DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚੇਤਿਆਂ ’ਚ ਵਸਿਆ ਨਾਨਕਾ ਘਰ

ਬਚਪਨ ਦੀਆਂ ਸਿਮ੍ਰਤੀਆਂ ਦਾ ਕੈਨਵਸ ਬਹੁਤ ਵਿਸ਼ਾਲ ਹੁੰਦਾ ਹੈ, ਪਰ ਇਸ ਉੱਤੇ ਸਭ ਤੋਂ ਗੂੜ੍ਹੇ ਅਤੇ ਖ਼ੂਬਸੂਰਤ ਰੰਗ ਨਾਨਕੇ ਘਰ ਦੇ ਹੀ ਹੁੰਦੇ ਹਨ। ਇਹ ਗੱਲ 1989-90 ਦੇ ਆਸ-ਪਾਸ ਦੀ ਹੈ, ਜਦੋਂ ਹਰ ਬੱਚੇ ਵਾਂਗ ਮੇਰੇ ਅੰਦਰ ਵੀ ਆਪਣੇ ਨਾਨਕੇ...

  • fb
  • twitter
  • whatsapp
  • whatsapp
Advertisement

ਬਚਪਨ ਦੀਆਂ ਸਿਮ੍ਰਤੀਆਂ ਦਾ ਕੈਨਵਸ ਬਹੁਤ ਵਿਸ਼ਾਲ ਹੁੰਦਾ ਹੈ, ਪਰ ਇਸ ਉੱਤੇ ਸਭ ਤੋਂ ਗੂੜ੍ਹੇ ਅਤੇ ਖ਼ੂਬਸੂਰਤ ਰੰਗ ਨਾਨਕੇ ਘਰ ਦੇ ਹੀ ਹੁੰਦੇ ਹਨ। ਇਹ ਗੱਲ 1989-90 ਦੇ ਆਸ-ਪਾਸ ਦੀ ਹੈ, ਜਦੋਂ ਹਰ ਬੱਚੇ ਵਾਂਗ ਮੇਰੇ ਅੰਦਰ ਵੀ ਆਪਣੇ ਨਾਨਕੇ ਘਰ ਦਾ ਇੱਕ ਅਥਾਹ ਤੇ ਅਕਹਿ ਚਾਅ ਵਸਿਆ ਹੋਇਆ ਸੀ। ਹਰਿਆਣੇ ਦੀ ਧਰਤੀ ’ਤੇ ਵਸਦਾ ਮੇਰਾ ਨਾਨਕਾ ਪਿੰਡ ‘ਦੇਸੂ ਜੋਧਾ’ ਮੇਰੇ ਲਈ ਮਹਿਜ਼ ਇੱਕ ਪਿੰਡ ਨਹੀਂ, ਸਗੋਂ ਮੇਰੀਆਂ ਬਾਲ-ਭਾਵਨਾਵਾਂ ਦਾ ਉਹ ਸਵਰਗ ਸੀ ਜਿੱਥੇ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਸੁਨਹਿਰੀ ਤੇ ਲੰਮਾ ਅਰਸਾ ਬਿਤਾਇਆ। ਉਸ ਦੌਰ ਵਿੱਚ ਮੇਰੇ ਨਾਨਕਿਆਂ ਕੋਲ ਇੱਕ ਐਸਕਾਰਟ ਟਰੈਕਟਰ ਹੁੰਦਾ ਸੀ। ਟਰੈਕਟਰ ਦੇ ਉੱਪਰ ਚਿੱਟੇ ਅੱਖ਼ਰਾਂ ਵਿੱਚ ਉੱਕਰਿਆ ਮੇਰੇ ਨਾਨਾ ਜੀ ਦਾ ਨਾਮ ‘ਸ੍ਰ. ਜੱਗਰ ਸਿੰਘ’ ਮੈਨੂੰ ਬੜਾ ਚੰਗਾ-ਚੰਗਾ ਜਿਹਾ ਲੱਗਦਾ ਤੇ ਨਾਨਾ ਜੀ ਦਾ ਨਾਂ ਨੂੰ ਪੜ੍ਹਦਿਆਂ ਮੇਰੇ ਬਾਲ ਮਨ ਅੰਦਰ ਇੱਕ ਅਜੀਬ ਜਿਹਾ ਮਾਣ ਭਰ ਜਾਂਦਾ ਸੀ।

