ਪ੍ਰੀਖਿਆ, ਅਰਦਾਸ ਅਤੇ ਸਦੀਵੀ ਸੱਚ
ਗੱਲ 1983-84 ਦੀ ਹੈ, ਜਦੋਂ ਮੈਂ ਅਤੇ ਮੇਰੇ ਲੰਗੋਟੀਏ ਯਾਰ ਜਗਜੀਤ ਸਿੰਘ ਬਿੰਦਰਾ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਵਿੱਚ ‘ਬੈਚਲਰ ਔਫ ਜਰਨਲਿਜ਼ਮ’ ਦੇ ਇੱਕ ਸਾਲਾ ਡਿਗਰੀ ਕੋਰਸ ਵਿੱਚ ਇਕੱਠਿਆਂ ਦਾਖ਼ਲਾ ਲਿਆ। ਬਿੰਦਰਾ ਭਾਵੇਂ ਅੱਜ ਸਰੀਰਕ ਤੌਰ...
ਗੱਲ 1983-84 ਦੀ ਹੈ, ਜਦੋਂ ਮੈਂ ਅਤੇ ਮੇਰੇ ਲੰਗੋਟੀਏ ਯਾਰ ਜਗਜੀਤ ਸਿੰਘ ਬਿੰਦਰਾ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਵਿੱਚ ‘ਬੈਚਲਰ ਔਫ ਜਰਨਲਿਜ਼ਮ’ ਦੇ ਇੱਕ ਸਾਲਾ ਡਿਗਰੀ ਕੋਰਸ ਵਿੱਚ ਇਕੱਠਿਆਂ ਦਾਖ਼ਲਾ ਲਿਆ। ਬਿੰਦਰਾ ਭਾਵੇਂ ਅੱਜ ਸਰੀਰਕ ਤੌਰ ’ਤੇ ਸਾਡੇ ਵਿੱਚ ਨਹੀਂ ਰਿਹਾ, ਪਰ ਉਸ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਅੱਜ ਵੀ ਮੇਰੇ ਮਨ-ਮਸਤਕ ਵਿੱਚ ਸੱਜਰੀਆਂ ਹਨ। ਰੂਪਨਗਰ ਦੇ ਸਰਕਾਰੀ ਕਾਲਜ ਤੋਂ ਬੀ ਏ ਕਰਨ ਮਗਰੋਂ ਯੂਨੀਵਰਸਿਟੀ ਦੇ ਮਾਹੌਲ ਵਿੱਚ ਪੈਰ ਰੱਖਣਾ ਸਾਡੀ ਜ਼ਿੰਦਗੀ ਦੀ ਇੱਕ ਨਵੀਂ ਇਬਾਰਤ ਸੀ। ਅਗਸਤ ਦੇ ਮੁੱਢਲੇ ਹਫ਼ਤੇ ਜਦੋਂ ਪੜ੍ਹਨ-ਪੜ੍ਹਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਪਹਿਲੇ ਛੇ ਮਹੀਨੇ ਦੋਸਤਾਂ-ਮਿੱਤਰਾਂ ਨਾਲ ਕੈਂਪਸ ਦੀਆਂ ਸੜਕਾਂ ਨਾਪਦਿਆਂ ਅਤੇ ਨਵੇਂ ਮਾਹੌਲ ਦੀਆਂ ਮੌਜ-ਮਸਤੀਆਂ ਵਿੱਚ ਹੀ ਲੰਘ ਗਏ। ਸੱਚ ਤਾਂ ਇਹ ਹੈ ਕਿ ਪੜ੍ਹਾਈ ਪ੍ਰਤੀ ਅਸੀਂ ਉੱਕਾ ਹੀ ਸੰਜੀਦਾ ਨਹੀਂ ਸਾਂ।
ਉਨ੍ਹੀਂ ਦਿਨੀਂ ਪ੍ਰੋਫੈਸਰ ਲੇਖ ਰਾਜ ਨਾਗਪਾਲ ਵਿਭਾਗ ਦੇ ਮੁਖੀ ਹੁੰਦੇ ਸਨ, ਜੋ ਬਹੁਤ ਹੀ ਜ਼ਹੀਨ ਤੇ ਕਾਬਲ ਅਧਿਆਪਕ ਸਨ। ਉਨ੍ਹਾਂ ਦੀ ਰਹਿਨੁਮਾਈ ਹੇਠ ਵਿਭਾਗ ਨੇ ਨਵੀਆਂ ਬੁਲੰਦੀਆਂ ਛੋਹੀਆਂ ਅਤੇ ਇੱਕ ਵਿਲੱਖਣ ਅਕਾਦਮਿਕ ਮਾਹੌਲ ਸਿਰਜਿਆ। ਵਿਭਾਗ ਦਾ ਲੈਬ ਜਰਨਲ ‘ਪੱਤਰਕਾਰ’ ਜੋ ਪਹਿਲਾਂ ਹਫ਼ਤਾਵਾਰੀ ਹੁੰਦਾ ਸੀ, ਹੁਣ ਰੋਜ਼ਾਨਾ ਛਪਣ ਲੱਗ ਪਿਆ। ਇਹ ਸਭ ਕੁਝ ਇੰਨਾ ਸੌਖਾ ਨਹੀਂ ਸੀ, ਜਿੰਨਾ ਜਾਪਦਾ ਸੀ। ਕੜਕਦੀ ਧੁੱਪ, ਮੋਹਲੇਧਾਰ ਮੀਂਹ ਜਾਂ ਝੱਖੜ-ਹਨੇਰੀ ਦੀ ਪਰਵਾਹ ਕੀਤੇ ਬਿਨਾਂ ਮੋਢੇ ’ਤੇ ਝੋਲਾ ਟੰਗੀ ਵਿਭਾਗ ਦੇ ਵਿਦਿਆਰਥੀ ਸਾਰਾ ਦਿਨ ਕੈਂਪਸ ਦੀਆਂ ਅਕਾਦਮਿਕ ਗੋਸ਼ਟੀਆਂ, ਖੇਡ ਟੂਰਨਾਮੈਂਟਾਂ, ਸਾਹਿਤਕ ਮਹਿਫ਼ਲਾਂ ਅਤੇ ਰੰਗਮੰਚ ਦੀਆਂ ਸਰਗਰਮੀਆਂ ਦੀ ਟੋਹ-ਭਾਲ ਵਿੱਚ ਜੁਟੇ ਰਹਿੰਦੇ। ਇਕੱਠੀਆਂ ਕੀਤੀਆਂ ਖ਼ਬਰਾਂ ਨੂੰ ਫਿਰ ਵਿਭਾਗ ਦੀ ਪ੍ਰਿੰਟਿੰਗ ਲੈਬ ਵਿੱਚ ਲਿਆਂਦਾ ਜਾਂਦਾ, ਜਿੱਥੇ ‘ਪੱਤਰਕਾਰ’ ਨੂੰ ਲੈਟਰ ਪ੍ਰੈੱਸ ਪ੍ਰਕਿਰਿਆ ਰਾਹੀਂ ਟ੍ਰੇਡਲ ਮਸ਼ੀਨ ’ਤੇ ਛਾਪਿਆ ਜਾਂਦਾ।
ਇਸ ਸਾਰੀ ਜੱਦੋਜਹਿਦ ਤੋਂ ਬਾਅਦ ਰੋਜ਼ਾਨਾ ਸਾਢੇ ਤਿੰਨ-ਪੌਣੇ ਚਾਰ ਵਜੇ ਤੱਕ ਇਸ ਦੁਪਰਤੀ (ਦੋ ਪੰਨਿਆਂ ਦੇ) ਅਖ਼ਬਾਰ ਨੂੰ ਮੁਕੰਮਲ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਕੈਂਪਸ ਵਿੱਚ ਇਸ ਦੀ ਅਜਿਹੀ ਮਕਬੂਲੀਅਤ ਸੀ ਕਿ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਅਧਿਆਪਕਾਂ- ਸਭਨਾਂ ਲਈ ਇਹ ਰੂਹ ਦੀ ਖ਼ੁਰਾਕ ਬਣ ਗਿਆ ਸੀ। ਖ਼ਾਸ ਕਰਕੇ ਇਸ ਵਿੱਚ ਛਪਦਾ ਹਾਸ-ਵਿਅੰਗ ਕਾਲਮ ‘ਗੁਸਤਾਖ਼ੀਆਂ’ ਸਭ ਲਈ ਖਿੱਚ ਦਾ ਕੇਂਦਰ ਹੁੰਦਾ, ਜਿਸ ਵਿੱਚ ਅਕਾਦਮਿਕ ਅਤੇ ਸਹਿ-ਵਿਦਿਅਕ ਸਰਗਰਮੀਆਂ ਦੌਰਾਨ ਹੋਈਆਂ ਮਾਸੂਮ ਭੁੱਲਾਂ-ਚੁੱਕਾਂ ਨੂੰ ਬੜੇ ਹੀ ਮਜ਼ਾਕੀਆ ਅਤੇ ਵਿਅੰਗਮਈ ਢੰਗ ਨਾਲ ਪੇਸ਼ ਕੀਤਾ ਜਾਂਦਾ। ਇਹ ਮਿਆਰੀ ਵਿਅੰਗ ਪਾਠਕਾਂ ਦੇ ਚਿਹਰਿਆਂ ’ਤੇ ਸੁਭਾਵਿਕ ਹੀ ਮੁਸਕਰਾਹਟ ਲਿਆ ਦਿੰਦਾ। ਸੰਖੇਪ ਵਿੱਚ ਕਹੀਏ ਤਾਂ ਕੈਂਪਸ ਵਿੱਚ ਹਰ ਕੋਈ ਇਸ ਦੀ ਬੇਸਬਰੀ ਨਾਲ ਉਡੀਕ ਕਰਦਾ ਤਾਂ ਜੋ ਯੂਨੀਵਰਸਿਟੀ ਦੀਆਂ ਰੋਜ਼ਮੱਰ੍ਹਾ ਦੀਆਂ ਗਤੀਵਿਧੀਆਂ ਨਾਲ ਜੁੜਿਆ ਰਹਿ ਸਕੇ।
