ਨਹੀਂ ਹੈ।

ਜਾਂ ਫੇਰ

ਅੰਬਰ ਉੱਤੇ ਡਾਰਾਂ ਨੇ,

ਧਰਤੀ ’ਤੇ ਮੁਟਿਆਰਾਂ ਨੇ।

ਫੁੱਲਾਂ ਉੱਤੇ ਤਿਤਲੀਆਂ,

ਗਿੱਧੇ ਵਿਚ ਮੁਟਿਆਰਾਂ ਨੇ।

ਬਿਨ ਯਾਰਾਂ ਦੇ ਪਤਝੜ ਹੈ,

ਯਾਰਾਂ ਨਾਲ ਬਹਾਰਾਂ ਨੇ।

ਗੁਰਚਰਨ ਕੌਰ ਜੀਵਨ ਦੇ ਪੈਂਡੇ ਨੂੰ ਸੁਖਾਵਾਂ ਤੇ ਜਿਉਣਯੋਗ ਬਣਾਉਣ ਖ਼ਾਤਰ ਲੋੜ ਪੈਣ ’ਤੇ ਅਕਲਾਂ ਤੇ ਚਾਹਾਂ ਨੂੰ ਵਿਸਾਰ ਸਕਦੀ ਹੈ।

ਨਾ ਮੰਨੀ ਅਕਲ ਦੀ, ਮੈਂ ਚਾਹਾਂ ਦੇ ਆਖੇ,

ਲਿਆ ਤੈਨੂੰ ਬਾਹਾਂ ’ਚ ਬਾਹਾਂ ਦੇ ਆਖੇ।

ਮੇਰਾ ਦਿਲ ਬਦਲਦਾ ਨਹੀਂ ਰਾਇ ਅਪਣੀ,

ਨਾ ਹੌਕੇ ਦੇ ਆਖੇ ਨਾ ਆਹਾਂ ਦੇ ਆਖੇ।

ਉਨ੍ਹਾਂ ਕੀ ਬਣਾਓਣੇ ਨਵੇਂ ਰਾਹ ਨੇ ‘ਕੋਚਰ’

ਮੁਸਾਫ਼ਰ ਜੋ ਤੁਰਦੇ ਨੇ ਰਾਹਾਂ ਦੇ ਆਖੇ।

ਉਸ ਦੀਆਂ ਗ਼ਜ਼ਲਾਂ ਪੜ੍ਹਦਿਆਂ ਮੇਰੇ ਵਰਗਿਆਂ ਨੂੰ ਪੰਜਾਬੀ ਗ਼ਜ਼ਲਗੋਈ ਦੇ ਮੁਢਲੇ ਦਿਨ ਚੇਤੇ ਆ ਜਾਂਦੇ ਹਨ, ਜਦ ਇਸ ਵਿਧਾ ਨੂੰ ਅਪਣਾਉਣ ਵਾਲਿਆਂ ਉੱਤੇ ਕਿੰਤੂ-ਪ੍ਰੰਤੂ ਕਰਨ ਵਾਲੇ ਪੰਜਾਬੀ ਗ਼ਜ਼ਲਾਂ ਵਿਚੋਂ ਕਾਫ਼ੀਆ, ਰਦੀਫ਼ ਤੇ ਰਵਾਨੀ ਦੀਆਂ ਊਣਤਾਈਆਂ ਲੱਭਦੇ ਸਾਹ ਨਹੀਂ ਸੀ ਲੈਂਦੇ, ਪਰ ਗੁਰਚਰਨ ਕੌਰ ਦੀ ਇਕ ਵੀ ਗ਼ਜ਼ਲ ਅਜਿਹੀ ਨਹੀਂ, ਜਿਸ ਦਾ ਮਤਲਾ, ਮਕਤਾ, ਕਾਫ਼ੀਆ, ਰਦੀਫ਼ ਤੇ ਰਵਾਨੀ ਉਰਦੂ ਗ਼ਜ਼ਲਾਂ ਦੇ ਹਾਣ ਦੀ ਨਾ ਹੋਵੇ। ਖ਼ੂਬੀ ਇਹ ਕਿ ਪਿਆਰ ਦੀ ਬੰਦਸ਼ ਨੂੰ ਤੋੜਦਿਆਂ ਉਸ ਨੇ ਆਪਣੀ ਰਚਨਾ ਵਿਚ ਸੰਸਾਰਕ ਕਦਰਾਂ-ਕੀਮਤਾਂ ਤੇ ਊਣਤਾਈਆਂ ਨੂੰ ਵੀ ਪਹਿਚਾਣਿਆ ਹੈ। ਹੇਠ ਲਿਖੀਆਂ ਗ਼ਜ਼ਲਾਂ ਦੇ ਤਿੰਨ-ਤਿੰਨ ਸ਼ਿਅਰ ਉਪਰੋਕਤ ਕਥਨ ਦੀ ਪੁਸ਼ਟੀ ਕਰਦੇ ਹਨ:

ਮੰਦਰ, ਮਸਜਿਦ, ਗਿਰਜਾਘਰ ਤੇ ਗੁਰਦੁਆਰੇ ਜਾਂਦੇ ਲੋਕ,

ਜਾਤ-ਪਾਤ, ਵਹਿਮਾਂ-ਭਰਮਾਂ ਤੋਂ ਪਰ ਨਾ ਮੁਕਤੀ ਪਾਂਦੇ ਲੋਕ।

ਮਿੱਠਾ ਮੇਵਾ ਕਹਿ ਕੇ ਪੁੱਤ ਨੂੰ ਲੱਖਾਂ ਸ਼ਗਨ ਮਨਾਂਦੇ ਲੋਕ,

ਐਪਰ ਧੀ ਨੂੰ ਕੁੱਖ ਵਿਚ ਹੀ ਪਲ ਵਿਚ ਮਾਰ ਮੁਕਾਂਦੇ ਲੋਕ।

***

ਜਦੋਂ ਵੀ ਖ੍ਵਾਬ ਵਿਚ ਦਿਲ ਮੇਰਾ ਮਹਿਮਾਨ ਹੁੰਦਾ ਹੈ,

ਮੇਰੇ ਪੈਰਾਂ ਵਿਚ ਧਰਤੀ ਮੁੱਠ ਵਿਚ ਅਸਮਾਨ ਹੁੰਦਾ ਹੈ।

ਬਣਾ ਦੇਂਦੇ ਹਾਂ ਆਪਾਂ ਹੀ ਉਸ ਨੂੰ ਹਿੰਦੂ ਜਾਂ ਸਿੱਖ, ਮੁਸਲਿਮ,

ਕਿ ਮਾਂ ਦੀ ਕੁੱਖ ’ਚੋਂ ਜੰਮਿਆ ਤਾਂ ਹਰ ਇਨਸਾਨ ਹੁੰਦਾ ਹੈ।

ਨਫ਼ਾ ਜੋ ਭਾਲਦਾ ‘ਕੋਚਰ’ ਹੈ, ਸੁੱਚੇ ਪਿਆਰ ਵਿਚੋਂ ਵੀ,

ਉਹ ਪ੍ਰੇਮੀ ਹੋ ਨਹੀਂ ਸਕਦਾ ਸਿਆਸਤਦਾਨ ਹੁੰਦਾ ਹੈ।

***

ਫੁੱਲ ਨੇ ਚੁੱਕਣਾ ਕਿਸੇ ਦਾ ਭਾਰ ਕੀ,

ਮਹਿਕ ਵੀ ਨਾ ਜਿਸ ਤੋਂ ਸੰਭਾਲੀ ਗਈ।

ਇਸ਼ਕ ਦੇ ਦਰ ਤੋਂ ਤਾਂ ਪੀੜਾਂ ਮਿਲਦੀਆਂ,

ਝੋਲ ਏਥੋਂ ਕੋਈ ਨਾ ਖਾਲੀ ਗਈ।

ਪੀੜ ਨੂੰ ਰੱਖਿਆ ਕਲੇਜੇ ਸੰਗ ਲਾ,

ਇਹ ਵੀ ਇਕ ਸੰਤਾਨ ਸੀ ਪਾਲ਼ੀ ਗਈ।

ਮੈਂ ਦੱਸ ਚੁੱਕਾ ਹਾਂ ਕਿ ਗੁਰਚਰਨ ਕੋਚਰ ਹਰ ਬਹਿਰ ਦੀਆਂ ਗ਼ਜ਼ਲਾਂ ਕਹਿਣ ਦਾ ਵੱਲ ਜਾਣਦੀ ਹੈ। ਖ਼ੂਬੀ ਇਹ ਕਿ ਇਨ੍ਹਾਂ ਵਿਚ ਉਸ ਦਾ ਜੀਵਨ ਫਲਸਫ਼ਾ ਵੀ ਹੋਕਾ ਦੇਣੋਂ ਨਹੀਂ ਹਟਦਾ। ਇਕ ਵਾਰੀ ਫੇਰ ਲੰਮੀ ਬਹਿਰ ਵੱਲ ਪਰਤੀਏ।