ਮੇਰੇ ਛੋਟੇ ਮਾਮੇ ਦਾ ਘਰ, ਜਿੱਥੇ ਮੇਰੇ ਨਾਨਾ-ਨਾਨੀ ਦੀ ਨਿੱਘੀ ਛੋਹ ਵਸਦੀ ਸੀ, ਮੈਨੂੰ ਕਿਸੇ ਜੰਨਤ ਤੋਂ ਘੱਟ ਨਹੀਂ ਸੀ ਜਾਪਦਾ। ਘਰ ਦੀ ਦਹਿਲੀਜ਼ ਪਾਰ ਕਰਦਿਆਂ ਹੀ ਸਾਹਮਣੇ ਇੱਕ ਵਰਾਂਡਾ ਸੀ। ਉਸ ਵਰਾਂਡੇ ਵਿੱਚ ਇੱਕ ਹਰੇ ਰੰਗ ਦੀ ਅਲਮਾਰੀ ਹੁੰਦੀ ਸੀ, ਜਿਸ ਉੱਪਰ ਪੀਰਾਂ, ਫ਼ਕੀਰਾਂ ਅਤੇ ਸੰਤਾਂ-ਮਹਾਤਮਾਵਾਂ ਦੀਆਂ ਤਸਵੀਰਾਂ ਸਜੀਆਂ ਹੋਈਆਂ ਸਨ। ਉਨ੍ਹਾਂ ਤਸਵੀਰਾਂ ਵਾਲੇ ਚਿਹਰਿਆਂ ’ਤੇ ਇੱਕ ਅਜਿਹਾ ਅਨੋਖਾ ਤੇ ਇਲਾਹੀ ਨੂਰ ਸੀ, ਜੋ ਮੇਰੇ ਅੰਦਰ ਇੱਕ ਅਜਬ ਜਿਹੀ ਰੂਹਾਨੀਅਤ ਭਰ ਦਿੰਦਾ ਸੀ। ਇਸੇ ਵਰਾਂਡੇ ਦੇ ਉੱਪਰ ਪੁਰਾਤਨ ਨਮੂਨੇ ਦਾ ਇੱਕ ਚੁਬਾਰਾ ਹੁੰਦਾ ਸੀ। ਭਾਵੇਂ ਉਹ ਚੁਬਾਰਾ ਪੁਰਾਣਾ ਹੋਣ ਕਾਰਨ ਮੇਰੇ ਬਚਪਨ ਵਿੱਚ ਹੀ ਢਾਹ ਦਿੱਤਾ ਗਿਆ ਸੀ, ਪਰ ਉਸ ਨਾਲ ਮੇਰੀ ਰੂਹ ਦਾ ਮੋਹ ਇੰਨਾ ਡੂੰਘਾ ਸੀ ਕਿ ਉਸ ਵਿੱਚ ਬੈਠ ਕੇ ਮੈਨੂੰ ਜੋ ਸਕੂਨ ਮਿਲਦਾ ਸੀ, ਉਹ ਦੁਨੀਆ ਦੀ ਕਿਸੇ ਹੋਰ ਨੁੱਕਰ ਵਿੱਚ ਕਦੇ ਨਸੀਬ ਨਹੀਂ ਹੋਇਆ।