ਇੱਕ ਦਿਨ ਬਿਜਲੀ ਗੁੱਲ ਹੋਣ ਜਾਂ ਕਿਸੇ ਤਕਨੀਕੀ ਖਰਾਬੀ ਕਾਰਨ ਛਪਾਈ ਵਿੱਚ ਕਾਫ਼ੀ ਦੇਰੀ ਹੋ ਗਈ। ਕੈਂਪਸ ਵਿੱਚ ਛੁੱਟੀ ਹੋਣ ’ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵੱਲ ਜਾਣ ਵਾਲੀਆਂ ਬੱਸਾਂ ਦੇ ਨਿਕਲਣ ਦਾ ਸਮਾਂ ਪੰਜ ਵਜੇ ਨਿਯਤ ਸੀ। ਜਦੋਂ ਮੈਂ ਅਤੇ ਬਿੰਦਰਾ ਹੱਥਾਂ ਵਿੱਚ ਅਖ਼ਬਾਰ ਦੀਆਂ ਕਾਪੀਆਂ ਫੜੀ, ਸਾਹੋ-ਸਾਹੀ ਹੋਏ ਮੁੱਖ ਸਟਾਪ ’ਤੇ ਪਹੁੰਚੇ ਤਾਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਪੰਜ ਵੱਜਣ ਦੇ ਬਾਵਜੂਦ ਸਾਰੀਆਂ ਬੱਸਾਂ ਉੱਥੇ ਹੀ ਖੜ੍ਹੀਆਂ ਸਨ। ਦਰਅਸਲ, ਸਵਾਰੀਆਂ ਬਿਨਾਂ ਪਰਚਾ ਲਏ ਜਾਣ ਲਈ ਉੱਕਾ ਹੀ ਤਿਆਰ ਨਹੀਂ ਸਨ। ਇਸ ‘ਪੱਤਰਕਾਰ’ ਦੀ ਖਿੱਚ ਅੱਗੇ ਸਮੇਂ ਦੀ ਪਾਬੰਦੀ ਵੀ ਕੋਈ ਮਾਅਨੇ ਨਹੀਂ ਸੀ ਰੱਖਦੀ ਅਤੇ ਉਸ ਦਿਨ ਸਾਰੀਆਂ ਕਾਪੀਆਂ ਵੰਡੇ ਜਾਣ ਤੋਂ ਬਾਅਦ ਹੀ ਬੱਸਾਂ ਸਵਾ ਪੰਜ ਵਜੇ ਉੱਥੋਂ ਤੁਰੀਆਂ। ਜਦੋਂ ਉਸ ਵਿੱਚ ਸਾਡੀ ਜੋੜੀ ਦਾ ਨਾਮ ‘ਲਾਂਬਾ-ਬਿੰਦਰਾ’ ਕਰਕੇ ਛਪਦਾ ਤਾਂ ਸਾਨੂੰ ਵੀ ਇਹ ਭੁਲੇਖਾ ਪੈਂਦਾ ਜਿਵੇਂ ਅਸੀਂ ਯੂਨੀਵਰਸਿਟੀ ਦੇ ਕੋਈ ਨਾਮੀ-ਗਰਾਮੀ ਨਾਮਾਨਿਗਾਰ (ਪੱਤਰਕਾਰ) ਬਣ ਗਏ ਹੋਈਏ। ਉਸ ਦੌਰ ਦੀਆਂ ਮਕਬੂਲ ਫਿਲਮੀ ਜੋੜੀਆਂ ਕਲਿਆਣਜੀ-ਆਨੰਦਜੀ, ਲਕਸ਼ਮੀਕਾਂਤ-ਪਿਆਰੇਲਾਲ ਅਤੇ ਸਲੀਮ-ਜਾਵੇਦ ਵਾਂਗ ਸਾਡੀ ਵੀ ਇੱਕ ਪਛਾਣ ਬਣ ਚੁੱਕੀ ਸੀ। ਨਾਵਾਂ ਦੇ ਸੁਮੇਲ ਕਾਰਨ ਕਈ ਵਾਰ ਲੋਕ ਸਾਨੂੰ ਕੁੜੀਆਂ ਸਮਝਣ ਦਾ ਮੁਗ਼ਾਲਤਾ ਕਰ ਬੈਠਦੇ, ਪਰ ਸਾਡੇ ਲਈ ਤਾਂ ਉਹ ਪੱਤਰਕਾਰੀ ਵਾਲੀ ‘ਸਿਆਣ’ ਹੀ ਅਸਲ ਸਰਮਾਇਆ ਸੀ।
ਵਿਭਾਗ ਦੇ ਬਾਹਰਲੇ ਵਰਾਂਡੇ ਵਿੱਚ ਇੰਡੀਅਨ ਕੌਫ਼ੀ ਼ਹਾਊਸ ਦੇ ਬਿਲਕੁਲ ਨੇੜੇ ਲੱਗਿਆ ਨੋਟਿਸ ਬੋਰਡ ਤਾਜ਼ਾ ਖ਼ਬਰਾਂ ਦਾ ਮੁੱਖ ਧੁਰਾ ਬਣ ਗਿਆ ਸੀ। ਇਹ ਯੂਨੀਵਰਸਿਟੀ ਦਾ ਇੱਕ ਮੁੱਖ ਲਾਂਘਾ ਹੋਣ ਕਾਰਨ ਉੱਥੋਂ ਗੁਜ਼ਰਨ ਵਾਲੇ ਲੋਕਾਂ ਦੇ ਕਦਮ ਨੋਟਿਸ ਬੋਰਡ ਮੂਹਰੇ ਆਪਮੁਹਾਰੇ ਰੁਕ ਜਾਂਦੇ। ਵਿਭਾਗ ਵਿੱਚ ਪੀ ਟੀ ਆਈ ਦੀ ਟੈਲੀ-ਪ੍ਰਿੰਟਰ ਲਾਈਨ ਹੁੰਦੀ ਸੀ। ਥੋੜ੍ਹੀ-ਥੋੜ੍ਹੀ ਦੇਰ ਮਗਰੋਂ ਮਸ਼ੀਨ ਵਿੱਚੋਂ ਖ਼ਬਰਾਂ ਦਾ ਰੋਲ ਲਿਆਂਦਾ ਜਾਂਦਾ ਤਾਂ ਮੌਜੂਦ ਅਧਿਆਪਕ ਤੇ ਵਿਦਿਆਰਥੀ ਮਿਲ ਕੇ ਤੁਰੰਤ ਅਹਿਮ ਖ਼ਬਰਾਂ ਦੀ ਚੋਣ ਕਰਨ ਵਿੱਚ ਜੁਟ ਜਾਂਦੇ।
