ਜਤਿੰਦਰ ਹਾਂਸ
ਕਥਾ ਪ੍ਰਵਾਹ
ਏਅਰਪੋਰਟ ’ਤੇ ਉਤਰਦਿਆਂ ਜਿੱਥੇ ਆਪਣੇ ਲੋਕਾਂ ਤੇ ਆਪਣੀ ਧਰਤੀ ਨੂੰ ਦੇਖਣ ਦਾ ਚਾਅ ਸੀ, ਸਕੂਨ ਸੀ, ਸੱਤ ਸਾਲ ਬਾਅਦ ਦੇਸ਼ ਪਰਤਣ ਦੀ ਖ਼ੁਸ਼ੀ ਸੀ ਉੱਥੇ ਅੰਦਰੋਂ ਮੇਰੀ ਰੂਹ ਵੀ ਕੰਬੀ ਜਾ ਰਹੀ ਸੀ। ਜੇ ਏਅਰਪੋਰਟ ’ਤੇ ਹੀ ਫੜ੍ਹਿਆ ਗਿਆ ਤਾਂ ਸਾਰੀ ਉਮਰ ਜੇਲ੍ਹ ’ਚ ਹੀ ਬੀਤ ਜਾਣੀ ਆ। ਇਹ ਸੋਚ ਕੇ ਧੁੜਧੁੜੀ ਜਿਹੀ ਆ ਗਈ। ਮਨ ਹੀ ਮਨ ’ਚ ਧਿਆਈ ਜਾ ਰਿਹਾ ਸੀ, ‘‘ਹੇ ਬਾਬਾ ਨਾਨਕਾ ਇਸ ਵਾਰ ਸੁੱਖ-ਹੱਥਾ ਮੁੜ ਜਾਵਾਂ। ਫਿਰ ਇਧਰ ਮੂੰਹ ਨਹੀਂ ਕਰਦਾ।’’ ਭਾਵੇਂ ਜਾਣਦਾ ਸਾਂ ਜਿਹੜੇ ਕੰਮ ਕਰਨ ਆਇਆ ਹਾਂ, ਉਹ ਸੁੱਖ-ਹੱਥੇ ਜਾਣ ਦੇਣ ਵਾਲੇ ਨਹੀਂ ਹਨ।
ਏਅਰਪੋਰਟ ’ਤੇ ਜਿੰਦਰ ਸਾਨੂੰ ਲੈਣ ਆਇਆ ਹੋਇਆ ਸੀ। ਟਾਟਾ-ਸੂਮੋ ’ਚ ਆਉਂਦਿਆਂ ਮੇਰਾ ਡਰ ਕੁਝ ਘਟ ਗਿਆ। ਇੰਡੀਆ ਦੀ ਕਰੋੜਾਂ-ਅਰਬਾਂ ਦੀ ਆਬਾਦੀ ਦੇ ਜੰਗਲ ’ਚ ਅਸੀਂ ਲੁਕ ਗਏ ਸਾਂ, ਪਰ ਪੁਲੀਸ ਦੇਖ ਕੇ ਡਰ ਲੱਗਿਆ ਰਹਿੰਦਾ। ਐਵੇਂ ਤਾਂ ਨਹੀਂ ਪੰਜਾਬ ਨੂੰ ਧਰਤੀ ਦੀ ਜੰਨਤ ਕਹਿੰਦੇ। ਪੰਜਾਬ ਆ ਕੇ ਫ਼ਸਲਾਂ ਦੇਖ ਕੇ ਮਨ ਖ਼ੁਸ਼ ਹੋ ਗਿਆ। ਬਚਪਨ ਦੇ ਦਿਨ ਯਾਦ ਆ ਗਏ। ਜਦੋਂ ਅਸੀਂ ਤਿੰਨੋਂ ਭਰਾ ਸਕੂਲੋਂ ਆ ਕੇ ਖੇਤੀ ਦਾ ਕੰਮ ਕਰਿਆ ਕਰਦੇ ਸਾਂ। ਪਸ਼ੂਆਂ ਲਈ ਹਰਾ-ਚਾਰਾ ਵੱਢਦੇ। ਇਕ ਦੂਜੇ ਨਾਲ ਲੜਦੇ-ਹੱਸਦੇ ਕੰਮ ਕਰਦੇ ਹੁੰਦੇ ਸਾਂ।
ਅਸੀਂ ਤਿੰਨੇ ਭਰਾ ਤੇ ਭੈਣ ਜਵਾਨ ਹੋ ਗਏ ਸਾਂ। ਕਰਜ਼ਾ ਸਾਡੇ ਸਿਰ ਸੀ। ਵੱਡੇ ਵੀਰ ਪਾਲੀ ਨੇ ਕੰਮ ਚੁੱਕ ਲਿਆ। ਪੁਰਾਣਾ ਜਿਹਾ ਟਰੈਕਟਰ ਵੀ ਲੈ ਲਿਆ। ਵੱਡੇ ਭਰਾ ਤੇ ਭੈਣ ਦਾ ਇਕੱਠਾ ਵਿਆਹ ਕੀਤਾ ਤਾਂ ਕਰਜ਼ਾ ਹੋਰ ਚੜ੍ਹ ਗਿਆ। ਪਾਲੀ ਵੀਰਾ ਸ਼ਕਤੀਆਂ ਦਾ ਮਾਲਕ ਸੀ। ਉਹ ਕੰਮ ਕਰਦਾ ਟਿਕ ਕੇ ਨਾ ਬੈਠਦਾ। ਲੋਕ ਕਹਿੰਦੇ ਇਹਦੇ ਪੈਰਾਂ ਹੇਠਾਂ ਅੱਗ ਮਚਦੀ ਆ। ਵੀਰੇ ਨੂੰ ਜੀਅ ਨਾ ਲੱਗਣ ਦੀ ਬਿਮਾਰੀ ਘੇਰਦੀ ਸੀ। ਜਦੋਂ ਉਹਦਾ ਜੀਅ ਨਾ ਲੱਗਦਾ, ਕੁਝ ਨਾ ਕੁਝ ਕਰ ਬੈਠਦਾ। ਬਾਅਦ ਵਿਚ ਪਛਤਾਉਂਦਾ। ਉਹਨੇ ਭਗਤ ਸਿੰਘ ਵਰਗੀਆਂ ਮੁੱਛਾਂ ਰੱਖ ਲਈਆਂ ਸਨ। ਉਸੇ ਤਰ੍ਹਾਂ ਦੀ ਪੱਗ ਬੰਨ੍ਹ ਕੇ ਟਰੈਕਟਰ ’ਤੇ ਬੈਠਦਾ। ਟਰੈਕਟਰ ’ਤੇ ਟੇਪ ਦਾ ਬਟਨ ਦੱਬ ਦਿੰਦਾ। ਟੇਪ ਉਹਦੇ ਨਾਲੋਂ ਆਲ਼ੇ-ਦੁਆਲ਼ੇ ਫਿਰਦੇ ਲੋਕਾਂ ਨੂੰ ਬਹੁਤੀ ਸੁਣਦੀ। ਕਰਜ਼ੇ ਦੀ ਚਿੰਤਾ ਬਹੁਤੀ ਕਰਦਾ। ਉਹ ਚਾਹੁੰਦਾ ਸੀ ਕੈਨੇਡਾ ਵਾਲਿਆਂ ਦੇ ਲਾਣੇ ਵਾਂਗ ਹੀ ਸਾਡੇ ਕੋਲ ਫੋਰਡ ਟਰੈਕਟਰ ਹੋਵੇ, ਕਾਰ ਹੋਵੇ, ਕੋਠੀ ਹੋਵੇ।
ਉਹ ਜੁਗਤੀ ਬੜਾ ਸੀ। ਨਵੀਆਂ ਜੁਗਤਾਂ ਲੜਾਉਂਦਾ ਰਹਿੰਦਾ ਕਹਿੰਦਾ। ਬਾਹਰਲੇ ਮੁਲਕ ਜਾਣ ਦੀ ਸਕੀਮ ਵੀ ਪਾਲੀ ਵੀਰੇ ਦੀ ਹੀ ਸੀ। ਉਹ ਆਪ ਜਾਣਾ ਚਾਹੁੰਦਾ ਸੀ, ਪਰ ਉਹਦਾ ਵਿਆਹ ਹੋਇਆ ਕਰਕੇ ਗੁਣਾ ਮੇਰੇ ’ਤੇ ਪੈ ਗਿਆ।
‘‘ਜੁੱਤੀ ਤੰਗ ਤੇ ਜਵਾਈ ਨੰਗ, ਮੱਤ ਮਾਰ ਲੈਂਦੇ ਨੇ। ਵਿਆਹੁਣ ਅਜੇ ਚੱਲੇ ਹਾਂ ਸਹੁਰਾ ਸਾਹਿਬ ਦੀ ਮੱਤ ਹੁਣੇ ਮਾਰ ਲਈ।’’ ਮੋਬਾਈਲ ਬੰਦ ਕਰਕੇ ਜਦੋਂ ਮੈਂ ਕਿਹਾ ਤਾਂ ਗੱਡੀ ਵਿਚ ਬੈਠੇ ਸਾਰੇ ਹੱਸ ਪਏ।
ਜਦੋਂ ਸਹੁਰਾ ਸਾਹਿਬ ਮੋਬਾਇਲ ’ਤੇ ਗੱਲਬਾਤ ਕਰ ਰਹੇ ਸਨ, ਉਨ੍ਹਾਂ ਦੀ ਗੱਲਬਾਤ ’ਚੋਂ ਤਣਾਅ ਝਲਕਦਾ ਸੀ। ਇਕ ਧੀ ਦੇ ਬਾਪ ਨੂੰ ਜਿਹੜੇ ਫ਼ਿਕਰ ਹੁੰਦੇ ਨੇ ਉਹ ਤਾਂ ਉਨ੍ਹਾਂ ਨੂੰ ਹੈਗੇ ਹੀ ਨੇ। ਸਹੁਰਾ ਸਾਹਿਬ ਦੇ ਫ਼ਿਕਰ ਉਸ ਤੋਂ ਵੀ ਜ਼ਿਆਦਾ ਨੇ। ਇਸ ਵਿਆਹ ਵਿਚ ਕੋਈ ‘ਸਿਆਣਾ ਬੰਦਾ’ ਸ਼ਾਮਿਲ ਨਹੀਂ ਤੇ ਇਸ ਲਈ ਉਨ੍ਹਾਂ ਦਾ ਮਨ ਧੁਕਧੁਕੇ ਵਿਚ ਹੈ ਕਿਤੇ ‘ਨਿਆਣਿਆਂ ਵਾਲੀ’ ਗੱਲ ਨਾ ਕਰ ਦੇਵਾਂ…।
ਮੈਂ, ਹੈਪੀ, ਤਰਨਜੀਤ, ਜਿੰਦਰ ਅਤੇ ਡਰਾਈਵਰ ਗੱਡੀ ਵਿਚ ਜਾ ਰਹੇ ਹਾਂ। ਇਨ੍ਹਾਂ ਵਿਚ ਕੋਈ ਵੀ ਮੇਰਾ ਸਕਾ-ਸੰਬੰਧੀ ਰਿਸ਼ਤੇਦਾਰ ਨਹੀਂ। ਸਕੇ-ਸੰਬੰਧੀ ਰਿਸ਼ਤੇਦਾਰ ਤਾਂ ਆਪੋ-ਆਪਣੇ ਘਰ ਬੈਠੇ ਨੇ। ਉਨ੍ਹਾਂ ਨੂੰ ਤਾਂ ਪਤਾ ਵੀ ਨਹੀਂ ਕਿ ਮੈਂ ਇੰਡੀਆ ਆਇਆ ਹੋਇਆ ਹਾਂ ਤੇ ਅੱਜ ਮੇਰਾ ਵਿਆਹ ਹੈ। ਜੇ ਉਨ੍ਹਾਂ ਨੂੰ ਪਤਾ ਹੁੰਦਾ ਸੱਜਰੇ ਸ਼ਰੀਕ ਬਣਕੇ ਟੱਕਰਦੇ। ਹੋ ਸਕਦਾ ਅੱਜ ਜੇਲ੍ਹ ’ਚ ਹੁੰਦਾ।
ਸ਼ਰਾਬ ਪੀ ਕੇ ਮੇਰੇ ਕੋਲੋਂ ਦੋ ਕੰਮ ਹੋ ਜਾਂਦੇ ਨੇ ‘ਇਕ ਸਿਗਰਟ ਦੀ ਤਲਬ ਹੋਣ ਲੱਗਦੀ ਹੈ, ਦੂਜਾ ਸੱਚ ਬੋਲਣ ਲੱਗਦਾ ਹਾਂ।’ ਇਕ ਦਿਨ ਸ਼ਰਾਬ ਪੀ ਕੇ ਸਿਗਰਟ ਬਾਲ ਲਈ, ਇੰਡੀਆ ਨੂੰ ਫ਼ੋਨ ਲਗਾਇਆ। ਮਨ ’ਚ ਮੱਚ ਰਹੀ ਅੱਗ ਗਾਲ੍ਹਾਂ ਕੱਢ ਕੇ ਠੰਢੀ ਕਰਨ ਲਈ। ਜਿਨ੍ਹਾਂ ਲਈ ਵਿਦੇਸ਼ ’ਚ ਠੋਕਰਾਂ ਖਾ ਰਿਹਾ ਸਾਂ, ਜਿਨ੍ਹਾਂ ਲਈ ਖ਼ੂਨ-ਪਸੀਨਾ ਇਕ ਕਰ ਰਿਹਾ ਸਾਂ, ਉਨ੍ਹਾਂ ਹੀ ਮੇਰੇ ਨਾਲ