Advertisement

ਵਰਾਂਡੇ ਦੇ ਖੱਬੇ ਪਾਸੇ ਇੱਕ ਵੱਡੀ ਸਾਰੀ ਸਬਾਤ ਸੀ। ਸਿਆਲ ਦੀਆਂ ਠੰਢੀਆਂ ਰਾਤਾਂ ਵਿੱਚ ਉਸ ਹਨੇਰੀ ਸਬਾਤ ਦੇ ਕਿਸੇ ਕੋਨੇ ਵਿੱਚ ਮੇਰੇ ਨਾਨੇ ਲਈ ਬਣਾਈਆਂ ਮੇਥਿਆਂ ਦੀਆਂ ਪਿੰਨੀਆਂ ਰੱਖੀਆਂ ਹੁੰਦੀਆਂ ਸਨ। ਮੇਰੀ ਨਾਨੀ ਜਦੋਂ ਆਪਣੇ ਮੋਹ ਭਿੱਜੇ ਹੱਥਾਂ ਨਾਲ ਮੈਨੂੰ ਉਹ ਪਿੰਨੀਆਂ ਖਵਾਉਂਦੀ, ਤਾਂ ਮੈਨੂੰ ਲੱਗਦਾ ਜਿਵੇਂ ਦੁਨੀਆ ਭਰ ਦਾ ਸਵਾਦ ਅਤੇ ਮਮਤਾ ਮੇਰੀ ਝੋਲੀ ਪੈ ਗਈ ਹੋਵੇ।

Advertisement

ਮੇਰੇ ਛੋਟੇ ਮਾਮੇ ਦਾ ਪੁੱਤਰ ਲਛਮਣ ਭਾਵੇਂ ਮੇਰੇ ਤੋਂ ਛੋਟਾ ਸੀ ਪਰ ਮੇਰਾ ਪੱਕਾ ਆੜੀ ਸੀ। ਨਾਨਾ ਜੀ ਆਪਣੇ ਹੱਥੀਂ ਸਾਨੂੰ ਗੁੱਲੀ ਘੜ ਕੇ ਦਿੰਦੇ ਅਤੇ ਅਸੀਂ ਘੰਟਿਆਂ-ਬੱਧੀ ਵਾੜੇ ਵਿੱਚ ਗੁੱਲੀ-ਡੰਡਾ ਖੇਡਦੇ ਰਹਿੰਦੇ। ਸਾਡੀ ਉਸ ਖੇਡ ਵਿੱਚ ਦੁਨੀਆ ਭਰ ਦੀ ਬਾਦਸ਼ਾਹਤ ਛੁਪੀ ਹੁੰਦੀ।

