DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਗਿਆਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਾਲਾ ਡਾ. ਵਿਦਵਾਨ ਸਿੰਘ ਸੋਨੀ

ਉੱਘੇ ਲੇਖਕ ਡਾ. ਵਿਦਵਾਨ ਸਿੰਘ ਸੋਨੀ ਦੇ ਇਸ ਦੁਨੀਆ ਤੋਂ ਵਿਦਾ ਹੋਣ ਨਾਲ ਪੰਜਾਬ ਉਸ ਚੋਟੀ ਦੇ ਭਾਰਤੀ ਵਿਗਿਆਨੀ ਤੋਂ ਵਾਂਝਾ ਹੋ ਗਿਆ ਹੈ, ਜਿਸ ਨੇ ਭੌਤਿਕ ਵਿਗਿਆਨ ਤੇ ਪੁਰਾਤੱਤਵ ਖੋਜਾਂ ਬਾਰੇ ਇਤਿਹਾਸਕ ਕੰਮ ਕੀਤਾ ਸੀ। ਇਹ ਇੱਕ ਅਜਿਹਾ ਕੰਮ...

  • fb
  • twitter
  • whatsapp
  • whatsapp
Advertisement

ਉੱਘੇ ਲੇਖਕ ਡਾ. ਵਿਦਵਾਨ ਸਿੰਘ ਸੋਨੀ ਦੇ ਇਸ ਦੁਨੀਆ ਤੋਂ ਵਿਦਾ ਹੋਣ ਨਾਲ ਪੰਜਾਬ ਉਸ ਚੋਟੀ ਦੇ ਭਾਰਤੀ ਵਿਗਿਆਨੀ ਤੋਂ ਵਾਂਝਾ ਹੋ ਗਿਆ ਹੈ, ਜਿਸ ਨੇ ਭੌਤਿਕ ਵਿਗਿਆਨ ਤੇ ਪੁਰਾਤੱਤਵ ਖੋਜਾਂ ਬਾਰੇ ਇਤਿਹਾਸਕ ਕੰਮ ਕੀਤਾ ਸੀ। ਇਹ ਇੱਕ ਅਜਿਹਾ ਕੰਮ ਅਤੇ ਖੋਜ ਦਾ ਪਹਿਲੂ ਸੀ, ਜਿਸ ਬਾਰੇ ਪੂਰੀ ਦੁਨੀਆ ’ਚ ਬਹੁਤ ਘੱਟ ਲੋਕ ਜਾਣਦੇ ਹਨ। ਡਾ. ਸੋਨੀ ਦੀਆਂ ਖੋਜਾਂ ਨੇ ਸਾਬਿਤ ਕੀਤਾ ਕਿ ਲੱਖਾਂ ਸਾਲ ਪਹਿਲਾਂ ਧਰਤੀ ਦੀ ਬਣਤਰ ਕਿਸ ਤਰ੍ਹਾਂ ਦੀ ਸੀ ਤੇ ਕਿਵੇਂ ਵਿਕਾਸ ਦੇ ਰਾਹ ਤੁਰਦਿਆਂ ਮਾਨਵੀ ਵਿਕਾਸ ਹੋਇਆ। ਡਾ. ਵਿਦਵਾਨ ਸਿੰਘ ਸੋਨੀ ਦੇ ਰੁਖ਼ਸਤ ਹੋ ਜਾਣ ’ਤੇ ਉਨ੍ਹਾਂ ਦੀਆਂ ਖੋਜਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਮੈਨੂੰ ਜਾਪਦਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੇ ਆਪਣੇ ਇਸ ਵਿਗਿਆਨੀ ਦੀ ਕਦਰ ਨਹੀਂ ਕੀਤੀ। ਡਾ. ਵਿਦਵਾਨ ਸਿੰਘ ਸੋਨੀ ਵਰਗੇ ਸਿਰੜੀ, ਮਿਹਨਤੀ ਤੇ ਸਹਿਜ ਸ਼ਖ਼ਸੀਅਤ ਵਾਲੇ ਵਿਗਿਆਨੀ ਦੇ ਦੇਹਾਂਤ ਕਾਰਨ ਇਸ ਖੇਤਰ ਨੂੰ ਪਿਆ ਘਾਟਾ ਆਉਣ ਵਾਲੇ ਲੰਮੇ ਸਮੇਂ ਤੱਕ ਪੂਰਾ ਨਹੀਂ ਹੋ ਸਕਦਾ।

ਛੱਬੀ ਅਕਤੂਬਰ 1943 ਨੂੰ ਜਨਮੇ ਡਾ. ਵਿਦਵਾਨ ਸਿੰਘ ਸੋਨੀ ਭਾਰਤੀ ਵਿਗਿਆਨ, ਖ਼ਾਸਕਰ ਪੰਜਾਬੀ ਭਾਸ਼ਾ ’ਚ ਵਿਗਿਆਨ ਲੇਖਣ ਅਤੇ ਅਧਿਆਪਨ ਦੇ ਖੇਤਰ ਵਿੱਚ ਵਿਲੱਖਣ ਸ਼ਖ਼ਸੀਅਤ ਸਨ। ਉਹ ਭੌਤਿਕ ਵਿਗਿਆਨੀ, ਵਿਗਿਆਨ ਲੇਖਕ, ਸਿੱਖਿਆ ਸ਼ਾਸਤਰੀ ਅਤੇ ਪੂਰਵ-ਇਤਿਹਾਸਕ ਪੁਰਾਤੱਤਵ ਦੇ ਖੋਜੀ ਸਨ। ਪਟਿਆਲਾ ਨਾਲ ਡੂੰਘੇ ਰੂਪ ਵਿੱਚ ਜੁੜੇ ਇਸ ਵਿਦਵਾਨ ਨੇ ਵਿਗਿਆਨ ਨੂੰ ਸਿਰਫ਼ ਪ੍ਰਯੋਗਸ਼ਾਲਾ ਜਾਂ ਅੰਗਰੇਜ਼ੀ ਪਾਠ ਪੁਸਤਕਾਂ ਤੱਕ ਸੀਮਿਤ ਨਹੀਂ ਰੱਖਿਆ ਸਗੋਂ ਇਸ ਨੂੰ ਪੰਜਾਬੀ ਭਾਸ਼ਾ ਰਾਹੀਂ ਆਮ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਉਨ੍ਹਾਂ ਦਾ ਜੀਵਨ ਅਤੇ ਕਾਰਜ ਇਸ ਗੱਲ ਦੀ ਮਿਸਾਲ ਹੈ ਕਿ ਇੱਕ ਵਿਗਿਆਨੀ ਕਿਵੇਂ ਇੱਕੋ ਸਮੇਂ ਬ੍ਰਹਿਮੰਡ ਦੇ ਗੁੰਝਲਦਾਰ ਰਹੱਸਾਂ ਅਤੇ ਧਰਤੀ ਦੇ ਪ੍ਰਾਚੀਨ ਇਤਿਹਾਸ ਨੂੰ ਇਕੱਠਿਆਂ ਸਮਝਣ ਤੇ ਸਮਝਾਉਣ ਦਾ ਕੰਮ ਕਰ ਸਕਦਾ ਹੈ। ਡਾ. ਸੋਨੀ ਦੀ ਅਕਾਦਮਿਕ ਯਾਤਰਾ ਅਤੇ ਖੋਜ ਅਦਭੁੱਤ ਹੈ।

