ਕੂੜ ਵਡਿਆਈ ਬਨਾਮ ਸੱਚ ਦੀ ਜੁਰਅੱਤ
ਇਨਸਾਨੀ ਕਿਰਦਾਰ ਦੇ ਦੂਹਰੇ ਮਿਆਰ ਉਦੋਂ ਉੱਘੜ ਕੇ ਸਾਹਮਣੇ ਆਉਂਦੇ ਹਨ, ਜਦੋਂ ਕੋਈ ਸ਼ਖ਼ਸ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਜਾਂਦਾ ਹੈ। ਮੌਤ ਵਰਗੀ ਅਟੱਲ ਹਕੀਕਤ ਅੱਜ ਸਾਡੀ ਝੂਠੀ ਲਫ਼ਾਜ਼ੀ ਹੇਠ ਦਬ ਕੇ ਰਹਿ ਗਈ ਹੈ। ਅਸੀਂ ਵਿਛੋੜੇ...
ਇਨਸਾਨੀ ਕਿਰਦਾਰ ਦੇ ਦੂਹਰੇ ਮਿਆਰ ਉਦੋਂ ਉੱਘੜ ਕੇ ਸਾਹਮਣੇ ਆਉਂਦੇ ਹਨ, ਜਦੋਂ ਕੋਈ ਸ਼ਖ਼ਸ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਜਾਂਦਾ ਹੈ। ਮੌਤ ਵਰਗੀ ਅਟੱਲ ਹਕੀਕਤ ਅੱਜ ਸਾਡੀ ਝੂਠੀ ਲਫ਼ਾਜ਼ੀ ਹੇਠ ਦਬ ਕੇ ਰਹਿ ਗਈ ਹੈ। ਅਸੀਂ ਵਿਛੋੜੇ ਦੀ ਉਸ ਸੰਜੀਦਾ ਘੜੀ ਵਿੱਚ ਨਿਮਰ ਹੋਣ ਦੀ ਬਜਾਏ, ਸੱਚ ਦੀ ਸੰਘੀ ਨੱਪਣ ਨੂੰ ਤਰਜੀਹ ਦਿੰਦੇ ਹਾਂ। ਅੰਨ੍ਹੇਵਾਹ ਅਪਣਾਏ ਇਸ ਕੂੜ ਵਰਤਾਰੇ ਰਾਹੀਂ ਅਸੀਂ ਮੌਤ ਵਰਗੀ ਅਟੱਲ ਸੱਚਾਈ ਨੂੰ ਵੀ ਮਹਿਜ਼ ਲੋਕਾਚਾਰੀ ਵਾਲੇ ਢਕਵੰਜ ਵਿੱਚ ਬਦਲ ਦਿੱਤਾ ਹੈ।
ਸਾਡੇ ਮੌਜੂਦਾ ਧਾਰਮਿਕ ਅਤੇ ਸਮਾਜਿਕ ਤਾਣੇ-ਬਾਣੇ ਵਿੱਚ ਇਹ ਦਿਖਾਵਾ ਇੰਨਾ ਕੁ ਪੁਖ਼ਤਾ ਹੋ ਚੁੱਕਾ ਹੈ ਕਿ ਹੁਣ ਅੰਤਿਮ ਅਰਦਾਸ ਜਾਂ ਰਸਮ ਉਠਾਲੇ ਵਰਗੇ ਸੰਜੀਦਾ ਮੌਕੇ ਨਾ ਤਾਂ ਵਿਛੜੀ ਰੂਹ ਪ੍ਰਤੀ ਕੋਈ ਸੱਚੀ ਸ਼ਰਧਾ ਜਤਾਉਣ ਦਾ ਵਸੀਲਾ ਰਹਿ ਗਿਆ ਹੈ ਅਤੇ ਨਾ ਹੀ ਦੁਖੀ ਪਰਿਵਾਰ ਨਾਲ ਹਮਦਰਦੀ ਜਤਾਉਣ ਦਾ ਜ਼ਰੀਆ; ਸਗੋਂ ਇਹ ‘ਸ਼ਰਧਾ ਦੇ ਫੁੱਲ’ ਭੇਟ ਕਰਨ ਦੇ ਨਾਂ ਹੇਠ, ਜੀਵਨ ਦੀਆਂ ਸੁੱਚੀਆਂ ਕਦਰਾਂ-ਕੀਮਤਾਂ ਦਾ ਘਾਣ ਕਰਕੇ ਝੂਠੀਆਂ ਸਿਫ਼ਤਾਂ ਦੇ ਇੱਕ ਅਜਿਹੇ ਆਡੰਬਰ ਦੀ ਸ਼ਕਲ ਅਖ਼ਤਿਆਰ ਕਰ ਚੁੱਕੇ ਹਨ, ਜਿੱਥੇ ਓੜਕ ਸੱਚ ਦੀ ਬਲੀ ਦੇਣਾ ਹੀ ‘ਸਮਾਜਿਕ ਦਸਤੂਰ’ ਹੋ ਨਿਬੜਿਆ ਹੈ। ਇਹ ਵਾਕਿਆ 1985 ਦੇ ਆਸ-ਪਾਸ ਦਾ ਹੈ, ਜਦੋਂ ਮੇਰੀ ਨਵੀਂ-ਨਵੀਂ ਸਰਕਾਰੀ ਨੌਕਰੀ ਲੱਗੀ ਸੀ। ਜ਼ਿੰਦਗੀ ਦੇ ਉਸ ਮੋੜ ’ਤੇ ਮੈਂ ਦੁਨੀਆਦਾਰੀ ਦੇ ਰੰਗਾਂ ਅਤੇ ਰਿਸ਼ਤਿਆਂ ਦੀ ਗਹਿਰਾਈ ਨੂੰ ਅਜੇ ਮਾੜਾ-ਮੋਟਾ ਸਮਝਣ ਹੀ ਲੱਗਿਆ ਸਾਂ। ਸਾਡੀਆਂ ਜੜ੍ਹਾਂ ਲਹਿੰਦੇ ਪੰਜਾਬ ਦੇ ਪੋਠੋਹਾਰੀ ਖ਼ਿੱਤੇ, ਜ਼ਿਲ੍ਹਾ ਕੈਂਬਲਪੁਰ ਦੇ ਪਿੰਡ ਦੁੱਲਾ ਦੇ ਅਦਬੀ ਸੱਭਿਆਚਾਰ ਵਿੱਚ ਸਨ। ਭਾਵੇਂ ਸੰਤਾਲੀ ਦੀ ਵੰਡ ਦੇ ਕਹਿਰ ਨੇ ਸਾਡੇ ਵੱਡੇ-ਵਡੇਰਿਆਂ ਨੂੰ ਆਪਣੀ ਜਨਮ-ਭੋਇੰ ਤੋਂ ਉਖਾੜ ਕੇ ਰੋਪੜ ਦੀ ਮਿੱਟੀ ਵਿੱਚ ਆ ਵਸਣ ਲਈ ਮਜਬੂਰ ਕਰ ਦਿੱਤਾ ਸੀ, ਪਰ ਸਾਡੇ ਵਿਹੜਿਆਂ ਵਿੱਚ ਉਸ ਸ਼ੀਰੀਂ ਬੋਲੀ ਦਾ ਨਿੱਘ ਅਤੇ ਵਿਛੜੀ ਮਿੱਟੀ ਦਾ ਮੋਹ ਉਵੇਂ ਹੀ ਜਿਊਂਦਾ ਰਿਹਾ।