ਛੋਟੇ ਮਾਮੇ ਦੇ ਘਰ ਤੋਂ ਵੱਡੇ ਮਾਮੇ ਦੇ ਘਰ ਤੱਕ ਦਾ ਪੈਂਡਾ ਮੇਰੇ ਲਈ ਕਿਸੇ ਰੋਮਾਂਚਕ ਸਫ਼ਰ ਤੋਂ ਘੱਟ ਨਹੀਂ ਸੀ। ਰਸਤੇ ਵਿੱਚ ਪੈਦਲ ਤੁਰਦਿਆਂ ਸਭ ਤੋਂ ਪਹਿਲਾਂ ਦੋ ਛੱਪੜ ਆਉਂਦੇ ਤੇ ਫਿਰ ਲਸੂੜੇ ਦੇ ਰੁੱਖ ਮਿਲਦੇ, ਇੱਕ ਪੁਰਾਣਾ ਖੂਹ ਆਉਂਦਾ ਜਿੱਥੋਂ ਸੁਆਣੀਆਂ ਪਾਣੀ ਭਰਦੀਆਂ। ਉਸ ਖੂਹ ਦੇ ਨਾਲ ਹੀ ਇੱਕ ਡੇਰਾ ਹੁੰਦਾ ਸੀ। ਇਸ ਡੇਰੇ ਨਾਲ ਜੁੜੀ ਇੱਕ ਘਟਨਾ ਨੇ ਮੇਰੇ ਬਾਲ-ਮਨ ਨੂੰ ਕਿਸੇ ਤਲਿਸਮੀ ਦੁਨੀਆ ਦਾ ਹਿੱਸਾ ਬਣਾ ਦਿੱਤਾ ਸੀ। ਇੱਕ ਵਾਰ ਮਾਤਾ ਜੀ ਨੇ ਦੱਸਿਆ ਕਿ ਵੱਡੇ ਮਾਮਾ ਜੀ ਖੇਤਾਂ ਵਿੱਚ ਪਾਣੀ ਲਾ ਰਹੇ ਸਨ ਤਾਂ ਉਨ੍ਹਾਂ ਨੂੰ ‘ਕੀੜਾ’ ਛੋਹ ਗਿਆ। ਮੈਂ ਕੰਬਦੀ ਆਵਾਜ਼ ਵਿੱਚ ਪੁੱਛਿਆ, ‘ਫਿਰ ਕੀ ਹੋਇਆ?’ ਤਾਂ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਤੁਰੰਤ ਉਸੇ ਡੇਰੇ ਲਿਆਂਦਾ ਗਿਆ। ਡੇਰੇ ਵਿੱਚ ਇੱਕ ਥਾਲੀ ਖੜਕਾਈ ਗਈ ਅਤੇ ਉਸ ਥਾਲੀ ਦੀ ਆਵਾਜ਼ ਸੁਣਦਿਆਂ ਹੀ ਪਿੰਡ ਦੇ ਸਾਰੇ ‘ਗਾਰੜੂ’ ਇਕੱਠੇ ਹੋ ਗਏ। ਉਹ ਆਪਣੇ ਮੂੰਹ ਨਾਲ ਜ਼ਹਿਰ ਚੂਸਦੇ ਅਤੇ ਘਿਓ ਦੀਆਂ ਕੁਰਲੀਆਂ ਕਰਦੇ। ਇਸ ਤਰ੍ਹਾਂ ਉਨ੍ਹਾਂ ਨੇ ਸਾਰਾ ਜ਼ਹਿਰ ਮਾਮਾ ਜੀ ਦੇ ਸਰੀਰ ’ਚੋਂ ਬਾਹਰ ਕੱਢ ਦਿੱਤਾ ਤੇ ਕੁਝ ਹੀ ਸਮੇਂ ਬਾਅਦ ਮਾਮਾ ਜੀ ਬਿਲਕੁਲ ਨੌਂ-ਬਰ-ਨੌਂ ਹੋ ਗਏ। ਮਾਂ ਦੇ ਮੂੰਹੋਂ ਸੁਣੀ ਇਹ ਘਟਨਾ ਮੈਨੂੰ ਕਿਸੇ ਅਲੌਕਿਕ ਤੇ ਜਾਦੂਈ ਦੁਨੀਆ ਦੀ ਬਾਤ ਜਾਪਦੀ ਸੀ। ਅੱਜ ਵੀ ਉਸ ਡੇਰੇ ਵਿੱਚ ਵੱਜਦੀ ਘੰਟੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈਂਦੀ ਹੈ, ਜਿਵੇਂ ਉਹ ਫ਼ਿਜ਼ਾਵਾਂ ਵਿੱਚ ਕਿਤੇ ਗੂੰਜ ਰਹੀ ਹੋਵੇ।

