DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਫਾਈਲਾਂ ’ਚ ਦਫ਼ਨ ਸੁਪਨੇ

ਸਾਲ 2009 ਦੇ ਉਹ ਦਿਨ ਮੈਨੂੰ ਅੱਜ ਵੀ ਚੇਤੇ ਹਨ, ਜਦੋਂ ਮੈਂ, ਗੁਰਮੀਤ ਅਤੇ ਜਿੰਦਰ ਐੱਮ ਏ ਰਾਜਨੀਤੀ ਸ਼ਾਸਤਰ ਦੀ ਕਲਾਸ ਵਿੱਚ ਇਕੱਠੇ ਬੈਠਦੇ ਸਾਂ। ਸਾਡੇ ਤਿੰਨਾਂ ਦੇ ਪਰਿਵਾਰਕ ਹਾਲਾਤ ਬਹੁਤੇ ਚੰਗੇ ਨਹੀਂ ਸਨ, ਪਰ ਉਸ ਉਮਰ ਵਿੱਚ ਗ਼ਰੀਬੀ ਦਾ...

  • fb
  • twitter
  • whatsapp
  • whatsapp
Advertisement

ਸਾਲ 2009 ਦੇ ਉਹ ਦਿਨ ਮੈਨੂੰ ਅੱਜ ਵੀ ਚੇਤੇ ਹਨ, ਜਦੋਂ ਮੈਂ, ਗੁਰਮੀਤ ਅਤੇ ਜਿੰਦਰ ਐੱਮ ਏ ਰਾਜਨੀਤੀ ਸ਼ਾਸਤਰ ਦੀ ਕਲਾਸ ਵਿੱਚ ਇਕੱਠੇ ਬੈਠਦੇ ਸਾਂ। ਸਾਡੇ ਤਿੰਨਾਂ ਦੇ ਪਰਿਵਾਰਕ ਹਾਲਾਤ ਬਹੁਤੇ ਚੰਗੇ ਨਹੀਂ ਸਨ, ਪਰ ਉਸ ਉਮਰ ਵਿੱਚ ਗ਼ਰੀਬੀ ਦਾ ਅਹਿਸਾਸ ਸਾਡੇ ਉਤਸ਼ਾਹ ਨੂੰ ਮੱਠਾ ਨਹੀਂ ਸੀ ਕਰ ਸਕਦਾ। ਅਸੀਂ ਤਿੰਨੇ ਕਾਲਜ ਦੀ ਹਰ ਗਤੀਵਿਧੀ ’ਚ ਮੋਹਰੀ ਹੁੰਦੇ ਸੀ। ਜਿੰਦਰ ਨੂੰ ਲਿਖਣ ਦਾ ਬੜਾ ਸ਼ੌਕ ਸੀ। ਉਹ ਅਕਸਰ ਡਾਇਰੀ ਵਿੱਚ ਕੁਝ ਨਾ ਕੁਝ ਲਿਖਦਾ ਰਹਿੰਦਾ। ਉਸ ਦੀ ਪ੍ਰੇਰਣਾ ਸਦਕਾ ਹੀ ਮੈਨੂੰ ਤੇ ਗੁਰਮੀਤ ਨੂੰ ਵੀ ਲਿਖਣ ਦੀ ਚੇਟਕ ਲੱਗੀ। ਅਸੀਂ ਸੋਚਦੇ ਸੀ ਕਿ ਪੜ੍ਹ-ਲਿਖ ਕੇ ਅਸੀਂ ਵੱਡੇ ਅਫਸਰ ਬਣਾਂਗੇ ਅਤੇ ਸਿਸਟਮ ਨੂੰ ਸੁਧਾਰਾਂਗੇ। ਸਾਨੂੰ ਕੀ ਪਤਾ ਸੀ ਕਿ ਜਿਸ ਸਿਸਟਮ ਵਿੱਚ ਅਸੀਂ ਜਾਣ ਦੀ ਇੱਛਾ ਰੱਖਦੇ ਹਾਂ, ਉਹੀ ਸਿਸਟਮ ਸਾਡੇ ਵਰਗੇ ਸੁਪਨਸਾਜ਼ ਨੌਜਵਾਨਾਂ ਨੂੰ ‘ਕੇਸ’ ਬਣਾ ਕੇ ਹੌਲੀ-ਹੌਲੀ ਨਿਗਲ ਜਾਵੇਗਾ। ਸਮਾਂ ਆਪਣੀ ਰਫ਼ਤਾਰ ਨਾਲ ਚੱਲਦਾ ਰਿਹਾ। ਐੱਮ ਏ ਦੀ ਪੜ੍ਹਾਈ ਮੁਕੰਮਲ ਹੋਈ ਅਤੇ ਰਾਹ ਵੱਖੋ-ਵੱਖ ਹੋ ਗਏ। ਮੈਂ ਬਠਿੰਡੇ, ਗੁਰਮੀਤ ਮਾਲੇਰਕੋਟਲੇ ਅਤੇ ਜਿੰਦਰ ਮੁਕਤਸਰ ਦੇ ਇੱਕ ਸਰਕਾਰੀ ਸਕੂਲ ਵਿੱਚ ਬਤੌਰ ਸਮਾਜਿਕ ਸਿੱਖਿਆ ਅਧਿਆਪਕ ਤਾਇਨਾਤ ਹੋ ਗਿਆ। ਜਿੰਦਰ ਦੀ ਲਗਨ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨੌਕਰੀ ਤੋਂ ਪਹਿਲਾਂ ਹੀ ਉਸ ਨੇ ਆਪਣੀ ਮਿਹਨਤ ਨਾਲ ਐੱਮ.ਫਿਲ. ਦੀ ਡਿਗਰੀ ਮੁਕੰਮਲ ਕਰ ਲਈ ਸੀ। ਉਸ ਨੇ ਕੁਝ ਸਮਾਂ ਫਰੀਦਕੋਟ ਦੇ ਸਰਕਾਰੀ ਕਾਲਜ ਵਿੱਚ ਰਾਜਨੀਤੀ ਸਾਸ਼ਤਰ ਵੀ ਪੜ੍ਹਾਇਆ।

ਸਾਨੂੰ ਲੱਗਿਆ ਕਿ ਹੁਣ ਜ਼ਿੰਦਗੀ ਲੀਹ ’ਤੇ ਆ ਜਾਵੇਗੀ। ਵਿਆਹ ਹੋਏ, ਘਰ-ਗ੍ਰਹਿਸਥੀ ਦੀਆਂ ਜ਼ਿੰਮੇਵਾਰੀਆਂ ਸ਼ੁਰੂ ਹੋਈਆਂ, ਪਰ ਇੱਕ ਅਦਿੱਖ ਬੇਚੈਨੀ ਸਾਨੂੰ ਸਾਰਿਆਂ ਨੂੰ ਘੇਰਨ ਲੱਗੀ। ਜਿੰਦਰ ਦੀ ਤ੍ਰਾਸਦੀ ਦੀ ਸ਼ੁਰੂਆਤ ਉੱਥੋਂ ਹੋਈ ਜਿੱਥੇ ਐੱਮ.ਫਿਲ ਦੀ ਡਿਗਰੀ ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਣੀ ਚਾਹੀਦੀ ਸੀ ਪਰ ਵਿਭਾਗੀ ਨਿਯਮਾਂ ਨੇ ਉਸ ਦੇ ਰਾਹ ਵਿੱਚ ਕੰਡੇ ਬੀਜ ਦਿੱਤੇ ਕਿਉਂਕਿ ਇਹ ਡਿਗਰੀ ਸੂਬੇ ਤੋਂ ਬਾਹਰ ਹਿਮਾਚਲ ਯੂਨੀਵਰਸਿਟੀ ਤੋਂ ਕੀਤੀ ਸੀ। ਭਾਵੇਂ ਉਹ ਬੇਹੱਦ ਮਿਹਨਤੀ ਅਤੇ ਸਿਆਣਾ ਅਧਿਆਪਕ ਸੀ, ਪਰ ਉਸ ਦਾ ਪਰਖ ਕਾਲ ਕਲੀਅਰ ਨਹੀਂ ਹੋ ਰਿਹਾ ਸੀ। ਮੈਂ ਤੇ ਗੁਰਮੀਤ ਵੀ ਕੰਟਰੈਕਟ ’ਤੇ ਸੀ, ਪਰ ਜਿੰਦਰ ਦੀ ਹਾਲਤ ਹੋਰ ਵੀ ਗੰਭੀਰ ਸੀ। ਮਹਿੰਗਾਈ ਦਾ ਦੈਂਤ ਦਿਨ-ਬ-ਦਿਨ ਵੱਡਾ ਹੋ ਰਿਹਾ ਸੀ ਅਤੇ ਉਸ ਨੂੰ ਆਪਣਾ ਪਰਿਵਾਰ ਸਿਰਫ਼ ਬਾਰਾਂ-ਪੰਦਰਾਂ ਹਜ਼ਾਰ ਦੀ ਮੁੱਢਲੀ ਤਨਖ਼ਾਹ ਵਿੱਚ ਚਲਾਉਣਾ ਪੈ ਰਿਹਾ ਸੀ। ਕਈ ਵਾਰ ਅਸੀਂ ਮਿਲ ਕੇ ਸੋਚਦੇ ਕਿ ਇੰਨੀ ਪੜ੍ਹਾਈ, ਇੰਨਾ ਤਜਰਬਾ ਤੇ ਬਦਲੇ ਵਿੱਚ ਮਿਲਿਆ ਇਹ ਨਿਗੂਣਾ ਮਿਹਨਤਾਨਾ, ਕੀ ਸਾਡੇ ਸੁਪਨਿਆਂ ਦਾ ਇਹੀ ਮੁੱਲ ਸੀ? ਜਿੰਦਰ ਸਿਰਫ਼ ਇੱਕ ਅਧਿਆਪਕ ਨਹੀਂ ਸੀ। ਉਹ ਇੱਕ ਸੁਪਨਸਾਜ਼ ਸੀ। ਉਸ ਨੇ ਆਪਣੀ ਚਾਰ ਸਾਲ ਦੀ ਸੇਵਾ ਦੌਰਾਨ ਨਾ ਸਿਰਫ਼ ਸਕੂਲ ਵਿੱਚ ਪੜ੍ਹਾਈ ਦਾ ਮਿਆਰ ਉੱਚਾ ਕੀਤਾ ਸਗੋਂ ਆਪਣੇ ਪਿੰਡ ਦੀਆਂ ਕੁੜੀਆਂ ਨੂੰ ਕ੍ਰਿਕਟ ਖੇਡਣਾ ਸਿਖਾਇਆ। ਉਹ ਹਰ ਰੋਜ਼ ਸਕੂਲ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ਵਿੱਚ ਪ੍ਰੈਕਟਿਸ ਕਰਵਾਉਂਦਾ। ਉਸ ਦੀ ਮਿਹਨਤ ਸਦਕਾ ਉਹ ਕੁੜੀਆਂ ਪਹਿਲੀ ਵਾਰ ਰਾਜ ਪੱਧਰ ਤੱਕ ਜੇਤੂ ਬਣੀਆਂ। ਉਹ ਆਪਣੇ ਪਿੰਡ ਦੀਆਂ ਧੀਆਂ ਨੂੰ ਖੰਭ ਦੇ ਰਿਹਾ ਸੀ, ਪਰ ਅਫ਼ਸੋਸ ਉਸ ਦੇ ਆਪਣੇ ਖੰਭ ਸਿਸਟਮ ਦੀਆਂ ਫਾਈਲਾਂ ਹੇਠ ਦੱਬੇ ਪਏ ਸਨ। ਆਪਣਾ ਪਰਖ ਕਾਲ ਕਲੀਅਰ ਕਰਵਾਉਣ ਲਈ ਜਿੰਦਰ ਨੇ ਜਿਵੇਂ ਆਪਣੀ ਜ਼ਿੰਦਗੀ ਹੀ ਦਾਅ ’ਤੇ ਲਾ ਦਿੱਤੀ ਸੀ।

