DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਡਾਕਟਰ ਵੀਨਾ ਚੌਧਰੀ

ਕਈ ਦਿਨਾਂ ਤੋਂ ਵੀਨਾ ਗੁੰਮ ਸੀ। ਪਰਿਵਾਰ ਵਾਲੇ ਉਸ ਦੀ ਭਾਲ ਕਰ ਰਹੇ ਸਨ ਤੇ ਰਿਸ਼ਤੇਦਾਰ ਤੇ ਦੋਸਤ ਮਿੱਤਰ ਵੀ ਸਾਥ ਦੇ ਰਹੇ ਸਨ। ਸਭ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀਨਾ ਦਾ ਕੋਈ ਥਹੁ-ਪਤਾ ਨਾ ਲੱਗਾ। ਅੰਤ ਨੂੰ ਸਭ ਚੁੱਪ ਕਰ...

  • fb
  • twitter
  • whatsapp
  • whatsapp
Advertisement

ਕਈ ਦਿਨਾਂ ਤੋਂ ਵੀਨਾ ਗੁੰਮ ਸੀ। ਪਰਿਵਾਰ ਵਾਲੇ ਉਸ ਦੀ ਭਾਲ ਕਰ ਰਹੇ ਸਨ ਤੇ ਰਿਸ਼ਤੇਦਾਰ ਤੇ ਦੋਸਤ ਮਿੱਤਰ ਵੀ ਸਾਥ ਦੇ ਰਹੇ ਸਨ। ਸਭ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀਨਾ ਦਾ ਕੋਈ ਥਹੁ-ਪਤਾ ਨਾ ਲੱਗਾ। ਅੰਤ ਨੂੰ ਸਭ ਚੁੱਪ ਕਰ ਕੇ ਬੈਠ ਗਏ। ਵੀਨਾ ਦੀ ਮਾਂ ਤੇ ਬਾਪ ਕਰ ਵੀ ਕੀ ਸਕਦੇ ਸਨ। ਉਧਰ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ। ਇੱਕ ਦਿਨ ਰਾਮ ਲਾਲ ਦੀ ਘਰਵਾਲੀ ਸੱਤਿਆ ਕਿਸੇ ਕੰਮ ਜਾ ਰਹੀ ਸੀ। ਜਦੋਂ ਉਹ ਸੱਥ ਦੇ ਨੇੜਿਓਂ ਲੰਘੀ ਤਾਂ ਨਾਜਰ ਕਹਿ ਰਿਹਾ ਸੀ, ‘ਲੈ ਬਈ, ਰਾਮੇ ਦੀ ਕੁੜੀ ਤਾਂ ਮੁੜ ਕੇ ਨ੍ਹੀਂ ਆਈ।’ ਸ਼ਿਆਮ ਨੇ ਆਖਿਆ, ‘ਆਉਣ ਨੂੰ ਕਿਹੜਾ ਸਹਿਮਤੀ ਨਾਲ ਗਈ ਐ। ਮਾਂ ਬਾਪ ਦਾ ਨੱਕ ਕਟਵਾ ’ਤਾ। ਬੋਲਣ ਜੋਗੇ ਨ੍ਹੀਂ ਰਹੇ ਵਿਚਾਰੇ।’ ਪਿਆਰੇ ਲਾਲ ਬੋਲਿਆ, ‘ਗੱਲ ਤਾਂ ਤੇਰੀ ਠੀਕ ਐ ਸ਼ਿਆਮ। ਮੈਂ ਕਹਿਨਾ ਇਹੋ ਜਿਹੀ ਧੀ ਦੇ ਤਾਂ ਜੰਮਦੀ ਨੂੰ ਗਲ਼ ਗੂਠਾ ਦੇ ਦਿਓ।’ ਸ਼ਿਆਮ ਕਹਿੰਦਾ, ‘ਤੇਰੀ ਗੱਲ ਜਮਾਂ ਸਹੀ ਐ ਪਿਆਰੇ ਲਾਲ। ਮੈਂ ਤਾਂ ਹੁਣ ਵੀ ਕਹਿਨਾ। ਜੇ ਇੱਕ ਦੋ ਨੂੰ ਮਾਰ ਦੇਈਏ ਤਾਂ ਹੋਰ ਵੀ ਟਿਕ ਕੇ ਬੈਠ ਜਾਣ।’