ਨਾਨਕੇ ਪਿੰਡ ਕੋਲੋਂ ਦੀ ਹੀ ਇੱਕ ਨਹਿਰ ਗੁਜ਼ਰਦੀ ਸੀ, ਜਿਸ ਨੂੰ ਅਸੀਂ ‘ਮਸੀਤਾਂ ਵਾਲੀ ਨਹਿਰ’ ਆਖਦੇ ਸਾਂ। ਖੇਡਦੇ-ਖੇਡਦੇ ਮੈਂ ਅਤੇ ਵੱਡੇ ਮਾਮੇ ਦਾ ਮੁੰਡਾ ਭਜਨਾ ਅਕਸਰ ਇਸ ਨਹਿਰ ’ਤੇ ਜਾ ਵੜਦੇ। ਭਜਨਾ ਤਾਂ ਬੇਖ਼ੌਫ਼ ਹੋ ਕੇ ਨਹਿਰ ਦੇ ਪਾਣੀਆਂ ਵਿੱਚ ਤਾਰੀਆਂ ਲਾਉਂਦਾ, ਪਰ ਮੈਨੂੰ ਪਾਣੀ ਤੋਂ ਡਰ ਲੱਗਦਾ ਸੀ। ਮੈਂ ਨਹਿਰ ਵਿੱਚ ਵੜਨ ਦੀ ਬਜਾਏ, ਘੰਟਿਆਂਬੱਧੀ ਉਸਦੇ ਕਿਨਾਰੇ ਬੈਠਾ ਰਹਿੰਦਾ। ਪਾਣੀ ਦੀਆਂ ਛੱਲਾਂ ਦਾ ਸੰਗੀਤ ਅਤੇ ਉਹ ਸ਼ਾਂਤ ਮਾਹੌਲ ਮੈਨੂੰ ਅਕਹਿ ਸਕੂਨ ਬਖ਼ਸ਼ਦਾ। ਮੈਂ ਅਕਸਰ ਭਜਨੇ ਨਾਲ ਉਸਦੇ ਸਕੂਲ ਵੀ ਚਲਿਆ ਜਾਂਦਾ। ਉਹ ਸਕੂਲ ਜਾਂਦਿਆਂ ਗਰਮ-ਗਰਮ ਰੋਟੀਆਂ ਦੇ ਵਿਚਕਾਰ ਗੁੜ ਰੱਖ ਕੇ ਲੈ ਜਾਂਦਾ। ਅੱਧੀ ਛੁੱਟੀ ਵੇਲੇ ਜਦੋਂ ਉਹ ਰੋਟੀ ਖੋਲ੍ਹਦਾ, ਤਾਂ ਗਰਮ ਰੋਟੀ ਕਾਰਨ ਪਿਘਲੇ ਹੋਏ ਗੁੜ ਦੀ ਉਹ ਮਹਿਕ ਅਤੇ ਉਸਦਾ ਲਾਜਵਾਬ ਜ਼ਾਇਕਾ ਬਿਆਨੋਂ ਬਾਹਰ ਹੁੰਦਾ ਸੀ। ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਬਚਪਨ ਦੇ ਉਨ੍ਹਾਂ ਬੇਫ਼ਿਕਰੇ ਦਿਨਾਂ ਵਿੱਚ ਹੀ ਮੈਨੂੰ ਪਿੰਡ ਛੱਡ ਕੇ ਆਪਣੀ ਭੂਆ ਦੇ ਪਿੰਡ ਰਹਿਣ ਜਾਣਾ ਪਿਆ। ਬੱਸ, ਉੱਥੋਂ ਹੀ ਮੇਰਾ ਨਾਨਕੇ ਜਾਣ ਦਾ ਸਿਲਸਿਲਾ ਟੁੱਟ ਗਿਆ। ਵੱਡੇ ਮਾਮੇ ਦੇ ਮੁੰਡੇ ਦਾ ਵਿਆਹ ਹੋ ਗਿਆ, ਛੋਟੇ ਮਾਮੇ ਦੇ ਮੁੰਡੇ ਦਾ ਵੀ ਘਰ ਵਸ ਗਿਆ। ਮੈਂ ਨੌਕਰੀ ਲੱਗ ਗਿਆ, ਮੇਰਾ ਆਪਣਾ ਵਿਆਹ ਹੋ ਗਿਆ ਅਤੇ ਜ਼ਿੰਦਗੀ ਦੀ ਜੱਦੋ-ਜਹਿਦ ਵਿੱਚ ਮੇਰਾ ਨਾਨਕੇ ਜਾਣ ਦਾ ਕਦੇ ਸਬੱਬ ਹੀ ਨਾ ਬਣਿਆ।

