ਰਾਇਪੁਰ ਤੋਂ ਸ਼ਾਹਪੁਰ ਤੱਕ
ਕਾਹਲੀ-ਕਾਹਲੀ ਤੁਰਦਿਆਂ ਇਕ ਵਾਰ ਉਹਦੇ ਪੈਰ ਥਾਈਂ ਰੁਕ ਗਏ। ਪੈਰ ’ਤੇ ਠੋਕਰ ਵੱਜੀ ਸੀ। ਰਾਤ ਦਾ ਸਮਾਂ ਸੀ ਤੇ ਸੜਕ ਵੀ ਥਾਂ ਥਾਂ ਤੋਂ ਟੁੱਟੀ ਹੋਈ ਸੀ। ਉਸ ਨੇ ਚਾਦਰੇ ਦੀ ਇੱਕ ਕੰਨੀ ਉਪਰ ਚੁੱਕੀ ਤੇ ਖੱਬੀ ਵੱਖੀ ’ਤੇ ਟੰਗ...
ਕਾਹਲੀ-ਕਾਹਲੀ ਤੁਰਦਿਆਂ ਇਕ ਵਾਰ ਉਹਦੇ ਪੈਰ ਥਾਈਂ ਰੁਕ ਗਏ। ਪੈਰ ’ਤੇ ਠੋਕਰ ਵੱਜੀ ਸੀ। ਰਾਤ ਦਾ ਸਮਾਂ ਸੀ ਤੇ ਸੜਕ ਵੀ ਥਾਂ ਥਾਂ ਤੋਂ ਟੁੱਟੀ ਹੋਈ ਸੀ। ਉਸ ਨੇ ਚਾਦਰੇ ਦੀ ਇੱਕ ਕੰਨੀ ਉਪਰ ਚੁੱਕੀ ਤੇ ਖੱਬੀ ਵੱਖੀ ’ਤੇ ਟੰਗ ਲਈ। ਅਕਸਰ ਲੰਬੀਆਂ ਡਿੰਗਾਂ ਨਾਲ ਦੂਰੀ ਤੈਅ ਕਰਨੀ ਹੋਵੇ ਤਾਂ ਉਹ ਅਕਸਰ ਇੰਜ ਹੀ ਕਰਿਆ ਕਰਦਾ ਸੀ। ਪੈਂਡਾ ਤਾਂ ਸ਼ਟੇਸ਼ਨ ਤੋਂ ਛੇ-ਸੱਤ ਕਿਲੋਮੀਟਰ ਸੀ। ਗੱਡੀ ਸਟੇਸ਼ਨ ’ਤੇ ਰਾਤ ਨੌਂ ਵਜੇ ਪਹੁੰਚੀ ਸੀ। ਪਹਿਲਾਂ ਤਾਂ ਉਸ ਦੇ ਮਨ ਵਿੱਚ ਆਈ ਕਿ ਸਟੇਸ਼ਨ ’ਤੇ ਕਿਤੇ ਬੈਂਚ ਉੱਤੇ ਰਾਤ ਕੱਟ ਲਵੇ ਪਰ ਸੋਚਾਂ ਵਿੱਚ ਪਿਆ ਉਹ ਸਟੇਸ਼ਨ ਦੀਆਂ ਪੌੜੀਆਂ ਉੱਤਰ ਆਇਆ ਸੀ। ਕਾਹਲੀ-ਕਾਹਲੀ ਤੁਰਦਾ ਉਹ ਪਿੰਡ ਨੂੰ ਮੁੜਦੀ ਸੜਕ ਦੇ ਦੋਰਾਹੇ ਉੱਤੇ ਆ ਕੇ ਠਠੰਬਰ ਗਿਆ। ‘ਹੱਥ ਵਿੱਚ ਕੋਈ ਡੰਡਾ-ਡੁੱਕਰ ਵੀ ਹੈ ਨ੍ਹੀਂ।’ ਬਾਪੂ ਦੀ ਕਹੀ ਗੱਲ ਦਿਮਾਗ਼ ਵਿੱਚ ਬਿਜਲੀ ਦੀ ਤਾਰ ਵਾਂਗ ਘੁੰਮ ਗਈ, ‘ਰਾਤ ਨੂੰ ਖਾਲੀ ਹੱਥ ਤੁਰਨਾ, ਮੌਤ ਨੂੰ ਮਾਸੀ ਕਹਿਣ ਬਰਾਬਰ ਆ।’
ਸਰਪੰਚ ਨੇ ਵਧੀਕੀ ਕੀਤੀ ਸੀ। ਜੱਜ ਨੇ ਵੀ। ਨਹੀਂ...