ਧੋਖਾ ਕੀਤਾ ਸੀ। ਜਦੋਂ ਗਾਲ੍ਹਾਂ ਕੱਢਦੇ ਹੋਏ ਛੋਟੇ ਭਰਾ ਨੂੰ ਕਿਹਾ, ‘‘…ਕੇਰਾਂ ਇੰਡੀਆ ਆ ਜਾਵਾਂ ਖੂੰਡੇ ਗੰਡਾਸੇ ਨਾਲ ਤੇਰੇ ਤੇ ਬਾਪੂ ਦੇ ਟੁਕੜੇ ਕਰੂੰ। ਥੋਨੂੰ ਵੱਢਣ ਵੀ ਪੈਰਾਂ ਵੱਲੀਓਂ ਲੱਗੂੰ।’’
ਛੋਟਾ ਭਰਾ ਛਾਤੀ ਠੋਕ ਕੇ ਕਹਿ ਰਿਹਾ ਸੀ, ‘‘ਕੇਰਾਂ ਇੰਡੀਆ ਪੈਰ ਰੱਖ ਸਾਰੀ ਉਮਰ ਜੇਲ੍ਹ ’ਚੋਂ ਨੀ ਨਿਕਲਣ ਦਿੰਦੇ।’’
ਮੈਂ ਗਾਲ੍ਹਾਂ ਕੱਢ ਕੇ ਫ਼ੋਨ ਰੱਖਿਆ ਸੀ। ਭਰਾ ਹੁਣ ਸ਼ਰੀਕ ਬਣ ਗਿਆ ਸੀ। ਉਹਨੂੰ ਤੇ ਬਾਪੂ ਨੂੰ ਸਪੇਨ ਤੋਂ ਲੱਖਾਂ ਰੁਪਈਆ ਭੇਜ ਕੇ ਜੇਲ੍ਹ ’ਚੋਂ ਕਢਵਾਇਆ ਸੀ। ਇਨ੍ਹਾਂ ਦੋਵਾਂ ਨੇ ਰਲ਼ ਕੇ ਮੇਰੇ ਨਾਲ ਧੋਖਾ ਕੀਤਾ। ਮੈਨੂੰ ਕੱਖੋਂ ਹੌਲਾ ਕਰ ਦਿੱਤਾ, ਸਾਰੀ ਜ਼ਮੀਨ ਛੋਟੇ ਭਰਾ ਦੇ ਨਾਂ ਲਗਾ ਕੇ।
ਹੈਪੀ ਮੇਰੇ ਨਾਲ ਸਪੇਨ ਤੋਂ ਆਇਆ ਹੈ। ਅਸੀਂ ਇੱਕੋ ਥਾਂ ਕੰਮ ਕਰਦੇ ਹਾਂ। ਮਿੱਤਰ ਹਾਂ, ਉਹ ਵੀ ਮੇਰੇ ਵਾਂਗ ਭਗੌੜਾ ਹੈ। ਇਸ਼ਤਿਹਾਰੀ ਮੁਜਰਿਮ। ਉਹ ਕਹਿੰਦਾ ਹੁੰਦਾ ਹੈ, ‘‘ਮੇਰਾ ਗੁਨਾਹ ਤੇਰੇ ਗੁਨਾਹ ਨਾਲੋਂ ਛੋਟਾ ਹੈ।’’
ਮੈਂ ਹੱਸਦਾ ਹੁੰਦਾ ਹਾਂ, ‘‘ਗੁਨਾਹ ਕੋਈ ਵੱਡਾ ਛੋਟਾ ਨਹੀਂ ਹੁੰਦਾ। ਗੁਨਾਹਗਾਰ ਤਾਂ ਗੁਨਾਹਗਾਰ ਹੀ ਹੁੰਦੈ।’’
ਹੈਪੀ ਉੱਤੇ ਕਾਨੂੰਨ ਦੀ ਧਾਰਾ ਚਾਰ ਸੌ ਵੀਹ ਲੱਗੀ ਹੋਈ ਹੈ। ਜਾਣੀ ਧੋਖਾਧੜੀ ਦਾ ਮਾਮਲਾ ਦਰਜ ਹੈ। ਇਹ ਦੱਸਦਾ ਹੁੰਦਾ ਹੈ ਇਹਦਾ ਇਕ ਤਾਇਆ ਔਤ ਸੀ। ਤਾਈ ਨੇ ਭਤੀਜਾ ਗੋਦ ਲਿਆ ਹੋਇਆ ਸੀ। ਅਚਾਨਕ ਤਾਏ ਦੀ ਮੌਤ ਹੋ ਗਈ। ਹੈਪੀ ਦੇ ਬਾਪੂ ਤੇ ਭਰਾਵਾਂ ਨੇ ਸੋਚਿਆ, ਪਿਓ-ਦਾਦੇ ਦੀ ਜ਼ਮੀਨ ਬੇਗਾਨਿਆਂ ਨੂੰ ਨਹੀਂ ਜਾਣ ਦੇਣੀ, ਉਨ੍ਹਾਂ ਤਾਏ ਦੀ ਜ਼ਮੀਨ ਦੀ ਝੂਠੀ ਵਸੀਅਤ ਆਪਣੇ ਨਾਂ ਕਰਵਾ ਕੇ ਉਹਦੀ ਜ਼ਮੀਨ ਦੱਬ ਲਈ। ਤਾਈ ਨੇ ਕੇਸ ਕਰ ਦਿੱਤਾ। ਹੈਪੀ ਭਾਵੇਂ ਸਪੇਨ ਬੈਠਾ ਸੀ। ਵਸੀਅਤ ਵਿਚ ਇਹਦੇ ਨਾਂ ਜ਼ਮੀਨ ਬੋਲਦੀ ਸੀ। ਕੇਸ ਵਿਚ ਇਹਦਾ ਨਾਂ ਵੀ ਚੱਲ ਪਿਆ। ਜੱਜ ਤਾਰੀਕ ਤੇ ਤਾਰੀਕ ਦੇਣ ਲੱਗਿਆ। ਹੈਪੀ ਤਾਰੀਕ ’ਤੇ ਨਾ ਆਇਆ ਤਾਂ ਜੱਜ ਨੇ ਭਗੌੜਾ ਕਰਾਰ ਦੇ ਦਿੱਤਾ।
ਜਿੰਦਰ ਹੈਪੀ ਦੀ ਮਾਸੀ ਦਾ ਮੁੰਡਾ ਹੈ। ਉਹਨੂੰ ਗੱਲ-ਗੱਲ ’ਤੇ ਮਖ਼ੌਲ ਕਰਨ ਦੀ ਆਦਤ ਹੈ। ਅਸੀਂ ਇਸੇ ਕੋਲ ਰਹਿ ਰਹੇ ਹਾਂ। ਇਹਦਾ ਪਿੰਡ ਖੰਨੇ ਤੋਂ ਇਕ ਗੁੱਠ ਜਿਹੀ ’ਤੇ ਹੈ। ਤਰਨਜੀਤ ਵੀ ਹੈਪੀ ਦਾ ਦੋਸਤ ਹੈ। ਪੁਲੀਸ ਮਹਿਕਮੇ ਵਿਚ ਹੈ।
ਜਿੰਦਰ ਕਹਿਣ ਲੱਗਾ, ‘‘ਕੱਲ੍ਹ ਅਖ਼ਬਾਰ ਵਿਚ ਖ਼ਬਰ ਆਵੇਗੀ: ਇਕ ਭਗੌੜੇ ਮੁਜਰਮ ਦਾ ਪੁਲੀਸ ਦੀ ਹਾਜ਼ਰੀ ’ਚ ਵਿਆਹ।’’ ਸਾਰੇ ਹੱਸਣ ਲੱਗੇ।
‘‘ਅੱਜ ਤਾਂ ਪੁਲੀਸ ਤੋਂ ਨਾ ਡਰਾਓ ਯਾਰ।’’ ਮੇਰੀ ਗੱਲ ਸੁਣ ਕੇ ਸਾਰੇ ਫਿਰ ਹੱਸ ਪਏ।
ਮੈਂ ਇੰਡੀਆ ਆਉਣਾ ਨਹੀਂ ਚਾਹੁੰਦਾ ਸਾਂ। ਜੇਲ੍ਹ ਦਾ ਨਾਂ ਸੁਣ ਕੇ ਮੇਰੀ ਰੂਹ ਕੰਬ ਜਾਂਦੀ। ਜਰਮਨ ਦੀ ਜੇਲ੍ਹ ’ਚ ਕੱਟੇ ਦਸੌਂਟੇ ਯਾਦ ਆ ਜਾਂਦੇ। ਜੇਲ੍ਹ ਜਾਣ ਨਾਲੋਂ ਬੰਦਾ ਮਰਿਆ ਚੰਗਾ। ਹੈਪੀ ਧੱਕੇ ਨਾਲ ਹੀ ਖਿੱਚ ਲਿਆਇਆ ਸੀ। ਇਹਨੇ ਹੀ ਮੇਰੀ ਟਿਕਟ ਖਰੀਦੀ। ਇਹ ਪਹਿਲਾਂ ਵੀ ਦੋ ਗੇੜੇ ਇੰਡੀਆ ਦੇ ਮਾਰ ਗਿਆ ਸੀ। ਵਿਆਹ ਕਰਵਾ ਗਿਆ ਸੀ। ਇਹ ਜਦੋਂ ਵੀ ਇੰਡੀਆ ਆਉਂਦਾ ਪਿੰਡ ਨਾ ਜਾਂਦਾ। ਜਿੰਦਰ ਹੋਰਾਂ ਕੋਲ ਹੀ ਰਹਿੰਦਾ ਤੇ ਮੈਨੂੰ ਸਮਝਾਉਂਦਾ ‘‘ਇੰਡੀਆ ਕਰੋੜਾਂ-ਅਰਬਾਂ ਦੀ ਅਬਾਦੀ ਆ। ਉੱਥੇ ਪਤਾ ਨੀ ਲੱਗਦਾ ਧੰਨਾ ਕੀਹਦਾ ਫੁੱਫੜ ਆ।’’
ਹੈਪੀ ਭਾਵੇਂ ਮੇਰਾ ਜਿਗਰੀ ਯਾਰ ਆ, ਫਿਰ ਵੀ ਮੈਂ ਇਹਦੀ ਇੰਡੀਆ ਆਉਣ ਦੀ ਗੱਲ ਕਦੀ ਨਾ ਮੰਨਦਾ। ਅੰਬੈਂਸੀ ਵਾਲੇ ਵਿਆਹ ਦਾ ਸਬੂਤ ਫੋਟੋਆਂ ਮੂਵੀ ਵਗੈਰਾ ਮੰਗਦੇ ਸੀ। ਉਨ੍ਹਾਂ ਨੂੰ ਪੁੱਛਣ ਵਾਲਾ ਹੋਵੇ, ਬਈ … ਕੋਰਟ ਮੈਰਿਜ ਦਾ ਸਰਟੀਫਿਕੇਟ ਥੋੜ੍ਹਾ। ਫੋਟੋਆਂ ਤੁਸੀਂ ਸਿਰ ’ਚ ਮਾਰਨੀਆਂ ਨੇ? ਮੇਰੀ ਮੰਗੇਤਰ ਸੰਦੀਪ ਨੂੰ ਸਪੇਨ ਆਉਣ ’ਚ ਦੇਰੀ ਹੋਈ ਜਾ ਰਹੀ ਸੀ। ਮੈਂ ਵੀ ਪੈਂਤੀ ਨੂੰ ਟੱਪ ਗਿਆ ਸਾਂ। ਹੈਪੀ ਕਹਿੰਦਾ ਹੁੰਦਾ, ‘‘ਇੰਡੀਆ ’ਚ ਸਭ ਕੁਝ ਹੋ ਸਕਦਾ, ਬਸ ਪੈਸਾ ਚਾਹੀਦਾ।’’ ਉਹਦੀ ਗੱਲ ਸੱਚੀ ਵੀ ਸੀ। ਮੈਂ ਕੋਰਟ ਮੈਰਿਜ ਸਪੇਨ ਬੈਠੇ-ਬੈਠੇ ਪੈਸੇ ਦੇ ਸਿਰ ’ਤੇ ਹੀ ਕਰਵਾ ਲਈ ਸੀ।
