ਪੰਜਾਬ ਦਾ ਸੁਪਨਦਰਸ਼ੀ ਮੁੱਖ ਮੰਤਰੀ - ਸਰਦਾਰ ਪ੍ਰਤਾਪ ਸਿੰਘ ਕੈਰੋਂ

ਪੰਜਾਬ ਦਾ ਸੁਪਨਦਰਸ਼ੀ ਮੁੱਖ ਮੰਤਰੀ - ਸਰਦਾਰ ਪ੍ਰਤਾਪ ਸਿੰਘ ਕੈਰੋਂ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਤੋਂ ਪਰਦਾ ਉਠਾਉਂਦੇ ਹੋਏ ਪ੍ਰਤਾਪ ਸਿੰਘ ਕੈਰੋਂ।

ਸੁਭਾਸ਼ ਪਰਿਹਾਰ
ਇਕ ਪੁਸਤਕ - ਇਕ ਨਜ਼ਰ

ਆਜ਼ਾਦੀ ਦੇ ਬਾਅਦ ਦੇ ਅਣਵੰਡੇ ਪੰਜਾਬ ਦੀ ਕਿਸੇ ਵੀ ਵੱਡੀ ਸੰਸਥਾ ਦਾ ਨਾਂ ਲਵੋ- ਭਾਖੜਾ ਡੈਮ (ਨੰਗਲ), ਚੰਡੀਗੜ੍ਹ ਸ਼ਹਿਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ), ਪੰਜਾਬੀ ਯੂਨੀਵਰਸਿਟੀ (ਪਟਿਆਲਾ), ਕੁਰੂਕਸ਼ੇਤਰ ਯੂਨੀਵਰਸਿਟੀ (ਕੁਰੂਕਸ਼ੇਤਰ), ਪੀ.ਜੀ.ਆਈ. (ਚੰਡੀਗੜ੍ਹ), ਮੈਡੀਕਲ ਕਾਲਜ (ਰੋਹਤਕ), ਵੇਰਕਾ ਮਿਲਕ ਪਲਾਂਟ (ਵੇਰਕਾ), ਐਸਕਾੱਰਟ ਟ੍ਰੈਕਟਰਜ਼ (ਫ਼ਰੀਦਾਬਾਦ), ਐੱਚ.ਐੱਮ.ਟੀ. (ਪਿੰਜੌਰ)- ਇਨ੍ਹਾਂ ਸਭਨਾਂ ਦਾ ਸੰਸਥਾਪਕ ਇੱਕੋ ਵਿਅਕਤੀ ਸੀ - ਸਰਦਾਰ ਪ੍ਰਤਾਪ ਸਿੰਘ ਕੈਰੋਂ ਜੋ 23 ਜਨਵਰੀ 1956 ਤੋਂ 21 ਜੂਨ 1964 ਤੀਕ, ਅੱਠ ਸਾਲ ਤੋਂ ਵੀ ਵੱਧ ਸਮਾਂ ਤਤਕਾਲੀਨ ਪੰਜਾਬ (ਵਰਤਮਾਨ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਭਾਗ) ਦਾ ਮੁੱਖ ਮੰਤਰੀ ਰਿਹਾ। ਪੰਜਾਬ ਦਾ ਇੱਕੋ-ਇੱਕ ਸੁਪਨਦਰਸ਼ੀ ਮੁੱਖ ਮੰਤਰੀ ਜਿਸ ਦਾ ਸੁਪਨਾ ਸੀ ਪੰਜਾਬ ਨੂੰ ਹਰ ਤਰ੍ਹਾਂ ਨਾਲ ਮੁਲਕ ਦੀ ਉੱਤਮ ਸਟੇਟ ਬਣਾਉਣਾ। ਉਸ ਦਾ ਕਹਿਣਾ ਸੀ: “ਮੈਂ ਪੰਜਾਬ ਨੂੰ ਜਰਮਨੀ ਬਣਾ ਦਿਆਂਗਾ।’’ ਇਹ ਉਸ ਦੀ ਫ਼ੋਕੀ ਫੜ੍ਹ ਨਹੀਂ ਸੀ ਸਗੋਂ ਸੱਚੀਓਂ ਉਸ ਦਾ ਸੁਪਨਾ ਸੀ। ਇਸ ਨੂੰ ਪੰਜਾਬ ਦੀ ਬਦਕਿਸਮਤੀ ਕਹਿ ਲਓ ਕਿ ਰਾਜਨੀਤਕ ਖਹਿਬਾਜ਼ੀ ਵਿਚ ਇਸ ਨੇ ਕੈਰੋਂ ਵਰਗਾ ਮੁੱਖ ਮੰਤਰੀ ਗੁਆ ਲਿਆ ਅਤੇ ਇਸ ਤੋਂ ਬਾਅਦ ਪੰਜਾਬ ਨੂੰ ਦੁਬਾਰਾ ਉਸ ਵਰਗਾ ਲੀਡਰ ਨਹੀਂ ਮਿਲਿਆ। ਗਰਕਦਾ ਗਰਕਦਾ ਪੰਜਾਬ ਅੱਜ ਦੀ ਸ਼ਰਮਨਾਕ ਸਥਿਤੀ ਵਿਚ ਪਹੁੰਚ ਗਿਆ ਹੈ ਜਿਸ ਦੇ ਨੇਤਾ ਮੌਕਾਪ੍ਰਸਤ ਹਨ ਅਤੇ ਹਰ ਹੀਲੇ ਅਥਾਹ ਧਨ ਇੱਕਠਾ ਕਰਨ ਦੀ ਚੂਹਾ-ਦੌੜ ਵਿਚ ਲੱਗੇ ਹੋਏ ਹਨ; ਉਨ੍ਹਾਂ ਨੂੰ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਕੋਈ ਫ਼ਿਕਰ ਨਹੀਂ।

