DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਾਗ਼-ਏ-ਸ਼ਾਹੀ ਤੋਂ ਦਗਸ਼ਈ: ਇਨਕਲਾਬੀ ਇਤਿਹਾਸ ਦੇ ਗੁੰਮਨਾਮ ਪੰਨੇ

The rich revolutionary history of Dagshai Central Jail, tracking its transformation from a Mughal exile site ('Dag-e-Shahi') to a brutal British colonial prison that housed 1857 mutineers, Ghadarite revolutionaries, Irish rebels, Mahatma Gandhi, and Nathuram Godse.

  • fb
  • twitter
  • whatsapp
  • whatsapp
featured-img featured-img
ਦਗਸ਼ਈ ਸਥਿਤ ਜੇਲ੍ਹ ਅਜਾਇਬਘਰ।
Advertisement

ਹਾਲ ਹੀ ਵਿੱਚ ਸਾਨੂੰ ਹਿਮਾਚਲ ਪ੍ਰਦੇਸ਼ ਦੇ ਧਰਮਪੁਰ ਨੇੜੇ, ਚੰਡੀਗੜ੍ਹ-ਸ਼ਿਮਲਾ ਹਾਈਵੇਅ ’ਤੇ ਚੰਡੀਗੜ੍ਹ ਤੋਂ ਮਹਿਜ਼ 54 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਦਗਸ਼ਈ ਛਾਉਣੀ ਦੇਖਣ ਦਾ ਮੌਕਾ ਮਿਲਿਆ। ਸਾਲ 1847 ਵਿੱਚ ਪਟਿਆਲਾ ਦੇ ਮਹਾਰਾਜਾ ਨੇ ਈਸਟ ਇੰਡੀਆ ਕੰਪਨੀ ਨੂੰ ਛਾਉਣੀ ਸਥਾਪਤ ਕਰਨ ਲਈ ਪੰਜ ਪਿੰਡ (ਡੱਬੀ, ਬੁਢਟਿਆਲਾ, ਚੂਨਾਵੜ, ਜਵਾਗ ਅਤੇ ਦਗਸ਼ਈ) ਦਿੱਤੇ ਸਨ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਰਣਨੀਤਕ ਪੱਖ ਤੋਂ 1849 ਵਿੱਚ ਇੱਥੇ ਜੇਲ੍ਹ ਦਾ ਨਿਰਮਾਣ ਕਰਵਾਇਆ। ਦਗਸ਼ਈ ਵਿੱਚ ਮੁੱਖ ਖਿੱਚ ਦਾ ਕੇਂਦਰ ਦਗਸ਼ਈ ਕੇਂਦਰੀ ਜੇਲ੍ਹ ਅਤੇ ਜੇਲ੍ਹ ਅਜਾਇਬਘਰ ਹੈ, ਜੋ ਅੰਡੇਮਾਨ ਟਾਪੂ ਦੀ ਸੈਲਿਊਲਰ ਜੇਲ੍ਹ ਤੋਂ ਬਾਅਦ ਭਾਰਤ ਵਿੱਚ ਬਸਤੀਵਾਦੀ ਦੌਰ ਦੇ ਸਿਰਫ਼ ਦੋ ਜੇਲ੍ਹ ਅਜਾਇਬ ਘਰਾਂ ਵਿੱਚੋਂ ਇੱਕ ਹੈ।

ਬ੍ਰਿਟਿਸ਼ ਕਾਲ ਦੌਰਾਨ ਦਗਸ਼ਈ ਕੇਂਦਰੀ ਜੇਲ੍ਹ ਇੱਕ ਬੇਹੱਦ ਸਖ਼ਤ ਸੁਰੱਖਿਆ ਪ੍ਰਬੰਧਾਂ ਵਾਲੀ ਜੇਲ੍ਹ ਵਜੋਂ ਬਣਾਈ ਗਈ ਸੀ। ਇਸ ਵਿੱਚ ਕੁੱਲ 54 ਸੈੱਲ (ਕੋਠੜੀਆਂ) ਹਨ ਜਿਨ੍ਹਾਂ ਵਿੱਚੋਂ 16 ਇਕਾਂਤਵਾਸ ਕੋਠੜੀਆਂ ਸਨ। ਇਨ੍ਹਾਂ ਦੀ ਵਰਤੋਂ ਕੱਟੜ ਭਾਰਤੀ ਕ੍ਰਾਂਤੀਕਾਰੀਆਂ ਨੂੰ ਕੈਦ ਕਰਨ ਅਤੇ ਅਣਮਨੁੱਖੀ ਸਜ਼ਾਵਾਂ ਦੇਣ ਲਈ ਕੀਤੀ ਜਾਂਦੀ ਸੀ। ਇਨ੍ਹਾਂ ਕੋਠੜੀਆਂ ਵਿੱਚ ਕੁਦਰਤੀ ਰੌਸ਼ਨੀ ਜਾਂ ਹਵਾ ਦੀ ਆਮਦ ਦਾ ਕੋਈ ਸਾਧਨ ਨਹੀਂ ਸੀ। ਅੰਗਰੇਜ਼ੀ ਦੇ ਅੱਖਰ ‘ਟੀ’ ਆਕਾਰ ਦੀ ਇਸ ਵਿਲੱਖਣ ਪਥਰੀਲੀ ਇਮਾਰਤ ਦੀ ਛੱਤ ਲਗਪਗ 20 ਫੁੱਟ ਉੱਚੀ ਹੈ ਅਤੇ ਫ਼ਰਸ਼ ਲੱਕੜ ਦਾ ਬਣਾਇਆ ਗਿਆ ਸੀ ਤਾਂ ਜੋ ਕੈਦੀਆਂ ਦੀ ਕਿਸੇ ਵੀ ਹਰਕਤ ਜਾਂ ਆਪਸੀ ਗੱਲਬਾਤ ’ਤੇ ਤਿੱਖੀ ਨਜ਼ਰ ਰੱਖੀ ਜਾ ਸਕੇ। ਇੱਥੇ ਕੈਦ ਕੀਤੇ ਗਏ ਅਤੇ ਫਾਂਸੀ ਚੜ੍ਹਾਏ ਗਏ ਸ਼ੁਰੂਆਤੀ ਪ੍ਰਮੁੱਖ ਕ੍ਰਾਂਤੀਕਾਰੀਆਂ ਵਿੱਚ ਉਹ ਗੋਰਖਾ ਸਿਪਾਹੀ ਸ਼ਾਮਲ ਸਨ ਜਿਨ੍ਹਾਂ ਨੇ 1857 ਵਿੱਚ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਦਾ ਬਿਗਲ ਵਜਾਇਆ ਸੀ।