ਪਰ ਮੇਰੇ ਅੰਦਰ ਦਾ ਬਾਲਕ ਕਦੇ ਉਸ ਪਿੰਡੋਂ ਬਾਹਰ ਨਹੀਂ ਆਇਆ। ਜਾਗਦੀਆਂ ਅੱਖਾਂ ਨੇ ਭਾਵੇਂ ਉਹ ਪਿੰਡ ਨਹੀਂ ਵੇਖਿਆ, ਪਰ ਮੇਰੇ ਸੁਪਨਿਆਂ ਵਿੱਚ ਅਕਸਰ ਮੇਰਾ ਨਾਨਕਾ ਘਰ ਆਉਂਦਾ ਹੈ। ਸੁਪਨਿਆਂ ਵਿੱਚ ਮੈਂ ਆਪਣੇ ਨਾਨਕੇ ਪਿੰਡ ਦੀਆਂ ਉਨ੍ਹਾਂ ਤਲਿਸਮੀ ਗਲੀਆਂ ਵਿੱਚ ਨੱਠ-ਭੱਜ ਰਿਹਾ ਹੁੰਦਾ ਹਾਂ। ਉਹ ਗਲੀਆਂ ਮੈਨੂੰ ‘ਅਲਿਫ਼ ਲੈਲਾ’ ਦੇ ਰਹੱਸਮਈ ਕਿੱਸਿਆਂ ਵਰਗੀਆਂ ਲੱਗਦੀਆਂ ਹਨ ਅਤੇ ਮੇਰਾ ਦਿਲ ਕਰਦਾ ਹੈ ਕਿ ਮੈਂ ਬੱਸ ਉਮਰ ਭਰ ਇਨ੍ਹਾਂ ਗਲੀਆਂ ਵਿੱਚ ਹੀ ਭਟਕਦਾ ਰਹਾਂ।

ਮੇਰੇ ਮਾਮੇ ਦਾ ਪੁੱਤਰ ਅਕਸਰ ਫ਼ੋਨ ’ਤੇ ਉਲਾਂਭਾ ਦਿੰਦਾ ਹੈ, ‘ਮਾਸਟਰ, ਤੂੰ ਹੁਣ ਆਪਣੇ ਨਾਨਕੇ ਕਿਉਂ ਨਹੀਂ ਆਉਂਦਾ? ਤੇਰਾ ਦਿਲ ਨਹੀਂ ਕਰਦਾ ਆਪਣੇ ਨਾਨਕੇ ਘਰ ਆਉਣ ਨੂੰ?’

ਮੈਂ ਹਰ ਵਾਰ ਉਸਨੂੰ ਲਾਰਾ ਲਾ ਦਿੰਦਾ ਹਾਂ ਕਿ ‘ਇਸ ਸਾਲ ਪੱਕਾ ਆਵਾਂਗਾ।’ ਪਰ ਜੇ ਆਪਣੇ ਮਨ ਦਾ ਸੱਚ ਦੱਸਾਂ ਤਾਂ ਮੇਰਾ ਨਾਨਕੇ ਜਾਣ ਨੂੰ ਹੁਣ ਬਿਲਕੁਲ ਵੀ ਦਿਲ ਨਹੀਂ ਕਰਦਾ। ਇਹ ਕੋਈ ਬੇਰੁਖ਼ੀ ਨਹੀਂ, ਸਗੋਂ ਇਹ ਮੇਰੇ ਨਾਨਕੇ ਪਿੰਡ ਪ੍ਰਤੀ ਮੇਰੇ ਅੰਤਾਂ ਦੇ ਮੋਹ ਦਾ ਇੱਕ ਵੱਖਰਾ ਰੂਪ ਹੈ। ਮੈਨੂੰ ਪਤਾ ਹੈ ਕਿ ਮੇਰੀਆਂ ਸਿਮਰਤੀਆਂ ਵਿੱਚ ਵਸਿਆ ਮੇਰੇ ਛੋਟੇ ਮਾਮੇ ਦਾ ਉਹ ਪੁਰਾਣਾ, ਪਿਆਰਾ ਜਿਹਾ ਘਰ ਹੁਣ ਇੱਕ ਆਲੀਸ਼ਾਨ ਕੋਠੀ ਵਿੱਚ ਤਬਦੀਲ ਹੋ ਚੁੱਕਾ ਹੈ। ਵਾੜੇ ਦੀ ਉਹ ਮਿੱਟੀ, ਜਿੱਥੇ ਸਾਡਾ ਗੁੱਲੀ-ਡੰਡਾ ਖੜਕਦਾ ਸੀ, ਹੁਣ ਸੀਮਿੰਟ ਦੀਆਂ ਇੱਟਾਂ ਹੇਠ ਦੱਬੀ ਗਈ ਹੈ, ਉੱਥੇ ਇੱਕ ਵੱਖਰੀ ਕੋਠੀ ਉਸਰ ਚੁੱਕੀ ਹੈ। ਨਾਨਕੇ ਘਰ ਦੇ ਜਿਸ ਜ਼ਰ੍ਹੇ-ਜ਼ਰ੍ਹੇ ਨਾਲ ਮੈਨੂੰ ਇਸ਼ਕ ਸੀ, ਉਹ ਹੁਣ ਆਪਣੇ ਉਸ ਸਥੂਲ ਰੂਪ ਵਿੱਚ ਮੌਜੂਦ ਨਹੀਂ ਹੈ।