ਅਜੋਕੇ ਡਿਜੀਟਲ ਯੁੱਗ ਦੀਆਂ ‘ਬ੍ਰੇਕਿੰਗ ਨਿਊਜ਼’ ਵਾਂਗ ਉਨ੍ਹਾਂ ਖ਼ਬਰਾਂ ਦੀਆਂ ਸੁਰਖੀਆਂ ਕਾਲੇ ਸਕੈੱਚ ਪੈੱਨ ਨਾਲ ਮੋਟੇ ਅੱਖਰਾਂ ਵਿੱਚ ਉੱਕਰ ਕੇ ਬੋਰਡ ’ਤੇ ਜੜ ਦਿੱਤੀਆਂ ਜਾਂਦੀਆਂ ਅਤੇ ਨਾਲ ਹੀ ਉਸ ਖ਼ਬਰ ਦੀ ਕਤਰਨ ਵੀ ਚਿਪਕਾ ਦਿੱਤੀ ਜਾਂਦੀ। ਉਹ ਨੋਟਿਸ ਬੋਰਡ ਉਸ ਦੌਰ ਦਾ ਇੱਕ ‘ਹਕੀਕੀ’ ਸੋਸ਼ਲ ਮੀਡੀਆ ਸੀ। ਬੋਰਡ ਦੁਆਲੇ ਖੜ੍ਹ ਕੇ ਸਾਂਝੇ ਰੂਪ ਵਿੱਚ ਖ਼ਬਰ ਪੜ੍ਹਨ ਦਾ ਉਹ ਨਿੱਘ ਅਤੇ ਤਾਂਘ ਅੱਜ ਦੇ ਡਿਜੀਟਲ ਸ਼ੋਰ ਵਿੱਚ ਇੱਕ ਭੁੱਲੀ-ਵਿਸਰੀ ਦਾਸਤਾਨ ਜਾਪਦੀ ਹੈ।
ਜਨਵਰੀ 1984 ਵਿੱਚ ਜਦੋਂ ਪਹਿਲੇ ਸਮੈਸਟਰ ਦੇ ਇਮਤਿਹਾਨ ਸਿਰ ’ਤੇ ਆਣ ਕੂਕੇ ਤਾਂ ਅਚਾਨਕ ਸੁਰਤ ਪਰਤੀ। ਉਨ੍ਹਾਂ ਦਿਨਾਂ ਵਿੱਚ ਪੋਹ-ਮਾਘ ਦੀ ਕਹਿਰ ਦੀ ਠੰਢ ਤਾਂ ਬਾਦਸਤੂਰ ਪੈ ਹੀ ਰਹੀ ਸੀ। ਮੈਂ ਅਤੇ ਮੇਰਾ ਦੋਸਤ ਜਗਜੀਤ (ਜਿਸ ਦਾ ਨਾਂ ਉਸ ਦੇ ਮਾਪਿਆਂ ਨੇ ਲਾਡ ਨਾਲ ਬਚਪਨ ਵਿੱਚ ‘ਜੱਗੀ’ ਰੱਖਿਆ ਸੀ ਤੇ ਅਸੀਂ ਵੀ ਮੋਹ ਨਾਲ ਉਸ ਨੂੰ ਉਸੇ ਨਾਂ ਨਾਲ ਹੀ ਬੁਲਾਉਂਦੇ ਸਾਂ) ਪੰਜ ਨੰਬਰ ਹੋਸਟਲ ਦੇ ਇੱਕੋ ਕਮਰੇ ਵਿੱਚ ਰਹਿੰਦੇ ਸਾਂ। ਬਾਕੀ ਮੁੰਡੇ ਵੀ ਪੜ੍ਹਾਈ ਦੇ ਮਾਮਲੇ ਵਿੱਚ ‘ਮਾਸ਼ਾ-ਅੱਲ੍ਹਾ’ ਸਾਡੇ ਵਰਗੇ ਹੀ ਸਨ। ਤਿਆਰੀ ਦੀ ਹਾਲਤ ਅਜਿਹੀ ਸੀ ਕਿ ਪੜ੍ਹਾਈ ਦੇ ਨਾਮ ’ਤੇ ਸਾਡੇ ਕੋਲ ਸਿਰਫ਼ ਇਧਰੋਂ-ਉਧਰੋਂ ਫੋਟੋਸਟੇਟ ਕਰਵਾਏ ਹੋਏ ਨੋਟਸ ਹੀ ਸਨ। ਇਸੇ ਕਰਕੇ ਸਾਡੀ ਡੁੱਬਦੀ ਬੇੜੀ ਨੂੰ ਬੰਨੇ ਲਾਉਣ ਦਾ ਸਾਰਾ ਦਾਰੋਮਦਾਰ ਜਮਾਤ ਦੀਆਂ ਹੁਸ਼ਿਆਰ ਕੁੜੀਆਂ ਤੋਂ ਲਏ ਉਨ੍ਹਾਂ ਅਧੂਰੇ ਜਿਹੇ ਨੋਟਸ ’ਤੇ ਹੀ ਸੀ, ਜੋ ਉਸ ਵੇਲੇ ਸਾਡਾ ਇੱਕੋ-ਇੱਕ ਸਹਾਰਾ ਸਨ। ਉਸ ਕੜਾਕੇ ਦੀ ਸੀਤ ਲਹਿਰ ਵਿੱਚ ਜਦੋਂ ਕਿਤਾਬਾਂ ਦੇ ਹਰਫ਼ ਦੇਖ ਕੇ ਪਾਸ ਹੋਣ ਦੀ ਉਮੀਦ ਵੀ ਧੁੰਦਲੀ ਜਾਪਦੀ ਤਾਂ ਮਨ ਨੂੰ ਹੌਲ ਪੈਣੇ ਸੁਭਾਵਿਕ ਸਨ। ਤਿਆਰੀ ਨਾ ਹੋਣ ਕਾਰਨ ਪੈਦਾ ਹੋਈ ਬੇਵੱਸੀ ਵਿੱਚ ਪੜ੍ਹਾਈ ਤਾਂ ਕੀ ਹੋਣੀ ਸੀ, ਠੰਢ ਤੋਂ ਬਚਣ ਲਈ ਅਸੀਂ ਰਜਾਈਆਂ ਵਿੱਚ ਦੁਬਕ ਜਾਂਦੇ। ਇਸੇ ਖਿੱਝ ਅਤੇ ਬੇਚੈਨੀ ਨੂੰ ਮਿਟਾਉਣ ਦੇ ਆਹਰੇ ਅਸੀਂ ਅੰਨ੍ਹੇਵਾਹ ਮੂੰਗਫਲੀਆਂ ਚੱਬਦੇ ਰਹਿੰਦੇ ਅਤੇ ਫਰਸ਼ ’ਤੇ ਛਿੱਲਾਂ ਦੇ ਢੇਰ ਲੱਗ ਜਾਂਦੇ। ਉਹ ਫੋਟੋਸਟੇਟ ਨੋਟਸ ਅਤੇ ਲਾਇਬ੍ਰੇਰੀ ਤੋਂ ਫੋਕੀ ਟੌਹਰ ਲਈ ਕਢਵਾਈਆਂ ਇੱਕਾ-ਦੁੱਕਾ ਕਿਤਾਬਾਂ ਰਜਾਈਆਂ ਉੱਤੇ ਸਾਡੀਆਂ ਹਿੱਕਾਂ ’ਤੇ ਹੀ ਧਰੀਆਂ-ਧਰਾਈਆਂ ਰਹਿ ਜਾਂਦੀਆਂ ਤੇ ਸਾਨੂੰ ਕਦੋਂ ਗੂੜ੍ਹੀ ਨੀਂਦ ਘੇਰ ਲੈਂਦੀ, ਪਤਾ ਹੀ ਨਾ ਲੱਗਦਾ। ਉਸ ਵੇਲੇ ਸਾਨੂੰ ਆਪਣੀ ਡਿਗਰੀ ਅੱਧਵਾਟੇ ਲਟਕਦੀ ਜਾਪਦੀ ਤੇ ਆਪਣਾ ਭਵਿੱਖ ਕਿਸੇ ਅਣਜਾਣੇ ਖ਼ੌਫ਼ ਦੇ ਪਰਛਾਵੇਂ ਹੇਠ ਡਾਵਾਂਡੋਲ ਨਜ਼ਰ ਆਉਂਦਾ।
ਸ਼ਾਇਦ ਸਾਡਾ ਪਹਿਲਾ ਪਰਚਾ ‘ਜਨ ਸੰਚਾਰ ਤੇ ਲੋਕ ਸੰਪਰਕ’ ਦਾ ਸੀ। ਪੇਪਰ ਤੋਂ ਇੱਕ ਦਿਨ ਪਹਿਲਾਂ ਜਦੋਂ ਦਿਮਾਗ਼ ਵਿੱਚ ਕੁਝ ਨਹੀਂ ਸੀ ਪੈ ਰਿਹਾ ਅਤੇ ਮਨ ਮੱਲੋ-ਮੱਲੀ ਡੋਲਣ ਲੱਗਾ ਤਾਂ ਕਿਤਾਬਾਂ ਪਰ੍ਹੇ ਮਾਰਦਿਆਂ ਮੈਂ ਕਿਹਾ, “ਓਏ ਬਿੰਦਰੇ, ਬਸ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ, ਤਿਆਰੀ-ਤਿਊਰੀ ਤਾਂ ਹੁਣ ਆਪਣੇ ਵੱਸ ਦੀ ਗੱਲ ਰਹੀ ਨਹੀਂ; ਹੁਣ ਤਾਂ ਬਸ ਉਸੇ (ਪਰਮਾਤਮਾ) ਦਾ ਹੀ ਓਟ-ਆਸਰਾ ਹੈ। ਚੱਲ, ਗੁਰਦੁਆਰੇ ਜਾ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕਰ ਆਈਏ, ਸ਼ਾਇਦ ਆਪਣਾ ਬੇੜਾ ਪਾਰ ਲੱਗ ਜਾਵੇ।” ਬਿੰਦਰਾ ਕਹਿਣ ਲੱਗਾ, “ਛੱਡ ਯਾਰ, ਉਂਝ ਹੀ ਮੱਥਾ ਟੇਕ ਆਉਂਦੇ ਹਾਂ।” ਪਰ ਮੈਂ ਜ਼ੋਰ ਦੇ ਕੇ ਕਿਹਾ, “ਨਹੀਂ ਯਾਰ, ਅੱਜ ਮੱਥਾ ਟੇਕਣ ਨਾਲ ਗੱਲ ਨਹੀਂ ਬਣਨੀ, ਅੱਜ ਤਾਂ ਬਾਕਾਇਦਾ ਅਰਦਾਸ ਹੀ ਕਰਵਾਉਣੀ ਪੈਣੀ ਐ।” ਬਿੰਦਰੇ ਨੇ ਪੁੱਛਿਆ, “ਫਿਰ ਕਿੰਨੇ ਦੀ ਕਰਵਾਉਣੀ ਹੈ?” ਮੈਂ ਕਿਹਾ, “ਯਾਰ, ਘੱਟੋ-ਘੱਟ 11 ਰੁਪਏ ਦੀ ਤਾਂ ਬਣਦੀ ਹੈ।” ਬਿੰਦਰੇ ਨੇ ਫਟਾਫਟ ਆਪਣੀ ਜੇਬ ਵਿੱਚ ਹੱਥ ਮਾਰਿਆ ਤੇ 6 ਰੁਪਏ ਕੱਢੇ, ਮੈਂ ਆਪਣੇ ਵੱਲੋਂ 5 ਰੁਪਏ ਪਾਏ। ਇਸ ਤਰ੍ਹਾਂ ਪੰਜ ਜਮ੍ਹਾਂ ਛੇ, ਪੂਰੇ 11 ਰੁਪਏ ਇਕੱਠੇ ਕਰਕੇ ਅਸੀਂ ਸਲਾਹ ਬਣਾਈ ਕਿ ਇਸ ਭੇਟਾ ਨਾਲ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾਵਾਂਗੇ, “ਹੇ ਸੱਚੇ ਪਾਤਸ਼ਾਹ, ਮਿਹਰ ਕਰਨੀ! ਆਪਣਾ ਰਹਿਮਤ ਭਰਿਆ ਹੱਥ ਸਾਡੇ ਸਿਰਾਂ ’ਤੇ ਰੱਖਣਾ ਤਾਂ ਜੋ ਪੇਪਰ ਵਧੀਆ ਹੋ ਜਾਵੇ ਅਤੇ ਸਾਨੂੰ ਕਾਮਯਾਬੀ ਬਖ਼ਸ਼ਣੀ ਜੀ।” ਇਮਤਿਹਾਨਾਂ ਦੇ ਦਿਨ ਹੋਣ ਕਰਕੇ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿੱਚ ਵਿਦਿਆਰਥੀਆਂ ਦੀ ਖ਼ੂਬ ਚਹਿਲ-ਪਹਿਲ ਹੁੰਦੀ ਸੀ। ਖ਼ਾਸ ਕਰਕੇ ਕੁੜੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਸ਼ਰਧਾ ਵੇਖਣ ਵਾਲੀ ਹੁੰਦੀ, ਜੋ ਸਾਡੇ ਵਰਗੇ ‘ਮਲੰਗਾਂ’ ਤੋਂ ਕਿਤੇ ਜ਼ਿਆਦਾ ਸੰਜੀਦਗੀ ਨਾਲ ਮੱਥਾ ਟੇਕਣ ਆਉਂਦੀਆਂ ਸਨ। ਅਸੀਂ ਵੀ ਮਨ ਵਿੱਚ ਇੱਕ ਆਸ ਲੈ ਕੇ ਗੁਰਦੁਆਰਾ ਸਾਹਿਬ ਵੱਲ ਤੁਰ ਪਏ। ਸ਼ਾਮ ਦੇ ਸਵਾ ਛੇ ਕੁ ਵਜੇ ਦਾ ਵੇਲਾ ਸੀ। ਸਰਦੀਆਂ ਦੇ ਦਿਨ ਹੋਣ ਕਰਕੇ ਸੂਰਜ ਛਿਪ ਚੁੱਕਾ ਸੀ, ਜਿਸ ਕਾਰਨ ਯੂਨੀਵਰਸਿਟੀ ਦੇ ਰਾਹਾਂ ’ਤੇ ਟਾਵਾਂ-ਟੱਲਾ ਬੰਦਾ ਹੀ ਨਜ਼ਰ ਆਉਂਦਾ ਸੀ। ਸਾਡਾ ਖ਼ਿਆਲ ਸੀ ਕਿ ਰਹਿਰਾਸ ਸਾਹਿਬ ਦਾ ਪਾਠ ਅਜੇ ਹੋ ਰਿਹਾ ਹੋਵੇਗਾ ਅਤੇ ਸੱਤ ਵਜੇ ਭੋਗ ਤੋਂ ਬਾਅਦ ਅਸੀਂ ਭਾਈ ਸਾਹਿਬ ਤੋਂ ਆਪਣੀ ਵਿਸ਼ੇਸ਼ ਅਰਦਾਸ ਕਰਵਾ ਲਵਾਂਗੇ, ਪਰ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਚਾਰੇ ਪਾਸੇ ਸੁੰਨਮਸਾਨ ਸੀ। ਉੱਥੇ ਹਾਜ਼ਰ ਇੱਕ ਸੇਵਾਦਾਰ ਤੋਂ ਪੁੱਛਣ ’ਤੇ ਪਤਾ ਲੱਗਾ ਕਿ ਭੋਗ ਤਾਂ ਕਦੋਂ ਦਾ ਪੈ ਚੁੱਕਾ ਹੈ। ਸਾਨੂੰ ਬੜੀ ਹੈਰਾਨੀ ਹੋਈ ਕਿ ਅੱਜ ਵਕਤ ਤੋਂ ਪਹਿਲਾਂ ਹੀ ਸਭ ਕੁਝ ਕਿਵੇਂ ਹੋ ਗਿਆ!