Advertisement

ਗ਼ਦਰ ਲਹਿਰ ਅਤੇ ਕੋਮਾਗਾਟਾਮਾਰੂ ਦਾ ਸਬੰਧ

Advertisement

ਸਾਲ 1914 ਦੇ ਇਤਿਹਾਸਕ ਕੋਮਾਗਾਟਾਮਾਰੂ ਜਹਾਜ਼ ਦੁਖਾਂਤ ਅਤੇ 1915 ਦੀ 23ਵੀਂ ਰਿਸਾਲਾ ਘੋੜਸਵਾਰ ਫ਼ੌਜ ਦੀ ਬਗਾਵਤ ਨਾਲ ਜੁੜੇ ਗ਼ਦਰ ਲਹਿਰ ਦੇ ਅਨੇਕਾਂ ਆਗੂਆਂ ਤੇ ਹਮਦਰਦਾਂ ਨੂੰ ਇਸੇ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ ਗਿਆ ਸੀ। ਇਤਿਹਾਸਕ ਹਵਾਲਿਆਂ ਅਨੁਸਾਰ ਬਾਬਾ ਗੁਰਦਿੱਤ ਸਿੰਘ ਦੁਆਰਾ ਚਾਰਟਰ ਕੀਤੇ ਗਏ ਕੋਮਾਗਾਟਾਮਾਰੂ ਜਹਾਜ਼ ਵਿੱਚ ਸਵਾਰ ਘੱਟੋ-ਘੱਟ ਚਾਰ ਭਾਰਤੀ ਗ਼ਦਰੀ ਕ੍ਰਾਂਤੀਕਾਰੀਆਂ ਨੂੰ ਇੱਥੇ ਹੀ ਕੈਦ ਕੱਟਣ ਤੋਂ ਬਾਅਦ ਫਾਂਸੀ ਦਿੱਤੀ ਗਈ ਸੀ। ਹਾਲਾਂਕਿ, ਇਤਿਹਾਸਕ ਤੌਰ ’ਤੇ ਇਹ ਸਪੱਸ਼ਟ ਨਹੀਂ ਹੈ ਕਿ ਬਾਬਾ ਗੁਰਦਿੱਤ ਸਿੰਘ ਖ਼ੁਦ ਇਨ੍ਹਾਂ ਚਾਰ ਕ੍ਰਾਂਤੀਕਾਰੀਆਂ ਵਿੱਚ ਸ਼ਾਮਲ ਸਨ ਜਾਂ ਨਹੀਂ।

ਸਾਲ 1920 ਵਿੱਚ ਭਾਰਤ ਵਿੱਚ ਹੋਈ ਪ੍ਰਸਿੱਧ ‘ਕਨਾਟ ਰੇਂਜਰਜ਼ ਬਗਾਵਤ’ ਦੌਰਾਨ ਇਸ ਜੇਲ੍ਹ ਵਿੱਚ ਲਗਪਗ 14 ਆਇਰਿਸ਼ ਸਿਪਾਹੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ 2 ਨਵੰਬਰ 1920 ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਰਫ਼ ਇੱਕ 21 ਸਾਲਾ ਆਇਰਿਸ਼ ਸਿਪਾਹੀ ਜੇਮਜ਼ ਜੋਸਫ਼ ਡੇਲੀ ਨੂੰ ਫ਼ਾਇਰਿੰਗ ਸਕੁਐਡ (ਗੋਲੀਆਂ ਮਾਰ ਕੇ) ਰਾਹੀਂ ਮੌਤ ਦੇ ਘਾਟ ਉਤਾਰਿਆ ਗਿਆ, ਜਦੋਂ ਕਿ ਬਾਕੀ 13 ਸਿਪਾਹੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ।