ਨਹੀਂ... ਜੱਜ ਕਿਹੜਾ ਕੋਲ ਸੀ ਉਸਨੇ ਤਾਂ ਮੌਕੇ ਦੀ ਗਵਾਹੀ ਕਿੱਧਰ ਡਿਗਦੀ ਐ, ਉਹ ਦੇਖਣੀ ਸੀ। ਬਾਕੀ ਜਿਹੜਾ ਵਕੀਲ ਉੱਚੀ- ਉੱਚੀ ਬੋਲ ਕੇ ਪ੍ਰੈੱਸ਼ਰ ਪਾ ਲਵੇ, ਉਹ ਖੱਟ ਜਾਂਦਾ। ਬਈ ਗਵਾਹ ਤਾਂ ਉਹਨਾਂ ਨੇ ਮੇਰੇ ਖਿਲਾਫ਼ ਦੋ ਖੜ੍ਹੇ ਕਰ ਲਏ ਸੀ। ਕੀ ਕਰ ਸਕਦਾ ਹੈ ਬੰਦਾ। ਵਕੀਲ ਤਾਂ ਮੇਰਾ ਵੀ ਚੰਗਾ ਲੜਿਆ ਸੀ। ਬਾਕੀ ਜੇਲ੍ਹ ਦਾ ਲੰਬੜ ਕਹਿੰਦਾ ਹੁੰਦਾ ਸੀ, ‘ਨਰਕ-ਸੁਰਗ ਇੱਥੇ ਈ ਐ।’ ਸਹਿਜ ਸੁਭਾਅ ਹੀ ਉਹ ਮਨ ਵਿੱਚ ਗਾਉਣ ਲੱਗ ਪਿਆ, ‘ਭੋਗ ਲੈ ਮਨਾ ਚਿੱਤ ਲਾ ਕੇ ਲਿਖੀਆਂ ਲੇਖ ਦੀਆਂ।’ ਰਾਹ ਤਾਂ ਜਾਣਿਆ-ਪਛਾਣਿਆ ਸੀ ਪਰ ਮਨ ਅੰਦਰ ਖ਼ੌਫ਼ ਸੀ। ਡਾਂਗ-ਸੋਟਾ ਤਾਂ ਹੱਥ ਵਿੱਚ ਫੜਿਆ ਦਿਸ ਜਾਂਦਾ ਪਰ ਅੱਜਕੱਲ੍ਹ ਤਾਂ ਅਗਲਾ ਡੱਬ ’ਚੋਂ ਕੱਢ ਕੇ ਠੂਹ ਕਰ ਦਿੰਦਾ।
ਚਲੋ...ਨਵਾਂ ਨਵਾਂ ਗੱਭਰੂ ਹੋਇਆ ਸੀ ਮੁੰਡਾ ਤੇ ਨਵੀਂ ਨਵੀਂ ਸਰਪੰਚੀ ਮਿਲੀ ਸੀ। ਪਿੰਡ ਆਲਿਆਂ ਨੇ ਪੱਚੀ ਸਾਲ ਤੋਂ ਚੱਲੇ ਆਉਂਦੇ ਜੱਦੀ-ਪੁਸ਼ਤੀ ਸਰਦਾਰ ਨੂੰ ਹਰਾ ’ਤਾ। ਵੋਟਾਂ ਤਾਂ ਸਾਡੇ ਸਾਰੇ ਲਾਣੇ ਨੇ ਵੀ ਜਸਵੰਤ ਸਿੰਘ ਨੂੰ ਪਾਈਆਂ ਸੀ, ਪਰ ਉਸ ਨੂੰ ਇਸ ਗੱਲ ਉੱਤੇ ਯਕੀਨ ਨਾ ਆਇਆ।
ਸਰਪੰਚ ਬਣ ਗਿਆ, ਚੰਗੀ ਗੱਲ ਐ। ਪਰ ਜਿਹੜਾ ਉਹ ਜ਼ਮੀਨਾਂ ਨੱਪਣ ਦੇ ਰਾਹ ਤੁਰ ਪਿਆ, ਇਹ ਮਾੜੀ ਗੱਲ ਕੀਤੀ। ਸਾਡਾ ਪਥਵਾੜਾ ਸੀ, ਰੂੜੀ ਸੀ, ਜੱਦੀ ਪੁਸ਼ਤੀ। ਮੇਰੇ ਜਨਮ ਤੋਂ ਪਹਿਲਾਂ ਦਾ ਸਾਡਾ ਕਬਜ਼ਾ ਸੀ। ਰੌਲਾ ਪਾ ਕੇ ਬਹਿ ਗਿਆ, ਅਖੇ ਸਾਂਝਾ ਰਕਬਾ ਹੈ। ਕਨਾਲ ਦੋ ਕਨਾਲਾਂ ਤਾਂ ਸਾਰਿਆਂ ਕੋਲ ਹੀ ਸਨ। ਮੁਰੱਬੇਬੰਦੀ ਵੇਲੇ ਤੋਂ ਹੀ ਪਿੰਡ ਦੇ ਪਥਵਾੜੇ ਪੰਚਾਇਤੀ ਜ਼ਮੀਨ ਵਿੱਚੋਂ ਛੱਡੇ ਹੋਏ ਸੀ। ਅਸਲ ਵਿੱਚ ਸਾਡੇ ਕੋਲ ਛੜੇ ਤਾਏ ਦਾ ਵੀ ਹਿੱਸਾ ਸੀ। ਬਾਪੂ ਤੋਂ ਅੱਡ ਹੋ ਕੇ ਉਸ ਨੇ ਆਪਣੇ ਹਿੱਸੇ ਆਉਂਦੀਆਂ ਮੱਝਾਂ ਲੈ ਕੇ ਡੇਢ ਕਿੱਲਾ ਜ਼ਮੀਨ ਦੇ ਨਾਲ ਪਥਵਾੜਾ ਵੀ ਵੰਡਾ ਲਿਆ ਸੀ। ਫੇਰ ਤਾਇਆ ਬਿਮਾਰ ਪੈ ਗਿਆ। ਵੱਡਾ ਭਰਾ ਸੀ। ਬਾਪੂ ਨੇ ਉਸ ਦਾ ਇਲਾਜ ਕਰਵਾਇਆ। ਭਲਾ ਹੋਵੇ ਭੂਆ ਤੇ ਫੁੱਫੜ ਦਾ, ਜਿਨ੍ਹਾਂ ਤਾਏ ਦੇ ਮਰਨ ਤੋਂ ਪਹਿਲਾਂ ਈ ਬਾਪੂ ਨਾਲ ਉਸ ਦੀ ਸੁਲਾਹ ਕਰਵਾ ਦਿੱਤੀ ਸੀ।
ਸਰਪੰਚ ਨਾਲ ਉਂਜ ਤਾਂ ਕੋਈ ਰੌਲਾ ਨ੍ਹੀਂ ਸੀ, ਬਸ ਆਹ ਪਥਵਾੜੇ ਪਿੱੱਛੇ ਵੈਰ ਪਾ ਲਿਆ ਉਸ ਨੇ। ਪਿੰਡ ਤੋਂ ਸ਼ਹਿਰ ਨੂੰ ਜਾਂਦੀ ਸੜਕ ਉੱਤੇ ਤਿੰਨ ਕਨਾਲਾਂ ਥਾਂ ਸੀ। ਸਾਡਾ ਉੱਥੇ ਪਥਵਾੜਾ ਸੀ। ਜਸਵੰਤ ਸਿੰਘ ਕੋਲ ਸਰਪੰਚੀ ਆਈ ਤਾਂ ਸਾਡਾ ਪਥਖਾੜਾ ਉਸ ਦੀ ਨਜ਼ਰ ਚੜ੍ਹ ਗਿਆ। ਦੋ-ਚਾਰ ਦਿਨਾਂ ਵਿੱਚ ਹੀ ਉਸ ਨੇ ਮੈਨੂੰ ਅੰਦਰ ਕਰਾ ਦਿੱਤਾ ਤੇ ਆਪ ਜ਼ਮੀਨ ’ਤੇ ਕਬਜ਼ਾ ਕਰ ਲਿਆ। ਮਗਰੋਂ ਉਸ ਦੇ ਇੱਕ ਹਮਾਇਤੀ ਨੇ ਬੇਬੇ ਨੂੰ ਦੱਸਿਆ ਕਿ ਜਸਵੰਤ ਉੱਥੇ ਸ਼ੋਅਰੂਮ ਖੋਲ੍ਹਣਾ ਚਾਹੁੰਦਾ ਸੀ।
ਮੇਰੇ ਵਰਗੇ ਨੰਗ ਕੋਲ ਕੀ ਸੀ ਭਲਾ, ਲੈ ਦੇ ਕੇ ਇੱਕ ਕਿੱਲਾ। ਉਹਨੂੰ ਵੀ ਮੈਂ ਠੇਕੇ ’ਤੇ ਦੇ ਕੇ ਖ਼ੁਦ ਤਾਸ਼ ਕੁੱਟਦਾ ਰਿਹਾ। ਬੇਬੇ ਆਪਣੇ ਸਿਰ ’ਤੇ ਤਿੰਨ ਮੱਝਾਂ ਸਾਂਭਦੀ ਸੀ। ਘਰ ਜੋਗਾ ਦੁੱਧ ਰੱਖ ਕੇ ਬਾਕੀ ਵੀਹ ਲਿਟਰ ਡੇਅਰੀ ’ਤੇ ਪੈਂਦਾ ਸੀ। ਦੁੱਧ ਦੀ ਕਮਾਈ ਦੇ ਸਿਰ ’ਤੇ ਹੀ ਮੈਂ ਉੱਡਿਆ ਫਿਰਦਾ ਸੀ। ਦੁੱਧ-ਚਿੱਟਾ ਚਾਦਰਾ, ਕਲੀਆਂ ਵਾਲਾ ਕੁੜਤਾ ਤੇ ਸਰਦਈ ਪੱਗ ਬੰਨ੍ਹ ਕੇ ਜਦੋਂ ਮੈਂ ਪਿੰਡ ’ਚ ਮੋਰਾਂ ਵਾਂਗ ਪੈਲ ਪਾਉਣੀ ਤਾਂ ਸ਼ਰੀਕਾਂ ਨੇ ਮੱਚ ਉੱਠਣਾ। ਬਾਪੂ ਕਹਿੰਦਾ ਹੁੰਦਾ ਸੀ, ‘ਚਾਰ ਮਿੱਤਰ ਬਣਾ ਕੇ ਰੱਖੋ, ਦੋ ਸੁੱਚੇ ਦੋ ਲੁੱਚੇ।’