ਲੀ ਕਾਰਬੂਜ਼ੀਏ ਨਾਲ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਅਤੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ।

ਮੈਂ ਅਰਸੇ ਤੋਂ ਮਹਿਸੂਸ ਕਰ ਰਿਹਾ ਸੀ ਕਿ ਸਰਦਾਰ ਕੈਰੋਂ ਵਰਗੀ ਕੱਦਾਵਰ ਸ਼ਖ਼ਸੀਅਤ ਇਕ ਬਿਹਤਰੀਨ ਜੀਵਨੀ ਦੀ ਹੱਕਦਾਰ ਹੈ। ਪਰ ਅੱਜ ਦੇ ਸਮਿਆਂ ਵਿਚ ਲੇਖਕ ਵੀ ਸੇਵਾ ਦਾ ਤੁਰੰਤ ਮੇਵਾ ਭਾਲਦੇ ਹਨ ਅਤੇ ਪ੍ਰਾਪਤ ਕਰ ਵੀ ਲੈਂਦੇ ਹਨ। ਅਜਿਹੇ ਸਮਿਆਂ ਵਿਚ ਕਿਸ ਨੂੰ ਵਿਹਲ ਕਿ ਆਰਕਾਈਵਜ਼ ਵਿਚ ਰਿਕਾਰਡ ਦੀ ਧੂੜ ਝਾੜਦਾ ਫ਼ਿਰੇ! ਆਖ਼ਰ ਨੂੰ ਆਪਣਾ ਸਿਰ ਆਪ ਹੀ ਗੁੰਦਣਾ ਪਿਆ। ਕੈਰੋਂ ਦੇ ਛੋਟੇ ਬੇਟੇ ਗੁਰਿੰਦਰ ਸਿੰਘ ਕੈਰੋਂ ਨੇ ਆਈ.ਏ.ਐੱਸ. ਅਫ਼ਸਰ ਲੇਖਕ ਮੀਤਾ ਰਾਜੀਵਲੋਚਨ ਅਤੇ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦੇ ਪ੍ਰੋਫ਼ੈਸਰ ਐੱਮ. ਰਾਜੀਵਲੋਚਨ ਨਾਲ ਮਿਲ ਕੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਜੀਵਨੀ ਲਿਖੀ ਹੈ ਜੋ ਅੰਗਰੇਜ਼ੀ ਭਾਸ਼ਾ ਵਿਚ ਹੈ। ਪ੍ਰਸਿੱਧ ਪੁਸਤਕ ਪ੍ਰਕਾਸ਼ਕ ਰੂਪਾ (ਦਿੱਲੀ) ਨੇ ਇਸ ਨੂੰ ਖ਼ੂਬਸੂਰਤ ਦਿੱਖ ਵਿਚ ਛਾਪਿਆ ਹੈ।

ਅਮਰੀਕਾ ’ਚ ਵਿਦਿਆਰਥੀ ਜੀਵਨ ਦੌਰਾਨ ਸ੍ਰੀ ਕੈਰੋਂ।

ਸਰਦਾਰ ਪ੍ਰਤਾਪ ਸਿੰਘ ਕੈਰੋਂ ਮਾਝੇ ਦੇ ਪਿੰਡ ਕੈਰੋਂ (ਵਰਤਮਾਨ ਜ਼ਿਲ੍ਹਾ ਤਰਨ ਤਾਰਨ) ਦੇ ਚੇਤੰਨ ਪਰਿਵਾਰ ਦਾ ਜੰਮਪਲ ਸੀ। ਪਿਤਾ ਸਰਦਾਰ ਨਿਹਾਲ ਸਿੰਘ (1863-1927) ਵਿਦਿਆ ਦਾ ਮਹੱਤਵ ਜਾਣਦਾ ਸੀ। ਇਸ ਲਈ ਉਸ ਨੇ ਆਪਣੇ ਬੇਟੇ ਨੂੰ ਪੜ੍ਹਨ ਲਈ ਪਹਿਲੇ ਕੋਲੋਨਲ ਬ੍ਰਾਊਨ ਕੈਂਬ੍ਰਿਜ ਸਕੂਲ (ਦੇਹਰਾਦੂਨ), ਫ਼ੇਰ ਖ਼ਾਲਸਾ ਕਾਲਜ (ਅੰਮ੍ਰਿਤਸਰ) ਅਤੇ ਇਸ ਮਗਰੋਂ ਉੱਚ ਸਿੱਖਿਆ ਲਈ ਅਮਰੀਕਾ ਭੇਜਿਆ ਜਿੱਥੋਂ ਉਹ ਯੂਨੀਵਰਸਿਟੀ ਆੱਫ਼ ਕੈਲੀਫ਼ੋਰਨੀਆ ਐਟ ਬਰਕਲੇ ਤੋਂ ਐੱਮ.ਏ. (ਇਕਨਾਮਿਕਸ), ਅਤੇ ਯੂਨੀਵਰਸਿਟੀ ਆੱਫ਼ ਮਿਸ਼ੀਗਨ ਤੋਂ ਐੱਮ.ਏ. (ਪੋਲੀਟੀਕਲ ਸਾਇੰਸ) ਦੀਆਂ ਡਿਗਰੀਆਂ ਪ੍ਰਾਪਤ ਕਰਕੇ 1929 ਵਿਚ ਮੁੜਿਆ।