Advertisement

ਮੈਂ ਪਹਿਲੀ ਵਾਰ ਉਨ੍ਹਾਂ ਨੂੰ ਪਟਿਆਲਾ ਵਿੱਚ ਮਿਲਿਆ ਸਾਂ। ਫਿਰ ਜਦੋਂ ਵੀ ਉਨ੍ਹਾਂ ਨਾਲ ਗੱਲ ਹੋਣੀ ਤਾਂ ਉਹ ਹਮੇਸ਼ਾ ਉਸ ਨਵੇਂ ਸਿਲਸਿਲੇ ਤੇ ਖੋਜ ਬਾਰੇ ਗੱਲ ਕਰਦੇ, ਜੋ ਉਨ੍ਹਾਂ ਦੇ ਸੁਭਾਅ ਅਤੇ ਦਿਮਾਗ਼ ਵਿੱਚ ਇੱਕੋ ਸਮੇਂ ਚੱਲਦੀ ਸੀ। ਉਹ ਸਹਿਜ ਪ੍ਰਵਿਰਤੀ ਵਾਲੀ ਅਜਿਹੀ ਆਦਰਸ਼ ਸ਼ਖ਼ਸੀਅਤ ਸਨ, ਜਿਨ੍ਹਾਂ ਨੂੰ ਅਸੀਂ ਅੱਜ ਗੁਆ ਦਿੱਤਾ ਹੈ। ਡਾ. ਸੋਨੀ ਨੇ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਲੰਮਾ ਸਮਾਂ ਅਧਿਆਪਨ ਅਤੇ ਖੋਜ ਕੀਤੀ। ਉਹ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਵੀ ਰਹੇ। ਉਨ੍ਹਾਂ ਕੋਲ ਕਾਲਜ ਪੱਧਰ ’ਤੇ ਭੌਤਿਕ ਵਿਗਿਆਨ ਪੜ੍ਹਾਉਣ ਦਾ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦਾ ਤਜਰਬਾ ਸੀ। ਉਨ੍ਹਾਂ ਦੀ ਖੋਜ ਦਾ ਮੁੱਖ ਖੇਤਰ ਸਾਪੇਖਤਾ ਦਾ ਵਿਸ਼ੇਸ਼ ਸਿਧਾਂਤ (Special Theory of Relativity) ਰਿਹਾ। ਸਾਲ 2002 ਵਿੱਚ ਯੂਰੋਪੀਅਨ ਜਰਨਲ ਔਫ ਫਿਜ਼ਿਕਸ ਵਿੱਚ ਪ੍ਰਕਾਸ਼ਿਤ ਉਨ੍ਹਾਂ ਦਾ ਖੋਜ ਪੱਤਰ ‘A simple solution of the twin paradox also shows anomalous behaviour of rigidly connected distant clocks’ ਖ਼ਾਸ ਮਹੱਤਵ ਰੱਖਦਾ ਹੈ। ਇਸ ਵਿੱਚ ਉਨ੍ਹਾਂ ਨੇ ਟਵਿਨ ਪੈਰਾਡੌਕਸ ਦਾ ਸਰਲ ਹੱਲ ਪੇਸ਼ ਕੀਤਾ ਅਤੇ ਨਾਲ ਹੀ ਦੂਰੀ ’ਤੇ ਲੱਗੀਆਂ ਘੜੀਆਂ ਦੇ ਅਨੋਖੇ ਵਿਹਾਰ ਵੱਲ ਧਿਆਨ ਦਿਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਮਿਸ਼ੇਲਸਨ-ਮੌਰਲੇ ਪ੍ਰਯੋਗ ਬਾਰੇ ਵੀ ਲਿਖਿਆ। ਮੈਨੂੰ ਯਾਦ ਹੈ, ਉਨ੍ਹਾਂ ਦੀਆਂ ਪਾਠ-ਪੁਸਤਕਾਂ ‘Mechanics’ ਅਤੇ ‘Mechanics and Relativity’ ਬੀ ਐੱਸ-ਸੀ ਪੱਧਰ ਦੇ ਵਿਦਿਆਰਥੀਆਂ ਲਈ ਬਹੁਤ ਉਪਯੋਗੀ ਸਨ। ਇਨ੍ਹਾਂ ਕਿਤਾਬਾਂ ਵਿੱਚ ਉਨ੍ਹਾਂ ਨੇ ਨਿਊਟੋਨੀਅਨ ਮਕੈਨਿਕਸ, ਰਿਜਿਡ ਬੌਡੀ ਡਾਇਨਾਮਿਕਸ, ਯੂਨੀਵਰਸਲ ਫਰੇਮ ਔਫ ਰੈਫਰੈਂਸ ਅਤੇ ਵਿਸ਼ੇਸ਼ ਸਾਪੇਖਤਾ ਨੂੰ ਸਰਲ ਅਤੇ ਸਪੱਸ਼ਟ ਢੰਗ ਨਾਲ ਸਮਝਾਇਆ ਹੈ।

