DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਫਨੇ ਦੀ ਤਾਮੀਰ

ਕੀ ਅੱਜ ਦੇ ਮਾਹੌਲ ਵਿੱਚ ਪੰਜਾਬ ਜਾਂ ਹਰਿਆਣਾ ਵਿੱਚ ਪ੍ਰੀਤ ਨਗਰ ਸਥਾਪਤ ਕਰਨਾ ਸੰਭਵ ਹੈ? ਸ਼ਾਇਦ ਹੁਣ ਅਜਿਹਾ ਕੋਈ ਕਾਰਜ ਕਿਸੇ ਸੁਫਨੇ ਵਾਂਗ ਜਾਪਦਾ ਹੈ, ਪਰ ਜਿਸ ‘ਪ੍ਰੀਤ ਨਗਰ’ ਦੀ ਮੈਂ ਤੁਹਾਡੇ ਨਾਲ ਸਾਂਝ ਪੁਆਉਣ ਲੱਗਾਂ ਹਾਂ, ਉਹ ਪੰਜਾਬ ਦਾ...

  • fb
  • twitter
  • whatsapp
  • whatsapp
featured-img featured-img
ਪ੍ਰੀਤ ਨਗਰ ਸਥਿਤ ਪ੍ਰੀਤ ਭਵਨ ਦੀ ਬਾਹਰੀ ਝਲਕ।
Advertisement

ਕੀ ਅੱਜ ਦੇ ਮਾਹੌਲ ਵਿੱਚ ਪੰਜਾਬ ਜਾਂ ਹਰਿਆਣਾ ਵਿੱਚ ਪ੍ਰੀਤ ਨਗਰ ਸਥਾਪਤ ਕਰਨਾ ਸੰਭਵ ਹੈ? ਸ਼ਾਇਦ ਹੁਣ ਅਜਿਹਾ ਕੋਈ ਕਾਰਜ ਕਿਸੇ ਸੁਫਨੇ ਵਾਂਗ ਜਾਪਦਾ ਹੈ, ਪਰ ਜਿਸ ‘ਪ੍ਰੀਤ ਨਗਰ’ ਦੀ ਮੈਂ ਤੁਹਾਡੇ ਨਾਲ ਸਾਂਝ ਪੁਆਉਣ ਲੱਗਾਂ ਹਾਂ, ਉਹ ਪੰਜਾਬ ਦਾ ਇੱਕ ਸਰਹੱਦੀ ਪਿੰਡ ਹੈ। ਇਹ ਅੰਮ੍ਰਿਤਸਰ ਤੋਂ ਤਕਰੀਬਨ 25 ਕਿਲੋਮੀਟਰ ਅਤੇ ਲਾਹੌਰ ਤੋਂ ਮਹਿਜ਼ 16 ਕਿਲੋਮੀਟਰ ਦੂਰ ਹੈ। ਦਰਅਸਲ, ਲੇਖਕ ਅਤੇ ਚਿੰਤਕ ਗੁਰਬਖਸ਼ ਸਿੰਘ ਪ੍ਰੀਤ ਲੜੀ ਪਿਆਰ ਨਾਲ ਭਰਿਆ ਇੱਕ ਨਗਰ ਸਥਾਪਤ ਕਰਨਾ ਚਾਹੁੰਦੇ ਸਨ, ਜਿੱਥੇ ਸੰਵੇਦਨਸ਼ੀਲ ਲੇਖਕ, ਚਿੱਤਰਕਾਰ ਅਤੇ ਰੰਗਕਰਮੀ ਇਕੱਠੇ ਰਹਿ ਸਕਣ। ਇਸ ਲਈ ਸੰਨ 1938 ਵਿੱਚ ਕੁੱਲ 175 ਏਕੜ ਜ਼ਮੀਨ ਖਰੀਦ ਕੇ ਉੱਥੇ ਇੱਕੋ ਜਿਹੇ ਘਰ ਬਣਾਏ ਗਏ। ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਬਹੁਤ ਪੱਛਮੀ ਸਾਹਿਤ ਪੜਿ੍ਹਆ, ਜਿਸ ਦਾ ਅਸਰ ਉਨ੍ਹਾਂ ਦੀ ਸੋਚ ਤੇ ਉਨ੍ਹਾਂ ਦੇ ਉਪਰਾਲਿਆਂ ਵਿੱਚੋਂ ਪ੍ਰਤੱਖ ਸੀ। ਇਸੇ ਲਈ ਉਨ੍ਹਾਂ ਵੱਲੋਂ ਵਸਾਏ ਗਏ ਪ੍ਰੀਤ ਨਗਰ ਵਿੱਚ ਰੋਜ਼ ਦਾ ਨਿਸ਼ਚਿਤ ਮੀਨੂ ਹੁੰਦਾ ਸੀ ਤੇ ਇੱਕ ਸਾਂਝੀ ਰਸੋਈ (ਕਮਿਊਨਿਟੀ ਕਿਚਨ) ਸੀ। ਇਸ ਦਾ ਮਕਸਦ ਔਰਤਾਂ ਨੂੰ ਘਰੇਲੂ ਕੰਮਾਂ ਤੋਂ ਵਿਹਲ ਦੇ ਕੇ ਸਿਰਜਣਾਤਮਿਕ ਕਾਰਜਾਂ ਲਈ ਉਤਸ਼ਾਹਿਤ ਕਰਨਾ ਸੀ। ਇਸ ਦੇ ਨਾਲ ਨਾਲ ਪ੍ਰੀਤ ਨਗਰ ਦੇ ਵਸਨੀਕ ਆਪਣਾ ਮਨਪਸੰਦ ਖਾਣਾ ਵੀ ਤਿਆਰ ਕਰ ਸਕਦੇ ਸਨ। ਇੱਥੇ ਇੱਕ ਗਤੀਵਿਧੀ ਸਕੂਲ ਸੀ, ਜਿਸ ਵਿੱਚ ਥੀਏਟਰ, ਖੇਡਾਂ, ਸਿਆਸੀ ਚਰਚਾਵਾਂ, ਪਿਕਨਿਕ ਸਥਾਨ, ਇੱਕ ਲਾਇਬ੍ਰੇਰੀ ਅਤੇ ਇੱਕ ਪੜ੍ਹਨ ਵਾਲਾ ਕਮਰਾ ਸ਼ਾਮਿਲ ਸੀ।

