ਪੰਜਾਬ ਦੇ ਨੌਜਵਾਨਾਂ ਤੋਂ ਉਮੀਦਾਂ...
ਕੁਝ ਹਫ਼ਤੇ ਪਹਿਲਾਂ ਅਰਥਸ਼ਾਸਤਰ ਦੇ ਇੱਕ ਲੈਕਚਰਾਰ ਨੇ ਮੈਨੂੰ ਕੌਮਾਂਤਰੀ ਮਹੱਤਤਾ ਦੇ ਇਕ ਮੁੱਦੇ ’ਤੇ ਆਪਣੇ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਭਾਸ਼ਣ ਦੇਣ ਲਈ ਸੱਦਿਆ। ਉਨ੍ਹਾਂ ਦੱਸਿਆ ਕਿ ਇਹ ਦਸੂਹਾ ਦਾ ਇੱਕ ਕਾਲਜ ਹੈ। ਜਦੋਂ ਮੈਂ ਉਨ੍ਹਾਂ ਤੋਂ ਕਾਲਜ ਦਾ ਨਾਂ ਪੁੱਛਿਆ, ਤਾਂ ਉਨ੍ਹਾਂ ਦੱਸਿਆ ਕਿ ਇਹ ਗੁਰੂ ਤੇਗ਼ ਬਹਾਦਰ ਜੀ ਦੇ ਨਾਂ ’ਤੇ ਹੈ। ਜਿਸ ਪਲ਼ ਉਨ੍ਹਾਂ ਕਾਲਜ ਦਾ ਨਾਂ ਲਿਆ, ਮੈਂ ਉਸੇ ਵੇਲੇ ਹਾਮੀ ਭਰ ਦਿੱਤੀ ਕਿਉਂਕਿ ਮਨੁੱਖੀ ਅਧਿਕਾਰਾਂ ਦੇ ਆਲਮੀ ਇਤਿਹਾਸ ’ਚ ਮੈਂ ਗੁਰੂ ਸਾਹਿਬ ਨੂੰ ਮਾਰਗਦਰਸ਼ਕ ਮੰਨਦਾ ਹਾਂ, ਜਿਨ੍ਹਾਂ ਮਾਨਵੀ ਹੱਕਾਂ ਦੇ ਵਿਚਾਰਾਂ ਤੇ ਲਹਿਰਾਂ ਵਿੱਚ ਵਿਲੱਖਣ ਯੋਗਦਾਨ ਪਾਇਆ।
ਗੁਰੂ ਸਾਹਿਬ ਨੇ ਆਪਣੇ ਤਿੰਨ ਸਾਥੀਆਂ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਨਾਲ, ਕਸ਼ਮੀਰੀ ਬ੍ਰਾਹਮਣਾਂ ਦੇ ਮਜ਼ਹਬੀ ਹੱਕਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਉਨ੍ਹਾਂ ਆਪਣੇ ਵਿਚਾਰਧਾਰਕ ਵਿਰੋਧੀਆਂ ਦੇ ਅਧਿਕਾਰਾਂ ਦੀ ਰਾਖੀ ਕਰ ਕੇ ਮਨੁੱਖੀ ਇਤਿਹਾਸ ਵਿੱਚ ਇੱਕ ਅਨੋਖੀ ਮਿਸਾਲ ਕਾਇਮ ਕੀਤੀ, ਕਿਉਂਕਿ ਬ੍ਰਾਹਮਣਵਾਦ ਵਰਣ ਆਸ਼ਰਮ (ਵਰਗੀਕ੍ਰਿਤ ਜਾਤ ਵਿਵਸਥਾ) ’ਤੇ ਆਧਾਰਤ ਹੈ ਜਦਕਿ ਸਿੱਖੀ ਜਾਤੀ ਵਿਵਸਥਾ ਦੀ ਨਿੰਦਾ ਕਰਦੀ ਹੈ।