ਕੱਲ੍ਹ ਤਕ ਜਿਸ ਨੂੰ ਅਕਸਰ ਲੋਕੀ ਅਬਲਾ ਅਬਲ ਕਹਿੰਦੇ ਸਨ,

ਹੁਣ ਅੰਬਰਾਂ ਨੂੰ ਛੂਹ ਆਈ ਹੈ ਓਹੀ ਅਬਲਾ ਨਾਰੀ ਵੇਖ।

ਗਿਣਤੀ ਮਿਣਤੀ ਕੁਝ ਨਹੀਂ ਹੁੰਦੀ ਕਾਮਯਾਬ ਇਕ ਘੁੱਗੀ ਲਈ,

ਕਿਉਂ ਗਿਣਦਾ ਏਂ ਖੰਭ? ਇਸ ਦੀ ਬਸ ਉਡਾਰੀ ਵੇਖ।

***

ਹੋਈ ਰੋਟੀ ਤਾਂ ਉਹ ਹੱਥਾਂ ’ਤੇ ਧਰ ਕੇ ਵੀ ਤਾਂ ਖਾ ਸਕਦੈ,

ਤੇ ਰੋਟੀ ਵਾਸਤੇ ਉਹ ਆਪਣੀ ਥਾਲੀ ਵੇਚ ਦੇਵੇਗਾ।

ਖਿਡੌਣਾ ਰਬੜ ਦਾ ਮੰਗਿਆ ਕਦੇ ਜਦ ਵੀ ਉਹਦੇ ਬੱਚੇ,

ਉਹ ਪਿੱਤਲ ਦਾ ਪਿਆਲਾ ਤੇ ਪਿਆਲੀ ਵੇਚ ਦੇਵੇਗਾ।

ਕੋਚਰ ਨੇ ਆਪਣੇ ਚੌਥੇ ਤੇ ਆਖਰੀ ਗ਼ਜ਼ਲ ਸੰਗ੍ਰਹਿ ਨੂੰ ‘ਹਰਫ਼ਾਂ ਦੀ ਮਹਿਕ’ ਨਾਂ ਦਿੱਤਾ ਹੈ। ਇਸ ਦਾ ਭਾਵ ਇਹ ਨਹੀਂ ਕਿ ਏਥੇ ਅਹਿਸਾਸ ਮਨਫ਼ੀ ਹਨ। ਏਥੇ ਵੀ ਵਸਲ, ਹਿਜਰ, ਹਉਕਿਆਂ ਤੇ ਹੰਝੂਆਂ ਦਾ ਪ੍ਰਭਾਵ ਨਿਤਾਰਿਆ ਗਿਆ ਹੈ ਅਤੇ ਸਭਿਆਚਾਰਕ ਚੇਤਨਤਾ ਤੇ ਨਾਰੀ ਸ਼ਕਤੀ ਦੀ ਪਹਿਚਾਣ ਦੇ ਨਾਲ-ਨਾਲ ਦੁਖੀਆਂ ਦਾ ਦੁਖ ਵੰਡਾਇਆ ਗਿਆ ਹੈ।

