ਕਮਲੇਸ਼ ਉੱਪਲ
‘ਕਿਣ ਮਿਣ ਤਿੱਪ ਤਿੱਪ’, ‘20 ਨਵੰਬਰ’, ‘ਦੀਵਾ’ ਅਤੇ ‘ਜ਼ਿੰਦਗੀ ਜ਼ਿੰਦਾਬਾਦ’ ਸਿਰਲੇਖਾਂ ਨਾਲ ਕਈ ਐਡੀਸ਼ਨਾਂ ਵਿਚ ਛਪਣ ਵਾਲੀਆਂ ਪੁਸਤਕਾਂ ਦਾ ਰਚੇਤਾ ਰਾਣਾ ਰਣਬੀਰ ਫਿਲਮ ਅਤੇ ਟੀਵੀ ਅਦਾਕਾਰ ਅਤੇ ਲੇਖਕ ਵੀ ਹੈ। ਸਾਹਿਤ ਦੀ ਲਗਨ ਉਸ ਨੂੰ ਗੁੜ੍ਹਤੀ ’ਚ ਮਿਲੀ ਹੋਵੇਗੀ। ਉਸ ਦੇ ਅਹਿਸਾਸਾਂ ਦੀ ਤੀਖਣਤਾ ਝੱਟ ਹੀ ਕਲਮ ਦੀ ਨੋਕ ਰਾਹੀਂ ਨਿਕਲ ਕੇ, ਨਿੱਠ ਕੇ ਪੜ੍ਹਨ ਅਤੇ ਮਾਣਨਯੋਗ ਸ਼ਬਦ-ਸਮੂਹ ਦਾ ਰੂਪ ਅਖ਼ਤਿਆਰ ਕਰ ਲੈਂਦੀ ਹੈ। ਅਜੇ ਪਿਛਲੇ ਹੀ ਸਾਲ ਛਪੀ ਉਸ ਦੀ ਸੱਜਰੀ ਪੁਸਤਕ ਦਾ ਨਾਂ ਹੈ ‘ਕਲਾਕਾਰੀਆਂ’। ਇਹ ਕਲਾਕਾਰੀਆਂ ਸੋਚ ਦੀਆਂ ਉਡਾਰੀਆਂ ਹਨ ਜੋ ਬੰਦੇ ਨੂੰ ਸਵਾਸ-ਸਵਾਸ ਅਹੁੜਦੀ ਰਹਿੰਦੀ ਹੈ।
ਰਣਬੀਰ ਨੇ ਜੋ 43 ਕਲਾਕਾਰੀਆਂ ਜਾਂ ਅਧਿਆਇ ਇਸ ਪੁਸਤਕ ਵਿਚ ਪਰੋਏ ਹਨ, ਉਹ ਵੱਖ-ਵੱਖ ਸਮਿਆਂ ’ਤੇ, ਅਤੇ ਉਮਰ ਦੇ ਵੱਖ-ਵੱਖ ਪੜਾਵਾਂ ’ਤੇ ਉਪਜੇ ਹਨ। ਕਦੇ ਕਵਿਤਾ, ਕਿਤੇ ਸ਼ਿਅਰ ਤੇ ਕਦੇ ਵਾਰਤਕ ਵਿਚ ਪਰੋਏ ਅਹਿਸਾਸਾਂ ਨੂੰ ‘ਕਲਾਕਾਰੀਆਂ’ ਨਾਮ ਦਿੱਤਾ ਹੈ। ਰਣਬੀਰ ਦੀ ਵਾਰਤਕ ਰਵਾਇਤੀ ਸਾਂਚੇ ਵਿਚ ਢਲ ਕੇ ਪੁਸਤਕ ਦੇ ਪੰਨਿਆਂ ’ਤੇ ਨਹੀਂ ਆਈ। ਇਸ ਵਿਚ ਕਿਸੇ ਰੰਗੀਲੇ ਮੋਹਨ ਦੀ ਪੋਥੀ ਦਾ ਜ਼ਿਕਰ ਹੈ ਜਿਸ ਦਾ ਜ਼ਿਕਰ ਸਾਰੀ ਪੁਸਤਕ ਵਿਚ ਥਾਂ-ਥਾਂ ਹੁੰਦਾ ਹੈ। ਇਸ ਵਿਚ ਤੁਲਸਾ ਪੱਖੀਆਂ ਵਾਲਾ ਹੈ ਤੇ ਇਕ ਹੋਰ ਪਾਤਰ ‘ਪਿਆਰਾ’ ਹੈ ਜੋ ਅਕਸਰ ਹੀ ਗੀਤ ਗਾਉਂਦਾ ਹੈ ਜਿਸ ਦੀ ਬਹਿਰ ਇਕ ਪੰਜਾਬੀ ਲੋਕ ਬੋਲੀ ਵਾਲੀ ਹੈ। ਇਕ ‘ਸਿਲੇਬਸ ਤੋਂ ਬਾਹਰ’ ਵਾਲਾ ਨਾਟਕ ਵੀ ਚਲਦਾ ਰਹਿੰਦਾ ਹੈ ਜਿਸ ਵਿਚ ਦੋ ਪਾਤਰ ਸੁਰਤੀ ਅਤੇ ਆਲਮ ਹਨ। ਇਸ ਨਾਟਕ ਦੇ ਦ੍ਰਿਸ਼ ਸਿਰਜਨ ਨਾਲ ਵਾਰਤਕਕਾਰ ਰਣਬੀਰ ਨੂੰ ਸੱਚਮੁੱਚ ਲਿਖਦਿਆਂ ਲਿਖਦਿਆਂ ਕੋਈ ਰਾਹਤ ਮਿਲਦੀ ਹੈ। ਇੰਜ ਭਾਵਨਾਤਮਕ ਬਿਰਤਾਂਤ ਸਿਰਜਦਾ ਰਾਣਾ ਰਣਬੀਰ ਉਪਰੋਕਤ ਚਾਰ ਸਹਾਇਕ ਵਿਉਂਤਾਂ ਨੂੰ ਵੀ ਵਰਤਦਾ ਹੈ। ਇਹ ਵਿਉਂਤਾਂ ਵਾਰੋ ਵਾਰੀ ਆਪਣੇ ਸਹਿਜ ਸੁਭਾਅ ਪਰਵੇਸ਼ ਰਾਹੀਂ ਸੋਚ ਦੇ ਪ੍ਰਵਾਹ ਦੀ ਇਕਸਾਰਤਾ ਜਾਂ ਅਕੇਵੇਂ ਨੂੰ ਰੰਗਾਂ ਦੀ ਵਿਵਿਧਤਾ ਵਿਚ ਰੰਗਦੀਆਂ ਅਤੇ ਸਮਰਥਨ ਰਾਹੀਂ ਭਾਵਾਤਮਕ ਅਤੇ ਸਨਾਤਨ ਸਚਾਈਆਂ ਦੀ ਪ੍ਰੌੜ੍ਹਤਾ ਵੀ ਕਰ ਦਿੰਦੀਆਂ ਹਨ।
ਪੁਸਤਕ ਵਿਚਲੇ 43 ਅਧਿਆਇਆਂ ਜਾਂ ਲੇਖ-ਲੜੀ ਵਿਚ ਅਹਿਸਾਸਾਂ ਦੇ ਅੰਬਾਰ ਮਿਲਦੇ ਹਨ। ਖ਼ੁਸ਼ੀ, ਮੋਹ, ਰੀਝਾਂ, ਪਿਆਰ, ਦੋਸਤੀ, ਇਸ਼ਕ, ਉਡੀਕ, ਕਰਤੱਵ, ਠਰੰਮਾ ਜਿਹੇ ਵਲਵਲੇ ਹਰ ਵਾਕ ਵਿਚੋਂ ਮੁਸਲਸਲ ਹਾਂ-ਪੱਖੀ ਸੁਨੇਹੇ ਦਿੰਦੇ ਹਨ। ਅਜਿਹਾ ਕੋਈ ਮਾਨਵੀ ਸਰੋਕਾਰ ਨਹੀਂ ਜਿਸ ਦਾ ਜ਼ਿਕਰ ਨਾ ਹੋਇਆ ਹੋਵੇ। ਸਮਾਜਿਕ ਜਾਂ ਸਿਆਸੀ ਸਰੋਕਾਰ ਰਣਬੀਰ ਦੀ ਤਰਜੀਹ ਹਾਸਲ ਨਹੀਂ ਕਰਦੇ ਪਰ ਅਸਿੱਧੇ ਤੌਰ ’ਤੇ ਕਿਤੇ ਕਿਤੇ ਸੂਰਤ-ਏ-ਹਾਲਾਤ ਉੱਤੇ ਵਿਅੰਗ ਹੋ ਜਾਂਦਾ ਹੈ। ਪੰਨਾ 340 ਉੱਤੇ ਲਿਖਿਆ ਹੈ, ‘‘ਅੱਜ ਕਲ੍ਹ ਜੋ ਵੇਖ, ਸੁਣ ਅਤੇ ਪੜ੍ਹ ਰਿਹਾ ਹਾਂ। ਉਹ ਇਹ ਸਮਝਾਉਂਦਾ ਹੈ ਕਿ ਜਾਗਣ ਅਤੇ ਜਗਾਉਣ ਵਾਲਿਆਂ ਨੂੰ ਭਾਰਤ ਦੀ ਧਰਤੀ ਉੱਤੇ ਖ਼ਤਰਾ ਹੈ।’’ ਆਪਣੀ ਭਾਵਨਾ ਦਾ ਅੰਤ ਉਹ ਉਰਦੂ ਜ਼ੁਬਾਨ ਦੇ ਸ਼ਿਅਰ ਰਾਹੀਂ ਕਰਦਾ ਹੈ: ਮਸਲੇ ਝਗੜੇ ਔਰ ਬੜ੍ਹੇਂਗੇ/ ਭਾਰਤ ਤੇਰੀ ਧਰਤੀ ਪੇ/ ਕੈਸੇ ਕਿਆ ਕਿਆ ਹੋ ਰਹਾ ਹੈ/ ਦੌਲਤ ਕੁਰਸੀ ਨਾਮ ਕੀ ਖ਼ਾਤਿਰ। ਇਕ ਹੋਰ ਥਾਂ ’ਤੇ ਉਹ ਰੋਸ ਜਤਾਉਂਦਾ ਹੈ ਕਿ ‘ਮੇਰਾ ਭਾਰਤ ਮਹਾਨ’ ਹੈ ਇਹ ਮੈਂ ਕਿਵੇਂ ਕਹਿ ਦਿਆਂ।
ਮਨੁੱਖੀ ਜਾਮੇ ਵਿਚ ਜਿਊਣ ਦੀ ਸਰਸ਼ਾਰੀ ਰਣਬੀਰ ਦੀ ਸਿਰਜੀ ਇਸ ਵਾਰਤਕ ਵਿਚਲੇ ਫ਼ਲੈਸ਼ਬੈਕਾਂ, ਸ਼ਿਅਰਾਂ, ਕਵਿਤਾਵਾਂ, ਖ਼ਤਾਂ, ਬਾਤਾਂ ਅਤੇ ਵਾਕਿਆਤ ਵਿਚੋਂ ਨੁਮਾਇਆ ਹੋ ਰਹੀ ਹੈ। ਇਸ ਨੂੰ ਪੜ੍ਹਦੇ ਜਾਓ ਤੇ ਨਿਹਾਲ ਹੁੰਦੇ ਰਹੋ। 43 ਅਧਿਆਇਆਂ ਵਿਚ ਏਨੀ ਹੀ ਗਿਣਤੀ (42) ਦੇ ਫ਼ਲੈਸ਼ਬੈਕ ਹਨ ਜੋ ਡਾਇਰੀ ਵਾਂਗ ਸਾਹਮਣੇ ਆਉਂਦੇ ਹਨ। ਇਉਂ ਹੀ ਸੁਰਤੀ, ਆਲਮ ਦਾ ਨਾਟਕ ਹੈ ਜੋ ਹਰ ਅਧਿਆਇ ਵਿਚ ਪਰਵੇਸ਼ ਕਰ ਕੇ ਨਵਾਂ ਰੰਗ ਛਿੜਕ ਜਾਂਦਾ ਹੈ।
‘ਕਲਾਕਾਰੀਆਂ’ ਵਿਚਲੀ ਕਲਾਕਾਰੀ ਕਿਧਰੇ ਪਾਠਕ ਨੂੰ ਰੁਆ ਵੀ ਦਿੰਦੀ ਹੈ। ਇਸ ਦੀ ਮਿਸਾਲ ਅਧਿਆਇ ‘ਉਡੀਕ ਦਾ ਰਾਹ’ ਵਿਚਲੀ ਘਟਨਾ ਹੈ ਜਿਸ ਵਿਚ ਭਗਵਾਨ ਦਾਸ ਨਾਮ ਦਾ ਵਿਅਕਤੀ ਆਪਣੇ ਪੁੱਤਰ ਰੌਸ਼ਨ ਨੂੰ ਰੋਜ਼ ਸਟੇਸ਼ਨ ’ਤੇ ਉਡੀਕ ਕੇ ਚਲਾ ਜਾਂਦਾ ਹੈ। ਪੁੱਤਰ ਰੌਸ਼ਨ ਖ਼ੁਦਕੁਸ਼ੀ ਕਰਕੇ ਪਿਓ ਭਗਵਾਨ ਦਾਸ ਨੂੰ ‘ਉਡੀਕ’ ਦੀ ਝੂਠੀ ਉਮੀਦ ’ਤੇ ਲਾ ਗਿਆ ਤੇ ਇਕ ਦਿਨ ਉਡੀਕਵਾਨ ਪਿਓ ਦੇ ਪ੍ਰਾਣ ਪੰਖੇਰੂ ਰੇਲਵੇ ਬੈਂਚ ਉੱਤੇ ਬੈਠੇ ਦੇ ਹੀ ਉਡਾਰੀ ਮਾਰ ਗਏ। ਇਹ ਛੇਵਾਂ ਅਧਿਆਇ ਇੰਤਜ਼ਾਰ ਦੀ ਸਖੀ ‘ਉਡੀਕ’ ਉੱਤੇ ਲਿਖਿਆ ਲੰਮਾ ਨਬਿੰਧ ਹੈ ਜਿਸ ਵਿਚ ਘਟਨਾਵਾਂ ਦੀਆਂ ਲੜੀਆਂ ਪਰੋ ਕੇ ਦਰਦ, ਪਿਆਰ ਅਤੇ ਉਮੀਦ ਦੇ ਅਹਿਸਾਸ ਜਗਾਏ ਗਏ ਹਨ। ਇਸ ਨਬਿੰਧ ਨੂੰ ਰਣਬੀਰ ਦੀ ਸਿਰਜਨਾਤਮਕ ਕਲਾਕਾਰੀ ਦਾ ਉੱਤਮ ਨਮੂਨਾ ਕਿਹਾ ਜਾ ਸਕਦਾ ਹੈ। ਅਗਲਾ ਅਧਿਆਇ ‘ਦੋਸਤੀ’ ਵੀ ਇਸ ਤਰ੍ਹਾਂ ਦੀਆਂ ਵਿਲੱਖਣਤਾਵਾਂ ਨਾਲ ਭਰਪੂਰ ਹੈ। ਬਹੁਤ ਸਾਰੇ ਪ੍ਰਸੰਗ ਅਤੇ ਘਟਨਾਵਾਂ ਕਲੇਜੇ ਧੂਹ ਪਾਉਣ ਵਾਲੇ ਹਨ।
ਰਾਣਾ ਰਣਬੀਰ ਅਜਿਹਾ ਵਾਰਤਕਕਾਰ ਅਤੇ ਕਵੀ ਹੈ ਜੋ ਆਪਣੇ ਵਲਵਲਿਆਂ ਦੇ ਪ੍ਰਗਟਾਅ ਲਈ ਕਵਿਤਾ ਜਾਂ ਵਾਰਤਕ ਦੀ ਸੀਮਾ ਨੂੰ ਨਹੀਂ ਮੰਨਦਾ ਤੇ ਜਦੋਂ ਦਿਲ ਕਰੇ ਦੋਹਾਂ ਨੂੰ ਨਾਲ ਲੈ ਤੁਰਦਾ ਹੈ। ਉਹ ਦਿਲ ਦੀ ਗੱਲ ਨੂੰ ਖ਼ਾਲਸ ਅੰਦਾਜ਼ ਵਿਚ ਕਹਿਣ ਲਈ ਉਰਦੂ-ਹਿੰਦੀ ਦੀ ਕਵਿਤਾ ਲਿਖਣ ਦਾ ਰਾਹ ਵੀ ਚੁਣ ਲੈਂਦਾ ਹੈ।
‘ਕਲਾਕਾਰੀਆਂ’ ਵਿਚ ਭਾਵਨਾਵਾਂ ਦਾ ਵੇਗ, ਸ਼ਬਦਾਂ ਦਾ ਵਹਿਣ ਹੈ। ਅਮੋੜ, ਅਟੰਕ ਵਾਕ ਤੁਰ ਰਹੇ ਹਨ। ਜ਼ਿੰਦਗੀ ਦਾ ਫਲਸਫ਼ਾ ਵੀ ਨਾਲ ਹੀ ਬਣੀ ਜਾ ਰਿਹਾ ਹੈ। ਸਾਰੀ ਕਸਰਤ ਮੋਹਕ, ਸੋਹਵੰਨੀ ਅਤੇ ਮੋਹਵੰਤ ਹੈ। ਪਰ ਇਨ੍ਹਾਂ ਪ੍ਰਗਟਾਵਿਆਂ, ਵਾਕਾਂ ਦੀ ਸੰਪਾਦਨਾ ਨਹੀਂ ਹੋਈ ਜੋ ਲੇਖਕ ਨੇ ਆਪ ਹੀ ਕਰਨੀ ਹੁੰਦੀ ਹੈ। ਨਵੀਂ ਤਕਨੀਕ ਨੇ ਹੁਣ ਵਾਕ ਜੋੜਨੇ ਤੇ ਸ਼ਬਦ ਘੜਨੇ ਸੌਖੇ ਕਰ ਦਿੱਤੇ ਹਨ। ਲੈਪਟਾਪ ਲੈ ਕੇ ਸ਼ਬਦ ਸਿਰਜਨ ਵਾਲਾ ਹੁਣ ਲੇਖਕ ਨਹੀਂ, ਸਿਰਜਕ ਹੈ। ਉਹ ਜੋੜਦਾ ਬਣਾਉਂਦਾ ਬਹੁਤ ਹੈ, ਵਿਉਂਤਦਾ ਸੋਧਦਾ ਘੱਟ ਹੈ। ਜੇ ਪਾਠਕ ਸੂਝਵਾਨ ਤੇ ਸਿਆਣੇ ਬਣਾਉਣੇ ਹਨ, ਜੇ ਮਾਂ ਬੋਲੀ ਦੇ ਮਿਆਰ ਦਾ ਵੀ ਖ਼ਿਆਲ ਰੱਖਣਾ ਹੈ ਤਾਂ ਸਵੈ-ਸੰਪਦਾਨ ਜ਼ਰੂਰੀ ਹੈ ਜੋ ਲੈਪਟਾਪ ਲੇਖਕ ਨਹੀਂ ਕਰ ਸਕਿਆ। ਪੰਜਾਬੀ ਦੇ ਪ੍ਰਕਾਸ਼ਕਾਂ ਕੋਲ ਤਾਂ ਏਨੀ ਵਿਹਲ ਹੁੰਦੀ ਹੀ ਨਹੀਂ ਕਿ ਉਹ ਸਾਧਾਰਨ ਗ਼ਲਤੀਆਂ ਨੂੰ ਵੀ ਦਰੁਸਤ ਕਰਨ। ਪੈਰ-ਬਿੰਦੀਆਂ, ਸਿਰ-ਬਿੰਦੀਆਂ, ਪੈਰ-ਹਾਹਿਆਂ ਪ੍ਰਤੀ ਵਰਤੀ ਅਣਗਹਿਲੀ ਨੂੰ ਸੂਝਵਾਨ ਪਾਠਕ ਤਾਂ ਮਨ ਹੀ ਮਨ ਆਪੇ ਸੋਧ ਕੇ ਪੜ੍ਹਦੇ ਹਨ। ਪਰ ਪੰਜਾਬੀ ਦੇ ਅਜੇ ਕੱਚੇ ਪਾਠਕ ਅਜਿਹੀ ਬਿਨਾਂ ਸੋਧੀ ਪੰਜਾਬੀ ਪੜ੍ਹ ਕੇ ਆਪ ਵੀ ਏਦਾਂ ਹੀ ਲਿਖਣਗੇ। ਇੰਜ ਭਾਸ਼ਾ ਦੀ ਛੋਟੀ ਜਿਹੀ ਗ਼ਲਤੀ ‘ਲਮਹੋਂ ਨੇ ਖ਼ਤਾ ਕੀ, ਸਦੀਓਂ ਨੇ ਸਜ਼ਾ ਪਾਈ’ ਵਾਂਗ ਸੰਤਾਪ ਹੰਢਾਉਂਦੀ ਰਹੇਗੀ। ਰਾਣਾ ਰਣਬੀਰ ਦੀਆਂ ਕਲਾਕਾਰੀਆਂ ਦੀ ਸ਼ੈਲੀ ਨਾਯਾਬ ਹੈ। ਅਹਿਸਾਸ, ਸੋਚ ਅਤੇ ਜਜ਼ਬਿਆਂ ਦੀ ਇਹ ਖ਼ਸਲਤ ਅਤੇ ਏਨੀ ਸ਼ੁੱਧਤਾ ਪੰਜਾਬੀ ਸਾਹਿਤ ਵਿਚ ਬੇਮਿਸਾਲ ਹੈ।
ਸੰਪਰਕ: 98149-02564