ਇਹ ਤੱਥ ਕਿ ਕਾਲਜ ਔਰਤਾਂ ਦਾ ਸੀ, ਮੇਰੀ ਨਜ਼ਰ ਵਿੱਚ ਇਸ ਦੀ ਅਹਿਮੀਅਤ ਹੋਰ ਵੀ ਵਧ ਗਈ। ਇਹ ਇੱਕ ਵਿਸ਼ਵਵਿਆਪੀ ਅਨੁਭਵ ਹੈ ਕਿ ਔਰਤਾਂ ਦੀ ਸਿੱਖਿਆ ਇੱਕ ਸਮਾਜ ਦੇ ਬਹੁਪੱਖੀ ਵਿਕਾਸ ਦੀ ਕੁੰਜੀ ਹੈ, ਇਸ ਦੀ ਮਹੱਤਤਾ ਮਰਦਾਂ ਦੀ ਸਿੱਖਿਆ ਨਾਲੋਂ ਵੀ ਵੱਧ ਹੈ। ਮੈਂ ਇਹ ਵੀ ਮੰਨਦਾ ਹਾਂ ਕਿ ਸਮਾਜ ’ਚ ਔਰਤਾਂ ਦੀ ਫ਼ੈਸਲੇ ਲੈਣ ਵਿਚ ਵਧ ਰਹੀ ਭੂਮਿਕਾ, ਪੂੰਜੀਵਾਦੀ ਵਿਕਾਸ ਦੇ ਮਰਦ-ਮੁਖੀ ਢੰਗ-ਤਰੀਕਿਆਂ ਕਰ ਕੇ ਕੁਦਰਤ ਦੇ ਹੋ ਰਹੇ ਵਿਨਾਸ਼ ਨੂੰ ਰੋਕਣ ਵਿਚ ਮਹੱਤਵਪੂਰਨ ਹੈ।
ਮੈਂ ਇਹ ਵੀ ਸੋਚ ਰਿਹਾ ਸੀ ਕਿ ਜਦੋਂ ਵੀ ਮੈਂ ਭਾਰਤ ਜਾਂਦਾ ਹਾਂ, ਮੁੱਖ ਤੌਰ ’ਤੇ ਵੱਡੇ ਸ਼ਹਿਰਾਂ ਵਿੱਚ ਹੀ ਭਾਸ਼ਣ ਦਿੰਦਾ ਹਾਂ ਤੇ ਮੈਂ ਛੋਟੇ ਸ਼ਹਿਰਾਂ ਅਤੇ ਇੱਥੋਂ ਤੱਕ ਕਿ ਪਿੰਡਾਂ ਨਾਲ ਵੀ ਜੁੜਨਾ ਚਾਹੁੰਦਾ ਸੀ। ਦਸੂਹਾ, ਜਿਸ ਦੀ ਆਬਾਦੀ ਕਰੀਬ 36,000 ਹੈ, ਇਸ ਮਾਪਦੰਡ ’ਤੇ ਖਰਾ ਉਤਰਿਆ।
ਮੈਂ ‘ਆਲਮੀ ਸਮਾਜਿਕ-ਆਰਥਿਕ ਨਾ-ਬਰਾਬਰੀ ਤੇ ਜਲਵਾਯੂ ਪਰਿਵਰਤਨ: ਪੰਜਾਬ ’ਤੇ ਅਸਰ’ ਵਿਸ਼ੇ ’ਤੇ (ਆਨਲਾਈਨ) ਭਾਸ਼ਣ ਦਿੱਤਾ। ਭਾਸ਼ਣ ਦੌਰਾਨ ਕਾਲਜ ਵਿੱਚ ਪੜ੍ਹਾਈ ਰੋਕ ਦਿੱਤੀ ਗਈ ਸੀ, ਅਤੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਸੀ। ਮੈਂ 40-45 ਮਿੰਟ ਬੋਲਿਆ ਅਤੇ ਫਿਰ 10-15 ਮਿੰਟ ਸਵਾਲਾਂ ਲਈ ਛੱਡ ਦਿੱਤੇ। ਇੱਕ ਜਾਂ ਦੋ ਮਿੰਟ ਲਈ ਪੂਰੀ ਤਰ੍ਹਾਂ ਚੁੱਪ ਛਾਈ ਰਹੀ, ਤੇ ਮੇਰੇ ਮਨ ਵਿੱਚ ਡਰ ਪੈਦਾ ਹੋ ਗਿਆ ਕਿ ਮੈਂ ਸ਼ਾਇਦ ਉਨ੍ਹਾਂ ਦੇ ਸਿਰੋਂ ਲੰਘਣ ਵਾਲੀ ਗੱਲ ਕਰ ਦਿੱਤੀ ਹੋਵੇਗੀ, ਹਾਲਾਂਕਿ ਮੈਂ ਜਿੰਨਾ ਹੋ ਸਕਿਆ ਪੰਜਾਬੀ ਵਿੱਚ ਸਪੱਸ਼ਟ ਰੂਪ ’ਚ ਬੋਲਿਆ ਸੀ, ਕੁਝ ਅੰਗਰੇਜ਼ੀ ਸ਼ਬਦਾਂ ਦੇ ਨਾਲ ਜਿਨ੍ਹਾਂ ਦੇ ਪੰਜਾਬੀ ਸਮਾਨਾਰਥੀ ਸ਼ਬਦ ਮੈਨੂੰ ਨਹੀਂ ਪਤਾ ਸਨ।
ਹਾਲਾਂਕਿ, ਇੱਕ ਮਿੰਟ ਦੀ ਚੁੱਪ ਤੋਂ ਬਾਅਦ, ਇੱਕ ਵਿਦਿਆਰਥਣ ਨੇ ਪੁੱਛਿਆ: ‘ਸਰ, ਤੁਸੀਂ ਵਿਸ਼ਵ ਭਰ ਵਿੱਚ ਅਤੇ ਪੰਜਾਬ ਲਈ ਵਾਤਾਵਰਨ ਸੰਕਟ ਦੀ ਗੰਭੀਰਤਾ ਨੂੰ ਉਜਾਗਰ ਕੀਤਾ ਹੈ, ਪਰ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਜਾਂ ਪ੍ਰੋਗਰਾਮਾਂ ਵਿੱਚ ਵਾਤਾਵਰਨ ਵਿਸ਼ੇ ਨੂੰ ਸ਼ਾਮਲ ਨਹੀਂ ਕਰਦੀਆਂ। ਤੁਸੀਂ ਕੀ ਸੋਚਦੇ ਹੋ?’
ਮੈਂ ਉਤਸ਼ਾਹ ਨਾਲ ਜਵਾਬ ਦਿੱਤਾ: ਇਹ ਇੱਕ ਸ਼ਾਨਦਾਰ ਸਵਾਲ ਹੈ। ਪੰਜਾਬ (ਤੇ ਭਾਰਤ) ਦੀਆਂ ਰਾਜਨੀਤਕ ਪਾਰਟੀਆਂ ਦੀ ਲੀਡਰਸ਼ਿਪ ਵਾਤਾਵਰਨ ਪੱਖੋਂ ਅਗਿਆਨੀ ਹੈ, ਤੇ ਤੁਹਾਡੀ ਪੀੜ੍ਹੀ ਤੋਂ ਮੈਨੂੰ ਉਮੀਦ ਹੈ। ਮੈਂ ਤੁਹਾਨੂੰ ਬਰਤਾਨੀਆ ਦੀ ਇੱਕ ਉਦਾਹਰਣ ਦਿੰਦਾ ਹਾਂ। ਕਈ ਸਾਲ ਪਹਿਲਾਂ, ਇੱਕ ਨੌਜਵਾਨ ਔਰਤ (ਕੈਰੋਲਿਨ ਲੁਕਾਸ) ਨੇ ਆਕਸਫੋਰਡ ਸਿਟੀ ਕੌਂਸਲ ਲਈ ਗ੍ਰੀਨ ਪਾਰਟੀ ਦੀ ਉਮੀਦਵਾਰ ਵਜੋਂ ਇੱਕ ਵਾਰਡ ਤੋਂ ਚੋਣ ਲੜਨ ਬਾਰੇ ਸੋਚਿਆ। ਉਸ ਨੇ ਬਹੁਤ ਮਿਹਨਤ ਕੀਤੀ। ਉਸ ਨੇ ਮੈਨੂੰ ਦੱਸਿਆ ਕਿ ਉਹ ਗ੍ਰੀਨ ਪਾਰਟੀ ਦੇ ਨਜ਼ਰੀਏ ਅਤੇ ਨੀਤੀਆਂ ਬਾਰੇ ਲੋਕਾਂ ਨੂੰ ਦੱਸਣ ਲਈ ਵਾਰਡ ਦੇ ਲਗਭਗ ਹਰ ਘਰ ’ਚ ਗਈ। ਉਹ ਵੱਡੇ ਬਹੁਮਤ ਨਾਲ ਚੋਣ ਜਿੱਤੀ। ਬਰਤਾਨੀਆ ਵਿਚ ਉਹ ਪਹਿਲੀ ਗ੍ਰੀਨ ਕੌਂਸਲਰ ਸੀ। ਬਾਅਦ ’ਚ ਉਹ ਗ੍ਰੀਨ ਪਾਰਟੀ ਵੱਲੋਂ ਹੀ ਯੂਰਪੀ ਸੰਸਦ ਅਤੇ ਬਰਤਾਨੀਆ ਦੇ ਹਾਊਸ ਆਫ਼ ਕਾਮਨਜ਼ ਦੀ ਮੈਂਬਰ ਬਣੀ। ਹੁਣ ਯੂਕੇ ਵਿੱਚ ਗ੍ਰੀਨ ਪਾਰਟੀ ਦੇ 4 ਸੰਸਦ ਮੈਂਬਰ ਹਨ, ਅਤੇ 1812 ਕੌਂਸਲਾਂ ਦੀ ਨੁਮਾਇੰਦਗੀ ਕਰਦੇ 859 ਕੌਂਸਲਰ ਹਨ। ਤੁਹਾਡੇ ਵਿੱਚੋਂ ਕੁਝ ਨੂੰ ਪੰਜਾਬ ਅਤੇ ਸ਼ਾਇਦ ਭਾਰਤ ਵਿਚੋਂ ਪਹਿਲੀ ਕੈਰੋਲਿਨ ਲੁਕਾਸ ਬਣਨ ਦੀ ਲੋੜ ਹੈ।
ਮੇਰੇ ਜਵਾਬ ਤੋਂ ਬਾਅਦ, ਦੂਜਾ ਸਵਾਲ ਆਇਆ: ‘ਸਰ, ਭਾਰਤ ਵਿੱਚ ਸਾਰੀਆਂ ਤਾਕਤਾਂ ਕੇਂਦਰ ਸਰਕਾਰ ਕੋਲ ਹਨ, ਪੰਜਾਬ ਸਰਕਾਰ ਵਾਤਾਵਰਨ ਪੱਖੀ ਆਰਥਿਕ ਨੀਤੀਆਂ ਕਿਵੇਂ ਸ਼ੁਰੂ ਕਰ ਸਕਦੀ ਹੈ?’