ਪ੍ਰੀਤ ਨਗਰ ਦੀ ਫੇਰੀ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਡਿਤ ਜਵਾਹਰਲਾਲ ਨਹਿਰੂ।
ਪ੍ਰੀਤ ਨਗਰ ਦੀ ਫੇਰੀ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਡਿਤ ਜਵਾਹਰਲਾਲ ਨਹਿਰੂ।

ਪ੍ਰੀਤ ਨਗਰ ਵਿੱਚ ਸਭ ਤੋਂ ਪਹਿਲਾਂ ਵਸਣ ਵਾਲਿਆਂ ਵਿੱਚ ਫ਼ੈਜ਼ ਅਹਿਮਦ ਫ਼ੈਜ਼, ਸਾਹਿਰ ਲੁਧਿਆਣਵੀ, ਅੰਮ੍ਰਿਤਾ ਪ੍ਰੀਤਮ, ਬਲਰਾਜ ਸਾਹਨੀ, ਨਾਨਕ ਸਿੰਘ, ਨੂਰ ਜਹਾਂ, ਉਪੇਂਦਰਨਾਥ ਅਸ਼ਕ, ਅਹਿਮਦ ਨਦੀਮ ਕਾਸਮੀ, ਬਲਵੰਤ ਗਾਰਗੀ, ਮੁਲਖਰਾਜ ਆਨੰਦ, ਨਾਵਲਕਾਰ ਨਾਨਕ ਸਿੰਘ, ਸ਼ਿਵ ਕੁਮਾਰ ਬਟਾਲਵੀ ਅਤੇ ਹੋਰ ਸ਼ਾਮਿਲ ਸਨ। ਪ੍ਰੀਤ ਨਗਰ ਵਿੱਚ ਰਹਿਣ ਵਾਲੀਆਂ ਸਾਹਿਤਕ ਸ਼ਖ਼ਸੀਅਤਾਂ ਵਿੱਚੋਂ ਨਾਵਲਕਾਰ ਨਾਨਕ ਸਿੰਘ ਵਿਸ਼ੇਸ਼ ਜ਼ਿਕਰ ਦੇ ਹੱਕਦਾਰ ਹਨ ਕਿਉਂਕਿ ਉਹ ਆਪਣੇ ਆਖ਼ਰੀ ਸਾਹ ਤੱਕ ਪ੍ਰੀਤ ਨਗਰ ਦੀ ਮਿੱਟੀ ਨਾਲ ਜੁੜੇ ਰਹੇ। (ਇਸੇ ਕਰਕੇ 16 ਅਪਰੈਲ 1999 ਨੂੰ ਉਨ੍ਹਾਂ ਦੀ ਯਾਦ ਵਿੱਚ ਗੁਰਬਖਸ਼ ਸਿੰਘ-ਨਾਨਕ ਸਿੰਘ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ ਤੇ ਠੀਕ ਪੰਜ ਸਾਲ ਬਾਅਦ ‘ਪ੍ਰੀਤ ਭਵਨ’ ਖੋਲ੍ਹਿਆ ਗਿਆ ਸੀ। ਇਸ ਵਿੱਚ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਜੀਵਨ ਨਾਲ ਸਬੰਧਿਤ ਤਸਵੀਰਾਂ ਅਤੇ ਹੋਰ ਕਲਾਕ੍ਰਿਤਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਅਜਾਇਬਘਰ, ਨਾਟਕ ਖੇਡਣ ਲਈ ਇੱਕ ਵੱਡਾ ਮੰਚ ਅਤੇ ਡਿਜੀਟਲ ਸਹੂਲਤਾਂ ਵਾਲਾ ਇੱਕ ਹਾਲ ਹੈ।) ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਵੀ ਇੱਥੇ ਰਿਹਾ ਸੀ। ਉਸ ਨੇ ਆਪਣੇ ਜ਼ਿਆਦਾਤਰ ਪਿਆਰ ਗੀਤ ਜਾਂ ਤਾਂ ਇੱਥੇ ਲਿਖੇ ਸਨ ਜਾਂ ਉਨ੍ਹਾਂ ਦੇ ਪਿਛੋਕੜ ਵਿੱਚ ਪ੍ਰੀਤ ਨਗਰ ਸ਼ਾਮਿਲ ਸੀ। ਉਪੇਂਦਰਨਾਥ ਅਸ਼ਕ ਨੇ ਪ੍ਰੀਤ ਨਗਰ ’ਤੇ ਆਧਾਰਿਤ ਨਾਵਲ ‘ਬੜੀ-ਬੜੀ ਆਂਖੇਂ’ ਲਿਖਿਆ। ਇਸ ਨਗਰ ਵਿੱਚ ਮੁੱਢਲੇ ਤੌਰ ’ਤੇ ਵਸਣ ਵਾਲੀਆਂ ਸ਼ਖ਼ਸੀਅਤਾਂ ਦਾ ਇੰਨਾ ਪ੍ਰਭਾਵ ਪਿਆ ਕਿ 23 ਮਈ 1942 ਨੂੰ ਸ੍ਰੀ ਜਵਾਹਰਲਾਲ ਨਹਿਰੂ ਵੀ ਇਸ ਵਿਲੱਖਣ ਕਿਸਮ ਦੇ ਨਗਰ ਨੂੰ ਵੇਖਣ ਲਈ ਆਏ ਸਨ। ਮਹਾਤਮਾ ਗਾਂਧੀ ਨੇ ਵੀ ਇਸ ਨਗਰ ਨੂੰ ਵੇਖਣ ਦੀ ਇੱਛਾ ਜ਼ਾਹਿਰ ਕੀਤੀ ਸੀ। ਇਸ ਦੇ ਨਾਲ ਹੀ ਰਾਬਿੰਦਰਨਾਥ ਟੈਗੋਰ ਨੇ ਆਪਣੇ ਪ੍ਰਤੀਨਿਧ ਤੇ ਸ਼ਾਂਤੀਨਿਕੇਤਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਗੁਰੂਦਿਆਲ ਮਲਿਕ ਨੂੰ ਭੇਜਿਆ ਸੀ। ਗੁਰਬਖਸ਼ ਸਿੰਘ ਇਨ੍ਹਾਂ ਰਚਨਾਤਮਕ ਹਸਤੀਆਂ ਨੂੰ ਇਕੱਠੇ ਰੱਖਣ ਵਿੱਚ ਅਸਮਰੱਥ ਸਨ ਕਿਉਂਕਿ ਇਨ੍ਹਾਂ ਵਿੱਚੋਂ ਹਰੇਕ ਦੇ ਸੋਚਣ ਦਾ ਅੰਦਾਜ਼ ਵੱਖਰਾ ਸੀ। ਸ਼ਾਇਦ ਉਹ ਸਮਝ ਗਏ ਸਨ ਕਿ ਇਹ ਸਿਲਸਿਲਾ ਬਹੁਤੀ ਦੇਰ ਕਾਇਮ ਨਹੀਂ ਰਹਿ ਸਕੇਗਾ। ਹੋਇਆ ਵੀ ਇਹੋ, ਕੁਝ ਸਾਲ ‘ਪਿਆਰ’ ਦਾ ਜਾਦੂ ਕੰਮ ਕਰਦਾ ਰਿਹਾ, ਪਰ ਹੌਲੀ-ਹੌਲੀ ਪੰਛੀ ਆਪਣੀਆਂ ਜੜ੍ਹਾਂ ਵੱਲ ਵਾਪਸ ਉੱਡਣ ਲੱਗੇ।