ਸੰਦੀਪ ਵੀ ਹਰ ਰੋਜ਼ ਫ਼ੋਨ ’ਤੇ ਕਹਿੰਦੀ ਰਹਿੰਦੀ, ‘‘ਤੁਸੀਂ ਆ ਜਾਵੋ ਬਸ… ਤੁਹਾਨੂੰ ਮੇਰੀ ਸਹੁੰ ਲੱਗੇ…।’’ ਇਕ ਹੋਰ ਸਹੁੰ ਮੈਨੂੰ ਤੰਗ ਕਰ ਰਹੀ ਸੀ। ਜਿਹੜੀ ਮੈਨੂੰ ਦਿਲ ’ਤੇ ਪੱਥਰ ਰੱਖ ਕੇ ਖਾਣੀ ਪਈ ਸੀ। ਬਾਪ ਤੇ ਭਰਾ ਨੂੰ ‘ਗੱਡੀ ਚਾੜ੍ਹਨ’ ਦੀ ਸਹੁੰ। ਉਨ੍ਹਾਂ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਸੀ। ‘ਗੱਡੀ ਚਾੜ੍ਹਨ’ ਤੋਂ ਪਹਿਲਾਂ ਕਹੂੰਗਾ, ‘‘ਹੋਰ ਲੁੱਟੋ ਬੇਗਾਨੀ ਕਮਾਈ ’ਤੇ ਐਸ਼ਾਂ ਕਮੀਨਿਓ।’’ ਫਿਰ ਰਾਤੋ-ਰਾਤ ਜਹਾਜ਼ ਚੜ੍ਹ ਕੇ ਸਪੇਨ ਚਲਿਆ ਜਾਵਾਂਗਾ। ਜਿੱਥੇ ਇਕ ਕਤਲ ’ਚ ਭਗੌੜਾ ਉੱਥੇ ਤਿੰਨ ਕਤਲਾਂ ’ਚ ਭਗੌੜਾ ਸਹੀ।
ਏਅਰਪੋਰਟ ’ਤੇ ਉਤਰਦਿਆਂ ਜਿੱਥੇ ਆਪਣੇ ਲੋਕਾਂ ਤੇ ਆਪਣੀ ਧਰਤੀ ਨੂੰ ਦੇਖਣ ਦਾ ਚਾਅ ਸੀ, ਸਕੂਨ ਸੀ, ਸੱਤ ਸਾਲ ਬਾਅਦ ਦੇਸ਼ ਪਰਤਣ ਦੀ ਖ਼ੁਸ਼ੀ ਸੀ ਉੱਥੇ ਅੰਦਰੋਂ ਮੇਰੀ ਰੂਹ ਵੀ ਕੰਬੀ ਜਾ ਰਹੀ ਸੀ। ਜੇ ਏਅਰਪੋਰਟ ’ਤੇ ਹੀ ਫੜ੍ਹਿਆ ਗਿਆ ਤਾਂ ਸਾਰੀ ਉਮਰ ਜੇਲ੍ਹ ’ਚ ਹੀ ਬੀਤ ਜਾਣੀ ਆ। ਇਹ ਸੋਚ ਕੇ ਧੁੜਧੁੜੀ ਜਿਹੀ ਆ ਗਈ। ਮਨ ਹੀ ਮਨ ’ਚ ਧਿਆਈ ਜਾ ਰਿਹਾ ਸੀ, ‘‘ਹੇ ਬਾਬਾ ਨਾਨਕਾ ਇਸ ਵਾਰ ਸੁੱਖ-ਹੱਥਾ ਮੁੜ ਜਾਵਾਂ। ਫਿਰ ਇਧਰ ਮੂੰਹ ਨਹੀਂ ਕਰਦਾ।’’
ਭਾਵੇਂ ਜਾਣਦਾ ਸਾਂ ਜਿਹੜੇ ਕੰਮ ਕਰਨ ਆਇਆ ਹਾਂ, ਉਹ ਸੁੱਖ-ਹੱਥੇ ਜਾਣ ਦੇਣ ਵਾਲੇ ਨਹੀਂ ਹਨ।
ਏਅਰਪੋਰਟ ’ਤੇ ਜਿੰਦਰ ਸਾਨੂੰ ਲੈਣ ਆਇਆ ਹੋਇਆ ਸੀ। ਟਾਟਾ-ਸੂਮੋ ’ਚ ਆਉਂਦਿਆਂ ਮੇਰਾ ਡਰ ਕੁਝ ਘਟ ਗਿਆ। ਇੰਡੀਆ ਦੀ ਕਰੋੜਾਂ-ਅਰਬਾਂ ਦੀ ਆਬਾਦੀ ਦੇ ਜੰਗਲ ’ਚ ਅਸੀਂ ਲੁਕ ਗਏ ਸਾਂ, ਪਰ ਪੁਲੀਸ ਦੇਖ ਕੇ ਡਰ ਲੱਗਿਆ ਰਹਿੰਦਾ।
ਐਵੇਂ ਤਾਂ ਨਹੀਂ ਪੰਜਾਬ ਨੂੰ ਧਰਤੀ ਦੀ ਜੰਨਤ ਕਹਿੰਦੇ। ਪੰਜਾਬ ਆ ਕੇ ਫ਼ਸਲਾਂ ਦੇਖ ਕੇ ਮਨ ਖ਼ੁਸ਼ ਹੋ ਗਿਆ। ਬਚਪਨ ਦੇ ਦਿਨ ਯਾਦ ਆ ਗਏ। ਜਦੋਂ ਅਸੀਂ ਤਿੰਨੋਂ ਭਰਾ ਸਕੂਲੋਂ ਆ ਕੇ ਖੇਤੀ ਦਾ ਕੰਮ ਕਰਿਆ ਕਰਦੇ ਸਾਂ। ਪਸ਼ੂਆਂ ਲਈ ਹਰਾ-ਚਾਰਾ ਵੱਢਦੇ। ਇਕ ਦੂਜੇ ਨਾਲ ਲੜਦੇ-ਹੱਸਦੇ ਕੰਮ ਕਰਦੇ ਹੁੰਦੇ ਸਾਂ।
ਜਿੰਦਰ ਹੋਰਾਂ ਕੋਲ ਰਹਿੰਦਿਆਂ ਦਿਨ ਤੀਆਂ ਵਾਂਗ ਲੰਘਣ ਲੱਗੇ। ਪੁਲੀਸ ਦਾ ਭੈਅ ਮਨ ’ਚੋਂ ਨਿਕਲਦਾ ਹੀ ਨਾ। ਖਾਕੀ ਵਰਦੀ ਦੇਖ ਐਵੇਂ ਹੀ ਕੰਨ ਖੜ੍ਹੇ ਹੋ ਜਾਂਦੇ।
ਸੰਦੀਪ ਦਾ ਹਰ ਰੋਜ਼ ਹੀ ਮੋਬਾਈਲ ਆ ਜਾਂਦਾ। ਉਸ ਉੱਤੇ ਬਾਹਰ ਜਾਣ ਦਾ ਭੂਤ ਸਵਾਰ ਸੀ। ਕਤਲ ਦਾ ਕੇਸ ਮੇਰੇ ਸਿਰ ਪਿਆ ਹੋਇਆ ਸੀ। ਮੈਂ ਸੰਦੀਪ ਤੋਂ ਕਈ ਸਾਲ ਵੱਡਾ ਸੀ। ਇਹ ਸਭ ਕੁਝ ਸੰਦੀਪ ਵੀ ਜਾਣਦੀ ਹੈ। ਉਹ ਮੋਬਾਈਲ ’ਤੇ ਗੱਲਾਂ ਕਰਦੀ ਕਹਿੰਦੀ, ‘‘ਮੇਰਾ ਦਿਲ ਕਹਿੰਦਾ, ਤੁਸੀਂ ਕਿਸੇ ਨੂੰ ਮਾਰ ਨਹੀਂ ਸਕਦੇ।’’ ਫਿਰ ‘ਆਈ ਲਵ ਯੂ’ ਕਹਿ ਕੇ ਫ਼ੋਨ ਬੰਦ ਕਰੇਗੀ। ਜੇ ਮੈਂ ਏਧਰ ਹੁੰਦਾ ਤਾਂ ਸ਼ਾਇਦ ਸੰਦੀਪ ‘ਆਈ ਲਵ ਯੂ’ ਕਦੀ ਨਾ ਆਖਦੀ। ਹੋ ਸਕਦਾ ਮੇਰਾ ਵਿਆਹ ਹੀ ਨਾ ਹੁੰਦਾ। ਹੋ ਸਕਦਾ ਛੋਟੇ ਭਰਾ ਵਾਂਗ ਕੋਈ ਨੁਕਸ ਵਾਲੀ ਕੁੜੀ ਲੈਣੀ ਪੈਂਦੀ।
ਸੰਦੀਪ ਦੀ ਮਾਸੀ ਪਰਿਵਾਰ ਸਮੇਤ ਸਪੇਨ ਰਹਿੰਦੀ ਹੈ। ਉਨ੍ਹਾਂ ਦਾ ਮੇਰੇ ਨਾਲ ਚੰਗਾ ਮੇਲ-ਜੋਲ ਸੀ। ਉਨ੍ਹਾਂ ਹੀ ਸਾਡਾ ਰਿਸ਼ਤਾ ਕਰਵਾਇਆ। ਉਹ ਵੀ ਇਸ ਵਿਆਹ ਨੂੰ ਸਿਰੇ ਚੜ੍ਹਾਉਣ ਆਏ ਹੋਏ ਨੇ। ਮੈਂ ਸੰਦੀਪ ਦੀ ਫੋਟੋ ਹੀ ਦੇਖੀ ਸੀ। ਵੱਡੀਆਂ-ਵੱਡੀਆਂ ਅੱਖਾਂ ਸੁਨਹਿਰੀ ਭਵਿੱਖ ਦੇ ਸੁਪਨੇ ਦੇਖ ਰਹੀਆਂ ਸਨ।
ਪਹਿਲਾਂ ਸੰਦੀਪ ਦੇ ਮਾਂ-ਪਿਓ ਕਹਿਣ ਲੱਗੇ ਕਿ ਮਹਾਰਾਜ ਦੁਆਲੇ ਆਨੰਦਾਂ ਦਾ ਭੁਲੇਖਾ ਪਾਉਂਦੀਆਂ ਫੋਟੋਆਂ ਖਿੱਚ ਲਈਏ। ਮੈਨੂੰ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਲੱਗਿਆ ਮੇਰੇ ਨਾਲ ਧੋਖਾ ਹੀ ਹੋਵੇਗਾ। ਕੁੜੀ ਉਧਰ ਜਾ ਕੇ ਆਪਣੇ ਰਸਤੇ ਪਵੇਗੀ।
ਹੈਪੀ ਅੜ ਗਿਆ ਸੀ, ‘‘ਗੁਰੂ ਮਹਾਰਾਜ ਦੀ ਹਜ਼ੂਰੀ ’ਚ ਨਕਲੀ ਵਿਆਹ ਨੀ ਹੋ ਸਕਦਾ। ਉਹਦੇ ਸਾਹਮਣੇ ਫਰਾਡ ਨੀ ਕਰ ਸਕਦੇ। ਅਸਲੀ ਵਿਆਹ ਕਰੋ ਜੇ ਕਰਨਾ। ਜਦੋਂ ਵਿਆਹ ਤਾਂ ਇਕ ਨਾ ਇਕ ਦਿਨ ਕਰਨਾ ਹੀ ਆਂ।’’
ਸਾਰੇ ਮੰਨ ਗਏ। ਕਿਉਂਕਿ ਮੈਂ ਛੇਤੀ ਮੁੜਨਾ ਸੀ ਤਿੰਨ ਦਿਨਾਂ ਦਾ ਵਿਆਹ ਰੱਖ ਲਿਆ। ਪਰ ਸੰਦੀਪ ਦੀ ਮੰਮੀ ਨੇ ਸਾਫ਼ ਕਹਿ ਦਿੱਤਾ ਸੀ, ‘‘ਵਿਆਹ ਤਾਂ ਹੋਊਗਾ, ਪਰ ਡੋਲੀ ਅਸੀਂ ਨਹੀਂ ਤੋਰਨੀ। ਅਨੰਦਾਂ ਤੋਂ ਬਾਅਦ ਤੁਸੀਂ ਆਪਣੇ ਘਰ ਜਾਵੋਗੇ, ਅਸੀਂ ਕੁੜੀ ਲੈ ਕੇ ਆਪਣੇ ਘਰ ਜਾਵਾਂਗੇ।’’