ਮੈਂ ਬਹੁਤ ਖੁਸ਼ ਹੋਇਆ ਤੇ ਜਵਾਬ ਦਿੱਤਾ: ‘ਇਹ ਇੱਕ ਹੋਰ ਵਧੀਆ ਸਵਾਲ ਹੈ। ਪੰਜਾਬ ਅਤੇ ਬਾਕੀ ਰਾਜਾਂ ਨੂੰ ਸ਼ਾਸਨ ਦੇੇ ਉਨ੍ਹਾਂ ਕੇਂਦਰਵਾਦੀ ਢੰਗ-ਤਰੀਕਿਆਂ ਵਿਰੁੱਧ ਮਿਲ ਕੇ ਲੜਨਾ ਪਵੇਗਾ ਜਿਹੜੇ 1947 ਤੋਂ ਹੀ ਭਾਰਤ ਵਿੱਚ ਲਾਗੂ ਹਨ, ਤੇ ਇਸ ਦਾ ਮੌਜੂਦਾ ਸਰਕਾਰ ਦੁਆਰਾ ਪਹਿਲਾਂ ਨਾਲੋਂ ਵੀ ਜ਼ਿਆਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਮੈਂ ਇਸ ਵਿਸ਼ੇ ’ਤੇ ਇੱਕ ਕਿਤਾਬ ਲਿਖੀ ਹੈ, ‘ਫੈਡਰਲਿਜ਼ਮ, ਨੈਸ਼ਨਲਿਜ਼ਮ ਐਂਡ ਡਿਵੈਲਪਮੈਂਟ: ਇੰਡੀਆ ਐਂਡ ਦਿ ਪੰਜਾਬ ਇਕਾਨਮੀ’ (ਸੰਘਵਾਦ, ਰਾਸ਼ਟਰਵਾਦ ਅਤੇ ਵਿਕਾਸ: ਭਾਰਤ ਅਤੇ ਪੰਜਾਬ ਦੀ ਆਰਥਿਕਤਾ)।
ਪ੍ਰਬੰਧਕ ਨੇ ਕਿਹਾ ਕਿ ਸਮੇਂ ਦੀ ਕਮੀ ਕਾਰਨ ਹੋਰ ਸਵਾਲਾਂ ਲਈ ਸਮਾਂ ਨਹੀਂ ਹੈ ਅਤੇ ਉਨ੍ਹਾਂ ਕਾਲਜ ਦੀ ਪ੍ਰਿੰਸੀਪਲ ਨੂੰ ਰਸਮੀ ਧੰਨਵਾਦ ਕਰਨ ਦੀ ਬੇਨਤੀ ਕੀਤੀ। ਹਾਲਾਂਕਿ, ਪ੍ਰਿੰਸੀਪਲ ਦੇ ਬੋਲਣ ਤੋਂ ਪਹਿਲਾਂ ਮੈਂ ਇੱਕ ਮਿੰਟ ਕੱਢ ਕੇ ਕਿਹਾ ਕਿ ਦੋ ਸ਼ਾਨਦਾਰ ਸਵਾਲ ਸੁਣਨ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਤੋਂ ਮੇਰੀਆਂ ਉਮੀਦਾਂ ਬਹੁਤ ਵਧ ਗਈਆਂ ਹਨ ਅਤੇ ਜੇ ਉਨ੍ਹਾਂ ਵਿਦਿਆਰਥਣਾਂ ਦੇ ਹੋਰ ਸਵਾਲ ਹਨ ਤਾਂ ਉਹ ਮੈਨੂੰ ਈਮੇਲ ਕਰ ਸਕਦੀਆਂ ਹਨ। ਪ੍ਰਿੰਸੀਪਲ, ਜੋ ਕਿ ਖ਼ੁਦ ਸਾਇੰਸਦਾਨ ਰਹਿ ਚੁੱਕੀ ਸੀ ਅਤੇ ਜੈਵ ਵੰਨ-ਸਵੰਨਤਾ ਵਿੱਚ ਦਿਲਚਸਪੀ ਰੱਖਦੀ ਸੀ, ਪੂਰੇ ਸੈਸ਼ਨ ਤੋਂ ਬਹੁਤ ਪ੍ਰਸੰਨ ਹੋਈ। ਉਨ੍ਹਾਂ ਨੇ ਲਾਇਬਰੇਰੀ ਲਈ ਮੇਰੀ ਕਿਤਾਬ ਦੀ ਇੱਕ ਕਾਪੀ ਮੰਗਵਾਉਣ ਦਾ ਵਾਅਦਾ ਕੀਤਾ ਤੇ ਮੈਨੂੰ ਬੇਨਤੀ ਕੀਤੀ ਕਿ ਜਦ ਮੈਂ ਅਗਲੀ ਵਾਰ ਪੰਜਾਬ ਦਾ ਦੌਰਾ ਕਰਾਂ ਤਾਂ ਕਾਲਜ ਜ਼ਰੂਰ ਆਵਾਂ।