ਪਰ ਇਹ ਸਾਡੀ ਬਦਨਸੀਬੀ ਨਹੀਂ ਤਾਂ ਹੋਰ ਕੀ ਸੀ ਕਿ ਓਧਰ ਜਿਨ੍ਹਾਂ ਨੇ ਵਤਨ ਦੀ ਖ਼ਾਤਰ ਆਪਣਾ ਸਭ ਕੁਝ ਵਾਰ ਕੇ ਉਸ ਕੁਲੱਛਣੇ ਉਜਾੜੇ ਨੂੰ ਆਪਣੇ ਪਿੰਡੇ ’ਤੇ ਹੰਢਾਇਆ, ਏਧਰਲੇ ਸਮਾਜ ਨੇ ਉਨ੍ਹਾਂ ਦੀ ਹੋਂਦ ਨੂੰ ‘ਸ਼ਰਨਾਰਥੀ’ ਜਾਂ ‘ਰਫ਼ਿਊਜੀ’ ਵਰਗੇ ਬੋਲਾਂ ਦੀ ਚੋਭ ਰਾਹੀਂ ਹਮੇਸ਼ਾ ਮਤਰੇਏ ਹੋਣ ਦਾ ਅਹਿਸਾਸ ਕਰਵਾਇਆ। ਇਹ ਬੋਲ ਕਿਸੇ ਨਸ਼ਤਰ ਵਾਂਗ ਰੂਹ ਵਿੱਚ ਉਤਰਦੇ ਸਨ, ਪਰ ਸਦਕੇ ਜਾਈਏ ਸਾਡੇ ਉਨ੍ਹਾਂ ਸਿਆਣਿਆਂ ਦੇ, ਜਿਨ੍ਹਾਂ ਨੇ ਅਜਿਹੀਆਂ ਮਾਨਸਿਕ ਸੱਟਾਂ ਦੇ ਬਾਵਜੂਦ ਉਸ ਪੋਠੋਹਾਰੀ ਤਹਿਜ਼ੀਬ ਅਤੇ ਵਿਰਾਸਤੀ ਸਾਂਝ ਨੂੰ ਅੰਤਲੇ ਸਵਾਸਾਂ ਤੱਕ ਬੜੇ ਸਿਦਕ ਨਾਲ ਨਿਭਾਇਆ।
ਸਾਡੇ ਰੋਮ-ਰੋਮ ਵਿੱਚ ਰਮੇ ਪੋਠੋਹਾਰੀ ਲਹਿਜੇ ਸਦਕਾ ਰਿਸ਼ਤਿਆਂ ਵਿੱਚ ਨਿਵੇਕਲੀ ਅਪਣੱਤ ਝਲਕਦੀ ਸੀ। ਅਸੀਂ ਦਾਦਾ ਜੀ ਨੂੰ ‘ਭਾਪਾ ਜੀ’, ਦਾਦੀ ਨੂੰ ‘ਭਾਬੀ ਜੀ’, ਪਿਤਾ ਜੀ ਨੂੰ ‘ਦਾਰ ਜੀ’ ਅਤੇ ਮਾਤਾ ਜੀ ਨੂੰ ‘ਬੀਜੀ’ ਕਹਿ ਕੇ ਬੁਲਾਉਂਦੇ ਸਾਂ। ਉਸ ਬੋਲੀ ਵਿੱਚ ‘ਮਾਊ-ਪਿਊ’ ਕਹਿਣ ਦੇ ਅੰਦਾਜ਼ ਵਿੱਚ ਜੋ ਸਤਿਕਾਰ ਸੀ, ਉਹ ਸ਼ਬਦਾਂ ਦੇ ਬਿਆਨ ਤੋਂ ਪਰ੍ਹੇ ਸੀ। ਅਦਬ ਦੀ ਮਿਸਾਲ ਸੀ ਕਿ ਭਣੋਈਏ ਨੂੰ ‘ਭਾਈਆ ਜੀ’ ਅਤੇ ਪਿਤਾ ਜੀ ਦੇ ਨਾਨੀ ਜੀ, ਜੋ ਉਸ ਵੇਲੇ ਸਾਡੇ ਸਿਰਾਂ ’ਤੇ ਸਲਾਮਤ ਸਨ, ਉਨ੍ਹਾਂ ਨੂੰ ਅਸੀਂ ‘ਬੇਜੀ’ ਸੱਦਦੇ ਸਾਂ। ‘ਭਿਰਾਊ’ ਤੇ ‘ਭੈਣੂੰ’ ਵਰਗੇ ਸ਼ਬਦਾਂ ਦੀ ਖੰਡ-ਮਿਸ਼ਰੀ ਵਰਗੀ ਮਿਠਾਸ ਅੱਜ ਦੇ ਮਸ਼ੀਨੀ ਦੌਰ ਵਿੱਚ ਵਿਸਰ ਹੀ ਗਈ ਜਾਪਦੀ ਹੈ।
ਵਕਤ ਦੀਆਂ ਗਰਦਿਸ਼ਾਂ ਨੇ ਭਾਵੇਂ ਸਾਥੋਂ ਸਾਡੀ ਸਰਜ਼ਮੀਨ ਖੋਹ ਲਈ ਸੀ, ਪਰ ਰੂਹਾਂ ਵਿੱਚ ਵਸੇ ਰਿਸ਼ਤਿਆਂ ਦੀ ਪੁਖ਼ਤਗੀ ਨੂੰ ਉਹ ਮਧੋਲ ਨਾ ਸਕੀਆਂ। ਇੱਕ ਬੰਨੇ ਦੀਵਾਨ ਚੰਦ ਦੀ ਭਾਪਾ ਜੀ ਨਾਲ ਸਾਂਝ ਕੋਈ ਇਤਫ਼ਾਕੀਆ ਮੇਲ ਨਹੀਂ ਸੀ, ਸਗੋਂ ਦਿਲਾਂ ਦਾ ਉਹ ਰਾਬਤਾ ਸੀ, ਜਿਸ ਦੀਆਂ ਜੜ੍ਹਾਂ ਪੋਠੋਹਾਰ ਦੀ ਪਾਕ ਮਿੱਟੀ ਵਿੱਚ ਬੜੀਆਂ ਡੂੰਘੀਆਂ ਸਨ। ਦੀਵਾਨ ਚੰਦ ਭਾਪਾ ਜੀ ਦੇ ਸਿਰਫ਼ ਜਿਗਰੀ ਯਾਰ ਹੀ ਨਹੀਂ, ਸਗੋਂ ਸਾਡੇ ਵਿਹੜੇ ਦੇ ਅਜਿਹੇ ਜੀਅ ਸਨ, ਜੋ ਭਾਪਾ ਜੀ ਨੂੰ ਆਪਣੇ ਸਕੇ ਭਰਾਵਾਂ ਨਾਲੋਂ ਵੀ ਵੱਧ ਅਜ਼ੀਜ਼ ਸਨ। ਦੀਵਾਨ ਚੰਦ ਦਾ ਪਿਛੋਕੜ ਵੀ ਸਾਡੇ ਵਰਗੇ ਲਹਿੰਦੇ ਪੰਜਾਬ ਦੇ ਉਨ੍ਹਾਂ ਸੈਂਕੜੇ ਸਹਿਜਧਾਰੀ ਪਰਿਵਾਰਾਂ ਵਿੱਚੋਂ ਸੀ, ਜਿਨ੍ਹਾਂ ਲਈ ਗੁਰੂਘਰ ਪ੍ਰਤੀ ਨਿਸ਼ਚਾ ਹੀ ਜੀਵਨ ਦੀ ਅਸਲੀ ਪੂੰਜੀ ਸੀ। ਉਨ੍ਹਾਂ ਦੇ ਘਰ ਦੀ ਆਬੋ-ਹਵਾ ਨਾਮ-ਬਾਣੀ ਦੇ ਰੰਗ ਵਿੱਚ ਰੰਗੀ ਰਹਿੰਦੀ। ਕਮੜਿਆਲ ਦੀ ਅਣਖੀਲੀ ਮਿੱਟੀ ਦੇ ਇਸ ਜੰਮਪਲ ਨੂੰ ਅਜਿਹੇ ਰੂਹਾਨੀ ਮਾਹੌਲ ਵਿੱਚੋਂ ਹੀ ਅੱਲ੍ਹੜ ਉਮਰੇ ਸੁਚੱਜੀ ਜਿਊਣ-ਜਾਚ ਅਤੇ ਭਾਣਾ ਮੰਨਣ ਦੀ ਗੁੜ੍ਹਤੀ ਮਿਲੀ ਸੀ। ਭਾਵੇਂ ਉਸ ਦੇ ਮਸਤ-ਮੌਲਾ ਅਤੇ ਅੱਖੜ ਸੁਭਾਅ ਨੇ ਇਸ ਰੂਹਾਨੀ ਅਸਰ ਨੂੰ ਉੱਕਾ ਹੀ ਨਹੀਂ ਸੀ ਕਬੂਲਿਆ, ਪਰ ਉਹ ਭਾਪਾ ਜੀ ਲਈ ਉੱਜੜ ਕੇ ਵੱਸਣ ਦੇ ਸਾਂਝੇ ਦਰਦ ਦਾ ਸੱਚਾ ਹਮਰਾਜ਼ ਸੀ।