Advertisement

ਪਿੰਡ ਭੁੱਲਰਵਾਲਾ ਤੋਂ ਚੰਡੀਗੜ੍ਹ ਦੇ ਗੇੜੇ ਮਾਰਦਿਆਂ-ਮਾਰਦਿਆਂ ਉਹ ਅੰਦਰੋਂ ਟੁੱਟ ਚੁੱਕਾ ਸੀ। ਕਦੇ ਜਥੇਬੰਦੀਆਂ ਨਾਲ ਜਾਣਾ, ਕਦੇ ਅਫਸਰਾਂ ਦੇ ਦਫ਼ਤਰਾਂ ਦੇ ਬਾਹਰ ਘੰਟਿਆਂਬੱਧੀ ਉਡੀਕ ਕਰਨੀ। ਇਹ ਸਭ ਉਸ ਦੀ ਮਾਨਸਿਕ ਸਿਹਤ ’ਤੇ ਭਾਰੀ ਪੈ ਰਿਹਾ ਸੀ। ਉਹ ਸ਼ਬਦਾਂ ਦਾ ਕਾਰੀਗਰ ਸੀ, ਪਰ ਅਫਸਰਾਂ ਦੇ ਬੇਰੁਖੀ ਭਰੇ ਜਵਾਬਾਂ ਨੇ ਉਸ ਦੀ ਕਲਮ ਨੂੰ ਖ਼ਾਮੋਸ਼ ਕਰ ਦਿੱਤਾ ਸੀ। ਦਫ਼ਤਰੀ ਫਾਈਲਾਂ ਲਈ ਸ਼ਾਇਦ ਉਸ ਡਿਗਰੀ ’ਤੇ ਲੱਗੀ ਮੋਹਰ ਉਸ ਦੇ ਯੋਗ ਹੋਣ ਦਾ ਪ੍ਰਮਾਣ ਨਹੀਂ ਸਗੋਂ ਉਸ ਦੀ ਮੁਸੀਬਤ ਦਾ ਕਾਰਨ ਬਣ ਗਈ ਸੀ। ਉਹ ਜਦੋਂ ਵੀ ਚੰਡੀਗੜ੍ਹ ਦੇ ਦਫ਼ਤਰਾਂ ਦੀਆਂ ਪੌੜੀਆਂ ਚੜ੍ਹਦਾ ਤਾਂ ਉਸ ਦੇ ਹੱਥ ਵਿੱਚ ਡਿਗਰੀ ਦੀ ਫੋਟੋਕਾਪੀ ਹੁੰਦੀ ਸੀ, ਪਰ ਦਫ਼ਤਰਾਂ ਦੇ ਦਰਵਾਜ਼ੇ ਉਸ ਦੇ ਸਾਹਮਣੇ ਕਾਗਜ਼ੀ ਕਾਰਵਾਈਆਂ ਦੀ ਕੰਧ ਬਣ ਕੇ ਖੜ੍ਹੇ ਹੋ ਜਾਂਦੇ। ਕੈਲੰਡਰ ’ਤੇ ਤਰੀਕ ਤਿੰਨ ਅਕਤੂਬਰ ਸੀ। ਉਹ ਫਿਰ ਚੰਡੀਗੜ੍ਹ ਤੋਂ ਮਿਲੀ ਨਿਰਾਸ਼ਾ ਲੈ ਕੇ ਘਰ ਵਾਪਸ ਆ ਰਿਹਾ ਸੀ। ਰਾਤ ਦੇ ਨੌਂ-ਦਸ ਵਜੇ ਦਾ ਸਮਾਂ ਸੀ।

Advertisement