ਇੱਥੇ ਆ ਕੇ ਉਸਨੇ ਅੰਮ੍ਰਿਤਸਰ ਤੋਂ ਹਫ਼ਤਾਵਾਰੀ ਅੰਗਰੇਜ਼ੀ ਮੈਗ਼ਜ਼ੀਨ ‘ਨਿਊ ਇਰਾ’(New Era) ਕੱਢਣਾ ਸ਼ੁਰੂ ਕੀਤਾ। ਕੁਝ ਸਮੇਂ ਮਗਰੋਂ ਸਿਵਿਲ ਨਾ-ਫ਼ਰਮਾਨੀ ਅੰਦੋਲਨ ਵਿਚ ਹਿੱਸਾ ਲੈਣ ਕਾਰਨ 5 ਸਾਲ ਦੀ ਜੇਲ੍ਹ ਹੋ ਗਈ। 1937 ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ, ਪਰ 1941 ਵਿਚ ਕਾਂਗਰਸੀ ਬਣ ਗਿਆ। 1942 ਵਿਚ ਭਾਰਤ ਛੱਡੋ ਅੰਦੋਲਨ ਵਿਚ ਭਾਗ ਲੈਣ ਕਾਰਣ ਫਿਰ ਜੇਲ੍ਹ ਹੋਈ।

1947 ਨੂੰ ਬ੍ਰਿਟਿਸ਼ ਹਾਕਮਾਂ ਤੋਂ ਆਜ਼ਾਦ ਹੋਣ ਮਗਰੋਂ ਦਿੱਲੀ ਦੇ ਉੱਤਰ-ਪੱਛਮ ਦਾ ਸਾਰਾ ਇਲਾਕਾ ਅਸਤ-ਵਿਅਸਤ ਸੀ। ਇੱਧਰ ਦਾ ਜਿੰਨਾ ਇਲਾਕਾ ਬ੍ਰਿਟਿਸ਼ ਹਕੂਮਤ ਦੇ ਸਿੱਧੇ ਤੌਰ ’ਤੇ ਥੱਲੇ ਸੀ ਉਸ ਨੂੰ ‘ਪੰਜਾਬ’ ਦਾ ਨਾਂ ਦਿੱਤਾ ਗਿਆ ਅਤੇ 1948 ਵਿਚ ਮਾਲਵੇ ਦੇ ਰਾਜਿਆਂ ਦੇ ਰਾਜ ਮਿਲਾ ਕੇ ‘ਪੈਪਸੂ’ ਨਾਂ ਦਾ ਸੂਬਾ ਬਣਾ ਦਿੱਤਾ ਗਿਆ ਜੋ 1956 ਤੀਕ ਹੋਂਦ ਵਿਚ ਰਿਹਾ ਅਤੇ ਇਸ ਮਗਰੋਂ ਇਸ ਨੂੰ ਵੀ ਪੰਜਾਬ ਵਿਚ ਮਿਲਾ ਦਿੱਤਾ ਗਿਆ।

ਪ੍ਰਤਾਪ ਸਿੰਘ ਕੈਰੋਂ ਅਤੇ ਜਵਾਹਰਲਾਲ ਨਹਿਰੂ।

ਆਜ਼ਾਦ ਮੁਲਕ ਦੀ ਪਹਿਲੀ ਸਰਕਾਰ ਵਿਚ ਕੈਰੋਂ ਮੁੜ-ਵਸੇਬਾ ਮੰਤਰੀ ਬਣਿਆ। ਇਹ ਬਹੁਤ ਨਾਜ਼ੁਕ ਦੌਰ ਸੀ। ਪਾਕਿਸਤਾਨ ਤੋਂ 30 ਲੱਖ ਸ਼ਰਨਾਰਥੀ ਆਪਣਾ ਘਰ-ਘਾਟ ਗੁਆ ਕੇ ਭਾਰਤ ਵਿਚ ਆ ਗਏ ਸਨ। ਇਨ੍ਹਾਂ ਨੂੰ ਭਾਰਤੀ ਪੰਜਾਬ ਵਿਚ ਮੁੜ-ਵਸਾਉਣ ਦਾ ਮੁਸ਼ਕਿਲ ਕੰਮ ਕੈਰੋਂ ਦੇ ਜ਼ਿੰਮੇ ਲੱਗਿਆ ਜੋ ਉਸ ਨੇ ਸਰਦਾਰ ਤ੍ਰਿਲੋਕ ਸਿੰਘ ਅਤੇ ਮਹਿੰਦਰ ਸਿੰਘ ਰੰਧਾਵਾ ਵਰਗੇ ਸੁੱਘੜ ਅਫ਼ਸਰਾਂ ਦੀ ਮਦਦ ਨਾਲ ਸਫ਼ਲਤਾਪੂਰਵਕ ਸਿਰੇ ਲਾ ਦਿੱਤਾ। ਡਾਕਟਰ ਮਹਿੰਦਰ ਸਿੰਘ ਰੰਧਾਵਾ ਆਪਣੀ ਸਵੈ-ਜੀਵਨੀ ‘ਆਪ-ਬੀਤੀ’ ਵਿਚ ਲਿਖਦਾ ਹੈ ਕਿ ਸਿਆਸੀ ਲੀਡਰਾਂ ਵਿਚੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ, ਸ. ਦਰਬਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਸ਼ਰਨਾਰਥੀਆਂ ਦੇ ਮਾਮਲਿਆਂ ਵਿਚ ਭਾਰੀ ਦਿਲਚਸਪੀ ਲੈਂਦੇ ਸਨ। ਜਿੱਥੇ ਕਿਤੇ ਬੇਇਨਸਾਫ਼ੀ ਵੇਖਦੇ, ਇਹ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਮੇਰੇ ਪਾਸ ਲੈ ਆਉਂਦੇ।