ਦੂਜੇ ਬੰਨੇ, ਸਾਡੇ ਭਾਪਾ ਜੀ ਦੀ ਸ਼ਖ਼ਸੀਅਤ ਸਬਰ-ਸੰਤੋਖ ਅਤੇ ਗੁਰਸਿੱਖੀ ਅਸੂਲਾਂ ਨੂੰ ਪ੍ਰਣਾਏ ਅਟੁੱਟ ਨਿਸ਼ਚੇ ਦਾ ਅਜਿਹਾ ਸੁਮੇਲ ਸੀ ਕਿ ਦੇਸ਼ ਵੰਡ ਦੇ ਉਸ ਅਕਹਿ ਦੁਖਾਂਤ ਨੂੰ ਵੀ ਉਨ੍ਹਾਂ ‘ਰੱਬੀ ਭਾਣਾ’ ਮੰਨ ਕੇ ਖਿੜੇ ਮੱਥੇ ਪ੍ਰਵਾਨ ਕੀਤਾ। ਉਹ ਤਾਂ ਅੱਠੇ ਪਹਿਰ ਨਾਮ-ਸਿਮਰਨ ਦੀ ਖ਼ੁਮਾਰੀ ਵਿੱਚ ਰੰਗੀ-ਰੱਤੀ ਅਜਿਹੀ ਰੂਹ ਸਨ, ਜਿਸ ਸਦਕਾ ਉਨ੍ਹਾਂ ਬਿਖੜੇ ਸਮੇਂ ਦੀਆਂ ਤਮਾਮ ਦੁਸ਼ਵਾਰੀਆਂ ਨੂੰ ਖਿੜੇ-ਮੱਥੇ ਝੱਲਦਿਆਂ ਕਦੇ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ ਸਗੋਂ ਅਣਥੱਕ ਘਾਲਣਾ ਘਾਲਦਿਆਂ ਅਤੇ ਰੁੱਖੀ-ਮਿੱਸੀ ਖਾ ਕੇ ਗੁਜ਼ਰ-ਬਸਰ ਕੀਤਾ ਤੇ ਆਪਣੀ ਕਬੀਲਦਾਰੀ ਬਾਖ਼ੂਬੀ ਨਿਭਾਈ। ਉਨ੍ਹਾਂ ਦੀ ਫ਼ਿਤਰਤ ਵਿੱਚ ਨਾ ਤਾਂ ਕਿਸੇ ਦੀ ਝੂਠੀ ਖ਼ੁਸ਼ਾਮਦ ਸੀ ਅਤੇ ਨਾ ਹੀ ਗੱਲਾਂ ਵਿੱਚ ਕੋਈ ਵਲ-ਫੇਰ; ਉਹ ਤਾਂ ਹੱਕ-ਸੱਚ ਦੀ ਗੱਲ ਮੂੰਹ ’ਤੇ ਕਹਿਣ ਦੀ ਅਜਿਹੀ ਜੁਰਅੱਤ ਰੱਖਦੇ ਸਨ ਕਿ ਭਾਵੇਂ ਅਗਲੇ ਦੇ ਗਿੱਟੇ ਲੱਗੇ ਜਾਂ ਗੋਡੇ। ਇਸੇ ਅਕੀਦੇ ਦੀ ਜਿਊਂਦੀ-ਜਾਗਦੀ ਮਿਸਾਲ ਸੀ ਕਿ ਉਹ ਆਪਣੇ ਜੀਵਨ ਪੰਧ ਦੌਰਾਨ ਭਜਨ-ਬੰਦਗੀ ਤੋਂ ਇਲਾਵਾ ਸਿਦਕ ਅਤੇ ਗੁਰਮਤਿ ਮਰਿਆਦਾ ਦੇ ਧਾਰਨੀ ਰਹਿੰਦਿਆਂ ‘ਗਿਆਨ ਚੰਦ’ ਤੋਂ ‘ਗਿਆਨ ਸਿੰਘ’ ਸਜ ਗਏ।
ਦੀਵਾਨ ਚੰਦ ਨੇ ਜ਼ਿੰਦਗੀ ਦਾ ਸਫ਼ਰ ਕੱਖਾਂ ਤੋਂ ਸ਼ੁਰੂ ਕੀਤਾ ਪਰ ਹੱਡ-ਭੰਨ੍ਹਵੀਂ ਮਿਹਨਤ ਸਦਕਾ ਉਸ ਨੇ ਰੋਪੜ ਵਿੱਚ ਸੀਮਿੰਟ-ਸਰੀਏ ਦੇ ਕਾਰੋਬਾਰ ਨੂੰ ਬੁਲੰਦੀਆਂ ’ਤੇ ਪਹੁੰਚਾਇਆ। ਵਪਾਰ ਦੇ ਦਾਅ-ਪੇਚਾਂ ਵਿੱਚ ਮਾਹਿਰ ਹੋਣ ਕਰ ਕੇ ਉਸ ਨੇ ਅਜਿਹਾ ਨਾਮਣਾ ਖੱਟਿਆ ਕਿ ਉਹ ਆਪਣੀ ਕਾਮਯਾਬੀ ਦਾ ਸਾਰਾ ਸਿਹਰਾ ਸਿਰਫ਼ ਆਪਣੀ ਘਾਲਣਾ ਸਿਰ ਹੀ ਬੰਨ੍ਹਦਾ। ਉਹ ਹਮੇਸ਼ਾ ਸੂਖ਼ਮ ਹਉਮੈ ਨਾਲ ਭਰੀ ਇਹੀ ਹੇਕ ਲਾਉਂਦਾ, ‘‘ਹਿਹ ਮੈਂਡੀ ਘੱਲੀ ਦਿਨ-ਰਾਤੈਂ ਨੀਂ ਡਾਢੀ ਮਸ਼ੱਕਤ ਨਾ ਹੀ ਨਤੀਜਾ ਅਹੀਆ! ਹਿਸ ’ਚ ਕਿਸੈ ਹੋਰਨੈ ਨਾ ਕਾਈ ਹੱਥ ਨਹੀਂਉ!’’ ਉਸ ਦੀ ਖ਼ੁਦਪ੍ਰਸਤੀ ਇਸ ਕਦਰ ਵਧ ਚੁੱਕੀ ਸੀ ਕਿ ਉਹ ਆਪਣੀ ਪ੍ਰਾਪਤੀ ਵਿੱਚੋਂ ਰੱਬੀ ਰਹਿਮਤ ਨੂੰ ਵੀ ਮਨਫ਼ੀ ਕਰੀ ਬੈਠਾ ਸੀ। ਉਹ ਸ਼ੁਕਰਾਨੇ ਦੀ ਬਜਾਏ ਆਪਣੀ ਖ਼ੂਨ-ਪਸੀਨੇ ਦੀ ਕਮਾਈ ਨੂੰ ਮਹਿਜ਼ ਇੱਕ ਨਿੱਜੀ ‘ਮਿਹਨਤਨਾਮਾ’ ਮੰਨਣ ਦੀ ਹਿਮਾਕਤ ਕਰ ਬੈਠਦਾ।
ਜੇ ਕਦੇ ਕਦਾਈਂ ਭਾਪਾ ਜੀ ਨੇ ਉਸ ਨੂੰ ਆਖਣਾ, ‘‘ਭਿਰਾਵਾ, ਵਾਹਿਗੁਰੂ ਨਾ ਸ਼ੁਕਰਾਨਾ ਕੀਤੈ ਕਰ... ਘੱਟੋ-ਘੱਟ ਮੱਸਿਆ-ਸੰਗਰਾਂਦ ਆਲੇ ਦਿਹਾੜੇ ਹੀ ਗੁਰਦੁਆਰੇ ਵੰਜ ਕੇ ਮੱਥਾ ਟੇਕ ਘਿਧਾ ਕਰ।’’ ਤਾਂ ਉਸ ਨੇ ਬੜੀ ਬੇਪਰਵਾਹੀ ਨਾਲ ਹੱਸ ਕੇ ਕਹਿਣਾ, ‘‘ਹਿਹ ਸਭ ਕੁਝ ਕਰਨੈ ਜੋਗਾ ਤੂੰ ਅਹੀਐ ਨਾ ਮੈਂਡਾ ਭਿਰਾ... ਤੂੰ ਹੀ ਟੇਕ ਘਿਧਾ ਕਰ ਮੱਥਾ, ਤੇ ਨਾਲੇ ਕਰਿ ਛੋੜਿਆ ਕਰ ਮੈਂਡੇ ਵੰਡੇ ਨਾ ਸ਼ੁਕਰਾਨਾ।’’ ਇਸ ਦੇ ਉਲਟ ਸਾਡੇ ਭਾਪਾ ਜੀ ਨੇ ਕਿਸੇ ਦੁਨਿਆਵੀ ਸਹਾਰੇ ਦੀ ਬਜਾਏ ਗੁਰੂ ਚਰਨਾਂ ਦੀ ਓਟ ਲੈ ਕੇ ਬੇਕਰੀ ਦੀ ਹੱਟੀ ਪਾਈ। ਆਪਣੀ ਨੇਕ-ਨੀਅਤੀ ਅਤੇ ਸਿਦਕ ਸਦਕਾ ਉਨ੍ਹਾਂ ਨੇ ਇਸ ਕੰਮ ਨੂੰ ਕਾਮਯਾਬੀ ਦੀ ਉਸ ਟੀਸੀ ’ਤੇ ਪਹੁੰਚਾਇਆ, ਜਿਸ ਦੀ ਬੁਨਿਆਦ ਸਿਰਫ਼ ਮੁਨਾਫ਼ਾ ਨਹੀਂ ਸਗੋਂ ਸੱਚਾ-ਸੁੱਚਾ ਕਿਰਦਾਰ ਸੀ। ਭਾਪਾ ਜੀ ਦੀ ਰਸਨਾ ’ਤੇ ਹਮੇਸ਼ਾ ਇੱਕੋ ਅਰਜ਼ੋਈ ਹੁੰਦੀ, ‘‘ਮਿਹਨਤ ਮੈਂਡੀ, ਰਹਿਮਤ ਤੈਂਡੀ!’’ ਪਰ ਦੀਵਾਨ ਚੰਦ ਤਾਂ ਜਵਾਨੀ ਦੀਆਂ ਬਰੂਹਾਂ ’ਤੇ ਪੈਰ ਧਰਦਿਆਂ ਹੀ ਆਪਣੀ ਧੁਨ ਵਿੱਚ ਮਸਤ ਰਹਿਣ ਵਾਲਾ ਇੱਕ ਅੱਲ੍ਹੜ-ਬੇਪਰਵਾਹ ਜੀਅ ਹੋ ਨਿਕਲਿਆ। ਉਹ ਨਿਰਾ ਰੰਗੀਲਾ ਤੇ ਮਨ-ਮੌਜੀ ਸੀ; ਸੁਣਦਾ ਸਭ ਦੀ, ਪਰ ਕਰਦਾ ਹਮੇਸ਼ਾ ਆਪਣੇ ਚਿੱਤ ਦੀ। ਉਸ ਦੇ ਹੋਰ ਦੋਸਤਾਂ ਜਾਂ ਕਹਿ ਲਉ ਚੰਡਾਲ ਚੌਕੜੀ ਦੀ ਸੋਹਬਤ ਉਹਦੇ ਅਵੈੜੇ ਮਿਜ਼ਾਜ ਨੂੰ ਹੋਰ ਸ਼ਹਿ ਦਿੰਦੀ।
ਅੱਜ ਵੀ ਮੇਰੇ ਚੇਤਿਆਂ ਵਿੱਚ ਰੋਪੜ ਦੇ ਘਰ ਤੋਂ ਫਰਲਾਂਗ ਕੁ ਦੀ ਵਿੱਥ ’ਤੇ, ਸਰਹਿੰਦ ਨਹਿਰ ਦੇ ਸੱਜੇ ਪਾਸੇ ਟਿੱਬੀ ਉੱਤੇ ਸੁਸ਼ੋਭਿਤ ਉਸ ਰਮਣੀਕ ਗੁਰਦੁਆਰਾ ਸਾਹਿਬ ਦਾ ਮੰਜ਼ਰ ਉਵੇਂ ਹੀ ਉੱਕਰਿਆ ਹੋਇਆ ਹੈ। ਇਹ ਪਵਿੱਤਰ ਅਸਥਾਨ ਸਾਡੇ ਆਂਢ-ਗੁਆਂਢ ਵਿੱਚ ਸਰਬ-ਸਾਂਝੀਵਾਲਤਾ ਦਾ ਅਜਿਹਾ ਸੋਮਾ ਸੀ, ਜਿੱਥੇ ਲੋਕ ਜਾਤਾਂ-ਪਾਤਾਂ ਤੇ ਮਜ਼ਹਬਾਂ ਦੇ ਵਖਰੇਵਿਆਂ ਨੂੰ ਭੁਲਾ ਕੇ ਸਵੇਰੇ-ਆਥਣੇ ਅਥਾਹ ਸ਼ਰਧਾ ਨਾਲ ਨਤਮਸਤਕ ਹੁੰਦੇ। ਦੀਵਾਨ ਚੰਦ ਦੇ ਵਡੇਰਿਆਂ ਦੀ ਗੁਰੂਘਰ ਪ੍ਰਤੀ ਅਟੱਲ ਆਸਥਾ ਅਤੇ ਸਾਡੇ ਦੋਵਾਂ ਪਰਿਵਾਰਾਂ ਦੀ ਪੀਢੀ ਲਿਹਾਜ਼ਦਾਰੀ ਸਦਕਾ ਹੀ ਦੀਵਾਨ ਚੰਦ ਦੇ ਅੰਤਿਮ ਸਫ਼ਰ ਦੀ ਅਰਦਾਸ ਲਈ ਇਸੇ ਮੁਕੱਦਸ ਥਾਂ ਨੂੰ ਚੁਣਿਆ ਗਿਆ। ਭਾਵੇਂ ਉਹ ਸਾਰੀ ਉਮਰ ਅਜਿਹੀਆਂ ਦੁਨਿਆਵੀ ਰਸਮਾਂ ਅਤੇ ਬੰਧਨਾਂ ਨੂੰ ਟਿੱਚ ਜਾਣ ਕੇ ਆਪਣੀ ਹੀ ਮੌਜ ਵਿੱਚ ਵਿਚਰਦਾ ਰਿਹਾ, ਪਰ ਪੁਰਖਿਆਂ ਦੇ ਪਾਏ ਸੱਭਿਆਚਾਰਕ ਪੂਰਨਿਆਂ ਅਤੇ ਸਾਡੇ ਨਹੁੰ-ਮਾਸ ਦੇ ਰਿਸ਼ਤੇ ਨੇ ਉਸ ਦੀ ਇਸ ਅੰਤਿਮ ਵਿਦਾਇਗੀ ਨੂੰ ਇੱਕ ਸਾਂਝਾ ਫ਼ਰਜ਼ ਬਣਾ ਦਿੱਤਾ ਸੀ।
ਇਸੇ ਦੌਰਾਨ ਰਾਗੀ ਸਿੰਘਾਂ ਵੱਲੋਂ ਜਦੋਂ ਧੁਰ ਕੀ ਬਾਣੀ ਦਾ ਰਸ-ਭਿੰਨਾ ਕੀਰਤਨ ਪ੍ਰਵਾਹ ਚੱਲਿਆ ਤਾਂ ਸਮੁੱਚੀ ਫਿਜ਼ਾ ਵਿੱਚ ਇੱਕ ਅਲੌਕਿਕ ਵਿਸਮਾਦ ਪੱਸਰ ਗਿਆ। ਇਲਾਹੀ ਸੁਰਾਂ ਵਿੱਚ ਜਦੋਂ ‘ਜੋ ਉਪਜਿਓ ਸੋ ਬਿਨਸਿ ਹੈ, ‘ਜੋ ਆਇਆ ਸੋ ਚਲਸੀ...’ ਅਤੇ ‘ਸਜਣ ਮੇਰੇ ਰੰਗੁਲੇ...’ ਵਰਗੇ ਵੈਰਾਗਮਈ ਸ਼ਬਦ ਗੂੰਜੇ ਤਾਂ ਮਨੁੱਖੀ ਮਨ ਸੰਸਾਰਕ ਮੋਹ ਦੀ ਪਕੜ ਛੱਡ ਕੇ ਉਸ ‘ਪਰਮ ਸੱਚ’ ਦੇ ਸਨਮੁੱਖ ਹੋਣ ਲੱਗਾ। ਇਸ ਉਪਰੰਤ ਜਦੋਂ ਤਾਬਿਆ ’ਚ ਬੈਠੇ ਗ੍ਰੰਥੀ ਸਿੰਘ ਨੇ ਪਾਵਨ ਹੁਕਮਨਾਮੇ ‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ’ ਦੀ ਕਥਾ-ਵਿਚਾਰ ਰਾਹੀਂ ਜੀਵਨ ਦੀ ਨਿਮਖ-ਭਰ ਹੋਂਦ ਦਾ ਚਿੱਤਰ ਉਲੀਕਿਆ ਤਾਂ ਵੈਰਾਗੀ ਹਿਰਦੇ ਅਕਾਲ ਪੁਰਖ ਦੇ ਭਾਣੇ ਵਿੱਚ ਪਰੁੱਚ ਕੇ ਅੰਦਰੋਂ ਝੰਜੋੜੇ ਗਏ।