ਉਦੋਂ ਗੱਲ ਕੁਝ ਠੀਕ ਵੀ ਲੱਗੀ ਸੀ। ਮੈਂ ਸੰਦੀਪ ਨੂੰ ਬੇਗਾਨੇ ਘਰ ਕਿਵੇਂ ਲੈ ਕੇ ਜਾਵਾਂਗਾ, ਪਰ ਬਾਅਦ ਵਿਚ ਫ਼ੈਸਲਾ ਕਰ ਲਿਆ ਇਕ ਵਾਰ ਅਨੰਦ ਕਾਰਜ ਹੋ ਜਾਣ ਉੱਥੇ ਨਹੀਂ ਛੱਡਦਾ। ਜਿੰਦਰ ਹੱਸਦਾ ਕਹਿਣ ਲੱਗਾ, ‘‘ਤੂੰ ਆਨੰਦਾਂ ਤੋਂ ਬਾਅਦ ਕਹੀਂ, ਓਏ ਦਾਰੂ ਪੀਤੀ ਆ, ਨਾਲੇ ਮੱਛੀ ਖਾਧੀ ਆ, ਹੁਣ ਕੁੜੀ ਕੱਢੋ।’’
ਵਿਚੋਲਣ ਦਾ ਮੋਬਾਈਲ ਆਇਆ, ਕੰਨ ਨਾਲ ਲਾਇਆ, ‘‘ਹਾਂ ਜੀ… ਹਾਂ ਜੀ… ਬਸ ਤੁਰੇ ਹੋਏ ਆਂ। …ਰਸਤੇ ’ਚ ਆ ਰਹੇ ਆਂ… ਸ਼ਗਨ ਜਿਹੇ ਕਰਨ ਲੱਗੇ ਪਏ ਸੀ,’’ ਮੈਂ ਝੂਠ ਬੋਲਿਆ।
ਸ਼ਗਨ ਕਰਨ ਨੂੰ ਏਥੇ ਕਿਹੜੀ ਮਾਂ ਬੈਠੀ ਸੀ। ਫਿਰ ਵੀ ਜਿੰਦਰ ਹੋਰੀਂ ਆਪਣੇ ਵੱਲੋਂ ਕਸਰ ਨਹੀਂ ਛੱਡ ਰਹੇ ਸਨ। ਮੈਂ ਤਾਂ ਆਪਣੇ ਕੱਪੜੇ ਵੀ ਨਹੀਂ ਬਣਵਾ ਸਕਿਆ ਸਾਂ। ਮੇਰਾ ਹੱਥ ਤੰਗ ਸੀ। ਪੈਸੇ ਤਾਂ ਜਿਹੜੇ ਕਮਾਉਂਦਾ ਨਾਲ ਦੀ ਨਾਲ ਪਿੰਡ ਭੇਜੀ ਜਾਂਦਾ ਸੀ। ਹੁਣ ਮੰਦੀ ਦਾ ਦੌਰ ਸ਼ੁਰੂ ਹੋ ਗਿਆ ਸੀ। ਪੰਜਾਬੀ ਮਾਲਕ ਮੇਰੇ ਪੈਸੇ ਦੱਬੀ ਬੈਠਾ ਸੀ। ਖਾਲੀ ਹੱਥ ਹੀ ਆਇਆ ਸਾਂ। ਜਿੰਦਰ ਦਾ ਪੈਂਟ ਕੋਟ ਪਾ ਲਿਆ। ਜਿੰਦਰ ਮੋਟਰ ਸਾਈਕਲ ’ਤੇ ਬਿਠਾ ਕੇ ਗੁਰਦੁਆਰੇ ਮੱਥਾ ਟਿਕਾ ਲਿਆਇਆ। ਹੈਪੀ ਦੀ ਮਾਸੀ ਜਿਸ ਨੂੰ ਮੈਂ ਮਾਸੀ ਹੀ ਕਹਿੰਦਾ ਹਾਂ, ਨੇ ਗੁੜ ਦੀ ਰੋੜੀ ਦਾ ਸ਼ਗਨ ਦੇ ਕੇ ਸੌ ਦਾ ਨੋਟ ਮੇਰੀ ਜੇਬ ਵਿਚ ਪਾ ਦਿੱਤਾ ਸੀ।
ਸਹੁਰਾ ਸਾਹਿਬ ਦਾ ਫੋਨ ਆ ਰਿਹਾ ਸੀ, ‘‘ਹਾਂ ਜੀ… ਹਾਂ ਜੀ… ਆ ਰਹੇ ਆਂ। …ਜੀ ਆ ਰਹੇ ਆਂ… ਗੱਡੀ ਖਰਾਬ ਹੋ ਗਈ ਸੀ… ਫੁੱਲ ਲੱਗੇ ਵੀ ਐਵੇਂ ਗਏ… ਹੁਣ ਅਸੀਂ ਦੂਜੀ ਗੱਡੀ ਮੰਗਵਾਈ ਆ…।’’ ਫੁੱਲਾਂ ਵਾਲੀ ਗੱਡੀ ਬਾਰੇ ਮੈਂ ਝੂਠ ਬੋਲਿਆ।
ਸਹੁਰਾ ਸਾਹਿਬ ਬਹੁਤ ਚਿੰਤਤ ਸਨ। ਮੈਂ ਫ਼ੋਨ ਬੰਦ ਕਰਕੇ ਹੱਸਦਿਆਂ ਕਿਹਾ, ‘‘ਜੁੱਤੀ ਤੰਗ ਤੇ ਜਵਾਈ ਨੰਗ ਮੱਤ ਮਾਰ ਲੈਂਦਾ।’’ ਗੱਡੀ ਵਿਚ ਸਾਰੇ ਹੱਸਣ ਲੱਗੇ।
‘‘ਜੇ ਜਵਾਈ ਨੂੰ ਜੁੱਤੀਆਂ ਦਾ ਭਾੜਾ ਪਾ ਦੇਈਏ ਤੇ ਜੁੱਤੀ ਨੂੰ ਕਲਬੂਤ ਦੇ ਲਈਏ ਫਿਰ ਕਦੇ ਤੰਗ ਨੀ ਕਰਦੇ,’’ ਜਿੰਦਰ ਹੱਸਣ ਲੱਗਿਆ।
ਸਹੁਰਾ ਸਾਹਿਬ ਨੇ ਦੱਸਿਆ ਸੀ ਕਿ ਉਨ੍ਹਾਂ ਆਰਕੈਸਟਰਾ ਵੀ ਕਰ ਲਿਆ ਸੀ। ਲੋਕ ਟਿਕ ਕੇ ਤਾਂ ਬੈਠੇ ਰਹਿਣਗੇ। ਅੱਗੇ ਜਿਵੇਂ ਵਿਚੋਲਣ ਨੇ ਦੱਸਿਆ ਸੀ। ਮੇਨ ਰੋਡ ’ਤੇ ਇਕ ਕਾਰ ਖੜ੍ਹੀ ਸੀ। ਉਨ੍ਹਾਂ ਨੇ ਸਾਨੂੰ ਰੋਕਿਆ ਤੇ ਲਿੰਕ ਰੋਡ ’ਤੇ ਪਿੱਛੇ-ਪਿੱਛੇ ਆਉਣ ਲਈ ਕਿਹਾ। ਮੈਂ ਸੋਚ ਰਿਹਾ ਸੀ ਏਦਾਂ ਦੇ ਵਿਆਹ ਤਾਂ ਕਦੀ ਨੀ ਦੇਖੇ। ਬਹੁਤ ਦੇਰ ਬਾਅਦ ਇਕ ਪਿੰਡ ਤੋਂ ਬਾਹਰ-ਬਾਹਰ ਗੁਰਦੁਆਰਾ ਸਾਹਿਬ ਪਹੁੰਚੇ। ਉੱਥੇ ਆਨੰਦ ਕਾਰਜ ਹੋਣੇ ਸਨ। ਭੈਣ ਅਤੇ ਜੀਜਾ ਜੀ ਉੱਥੇ ਖੜ੍ਹੇ ਸਨ। ਉਨ੍ਹਾਂ ਦੋਵਾਂ ਨੂੰ ਹੀ ਮੇਰੇ ਇੰਡੀਆ ਆਉਣ ਬਾਰੇ ਪਤਾ ਸੀ। ਭੈਣ ਨੇ ਲਿਫ਼ਾਫ਼ੇ ’ਚੋਂ ਸਿਹਰਾ ਕੱਢਿਆ, ਮੇਰੀ ਪੱਗ ’ਤੇ ਬੰਨ੍ਹ ਦਿੱਤਾ। ਆਨੰਦ ਕਾਰਜਾਂ ਤੋਂ ਬਾਅਦ ਅਸੀਂ ਮੈਰਿਜ ਪੈਲੇਸ ਪਹੁੰਚ ਗਏ। ਪੈਲੇਸ ਵੀ ਦੂਰ-ਦੁਰਾਡੇ ਪੇਂਡੂ ਜਿਹੇ ਇਲਾਕੇ ਵਿਚ ਸੀ।
ਸਟੇਜ ’ਤੇ ਆਰਕੈਸਟਰਾ ਚੱਲ ਰਿਹਾ ਸੀ। ਸ਼ਰਾਬ ਦੇਖ ਕੇ ਮੇਰੀ ਜੀਭ ਲਾਲ੍ਹਾਂ ਸੁੱਟਣ ਲੱਗੀ। ਕੁੜੀਆਂ ਪੰਜਾਬੀ ਗੀਤਾਂ ਉੱਤੇ ਲੱਕ ਮਟਕਾ ਕੇ ਨੱਚ ਰਹੀਆਂ ਸਨ। ‘ਸਭਿਆਚਾਰਕ’ ਦ੍ਰਿਸ਼ ਪੇਸ਼ ਹੋ ਰਿਹਾ ਸੀ। ਮੈਂ ਤੇ ਸੰਦੀਪ ਨਾਲ ਵਾਲੀ ਸਟੇਜ ਉੱਤੇ ਕੁਰਸੀਆਂ ’ਤੇ ਬੈਠ ਗਏ ਸਾਂ। ਸ਼ਗਨ ਪੈਣ ਲੱਗਾ।
ਆਰਕੈਸਟਰਾ ਅੱਗੇ ਭੰਗੜਾ ਨਹੀਂ ਪੈ ਰਿਹਾ ਸੀ। ਲੋਕ ਸਾਡੇ ਟੱਬਰ ਨੂੰ ‘ਭੰਗੜਾਂ ਦਾ ਲਾਣਾ’ ਆਖਦੇ। ਉਹ ਕਹਿੰਦੇ ਸਾਡਾ ਦਾਦਾ ਭੰਗ ਪੀਂਦਾ ਹੁੰਦਾ ਸੀ, ਫਿਰ ਸਾਡੇ ਟੱਬਰ ਨਾਲ ਹੋਰ ਗੱਲ ਜੋੜ ਲਈ, ਕਹਿੰਦੇ ਸਮਰਾਲੇ ਕਚਹਿਰੀ ’ਚੋਂ ਅਸੀਂ ਕੋਈ ਕੇਸ ਜਿੱਤਿਆ ਸੀ, ਸਾਰੇ ਰਾਹ ਭੰਗੜਾ ਪਾਉਂਦੇ ਆਏ। ਅਸੀਂ ਤਾਂ ਮਾੜੀ ਜਿਹੀ ਖ਼ੁਸ਼ੀ ਦੇ ਮੌਕੇ ਭੰਗੜਾ ਪਾਉਣ ਲੱਗਦੇ। ਜੇ ਸਾਡਾ ਟੱਬਰ ਇੱਥੇ ਹੁੰਦਾ ਤਾਂ ਧੂੜਾਂ ਪੱਟ ਦੇਣੀਆਂ ਸੀ ਭੰਗੜਾ ਪਾ-ਪਾ। ਹੁਣ ਉਨ੍ਹਾਂ ਤੋਂ ਧੂੜਾਂ ਪਟਾਉਣੀਆਂ ਨਹੀਂ, ਉਨ੍ਹਾਂ ਨੂੰ ਧੂੜਾਂ ਤਾਂ ਮੈਂ ਚਟਾਊਂ, ਜਿਹੜੀ ਉਨ੍ਹਾਂ ਨੇ ਮੇਰੇ ਨਾਲ ਕੀਤੀ ਆ।
ਹੈਪੀ ਨੇ ਜੂਸ ਵਿਚ ਪਵਾ ਕੇ ਬਹਿਰੇ ਕੋਲ ਸ਼ਰਾਬ ਦਾ ਪੈੱਗ ਭੇਜਿਆ। ਪੀ ਕੇ ਮੈਨੂੰ ਦੋ ਚੀਜ਼ਾਂ ਦੀ ਤਲਬ ਹੁੰਦੀ ਹੈ ਇਕ ਸਿਗਰਟ ਦੂਜਾ ਸੱਚ ਬੋਲਣ ਲੱਗਦਾ ਹਾਂ। ਏਥੇ ਬੋਲ ਨਹੀਂ ਸਕਦਾ ਸੱਚ ਸੋਚ ਸਕਦਾ ਹਾਂ।
ਸਾਡਾ ਭੰਗੜਾ ਦਾ ਲਾਣਾ ਅਜੀਬ ਸ਼ਕਤੀਆਂ ਦਾ ਮਾਲਕ ਹੈ। ਮੈਂ ਅੱਧੀ ਰਾਤੀਂ ਆਸਮਾਨ ਵਿਚ ਕੁੱਤੀਆਂ ਭੌਂਕਣ ਲਾ ਸਕਦਾ ਹਾਂ। ਜੇ ਕੋਈ ਮੇਰੀਆਂ ਅੱਖਾਂ ’ਚ ਝਾਕੇ ਉਹਦੇ ਸਰੀਰ ’ਚੋਂ ਚੰਗਿਆੜੇ ਨਿਕਲਣ ਲਾ ਸਕਦਾਂ, ਪਰ ਇਹ ਸ਼ਕਤੀਆਂ ਪੰਜਾਬ ਵਿਚ ਹੀ ਕੰਮ ਕਰਦੀਆਂ ਨੇ। ਸਪੇਨ ਜਾ ਕੇ ਨਹੀਂ। ਉੱਥੇ ਤਾਂ ਮੈਂ ਮਜ਼ਦੂਰ ਆਂ।
ਸਾਡੇ ਘਰ ਦੇ ਪਿਛਲੇ ਪਾਸੇ ਟੋਭਾ ਸੀ। ਅਸੀਂ ਦੁਖੀ ਸੀ। ਸਾਰੇ ਪਿੰਡ ਦਾ ਗੰਦਾ ਪਾਣੀ ਉੱਥੇ ਆਉਂਦਾ ਸੀ, ਪਰ ਮੈਂ ਸਵੇਰੇ ਹੀ ਚੁਬਾਰੇ ਚੜ੍ਹ ਜਾਂਦਾ। ਪਾਣੀ ਵਿਚ ਬੱਤਖਾਂ ਮੁਰਗਾਬੀਆਂ ਤੈਰਦੀਆਂ ਦੇਖ ਮਨ ਨੂੰ ਬੜਾ ਆਰਾਮ ਮਿਲਦਾ। ਬੱਤਖਾਂ ਮੁਰਗਾਬੀਆਂ ਮੇਰੇ ਇਸ਼ਾਰਿਆਂ ’ਤੇ ਨੱਚਦੀਆਂ। ਜਿਸਨੂੰ ਮੈਂ ਕਹਿੰਦਾ ਪਾਣੀ ਵਿਚ ਚੁੱਭੀ ਮਾਰਦੀ। ਉਹ ਚੁੱਭੀ ਮਾਰ ਕੇ ਪਾਣੀ ’ਚੋਂ ਉਦੋਂ ਬਾਹਰ ਨਿਕਲਦੀ ਜਦੋਂ ਮੈਂ ਚਾਹੁੰਦਾ।
ਪਤੰਗਬਾਜ਼ੀ ਮੇਰੀ ਕਮਾਲ ਦੀ ਸੀ। ਮੇਰੇ ਨਾਲ ਕੋਈ ਪੇਚਾ ਨਾ ਲਾਉਂਦਾ। ਏਨੀ ਵਧੀਆ ਡੋਰ ਸੀ ਮੇਰੇ ਕੋਲ। ਇਕ ਵਾਰ ਮੈਂ ਰਾਕਟ ਪਤੰਗ ਬਣਾਇਆ। ਹਨੇਰਾ ਹੋਏ ਪਤੰਗ ਉੱਤੇ ਮੋਮਬੱਤੀ ਬਾਲ ਕੇ ਚੜ੍ਹਾ ਦਿੱਤਾ। ਸਾਰੇ ਪਿੰਡ ’ਚ ਹਾਹਾਕਾਰ ਮਚ ਗਈ ਕਹਿੰਦੇ ‘‘ਸ਼ਿੱਟ ਆ ਗਈ। ਕਿਸੇ ਸਿਆਣੇ ਨੇ ਭੇਜੀ ਆ। ਜਿਸ ਘਰ ਵਿਚ ਡਿੱਗੂ ਉਹਦਾ ਸੱਤਿਆਨਾਸ ਹੋਜੂ।’’
ਪਤੰਗ ਚੁਬਾਰੇ ਉੱਤੋਂ ਮੈਂ ਉਤਾਰ ਲਿਆ। ਸਾਰੇ ਪਿੰਡ ’ਚ ਰੌਲਾ ਪੈ ਗਿਆ, ‘‘ਭੰਗੜਾਂ ਦੇ ਸ਼ਿੱਟ ਡਿੱਗੀ ਆ। ਮਹਾਰਾਜ ਭਲੀ ਕਰੇ।’’
ਬਚਨਾ ਬੁੜਾ ਹਰ ਕੋਲ ਕਹਿੰਦਾ, ‘‘ਸਿਆਣੇ ਜਿਹੜੀ ਸ਼ਿੱਟ ਭੇਜਦੇ ਨੇ, ਸਤਿਆਨਾਸ ਕਰ ਦਿੰਦੀ ਆ…। ਭੰਗੜਾ ਨੂੰ ਕਿਸੇ ‘ਸਿਆਣੇ’ ਕੋਲ ਜਾਣਾ ਚਾਹੀਦਾ।’’
ਬਾਪੂ ਸਭ ਤੋਂ ਜ਼ਿਆਦਾ ਸ਼ਕਤੀਆਂ ਦਾ ਮਾਲਕ ਸੀ। ਕਾਲਾ ਇਲਮ ਸੀ ਉਸ ਕੋਲ। ਮੈਂ ਬਾਪੂ ਤੋਂ ਅੱਗ ਬੰਨ੍ਹਣ ਦਾ ਗੁਰ ਸਿੱਖਣਾ ਚਾਹੁੰਦਾ ਸੀ, ਪਰ ਮੈਨੂੰ ਉਹਨੇ ਉਹ ਗੁਰ ਨਹੀਂ ਦਿੱਤਾ। ਉਹਨੇ ਕਾਲਾ ਇਲਮ ਲੈਣ ਲਈ ਬਥੇਰਾ ਭੱਠ ਝੋਕਿਆ ਸੀ। ਡੇਰੇ ਵਾਲੇ ਸਾਧ ਨੇ ਉਹਨੂੰ ਮੜ੍ਹੀਆਂ ਵਿਚ ਜਾ ਬਿਠਾਇਆ। ਸੰਤਾਂ ਦਾ ਦੱਸਿਆ ਮੰਤਰ ਉਚਾਰਨ ਲੱਗਾ। ਉਹ ਦੱਸਦਾ ਹੁੰਦਾ ‘‘ਦਸ ਕੁ ਦਿਨ ਤਾਂ ਸੌਖੇ ਹੀ ਲੰਘ ਗਏ ਫਿਰ ‘ਚੀਜ਼ਾਂ’ ਤੰਗ ਕਰਨ ਲੱਗੀਆਂ। ਇੱਕੀਵੇਂ ਦਿਨ ਤਾਂ ਹੱਥ ਧੋ ਕੇ ਮਗਰ ਹੀ ਪੈ ਗਈਆਂ। ਮੈਂ ਚੀਕਾਂ ਮਾਰਦਾ ਉੱਥੋਂ ਭੱਜ ਆਇਆ। ਜੇ ਉਹ ਦਿਨ ਔਖਾ-ਸੌਖਾ ਕੱਟ ਲੈਂਦਾ, ਸਾਰੀਆਂ ਰਿਧੀਆਂ-ਸਿੱਧੀਆਂ ਮਿਲ ਜਾਣੀਆਂ ਸੀ।’’ ਪਰ ਫਿਰ ਵੀ ਉਹਦੀ ‘ਇੱਜ਼ਤ’ ਏਨੀ ਕੁ ਹੋ ਗਈ ਸੀ ਕਿ ਉਹਨੂੰ ਕੋਈ ਵੀ ਆਪਣੇ ਘਰ ਵਾੜ ਕੇ ਰਾਜ਼ੀ ਨਹੀਂ ਸੀ। ਜੇ ਕਿਸੇ ਦੇ ਘਰ ਜਾ ਆਉਂਦਾ ਉਹਦੇ ਪੈਰਾਂ ਦੀ ਮਿੱਟੀ ਚੁੱਕ ਕੇ ਚੁੱਲ੍ਹੇ ’ਚ ਸੁੱਟੀ ਜਾਂਦੀ ਕਿਤੇ ਨਜ਼ਰ ਨਾ ਲਾ ਦੇਵੇ। ਉਹ ਲੋਕਾਂ ਦੇ ਹੱਥ-ਹੌਲੇ ਵੀ ਕਰਦਾ। ਲੋਕਾਂ ਨੇ ਉਹਦਾ ਨਾਂ ‘ਅੱਗ ਬੰਨ੍ਹਣਾ’ ਰੱਖ ਲਿਆ ਹੋਇਆ ਸੀ। ਪੁਰਾਣੀ ਗੱਲ ਹੈ। ਮਿੱਟੀ ਭੋਰਾਂ ਦੀ ਘੁਲਾੜੀ ਚੱਲ ਰਹੀ ਸੀ। ਉਹ ਸਵੇਰ ਤੋਂ ਰਸ ਵਾਲੇ ਕੜਾਹੇ ਹੇਠਾਂ ਅੱਗ ਬਾਲ ਰਹੇ ਸੀ। ਅੱਗ ਲਟ-ਲਟ ਬਲ ਰਹੀ ਸੀ, ਪਰ ਕੜਾਹੇ ਦਾ ਰਸ ਗੁੜ ਨਾ ਬਣਿਆ।
ਕੜਾਹੇ ਹੇਠਾਂ ਅੱਗ ਬਾਲ ਰਹੇ ਝੋਕੇ ਦਿਆਲ ਦੇ ਦਿਮਾਗ਼ ਵਿਚ ਗੱਲ ਆ ਗਈ ਕਹਿੰਦਾ, ‘‘ਓ.. ਹੋ.. ਓ… ਹੋ… ਗੁੜ ਕੀ ਸੁਆਹ ਬਣਨਾ, ਅੱਜ ਏਥੋਂ ਅੱਗ ਬੰਨ੍ਹਣਾ ਲੰਘਿਆ।’’
ਸਾਰੇ ਸਿਰ ਫੜ ਕੇ ਬਹਿ ਗਏ। ਲਾਗਲੇ ਪਿੰਡੋਂ ਕਰਮਦੀਨ ਨੂੰ ਲਿਆਏ ਜਿਹੜਾ ਕਾਲਾ ਇਲਮ ਜਾਣਦਾ ਸੀ। ਉਹਨੇ ਬਹੁਤ ਮੰਤਰ ਪੜ੍ਹੇ, ਪਰ ਅੱਗ ਨਾ ਖੁੱਲ੍ਹੀ। ਉਹ ਕਹਿੰਦਾ, ‘‘ਉਹਨੇ ਅੱਗ ਪੁੱਠੀ ਬੰਨੀ ਹੋਈ ਆ, ਹੁਣ ਤਾਂ ਬਹਿਣੀ ਹੀ ਨਵੀਂ ਪੁੱਟਣੀ ਪਊ।’’
ਮਿੱਟੀ ਭੋਰਾਂ ਨੇ ਬਾਪੂ ਨੂੰ ਗਾਲ੍ਹਾਂ ਕੱਢੀਆਂ, ਨਵੀਂ ਬਹਿਣੀ ਪੱਟੀ, ਫਿਰ ਗੁੜ ਬਣਨ ਲੱਗਿਆ।
ਬਾਪੂ ਤਾਂ ਘਰਦਿਆਂ ਨੂੰ ਵੀ ਨਹੀਂ ਬਖ਼ਸ਼ਦਾ। ਇਕ ਵਾਰ ਖੇਤਾਂ ਵਿਚ ਬਹੁਤ ਕਾਮੇ ਦਿਹਾੜੀ ਉੱਤੇ ਲੱਗੇ ਹੋਏ। ਸ਼ਾਇਦ ਕਣਕ ਦੀ ਗੋਡੀ ਕਰਦੇ ਸੀ। ਬੀਬੀ ਨੇ ਤੌੜੀ ਵਿਚ ਚੁੱਲ੍ਹੇ ਉੱਤੇ ਸਾਗ ਧਰ ਦਿੱਤਾ। ਬਾਪੂ ਘਰੋਂ ਜਾਣ ਲੱਗਿਆ ਅੱਗ ਬੰਨ੍ਹ ਗਿਆ। ਸਵੇਰ ਦਾ ਸਾਗ ਧਰਿਆ ਤੀਜਾ ਪਹਿਰ ਆ ਗਿਆ। ਬੀਬੀ ਨੇ ਮਣਾ ਮੂੰਹੀਂ ਬਾਲਣ ਫ਼ੂਕ ਦਿੱਤਾ, ਪਰ ਸਾਗ ਨਾ ਬਣਿਆ। ਸਾਗ ਤਾਂ ਬਣਦਾ ਜੇ ਉਹਨੂੰ ਸੇਕ ਲੱਗਦਾ। ਬੀਬੀ ਰੋਟੀ ਖੇਤ ਕਿਵੇਂ ਲਿਜਾਂਦੀ, ਕਾਮੇ ਭੁੱਖੇ ਸਨ। ਕਹਿੰਦੇ ‘ਚੁੱਲ੍ਹੇ ਦੀ ਸਾਰੀ ਸੁਆਹ ਕੱਢ ਕੇ ਗਾਂ ਦੇ ਗੋਹੇ ਦਾ ਪੋਚਾ ਫੇਰਿਆ, ਫੇਰ ਕਿਤੇ ਸਾਗ ਬਣਿਆ।’