ਪਰ ਮੇਰੇ ਚੇਤਿਆਂ ਦੇ ਇਤਿਹਾਸ ਵਿੱਚ... ਉਹ ਘਰ, ਉਹ ਪਿੰਡ, ਉਹ ਕੱਚੇ ਰਸਤੇ ਅੱਜ ਵੀ ਹੂ-ਬ-ਹੂ ਉਸੇ ਤਰ੍ਹਾਂ ਹਨ, ਜਿਵੇਂ ਬਚਪਨ ਵਿੱਚ ਹੁੰਦੇ ਸਨ। ਮੇਰੇ ਅੰਦਰ ਇੱਕ ਡਰ ਬੈਠਾ ਹੈ ਕਿ ਜੇ ਮੈਂ ਹੁਣ ਨਾਨਕੇ ਗਿਆ, ਤਾਂ ਮੈਨੂੰ ਸਭ ਕੁਝ ਬਦਲਿਆ ਹੋਇਆ ਮਿਲੇਗਾ। ਮੇਰੀਆਂ ਯਾਦਾਂ ਵਿੱਚ ਵਸਿਆ ਮੇਰਾ ਪਿਆਰਾ ਨਾਨਕਾ ਪਿੰਡ ਅਤੇ ਮੇਰੇ ਨਾਨਕੇ ਘਰ ਦਾ ਉਹ ਪਵਿੱਤਰ ਅਕਸ ਧੁੰਦਲਾ ਹੋ ਜਾਵੇਗਾ। ਸ਼ਾਇਦ ਮੇਰੇ ਜ਼ਿਹਨ ਵਿੱਚੋਂ ਮੇਰੇ ਬਚਪਨ ਦੀਆਂ ਉਹ ਅਨਮੋਲ ਯਾਦਾਂ ਕਿਰ ਜਾਣਗੀਆਂ, ਜੋ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਹਨ। ਮੈਂ ਆਪਣੇ ਅੰਦਰ ਵਸਦੇ ਉਸ ਪੁਰਾਣੇ, ਸਾਦੇ ਤੇ ਮੋਹ-ਭਿੱਜੇ ਨਾਨਕੇ ਪਿੰਡ ਨੂੰ ਮਰਨ ਨਹੀਂ ਦੇਣਾ ਚਾਹੁੰਦਾ। ਸ਼ਾਇਦ, ਇਸੇ ਕਰਕੇ ਮੈਂ ਹੁਣ ਕਦੇ ਆਪਣੇ ਨਾਨਕੇ ਘਰ ਜਾਵਾਂ ਵੀ ਨਾ... ਕਿਉਂਕਿ ਮੇਰਾ ਨਾਨਕਾ ਘਰ ਹੁਣ ਹਰਿਆਣੇ ਦੀ ਧਰਤੀ ’ਤੇ ਨਹੀਂ, ਮੇਰੀ ਰੂਹ ਦੇ ਅੰਦਰ ਵਸਦਾ ਹੈ।

ਸੰਪਰਕ: 98769-68193

Advertisement
×