ਊਂ ਬਾਪੂ ਮਰੇ ਤੋਂ ਬਾਅਦ ਮੇਰਾ ਬੈਠਣ-ਉੱਠਣ ਸਰਦਾਰਾਂ ਨਾਲ ਹੋ ਗਿਆ ਸੀ। ਓ...ਹੋ...ਲਗਦਾ ਜੁੱਤੀ ਵਿੱਚ ਰੋੜ ਪੈ ਗਿਆ। ਉਹ ਜੁੱਤੀ ਝਾੜਨ ਲਈ ਰੁਕ ਗਿਆ। ਬਾਪੂ ਕਹਿੰਦਾ ਹੁੰਦਾ ਸੀ, ‘ਜੁੱਤੀ ਵਿੱਚ ਰੋੜ ਪੈ ਜਾਵੇ ਤਾਂ ਉੱਥੇ ਈ ਖੜ੍ਹ ਕੇ ਝਾੜ ਦਿਓ, ਨਹੀਂ ਤਾਂ ਰੋੜ ਪੈਰਾਂ ਵਿੱਚ ਛਾਲੇ ਪਾ ਦਿੰਦੈ ਤੇ ਬੰਦਾ ਤੁਰਨੋਂ ਰਹਿ ਜਾਂਦੈ।’ ਯਾਰ ਸਰਪੰਚ ਜਸਵੰਤ ਸਿੰਘ ਵੀ ਇਹੀ ਕਹਿੰਦਾ ਸੀ। ‘‘ਗੁਰਦੇਵ, ਤੂੰ ਮੇਰੇ ਰਾਹ ਦਾ ਰੋੜਾ ਨਾ ਬਣ, ਮੈਨੂੰ ਹਟਾਉਣਾ ਆਉਂਦੈ।’’
ਜ਼ਮੀਨ ’ਤੇ ਕਬਜ਼ੇ ਵੇਲੇ ਸਰਪੰਚ ਤਾਂ ਬਚ ਗਿਆ ਪਰ ਵਗ੍ਹਾਮਾਂ ਸੱਬਲ ਉਹਦੇ ਭਰਾ ਦੇ ਜਾ ਵੱਜਿਆ। ਉਹ ਹਸਪਤਾਲ ਜਾ ਪਿਆ, ਅਖੇ ਉਸ ਦੀ ਲੱਤ ਕੀਚਰਾਂ ਹੋ ਗਈ। ਬਾਪੂ ਕਹਿੰਦਾ ਹੁੰਦਾ ਸੀ, ‘ਲੜਾਈ ਦੇ ਢਾਈ ਫੱਟ ਹੁੰਦੇ ਆ।’ ਜੇ ਹੁਣ ਆਪਣੇ ਤਜਰਬੇ ਦੇ ਆਧਾਰ ’ਤੇ ਮੈਂ ਕਹਿਣਾ ਹੋਵੇ ਤਾਂ ਲੜਾਈ ਦੇ ਢਾਈ ਮਿੰਟ ਹੁੰਦੇ ਆ। ਤਿੰਨ ਵਰ੍ਹੇ ਤੀਹ ਸਾਲ ਵਾਂਗੂੰ ਲੰਘੇ ਨੇ। ਬੇਬੇ ਮੁੱਕੀ ਤੋਂ ਅਖੀਰੀ ਵਾਰ ਉਸ ਦਾ ਮੂੰਹ ਦੇਖਣ ਤੇ ਅਗਨੀ ਦੇਣ ਆਇਆ ਸੀ। ਜਦੋਂ ਪੁਲੀਸ ਦੀ ਗੱਡੀ ਫਿਰਨੀ ਪੈ ਕੇ ਸਾਡੇ ਪਥਵਾੜੇ ਕੋਲੋਂ ਲੰਘੀ ਤਾਂ ਪਾਥੀਆਂ ਦੀ ਥਾਂ ਵਧੀਆ ਇਮਾਰਤ ਖੜ੍ਹੀ ਕਰਕੇ ਉੱਤੇ ਬੋਰਡ ਲੱਗਿਆ ਹੋਇਆ ਸੀ, ‘ਸਰਪੰਚ ਡਿਪਾਰਟਮੈਂਟਲ ਸਟੋਰ’। ਜੀਅ ਤਾਂ ਕੀਤਾ ਸੀ ਕਿ ਸਣੇ ਹਥਕੜੀ ਗੱਡੀ ’ਚੋਂ ਛਾਲ ਮਾਰ ਜਾਵਾਂ।
ਜੇਲ੍ਹ ਵਿੱਚ ਮਿਲਿਆ ਸੁਨੇਹਾ ਯਾਦ ਕਰ ਕੇ ਉਹ ਕਾਹਲੇ ਕਦਮੀਂ ਤੁਰਿਆ ਜਾਂਦਾ ਰੁਕ ਗਿਆ। ਯਾਰ ਉਹ ਕਹਿੰਦੇ ਸੀ ‘ਜੇਲ੍ਹ ’ਚੋਂ ਨਿਕਲਣ ਸਾਰ ਈ ਮੈਨੂੰ...।’ ਠੋਕ ਸਕਦੇ ਆ ਬਈ...