1953-55 ਦੌਰਾਨ ਕੈਰੋਂ ਪੰਜਾਬ ਦਾ ਵਿਕਾਸ ਮੰਤਰੀ ਬਣ ਗਿਆ। ਡਾ. ਰੰਧਾਵਾ ਨੂੰ ਉਸ ਨੇ ਆਪਣੇ ਨਾਲ ਵਿਕਾਸ ਕਮਿਸ਼ਨਰ ਲਾਇਆ। ਸਵੈ-ਜੀਵਨੀ ਵਿਚ ਰੰਧਾਵਾ ਲਿਖਦਾ ਹੈ: “ਇਕ ਦਿਨ ਕੈਰੋਂ ਨੇ ਆਪਣੇ ਘਰ ਰਾਤ ਦੇ ਖਾਣੇ ’ਤੇ ਸੱਦਿਆ। ਮੈਂ ਵੇਖਿਆ ਕਿ ਉਹ ਥਾਲੀ ਚੁੱਕ ਕੇ ਜਿਸ ਵਿਚ ਮਾਂਹ ਦੀ ਦਾਲ ਅਤੇ ਇਕ ਸਬਜ਼ੀ ਸੀ, ਮੇਰੇ ਲਈ ਆਪ ਲੈ ਆਇਆ। ਉਸ ਦੀ ਨਿਮਰਤਾ ਦਾ ਮੇਰੇ ਉਪਰ ਬੜਾ ਅਸਰ ਹੋਇਆ। ਲੋਕਾਂ ਵਿਚ ਤਾਂ ਆਮ ਇਹੀ ਮਸ਼ਹੂਰ ਸੀ ਕਿ ਕੈਰੋਂ ਬਹੁਤ ਕੌੜਾ ਆਦਮੀ ਹੈ ਤੇ ਅਫ਼ਸਰਾਂ ਨਾਲ ਅੱਛਾ ਸਲੂਕ ਨਹੀਂ ਕਰਦਾ। ਪਰ ਅਜਿਹਾ ਉਹ ਨਾਲਾਇਕ ਅਤੇ ਬੇਈਮਾਨ ਅਫ਼ਸਰਾਂ ਨਾਲ ਕਰਦਾ ਸੀ। ਦਰਅਸਲ ਕੈਰੋਂ ਚਾਹੁੰਦਾ ਸੀ ਕਿ ਪੰਜਾਬ ਦੇ ਅਫ਼ਸਰ ਫੁਰਤੀ ਨਾਲ ਕੰਮ ਕਰਨ ਤੇ ਸਟੇਟ ਜਲਦੀ ਤਰੱਕੀ ਕਰੇ।’’ ਰੰਧਾਵਾ ਮੁਤਾਬਿਕ “ਕੈਰੋਂ ਇੰਨਾ ਮਸਰੂਫ਼ ਰਹਿੰਦਾ ਸੀ ਕਿ ਉਸਨੂੰ ਆਪਣੇ ਘਰ ਦੀ ਸੁਧ ਨਹੀਂ ਸੀ।’’