ਮੈਂ ਚਾਹੁੰਦੀ ਹਾਂ ਮੁਹੱਬਤ ਦੀ ਖਿੜੇ ਗੁਲਜ਼ਾਰ ਹਰ ਪਾਸੇ,

ਜਿਧਰ ਦੇਖਾਂ ਨਜ਼ਰ ਆਵੇ ਦਿਲਾਂ ਵਿਚ ਪਿਆਰ ਹਰ ਪਾਸੇ।

ਮੁਹੱਬਤ ਦੀ ਇਬਾਰਤ ਹੀ ਬਣੇ ਪੂਜਾ ਇਬਾਦਤ ਦੀ,

ਤੇ ਅਮਨਾਂ ਦੇ ਪੁਜਾਰੀ ਹੋਣ ਦਾਅਵੇਦਾਰ ਹਰ ਪਾਸੇ।

ਮਿਲੇ ਰੋਟੀ ਤੇ ਘਰ, ਕੱਪੜਾ, ਹਰ ਇਕ ਦੁਨੀਆਂ ਦੇ ਵਾਸੀ ਨੂੰ,

ਖ਼ੁਸ਼ੀ ਵਿਚ ਝੂਮਦਾ ਵੇਖਾਂ ਮੈਂ ਹਰ ਪਰਿਵਾਰ ਹਰ ਪਾਸੇ।

ਇਹ ਜਾਤਾਂ-ਪਾਤਾਂ, ਮਜ਼੍ਹਬਾਂ ਦੇ ਸਭੇ ਬੰਧਨ ਹੀ ਟੁੱਟ ਜਾਵਣ,

ਮਨਾਏ ਜਾਣ ਸਾਂਝੇ ਤੌਰ ’ਤੇ ਤਿਉਹਾਰ ਹਰ ਪਾਸੇ।

ਅੱਛਾਈ ਦਾ ਉੱਗੇ ਸੂਰਜ, ਚੜ੍ਹੇ ਚੰਦਾ ਹੋਏ ਚਾਨਣ,

ਮਿਟਾ ਦੇਵੇ ਜੁਦਾਈ ਦਾ ਜੋ ਹੈ ਅੰਧਕਾਰ ਹਰ ਪਾਸੇ।

ਇਹ ਵੀ ਭਗਵਾਨ ਦੀ ਪੂਜਾ ਤੇ ਰੱਬ ਦੀ ਇਬਾਦਤ ਹੈ,

ਜੇ ਧੀਆਂ, ਭੈਣਾਂ, ਮਾਵਾਂ ਦਾ ਹੋਏ ਸਤਿਕਾਰ ਹਰ ਪਾਸੇ।

ਕਿਸੇ ਵੀ ਦੇਸ਼ ਵਿਚ ਨਾ ਸ਼ਹਿ ਮਿਲੇ ਅੱਤਵਾਦ ਨੂੰ ਕੋਚਰ,

ਸਦਾ ਹੋਵੇ ਅਹਿੰਸਾ ਦੀ ਹੀ ਜੈ-ਜੈਕਾਰ ਹਰ ਪਾਸੇ।

***

ਜੁਗਾਂ ਤੋਂ ਬਣਿਆ ਹੋਇਆ ਹੈ, ਰਹੇਗਾ ਬਣਿਆ ਏਦਾਂ ਹੀ,

ਹੈ ਔਰਤ-ਮਰਦ ਵਾਂਗੂ ਹੀ ਇਹ ਦਿਨ ਤੇ ਰਾਤ ਦਾ ਰਿਸ਼ਤਾ।

ਕਿਸੇ ਵੀ ਨਸਲਾਂ, ਮਜ਼੍ਹਬਾਂ ਸੰਗ ਕਦੇ ਬੱਝਿਆ ਨਹੀਂ ਕੋਚਰ,