ਅੰਤਿਮ ਅਰਦਾਸ ਪਿੱਛੋਂ ਜਿਉਂ ਹੀ ਸ਼ਰਧਾਂਜਲੀਆਂ ਦਾ ਦੁਨਿਆਵੀ ਸਿਲਸਿਲਾ ਤੁਰਿਆ ਤਾਂ ਗੁਰਦੁਆਰਾ ਕਮੇਟੀ ਦੇ ਸਕੱਤਰ ਨੇ ਇੱਕ ਪਾਸੇ ਪਏ ਮਾਈਕ ਸਟੈਂਡ ਨੂੰ ਸੰਭਾਲਦਿਆਂ ਨਿਮਾਣੇ ਸੇਵਾਦਾਰ ਵਾਲੀ ਰਸਮੀ ਨਿਮਰਤਾ ਸਹਿਤ ਬੋਲਣਾ ਆਰੰਭਿਆ, ‘‘ਸਾਧ ਸੰਗਤ ਜੀ, ਗੁਰਬਾਣੀ ਦੇ ਮਹਾਂਵਾਕ ‘ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ॥ ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥’ ਮੁਤਾਬਿਕ ਗੁਰੂ-ਘਰ ਦੇ ਪ੍ਰੀਤਵਾਨ ਅਤੇ ਸਾਡੇ ਸਤਿਕਾਰਯੋਗ ਭਗਤ ਜੀ ਦੇ ਸਕੇ ਭਰਾਵਾਂ ਵਰਗੇ ਮਿੱਤਰ, ਬਾਊ ਦੀਵਾਨ ਚੰਦ ਜੀ ਸਭਨਾਂ ਨੂੰ ਅਸਹਿ ਵਿਛੋੜਾ ਦੇ ਕੇ ਅਕਾਲ ਚਲਾਣਾ ਕਰ ਗਏ ਹਨ। ਸਮੁੱਚੀ ਸੰਗਤ ਗੁਰੂ-ਚਰਨਾਂ ਵਿੱਚ ਇਹੀ ਅਰਦਾਸ-ਜੋਦੜੀ ਹੈ ਕਿ ਅਕਾਲ ਪੁਰਖ ਦੀਵਾਨ ਚੰਦ ਜੀ ਵੱਲੋਂ ਇਸ ਮਾਤ-ਲੋਕ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ-ਚੁੱਕਾਂ ਨੂੰ ਅਣਡਿੱਠ ਕਰਦਿਆਂ, ਉਨ੍ਹਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।’’
ਦੀਵਾਨ ਚੰਦ ਦੀ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਕੱਤਰ ਨੇ ਮੁਲੰਮੇਦਾਰ ਵਡਿਆਈ ਦੀ ਉਸ ਰਵਾਇਤੀ ਮੁਹਾਰਨੀ ਦੀ ਅੱਤ ਹੀ ਕਰ ਦਿੱਤੀ ਜਦੋਂ ਉਸ ਨੇ ਆਖਿਆ, ‘‘ਸਾਧ ਸੰਗਤ ਜੀ, ਦੀਵਾਨ ਚੰਦ ਜੀ ਗੁਰੂ-ਮੋਹ ਵਿੱਚ ਭਿੱਜੀ ਅਜਿਹੀ ਰੂਹ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਮਨੁੱਖੀ ਸੇਵਾ ਅਤੇ ਪਰਉਪਕਾਰ ਦੇ ਲੇਖੇ ਲਾਇਆ।’’ ਭਾਵੇਂ ਉਹ ਇਹ ਸਭ ਕੁਝ ਭਾਪਾ ਜੀ ਦੇ ਮੂੰਹ-ਮੁਲਾਹਜ਼ੇ ਅਤੇ ਪਰਿਵਾਰਕ ਸਾਂਝ ਕਰਕੇ ਹੀ ਆਖ ਰਿਹਾ ਸੀ, ਪਰ ਬਾਹਰ ਹੋਈ ਗੂੜ੍ਹੀ ਬੱਦਲਵਾਈ ਨੂੰ ਦੇਖਦਿਆਂ ਉਸ ਨੇ ਛੇਤੀ ਹੀ ਗੱਲ ਸਮੇਟਣੀ ਚਾਹੀ, ‘‘ਬਹਰਹਾਲ, ਮੈਂ ਆਪਣੀ ਗੱਲ ਨੂੰ ਇੱਥੇ ਹੀ ਵਿਰਾਮ ਦਿੰਦਾ ਹਾਂ ਕਿਉਂਕਿ ਮੌਸਮ ਸਾਜ਼ਗਾਰ ਨਹੀਂ ਲੱਗ ਰਿਹਾ। ਮੈਨੂੰ ਡਰ ਹੈ ਕਿ ਕਿਤੇ ਇਹ ਮੀਂਹ-ਕਣੀ ਦੂਰੋਂ-ਨੇੜਿਓਂ ਆਈ ਸੰਗਤ ਲਈ ਘਰ ਪਰਤਦਿਆਂ ਕੋਈ ਦਿੱਕਤ ਨਾ ਖੜ੍ਹੀ ਕਰ ਦੇਵੇ। ਬੋਲਣ ਵਾਲੇ ਸੱਜਣਾਂ ਦੀ ਸੂਚੀ ਤਾਂ ਕਾਫ਼ੀ ਲੰਮੀ ਹੈ, ਪਰ ਵਕਤ ਦੀ ਘਾਟ ਕਰਕੇ ਜਿਨ੍ਹਾਂ ਨੂੰ ਮੈਂ ਮੌਕਾ ਨਹੀਂ ਦੇ ਸਕਿਆ, ਉਨ੍ਹਾਂ ਤੋਂ ਮੈਂ ਮੁਆਫ਼ੀ ਚਾਹੁੰਦਾ ਹਾਂ। ਹੁਣ ਮੈਂ ਪਰਿਵਾਰ ਦੇ ਸਿਰਫ਼ ਪੰਜ-ਸੱਤ ਨਜ਼ਦੀਕੀ ਜੀਆਂ ਨੂੰ ਹੀ ਬੇਨਤੀ ਕਰਾਂਗਾ ਕਿ ਉਹ ਦੋ-ਦੋ ਮਿੰਟਾਂ ਵਿੱਚ ਆਪਣੀ ਗੱਲ ਸੰਖੇਪ ਵਿੱਚ ਸਾਂਝੀ ਕਰਨ।’’
