ਹੰਪੀ ਦੇ ਪੱਥਰਾਂ ’ਤੇ ਉਕਰਿਆ ਸਾਮਰਾਜ
ਅਸਲੀ ਭਾਰਤ ਦੇ ਦਰਸ਼ਨ ਕਰਨ ਲਈ ਦੱਖਣ ਭਾਰਤ ਦੀ ਯਾਤਰਾ ਕਰਨਾ ਬਹੁਤ ਜ਼ਰੂਰੀ ਹੈ। ਇਹ ਯਾਤਰਾ ਮਨੁੱਖ ਨੂੰ ਨਵੇਂ ਸਥਾਨ ਦਿਖਾਉਂਦੀ ਹੋਈ ਦੇਸ਼ ਦੀ ਹਜ਼ਾਰਾਂ ਸਾਲ ਪੁਰਾਣੀ ਸੱਭਿਆਚਾਰਕ ਵਿਰਾਸਤ ਨਾਲ ਵੀ ਰੂਬਰੂ ਕਰਵਾਉਂਦੀ ਹੈ। ਕਰਨਾਟਕ ਦੀ ਧਰਤੀ ’ਤੇ ਵਸਿਆ ‘ਹੰਪੀ’...
ਅਸਲੀ ਭਾਰਤ ਦੇ ਦਰਸ਼ਨ ਕਰਨ ਲਈ ਦੱਖਣ ਭਾਰਤ ਦੀ ਯਾਤਰਾ ਕਰਨਾ ਬਹੁਤ ਜ਼ਰੂਰੀ ਹੈ। ਇਹ ਯਾਤਰਾ ਮਨੁੱਖ ਨੂੰ ਨਵੇਂ ਸਥਾਨ ਦਿਖਾਉਂਦੀ ਹੋਈ ਦੇਸ਼ ਦੀ ਹਜ਼ਾਰਾਂ ਸਾਲ ਪੁਰਾਣੀ ਸੱਭਿਆਚਾਰਕ ਵਿਰਾਸਤ ਨਾਲ ਵੀ ਰੂਬਰੂ ਕਰਵਾਉਂਦੀ ਹੈ। ਕਰਨਾਟਕ ਦੀ ਧਰਤੀ ’ਤੇ ਵਸਿਆ ‘ਹੰਪੀ’ ਮੇਰੀ ਇਸ ਯਾਤਰਾ ਦਾ ਉਹ ਪੜਾਅ ਸੀ, ਜਿਸ ਨੇ ਮਨ ’ਤੇ ਡੂੰਘੀ ਛਾਪ ਛੱਡੀ। ਹੰਪੀ ਨੂੰ ਖੰਡਰਾਂ ਦਾ ਸ਼ਹਿਰ ਕਹਿਣਾ ਇਸ ਦੀ ਮਹਾਨਤਾ ਨਾਲ ਇਨਸਾਫ਼ ਨਹੀਂ ਹੋਵੇਗਾ। ਇਹ ਅਸਲ ਵਿੱਚ ਪੱਥਰਾਂ ’ਤੇ ਲਿਖਿਆ ਇੱਕ ਅਜਿਹਾ ਇਤਿਹਾਸ ਹੈ, ਜਿਸ ਦੇ ਹਰ ਪੱਥਰ ਵਿੱਚ ਕਲਾ, ਵਿਗਿਆਨ, ਧਰਮ, ਰਾਜਨੀਤੀ ਅਤੇ ਮਨੁੱਖੀ ਪ੍ਰਤਿਭਾ ਦੀ ਕਹਾਣੀ ਲੁਕੀ ਹੋਈ ਹੈ। ਹੰਪੀ ਕਦੇ ਵਿਜੈਨਗਰ ਸਾਮਰਾਜ ਦੀ ਰਾਜਧਾਨੀ ਸੀ। ਚੌਦਵੀਂ ਤੋਂ ਸੋਲ੍ਹਵੀਂ ਸਦੀ ਤੱਕ ਇਹ ਸ਼ਹਿਰ ਦੱਖਣੀ ਭਾਰਤ ਦੀ ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਤਾਕਤ ਦਾ ਇੱਕ ਵੱਡਾ ਕੇਂਦਰ ਰਿਹਾ ਹੈ। ਵਿਦੇਸ਼ੀ ਯਾਤਰੀਆਂ ਨੇ ਵੀ ਇਸ ਦੀ ਦੌਲਤ, ਵਿਸ਼ਾਲਤਾ ਅਤੇ ਬਾਜ਼ਾਰਾਂ ਦੀ ਰੌਣਕ ਦਾ ਜ਼ਿਕਰ ਕੀਤਾ ਹੈ। ਅੱਜ ਭਾਵੇਂ ਸਾਮਰਾਜ ਦੇ ਸ਼ਾਨਦਾਰ ਮਹਿਲਾਂ ਅਤੇ ਬਾਜ਼ਾਰਾਂ ਦੀ ਥਾਂ ਖਾਮੋਸ਼ ਪੱਥਰ ਖੜ੍ਹੇ ਹਨ ਪਰ ਉਨ੍ਹਾਂ ਪੱਥਰਾਂ ’ਚੋਂ ਅਜੇ ਵੀ ਇੱਕ ਮਹਾਨ ਯੁੱਗ ਦੀ ਆਵਾਜ਼ ਸੁਣਾਈ ਦਿੰਦੀ ਹੈ। ਹੰਪੀ ਵਿੱਚ ਦਾਖ਼ਲ ਹੁੰਦਿਆਂ ਹੀ ਕੁਦਰਤ ਅਤੇ ਮਨੁੱਖੀ ਕਲਾ ਦਾ ਅਦਭੁੱਤ ਸੁਮੇਲ ਦਿਖਾਈ ਦਿੰਦਾ ਹੈ। ਚਾਰੇ ਪਾਸੇ ਵਿਸ਼ਾਲ ਗ੍ਰੇਨਾਈਟ ਦੀਆਂ ਚੱਟਾਨਾਂ, ਉਨ੍ਹਾਂ ਦੇ ਵਿਚਕਾਰ ਬਣੇ ਮੰਦਰ, ਮੰਡਪ, ਬਾਜ਼ਾਰ ਅਤੇ ਪੁਰਾਣੀਆਂ ਜਲ ਨਹਿਰਾਂ ਹਨ। ਇਹ ਸਭ ਮਿਲ ਕੇ ਅਜਿਹਾ ਦ੍ਰਿਸ਼ ਪੈਦਾ ਕਰਦੇ ਹਨ ਜਿਸ ਦੀ ਕਲਪਨਾ ਕਰਨੀ ਵੀ ਮੁਸ਼ਕਲ ਹੈ। ਇੱਥੋਂ ਦੇ ਪ੍ਰਮੁੱਖ ਇਤਿਹਾਸਕ ਸਮਾਰਕਾਂ ਵਿੱਚ ਵਿੱਠਲ ਮੰਦਰ, ਪੱਥਰ ਦਾ ਮਸ਼ਹੂਰ ਰਥ ਮੰਦਰ, ਹਜ਼ਾਰਾ ਰਾਮ ਮੰਦਰ, ਮਹਾਨਵਮੀ ਡਿੱਬਾ, ਕਮਲ ਮਹਿਲ, ਹਾਥੀਸ਼ਾਲਾ, ਰਾਣੀ ਦਾ ਇਸ਼ਨਾਨਘਰ ਅਤੇ ਪ੍ਰਾਚੀਨ ਬਾਜ਼ਾਰ ਵਿਸ਼ੇਸ਼ ਮਹੱਤਵ ਰੱਖਦੇ ਹਨ। ਵਿੱਠਲ ਮੰਦਰ ਦੇ ਸੰਗੀਤਕ ਸਤੰਭ ਅਤੇ ਪੱਥਰ ਦਾ ਰਥ ਭਾਰਤੀ ਸ਼ਿਲਪ ਕਲਾ ਦੀ ਉੱਚ ਪੱਧਰੀ ਕਾਬਲੀਅਤ ਦਾ ਸਬੂਤ ਹਨ। ਹਜ਼ਾਰਾ ਰਾਮ ਮੰਦਰ ਦੀਆਂ ਕੰਧਾਂ ’ਤੇ ਉੱਕਰੇ ਰਾਮਾਇਣ ਦੇ ਦ੍ਰਿਸ਼ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਪੱਥਰਾਂ ਨੇ ਇੱਕ ਪੂਰਾ ਮਹਾਂ-ਕਾਵਿ ਆਪਣੇ ਅੰਦਰ ਸੰਭਾਲ ਲਿਆ ਹੋਵੇ। ਜੇਕਰ ਹੰਪੀ ਦੀ ਰੂਹ ਨੂੰ ਨੇੜਿਓਂ ਮਹਿਸੂਸ ਕਰਨਾ ਹੋਵੇ ਤਾਂ ਵਿਰੂਪਾਕਸ਼ ਮੰਦਰ ਵੱਲ ਜਾਣਾ ਪੈਂਦਾ ਹੈ।