Advertisement

‘ਪ੍ਰੀਤ ਲੜੀ’ ਰਸਾਲਾ 1933 ਵਿੱਚ ਸ਼ੁਰੂ ਹੋਇਆ ਸੀ, ਜਦੋਂ ‘ਪ੍ਰੀਤ ਨਗਰ’ ਨੂੰ ਵਸਿਆਂ ਪੰਜ ਸਾਲ ਹੋਏ ਸਨ। ਇਹ ਬਹੁਤ ਘੱਟ ਹੁੰਦਾ ਹੈ ਕਿ ਕੋਈ ਰਸਾਲਾ ਜਾਂ ਰਚਨਾ ਕਿਸੇ ਵਿਅਕਤੀ ਦੇ ਨਾਮ ਦਾ ਹਿੱਸਾ ਬਣ ਜਾਵੇ, ਪਰ ਗੁਰਬਖਸ਼ ਸਿੰਘ ਨੇ ‘ਪ੍ਰੀਤ ਲੜੀ’ ਨਾਲ ਐਸੀ ਪ੍ਰੀਤ ਪਾਈ ਕਿ ਇਹ ਸ਼ਬਦ ਉਨ੍ਹਾਂ ਦੇ ਨਾਮ ਨਾਲ ਸਦਾ ਲਈ ਜੁੜ ਗਿਆ। ਇੱਥੋਂ ਤੱਕ ਕਿ ਲੇਖਕ ਗੁਰਬਖਸ਼ ਸਿੰਘ ਬਾਰੇ ਇੰਟਰਨੈੱਟ ’ਤੇ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਸਾਨੂੰ ਉਨ੍ਹਾਂ ਦੇ ਨਾਂ ਨਾਲ ਰਸਾਲਾ ‘ਪ੍ਰੀਤ ਲੜੀ’ ਦਾ ਨਾਂ ਵੀ ਜ਼ਰੂਰ ਪਾਉਣਾ ਪਵੇਗਾ। ਇਸ ਦੇ ਨਾਲ ਹੀ ਪ੍ਰੀਤ ਨਗਰ ਗੁਰਬ਼ਖ਼ਸ਼ ਸਿੰਘ ਪ੍ਰੀਤ ਲੜੀ ਦੀ ਕਲਪਨਾ ਅਤੇ ਸੱਭਿਆਚਾਰਕ ਉੱਨਤੀ ਦਾ ਇੱਕ ਵਿਲੱਖਣ ਪ੍ਰਤੀਕ ਬਣਿਆ, ਪਰ ਭਾਰਤ-ਪਾਕਿਸਤਾਨ ਵੰਡ ਦੌਰਾਨ ਇਸ ਦਾ ਉਜਾੜਾ ਹੋਇਆ।

Advertisement

ਇਸ ਦੇ ਬਾਵਜੂਦ ਅੱਜ 88 ਸਾਲ ਬੀਤਣ ਮਗਰੋਂ ਵੀ ਇੱਥੇ ਸਭ ਕੁਝ ਵੀਰਾਨ ਨਹੀਂ ਹੋਇਆ। ਇੱਥੇ ਇੱਕ ਪ੍ਰੈੱਸ ਹੈ, ਜਿਸ ਦੇ ਸੰਸਥਾਪਕ ਗੁਰਬਖਸ਼ ਸਿੰਘ ਪ੍ਰੀਤ ਲੜੀ ਸਨ। ਇੱਥੋਂ ਰਸਾਲਾ ‘ਪ੍ਰੀਤ ਲੜੀ’ ਪ੍ਰਕਾਸ਼ਿਤ ਹੁੰਦਾ ਹੈ ਤੇ ਕੁਝ ਕਿਤਾਬਾਂ ਵੀ ਪ੍ਰਕਾਸ਼ਿਤ ਹੁੰਦੀਆਂ ਹਨ।

ਆਓ, ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਜੀਵਨ ’ਤੇ ਇੱਕ ਝਾਤ ਮਾਰੀਏ।

ਖੱਬਿਉਂ ਸੱਜੇ: ਮੁੱਜੀ, ਨਵਤੇਜ ਸਿੰਘ, ਖ਼ਵਾਜਾ ਅਹਿਮਦ ਅੱਬਾਸ, ਰਾਜਿੰਦਰ ਸਿੰਘ ਬੇਦੀ, ਸ਼ਿਵਦਾਨ ਚੌਹਾਨ ਦੀ ਸੰਨ 1943 ’ਚ ਮਦਨਜੀਤ ਸਿੰਘ ਵੱਲੋਂ ਖਿੱਚੀ ਗਈ ਤਸਵੀਰ।