ਸਕੱਤਰ ਦੇ ਇਨ੍ਹਾਂ ਬੋਲਾਂ ਤੋਂ ਬਾਅਦ ਜਿਵੇਂ ਹੀ ਬੁਲਾਰਿਆਂ ਦਾ ਸਿਲਸਿਲਾ ਤੁਰਿਆ ਤਾਂ ਹਰ ਕੋਈ ਦੋ ਮਿੰਟ ਦੀ ਮੁਹਲਤ ਮੰਗ ਕੇ ਮਾਈਕ ਫੜਦਾ ਪਰ ਸਪੀਕਰ ਦੀ ਧਮਕ ਸੁਣਦਿਆਂ ਹੀ ਵਕਤ ਦੀ ਪਾਬੰਦੀ ਵਿਸਾਰ ਕੇ ਆਪਣੀ ਹੀ ਰਾਗਣੀ ਵਿੱਚ ਗੁਆਚ ਜਾਂਦਾ। ਕੋਈ ਦੀਵਾਨ ਚੰਦ ਦੀ ‘ਦਰਵੇਸ਼ੀ’ ਦੇ ਬਹਾਨੇ ਸਵੈ-ਵਡਿਆਈ ਦੇ ਪੁਲ ਬੰਨ੍ਹਦਾ ਤਾਂ ਕੋਈ ਉਨ੍ਹਾਂ ਦੀ ਸਮਾਜ-ਸੇਵਾ ਦਾ ਹਵਾਲਾ ਦੇ ਕੇ ਆਪਣੇ ਸਿਆਸੀ ਰਸੂਖ਼ ਦਾ ਮੁਜ਼ਾਹਰਾ ਕਰ ਜਾਂਦਾ। ਸਕੱਤਰ ਵੱਲੋਂ ਵਾਰ-ਵਾਰ ਟੋਕਣ ਦੇ ਬਾਵਜੂਦ ਬੋਲਣ ਵਾਲਿਆਂ ਦੀ ਇਹ ਨੁਮਾਇਸ਼ੀ ਉਪਮਾ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ।
ਇਸ ਮਾਹੌਲ ਵਿੱਚ ਸ਼ਰਧਾਂਜਲੀਆਂ ਦੇ ਮੁਲੰਮੇ ਹੇਠ ਸਿਫ਼ਤਾਂ ਦੇ ਉਹ ਸੋਹਲੇ ਗਾਏ ਜਾ ਰਹੇ ਸਨ, ਜਿਨ੍ਹਾਂ ਦਾ ਹਕੀਕਤ ਨਾਲ ਦੂਰ-ਦੂਰ ਦਾ ਵਾਸਤਾ ਨਹੀਂ ਸੀ। ਕੋਈ ਉਨ੍ਹਾਂ ਨੂੰ ਕਰਮ-ਯੋਗੀ ਗਰਦਾਨ ਰਿਹਾ ਸੀ, ਕੋਈ ਗ਼ਰੀਬਾਂ ਦਾ ਮਸੀਹਾ ਤੇ ਕਿਸੇ ਨੇ ਤਾਂ ਉਨ੍ਹਾਂ ਨੂੰ ਬ੍ਰਹਮ-ਗਿਆਨੀ ਆਖ ਕੇ ਆਸਮਾਨ ਨੂੰ ਟਾਕੀ ਲਾਉਣ ਵਾਲਾ ਹੀ ਕੰਮ ਕਰ ਦਿੱਤਾ। ਜਦੋਂ ਕੋਈ ਨਾਮ-ਨਿਹਾਦ ਸੱਜਣ ਦੀਵਾਨ ਚੰਦ ਨੂੰ ਯੁੱਗ-ਪੁਰਸ਼ ਐਲਾਨਦਿਆਂ ਉਨ੍ਹਾਂ ਦੇ ਸਦਾਚਾਰਕ ਜੀਵਨ ਦੀਆਂ ਅਜਿਹੀਆਂ ਅਣਹੋਣੀਆਂ ਮਿਸਾਲਾਂ ਦੇਣ ਲੱਗਾ, ਜੋ ਸ਼ਾਇਦ ਜਿਊਂਦੇ ਜੀਅ ਖ਼ੁਦ ਦੀਵਾਨ ਚੰਦ ਨੇ ਵੀ ਕਦੇ ਨਹੀਂ ਸਨ ਸੁਣੀਆਂ ਤਾਂ ਜਾਪਦਾ ਸੀ ਜਿਵੇਂ ਖੁਸ਼ਾਮਦੀ ਲਫ਼ਜ਼ਾਂ ਨੇ ਸਾਰੀਆਂ ਹੱਦਾਂ ਮੇਟ ਦਿੱਤੀਆਂ ਹੋਣ।
ਇਸ ਪਾਕ-ਪਵਿੱਤਰ ਅਸਥਾਨ ਦੇ ਇਲਾਹੀ ਤੇ ਰੂਹਾਨੀ ਮਾਹੌਲ ਵਿੱਚ, ਜਿੱਥੇ ਪਰਦਾਪੋਸ਼ੀ ਤੋਂ ਗੁਰੇਜ਼ ਕਰਦਿਆਂ ਸਿਰਫ਼ ਸੱਚ ਦਾ ਹੋਕਾ ਗੂੰਜਣਾ ਚਾਹੀਦਾ ਸੀ, ਉੱਥੇ ਅਜਿਹਾ ਸ਼ਬਦ-ਆਡੰਬਰ ਰਚਿਆ ਜਾਵੇਗਾ, ਇਹ ਭਾਪਾ ਜੀ ਦੇ ਚਿੱਤ-ਚੇਤੇ ਵੀ ਨਹੀਂ ਸੀ। ਉੱਥੇ ਪੜ੍ਹੇ ਜਾ ਰਹੇ ਇਹ ਸਿਫ਼ਤਾਂ ਦੇ ਕਸੀਦੇ ਉਨ੍ਹਾਂ ਦੇ ਮਨ ਨੂੰ ਧੁਰ ਅੰਦਰੋਂ ਵਲੂੰਧਰ ਰਹੇ ਸਨ। ਉਹ ਇਸ ਸਭ ਕਾਸੇ ਤੋਂ ਅੰਦਰੋਂ-ਅੰਦਰੀ ਲੂਹੇ ਜਾ ਰਹੇ ਸਨ ਕਿ ਅਕਾਲ ਚਲਾਣਾ ਕਰ ਗਏ ਉਸ ਸ਼ਖ਼ਸ ਦੇ ਅਖੌਤੀ ਗੁਣਾਂ ਦੀਆਂ ਖੋਖਲੀਆਂ ਮੀਨਾਰਾਂ ਉਸਾਰੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਚਿਹਰੇ ਦੀ ਸੰਜੀਦਗੀ ਹੁਣ ਇੱਕ ਜਲਾਲੀ ਰੋਹ ਵਿੱਚ ਬਦਲ ਚੁੱਕੀ ਸੀ। ਅਖ਼ੀਰ, ਜਦੋਂ ਸਬਰ ਦੀ ਇੰਤਹਾ ਹੋ ਗਈ ਤਾਂ ਲੋਹੇ-ਲਾਖੇ ਹੋਏ ਭਾਪਾ ਜੀ ਆਪਮੁਹਾਰੇ ਉੱਠੇ ਅਤੇ ਸਕੱਤਰ ਦੇ ਹੱਥੋਂ ਇਕਦਮ ਮਾਈਕ ਲੈ ਲਿਆ। ਭਾਪਾ ਜੀ ਦੇ ਇਸ ਦਲੇਰਾਨਾ ਕਦਮ ਨਾਲ ਉੱਥੇ ਅਜਿਹੀ ਸੁੰਨ-ਮਸੁੰਨ ਪੱਸਰ ਗਈ ਕਿ ਸਾਹਾਂ ਦੀ ਆਵਾਜ਼ ਵੀ ਸਾਫ਼ ਸੁਣਾਈ ਦੇ ਰਹੀ ਸੀ। ਜੁੜੀ ਹੋਈ ਸੰਗਤ ਡੌਰ-ਭੌਰ ਸੀ ਕਿ ਹੁਣ ਕੀ ਹੋਣ ਵਾਲਾ ਹੈ। ਉਨ੍ਹਾਂ ਨੇ ਕਿਸੇ ਰਸਮੀ ਭੂਮਿਕਾ ਦੀ ਪਰਵਾਹ ਕੀਤੇ ਬਿਨਾਂ ਆਪਣੇ ਉਸ ਠੇਠ ਪੋਠੋਹਾਰੀ ਲਹਿਜੇ ਵਿੱਚ ਸੱਚ ਦੀ ਪੈਰਵੀ ਕੀਤੀ ਅਤੇ ਅਖੌਤੀ ਸ਼ਰਧਾਂਜਲੀਆਂ ਦੀ ਥੋਥੀ ਲਫ਼ਾਜ਼ੀ ਦੇ ਗੁਬਾਰੇ ਵਿੱਚ ਸੂਈ ਮਾਰਦਿਆਂ ਪਲਾਂ ਵਿੱਚ ਹੀ ਸਭ ਦੇ ਪਾਜ ਉਘੇੜ ਦਿੱਤੇ।