ਇਸੇ ਕਰਕੇ ਤਾਂ ਸਾਡੇ ਕੋਈ ਕੰਮ ਕਰਨ ਵਾਲਾ ਨਾ ਆਉਂਦਾ ਕਹਿੰਦੇ, ‘‘ਅੱਗ ਬੰਨ੍ਹਣਿਆਂ ਦੇ ਜਾ ਕੇ ਭੁੱਖੇ ਮਰਨਾ।’’
ਮੈਨੂੰ ਨੀ ਲੱਗਦਾ ਬਾਪੂ ਅੱਗ ਬੰਨ੍ਹ ਸਕਦਾ। ਜਦੋਂ ਅੱਗ ਬੰਨ੍ਹਣ ਦਾ ਮੌਕਾ ਸੀ ਉਦੋਂ ਤਾਂ ਉਹਤੋਂ ਬੰਨ ਨਾ ਹੋਈ। ਘਰ ਦਾ ਦਰਵਾਜ਼ਾ ਦੂਜੇ ਪਾਸੇ ਲੱਗ ਗਿਆ।
ਅਸੀਂ ਤਿੰਨੇ ਭਰਾ ਤੇ ਭੈਣ ਜਵਾਨ ਹੋ ਗਏ ਸਾਂ। ਕਰਜ਼ਾ ਸਾਡੇ ਸਿਰ ਸੀ। ਵੱਡੇ ਵੀਰ ਪਾਲੀ ਨੇ ਕੰਮ ਚੁੱਕ ਲਿਆ। ਪੁਰਾਣਾ ਜਿਹਾ ਟਰੈਕਟਰ ਵੀ ਲੈ ਲਿਆ। ਵੱਡੇ ਭਰਾ ਤੇ ਭੈਣ ਦਾ ਇਕੱਠਾ ਵਿਆਹ ਕੀਤਾ ਤਾਂ ਕਰਜ਼ਾ ਹੋਰ ਚੜ੍ਹ ਗਿਆ। ਪਾਲੀ ਵੀਰਾ ਸ਼ਕਤੀਆਂ ਦਾ ਮਾਲਕ ਸੀ। ਉਹ ਕੰਮ ਕਰਦਾ ਟਿਕ ਕੇ ਨਾ ਬੈਠਦਾ। ਲੋਕ ਕਹਿੰਦੇ ਇਹਦੇ ਪੈਰਾਂ ਹੇਠਾਂ ਅੱਗ ਮਚਦੀ ਆ। ਵੀਰੇ ਨੂੰ ਜੀਅ ਨਾ ਲੱਗਣ ਦੀ ਬਿਮਾਰੀ ਘੇਰਦੀ ਸੀ। ਜਦੋਂ ਉਹਦਾ ਜੀਅ ਨਾ ਲੱਗਦਾ, ਕੁਝ ਨਾ ਕੁਝ ਕਰ ਬੈਠਦਾ। ਬਾਅਦ ਵਿਚ ਪਛਤਾਉਂਦਾ। ਉਹਨੇ ਭਗਤ ਸਿੰਘ ਵਰਗੀਆਂ ਮੁੱਛਾਂ ਰੱਖ ਲਈਆਂ ਸਨ। ਉਸੇ ਤਰ੍ਹਾਂ ਦੀ ਪੱਗ ਬੰਨ੍ਹ ਕੇ ਟਰੈਕਟਰ ’ਤੇ ਬੈਠਦਾ। ਟਰੈਕਟਰ ’ਤੇ ਟੇਪ ਦਾ ਬਟਨ ਦੱਬ ਦਿੰਦਾ। ਟੇਪ ਉਹਦੇ ਨਾਲੋਂ ਆਲ਼ੇ-ਦੁਆਲ਼ੇ ਫਿਰਦੇ ਲੋਕਾਂ ਨੂੰ ਬਹੁਤੀ ਸੁਣਦੀ। ਕਰਜ਼ੇ ਦੀ ਚਿੰਤਾ ਬਹੁਤੀ ਕਰਦਾ। ਉਹ ਚਾਹੁੰਦਾ ਸੀ ਕੈਨੇਡਾ ਵਾਲਿਆਂ ਦੇ ਲਾਣੇ ਵਾਂਗ ਹੀ ਸਾਡੇ ਕੋਲ ਫੋਰਡ ਟਰੈਕਟਰ ਹੋਵੇ, ਕਾਰ ਹੋਵੇ, ਕੋਠੀ ਹੋਵੇ।
ਉਹ ਜੁਗਤੀ ਬੜਾ ਸੀ। ਨਵੀਆਂ ਜੁਗਤਾਂ ਲੜਾਉਂਦਾ ਰਹਿੰਦਾ ਕਹਿੰਦਾ, ‘‘ਮੇਰੇ ਮਨ ’ਚ ਕਈ ਸਕੀਮਾਂ ਚਲਦੀਆਂ ਨੇ, ਬੇੜੀ ਨੂੰ ਮੰਝਧਾਰ ’ਚੋਂ ਕੱਢਣ ਲਈ ਕਣਕ ਜੀਰੀ ਤਾਂ ਠੀਕ ਆ, ਹੁਣ ਆਲੂ ਬੀਜਦੇ ਆ।’’
ਬਾਪੂ ਉਹਦੀ ਸਕੀਮ ਰੱਦ ਕਰ ਦਿੰਦਾ, ‘‘ਜੇ ਆਲੂਆਂ ਦਾ ਵਧੀਆ ਰੇਟ ਮਿਲ ਜਾਵੇ ਫਿਰ ਤਾਂ ਬੰਦਾ ਆਹੁਲੂਵਾਲੀਆ ਸਰਦਾਰ ਬਣ ਜਾਂਦਾ ਜੇ ਕੌਡੀਆਂ ਦੇ ਭਾਅ ਵਿਕਣ ਫਿਰ ਉੱਲੂ ਵਾਂਗ ਝਾਕਦਾ ਬੰਦਾ ਉੱਲੂ ਬਣ ਜਾਂਦਾ।’’
ਬਾਹਰਲੇ ਮੁਲਕ ਜਾਣ ਦੀ ਸਕੀਮ ਵੀ ਪਾਲੀ ਵੀਰੇ ਦੀ ਹੀ ਸੀ। ਉਹ ਆਪ ਜਾਣਾ ਚਾਹੁੰਦਾ ਸੀ, ਪਰ ਉਹਦਾ ਵਿਆਹ ਹੋਇਆ ਕਰਕੇ ਗੁਣਾ ਮੇਰੇ ’ਤੇ ਪੈ ਗਿਆ। ਅਸੀਂ ਏਜੰਟ ਨੂੰ ਪੰਜ ਲੱਖ ਰੁਪਏ ਵੀ ਦਿੱਤੇ ਸੀ।
ਇਕ ਦਿਨ ਅਸੀਂ ਮੋਟਰ ਦੇ ਕਮਰੇ ’ਚ ਬੈਠੇ ਸਾਂ। ਪਾਲੀ ਵੀਰੇ ਨੇ ਮੱਕੜੀ ਦੇ ਜਾਲੇ ਵੱਲ ਧਿਆਨ ਦਿਵਾ ਕੇ ਕਿਹਾ ਸੀ, ‘‘ਔਹ ਦੇਖ ਜਗਤਾਰ, ਮੱਕੜੀ ਦੇ ਜਾਲੇ ’ਚ ਹੁਣ ਇਕ ਮੱਖੀ ਫਸੀ ਆ। ਦੇਖਣ ਨੂੰ ਇਹ ਜਾਲਾ ਰੇਸ਼ਮ ਦੇ ਧਾਗੇ ਵਰਗਾ ਮੁਲਾਇਮ ਜਿਹਾ, ਏਨਾ ਮਜ਼ਬੂਤ ਵੀ ਨੀ ਲੱਗਦਾ, ਪਰ ਮੱਖੀ ਦੀ ਜਾਨ ਹੁਣ ਮਰਕੇ ਹੀ ਛੁੱਟੂ। ਇਹੀ ਹਾਲ ਜੱਟ ਦਾ ਕਰਜ਼ੇ ਦੇ ਮੱਕੜਜਾਲ ’ਚੋਂ ਮਰ ਕੇ ਵੀ ਨੀ ਛੁੱਟਦਾ।’’
ਸ਼ਾਇਦ ਉਹਨੇ ਉਹ ਸਭ ਕੁਝ ਮੱਕੜਜਾਲ ’ਚੋਂ ਨਿਕਲਣ ਲਈ ਹੀ ਕੀਤਾ ਸੀ। ਉਹਦੇ ਕੋਲ ਇਕ ਬਹੁਤ ਵੱਡੀ ਸ਼ਕਤੀ ਸੀ। ਤਾਰਾਂ ਨੂੰ ਪੁੱਠੀਆਂ-ਸਿੱਧੀਆਂ ਕਰਕੇ ਦੋ ਤੋਂ ਤਿੰਨ ਫੇਸ ਬਣਾ ਕੇ ਮੋਟਰ ਚਲਾਉਣ ਦੀ ਸ਼ਕਤੀ, ਪਰ ਉਹ ਤਾਂ ਸਟਾਟਰ ਕੋਲ ਅੱਧ ਜਲਿਆ ਪਿਆ ਸੀ।
ਲੋਕ ਸੱਥਰ ’ਤੇ ਹਾਅ ਦਾ ਨਾਅਰਾ ਮਾਰਦੇ, ਬਾਹਰ ਜਾ ਕੇ ਗੱਲਾਂ ਕਰਦੇ।
‘‘ਅੱਗ ਬੰਨ੍ਹਣਾ ਬੜਾ ਪਾਪ ਐ। ਤਾਹੀਓਂ ਮੁੰਡਾ ਅੱਗ ਨਾਲ ਸੜ ਕੇ ਮਰਿਆ।’’
‘‘ਓਏ ਭਾਈ ਜਿੱਦਣ ਦੀ ਸ਼ਿੱਟ ਡਿੱਗੀ ਆ। ਮੇਰੀ ਤਾਂ ਖੱਬੀ ਅੱਖ ਫਰਕੀ ਜਾਂਦੀ ਸੀ। ਆਹ ਹੋਣੀ ਵਰਤ ਗਈ।’’ ਬਚਨਾ ਦੁਖੀ ਹੋਇਆ ਸਿਰ ਹਿਲਾਈ ਜਾ ਰਿਹਾ ਸੀ।
‘‘ਉਹ ਕਰਜ਼ੇ ਤੋਂ ਦੁਖੀ ਸੀ, ਆਹ ਕਾਰਾ ਕਰ ਲਿਆ।’’
ਵੀਰੇ ਦੇ ਭੋਗ ਉੱਤੇ ਭਾਬੀ ਨੂੰ ਮੇਰੇ ਸਿਰ ਧਰਨ ਦੀ ਗੱਲ ਚੱਲੀ। ਭਾਬੀ ਨੇ ਮਨ੍ਹਾ ਕਰ ਦਿੱਤਾ ਸੀ। ਉਹ ਬੱਚੇ ਵੱਲ ਦੇਖ ਕੇ ਦਿਨ ਕਟੀ ਕਰ ਲਵੇਗੀ।
ਕਈਆਂ ਨੇ ਸਮਝਾਇਆ, ‘‘ਪਹਾੜ ਜਿੱਡੀ ਜ਼ਿੰਦਗੀ ਤਿਣਕਿਆਂ ਦੇ ਸਹਾਰੇ ਕੱਟਣੀ ਸੌਖੀ ਨੀ ਭਾਈ।’’
ਪਰ ਉਹ ਮੰਨੀ ਨਹੀਂ। ਮੈਂ ਵੀ ਨਹੀਂ ਸੀ ਚਾਹੁੰਦਾ। ਮੇਰਾ ਜਰਮਨ ਜਾਣ ਦਾ ਕੰਮ ਬਣਨ ਵਾਲਾ ਸੀ।
ਵੀਰੇ ਨੂੰ ਪੂਰੇ ਹੋਇਆਂ ਮਹੀਨਾ ਵੀ ਨਹੀਂ ਸੀ ਹੋਇਆ ਭਾਬੀ ਦੀ ਸਿਹਤ ਢਿੱਲੀ ਰਹਿਣ ਲੱਗੀ। ਉਹਨੂੰ ਕੋਈ ਕਸਰ ਹੋਣ ਲੱਗੀ। ਹੁਣ ਉਸ ਕੋਲ ਚੁਬਾਰੇ ਵਿਚ ਬੀਬੀ ਪੈਣ ਲੱਗੀ। ਉਸ ਦਿਨ ਬੀਬੀ ਬਿਮਾਰ ਸੀ। ਉਹ ਹੇਠਾਂ ਹੀ ਪੈ ਗਈ। ਭਾਬੀ ਨੇ ਮੁੰਡੇ ਨੂੰ ਵੀ ਬੀਬੀ ਵੱਲ ਹੇਠਾਂ ਹੀ ਭੇਜ ਦਿੱਤਾ।