23 ਜਨਵਰੀ 1956 ਨੂੰ ਕੈਰੋਂ ਮੁੱਖ ਮੰਤਰੀ ਬਣ ਗਿਆ।

1956 ਦਾ ਪੰਜਾਬ ਬਹੁਤ ਵੱਡੀ ਸਟੇਟ ਸੀ। ਧਾਰਮਿਕ ਆਧਾਰ ਵਾਲੇ ਅਕਾਲੀ ਦਲ ਨੂੰ ਲੱਗਾ ਕਿ ਇਸ ਸਟੇਟ ਵਿਚ ਕਦੇ ਵੀ ਉਨ੍ਹਾਂ ਦੀ ਸਰਕਾਰ ਬਣਨ ਦੀ ਸੰਭਾਵਨਾ ਨਾਂ ਦੇ ਬਰਾਬਰ ਸੀ। ਧਰਮ ਨੂੰ ਛੱਡ ਕੇ ਇਸ ਪਾਰਟੀ ਕੋਲ ਕਦੇ ਕੋਈ ਹੋਰ ਪ੍ਰੋਗਰਾਮ ਹੋਇਆ ਹੀ ਨਹੀਂ ਜਿਸ ’ਤੇ ਇਹ ਚੋਣ ਲੜ ਕੇ ਜਿੱਤ ਸਕਣ। ਇਸ ਲਈ ਉਨ੍ਹਾਂ ਨੇ ਪੰਜਾਬੀ ਭਾਸ਼ਾ ਦਾ ਭਾਵੁਕ ਮੁੱਦਾ ਲੈ ਕੇ ਮੰਗ ਕੀਤੀ ਕਿ ਇਸ ਭਾਸ਼ਾ ਦੀ ਤਰੱਕੀ ਲਈ ‘ਪੰਜਾਬੀ ਸੂਬਾ’ ਬਣਨਾ ਚਾਹੀਦਾ ਹੈ। ਹਾਲੇ 1947 ਵਿਚ ਪੰਜਾਬ ਦੀ ਵੰਡ ਹੋਈ ਨੂੰ ਇੱਕ ਦਹਾਕਾ ਵੀ ਨਹੀਂ ਸੀ ਹੋਇਆ ਜਿਸ ਵਿਚ 10 ਲੱਖ ਲੋਕ ਮਾਰੇ ਗਏ ਸਨ ਅਤੇ ਲੱਖਾਂ ਲੋਕ ਸ਼ਰਨਾਰਥੀ ਬਣ ਗਏ ਸਨ। 47 ਸਾਲ ਦੇ ਕੈਰੋਂ ਨੇ ਇਹ ਸਭ ਅੱਖੀਂ ਵੇਖਿਆ ਸੀ। ਉਹ ਕਿਵੇਂ ਚਾਹ ਸਕਦਾ ਸੀ ਕਿ ਪੰਜਾਬ ਨੂੰ ਭਾਸ਼ਾ ਦੇ ਆਧਾਰ ’ਤੇ ਇੱਕ ਵਾਰ ਫੇਰ ਵੰਡਿਆ ਜਾਵੇ?

ਇਕ ਮੇਲੇ ਦੌਰਾਨ ਪ੍ਰਤਾਪ ਸਿੰਘ ਕੈਰੋਂ ਅਤੇ ਚੌਧਰੀ ਦੇਵੀ ਲਾਲ ਊਠ ਦੀ ਸਵਾਰੀ ਦਾ ਆਨੰਦ ਮਾਣਦਿਆਂ।

ਦੂਜੇ ਪਾਸੇ ਕੁਝ ਤੁਅੱਸਬੀ ਅੰਸ਼ ਸਾਰੇ ਪੰਜਾਬ ’ਤੇ ਹਿੰਦੀ ਭਾਸ਼ਾ ਥੋਪਣਾ ਚਾਹੁੰਦੇ ਸਨ ਜੋ ਕਿ ਭਾਰਤ ਵਰਗੇ ਬਹੁਭਾਸ਼ੀ ਮੁਲਕ ਵਿਚ ਸੰਭਵ ਹੀ ਨਹੀਂ ਹੈ। ਕੈਰੋਂ ਪੰਜਾਬੀ ਭਾਸ਼ਾ ਦਾ ਦੁਸ਼ਮਣ ਨਹੀਂ ਸੀ। ਪੰਜਾਬੀ ਦੇ ਵਿਕਾਸ ਲਈ ਉਸ ਨੇ ਪਟਿਆਲੇ ਵਿਖੇ ‘ਪੰਜਾਬੀ ਯੂਨੀਵਰਸਿਟੀ’ ਬਣਾ ਦਿੱਤੀ ਸੀ। ਉਹ ਹਿੰਦੀ ਥੋਪਣ ਵਾਲੀ ਫ਼ਿਰਕਾਪ੍ਰਸਤ ਸੋਚ ਦਾ ਵੀ ਓਨਾ ਹੀ ਵਿਰੋਧੀ ਸੀ, ਪਰ ਅਕਾਲੀਆਂ ਦੀ ਮੰਗ ਬਹੁਤ ਪਾਰਦਰਸ਼ੀ ਸੀ ਜਿਸ ਪਿੱਛੇ ਅਸਲ ਮੰਤਵ ਸਾਫ਼ ਦਿਸਦਾ ਸੀ। ਕੈਰੋਂ ਦੀ ਕਾਫ਼ੀ ਤਾਕਤ ਅਕਾਲੀਆਂ ਨਾਲ ਨਜਿੱਠਣ ’ਤੇ ਖਰਚ ਹੋ ਗਈ।

ਕੈਰੋਂ ਨੇ ਭਾਖੜਾ ਡੈਮ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ। ਇਸ ਲਈ ਪੈਸਾ ਚਾਹੀਦਾ ਸੀ। ਇਸ ਦੇ ਪਾਣੀ ਤੋਂ ਜਿਨ੍ਹਾਂ ਕਿਸਾਨਾਂ ਨੂੰ ਲਾਭ ਮਿਲਿਆ ਉਨ੍ਹਾਂ ’ਤੇ ਕੁਝ ਟੈਕਸ ਲਾ ਦਿੱਤਾ ਤਾਂ ਕਾਮਰੇਡਾਂ ਨੇ ਐਜੀਟੇਸ਼ਨਾਂ ਸ਼ੁਰੂ ਕਰ ਦਿੱਤੀਆਂ। ਕਾਮਰੇਡਾਂ ਨੂੰ ਪਤਾ ਨਹੀਂ ਸੀ ਕਿ ਲੈਨਿਨ ਕੈਰੋਂ ਦਾ ਰੋਲ ਮਾਡਲ ਰਿਹਾ ਸੀ। ਪਰ ਜ਼ਮੀਨੀ ਸਚਾਈਆਂ ਤੋਂ ਵੀ ਮੂੰਹ ਕਿਵੇਂ ਮੋੜਿਆ ਜਾ ਸਕਦਾ ਸੀ?