ਉਨ੍ਹਾਂ ਨੇ ਆਪਣੇ ਹਿਰਦੇ ਦੀ ਪੀੜ ਸਾਂਝੀ ਕਰਦਿਆਂ ਬੜੀ ਸੰਜੀਦਗੀ ਨਾਲ ਆਖਿਆ ਕਿ ਵਿਛੜੀ ਰੂਹ ਦੀ ਪਰਥਾਏ ਸਤਿਗੁਰਾਂ ਦੀ ਹਜ਼ੂਰੀ ਵਿੱਚ ਅੰਤਿਮ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਬਾਅਦ ਕਿਸੇ ਵੀ ਦੁਨਿਆਵੀ ਸ਼ਰਧਾਂਜਲੀ ਦੀ ਕੋਈ ਲੋੜ ਨਹੀਂ ਰਹਿ ਜਾਂਦੀ ਕਿਉਂਕਿ ਅੰਤਰਜਾਮੀ ਗੁਰੂ ਤਾਂ ਆਪ ਹੀ ਘਟ-ਘਟ ਦਾ ਜਾਣਨਹਾਰ ਹੈ। ਅਜਿਹਾ ਕਰਨਾ ਗੁਰਮਤਿ ਮਰਯਾਦਾ ਦਾ ਘੋਰ ਨਿਰਾਦਰ ਹੀ ਨਹੀਂ, ਸਗੋਂ ਸਰਾਸਰ ਮਨਮਤ ਹੈ। ਉਨ੍ਹਾਂ ਮੁਤਾਬਿਕ ਵੱਧ ਤੋਂ ਵੱਧ ਜੇ ਕੁਝ ਕੀਤਾ ਜਾ ਸਕਦਾ ਹੈ ਤਾਂ ਉਹ ਹੈ ਇਸ ਵੈਰਾਗਮਈ ਘੜੀ ਵਿੱਚ ਸਿਰਫ਼ ਪਰਿਵਾਰ ਦੇ ਕਿਸੇ ਜੀਅ ਜਾਂ ਅਤਿ ਨਜ਼ਦੀਕੀ ਸਨੇਹੀ ਵੱਲੋਂ ਹਾਜ਼ਰ ਹੋਈ ਸੰਗਤ ਦਾ ਸ਼ੁਕਰਾਨਾ ਕਰਨਾ; ਇਸ ਤੋਂ ਇਲਾਵਾ ਹੋਰ ਕੁਝ ਵੀ ਕਰਨਾ ਮਹਿਜ਼ ਪਾਖੰਡ ਅਤੇ ਕਰਮ-ਕਾਂਡ ਹੈ।
ਭਾਪਾ ਜੀ ਨੇ ਸੰਗਤ ਵਿਚਲੀ ਓਪਰੀ ਖ਼ਾਮੋਸ਼ੀ ਨੂੰ ਤੋੜਦਿਆਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੱਚ ਦਾ ਪਹਿਰਾ ਦੇਣ ਲਈ ਕੁਝ ਇਸ ਤਰ੍ਹਾਂ ਫ਼ਤਿਹ ਦੀ ਗੁੰਜਾਰ ਪਾਈ: ‘‘ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੀ ਨਿੱਘੀ ਗੋਦ ’ਚ ਸਾਜੀ-ਨਿਵਾਜੀ ਗੁਰੂ-ਰੂਪੀ ਸਾਧ ਸੰਗਤ ਜੀਓ, ਗੱਜ-ਵੱਜ ਕੇ ਫ਼ਤਿਹ ਨੀ ਸਾਂਝ ਪਾਵਣਾ ਜੀ, ਹਿੱਕ ਭੀ ਰਸਨਾ ਖਾਲੀ ਨਾ ਰਹਿ ਵੰਝੇ, ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’। ਮੈਂਡੇ ਆਦਰਾਂ ਜੋਗੇ ਮਾਈਓ, ਭਾਈਓ ਤੇ ਬਜ਼ੁਰਗੋ.... ਤੁਸਾਂ ਸਾਰਿਆਂ ਨਾ ਮੈਂ ਦਿਲੇ ਨੀਆਂ ਡੂੰਘਾਈਆਂ ਤੋਂ ਬਹੂੰ ਮਸ਼ਕੂਰ ਥੀਨਾਂ ਕਿ ਆਪਣੇ ਕੰਮ-ਧੰਦੇ ਵਿਚੈ ਛੋੜ ਕੇ ਮੈਂਡੇ ਭਿਰਾਊ ਵਰਗੇ ਮਿੱਤਰ ਦੀਵਾਨ ਚੰਦੇ ਨੇ ਭੋਗੇ ’ਤੇ ਹਿਥੈ ਹਾਜ਼ਰ ਥੀਏ ਓ। ਅਸਾਂ ਦੂੰਆਂ ਪਰਿਵਾਰਾਂ ਵਾਸਤੈ ਹਿਹ ਬਹੂੰ ਮਾਣ ਨੀ ਗੱਲ ਹਾਈ ਕਿ ਤੁਸਾਂ ਅਸਾਡੇ ਦੁੱਖੇ ਨੀ ਇਸ ਆਉਖੀ ਘੜੀ ’ਚ ਬਾਂਹ ਫੜੀ ਘਿਧੀ ਐ... ਪਰ ਆਖਰ ਹਿੱਕ ਗੱਲ ਮੈਂਕੂੰ ਡਾਢਾ ਆਵਾਜ਼ਾਰ ਕੀਤੈ ਕਿ ਜਿਨ੍ਹਾਂ ਮੋਹਤਬਰ ਸੱਜਣਾਂ ਗੁਰੂ ਨੀ ਹਜ਼ੂਰੀ ’ਚ ਮੈਂਡੇ ਭਿਰਾ ਨੀ ਆਨ-ਓ-ਸ਼ਾਨ ’ਚ ਕਸੀਦੇ ਪੜ੍ਹੀਂ ਛੋੜੈ ਅਨ... ਹਿਹ ਸਾਰੇ ਨਾ ਸਾਰਾ ਵਰਤਾਰਾ ‘ਕਾਅਬੇ ’ਚ ਕੁਫ਼ਰ’ ਤੋਲਣੈ ਬਰਾਬਰ ਹਾਈ!
ਮੈਂਡੇ ਸਤਿਗੁਰ ਜੀ ਫੁਰਮਾਨੈ ਅਨ:
ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ॥
ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ॥
ਵਾਹੁ ਮੇਰੇ ਸਾਹਿਬਾ ਵਾਹੁ॥
ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ॥
ਮੈਂਕੂੰ ਹਿਕ ਗੱਲ ਤਾਂ ਦੱਸੋ, ਹਿਨ੍ਹਾਂ ਖੁਸ਼ਾਮਦਾਂ ਨੀ ਝੜੀ ਲਾਈ ਕੇ ਵਤ ਅਸਾਂ ਕਿਸ ਆਂਹ ਪਏ ਖੁਸ਼ ਕਰਨੈ ਆਂ?’’