ਇਸੇ ਕਰਕੇ ਵਿਲੱਖਣ ਹੈ ਇਸ਼ਕ ਦੀ ਜ਼ਾਤ ਦਾ ਰਿਸ਼ਤਾ।

***

ਜਿਸ ਨੂੰ ਸੀ ਜਨਤਾ ਨੇ ਚੁਣਿਆ ਤੇ ਬਿਠਾਇਆ ਤਖ਼ਤ ’ਤੇ,

ਉਹੀ ਹੁਣ ਲੋਕਾਂ ਤੋਂ ਕਰਦਾ ਹੈ ਕਿਨਾਰਾ ਵੇਖ ਲੈ।

ਹਰ ਗਲੀ ਹਰ ਮੋੜ ’ਤੇ ਹਰ ਪਿੰਡ ਤੇ ਹਰ ਸ਼ਹਿਰ ਵਿਚ,

ਰਿਸ਼ਵਤਾਂ, ਬੇਈਮਾਨੀਆਂ ਦਾ ਹੈ ਪਸਾਰਾ ਵੇਖ ਲੈ।

ਸਹਿ ਲਿਆ ਨਾਰੀ ਨੇ ਹੁਣ ਤਕ ਸਹਿ ਲਿਆ ਤੇਰਾ ਸਿਤਮ,

ਹੁਣ ਨਹੀਂ ਉਸ ਨੇ ਸਿਤਮ ਕਰਨਾ ਗਵਾਰਾ ਵੇਖ ਲੈ।

***

ਜੇ ਜਾਤਾਂ-ਪਾਤਾਂ ਨੂੰ ਛੱਡ ਕੇ ਉਨ੍ਹੇ ਕੀਤੀ ਮੁਹੱਬਤ ਹੈ ਬੁਰਾ ਕੀ ਏ,

ਗ਼ਲਤ ਰੀਤਾਂ ਨੂੰ ਤੋੜਨ ਦੀ ਕਿਸੇ ਕੀਤੀ ਜੇ ਜ਼ੁਰੱਤ ਹੈ ਬੁਰਾ ਕੀ ਏ।

ਔਰਤ ਦੇ ਹੀ ਹੱਕਾਂ ਵਾਸਤੇ ਲੜਨਾ ਝਗੜਨਾ ਹੈ ਉਮਰ ਭਰ ਹੀ,

ਮੇਰੀ ਇਹ ਸੋਚ ਦੁਨੀਆਂ ਦੀ ਨਜ਼ਰ ਵਿਚ ਜੇ ਬਗ਼ਾਵਤ ਹੈ ਬੁਰਾ ਕੀ ਏ।

ਕੋਚਰ ਗ਼ਜ਼ਲਗੋਈ ਦਾ ਹੋਰਨਾਂ ਤੋਂ ਵੱਖਰਾ ਗੁਣ, ਗਰਾਮਰ ਉੱਤੇ ਪਹਿਲਾਂ ਦੇਣਾ ਹੈ। ਮਜ਼ਾਲ ਏ ਕਿਧਰੇ ਵਿਸ਼ਰਾਮ ਚਿੰਨ੍ਹਾਂ, ਪ੍ਰਸ਼ਨ ਚਿੰਨ੍ਹਾਂ, ਸ਼ਬਦ ਜੋੜਾਂ, ਕਾਮਿਆਂ ਜਾਂ ਪੁੱਠੇ ਕਾਮਿਆਂ ਦੀ ਮਾਰ ਖਾਵੇ। ਸੈਮੀਕੋਲਨ ਤਕ ਵੀ। ਉਸ ਨੂੰ ਇਹ ਗੁਣ ਉਸ ਦੇ ਅਧਿਆਪਨ ਕਾਰਜ ਨੇ ਦਿੱਤਾ ਜਾਪਦਾ ਹੈ, ਪਰ ਹੈ ਬਾਕਮਾਲ।