ਇਨ੍ਹਾਂ ਦੇ ਨਾਲ ਹੀ ਕਾਂਗਰਸ ਪਾਰਟੀ ਵਿਚ ਅੰਦਰੂਨੀ ਵਿਰੋਧ ਵੀ ਸੀ। ਇਹ ਸਭ ਕੁਝ ਹੋਣ ਦੇ ਬਾਵਜੂਦ ਕੈਰੋਂ ਨੇ ਪੰਜਾਬ ਲਈ ਜੋ ਕੁਝ ਕੀਤਾ, ਹਰ ਪੱਖੋਂ ਕਾਬਿਲ-ਏ-ਤਾਰੀਫ਼ ਸੀ। ਸ਼ਰਮਨਾਕ ਤਾਂ ਇਹ ਸੀ ਕਿ ਰਾਮ ਕਿਸ਼ਨ ਦੀ ਚੀਫ਼ ਮਨਿਸਟਰੀ ਸਮੇਂ ਤਤਕਾਲੀਨ ਸਿੱਖਿਆ ਮੰਤਰੀ ਪ੍ਰਬੋਧ ਚੰਦਰ ਨੇ ਸਕੂਲਾਂ ਦੀਆਂ ਪਾਠ-ਪੁਸਤਕਾਂ ਵਿਚੋਂ ਕੈਰੋਂ ਦਾ ਜ਼ਿਕਰ ਬਿਲਕੁਲ ਮਨਫ਼ੀ ਕਰਵਾ ਦਿੱਤਾ।

ਹੋਰ ਖੇਤਰਾਂ ਦੇ ਨਾਲ ਨਾਲ ਕੈਰੋਂ ਦੀ ਪੰਜਾਬ ਨੂੰ ਸਭ ਤੋਂ ਵੱਡੀ ਦੇਣ ਸੀ - ਜ਼ਮੀਨਾਂ ਦੀ ਮੁਰੱਬਾਬੰਦੀ। ਇਸ ਤੋਂ ਪਹਿਲੇ ਕਿਸਾਨਾਂ ਦੀਆਂ ਜ਼ਮੀਨਾ ਬੇਢਬੇ ਟੁਕੜਿਆਂ ਵਿਚ ਵੰਡੀਆਂ ਹੋਈਆਂ ਸਨ। ਕੋਈ ਵੱਟ ਸਿੱਧੀ ਨਹੀਂ ਸੀ। ਇੱਕ ਕਿਸਾਨ ਦੀਆਂ ਜ਼ਮੀਨਾਂ ਦੇ ਟੋਟੇ ਵੱਖ-ਵੱਖ ਥਾਵਾਂ ’ਤੇ ਸਨ। ਅੰਗਰੇਜ਼ਾਂ ਨੇ ਲਾਇਲਪੁਰ, ਮਿੰਟਗੁਮਰੀ ਅਤੇ ਸ਼ੇਖ਼ੂਪੁਰੇ ਦੇ ਖਾਲੀ ਪਏ ਇਲਾਕਿਆਂ ਨੂੰ ਖੇਤੀਯੋਗ ਬਣਾ ਕੇ ਜੋ ਨਹਿਰੀ ਕਾਲੋਨੀਆਂ ਵਸਾਈਆਂ ਸਨ ਉਨ੍ਹਾਂ ਦੀ ਵਿਉਂਤਬੰਦੀ ਬਹੁਤ ਵਧੀਆ ਸੀ। ਇਸ ਵਿਚ 25-25 ਕਿੱਲਿਆਂ ਦੇ ਮਤਲਬ ਕਿ 200-200 ਕਨਾਲ ਦੇ ਚੌਰਸ ਮੁਰੱਬੇ ਸਨ। ਹਰ ਮੁਰੱਬੇ ਦਾ, ਹਰ ਕਿੱਲੇ ਦਾ ਆਪਣਾ ਆਪਣਾ ਨੰਬਰ ਸੀ। ਕੈਰੋਂ ਨੇ ਸਾਰੇ ਪੰਜਾਬ ਵਿਚ ਜ਼ਮੀਨਾਂ ਦੀ ਮੁਰੱਬੇਬੰਦੀ ਕਰਵਾ ਕੇ ਹਰ ਕਿਸਾਨ ਦੀ ਜ਼ਮੀਨ ਇੱਕਠੀ ਇੱਕ ਥਾਂ ਕਰ ਦਿੱਤੀ। ਜਿੱਥੇ ਕਿਸੇ ਜ਼ਿਮੀਂਦਾਰ ਦਾ ਵੱਧ ਤੋਂ ਵੱਧ ਰਕਬਾ ਹੈ, ਉੱਥੇ ਹੀ ਉਸ ਦਾ ਚੱਕ ਬਣਾ ਦਿੱਤਾ। ਹਰ ਖੇਤ ਨੂੰ ਨਹਿਰੀ ਖ਼ਾਲ ਲੱਗਦਾ ਕਰ ਦਿੱਤਾ। ਪਿੰਡਾਂ ਵਿੱਚ ਸਕੂਲ, ਹਸਪਤਾਲ ਤੇ ਹੋਰ ਜ਼ਰੂਰੀ ਸਾਂਝੇ ਕੰਮਾਂ ਲਈ ਜ਼ਮੀਨ ਛੱਡੀ ਗਈ। ਸਾਰੇ ਰਾਹ ਸਿੱਧੇ ਕਰ ਦਿੱਤੇ। ਇਸ ਸਭ ਪਿੱਛੇ ਡਾ. ਰੰਧਾਵਾ ਦਾ ਦਿਮਾਗ਼ ਵੀ ਕੰਮ ਕਰ ਰਿਹਾ ਸੀ। ਭਾਖੜਾ ਡੈਮ ਨੂੰ ਅੰਗਰੇਜ਼ਾਂ ਕੋਲੋਂ ਪਾਸ ਕਰਵਾ ਕੇ ਭਾਵੇਂ ਚੌਧਰੀ ਛੋਟੂ ਰਾਮ ਨੇ ਜ਼ਮੀਨ ਅਲਾਟ ਕਰਵਾ ਲਈ ਸੀ, ਪਰ ਇਸ ਦੀ ਉਸਾਰੀ ਕੈਰੋਂ ਨੇ ਕਾਰਵਾਈ ਸੀ। ਸਾਰੀ ਜ਼ਮੀਨ ਨੂੰ ਪਾਣੀ ਮਿਲਣ ਲੱਗਾ। ਜ਼ਮੀਨੀ ਪਾਣੀ ਦਾ ਪੱਧਰ ਉੱਚਾ ਹੋ ਗਿਆ।