ਖੱਬਿਉਂ ਸੱਜੇ: ਮੁੱਜੀ, ਨਵਤੇਜ ਸਿੰਘ, ਖ਼ਵਾਜਾ ਅਹਿਮਦ ਅੱਬਾਸ, ਰਾਜਿੰਦਰ ਸਿੰਘ ਬੇਦੀ, ਸ਼ਿਵਦਾਨ ਚੌਹਾਨ ਦੀ ਸੰਨ 1943 ’ਚ ਮਦਨਜੀਤ ਸਿੰਘ ਵੱਲੋਂ ਖਿੱਚੀ ਗਈ ਤਸਵੀਰ।

ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਜਨਮ 26 ਅਪਰੈਲ 1895 ਨੂੰ ਪਾਕਿਸਤਾਨ ਦੇ ਸਿਆਲਕੋਟ ਵਿੱਚ ਹੋਇਆ। ਸੰਨ 1918 ਵਿੱਚ ਰੁੜਕੀ ਦੇ ਇੰਜੀਨੀਅਰਿੰਗ ਕਾਲਜ ਤੋਂ ਸਿਵਿਲ ਇੰਜੀਨੀਅਰਿੰਗ ਵਿੱਚ ਡਿਗਰੀ ਕਰਨ ਮਗਰੋਂ ਉਹ ਫ਼ੌਜ ਦੀ ਇੰਜੀਨੀਅਰਿੰਗ ਸ਼ਾਖਾ ਵਿੱਚ ਨੌਕਰੀ ਕਰਨ ਲੱਗੇ।

ਫ਼ੌਜੀ ਸੇਵਾ ਦੇ ਹਿੱਸੇ ਵਜੋਂ ਉਨ੍ਹਾਂ ਨੂੰ ਬਗ਼ਦਾਦ ਵਿੱਚ ਤਾਇਨਾਤ ਕੀਤਾ ਗਿਆ ਸੀ। ਉੱਥੇ ਕੁਝ ਸਾਲ ਬਿਤਾਉਣ ਮਗਰੋਂ ਉਨ੍ਹਾਂ ਸਿਵਿਲ ਇੰਜੀਨੀਅਰਿੰਗ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸੰਯੁਕਤ ਰਾਜ ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਵਾਪਸ ਆ ਕੇ ਉਨ੍ਹਾਂ ਨੇ 1925 ਤੋਂ 1932 ਤੱਕ ਭਾਰਤੀ ਰੇਲਵੇ ਲਈ ਕੰਮ ਕੀਤਾ। ਇਸ ਦੌਰਾਨ ਉਹ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਦੀ ਵਰਤੋਂ ਬਾਰੇ ਕੰਮ ਕਰਦੇ ਰਹੇ। ਵੱਖ-ਵੱਖ ਤਜਰਬਿਆਂ ਰਾਹੀਂ ਡਾ. ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਇੱਕ ਅਜਿਹਾ ਸ਼ਹਿਰ ਸਥਾਪਤ ਕਰਨ ਬਾਰੇ ਸੋਚਿਆ, ਜਿੱਥੇ ਲੇਖਣੀ, ਕਲਾ ਅਤੇ ਸੱਭਿਆਚਾਰ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ ਇਕੱਠੀਆਂ ਰਹਿ ਸਕਣ। ਇਸ ਦੀ ਸ਼ੁਰੂਆਤ ਰਸਾਲਾ ‘ਪ੍ਰੀਤ ਲੜੀ’ ਦੀ ਪ੍ਰਕਾਸ਼ਨਾ ਨਾਲ ਹੋਈ। ਇਸ ਰਸਾਲੇ ਨੇ ਮੱਧ, ਹੇਠਲੇ ਅਤੇ ਕੁਝ ਉੱਚ ਮੱਧ ਵਰਗ ਦੇ ਬੁੱਧੀਜੀਵੀਆਂ ਨੂੰ ਲਿਖਣ ਅਤੇ ਕਲਾ ਦੀ ਦੁਨੀਆ ਵਿੱਚ ਪੈਰ ਰੱਖਣ ਦਾ ਮੌਕਾ ਦਿੱਤਾ। ਗੁਰਬਖਸ਼ ਸਿੰਘ ਨੇ ਖ਼ੁਦ ਵੀ ਇਸ ਰਸਾਲੇ ਲਈ ਬਹੁਤ ਕੁਝ ਲਿਖਿਆ।

