ਭੂਤ ਬਸੇਰਾ
ਵੱਲ ਉਤਾਂਹ ਨੂੰ ਤੱਕਿਆਂ ਲੱਗਦੈ ਸਾਰਾ ਅੰਬਰ ਮੇਰਾ ਹੈ ਵਿੱਚ ਗਲੀ ਦੇ ਰੌਲਾ ਆਖਣ ਆਹ ਫੁੱਟ ਮੇਰਾ ਤੇਰਾ ਹੈ। ਸੁਣਿਐ ਕਿ ਜਦ ਕੂਕਰ ਰੋਵਣ ਰਾਤੀਂ, ਭਿਣਕ ਬੇਸ਼ਗਨੀ ਦੀ ਡੀਜੇ, ਜਾਗੋ, ਰੈਣ ਸਬਾਈ, ਵਿੱਚ ਸੌਈਂਏ ਕਿਆ ਜੇਰਾ ਹੈ। ਮਸਨੂਈ ਬੁੱਧੀ ਨਿਗਲੀ...
ਵੱਲ ਉਤਾਂਹ ਨੂੰ ਤੱਕਿਆਂ ਲੱਗਦੈ ਸਾਰਾ ਅੰਬਰ ਮੇਰਾ ਹੈ
ਵਿੱਚ ਗਲੀ ਦੇ ਰੌਲਾ ਆਖਣ ਆਹ ਫੁੱਟ ਮੇਰਾ ਤੇਰਾ ਹੈ।
ਸੁਣਿਐ ਕਿ ਜਦ ਕੂਕਰ ਰੋਵਣ ਰਾਤੀਂ, ਭਿਣਕ ਬੇਸ਼ਗਨੀ ਦੀ
ਡੀਜੇ, ਜਾਗੋ, ਰੈਣ ਸਬਾਈ, ਵਿੱਚ ਸੌਈਂਏ ਕਿਆ ਜੇਰਾ ਹੈ।
ਮਸਨੂਈ ਬੁੱਧੀ ਨਿਗਲੀ ਜਾਂਦੀ, ਬਚਿਆ ਬੋਲਾਂ ਦਾ ਵਿਸ਼ਵਾਸ,
ਸਾਂਝਾਂ ਦੀ ਆਥਣ ਦੇ ਅੰਦਰ ਪਸਰਿਆ ਘੋਰ ਹਨੇਰਾ ਹੈ।
ਬਾਹਰੋਂ ਯੋਧੇ ਅੰਦਰੋਂ ਕੈਦੀ ਲੋਕੀਂ ਜਿਊਂਦੇ ਡਰੇ ਘਿਰੇ
ਸਭ ਤੋਂ ਸੌਖੇ ਨੇਤਾ ਜਿਨ੍ਹਾਂ ਦੇ, ਪੈਰਾਂ ਹੇਠ ਬਟੇਰਾ ਹੈ।
ਵਿੱਚ ਭੁਲੇਖੇ ਤੁਰਦੇ ਲੋਕੀਂ, ਪਰ੍ਹੇ, ਕਚਹਿਰੀ ਥਾਣੇ ਨੂੰ,
ਬੇਖ਼ਬਰੇ ਕਿ ਚਾਰ ਚੁਫ਼ੇਰੇ ਮਾਇਆ ਦਾ ਹੀ ਡੇਰਾ ਹੈ।
ਛਾਂਗੇ ਰੁੱਖਾਂ ਫਿਰ ਹਰਿਆਉਣਾ, ਜਰ ਜਾਵਣਗੇ ਕੋਹਰੇ ਨੂੰ
ਤੇਰੀ ਮਿਲਖ ਨੂੰ ਲੋਕਾਂ ਕਹਿਣਾ, ਇਹ ਤਾਂ ਭੂਤ ਬਸੇਰਾ ਹੈ।
ਆਪਣਿਆਂ ਦੇ ਹੱਥੋਂ ਹੀ ਜੇ ਬਚ ਹੁੰਦਾ ਹੈ ਤਾਂ ਬਚ ਜਾਓ
ਗੈਰੋਂ ਬਚ ਗਏ, ਯਾਰ ਦੇ ਖੰਜਰ ਦਿੱਤਾ ਜ਼ਖ਼ਮ ਡੂੰਘੇਰਾ ਹੈ।
ਹੋ ਜਾਂਦੇ ਬੇਸ਼ਕਲੇ ਚਿਹਰੇ, ਸੱਖਣੇ ਸੀਰਤ ਅਮਲਾਂ ਤੋਂ
ਬੇਹੇ ਭਾਸ਼ਣ ਕੌਣ ਸੁਣੂ ਜਦ, ਫੋਨੀਂ ਗਿਆਨ ਬਥੇਰਾ ਹੈ।
ਜਿੱਥੇ ਪੈਸਾ ਓਥੇ ਧੰਦਾ, ਸ਼ਰਧਾ, ਨਸ਼ਾ, ਸਿਆਸਤ ਕੀ
ਰੱਤੜਾ ਕੁਝ ਲੋਕਾਂ ਲਈ ਨ੍ਹੇਰੀਆਂ ਰਾਤਾਂ ਵਿੱਚ ਸਵੇਰਾ ਹੈ।
ਸੰਪਰਕ: 82838-30599
* * *