ਸਵੇਰੇ ਜਦੋਂ ਮੈਂ ਟੋਭੇ ’ਚ ਤੈਰਦੀਆਂ ਮੁਰਗਾਬੀਆਂ-ਬੱਤਖਾਂ ਦੇਖਣ ਕੋਠੇ ’ਤੇ ਚੜ੍ਹਿਆ ਤਾਂ ਟੋਭੇ ’ਚ ਭਾਬੀ ਦੀ ਲਾਸ਼ ਤੈਰ ਰਹੀ ਸੀ। ਉਹਨੇ ਰਾਤ ਨੂੰ ਆਪਣੇ ਆਪ ਨੂੰ ਅੱਗ ਲਗਾ ਲਈ ਸੀ। ਫਿਰ ਸ਼ਾਇਦ ਅੱਗ ਬੁਝਾਉਣ ਲਈ ਛਾਲ ਮਾਰ ਦਿੱਤੀ ਸੀ।
ਲੋਕ ਸੱਥਰ ’ਤੇ ਬੈਠੇ ਵੀ ਗੱਲਾਂ ਕਰ ਰਹੇ ਸੀ।
‘‘ਅੱਗ ਬੰਨ੍ਹਣੀ ਬੜਾ ਪਾਪ ਹੁੰਦੀ ਆ।’’
ਭਾਬੀ ਦੇ ਪੇਕਿਆਂ ਨੇ ਸਾਡੇ ਟੱਬਰ ਤੇ ਕੇਸ ਦਰਜ ਕਰਵਾ ਦਿੱਤਾ ਕਿ ਦਾਜ ਲਈ ਤੰਗ ਕਰਦੇ ਸਾਂ, ਮਾਰ ਕੇ ਸੁੱਟ ਦਿੱਤੀ। ਬਾਪੂ-ਬੀਬੀ ਤੇ ਭਰਾ ਫੜਿਆ ਗਿਆ। ਮੇਰਾ ਵੀਜ਼ਾ ਲੱਗ ਗਿਆ ਸੀ। ਬਾਹਰ ਜਾਣ ਵਾਲੀ ਗੱਲ ਅਸੀਂ ਗੁਪਤ ਰੱਖੀ ਸੀ।
ਮੈਂ ਲੁਕਦਾ-ਛਿਪਦਾ ਏਅਰਪੋਰਟ ’ਤੇ ਗਿਆ। ਜਹਾਜ਼ ਰੂਸ ਉਤਰ ਗਿਆ। ਡੌਂਕੀ ਰਾਹੀਂ ਮੁਸੀਬਤਾਂ ਝੱਲਦਾ ਜਰਮਨ ਜਾ ਵੜਿਆ। ਜਰਮਨ ਜਾਂਦਿਆਂ ਹੀ ਫੜਿਆ ਗਿਆ। ਤਿੰਨ ਮਹੀਨੇ ਜੇਲ੍ਹ ਕੱਟੀ। ਸੋਚਦਾ ਮਨਾ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜ੍ਹੀ, ਉਹ ਗੱਲ ਹੋਈ ਮੇਰੇ ਨਾਲ।
ਜੇਲ੍ਹ ’ਚੋਂ ਛੁੱਟਿਆ ਜਰਮਨ ਤੋਂ ਸਪੇਨ ਚਲਿਆ ਗਿਆ। ਸੱਤ ਸਾਲ ਬਾਅਦ ਹੁਣ ਇੰਡੀਆ ਆਇਆਂ।
ਸਪੇਨ ਜਾ ਕੇ ਦਿਨ ਰਾਤ ਨੀ ਦੇਖਿਆ, ਏਨਾ ਕੰਮ ਕੀਤਾ। ਬਾਪੂ, ਬੀਬੀ ਤੇ ਭਰਾ ਜੇਲ੍ਹ ’ਚੋਂ ਛੁੜਵਾਏ। ਘਰ ਦੇ ਰੋਣੇ-ਧੋਣੇ ਧੋਣ ਲਈ। ਪਾਲੀ ਵੀਰ ਦੇ ਬਚਨਾਂ ’ਤੇ ਫੁੱਲ ਚੜ੍ਹਾਏ। ਪੈਸੇ ਤੇ ਪੈਸੇ ਭੇਜਦਾ ਰਿਹਾ। ਕਰਜ਼ਾ ਲਾਹਿਆ। ਟਰੈਕਟਰ ਨਵਾਂ ਲੈ ਕੇ ਦਿੱਤਾ, ਪਰ ਇਨ੍ਹਾਂ ਕੀ ਕੀਤਾ, ਧੋਖਾ। ਨਿਕਲੇ ਨਾ ਕੁੱਤਿਆਂ ਦੇ ਕੁੱਤੇ…।’’
ਜੇ ਸੰਦੀਪ ਦੇ ਡੈਡੀ ਨੂੰ ਪਤਾ ਲੱਗ ਜਾਵੇ ਕਿ ਮੇਰੇ ਕੋਲ ਜ਼ਮੀਨ ਨਹੀਂ, ਤਾਂ ਹੁਣੇ ਸ਼ਗਨ ਪਾਉਣਾ ਬੰਦ ਕਰਕੇ ਛਿੱਤਰ ਪਰੇਡ ਕਰਨਗੇ। ਇਨ੍ਹਾਂ ਨੂੰ ਇਹ ਗੱਲ ਤਾਂ ਸੰਦੀਪ ਦੀ ਮਾਸੀ ਨੇ ਦੱਸ ਦਿੱਤੀ ਹੋਈ ਹੈ ਕਿ ਸਪੇਨ ਜਿਨ੍ਹਾਂ ਨੂੰ ਇਹ ਬਾਹਰਲਾ ਮੁਲਕ ਕਹਿੰਦੇ ਨੇ ਉੱਥੇ ਭਾਂਡੇ ਮਾਂਜਦਾ, ਏਨੇ ਭਾਂਡੇ ਤਾਂ ਨਸੀਬੋ ਨਾਇਣ ਨੇ ਸਾਰੇ ਪਿੰਡ ਦੇ ਵਿਆਹਾਂ ’ਚ ਨੀ ਮਾਂਜੇ ਹੋਣੇ, ਜਿੰਨੇ ਮੈਂ ਇਕ ਦਿਨ ’ਚ ਮਾਂਜਦਾ। ਇਹ ਵੱਖਰੀ ਗੱਲ ਹੈ ਮੈਂ ਭਾਂਡੇ ਮਸ਼ੀਨ ਨਾਲ ਧੋਂਦਾ। ਉਹ ਲਾਗ ਲੈਂਦੀ ਏ, ਮੈਂ ਯੂਰੋ ਕਮਾਉਂਨਾਂ।
ਸ਼ਗਨ ਤੋਂ ਬਾਅਦ ਉਹੀ ਗੱਲ ਹੋਈ ਜਿਸਦਾ ਡਰ ਸੀ। ਸੰਦੀਪ ਦੀ ਮੰਮੀ ਅੜ ਗਈ ਕਹਿੰਦੀ, ‘‘ਉਧਰਲੀ ਦੁਨੀਆਂ ਇਧਰ ਅਜੇ ਕੁੜੀ ਤੀਹੋ ਕਾਲ ਨੀ ਭੇਜਣੀ…।’’ ਮੈਂ ਨਾ ਮਾਨੂੰ ਦੀ ਰਟ ਦੇਖ ਬੁੜੀ ’ਤੇ ਗੁੱਸਾ ਤਾਂ ਬਹੁਤ ਆਵੇ, ਪਰ ਕੁਝ ਕਹਿ ਨਹੀਂ ਸਕਦੇ ਸਾਂ। ਮੈਨੂੰ ਪਤਾ ਸੰਦੀਪ ਸਾਡੇ ਨਾਲ ਜਾਣਾ ਚਾਹੁੰਦੀ ਸੀ, ਉਹ ਕੀ ਬੋਲਦੀ। ਹੈਪੀ ਹੋਰਾਂ ਦੇ ਸਮਝਾਉਣ ’ਤੇ ਵੀ ਗੱਲ ਨਾ ਬਣੀ। ਸੰਦੀਪ ਦੀ ਮੰਮੀ ਉਨ੍ਹਾਂ ਨੂੰ ਤੀਜੇ ਬੰਦੇ ਹੀ ਸਮਝਦੀ ਸੀ।
ਸੰਦੀਪ ਦੀ ਮੰਮੀ ਦਾ ਇਕੋ ਜਵਾਬ ਸੀ, ‘‘ਕੋਈ ਨਾ ਪੁੱਤਰਾ, ਇਕ ਵਾਰ ਸਪੇਨ ਪਹੁੰਚ ਜਾਵੋ… ਫਿਰ ਵਸਿਓ-ਰਸਿਓ।’’
ਦੁਖੀ ਹੋਏ ਹੈਪੀ, ਜਿੰਦਰ ਤੇ ਤਰਨਜੀਤ ਆਪਣੇ ਪਿੰਡ ਨੂੰ ਤੁਰ ਪਏ। ਮੈਂ ਭੈਣ ਤੇ ਜੀਜੇ ਨਾਲ ਉਨ੍ਹਾਂ ਦੇ ਪਿੰਡ ਚਲਿਆ ਗਿਆ। ਭੈਣ ਦੇ ਸਹੁਰੇ ਜਾ ਕੇ ਜੀਜੇ ਨਾਲ ਮੋਟੇ-ਮੋਟੇ ਸ਼ਰਾਬ ਦੇ ਪੈੱਗ ਲਗਾਏ। ਮੈਂ ਭੈਣ ਦੇ ਗਲ ਲੱਗ ਕੇ ਉੱਚੀ-ਉੱਚੀ ਰੋਣ ਲੱਗਿਆ। ਉਹ ਵੀ ਰੋਈ ਜਾਵੇ।
‘‘ਧੋਖਾ ਕਰਨਗੇ …, ਹੁਣ ਉਹਨੇ ਸਪੇਨ ਜਾ ਕੇ ਮੇਰੇ ਨਹੀਂ ਵਸਣਾ, ਮੇਰੀ ਕਿਸਮਤ ’ਚ ਧੋਖਾ ਈ ਲਿਖਿਆ ਹੋਇਆ…।’’
ਜੀਜਾ ਸ਼ਰਾਬੀ ਹੋ ਗਿਆ। ਮੈਨੂੰ ਵੀ ਬਹੁਤ ਚੜ੍ਹ ਗਈ। ਥੱਕੀ ਹਾਰੀ ਭੈਣ ਸੌਂ ਗਈ। ਮੈਨੂੰ ਨੀਂਦ ਨਹੀਂ ਆ ਰਹੀ ਸੀ, ਮੇਰੀ ਕਿਸਮਤ ’ਚ … ਧੋਖਾ ਈ ਆ… ਹਰ ਵੇਲੇ ਧੋਖਾ… ਆਪਣਿਆਂ ਵੱਲੋਂ ਹੀ…। ਸੱਸ ਦੀਆਂ ਗੱਲਾਂ ਮੇਰਾ ਕਾਲਜਾ ਛਲਣੀ ਕਰ ਰਹੀਆਂ ਸਨ। ‘‘ਕੇਰਾਂ ਸਪੇਨ ਪਹੁੰਚ ਜਾਵੋ…, ਫਿਰ ਵਸਿਓ-ਰਸਿਓ।’’
‘‘… ਸਪੇਨ ਦੇ… … ਵਿਆਹੀ ਆ… ਵਿਆਹ ਹੋਇਆ ਸੀ ਮੇਰਾ… ਕਰੇਵਾ ਤਾਂ ਨਹੀਂ ਸੀ…।’’