ਮਹਾਤਮਾ ਗਾਂਧੀ ਅਤੇ ਨੱਥੂਰਾਮ ਗੋਡਸੇ ਦੀ ਆਮਦ

ਆਇਰਿਸ਼ ਸਿਪਾਹੀਆਂ ਨੂੰ ਦਗਸ਼ਈ ਵਿੱਚ ਕੈਦ ਕੀਤੇ ਜਾਣ ਦੀ ਖ਼ਬਰ ਮਿਲਦਿਆਂ ਹੀ ਮਹਾਤਮਾ ਗਾਂਧੀ ਉੱਥੇ ਪਹੁੰਚੇ। ਗਾਂਧੀ ਜੀ ਮਹਾਨ ਆਇਰਿਸ਼ ਆਗੂ ਇਮੋਨ ਡੇ ਵੈਲੇਰਾ ਦੇ ਪ੍ਰਸ਼ੰਸਕ ਸਨ ਅਤੇ ਬ੍ਰਿਟਿਸ਼ ਹਕੂਮਤ ਵਿਰੁੱਧ ਆਇਰਿਸ਼ ਲੋਕਾਂ ਦੇ ਸੰਘਰਸ਼ ਤੋਂ ਬੇਹੱਦ ਪ੍ਰੇਰਿਤ ਸਨ। ਜੇਲ੍ਹ ਅਧਿਕਾਰੀਆਂ ਨੇ ਗਾਂਧੀ ਜੀ ਦੀ ਬੇਨਤੀ ’ਤੇ ਉਨ੍ਹਾਂ ਦੇ ਰਹਿਣ ਲਈ ਜੇਲ੍ਹ ਦੇ ਅੰਦਰ ਹੀ ਇੱਕ ਸੈੱਲ (ਕੋਠੜੀ) ਦਾ ਪ੍ਰਬੰਧ ਕੀਤਾ ਸੀ। ਅੱਜ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਕੋਠੜੀ ਵਿੱਚ ਗਾਂਧੀ ਜੀ ਦੀ ਯਾਦ ਅਤੇ ਪ੍ਰਤੀਕ ਵਜੋਂ ਇੱਕ ਚਰਖਾ ਸਥਾਪਤ ਕਰਕੇ ਇਸ ਨੂੰ ਇਤਿਹਾਸਕ ਵਿਰਾਸਤ ਵਜੋਂ ਸੰਭਾਲਿਆ ਹੋਇਆ ਹੈ। ਇੱਕ ਹੋਰ ਦਿਲਚਸਪ ਤੇ ਹੈਰਾਨੀਜਨਕ ਤੱਥ ਇਹ ਹੈ ਕਿ ਗਾਂਧੀ ਜੀ ਦਾ ਕਤਲ ਕਰਨ ਵਾਲੇ ਨੱਥੂਰਾਮ ਗੋਡਸੇ ਨੂੰ ਵੀ ਮੁਕੱਦਮੇ ਅਤੇ ਫਾਂਸੀ ਦੀ ਸਜ਼ਾ ਤੋਂ ਪਹਿਲਾਂ, ਕੁਝ ਸਮੇਂ ਲਈ ਇਸੇ ਜੇਲ੍ਹ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਸੀ। ਸਥਾਨਕ ਦੰਦ-ਕਥਾਵਾਂ ਅਤੇ ਮਾਨਤਾਵਾਂ ਅਨੁਸਾਰ ਦਗਸ਼ਈ ਨਾਮ ਦੀ ਉਤਪਤੀ ਫ਼ਾਰਸੀ ਦੇ ਸ਼ਬਦ ‘ਦਾਗ਼-ਏ-ਸ਼ਾਹੀ’ (ਸ਼ਾਹੀ ਨਿਸ਼ਾਨ) ਤੋਂ ਹੋਈ ਮੰਨੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਮੁਗ਼ਲ ਕਾਲ ਦੌਰਾਨ ਸੰਗੀਨ ਅਪਰਾਧੀਆਂ ਦੇ ਮੱਥੇ ਉੱਤੇ ਗਰਮ ਲੋਹੇ ਨਾਲ ਸ਼ਾਹੀ ਦਾਗ਼ ਲਗਾ ਕੇ ਉਨ੍ਹਾਂ ਨੂੰ ਸਜ਼ਾ ਵਜੋਂ ਇਸ ਦੂਰ-ਦਰਾਜ਼ ਪਹਾੜੀ ਇਲਾਕੇ ਵਿੱਚ ਜਲਾਵਤਨ (ਦੇਸ਼ ਨਿਕਾਲਾ) ਕਰ ਦਿੱਤਾ ਜਾਂਦਾ ਸੀ।

ਸੰਪਰਕ: 98728-61144

Advertisement
×