ਪਿੰਡ ਤੋਂ ਕੁਝ ਕੁ ਕਿਲੋਮੀਟਰ ਦੂਰ ਮੋਟਰਸਾਈਕਲ ’ਤੇ ਘਰ ਪਰਤਦਿਆਂ ਰਸਤੇ ਵਿੱਚ ਅਚਾਨਕ ਉਸ ਦਾ ਦਿਲ ਬੈਠ ਗਿਆ। ਸਿਸਟਮ ਦਾ ਬੋਝ, ਪਰਿਵਾਰ ਦੀਆਂ ਉਮੀਦਾਂ ਤੇ ਆਪਣੀ ਡਿਗਰੀ ਦੇ ਅਪਮਾਨ ਦੀ ਚਿੰਤਾ, ਇਨ੍ਹਾਂ ਸਭ ਦੇ ਭਾਰ ਹੇਠ ਦੱਬਿਆ ਉਹ ਦਿਲ ਹਮੇਸ਼ਾ ਲਈ ਰੁਕ ਗਿਆ। ਉਹ ਘਰ ਨਹੀਂ ਪਹੁੰਚਿਆ। ਉਸ ਦੀਆਂ ਉਮੀਦਾਂ ਦੇ ਨਾਲ-ਨਾਲ ਉਸ ਦਾ ਪਰਿਵਾਰ ਵੀ ਉਸ ਰਾਤ ਹਮੇਸ਼ਾ ਲਈ ਖ਼ਤਮ ਹੋ ਗਿਆ। ਉਸ ਦਾ ਬਜ਼ੁਰਗ ਪਿਤਾ, ਜਿਸ ਨੇ ਦਿਨ-ਰਾਤ ਮਿਹਨਤ ਕਰਕੇ ਜਿੰਦਰ ਨੂੰ ਪੜ੍ਹਾਇਆ ਸੀ, ਅੱਜ ਵੀ ਦਰਵਾਜ਼ੇ ਵੱਲ ਵੇਖਦਾ ਹੈ। ਉਸ ਦੀ ਬੇਵੱਸ ਮਾਂ ਦੀਆਂ ਅੱਖਾਂ ਵਿੱਚ ਅੱਜ ਵੀ ਪੁੱਤਰ ਦੇ ਪਰਤਣ ਦੀ ਆਸ ਹੈ, ਪਰ ਸਭ ਤੋਂ ਵੱਡਾ ਦਰਦ ਉਸ ਦੀ ਦਸ ਸਾਲਾਂ ਦੀ ਧੀ ਰੀਤ ਦੇ ਮਨ ਅੰਦਰ ਹੈ। ਉਹ ਅੱਜ ਵੀ ਉਡੀਕਦੀ ਹੈ ਕਿ ਕਦੋਂ ਉਸ ਦਾ ਪਾਪਾ ਆਵੇਗਾ ਤੇ ਉਸ ਨੂੰ ਕਹੇਗਾ, ‘‘ਰੀਤ ਪੁੱਤ, ਮੈਂ ਆ ਗਿਆ।’’ ਵਿਭਾਗ ਨੇ ਤਰਸ ਦੇ ਅਧਾਰ ’ਤੇ ਉਸ ਦੀ ਪਤਨੀ ਨੂੰ ਨੌਕਰੀ ਤਾਂ ਦੇ ਦਿੱਤੀ, ਪਰ ਕੀ ਇਹ ਨੌਕਰੀ ਇੱਕ ਪਤਨੀ ਦੇ ਵਿਧਵਾ ਹੋਣ ਦਾ ਦੁੱਖ ਮਿਟਾ ਸਕਦੀ ਹੈ? ਕੀ ਇਹ ਨੌਕਰੀ ਇੱਕ ਧੀ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ ਮੋੜ ਸਕਦੀ ਹੈ? ਵਿਭਾਗ ਅਤੇ ਸਰਕਾਰ ਲਈ ਇਹ ਇੱਕ ਫਾਈਲ ਸੀ ਜੋ ‘ਬੰਦ’ ਹੋ ਗਈ, ਪਰ ਇੱਕ ਪਰਿਵਾਰ ਲਈ ਇਹ ਪੂਰੀ ਜ਼ਿੰਦਗੀ ਦਾ ਉਜਾੜਾ ਸੀ।

ਅੱਜ ਜਦੋਂ ਮੈਂ ਆਪਣੇ ਦੋਸਤ ਗੁਰਮੀਤ ਨਾਲ ਬੈਠਦਾ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਸਾਡੇ ਵਰਗੇ ਕਿੰਨੇ ਹੀ ਹੋਰ ਨੌਜਵਾਨ ਇਸ ਸਿਸਟਮ ਦੀ ਭੇਟ ਚੜ੍ਹ ਜਾਂਦੇ ਹਨ। ਕੀ ਅਫਸਰ ਫਾਈਲਾਂ ’ਤੇ ਦਸਤਖ਼ਤ ਕਰਨ ਨੂੰ ਹੀ ਆਪਣਾ ਕੰਮ ਸਮਝਦੇ ਹਨ? ਕੀ ਕਦੇ ਉਹ ਸੋਚਦੇ ਹਨ ਕਿ ਉਨ੍ਹਾਂ ਦੀ ਕੀਤੀ ਦੇਰੀ ਜਾਂ ਇੱਕ ਗ਼ਲਤ ਫੈਸਲਾ ਕਿੰਨੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਦਿੰਦਾ ਹੈ? ਜਿੰਦਰ ਦੀ ਮੌਤ ਸਿਰਫ਼ ਇੱਕ ਦਿਲ ਦਾ ਦੌਰਾ ਨਹੀਂ ਸਗੋਂ ਸਾਡੇ ਸਿਸਟਮ ਦੀ ਅਸਫ਼ਲਤਾ ਦਾ ਕੌੜਾ ਸੱਚ ਹੈ। ਜਿੰਦਰ ਤਾਂ ਚਲਾ ਗਿਆ, ਪਰ ਉਸ ਦੀ ਉਡੀਕ ਅੱਜ ਵੀ ਉਸ ਘਰ ਦੀਆਂ ਕੰਧਾਂ ਵਿੱਚ ਗੂੰਜਦੀ ਹੈ। ਕੀ ਸਾਡਾ ਸਿਸਟਮ ਕਦੇ ਇੰਨਾ ਸੰਵੇਦਨਸ਼ੀਲ ਹੋਵੇਗਾ ਕਿ ਕਿਸੇ ਦੀਆਂ ਅੱਖਾਂ ਵਿੱਚ ਉਡੀਕ ਦੇ ਹੰਝੂ ਦੇਖ ਕੇ ਪਿਘਲ ਸਕੇ? ਸ਼ਾਇਦ ਨਹੀਂ ਕਿਉਂਕਿ ਫਾਈਲਾਂ ਨੂੰ ਤਾਂ ਸਿਰਫ਼ ਕਾਗਜ਼ ਨਜ਼ਰ ਆਉਂਦੇ ਹਨ, ਇਨਸਾਨਾਂ ਦੀਆਂ ਧੜਕਣਾਂ ਨਹੀਂ।

ਸੰਪਰਕ: 95014-75400

Advertisement
×