ਠੋਕ ਸਕਦੇ ਆ। ਉਨ੍ਹਾਂ ਦਾ ਕੋਈ ਵਸਾਹ ਨੀ। ਜ਼ੋਰ ਤਾਂ ਉਨ੍ਹਾਂ ਦਾ ਈ ਐ। ਇੱਕ ਸਰਪੰਚੀ, ਦੂਜਾ ਉੱਪਰ ਤੱਕ ਪਹੁੰਚ। ਹਲਕੇ ਦੇ ਪੰਚ-ਸਰਪੰਚ ਵੀ ਉਸ ਨੇ ਨਾਲ ਗੱਠੇ ਹੋਣਗੇ। ਹੋਰ ਤਾਂ ਹੋਰ, ਸੁਣਿਆ ਐਮ ਐਲ ਏ ਸਮੇਤ ਸਭ ਅਫ਼ਸਰ ਨਾਲ ਨੇ। ਗੱਲ ਤਾਂ ਵੋਟਾਂ ਦੀ ਐ। ਊਂ ਕੋਈ ਤੀਜਾ ਬੰਦਾ ਲੜਾਈ-ਭੜਾਈ ’ਚ ਨਾਲ ਨ੍ਹੀਂ ਖੜ੍ਹਦਾ ਹੁੰਦਾ। ਉਦੋਂ ਵੀ ਵੱਡਾ ਭਾਈ ਆਇਆ ਸੀ, ਚਾਰ ਭਤੀਜੇ ਸੀ। ਸਰਪੰਚ ਆਪ ਤਾਂ ਆਇਆ ਨਾ। ਇੱਟਾਂ ਦਾ ਟਰੱਕ ਸਿੱਟਾ ਕੇ ਵਗਲ਼ ਕਰਨ ਲਈ ਮਿਸਤਰੀ ਅਤੇ ਮਜ਼ਦੂਰ ਲਿਆ ਕੇ ਖੜ੍ਹਾ ਲਏ। ਬਸ...ਧੱਕਾ...ਸਿੱਧਾ ਕਬਜ਼ਾ। ਬਾਪੂ ਸੱਚ ਕਹਿੰਦਾ ਹੁੰਦਾ ਸੀ, ‘ਪੈਂਦੀਆਂ ’ਚ ਨਾਲ ਦੇ ਜੰਮੇ ਈ ਖੜ੍ਹਦੇ ਆ।’ ਉਦੋਂ ਉਰਲੇ-ਪਰਲੇ ਸੱਦੇ ਹੋਏ ਸਾਰੇ ਭੱਜ ਗਏ ਸੀ। ਇੱਕ ਭਈਆ, ਪਤਾ ਨ੍ਹੀਂ ਮਿਸਤਰੀ ਸੀ, ਲੁਕ ਕੇ ਖੜ੍ਹਾ ਰਿਹਾ ਸੀ। ਮਿਸਤਰੀ ਹੀ ਹੋਣਾ, ਨਹੀਂ ਬਿਗਾਨੀ ਲੜਾਈ ਵਿੱਚ ਕਿਸੇ ਓਪਰੇ ਦਾ ਕੀ ਕੰਮ। ਅਚੇਤ ਮਨ ਦੀਆਂ ਸੋਚਾਂ ਵਿੱਚ ਘਿਰਿਆ ਤੁਰਿਆ ਆਉਂਦਾ ਉਹ ਰਾਇਪੁਰ ਲੰਘ ਆਇਆ ਸੀ।
ਕੋਲੋਂ ਦੀ ਕਾਰਾਂ, ਸਕੂਟਰ ਤੇ ਟਰੱਕ ਆਦਿ ਲੰਘ ਰਹੇ ਸਨ ਪਰ ਕੋਈ ਨਾ ਰੁਕਿਆ। ਉਸ ਨੇ ਰੋਕਣ ਦੀ ਕੋਈ ਖਾਸ ਕੋਸ਼ਿਸ਼ ਵੀ ਨਹੀਂ ਸੀ ਕੀਤੀ। ਉਹ ਆਪਣੇ ਖਿਆਲਾਂ ਦੇ ਘੋੜੇ ’ਤੇ ਸਵਾਰ ਕੱਚੇ ਰਾਹ ਉਤਰ ਕੇ ਆਪਣੇ ਪਿੰਡ ਨੂੰ ਤੁਰਿਆ ਆ ਰਿਹਾ ਸੀ। ਊਂ ਬੰਦੇ ਦਾ ਕੀ ਆ। ਅਗਲੇ ਨੇ ਟਰੱਕ ਦਾ ਮਾੜਾ ਜਿਹਾ ਹੈਂਡਲ ਈ ਘੁੰਮਾਉਣਾ ਪਰ ਇਹ ਕੰਮ ਵੀ ਦਿਲ ਵਾਲਾ ਈ ਕਰ ਸਕਦਾ। ਚਲੋ ਔਹ ਅੱਗੇ ਢਾਬੇ ਦੀ ਲਾਈਟ ਦਿਸਦੀ ਐ। ਸ਼ਾਇਦ ਉੱਥੋਂ ਕੋਈ ਸਵਾਰੀ ਮਿਲ ਜੇ। ਕਾਹਲੀ ਕਾਹਲੀ ਉਸ ਨੇ ਢਾਬੇ ’ਤੇ ਆ ਕੇ ਪੈਰ ਮਲਿਆ। ਉਸ ਨੇ ਦੇਖਿਆ ਢਾਬੇ ’ਤੇ ਛੋਟਾ ਹਾਥੀ ਖੜ੍ਹਾ ਸੀ। ‘ਡਰਾਈਵਰ, ਕਲੀਨਰ ਨੂੰ ਪੁੱਛ ਕੇ ਵੇਖਦਾਂ।’ ਉਸ ਸੋਚਿਆ। ਉਹ ਦੋਵੇਂ ਬੈਠੇ ਰੋਟੀ ਖਾ ਰਹੇ ਸਨ। ਗੁਰਦੇਵ ਆਪ ਦੂਰ ਪਏ ਬੈਂਚ ’ਤੇ ਬੈਠ ਕੇ ਉਡੀਕ ਕਰਨ ਲੱਗ ਪਿਆ। ਜਿੱਧਰ ਉਸ ਨੇ ਜਾਣਾ ਸੀ, ਛੋਟੇ ਹਾਥੀ ਦਾ ਉਧਰ ਨੂੰ ਹੀ ਮੂੰਹ ਸੀ। ਪਹਿਲਾਂ ਉਸ ਨੇ ਸੋਚਿਆ, ਚਾਹ ਪੀ ਲਈਏ ਫੇਰ ਉਸ ਨੇ ਮੇਜ਼ ’ਤੇ ਪਏ ਜੱਗ ਵਿਚੋਂ ਪਾਣੀ ਦਾ ਗਲਾਸ ਭਰ ਕੇ ਪੀ ਲਿਆ। ਉਹ ਭੁੱਖਾ ਸੀ, ਪਾਣੀ ਦਾ ਗਲਾਸ ਪੀ ਕੇ ਉਸ ਨੂੰ ਢਕਾਰ ਆ ਗਿਆ।
‘‘ਬਾਈ ਮੈਂ ਪੱਖੋਵਾਲ ਵੱਲ ਨੂੰ ਜਾਣਾ। ਫੱਲੇਵਾਲ ਦੇ ਰਾਹ ’ਤੇ ਲਾਹ ਦਿਓ,’’ ਉਨ੍ਹਾਂ ਵਿਚੋਂ ਇੱਕ ਜਣਾ ਹੱਥ ਧੋਣ ਆਇਆ ਤਾਂ ਗੁਰਦੇਵ ਨੇ ਪੁੱਛਿਆ। ਉਹ ਬਿਨਾਂ ਬੋਲਿਆਂ ਗੱਡੀ ਦੇ ਆਲੇ-ਦੁਆਲੇ ਟਾਇਰ ਤੇ ਰੱਸੇ ਆਦਿ ਚੈੱਕ ਕਰਨ ਲੱਗ ਪਿਆ। ਗੁਰਦੇਵ ਨੇ ਸੋਚਿਆ ਇਹ ਕਲੀਨਰ ਹੋਵੇਗਾ, ਮੈਂ ਡਰਾਈਵਰ ਨੂੰ ਪੁੱਛਦਾਂ। ਡਰਾਈਵਰ ਆਇਆ ਤਾਂ ਉਸ ਮੁੜ ਆਖਿਆ, ‘‘ਬਾਈ ਫੱਲੇਵਾਲ ਦੇ ਰਾਹ ’ਤੇ ਠੇਕੇ ਕੋਲ ਲਾਹ ਦਿਓ।’’ ਡਰਾਈਵਰ ਨੇ ਟਰੱਕ ਦੇ ਪਿਛਲੇ ਪਾਸੇ ਤੋਂ ਚੜ੍ਹ ਜਾਣ ਦਾ ਇਸ਼ਾਰਾ ਕੀਤਾ। ਕਲੀਨਰ ਪਹਿਲਾਂ ਹੀ ਖਿੜਕੀ ਨੂੰ ਹੱਥ ਪਾਈ ਖੜ੍ਹਾ ਸੀ। ਗੁਰਦੇਵ ਰੱਸਿਆਂ ਨੂੰ ਹੱਥ ਪਾ ਕੇ ਬੰਪਰ ’ਤੇ ਖੜ੍ਹ ਗਿਆ। ‘ਉਪਰ ਨਾਲੋਂ ਐਥੇ ਠੀਕ ਐ। ਨਾ ਰੋਕਿਆ ਤਾਂ ਮੈਂ ਆਪ ਹੀ ਉਤਰ ਜਾਊਂ।’’ ਬਾਪੂ ਕਹਿੰਦਾ ਹੁੰਦਾ ਸੀ, ‘ਜਿਹੜਾ ਬੰਦਾ ਸਮਾਂ ਸੰਭਾਲ ਗਿਆ, ਉਹ ਮੀਰੀ ਆ।’ ਘੰਟਾ ਕੁ ਲੱਗਣਾ, ਹੁਣ ਘਰ ਜਾ ਕੇ ਈ ਪਊਂ। ਪਤਾ ਨ੍ਹੀਂ, ਮੇਰੇ ਪਹੁੰਚਣ ਬਾਰੇ ਘਰ ਪਤਾ ਵੀ ਹੋਊ ਕਿਸੇ ਨੂੰ ਜਾਂ ਨਹੀਂ। ਕੌਣ ਚੇਤੇ ਰੱਖਦਾ ਅੱਜਕੱਲ੍ਹ? ਖਬਰਨੀ ਬੂਹਾ ਖੋਲ੍ਹੂ ਕੋਈ, ਪਤਾ ਨੀ ਕੰਧ ਈ ਟੱਪਣੀ ਪਊ। ਚੱਲ ਦੇਖੀ ਜਾਊ ਜੋ ਹੋਇਆ, ਮੌਕੇ ’ਤੇ ਪਤਾ ਲੱਗੂ ਹੁਣ ਤਾਂ।’ ਸੜਕ ਜ਼ਿਆਦਾ ਟੁੱਟੀ ਹੋਣ ਕਰਕੇ ਛੋਟਾ ਹਾਥੀ ਹੌਲੀ ਚੱਲ ਰਿਹਾ ਸੀ। ਇਸ ਰਾਹ ਤੋਂ ਉਹ ਸੈਂਕੜੇ ਨਹੀਂ ਹਜ਼ਾਰਾਂ ਹੀ ਵਾਰ ਸਾਈਕਲ ਚਲਾ ਕੇ ਲੰਘਿਆ ਸੀ। ਇਸ ਰਾਹ ਦੇ ਤਾਂ ਰੁੱਖ ਵੀ ਉਸ ਲਈ ਜਾਣੇ-ਪਛਾਣੇ ਸਨ। ਉਹ ਸੋਚਣ ਲੱਗਿਆ, ‘ਸ਼ਾਹਪੁਰ ਦੇ ਸਾਰੇ ਰਾਹ ਵਿੱਚ ਸਰਦਾਰਾਂ ਦੇ ਪੋਲਟਰੀ ਫ਼ਾਰਮ ਦੇ ਬੱਲਬ ਦਾ ਚਾਨਣ ਹੁੰਦਾ। ਚਾਨਣ ਵਿੱਚ ਸਿੱਧਾ ਪਿੰਡ ਨੂੰ ਤੁਰਿਆ ਜਾਊਂ।’ ਬਾਪੂ ਕਹਿੰਦਾ ਹੁੰਦਾ ਸੀ, ‘ਆਪਣਾ ਘਰ ਆਪਣੀ ਜੁੱਲੀ, ਸੁਰਗ ਦਾ ਝੂਟਾ।’
ਉਹ ਉਤਰਨ ਲਈ ਤਿਆਰ ਹੋ ਗਿਆ। ਉਸ ਨੇ ਫੱਲੇਵਾਲ ਵਾਲੇ ਪਾਸੇ ਮੂੰਹ ਕੱਢ ਕੇ ਠੇਕੇ ਦਾ ਬੱਲਬ ਦੇਖਣ ਦੀ ਕੋਸ਼ਿਸ਼ ਕੀਤੀ। ਥੋੜ੍ਹੀ ਦੇਰ ਬਾਅਦ ਛੋਟਾ ਹਾਥੀ ਠੇਕੇ ਅੱਗੇ ਰੁਕ ਗਿਆ। ਗੁਰਦੇਵ ਤਾਂ ਪਹਿਲਾਂ ਹੀ ਉਤਰ ਗਿਆ ਸੀ। ਠੇਕੇ ਦਾ ਬੂਹਾ ਬੰਦ ਸੀ। ਠੇਕੇ ਦੇ ਇੱਕ ਪਾਸੇ ਵੱਲ ਦੋ ਬੰਦੇ ਬੈਠੇ ਸਨ। ਉਹ ਠੇਕੇ ਦੇ ਬੋਰਡ ਉਪਰ ਲੱਗੇ ਹੋਏ ਬੱਲਬ ਦੇ ਚਾਨਣ ਵਿੱਚ ਬੈਠੇ ਪੀ ਰਹੇ ਸਨ। ਡਰਾਈਵਰ ਤੇ ਕਲੀਨਰ ਨਾ ਉੱਤਰੇ। ਸ਼ਾਇਦ ਉਨ੍ਹਾਂ ਮੇਰੇ ਉਤਰਨ ਲਈ ਹੀ ਰੋਕੀ ਸੀ ਗੱਡੀ। ਮੇਰੇ ‘ਚੱਲੋ’ ਕਹਿਣ ’ਤੇ ਉਹ ਤੁਰ ਪਏ।
‘‘ਕਿੱਥੇ ਜਾਣੈ ?’’ ਉਨ੍ਹਾਂ ਵਿਚੋਂ ਇੱਕ ਮੇਰੇ ਵੱਲ ਮੂੰਹ ਕਰ ਕੇ ਬੋਲਿਆ। ‘‘ਪਊਆ ਮਿਲੂ ?’’ ਆਪਣੇ ਪਿੰਡ ਵੱਲ ਝਾਤੀ ਮਾਰ ਕੇ ਮੈਂ ਹੁਣ ਹੌਸਲੇ ਵਿੱਚ ਸੀ।