ਮੁਰੱਬਾਬੰਦੀ ਵਿਚ ਪਟਵਾਰੀਆਂ ਦੀ ਤਾਕਤ ਦੀ ਦੁਰਵਰਤੋਂ ਹੋਣ ਦੀ ਪੂਰੀ ਸੰਭਾਵਨਾ ਸੀ। ਡਾ. ਰੰਧਾਵਾ ਲਿਖਦਾ ਹੈ ਕਿ “ਕੈਰੋਂ ਨੇ ਆਪਣੀ ਖ਼ੁਫ਼ੀਆ ਏਜੰਸੀ ਬਣਾਈ ਹੋਈ ਸੀ ਜਿਸ ਦਾ ਮੋਢੀ ਮਾਸਟਰ ਚਰਨਜੀਤ ਸਿੰਘ ਇਕ ਕਾਂਗਰਸੀ ਸੋਸ਼ਲ ਵਰਕਰ ਸੀ। ਜਦ ਕੋਈ ਸ਼ਿਕਾਇਤ ਆਉਂਦੀ ਚਰਨਜੀਤ ਅਤੇ ਉਸ ਦੇ ਸਾਥੀ ਸਾਧੂ ਦੇ ਭੇਸ ਵਿਚ ਉੱਥੇ ਪਹੁੰਚ ਜਾਂਦੇ ਤੇ ਪੁੱਛਗਿੱਛ ਕਰਦੇ। ਇਸ ਤੋਂ ਇਲਾਵਾ ਇੱਕ ਫ਼ਲਾਇੰਗ ਸਕੁਐਡ ਬਣਾਇਆ ਜਿਸ ਕੋਲ ਦੋ-ਤਿੰਨ ਮੋਟਰ-ਗੱਡੀਆਂ ਸਨ। ਇਸ ਸਕੁਐਡ ਵਿਚ ਅਜਿਹੇ ਅਫ਼ਸਰ ਰੱਖੇ ਜੋ ਇਮਾਨਦਾਰੀ ਲਈ ਮਸ਼ਹੂਰ ਸਨ। ਜਦ ਕੋਈ ਸ਼ਿਕਾਇਤ ਆਉਂਦੀ ਤਾਂ ਉਹ ਮੌਕੇ ’ਤੇ ਜਾ ਕੇ ਤਫ਼ਤੀਸ਼ ਕਰਦੇ। ਕੈਰੋਂ ਦੇ ਇਸ ਕਦਮ ਨੇ ਪੰਜਾਬ ਨੂੰ ਬਾਕੀ ਸੂਬਿਆਂ ਤੋਂ ਕਈ ਕਦਮ ਅੱਗੇ ਕਰ ਦਿੱਤਾ। ਡਾ. ਰੰਧਾਵਾ ਕੈਰੋਂ ਨੂੰ “ਉਹ ਜੋਤ” ਕਹਿੰਦਾ ਹੈ “ਜਿਸ ਨੇ ਪੰਜਾਬ ਦਾ ਨਾਂ ਭਾਰਤ ਵਿਚ ਉਜਾਗਰ ਕੀਤਾ।’’