Advertisement

ਪੂਰਵ-ਇਤਿਹਾਸਕ ਪੁਰਾਤੱਤਵ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਉਹ ਪਹਿਲੇ ਅਜਿਹੇ ਵਿਗਿਆਨੀ ਸਨ, ਜਿਨ੍ਹਾਂ ਦੀ ਰੁਚੀ ਸਿਰਫ਼ ਭੌਤਿਕ ਵਿਗਿਆਨ ਤੱਕ ਸੀਮਿਤ ਨਹੀਂ ਸੀ। ਉਨ੍ਹਾਂ ਨੇ ਉੱਤਰ-ਪੱਛਮੀ ਉਪ-ਹਿਮਾਲਿਆਈ (ਸ਼ਿਵਾਲਿਕ) ਖੇਤਰ ਵਿੱਚ ਵਿਆਪਕ ਫੀਲਡਵਰਕ ਕੀਤਾ। ਉਨ੍ਹਾਂ ਨੇ ਸੋਆਨੀਅਨ ਸੱਭਿਆਚਾਰ ਨਾਲ ਸਬੰਧਿਤ ਪੱਥਰੀ ਔਜ਼ਾਰ, ਜੀਵਾਸ਼ਮ ਅਤੇ ਪ੍ਰਾਚੀਨ ਚੱਟਾਨਾਂ ਦੀ ਖੋਜ ਕੀਤੀ ਤੇ ਇਸ ਨੂੰ ਦਸਤਾਵੇਜ਼ੀ ਰੂਪ ਦਿੱਤਾ। ਉਨ੍ਹਾਂ ਦੀ ਖੋਜ ਆਦਿ-ਮਾਨਵ ਦੇ ਰਹਿਣ-ਸਹਿਣ, ਔਜ਼ਾਰ ਬਣਾਉਣ ਦੀ ਕਲਾ ਅਤੇ ਮਨੁੱਖੀ ਵਿਕਾਸ ਦੀਆਂ ਕੜੀਆਂ ਨੂੰ ਸਮਝਣ ’ਚ ਮਦਦ ਕਰਦੀ ਹੈ। ਡਾ. ਸੋਨੀ ਦਾ ਸਭ ਤੋਂ ਵੱਡਾ ਅਤੇ ਸਥਾਈ ਯੋਗਦਾਨ ਪੰਜਾਬੀ ਭਾਸ਼ਾ ਵਿੱਚ ਵਿਗਿਆਨ ਲੇਖਣ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਤੱਕ ਵਿਗਿਆਨ ਆਮ ਲੋਕਾਂ ਦੀ ਭਾਸ਼ਾ ਵਿੱਚ ਨਹੀਂ ਪਹੁੰਚੇਗਾ, ਉਦੋਂ ਤੱਕ ਸਮਾਜ ਵਿੱਚ ਵਿਗਿਆਨਕ ਚੇਤਨਾ ਨਹੀਂ ਆ ਸਕਦੀ। ਉਨ੍ਹਾਂ ਨੇ ਬੱਚਿਆਂ ਅਤੇ ਆਮ ਪਾਠਕਾਂ ਲਈ ਕਈ ਰੋਚਕ ਕਿਤਾਬਾਂ ਲਿਖੀਆਂ ਜਿਵੇਂ ‘ਕਿਹ ਬਿਧਿ ਸਜਾ ਪ੍ਰਿਥਮ ਸੰਸਾਰੈ’, ‘ਭਿਅੰਕਰ ਕਿਰਲੇ’, ‘ਇਲੈਕਟ੍ਰਾਨਿਕਸ ਦੇ ਮੂਲ ਤੱਤ’, ‘ਚੰਨ’, ‘ਪਹੀਆ’, ‘ਕੀਮਤੀ ਪੱਥਰ’, ‘ਤਾਰੇ’ ਅਤੇ ‘ਦਿਲਚਸਪ ਕਹਾਣੀ ਧਰਤੀ ਅੰਬਰ ਦੀ’। ਉਨ੍ਹਾਂ ਨੂੰ ਬਾਲ ਸਾਹਿਤ ਰਾਸ਼ਟਰੀ ਪੁਰਸਕਾਰ ਅਤੇ ਪੰਜਾਬ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਉਨ੍ਹਾਂ ਦੀ ਉਸ ਯੋਗਤਾ ਨੂੰ ਮਿਲੀ ਮਾਨਤਾ ਸਨ, ਜਿਸ ਨਾਲ ਉਹ ਗੁੰਝਲਦਾਰ ਵਿਗਿਆਨਕ ਵਿਸ਼ਿਆਂ ਨੂੰ ਸਰਲ ਤੇ ਰੋਚਕ ਢੰਗ ਨਾਲ ਪੰਜਾਬੀ ਭਾਸ਼ਾ ਵਿੱਚ ਪੇਸ਼ ਕਰਦੇ ਸਨ। ਉਹ ਰਾਸ਼ਟਰੀ ਅਨੁਵਾਦ ਮਿਸ਼ਨ ਨਾਲ ਵੀ ਜੁੜੇ ਰਹੇ ਅਤੇ ਤਕਨੀਕੀ ਸ਼ਬਦਾਂ ਨੂੰ ਆਮ ਲੋਕਾਂ ਲਈ ਸਮਝਣਯੋਗ ਬਣਾਉਣ ’ਤੇ ਜ਼ੋਰ ਦਿੰਦੇ ਰਹੇ। ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਵਿਗਿਆਨ ਗਲਪ ਅਤੇ ਗਿਆਨਵਰਧਕ ਲੇਖ ਲਿਖ ਕੇ ਉਨ੍ਹਾਂ ਨੇ ਨੌਜਵਾਨਾਂ ’ਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨ ਦਾ ਯਤਨ ਕੀਤਾ। ਉਹ ਉਸ ਪੀੜ੍ਹੀ ਦੇ ਵਿਗਿਆਨੀ ਸਨ ਜੋ ਮੰਨਦੀ ਸੀ ਕਿ ਵਿਗਿਆਨ ਸਿਰਫ਼ ਮਾਹਿਰਾਂ ਲਈ ਨਹੀਂ ਸਗੋਂ ਹਰ ਨਾਗਰਿਕ ਲਈ ਹੈ।

ਭਾਰਤੀ ਵਿਗਿਆਨ ਵਿੱਚ ਉਨ੍ਹਾਂ ਦੀ ਯਾਦ ਉਸ ਯੋਗਦਾਨ ਲਈ ਚੇਤੇ ਰਹੇਗੀ, ਜਿਸ ਨਾਲ ਉਨ੍ਹਾਂ ਨੇ ਮਾਂ ਬੋਲੀ ਪੰਜਾਬੀ ਵਿੱਚ ਵਿਗਿਆਨ ਸੰਚਾਰ ਨੂੰ ਮਜ਼ਬੂਤ ਕੀਤਾ। ਪੰਜਾਬੀ ’ਚ ਵਿਗਿਆਨਕ ਲਿਖ ਕੇ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਵੀ ਅਮੀਰ ਬਣਾਇਆ ਅਤੇ ਇਹ ਸਾਬਿਤ ਕੀਤਾ ਕਿ ਪੰਜਾਬੀ ਭਾਸ਼ਾ ਵਿਗਿਆਨਕ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਦੀਆਂ ਕਿਤਾਬਾਂ ਅੱਜ ਵੀ ਵਿਦਿਆਰਥੀਆਂ ਅਤੇ ਆਮ ਪਾਠਕਾਂ ਲਈ ਉਪਲਬਧ ਹਨ ਅਤੇ ਭਵਿੱਖ ਵਿੱਚ ਵੀ ਵਿਗਿਆਨਕ ਚੇਤਨਾ ਫੈਲਾਉਣ ਵਿੱਚ ਮਦਦਗਾਰ ਰਹਿਣਗੀਆਂ। ਡਾ. ਵਿਦਵਾਨ ਸਿੰਘ ਸੋਨੀ ਦਾ ਜੀਵਨ ਇਸ ਗੱਲ ਦਾ ਪ੍ਰਮਾਣ ਹੈ ਕਿ ਅਸਲ ਵਿਗਿਆਨੀ ਉਹ ਹੈ ਜੋ ਗਿਆਨ ਨੂੰ ਆਪਣੇ ਤੱਕ ਸੀਮਿਤ ਨਹੀਂ ਰੱਖਦਾ ਸਗੋਂ ਉਸ ਨੂੰ ਸਮਾਜ ਤੱਕ ਪਹੁੰਚਾਉਂਦਾ ਹੈ। ਉਨ੍ਹਾਂ ਦੀ ਦੇਣ ਭਾਰਤੀ ਵਿਗਿਆਨ ਖੇਤਰ ’ਚ ਰਾਹ ਦਸੇਰਾ ਰਹੇਗੀ, ਜਿਸ ਨੇ ਲੈਬਾਰਟਰੀ ਅਤੇ ਲੋਕਾਂ ਦੇ ਵਿਚਕਾਰ ਪੁਲ ਬੰਨ੍ਹਿਆ। ਉਹ ਪੰਜਾਬ ਲਈ ਉਸ ਵਿਦਵਾਨ ਵਜੋਂ ਯਾਦ ਕੀਤੇ ਜਾਣਗੇ, ਜਿਸ ਨੇ ਮਾਂ ਬੋਲੀ ਵਿੱਚ ਵਿਗਿਆਨ ਨੂੰ ਮਾਣ ਅਤੇ ਸਤਿਕਾਰ ਦਿੱਤਾ। ਉਨ੍ਹਾਂ ਦੀਆਂ ਲਿਖਤਾਂ ਅਤੇ ਖੋਜਾਂ ਭਵਿੱਖ ਦੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣੀਆਂ ਰਹਿਣਗੀਆਂ।

ਸੰਪਰਕ: 94787-30156

Advertisement
×