ਭਾਪਾ ਜੀ ਨੇ ਆਪਣੇ ਅੰਦਰਲੇ ਸੱਚ ਦੇ ਜਲਾਲ ਨੂੰ ਜ਼ਬਾਨ ਦਿੰਦਿਆਂ ਬੜੀ ਬੇਬਾਕੀ ਨਾਲ ਅੱਗੇ ਆਖਿਆ:
‘‘ਦੀਵਾਨ ਚੰਦੇ ਨਾਲ ਮੈਂਡਾ ਦੋਸਤੰਮਾ ਸਗੇ ਭਿਰਾਊ ਨਾਲੋਂ ਭੀ ਕਿਤੇ ਵੱਧ ਅਹੀਆ, ਜਦ ਹੁਹ ਨਿੱਕੜਾ ਜਿਹਾ ਜਾਤਕ ਹੋਨਾ ਅਹੀਆ, ਸ਼ੈਦ (ਸ਼ਾਇਦ) ਕਧੇ ਆਪਣੇ ਮਾਊ-ਪਿਊ ਨੀ ਉਂਗਲ ਫੜੀਂ ਜਾਂ ਹੁਨਾਂ ਕੀ ਕੁੱਛੜ ਚੜ੍ਹੀ ਕੇ ਗੁਰੂ ਘਰੇ ਜੁਲਿਆ ਹੋਸੀ, ਪਰ ਮੈਂਡੇ ਨਾਲ ਤਾਂ ਹੁਹ ਹਿੱਕ ਵਾਰੀ ਭੀ ਨਾ ਵੰਝੀਂ ਥੀਆ! ਛੇਕੜ ਸਤਿਗੁਰਾਂ ਨੇ ਸਨਮੁਖ ਬੋਲਣੇ ’ਚ ਜੇਕਰ ਮੈਂਡੇ ਮੂੰਹੋਂ ਕਾਈ ਗੱਲ ਤੁਸਾਂ ਨੀ ਸ਼ਾਨ ਖ਼ਿਲਾਫ਼ ਵਾਧੂ-ਘਾਟੂ ਜਾਂ ਕਾਟਵੀ ਥੀ ਗਈ ਹੋਵੇ ਤਾਂ ਸਾਧ ਸੰਗਤ ਜੀ ਮੈਂਕੂੰ ਆਪਣਾ ਝਾੜੂ-ਬਰਦਾਰ ਜਾਣ ਕੇ ਬਖ਼ਸ਼ ਘਿੰਨਿਆ ਜੇ... ਤੁਸਾਂ ਜੋ ਤਾਂ ਪਤੈ ਕਿ ਬੋਲਣਹਾਰ ਤਾਂ ਭੁੱਲਣਹਾਰ ਹੋਨਾ ਐ, ਪਰ ਬਖ਼ਸ਼ਣਹਾਰ ਤਾਂ ਤੁਸਾਂ ਸਾਰਿਆਂ ਨੇ ਰੂਪੈ ’ਚ ਮੈਂਡਾ ਮਿਹਰਾਂ ਨਾ ਸਾਈਂ ਹੀ ਹਾਈ। ਹੁਣ ਮੈਂ ਦੀਵਾਨ ਚੰਦੇ ਨੇ ਪਰਿਵਾਰ ਤਰਫ਼ੋਂ ਤੁਸਾਂ ਸਾਰਿਆਂ ਨਾ ਸ਼ੁਕਰੀਆ ਅਦਾ ਕਰੇਨਾ ਵਾਂ। ਗੁਰੂ ਨਾ ਲੰਗਰ ਤੇ ਚਾਹ-ਪਾਣੀ ਛਕ ਕੇ ਵੰਝਣੇ ਨੀ ਮੇਹਰਬਾਨੀ ਕਰਨੀ ਅਤੇ ਪਿੱਛੇ ਇਸ ਟੱਬਰ ਤੇ ਬਾਲ-ਬੱਚਿਆਂ ਨੇ ਸਿਰਾਂ ’ਤੇ ਆਪਣਾ ਪਿਆਰ ਭਰਿਆ ਹੱਥ ਧਰੀ ਕੇ ਅਸੀਸਾਂ ਨਾ ਮੀਂਹ ਵਰਸਾਵਣਾ।’’ ਆਪਣੀ ਗੱਲ ਕਹਿ ਕੇ ਭਾਪਾ ਜੀ ਨੇ ਸਕੱਤਰ ਨੂੰ ਇਸ਼ਾਰਾ ਕੀਤਾ ਅਤੇ ਚੁੱਪ-ਚਾਪ ਪੰਡਾਲ ਵਿੱਚ ਸਜੀਆਂ ਪੰਗਤਾਂ ਵਿੱਚ ਦਾਲ-ਪ੍ਰਸ਼ਾਦਾ ਵਰਤਾਉਣ ਦੀ ਸੇਵਾ ਵਿੱਚ ਜੁਟ ਗਏ। ਉਨ੍ਹਾਂ ਦੇ ਉਸ ਨਿਧੜਕ ਤੇ ਬੇਖ਼ੌਫ਼ ਸੱਚ ਦੀ ਕਰਾਰੀ ਚੋਟ ਨੇ ਪੂਰੇ ਮਾਹੌਲ ਨੂੰ ਜਿਵੇਂ ਕੀਲ ਦਿੱਤਾ ਹੋਵੇ। ਜੁੜੀ ਸੰਗਤ ਦੇ ਸਾਹਮਣੇ ਝੂਠੇ ਕਸੀਦੇ ਪੜ੍ਹਨ ਵਾਲੇ ਮੋਹਤਬਰ ਨਮੋਸ਼ੀ ਦੇ ਮਾਰੇ ਧਰਤੀ ਵਿੱਚ ਧਸ ਗਏ। ਜਿਹੜੀ ਜ਼ੁਬਾਨ ਹੁਣੇ ਸੱਚ ਦਾ ਹੋਕਾ ਬਣੀ ਸੀ, ਉਹ ਹੁਣ ਇੱਕ ਨਿਮਾਣੇ ਸੇਵਾਦਾਰ ਵਾਂਗ ਲੰਗਰ ਵਰਤਾ ਰਹੀ ਸੀ। ਉਨ੍ਹਾਂ ਦੀ ਇਸ ਅਡੋਲਤਾ ਨੇ ਸਾਬਿਤ ਕਰ ਦਿੱਤਾ ਕਿ ਸੱਚ ਸਿਰਫ਼ ਬੋਲਣ ਦੀ ਜੁਰਅੱਤ ਨਹੀਂ, ਸਗੋਂ ਉਸ ਨੂੰ ਜਿਊਣ ਦਾ ਸਿਦਕ ਵੀ ਮੰਗਦਾ ਹੈ।
ਅੱਜ ਜਦੋਂ ਵੀ ਮੈਂ ਆਪਣੇ ਆਲੇ-ਦੁਆਲੇ ਸੱਚਾਈ ਖੁਣੋਂ ਇਸ ਭੇਖੀ ਸਮਾਜ ਅਤੇ ਕਰਮਕਾਂਡੀ ਮਾਹੌਲ ਵਿੱਚ ਵਿਚਰਦਾ ਹਾਂ ਤਾਂ ਭਾਪਾ ਜੀ ਦੀਆਂ ਰਮਜ਼ਾਂ ਅਤੇ ਉਨ੍ਹਾਂ ਦਾ ਪੋਠੋਹਾਰੀ ਜੇਰਾ ਸ਼ਿੱਦਤ ਨਾਲ ਯਾਦ ਆਉਂਦਾ ਹੈ। ਜੀਅ ਕਰਦੈ ਕਿ ਸ਼ਾਲਾ! ਸੱਚ ਵਿੱਚ ਭਿੱਜੇ ਇਹ ਧੁਰ ਦੇ ਬੋਲ ਇਸ ਬਹੁਰੰਗੀ ਖਲਕਤ ਦੇ ਚਿਹਰੇ ਤੋਂ ਕੂੜ-ਵਡਿਆਈ ਦੇ ਇਸ ਮੁਲੰਮੇ ਨੂੰ ਇੰਝ ਹੀ ਝਾੜਦੇ ਰਹਿਣ। ਅਸਲ ਵਿੱਚ, ਭਾਪਾ ਜੀ ਉਸ ਦਿਨ ਮਰੇ ਹੋਏ ਦੀਵਾਨ ਚੰਦ ਨੂੰ ਨਹੀਂ, ਸਗੋਂ ਸਾਡੇ ਅੰਦਰ ਮਰੇ ਹੋਏ ਉਸ ਸੱਚ ਨੂੰ ਆਵਾਜ਼ ਦੇ ਰਹੇ ਸਨ, ਜਿਸ ਨੂੰ ਅਸੀਂ ਬੋਸੀਦਾ ਰਸਮਾਂ ਦੇ ਕਫ਼ਨ ਹੇਠ ਦਫ਼ਨਾ ਛੱਡਿਆ ਹੈ।
ਸੰਪਰਕ: 97800-36136