ਗੁਰਬਖਸ਼ ਸਿੰਘ ਦੀ ਖ਼ਾਸੀਅਤ ਉਨ੍ਹਾਂ ਦੀ ਸਮਰਪਣ ਭਾਵਨਾ ਸੀ। ਉਹ ਸਿਵਿਲ ਇੰਜੀਨੀਅਰਿੰਗ ਵਿੱਚ ਵੀ ਠੋਸ ਨਿਯਮਾਂ ਤੇ ਸਿਧਾਂਤਾਂ ਦੇ ਆਧਾਰ ’ਤੇ ਕਲਪਨਾ ਨੂੰ ਹਕੀਕਤ ਵਿੱਚ ਬਦਲਣ ਦੇ ਬਾਖ਼ੂਬੀ ਸਮਰੱਥ ਸਨ। ਰੇਲਵੇ ਵਿੱਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਨੌਸ਼ਹਿਰਾ ਵਿੱਚ ਇੱਕ ਵੱਡਾ ਬੰਗਲਾ ਅਲਾਟ ਕੀਤਾ ਗਿਆ ਸੀ। ਹਾਲਾਂਕਿ, ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਅਸਲ ਜ਼ਿੰਦਗੀ ਅਤੇ ਆਪਣੀਆਂ ਜੜ੍ਹਾਂ ਨਾਲ ਜੁੜਨ ਤੋਂ ਅਸਮਰੱਥ ਸਨ। ਉਨ੍ਹਾਂ ਨੇ ਕਾਬੁਲ ਨਦੀ ਦੇ ਪਾਰ ਲਗਪਗ ਪੰਜ ਕਿਲੋਮੀਟਰ ਦੂਰ ਇੱਕ ਪਿੰਡ ਪੀਰ-ਸਬਕ ਵਿੱਚ ਰਹਿਣ ਲਈ ਦੋ ਕਮਰਿਆਂ ਵਾਲਾ ਮਿੱਟੀ ਦਾ ਘਰ ਵੀ ਬਣਾਇਆ। ਫਿਰ ਉਨ੍ਹਾਂ ਨੇ ਕੂੜੇ ਵਿੱਚੋਂ ਟੁੱਟੇ ਹੋਏ ਕਰੌਕਰੀ ਦੇ ਟੁਕੜੇ, ਲੋਹੇ ਦੀਆਂ ਤਾਰਾਂ ਤੇ ਟੁੱਟੇ ਹੋਏ ਮਾਲਾ ਦੇ ਮਣਕੇ ਇਕੱਠੇ ਕੀਤੇ ਅਤੇ ਉਨ੍ਹਾਂ ਦੋਵਾਂ ਕਮਰਿਆਂ ਨੂੰ ਇੱਕ ਨਵਾਂ ਰੂਪ ਦਿੱਤਾ। ਉਸ ਘਰ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਣ ਲੱਗੇ।

ਉਨ੍ਹਾਂ ਨੇ ਰਾਵਲਪਿੰਡੀ ਦੇ ਨੇੜੇ ਹਸਨ ਅਬਦਾਲ ਵਿੱਚ ਗੁਰਦੁਆਰਾ ਪੰਜਾ ਸਾਹਿਬ ਦੀ ਉਸਾਰੀ ਦੀ ਵੀ ਨਿਗਰਾਨੀ ਕੀਤੀ। ਉਨ੍ਹਾਂ ਨੇ ਇਸ ਪੂਰੇ ਪ੍ਰੋਜੈਕਟ ਦੌਰਾਨ ਆਪਣੇ ਕੰਮ ਲਈ ਕੋਈ ਫੀਸ ਜਾਂ ਮਿਹਨਤਾਨਾ ਨਹੀਂ ਸੀ ਲਿਆ। ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਵਿਸ਼ਾਲ ਦ੍ਰਿਸ਼ਟੀਕੋਣ ਅਤੇ ਮੌਲਿਕ ਸੋਚ ਸਦਕਾ ਹੀ ‘ਪ੍ਰੀਤ ਨਗਰ’ ਉਨ੍ਹਾਂ ਦੀ ਕਲਪਨਾ ਵਿੱਚੋਂ ਨਿਕਲ ਕੇ ਠੋਸ ਹਕੀਕਤ ’ਚ ਤਬਦੀਲ ਹੋ ਸਕਿਆ ਸੀ। ਇਸ ਸ਼ਾਨਦਾਰ ਸ਼ਖ਼ਸੀਅਤ ਵੱਲੋਂ ਲਿਖੀਆਂ ਰਚਨਾਵਾਂ ਵਿੱਚੋਂ ‘ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ’, ‘ਅਣਵਿਆਹੀ ਮਾਂ’, ‘ਸ਼ਬਨਮ’, ‘ਜ਼ਿੰਦਗੀ ਵਾਰਸ ਹੈ, ‘ਭਾਬੀ ਮੈਨਾ’, ‘ਮੰਜ਼ਲ ਦਿਸ ਪਾਈ’, ‘ਪ੍ਰੀਤਾਂ ਦੀ ਪਹਿਰੇਦਾਰ’ ਅਤੇ ‘ਖੁੱਲ੍ਹਾ ਦਰ’ ਆਦਿ ਬਹੁਤ ਮਕਬੂਲ ਹੋਈਆਂ ਹਨ। ਅੰਤ 1977 ਵਿੱਚ ਆਪਣੇ ਅਧੂਰੇ ਸੁਫ਼ਨੇ ਆਪਣੇ ਨਾਲ ਲੈ ਕੇ ਗੁਰਬਖਸ਼ ਸਿੰਘ ਪ੍ਰੀਤ ਲੜੀ ਚੰਡੀਗੜ੍ਹ ’ਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ।

ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਪੁੱਤਰ ਨਵਤੇਜ ਸਿੰਘ ਨੇ ਲੰਮਾ ਸਮਾਂ ਉੱਥੋਂ ਦੀਆਂ ਗਤੀਵਿਧੀਆਂ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਤੋਂ ਬਾਅਦ ਗੁਰਬਖਸ਼ ਸਿੰਘ ਦੇ ਪੋਤਰੇ ਸੁਮੀਤ ਸਿੰਘ ਨੇ ਵੀ ਇਸ ਪਰੰਪਰਾ ਨੂੰ ਜਾਰੀ ਰੱਖਿਆ। ਫਿਰ ਪੰਜਾਬ ਦਾ ਕਾਲਾ ਦੌਰ ਆਇਆ। ਬਾਈ ਫਰਵਰੀ 1984 ਨੂੰ ਪ੍ਰੀਤ ਨਗਰ ਦੇਸ਼ ਵਿਆਪੀ ਚਰਚਾ ਦਾ ਕੇਂਦਰ ਬਣਿਆ। ਉਸ ਦਿਨ ਅਤਿਵਾਦੀਆਂ ਨੇ ਨੇੜਲੇ ਪਿੰਡ ਲੋਪੋਕੇ ਵਿੱਚ ਸੁਮੀਤ ਸਿੰਘ ਦਾ ਕਤਲ ਕਰ ਦਿੱਤਾ ਸੀ। ਸੁਮੀਤ ਸਿੰਘ ਉਸ ਸਮੇਂ ਸਿਰਫ਼ 30 ਸਾਲ ਦਾ ਸੀ। ਦਰਅਸਲ, ਉਸ ਨੇ ਗਰਮ-ਖ਼ਿਆਲੀਆਂ ਵਿਰੁੱਧ ਬਹੁਤ ਕੁਝ ਲਿਖਿਆ ਸੀ। ਸੁਮੀਤ ਸਿੰਘ ਆਪਣੇ ਭਰਾ ਰਿਤੂਰਾਜ ਸਿੰਘ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਅਤਿਵਾਦੀਆਂ ਨੇ ਉਨ੍ਹਾਂ ਨੂੰ ਰੋਕ ਕੇ ਮੋਟਰਸਾਈਕਲ ਖੋਹ ਲਿਆ ਤੇ ਸੁਮੀਤ ਸਿੰਘ ਨੂੰ ਗੋਲੀ ਮਾਰ ਦਿੱਤੀ। ਉਹ ਕਮਿਊਨਿਸਟ ਆਗੂ ਮਦਨ ਲਾਲ ਦੀਦੀ ਦਾ ਜਵਾਈ ਸੀ। ਸੁਮੀਤ ਦੀ ਪਤਨੀ ਪੂਨਮ ਸਿੰਘ ਵੀ ਪ੍ਰਗਤੀਸ਼ੀਲ ਵਿਚਾਰਧਾਰਾ ਵਾਲੀ ਹੈ।