ਇਕ ਧੋਖੇਬਾਜ਼ ਨੂੰ ਸਜ਼ਾ ਦੇਣ ਲਈ ਮੈਂ ਜੀਜੇ ਵਾਲਾ ਪਿਸਤੌਲ ਚੁੱਕ ਕੇ ਡੱਬ ’ਚ ਪਾ ਲਿਆ ਤੇ ਉਨ੍ਹਾਂ ਦੀ ਗੱਡੀ ਲੈ ਕੇ ਬਿਨਾਂ ਕਿਸੇ ਨੂੰ ਦੱਸਿਆਂ ਪਿੰਡ ਨੂੰ ਤੁਰ ਪਿਆ। ਰਾਤ ਅੱਧੀ ਤੋਂ ਜ਼ਿਆਦਾ ਹੋ ਗਈ ਸੀ। ਮੇਰਾ ਸਿਰ ਗੁੱਸੇ ਨਾਲ ਤਪਦਾ ਪਿਆ ਸੀ। ਪਿੰਡ ਕੋਲ ਗਿਆ। ਮੇਰਾ ਦਿਲ ਪੱਥਰ ਦਾ ਹੋ ਗਿਆ ਸੀ। ਪਿੰਡ ਵਿਚ ਇਨ੍ਹਾਂ ਸੱਤਾਂ ਸਾਲਾਂ ਵਿਚ ਕਿੰਨਾ ਕੁਝ ਬਦਲ ਗਿਆ ਸੀ। ਖੇਤਾਂ ਵਿਚ ਵੀ ਘਰ ਪੈ ਗਏ ਸੀ। ਘਰ ਕੋਲ ਗਿਆ ਉਹੀ ਪੁਰਾਣੀ ਨਿੱਕੀ-ਨਿੱਕੀ ਕੰਧ ਸੀ। ਉਸ ਉੱਤੇ ਪਲਸਤਰ ਵੀ ਨਹੀਂ ਸੀ। ਏਨੇ ਪੈਸੇ ਭੇਜੇ, … ਨੇ ਪਤਾ ਨਹੀਂ ਕਿੱਥੇ ਰੋਹੜ ਦਿੱਤੇ। ਕੰਧ ਕੋਲ ਖੜ੍ਹਾ ਮੈਂ ਕਿੰਨਾ ਹੀ ਚਿਰ ਸੋਚਦਾ ਰਿਹਾ। ਦਿਲ ਕਰਦਾ ਸੀ ਇਹ ਸਾਰੇ ਘਰ ਨੂੰ ਕਲਾਵੇ ਵਿਚ ਲੈ ਲਵਾਂ। ਇਸ ਘਰ ਵਿਚ ਵੀ ਹੁਣ ਮੇਰਾ ਹਿੱਸਾ ਨਹੀਂ। ਕੰਧ ਟੱਪ ਕੇ ਅੰਦਰ ਚਲਿਆ ਗਿਆ। ਉਹੀ ਸਭ ਕੁਝ ਪੁਰਾਣਾ ਸੀ। ਹੱਡਲ ਜਿਹੀਆਂ ਮੱਝਾਂ, ਬੱਲਬ ਦੇ ਚਾਨਣ ਵਿਚ ਮੂੰਹ ਵੱਲ ਦੇਖਣ ਲੱਗੀਆਂ। ਸ਼ਾਇਦ ਇਨ੍ਹਾਂ ਵਿਚ ਕੋਈ ਪੁਰਾਣੀ ਮੱਝ ਹੋਵੇ। ਅੰਦਰੋਂ ਗੇਟ ਖੋਲ੍ਹ ਕੇ ਗੱਡੀ ਅੰਦਰ ਲੈ ਗਿਆ। ਖੜਕਾ ਸੁਣ ਕੇ ਵਰਾਂਡੇ ਵਿਚ ਪਏ ਬਾਪੂ ਤੇ ਬੀਬੀ ਵੀ ਉੱਠ ਖੜ੍ਹੇ। ਉਨ੍ਹਾਂ ਲਾਈਟ ਬਾਲ ਲਈ। ਉਹ ਮੈਨੂੰ ਅੰਦਰ ਲੈ ਗਏ। ਮੇਰੇ ਅੰਦਰ ਅੱਗ ਮੱਚ ਰਹੀ ਸੀ। ਬਾਪੂ ਮੈਨੂੰ ਜੱਫ਼ੀ ਵਿਚ ਲੈਣ ਲੱਗਿਆ। ਮੈਂ ਪਿੱਛੇ ਹਟ ਗਿਆ। ਉਹਨੇ ਹੱਥ ਨਾਲ ਮੇਰਾ ਮੋਢਾ ਪਲੋਸਿਆ। ਉਹਦਾ ਹੱਥ ਕੰਬੀ ਜਾ ਰਿਹਾ ਸੀ। ਛੋਟੇ ਭਰਾ ਲਈ ਜ਼ਮੀਨ ’ਤੇ ਅੰਗੂਠਾ ਲਗਾਉਣ ਲੱਗਿਆ ਤਾਂ ਕੰਬਿਆ ਨੀ ਹੋਣਾ, ਮੈਂ ਸੋਚਿਆ।
ਬਾਪੂ ਵੀ ਹੱਡੀਆਂ ਦਾ ਕਰੰਗ ਹੋਇਆ ਪਿਆ ਸੀ।
ਮਾਂ ਨੇ ਛਾਤੀ ਨਾਲ ਲਾਇਆ, ਉਹ ਉੱਠੀ ਵੀ ਨਾ, ਮੈਂ ਹੀ ਨੀਵਾਂ ਹੋ ਗਿਆ। ਮੇਰਾ ਮੂੰਹ ਪਲੋਸਿਆ ਫਿਰ ਉਹੀ ਪੁਰਾਣੇ ਅੰਦਾਜ਼ ਵਿਚ ਉਪਰਿਆਂ ਵਾਂਗ ਸਾਹਮਣੇ ਮੰਜੇ ’ਤੇ ਬੈਠ ਕੇ ਦੇਖੀ ਗਈ ਜਿਵੇਂ ਮੈਂ ਉਹਦੀ ਕੁੱਖੋਂ ਜਾਇਆ ਨਾ ਹੋਵਾਂ, ਰੂੜੀ ਤੋਂ ਚੁੱਕ ਕੇ ਲਿਆਂਦਾ ਹੋਵਾਂ।
ਚੁਬਾਰੇ ’ਚੋਂ ਭਰਾ-ਭਰਜਾਈ ਖੜਕਾ ਸੁਣ ਕੇ ਹੇਠਾਂ ਆ ਗਏ। ਭਰਾ ਮੱਲੋ-ਜੋਰੀ ਮੈਨੂੰ ਜੱਫੀ ਪਾਉਣ ਲੱਗਿਆ। ਭਰਜਾਈ ਹੱਥ ਬੰਨ੍ਹੀ ਖੜ੍ਹੀ ਸੀ। ਉਨ੍ਹਾਂ ਦੇ ਕੱਪੜੇ ਦੇਖ ਕੇ ਮੈਂ ਕਿਹਾ, ‘‘… ਨੰਗਾਂ ਦੇ ਨੰਗ।’’
ਭਰਾ ਬਾਹਰ ਜਾ ਕੇ ਬਾਹਰਲਾ ਗੇਟ ਬੰਦ ਕਰ ਆਇਆ, ਬਾਹਰ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ।
ਭਰਜਾਈ ਰਸੋਈ ਵਿਚ ਚਾਹ-ਪਾਣੀ ਬਣਾਉਣ ਲੱਗੀ।
ਮੈਂ ਮੰਜੇ ਤੋਂ ਉੱਠ ਕੇ ਭਰਾ ਦੀ ਛਾਤੀ ਵਿਚ ਧੱਫਾ ਜਿਹਾ ਮਾਰਿਆ, ‘‘ਜਾਹ ਪੁਲੀਸ ਬੁਲਾ ਲਿਆ। ਮੈਨੂੰ ਫੜ ਲਵੇ ਥੋਡੇ ਕਾਲਜੇ ’ਚ ਠੰਢ ਪੈ ਜੇ … …।’’
ਭਰਾ ਮੇਰਾ ਹੱਥ ਫੜਦਾ ਹੈ, ‘‘ਗੁੱਸਾ ਛੱਡ ਯਾਰ ਪਿਛਲੀਆਂ ਗੱਲਾਂ ਭੁੱਲ ਜਾ।’’ ਮਾਂ ਬਾਹਰ ਬੈਠੀ ਹੀ ‘ਕੁਸ’ ਬੋਲਦੀ ਹੈ, ਮੈਨੂੰ ਸਮਝ ਨੀ ਲੱਗਿਆ
ਮੈਂ ਹੋਰ ਧੱਕਾ ਮਾਰਦਾ ਹਾਂ, ‘‘… ਮੇਰੀ ਜ਼ਮੀਨ… ਇਹ ਤੁਸੀਂ ਕੀ ਕੀਤਾ। ਮੈਨੂੰ ਦੱਸ ਤਾਂ ਦਿੰਦੇ…।’’ ਮੈਂ ਪਿਸਤੌਲ ਕੱਢ ਲਿਆ। ‘‘…, ਥੋਨੂੰ ਮਾਰ ਕੇ ਈ ਮੇਰੇ ਅੰਦਰ ਮੱਚਦੀ ਅੱਗ ਠੰਢੀ ਹੋਊ। …, ਥੋਡੇ ਕਾਰਨ ਈ ਮੈਂ ਖਾਲੀ ਹੱਥ ਮੁੜਿਆ। ਉਨ੍ਹਾਂ ਡੋਲੀ ਵੀ ਨਹੀਂ ਤੋਰੀ। ਕੱਟਾ ਕੀਲੇ ਦੇ ਸਿਰ ’ਤੇ ਈ ਤੀਂਘੜਦਾ। ਤੁਸੀਂ ਮੇਰੇ ਨਾਲ ਮਾੜੀ ਕੀਤੀ ਆ। ਮੇਰੇ ਜੰਮਦੇ ਦੇ ਈ ਗਲ ਅੰਗੂਠਾ ਦੇ ਦਿੰਦੇ।’’ ਮੈਂ ਭਰਾ ਨੂੰ ਧੱਫੇ ਤੇ ਧੱਫੇ ਮਾਰੀ ਜਾ ਰਿਹਾ ਸੀ। ਬਾਪੂ ਸਾਡੇ ਦੋਹਾਂ ਦੇ ਵਿਚਕਾਰ ਆ ਖੜ੍ਹਿਆ। ਇਕ ਧੱਫਾ ਉਹਦੇ ਲੱਗਿਆ, ਉਹਦੀਆਂ ਹੱਡੀਆਂ ਸਾਰੀਆਂ ਹੀ ਖੜਕੀਆਂ। ਉਹ ਧਰਤੀ ’ਤੇ ਡਿੱਗ ਪਿਆ। ਭਰਜਾਈ ਹੱਥ ਜੋੜੀ ਕੰਬੀ ਜਾ ਰਹੀ ਸੀ। ਮੰਜੀ ’ਤੇ ਬੈਠੀ ਮਾਂ ਕੰਬੀ ਜਾ ਰਹੀ ਸੀ। ਉਹ ਜੋ ਬੋਲਦੀ ਸੀ ਮੈਨੂੰ ਸਮਝ ਨਾ ਲੱਗੀ।
ਬਾਪੂ ਬੋਲਣ ਲੱਗਿਆ, ‘‘ਓਏ ਮਾਰ ਦੇ ਸਾਰਿਆਂ ਨੂੰ ਇਸ ਨਰਕ ’ਚੋਂ ਛੁੱਟੀਏ। ਅਸੀਂ ਤਾਂ ਸਹੁਰੀ ਦਿਓ ਇਸੇ ਆਸ ’ਤੇ ਜਿਉਂਦੇ ਆਂ, ਬਈ ਮੁੰਡਾ ਬਾਹਰ ਗਿਆ ਹੋਇਆ। ਜੋ ਕੁਝ ਆ ਉਹ ਤੇਰਾ ਈ ਆ… ਅਸੀਂ ਤਾਂ ਗੁਰਦੁਆਰੇ ਜਾ ਬੈਠਾਂਗੇ। ਪਰ ਮਾਂ ਤੇਰੀ ਤਾਂ ਹੁਣ ਕਿਸੇ ਗੁਰਦੁਆਰੇ ਬੈਠਣ ਜੋਗੀ ਵੀ ਨੀ। ਇਹਦਾ ਪਾਸਾ ਮਾਰਿਆ ਗਿਆ, ਦੌਰਾ ਪੈ ਕੇ…। ਓ ਭਾਈ, ਜਿਹੜੇ ਅਸੀਂ ਚੁਬਾਰੇ ਪਾ ਲਏ ਤੇਰੀਆਂ ਕਮਾਈਆਂ ਨਾਲ ਉਹ ਤੂੰ ਲੈ ਜਾ…।’’ ਬਾਪੂ ਬੋਲੀ ਜਾ ਰਿਹਾ ਸੀ। ਮੇਰੇ ਅੰਦਰ ਮੱਚ ਰਹੀ ਅੱਗ ਜਿਵੇਂ ਕਿਸੇ ਨੇ ਬੰਨ੍ਹ ਦਿੱਤੀ ਹੋਵੇ। ਮੇਰਾ ਰੋਣ ਨਿਕਲ ਗਿਆ। ਪਿਸਤੌਲ ਸੁੱਟ ਕੇ ਬਾਪੂ ਦੇ ਗਲ ਲੱਗ ਉੱਚੀ-ਉੱਚੀ ਰੋਣ ਲੱਗਿਆ।