ਇਸ ਸਭ ਦੌਰਾਨ ਕੈਰੋਂ ’ਤੇ ਦੋਸ਼ ਲਗਦੇ ਰਹੇ, ਪਰ ਕੋਈ ਸਿੱਧ ਨਾ ਹੋਇਆ। ਦਰਅਸਲ ਕੈਰੋਂ ਦੀ ਸ਼ਕਤੀ ਦਾ ਆਧਾਰ ਜਵਾਹਰਲਾਲ ਨਹਿਰੂ ਸੀ ਅਤੇ ਦੋਹੇਂ ਮੁਲਕ ਲਈ ਸੁਨਹਿਰੀ ਭਵਿੱਖ ਦਾ ਸੁਪਨਾ ਵੇਖਦੇ ਸਨ। ਆਖ਼ਰ ਦਾਸ ਕਮਿਸ਼ਨ ਬੈਠਾ ਤਾਂ ਕੈਰੋਂ ’ਤੇ ਇਹ ਮਾਮੂਲੀ ਦੋਸ਼ ਸਾਬਿਤ ਕਰ ਸਕਿਆ ਕਿ ਉਹ ਸ਼ੂੁਗਰ ਦਾ ਮਰੀਜ਼ ਹੋਣ ਕਾਰਨ 1956 ਦੇ ਚੋਣ ਦੌਰਿਆਂ ਦੌਰਾਨ ਅਸਿਸਟੈਂਟ ਸਰਜਨ ਡਾ. ਢਿੱਲੋਂ ਨੂੰ ਆਪਣੇ ਨਾਲ ਰੱਖਦਾ ਸੀ ਜਿਸਨੇ ਆਪਣੇ ਦਫ਼ਤਰੋਂ ਛੁੱਟੀ ਨਹੀਂ ਸੀ ਲਈ। 27 ਮਈ 1964 ਦੇ ਦਿਨ ਪੰਡਤ ਨਹਿਰੂ ਦੀ ਮੌਤ ਹੋ ਗਈ। 21 ਜੂਨ 1964 ਨੂੰ ਕੈਰੋਂ ਨੇ ਅਸਤੀਫ਼ਾ ਦੇ ਦਿੱਤਾ। ਲਾਲ ਬਹਾਦਰ ਸ਼ਾਸ਼ਤਰੀ ਨਵਾਂ ਪ੍ਰਧਾਨ ਮੰਤਰੀ ਬਣ ਗਿਆ। ਉਸ ਨੂੰ ਮਿਲ ਕੇ 6 ਫਰਵਰੀ 1965 ਨੂੰ ਜਦ ਕੈਰੋਂ ਦਿੱਲੀ ਤੋਂ ਚੰਡੀਗੜ੍ਹ ਵਾਪਸ ਆ ਰਿਹਾ ਸੀ ਤਾਂ ਜੀ.ਟੀ.ਰੋਡ ’ਤੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਰਸੋਈ ਨੇੜੇ ਘਾਤ ਲਾ ਕੇ ਬੈਠੇ ਚਾਰ ਕਾਤਲਾਂ ਨੇ ਉਸ ਨੂੰ ਗੋਲ਼ੀਆਂ ਨਾਲ ਹਲਾਕ ਕਰ ਦਿੱਤਾ। ਚਾਰੇ ਹਮਲਾਵਰ ਫੜੇ ਗਏ। ਸਾਰੀ ਜਾਂਚ ਮਗਰੋਂ ਸਰਕਾਰ ਇਸ ਸਿੱਟੇ ’ਤੇ ਹੀ ਪੁੱਜੀ ਕਿ ਪ੍ਰਤਾਪ ਸਿੰਘ ਕੈਰੋਂ ਦਾ ਕਤਲ ਇਕ ਵਿਅਕਤੀਗਤ ਰੰਜਿਸ਼ ਦਾ ਨਤੀਜਾ ਹੀ ਸੀ। ਭਾਵੇਂ ਵਰਤਮਾਨ ਜੀਵਨੀ ਵਿਚ ਲੇਖਕ ਸ਼ੱਕ ਕਰਦਾ ਹੈ ਕਿ ਕੈਰੋਂ ਨੂੰ ਕਤਲ ਕਰਵਾਉਣ ਪਿੱਛੇ ਉਸਦੇ ਵਿਰੋਧੀ ਕਾਂਗਰਸੀ ਸਿਆਸੀ ਆਗੂ ਦਾ ਹੱਥ ਹੋਣ ਦੀ ਸੰਭਾਵਨਾ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਸ਼ੱਕ ਦਾ ਮੁੱਖ ਆਧਾਰ ਇਹ ਹੈ ਕਿ ਜਿੱਥੇ ਕੈਰੋਂ ਦੇ ਚਾਰ ਕਾਤਲਾਂ ’ਚੋਂ ਤਿੰਨਾਂ ਨੂੰ ਫਾਹੇ ਲਾ ਦਿੱਤਾ ਗਿਆ ਸੀ, ਚੌਥੇ ਕਾਤਿਲ ਦਯਾ ਸਿੰਘ ਨੂੰ ਉਸ ਸਿਆਸੀ ਆਗੂ ਦੇ ਕੇਂਦਰ ਵਿਚ ਸੱਤਾ ਵਿਚ ਆਉਣ ’ਤੇ ਰਿਹਾਅ ਕਰ ਦਿੱਤਾ ਗਿਆ ਸੀ।

ਕਿਤਾਬ ਬਹੁਤ ਸਾਦੀ ਸ਼ੈਲੀ ਵਿਚ ਲਿਖੀ ਗਈ ਹੈ। ਵਾਰਤਕ ਵਿਚ ਰਵਾਨੀ ਹੈ। ਪੰਜਾਬ ਦੇ ਇਤਿਹਾਸ ਵਿਚ ਰੁਚੀ ਰੱਖਣ ਵਾਲੇ ਹਰ ਪਾਠਕ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ। ਪੰਜਾਬ ਦੇ ਪਾਠਕਾਂ ਦੇ ਵਡੇਰੇ ਦਾਇਰੇ ਵਿਚ ਪਹੁੰਚਾਉਣ ਲਈ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਵੀ ਹੋਣਾ ਚਾਹੀਦਾ ਹੈ।

ਸੰਪਰਕ: 98728-22417

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਲਿਆ ਫੈ...

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All