ਮੇਰੀ ਤਾਂ ਕਲਮ ਦਾ ਕੰਮ, ਕੁਝ ਨਾ ਕੁਝ ਬਸ ਬੋਲਦੇ ਰਹਿਣਾ,

ਤੇ ਦਸਤਕ ਦੇ ਕੇ ਸਾਰੇ, ਬੰਦ ਬੂਹੇ ਖੋਲ੍ਹਦੇ ਰਹਿਣਾ।

ਇਹ ਤਾਂ ਹੀ ਲੜਨਗੇ ਜ਼ਹਿਰੀ ਹਵਾ ਦੇ ਨਾਲ, ਫ਼ਨਕਾਰੋ,

ਤੁਹਾਡਾ ਫ਼ਰਜ਼ ਹੈ ਸ਼ਿਅਰਾਂ ’ਚ ਮਿਸਰੀ ਘੋਲਦੇ ਰਹਿਣਾ।

ਕੋਈ ਵੀ ਅਰਸ਼ ਬਹੁਤੀ ਦੂਰ ਨਾ ਰਹਿੰਦਾ ਕਿਸੇ ਕੋਲੋਂ,

ਮਗਰ ਹੈ ਲਾਜ਼ਮੀ, ਆਪਣੇ ਪਰਾਂ ਨੂੰ ਤੋਲਦੇ ਰਹਿਣਾ।

***

ਜੇ ਦੁਸ਼ਮਣ ਮਾਰਦੈ ਪੱਥਰ, ਜ਼ਰਾ ਵੀ ਫ਼ਰਕ ਨਹੀਂ ਪੈਂਦਾ,

ਪਰ ਸੱਜਣ ਜੇ ਮਾਰੇ ਫੁੱਲ, ਬੜੀ ਤਕਲੀਫ਼ ਹੁੰਦੀ ਏ।

ਪਸੀਨਾ ਵੇਚ ਕੇ ਵੀ ਜੇ ਜੁੜੇ ਨਾ ਦਾਲ ਰੋਟੀ ਵੀ,

ਤੇ ਮਿਹਨਤ ਦਾ ਪਵੇ ਨਾ ਮੁੱਲ, ਬੜੀ ਤਕਲੀਫ਼ ਹੁੰਦੀ ਏ।

ਅਸੀਂ ਜਦ ਵੇਖੀਏ ਉਨ੍ਹਾਂ ਬਜ਼ੁਰਗਾਂ ਨੂੰ ਘਰਾਂ ਵਿਚ ਜੋ,

ਨੇ ਰਹਿੰਦੇ ਨੌਕਰਾਂ ਦੇ ਤੁੱਲ, ਬੜੀ ਤਕਲੀਫ਼ ਹੁੰਦੀ ਏ।

ਕੁਝ ਵੀ ਹੋਵੇ ਕੋਚਰ ਕਲਾ ਦਾ ਮੀਰੀ ਗੁਣ ਉਸ ਦਾ ਜੀਵਨ ਫਲਸਫ਼ਾ ਹੈ, ਜਿਹੜਾ ਛੋਟੀ ਬਹਿਰ ਦੀਆਂ ਗ਼ਜ਼ਲਾਂ ਵਿਚ ਵਧੇਰੇ ਨੁਮਾਇਆਂ ਹੈ:

ਹਰ ਖੇਤਰ ਵਿਚ ਤਾਜ ਮੈਂ ਜਿੱਤਾਂ,

ਐਪਰ ਘਰ ਵਿਚ ਬਰਦੀ ਹਾਂ ਮੈਂ।

ਪਹਿਲਾਂ ਜਨਮ ਤੋਂ ਬਾਅਦ ਸੀ ਮਰਦੀ,

ਹੁਣ ਤਾਂ ਕੁੱਖ ਵਿਚ ਮਰਦੀ ਹਾਂ ਮੈਂ।

ਜੇ ਦਨੀਆਂ ਵਿਚ ਆ ਵੀ ਜਾਵਾਂ,

ਬਲੀ ਦਾਜ ਦੀ ਚੜ੍ਹਦੀ ਹਾਂ ਮੈਂ।

ਜਬਰ ਜਨਾਹ ਦੀਆਂ ਖ਼ਬਰਾਂ ਸੁਣ ਕੇ,

ਜਨਮ ਲੈਣ ਤੋਂ ਡਰਦੀ ਹਾਂ ਮੈਂ।

***

ਝੂਠ ਦਾ ਹੀ ਰਾਜ ਹੈ ਇਸ ਦੌਰ ਵਿਚ,

ਸੱਚ ਤਾਂ ਕੱਟਣ ਗਿਆ ਬਨਵਾਸ ਹੈ।

ਸੱਚ ਸੂਲੀ ’ਤੇ ਸਦਾ ਚੜ੍ਹਦਾ ਰਿਹਾ,

ਇਹ ਗਵਾਹੀ ਦੇ ਰਿਹਾ ਇਤਿਹਾਸ ਹੈ।

***

ਅੱਖਾਂ ਵਿਚ ਆਇਆ ਹਰਿਕ ਹੰਝੂ,

ਪੀੜ ਦਾ ਤਰਜਮਾਨ ਹੁੰਦਾ ਹੈ।

ਹੁਸਨ ਦਾ ਜਦ ਵੀ ਰਾਜ ਹੋ ਜਾਏ,

ਨਖਰਾ ਵੀ ਹੁਕਮਰਾਨ ਹੁੰਦਾ ਹੈ।

ਗੁਰਚਰਨ ਕੋਚਰ ਦੇ ਕਲਾਮ ਦਾ ਸਵਾਗਤ ਕਰਨਾ ਬਣਦਾ। ਉਸ ਦੇ ਨਾਂ ਨਾਲ ਡਾਕਟਰ ਲਾਏ ਬਿਨਾਂ। ਡਾਕਟਰ ਹੋਵੇਗੀ ਉਹ ਆਪਣੇ ਵਿਦਿਆਰਥੀਆਂ ਲਈ, ਪਾਠਕਾਂ ਦੀ ਨਹੀਂ। ਪਾਠਕ ਕਲਾਕਾਰੀ ਮੰਗਦੇ ਹਨ, ਡਿਗਰੀਆਂ ਨਹੀਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All