ਮੈਨੂੰ ਬਾਪੂ ਦੀ ਕਹੀ ਗੱਲ ਯਾਦ ਆ ਗਈ। ‘ਜਣੇ-ਖਣੇ ਨੂੰ ਆਪਣੀ ਮੰਜ਼ਿਲ ਬਾਰੇ ਨਾ ਦੱਸੋ।’ ਮੇਰਾ ਮੂੰਹ ਫੱਲੇਵਾਲ ਵੱਲ ਸੀ। ਮੇਰੇ ਮੂੰਹੋਂ ਫੱਲੇਵਾਲ ਨਿਕਲ ਗਿਆ। ਉਂਝ ਇਨ੍ਹਾਂ ਰਾਹਾਂ ਦੀ ਧੂੜ ਵੀ ਉਸ ਨੂੰ ਜਾਣਦੀ ਸੀ। ਪਹਿਲਾਂ ਉਸ ਨੇ ਸੋਚਿਆ, ‘ਸਰਦਾਰਾਂ ਦੇ ਪੋਲਟਰੀ ਫ਼ਾਰਮ ’ਤੇ ਚਲਿਆ ਜਾਵਾਂ। ਕੋਈ ਜਾਣੂੰ ਮਿਲ ਜਾਊ। ਸਾਈਕਲ ਲੈ ਕੇ ਸੌਖਾ ਪਿੰਡ ਪਹੁੰਚ ਜਾਊਂ।’ ਸੋਚਦਾ-ਸੋਚਦਾ ਗੁਰਦੇਵ ਕੋਲ ਲੱਗੇ ਨਲਕੇ ਤੋਂ ਪਾਣੀ ਪੀਣ ਲੱਗ ਪਿਆ।
‘‘ਸਰਦਾਰ ਜੀ ਗਲਾਸ ਲੇ ਲੇਤੇ।’’
‘‘ਪਰਵਾਸੀ ਮਜ਼ਦੂਰ... ?’’ ਉਸ ਨੇ ਮਨ ਵਿੱਚ ਸੋਚਿਆ।
‘‘ਮੈਂ ਸ਼ਾਹਪੁਰ ਕੇ ਸਰਪੰਚ ਸਾਥ ਕਾਮ ਕਰਤਾ ਹੂੰ। ਆਜ ਕਿਸੀ ਕੋ ਉਡੀਕ ਰਹੇ ਥੇ। ਅਬ ਤੱਕ ਆਇਆ ਨਹੀਂ। ਅਬ ਤੋ ਲਗਤਾ ਹੈ ਆਏਗਾ ਭੀ ਨਹੀਂ। ਆ ਜਾਤਾ ਤੋ ਕਲਿਆਣ ਕਰ ਦੇਤੇ ਯਹੀਂ। ਮੈਨੇ ਹੀ ਫਸਾਇਆ ਥਾ ਉਸ ਕੋ। ਸਰਪੰਚ ਕੇ ਭਾਈ ਕੀ ਲਾਤ ਫੋੜ ਕੇ। ਉਸ ਨੇ ਸੱਬਲ ਫੈਂਕ ਕੇ ਮਾਰਾ, ਘੁਟਨੇ ਪੇ ਲਗਾ। ਕੇਸ ਡਲਵਾਨੇ ਕੇ ਲੀਏ ਸਰਪੰਚ ਨੇ ਮੁਝੇ ਬੋਲ ਰੱਖਾ ਥਾ। ਜਬ ਸਰਪੰਚ ਕਾ ਭਾਈ ਆਗੇ ਬੜ੍ਹਾ ਤੋ ਮੈਨੇ ਉੱਠਾ ਕੇ ਸੱਬਲ ਉਸ ਦੀ ਲਾਤ ਪੇ ਦੇ ਮਾਰਾ। ਔਰ ਗਿਆ ਵੋ ਤੀਨ ਸਾਲ ਕੇ ਲੀਏ ਜੇਲ੍ਹ ਮੇਂ...ਆਜ ਹੀ ਛੂਟਕਰ ਆਨਾ ਥਾ ਉਸੇ...ਉਸੀ ਕਾ ਕਾਮ ਤਮਾਮ ਕਰਨੇ ਕੀ ਜ਼ਿੰਮੇਦਾਰੀ ਮਿਲੀ ਥੀ...ਸੋਚਾ ਥਾ ਕਾਮ ਕਰ ਕੇ ਮੈਂ ਬਿਹਾਰ ਕੀ ਗਾੜੀ ਪਕੜ ਲੂੰਗਾ।’’
ਉਸ ਨੇ ਪਿਸਤੌਲ ਵਾਲਾ ਹੱਥ ਉੱਪਰ ਚੁੱਕਦਿਆਂ ਸ਼ੇਖੀ ਅਤੇ ਸ਼ਰਾਬ ਦੇ ਨਸ਼ੇ ਵਿੱਚ ਸਾਰੀ ਗੱਲ ਆਖ ਸੁਣਾਈ।
‘‘ਠੇਕਾ ਤੋ ਬੰਦ ਹੈ ਸਰਦਾਰ, ਅਬ ਦਾਰੂ ਤੋ ਨਹੀਂ ਮਿਲੇਗਾ। ਦੋ ਘੂੰਟ ਹਮਾਰੇ ਸਾਥ ਹੀ ਲਗਾ ਲੋ...ਥਕਾਨ ਦੂਰ ਹੋ ਜਾਏਗੀ।’’
ਗੁਰਦੇਵ ਚੁੱਪ-ਚਾਪ ਫੱਲੇਵਾਲ ਦੇ ਰਾਹ ਪੈ ਗਿਆ। ਹੁਣ ਸ਼ਾਹਪੁਰ ਉਸ ਤੋਂ ਦੂਰ ਹੁੰਦਾ ਜਾ ਰਿਹਾ ਸੀ।