‘ਪ੍ਰੀਤ ਲੜੀ’ ਦੇ ਸਤੰਬਰ 1933 ’ਚ ਛਪੇ ਪਹਿਲੇ     ਅੰਕ ਦਾ ਸਰਵਰਕ।

‘ਪ੍ਰੀਤ ਲੜੀ’ ਦੇ ਸਤੰਬਰ 1933 ’ਚ ਛਪੇ ਪਹਿਲੇ ਅੰਕ ਦਾ ਸਰਵਰਕ।

ਧਾਰਮਿਕ ਕੱਟੜਤਾ ਵਿਰੁੱਧ ਉਸ ਦਾ ਗੁੱਸਾ ਇੰਨਾ ਤੇਜ਼ ਸੀ ਕਿ ਉਸ ਨੇ ਆਪਣੇ ਪਤੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸੁਮੀਤ ਸਿੰਘ ਨੇ ਆਪਣੀ ਆਖ਼ਰੀ ਸੰਪਾਦਕੀ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਲਿਖੀ ਸੀ, ਜੋ ਉਸ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਈ। ਉਹ ਲੇਖ ਅਤਿਵਾਦ ਵਿਰੁੱਧ ਜੰਗ ਲਈ ਇੱਕ ਸਪੱਸ਼ਟ ਸੱਦਾ ਸਾਬਿਤ ਹੋਇਆ। ਰਸਾਲਾ ‘ਪ੍ਰੀਤ ਲੜੀ’ ਦੀ ਮੌਜੂਦਾ ਸੰਪਾਦਕ ਪੂਨਮ ਸਿੰਘ ਦੱਸਦੇ ਹਨ ਕਿ ਚੌਥੀ ਪੀੜ੍ਹੀ ਨੇ ਹੁਣ ਇਸ ਪਿੰਡ ਦੀ ਪਰੰਪਰਾ ਨੂੰ ਜਾਰੀ ਰੱਖਣ ਦੀ ਜ਼ਿੰਮੇਵਾਰੀ ਲਈ ਹੈ। ਰਤਿਕਾ ਸਿੰਘ ਅਤੇ ਸਮੀਆ ਸਿੰਘ ਦੁਆਰਾ ਸ਼ੁਰੂ ਕੀਤੇ ਗਏ ਕਲਾਕਾਰ ਨਿਵਾਸ ਪ੍ਰੋਗਰਾਮ ਤਹਿਤ ਬ੍ਰਿਟਿਸ਼ ਕੋਲੰਬੀਆ ਅਤੇ ਸਕਾਟਲੈਂਡ ਦੇ ਵਿਦਿਆਰਥੀ ਵੀ ਇੱਥੇ ਪੰਜਾਬੀ ਸੱਭਿਆਚਾਰ ਬਾਰੇ ਦਸਤਾਵੇਜ਼ੀ ਫਿਲਮਾਂ ਲਿਖਣ ਅਤੇ ਬਣਾਉਣ ਲਈ ਆਉਂਦੇ ਹਨ। ਮੌਰੀਸ਼ਸ, ਕੈਨੇਡਾ ਅਤੇ ਬੰਗਲੂਰੂ ਦੇ ਕਲਾਕਾਰਾਂ ਦਾ ਕੰਮ ਵੀ ਇੱਥੇ ਪ੍ਰਦਰਸ਼ਿਤ ਕੀਤਾ ਗਿਆ ਹੈ। ਅੰਤ ਵਿੱਚ ਆਖੀਏ ਤਾਂ ਅੰਮ੍ਰਿਤਸਰ ਦੇ ਪ੍ਰੀਤ ਨਗਰ ਨੂੰ ਪੰਜਾਬ ਦਾ ਪਹਿਲਾ ਯੋਜਨਾਬੱਧ ਪਿੰਡ ਹੋਣ ਦਾ ਮਾਣ ਪ੍ਰਾਪਤ ਹੈ। ਆਪਣੇ ਨਾਮ ਅਨੁਸਾਰ, ਇਹ ਪਿਆਰ ਅਤੇ ਦੋਸਤੀ ਦੀ ਪਨਾਹਗਾਹ ਰਿਹਾ ਹੈ। ਲਗਪਗ 90 ਸਾਲਾਂ ਤੋਂ ਬਹੁਤ ਸਾਰੇ ਉਤਰਾਅ-ਚੜ੍ਹਾਵਾਂ ਦੇ ਬਾਵਜੂਦ ਅੱਜ ਆਪਣੇ ਸ਼ਾਨਦਾਰ ਇਤਿਹਾਸ ਨੂੰ ਸੁਰੱਖਿਅਤ ਰੱਖਦੇ ਹੋਏ ਇਹ ਨਵੀਂ ਪੀੜ੍ਹੀ ਲਈ ਰਚਨਾਤਮਕਤਾ ਦੇ ਇੱਕ ਵਿਲੱਖਣ ਕੇਂਦਰ ਵਜੋਂ ਸੁਰਜੀਤ ਹੋ ਰਿਹਾ ਹੈ। ਇੱਥੇ 35 ਸਾਲਾਂ ਬਾਅਦ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਪਹਿਲ ਦਾ ਉਦੇਸ਼ ਕਲਾਕਾਰਾਂ ਲਈ ਰਚਨਾਤਮਕ ਮਾਹੌਲ ਪੈਦਾ ਕਰਨਾ ਅਤੇ ਪਿਆਰ ਤੇ ਸ਼ਾਂਤੀ ਦਾ ਇੱਕ ਨਵਾਂ ਅਧਿਆਇ ਲਿਖਣਾ ਹੈ।

ਸੰਪਰਕ: 94170-04423

- ਫੋਟੋਆਂ ਲਈ ਵਿਸ਼ੇਸ਼ ਧੰਨਵਾਦ: ਪੂਨਮ ਪ੍ਰੀਤ ਲੜੀ

Advertisement
×