ਤੁੰਗਭਦਰਾ ਨਦੀ ਦੇ ਕੰਢੇ ਨੇੜੇ ਸਥਿਤ ਵਿਰੂਪਾਕਸ਼ ਮੰਦਰ ਭਗਵਾਨ ਸ਼ਿਵ ਦੇ ਵਿਰੂਪਾਕਸ਼ ਰੂਪ ਨੂੰ ਸਮਰਪਿਤ ਹੈ। ਇਹ ਹੰਪੀ ਦੇ ਸਭ ਤੋਂ ਮਹੱਤਵਪੂਰਨ ਅਤੇ ਪ੍ਰਾਚੀਨ ਧਾਰਮਿਕ ਕੇਂਦਰਾਂ ’ਚੋਂ ਇੱਕ ਹੈ ਅਤੇ ਅੱਜ ਵੀ ਇੱਥੇ ਪੂਜਾ-ਅਰਚਨਾ ਹੁੰਦੀ ਹੈ। ਮੰਦਰ ਦਾ ਵਿਸ਼ਾਲ ਗੋਪੁਰਮ ਦੂਰੋਂ ਹੀ ਨਜ਼ਰ ਆਉਣ ਲੱਗ ਪੈਂਦਾ ਹੈ। ਜਦੋਂ ਇਸ ਦੇ ਨੇੜੇ ਜਾ ਕੇ ਇਸ ਦੀਆਂ ਬਾਰੀਕ ਨੱਕਾਸ਼ੀਆਂ ਅਤੇ ਪੱਥਰ ਦੇ ਖੰਭਿਆਂ ਨੂੰ ਦੇਖਿਆ ਤਾਂ ਅਹਿਸਾਸ ਹੋਇਆ ਕਿ ਇਹ ਕੰਮ ਸਿਰਫ਼ ਹੱਥਾਂ ਦੀ ਕਲਾ ਨਹੀਂ ਸਗੋਂ ਸਦੀਆਂ ਪੁਰਾਣੀ ਸੋਚ ਅਤੇ ਗਿਆਨ ਦਾ ਨਤੀਜਾ ਹੈ। ਵਿਰੂਪਾਕਸ਼ ਮੰਦਰ ਦੀ ਬਣਤਰ ਦਾ ਸਭ ਤੋਂ ਹੈਰਾਨ ਕਰਨ ਵਾਲਾ ਪੱਖ ਇਸ ਦੀ ਰੌਸ਼ਨੀ ਨਾਲ ਕੀਤੀ ਗਈ ਯੋਜਨਾ ਹੈ। ਮੰਦਰ ਦੇ ਇੱਕ ਹਿੱਸੇ ’ਚ ਇੱਕ ਛੋਟੇ ਜਿਹੇ ਰਸਤੇ ਰਾਹੀਂ ਬਾਹਰੋਂ ਆਉਣ ਵਾਲੀ ਰੌਸ਼ਨੀ ਅੰਦਰ ਪੈਂਦੀ ਹੈ ਅਤੇ ਇੱਕ ਉਲਟੀ ਛਵੀ ਬਣਦੀ ਹੈ। ਇਹ ਦ੍ਰਿਸ਼ ਆਧੁਨਿਕ ਕੈਮਰੇ ਦੇ ਮੂਲ ਸਿਧਾਂਤ ‘ਕੈਮਰਾ ਓਬਸਕਿਊਰਾ’ ਦੀ ਯਾਦ ਦਿਵਾਉਂਦਾ ਹੈ। ਸਦੀਆਂ ਪਹਿਲਾਂ ਦੇ ਵਾਸਤੂਕਾਰਾਂ ਵੱਲੋਂ ਰੌਸ਼ਨੀ ਅਤੇ ਛੇਦ ਦੇ ਸਿਧਾਂਤ ਦੀ ਵਰਤੋਂ ਕਰਨਾ ਆਪਣੇ ਆਪ ’ਚ ਹੈਰਾਨੀਜਨਕ ਹੈ। ਸੂਰਜ ਦੀਆਂ ਕਿਰਨਾਂ ਦਾ ਮੰਦਰ ਦੀ ਬਣਤਰ ਨਾਲ ਇਹ ਤਾਲਮੇਲ ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਉਸ ਸਮੇਂ ਦੇ ਸ਼ਿਲਪਕਾਰਾਂ ਅਤੇ ਵਾਸਤੂਕਾਰਾਂ ਨੂੰ ਸੂਰਜ ਦੀ ਦਿਸ਼ਾ, ਰੌਸ਼ਨੀ ਅਤੇ ਇਮਾਰਤ ਦੀ ਸਥਿਤੀ ਬਾਰੇ ਕਿੰਨੀ ਡੂੰਘੀ ਸਮਝ ਹੋਵੇਗੀ। ਇਹ ਸਿਰਫ਼ ਧਾਰਮਿਕ ਇਮਾਰਤ ਨਹੀਂ ਹੈ, ਸਗੋਂ ਇਸ ਵਿੱਚ ਸੁੰਦਰਤਾ ਦੇ ਨਾਲ-ਨਾਲ ਵਿਗਿਆਨਕ ਸੋਚ ਵੀ ਸਮਾਈ ਹੋਈ ਹੈ। ਹੰਪੀ ਦੀ ਇੱਕ ਹੋਰ ਅਦਭੁੱਤ ਕਹਾਣੀ ਇਸ ਦੀ ਜਲ ਵਿਵਸਥਾ ਹੈ। ਇਸ ਸਾਰੀ ਸੱਭਿਅਤਾ ਦੀ ਜੀਵਨ ਰੇਖਾ ਤੁੰਗਭਦਰਾ ਨਦੀ ਸੀ। ਵਿਜੈਨਗਰ ਦੇ ਲੋਕਾਂ ਨੇ ਨਦੀ ਦੇ ਪਾਣੀ ਨੂੰ ਸ਼ਹਿਰ ਦੀਆਂ ਲੋੜਾਂ ਅਨੁਸਾਰ ਵਰਤਣ ਲਈ ਨਹਿਰਾਂ, ਟੈਂਕਾਂ, ਕੁੰਡਾਂ ਅਤੇ ਪਾਣੀ ਦੇ ਹੋਰ ਰਸਤਿਆਂ ਦਾ ਵਿਸ਼ਾਲ ਜਾਲ ਤਿਆਰ ਕੀਤਾ ਹੋਇਆ ਸੀ।
ਅੱਜ ਵੀ ਹੰਪੀ ਦੇ ਇਲਾਕੇ ਵਿੱਚ ਪ੍ਰਾਚੀਨ ਪੱਥਰੀ ਨਹਿਰਾਂ ਅਤੇ ਜਲ ਸੰਰਚਨਾਵਾਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਤੁੰਗਭਦਰਾ ਤੋਂ ਪਾਣੀ ਨੂੰ ਵੱਖ-ਵੱਖ ਰਸਤਿਆਂ ਰਾਹੀਂ ਸ਼ਹਿਰ ਅਤੇ ਖੇਤੀਬਾੜੀ ਵਾਲੇ ਇਲਾਕਿਆਂ ਤੱਕ ਲਿਜਾਇਆ ਜਾਂਦਾ ਸੀ। ਪਾਣੀ ਦੀ ਵਰਤੋਂ ਸਿਰਫ਼ ਪੀਣ ਲਈ ਨਹੀਂ ਬਲਕਿ ਸਿੰਜਾਈ, ਧਾਰਮਿਕ ਰਸਮਾਂ ਅਤੇ ਸ਼ਹਿਰ ਦੀ ਰੋਜ਼ਾਨਾ ਜ਼ਿੰਦਗੀ ਲਈ ਵੀ ਕੀਤੀ ਜਾਂਦੀ ਸੀ। ਇਹ ਜਲ ਪ੍ਰਣਾਲੀ ਇਸ ਗੱਲ ਦਾ ਪ੍ਰਮਾਣ ਹੈ ਕਿ ਵਿਜੈਨਗਰ ਦੇ ਸ਼ਾਸਕਾਂ ਨੂੰ ਸ਼ਹਿਰੀ ਯੋਜਨਾਬੰਦੀ ਅਤੇ ਇੰਜਨੀਅਰਿੰਗ ਦੀ ਡੂੰਘੀ ਸਮਝ ਸੀ। ਕੁਦਰਤੀ ਸਰੋਤਾਂ ਨੂੰ ਆਪਣੇ ਹੱਕ ਵਿੱਚ ਵਰਤਦਿਆਂ ਉਨ੍ਹਾਂ ਨੇ ਇੱਕ ਅਜਿਹਾ ਸ਼ਹਿਰ ਤਿਆਰ ਕੀਤਾ, ਜਿਸ ਵਿੱਚ ਰਾਜਸੀ ਸ਼ਾਨ ਦੇ ਨਾਲ ਲੋਕਾਂ ਦੀਆਂ ਬੁਨਿਆਦੀ ਲੋੜਾਂ ਦਾ ਵੀ ਧਿਆਨ ਰੱਖਿਆ ਗਿਆ। ਹੰਪੀ ਦੇ ਪੁਰਾਣੇ ਬਾਜ਼ਾਰਾਂ ਵਿੱਚ ਖੜ੍ਹ ਕੇ ਮਨ ਵਿੱਚ ਇੱਕ ਹੋਰ ਤਸਵੀਰ ਉੱਭਰਦੀ ਹੈ। ਅੱਜ ਜਿੱਥੇ ਚੁੱਪ ਪੱਸਰੀ ਹੋਈ ਹੈ, ਉੱਥੇ ਕਦੇ ਵਪਾਰੀਆਂ ਦੀਆਂ ਆਵਾਜ਼ਾਂ ਗੂੰਜਦੀਆਂ ਹੋਣਗੀਆਂ। ਘੋੜਿਆਂ, ਮਸਾਲਿਆਂ, ਕੱਪੜਿਆਂ ਅਤੇ ਕੀਮਤੀ ਵਸਤਾਂ ਦਾ ਵਪਾਰ ਹੁੰਦਾ ਹੋਵੇਗਾ।
ਦੂਰ-ਦੂਰ ਤੋਂ ਵਪਾਰੀ ਇੱਥੇ ਆਉਂਦੇ ਹੋਣਗੇ ਅਤੇ ਰਾਜਧਾਨੀ ਦੀਆਂ ਸੜਕਾਂ ’ਤੇ ਲੋਕਾਂ ਦੀ ਭੀੜ ਹੁੰਦੀ ਹੋਵੇਗੀ। ਮੇਰੇ ਲਈ ਹੰਪੀ ਦੀ ਯਾਤਰਾ ਸਿਰਫ਼ ਇੱਕ ਸੈਰ ਨਹੀਂ ਸੀ। ਇਹ ਆਪਣੇ ਹੀ ਦੇਸ਼ ਦੇ ਉਸ ਇਤਿਹਾਸ ਨਾਲ ਮੁਲਾਕਾਤ ਸੀ, ਜਿਸ ਨੂੰ ਅਸੀਂ ਅਕਸਰ ਕਿਤਾਬਾਂ ਦੇ ਕੁਝ ਪੰਨਿਆਂ ਤੱਕ ਸੀਮਤ ਕਰ ਦਿੰਦੇ ਹਾਂ। ਜਦੋਂ ਅੱਖਾਂ ਸਾਹਮਣੇ ਉਹ ਮੰਦਰ, ਪੱਥਰ, ਨਹਿਰਾਂ ਅਤੇ ਵਿਸ਼ਾਲ ਇਮਾਰਤਾਂ ਆਉਂਦੀਆਂ ਹਨ ਤਾਂ ਇਤਿਹਾਸ ਕਿਤਾਬਾਂ ਵਿੱਚੋਂ ਨਿਕਲ ਕੇ ਜਿਊਂਦਾ ਹੋ ਜਾਂਦਾ ਹੈ। ਵਿਰੂਪਾਕਸ਼ ਮੰਦਰ ਦੇ ਸਾਹਮਣੇ ਖੜ੍ਹਿਆਂ ਮੇਰੇ ਮਨ ਵਿੱਚ ਇੱਕ ਸਵਾਲ ਵਾਰ-ਵਾਰ ਉੱਠ ਰਿਹਾ ਸੀ ਕਿ ਸਦੀਆਂ ਪਹਿਲਾਂ ਦੇ ਉਹ ਕਾਰੀਗਰ ਕਿੰਨੀ ਦੂਰਅੰਦੇਸ਼ ਸੋਚ ਦੇ ਮਾਲਕ ਹੋਣਗੇ, ਜਿਨ੍ਹਾਂ ਨੇ ਪੱਥਰਾਂ ਨੂੰ ਸਿਰਫ਼ ਤਰਾਸ਼ਿਆ ਨਹੀਂ ਸਗੋਂ ਉਨ੍ਹਾਂ ਵਿੱਚ ਵਿਗਿਆਨ ਅਤੇ ਸੁੰਦਰਤਾ ਵੀ ਭਰ ਦਿੱਤੀ? ਹੰਪੀ ਸਾਨੂੰ ਇਹ ਸਬਕ ਦਿੰਦੀ ਹੈ ਕਿ ਮਹਾਨ ਸੱਭਿਆਤਾਵਾਂ ਸਿਰਫ਼ ਤਲਵਾਰਾਂ ਨਾਲ ਨਹੀਂ ਬਣਦੀਆਂ। ਉਹ ਗਿਆਨ, ਕਲਾ, ਵਿਗਿਆਨ, ਮਿਹਨਤ ਅਤੇ ਦੂਰਅੰਦੇਸ਼ੀ ਨਾਲ ਬਣਦੀਆਂ ਹਨ। ਸਾਮਰਾਜ ਖ਼ਤਮ ਹੋ ਸਕਦੇ ਹਨ, ਰਾਜੇ ਚਲੇ ਜਾਂਦੇ ਹਨ ਅਤੇ ਮਹਿਲ ਢਹਿ ਸਕਦੇ ਹਨ ਪਰ ਜੇ ਕਿਸੇ ਸੱਭਿਆਚਾਰ ਨੇ ਆਪਣੇ ਪਿੱਛੇ ਅਜਿਹੀ ਕਲਾ ਅਤੇ ਗਿਆਨ ਛੱਡ ਦਿੱਤਾ ਹੋਵੇ ਤਾਂ ਉਹ ਕਦੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦਾ।
ਹੰਪੀ ਅੱਜ ਵੀ ਹਿੱਕ ਤਾਣ ਕੇ ਖੜ੍ਹੀ ਹੈ। ਆਪਣੀਆਂ ਟੁੱਟੀਆਂ ਕੰਧਾਂ, ਖਾਮੋਸ਼ ਮੰਡਪਾਂ, ਪ੍ਰਾਚੀਨ ਮੰਦਰਾਂ ਅਤੇ ਤੁੰਗਭਦਰਾ ਦੇ ਵਗਦੇ ਪਾਣੀ ਦੇ ਨਾਲ-ਨਾਲ ਵਿਰਾਸਤ ਨੂੰ ਜਿਊਂਦਾ ਰੱਖ ਰਹੀ ਹੈ। ਸੂਰਜ ਦੀਆਂ ਕਿਰਨਾਂ ਅੱਜ ਵੀ ਇਨ੍ਹਾਂ ਪੱਥਰਾਂ ਨੂੰ ਛੂੰਹਦੀਆਂ ਹਨ। ਨਦੀ ਅੱਜ ਵੀ ਵਗਦੀ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਜਿਨ੍ਹਾਂ ਰਸਤਿਆਂ ’ਤੇ ਕਦੇ ਵਿਜੈਨਗਰ ਦੇ ਲੋਕ ਤੁਰਦੇ ਸਨ, ਉਨ੍ਹਾਂ ਰਸਤਿਆਂ ’ਤੇ ਅੱਜ ਇਤਿਹਾਸ ਨੂੰ ਮਹਿਸੂਸ ਕਰਨ ਵਾਲੇ ਯਾਤਰੀ ਤੁਰਦੇ ਹਨ। ਹੰਪੀ ਤੋਂ ਵਾਪਸ ਆਉਂਦਿਆਂ ਮੇਰੇ ਮਨ ਵਿੱਚ ਇੱਕ ਗੱਲ ਪੱਕੀ ਹੋ ਗਈ ਕਿ ਇਤਿਹਾਸ ਸਿਰਫ਼ ਪੜ੍ਹਿਆ ਨਹੀਂ ਜਾਂਦਾ, ਕਈ ਵਾਰ ਉਸ ਨੂੰ ਛੂਹਿਆ, ਦੇਖਿਆ ਅਤੇ ਮਹਿਸੂਸ ਵੀ ਕੀਤਾ ਜਾ ਸਕਦਾ ਹੈ ਅਤੇ ਹੰਪੀ ਇਸ ਦੀ ਸਭ ਤੋਂ ਖੂਬਸੂਰਤ ਮਿਸਾਲ ਹੈ।
ਸੰਪਰਕ: 94633-17199