ਪੰਜਾਬੀ ਨੌਜਵਾਨਾਂ ਬਾਰੇ ਮੈਂ ਬਹੁਤ ਹੀ ਉਤਸ਼ਾਹਜਨਕ ਧਾਰਨਾ ਲੈ ਕੇ ਨਿਕਲਿਆ। ਮੁੱਖ ਧਾਰਾ ਦਾ ਭਾਰਤੀ ਮੀਡੀਆ ਪੰਜਾਬੀ ਨੌਜਵਾਨਾਂ ਨੂੰ ਅਤਿਵਾਦੀਆਂ ਜਾਂ ਗੈਂਗਸਟਰਾਂ ਜਾਂ ਨਸ਼ੇੜੀਆਂ ਵਜੋਂ ਨਕਾਰਾਤਮਕ ਰੂਪ ਵਿਚ ਪੇਸ਼ ਕਰਦਾ ਹੈ। ਹਰ ਸਮਾਜ ਵਿੱਚ ਕੁਝ ਨਕਾਰਾਤਮਕ ਕਿਰਦਾਰ ਹੁੰਦੇ ਹਨ, ਪਰ ਉਨ੍ਹਾਂ ਨੂੰ ਜਾਣਬੁੱਝ ਕੇ ਜ਼ਿਆਦਾ ਉਭਾਰਨਾ ਅਸਲੀਅਤ ਨੂੰ ਵਿਗਾੜ ਦਿੰਦਾ ਹੈ। ਅਜਿਹੇ ਨਕਾਰਾਤਮਕ ਚਰਿੱਤਰ-ਚਿੱਤਰਣ ਦੇ ਉਲਟ, ਇਸ ਸੈਸ਼ਨ ਨੇ ਮੇਰੇ ਅੰਦਰ ਪੰਜਾਬੀ ਨੌਜਵਾਨਾਂ ਅਤੇ ਖਾਸ ਕਰਕੇ ਨੌਜਵਾਨ ਲੜਕੀਆਂ ਬਾਰੇ ਉਤਸ਼ਾਹਜਨਕ ਉਮੀਦਾਂ ਪੈਦਾ ਕੀਤੀਆਂ।
ਭਾਸ਼ਣ ਤੋਂ ਬਾਅਦ, ਮੈਨੂੰ ਪਤਾ ਲੱਗਾ ਕਿ ਪ੍ਰਿਥੀਪਾਲ ਸਿੰਘ ਰੰਧਾਵਾ ਦਸੂਹਾ ਤੋਂ ਸਨ। ਦਰਸ਼ਨ ਸਿੰਘ ਬਾਗੀ ਤੋਂ ਬਾਅਦ, ਪ੍ਰਿਥੀਪਾਲ ਪੰਜਾਬ ਦੇ ਸਭ ਤੋਂ ਪ੍ਰਮੁੱਖ ਵਿਦਿਆਰਥੀ ਆਗੂ ਸਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਆਪਣੀ ਜਾਨ ਵਾਰ ਦਿੱਤੀ। ਜਿਸ ਕਸਬੇ ਤੋਂ ਉਹ ਆਏ ਸਨ ਤੇ ਲਾਇਕ ਵਿਦਿਆਰਥਣਾਂ ਪੈਦਾ ਕਰ ਰਹੇ ਇਕ ਅਜਿਹੇ ਮਹਿਲਾ ਕਾਲਜ ਵਿਚ ਭਾਸ਼ਣ ਦੇਣਾ ਜੋ ਗੁਰੂ ਤੇਗ ਬਹਾਦਰ ਜੀ ਦੇ ਨਾਂ ’ਤੇ ਹੈ, ਮੇਰੇ ਲਈ ਆਤਮ-ਸੰਤੁਸ਼ਟੀ ਦਾ ਇੱਕ ਬੇਹੱਦ ਸ਼ਾਨਦਾਰ ਅਨੁਭਵ ਸੀ।