ਅਸੀਂ ਕਾਹਲ ਅਤੇ ਹੜਬੜੀ ਵਿੱਚ ਗ੍ਰੰਥੀ ਦੇ ਕਮਰੇ ਦਾ ਬੂਹਾ ਖੜਕਾਇਆ। ਬੂਹਾ ਖੁੱਲ੍ਹਦਿਆਂ ਹੀ ਸਾਹਮਣੇ ਅੱਧਖੜ ਜਿਹੀ ਉਮਰ ਦੇ ਇੱਕ ਸਿੰਘ ਦੇ ਦੀਦਾਰ ਹੋਏ। ਮਧਰਾ ਕੱਦ ਤੇ ਸਾਵਾਂ ਜੁੱਸਾ, ਨੂਰਾਨੀ ਚਿਹਰੇ ’ਤੇ ਅਜੀਬ ਜਿਹਾ ਜਲੌਅ; ਚਿੱਟਾ ਕੁੜਤਾ-ਪਜਾਮਾ, ਸਿਰ ’ਤੇ ਸਲੀਕੇ ਨਾਲ ਸਜੀ ਨੀਲੀ ਗੋਲ ਦਸਤਾਰ ਅਤੇ ਗਲ਼ੇ ਵਿੱਚ ਪਾਇਆ ਸਫ਼ੇਦ ਹਜ਼ੂਰੀਆ ਉਨ੍ਹਾਂ ਦੀ ਦਿੱਖ ਨੂੰ ਚਾਰ ਚੰਨ ਲਾ ਰਹੇ ਸਨ। ਉਨ੍ਹਾਂ ਦੀ ਸੰਵਰੀ ਹੋਈ ਕਰੜ-ਬਰੜੀ ਦਾੜ੍ਹੀ ਇਸ ਮੁਹਾਂਦਰੇ ਨੂੰ ਹੋਰ ਵੀ ਸਤਿਕਾਰਤ ਬਣਾ ਰਹੀ ਸੀ। ਘਰ ਅੰਦਰਲਾ ਨਜ਼ਾਰਾ ਬੇਹੱਦ ਸੁਭਾਵਿਕ ਸੀ; ਕੋਨੇ ਵਿੱਚ ਪਏ ਮੇਜ਼ ’ਤੇ ਰੱਖੇ ਨਿੱਕੇ ਜਿਹੇ ਟੈਲੀਵਿਜ਼ਨ ਮੂਹਰੇ ਉਹ ਆਪਣੇ ਪਰਿਵਾਰ ਨਾਲ ਤਖ਼ਤਪੋਸ਼ ’ਤੇ ਬੈਠੇ ਚਾਅ ਨਾਲ ਟਿਕਟਿਕੀ ਲਾਈ ਫਿਲਮ ਦੇਖ ਰਹੇ ਸਨ। ਉਸ ਵਕਤ ਉਹ ਆਪਣੀ ਡਿਊਟੀ ਤੋਂ ਸੁਰਖ਼ਰੂ ਹੋ ਕੇ ਇੱਕ ਸਾਧਾਰਨ ਮਨੁੱਖ ਵਾਂਗ ਜ਼ਿੰਦਗੀ ਦੇ ਸਹਿਜ ਮਾਨਵੀ ਰੰਗ ਮਾਣ ਰਹੇ ਸਨ ਅਤੇ ਉਹੀ ਤੇਜ ਹੁਣ ਇੱਕ ਘਰੇਲੂ ਜੀਅ ਦੇ ਰੂਪ ਵਿੱਚ ਪਰਿਵਾਰਕ ਨਿੱਘ ਤੇ ਨਿੱਕੀਆਂ ਖ਼ੁਸ਼ੀਆਂ ਵਿੱਚ ਝਲਕ ਰਿਹਾ ਸੀ। ਅਸੀਂ ਉਨ੍ਹਾਂ ਨੂੰ ਵਕਤ ਤੋਂ ਪਹਿਲਾਂ ਭੋਗ ਪਾਉਣ ਦੀ ਵਜ੍ਹਾ ਪੁੱਛੀ ਤਾਂ ਉਹ ਬੜੇ ਸਹਿਜ ਸੁਭਾਅ ਬੋਲੇ, “ਕਾਕਾ, ਤੁਹਾਨੂੰ ਨਹੀਂ ਪਤਾ ਕਿ ਹਰ ਐਤਵਾਰ ਸ਼ਾਮੀਂ ਛੇ ਵਜੇ ਦੂਰਦਰਸ਼ਨ ’ਤੇ ਫਿਲਮ ਆਉਂਦੀ ਐ?” ਮੈਂ ਹੈਰਾਨ ਜਿਹਾ ਹੁੰਦਿਆਂ ਕਿਹਾ, “ਪਰ ਸਿੰਘ ਸਾਹਿਬ, ਗੁਰਦੁਆਰਾ ਸਾਹਿਬ ਦੀ ਮਿੱਥੀ ਮਰਯਾਦਾ ਅਨੁਸਾਰ ਰਹਿਰਾਸ ਸਾਹਿਬ ਦੇ ਭੋਗ ਉਪਰੰਤ ਅਰਦਾਸ ਤੇ ਸਮਾਪਤੀ ਦਾ ਸਮਾਂ ਤਾਂ ਸੱਤ ਵਜੇ ਦਾ ਹੈ।” ਉਹ ਬੜੀ ਨਿਰਛਲ ਸਾਫ਼ਗੋਈ ਅਤੇ ਬੇਬਾਕੀ ਨਾਲ ਕਹਿਣ ਲੱਗੇ, “ਦੇਖੋ ਭਾਈ, ਪਾਠ ਤਾਂ ਮੈਂ ਹੀ ਕਰਨਾ ਐ; ਮੇਰੇ ਹਿੱਸੇ ਦੀ ਹਾਜ਼ਰੀ ਕਿਸੇ ਹੋਰ ਨੇ ਤਾਂ ਭਰਨੀ ਨਹੀਂ।’’ ਹੱਥ ਵਿੱਚ 11 ਰੁਪਏ ਘੁੱਟੀ ਅਸੀਂ ਇੱਕ-ਦੂਜੇ ਦੇ ਮੂੰਹ ਵੱਲ ਤੱਕਦੇ ਰਹਿ ਗਏ। ਸਾਡੀ ਉਸ ਮੌਕੇ ਨਿੱਜੀ ਅਰਦਾਸ ਤਾਂ ਭਾਵੇਂ ਨਾ ਹੋ ਸਕੀ, ਪਰ ਜਾਂਦੇ-ਜਾਂਦੇ ਗ੍ਰੰਥੀ ਸਿੰਘ ਨੇ ਬੜੇ ਸਹਿਜ ਨਾਲ ਸਾਡੀ ਬੇਨਤੀ ਸੁਣ ਕੇ ਕਿਹਾ, “ਕਾਕਾ, ਭੋਰਾ ਫ਼ਿਕਰ ਨਾ ਕਰੋ, ਗੁਰੂ ਮਹਾਰਾਜ ਥੋਡੇ ਅੰਗ-ਸੰਗ ਹਨ। ਉਹ ਸਭ ਭਲੀ ਕਰਨਗੇ।” ਇਹ ਗੱਲ ਸਾਡੇ ਮਨਾਂ ਨੂੰ ਇੱਕ ਅਜੀਬ ਜਿਹਾ ਧਰਵਾਸ ਦੇ ਗਈ। ਸਕੂਨ ਨਾਲ ਅਸੀਂ ਹੋਸਟਲ ਪਰਤ ਆਏ। ਕਮਰੇ ਵਿੱਚ ਆ ਕੇ ਜਦੋਂ ਕਿਤਾਬ ਖੋਲ੍ਹੀ ਤਾਂ ਮੇਰੇ ਜ਼ਿਹਨ ਵਿੱਚ ਪੜ੍ਹਾਈ ਦੀ ਥਾਂ ਗ੍ਰੰਥੀ ਸਿੰਘ ਦੇ ਮੁਖਾਰਬਿੰਦ ’ਚੋਂ ਨਿਕਲੇ ਬੋਲ ਹੀ ਘੁੰਮ ਰਹੇ ਸਨ। ਮੈਂ ਸੋਚ ਰਿਹਾ ਸੀ ਕਿ ਭਾਵੇਂ ਕੋਈ ‘ਰੱਬ ਦਾ ਬੰਦਾ’ ਹੋਵੇ ਜਾਂ ਦੁਨੀਆਦਾਰ, ਆਖ਼ਰ ਹਰ ਕੋਈ ਆਪਣੀਆਂ ਮਨੁੱਖੀ ਸੱਧਰਾਂ, ਖ਼ੁਸ਼ੀਆਂ ਅਤੇ ਚਾਵਾਂ ਦਾ ਬੱਝਾ ਮਹਿਜ਼ ਇੱਕ ਇਨਸਾਨ ਹੁੰਦਾ ਹੈ। ਉਸ ਦਿਨ ਸਾਨੂੰ ‘ਜਨ-ਸੰਚਾਰ’ ਦੀ ਕਿਤਾਬੀ ਪਰਿਭਾਸ਼ਾ ਦੇ ਨਾਲ-ਨਾਲ ਜੀਵਨ ਦੇ ਇੱਕ ਬੇਹੱਦ ਸੱਚੇ, ਨਿੱਘੇ ਅਹਿਸਾਸ ਅਤੇ ਮਾਨਵੀ ਸੰਵਾਦ ਦਾ ਪਾਠ ਪੜ੍ਹਨ ਨੂੰ ਮਿਲਿਆ। ਅੱਜ ਤੋਂ ਸਾਢੇ ਚਾਰ ਦਹਾਕੇ ਪਹਿਲਾਂ ਵਾਪਰੀ ਉਸ ਘਟਨਾ ਨੇ ਸਾਨੂੰ ਜੀਵਨ ਦੇ ਇੱਕ ਸੁਭਾਵਿਕ ਅਤੇ ਸਦੀਵੀ ਮਨੁੱਖੀ ਸੱਚ ਦੇ ਰੂ-ਬ-ਰੂ ਕਰ ਦਿੱਤਾ ਸੀ।
ਸੰਪਰਕ: 97800-36136