ਭਾਵੇਂ ਸੱਤਿਆ ਆਪਣੀ ਧੀ ਦੇ ਘਰੋਂ ਜਾਣ ਤੋਂ ਦੁਖੀ ਸੀ ਪਰ ਫੇਰ ਵੀ ਉਸ ਨੇ ਗੱਲ ਸੁਣਨ ਲਈ ਪੈਰ ਮਲ ਲਿਆ। ਗੱਲਾਂ ਕਰ ਕੇ ਸਾਰੇ ਚੁੱਪ ਹੋ ਗਏ। ਪੰਡਤ ਸੀਤਾ ਰਾਮ ਵੀ ਸੱਥ ’ਚ ਬੈਠਾ ਸਭ ਕੁਝ ਸੁਣ ਰਿਹਾ ਸੀ ਪਰ ਉਹ ਕੁਝ ਨਾ ਬੋਲਿਆ। ਸ਼ਾਇਦ ਉਹ ਸੋਚ ਰਿਹਾ ਸੀ ਕਿ ਵੀਨਾ ਪਤਾ ਨਹੀਂ ਕਿਸ ਮਜਬੂਰੀ ਕਾਰਨ ਘਰੋਂ ਭੱਜੀ ਹੋਵੇਗੀ। ਇੱਕ ਪਾਸੇ ਉਹ ਵੀਨਾ ਬਾਰੇ ਸੋਚ ਰਿਹਾ ਸੀ ਤੇ ਦੂਜੇ ਬੰਨੇ, ਵੀਨਾ ਦੇ ਭਵਿੱਖ ਬਾਰੇ ਵੀ ਚਿੰਤਤ ਸੀ। ਰਮੇਸ਼ ਚੰਦ ਨੇ ਲੰਮਾ ਸਮਾਂ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕੀਤੀ ਸੀ। ਉਸ ਨੂੰ ਮੁੰਡੇ-ਕੁੜੀਆਂ ਦੀ ਪਰਖ਼ ਸੀ। ਉਸ ਨੂੰ ਸੱਥ ਵਿੱਚ ਗੱਲਾਂ ਕਰਦੇ ਲੋਕਾਂ ਦੀ ਗੱਲ ਚੰਗੀ ਨਾ ‌ਲੱਗੀ। ਉਹ ਉੱਠ ਕੇ ਚਲਾ ਗਿਆ।

Advertisement

ਵੀਨਾ, ਰਾਮ ਲਾਲ ਦੀ ਕੁੜੀ ਸੀ। ਉਹ ਬਹੁਤ ਸੁੰਦਰ ਸੀ। ਉਸ ਨੇ ਮੈਡੀਕਲ ਨਾਲ ਬਾਰ‌੍ਹਵੀਂ ਪਾਸ ਕੀਤੀ ਸੀ ਪਰ ਘਰ ਦੀ ਮਾਲੀ ਹਾਲਤ ਚੰਗੀ ਨਾ ਹੋਣ ਕਾਰਨ ਉਸ ਨੂੰ ਅੱਗੇ ਪੜ੍ਹਨ ਨਹੀਂ ਸੀ ਲਾਇਆ ਪਰ ਫੇਰ ਵੀ ਉਹ ਘਰ ਪੜ੍ਹਦੀ ਹੀ ਰਹਿੰਦੀ। ਰਾਮ ਲਾਲ ਇੱਕ ਦੁਕਾਨ ’ਤੇ ਕੰਮ ਕਰਦਾ ਸੀ ਤੇ ਸੱਤਿਆ ਸਕੂਲ ਵਿੱਚ ਆਰਜ਼ੀ ਤੌਰ ’ਤੇ ਕੰਮ ਕਰਦੀ ਸੀ। ਸੱਤਿਆ ਸੱਥ ਵਿੱਚ ਬੈਠੇ ਬੰਦਿਆਂ ਦੀ ਗੱਲ ਸੁਣ ਕੇ ਅੰਦਰੋਂ-ਅੰਦਰੀ ਬਹੁਤ ਦੁਖੀ ਹੋਈ ਪਰ ਉਹ ਕੁਝ ਨਹੀਂ ਕਰ ਸਕਦੀ ਸੀ। ਉਹ ਘਰ ਆ‌ ਗਈ। ਉਹ ਅਜੇ ਇਸੇ ਗੱਲ ਬਾਰੇ ਸੋਚ ਰਹੀ ਸੀ, ਉਸਦੇ ਫੋਨ ਦੀ ਘੰਟੀ ਵੱਜੀ। ‘ਹੈਲੋ, ਕੌਣ ਜੀ?’

Advertisement

‘ਮੰਮੀ ਮੈਂ ਵੀਨਾ ਬੋਲਦੀ‌ ਆਂ।’ ‘ਵੀਨਾ, ਤੂੰ ਕਿੱਥੇ ਐਂ ਮੇਰੀ ਬੱਚੀ?’ ‘ਮੈਂ ..!’ ਵੀਨਾ ਤੋਂ ‌ਅੱਗੇ ਨਾ ਬੋਲਿਆ ਗਿਆ। ‘ਤੂੰ ਰਾਜ਼ੀ ਖ਼ੁਸ਼ੀ ਐਂ।’ ਸੱਤਿਆ ਨੇ ਕਿਹਾ ਪਰ ਫੋਨ ਕੱਟ ਚੁੱਕਿਆ ਸੀ। ਸੱਤਿਆ ‌ਫਿਰ ਵੀਨਾ ਬਾਰੇ ਸੋਚਣ ਲੱਗੀ। ਪਲ-ਪਲ ਉਸ ਦੇ ਦਿਮਾਗ਼ ਵਿੱਚ ਵੀਨਾ ਦੇ ਘਰੋਂ ਜਾਣ ਦਾ ਕਾਰਨ ਉਸਦੀ ਮਾਸੀ ਵੱਲੋਂ ਆਇਆ ਰਿਸ਼ਤਾ ਸੀ। ਉਹ ਆਪਣੀ ਭੈਣ ਰੇਨੂੰ ਬਾਰੇ ਸੋਚਣ ਲੱਗੀ। ਸੱਤਿਆ ਦੇ ਦਿਮਾਗ਼ ਵਿੱਚ ਇਹ ਗੱਲ ਬੈਠ ਗਈ ਕਿ ਜੇਕਰ ਰੇਨੂੰ ਉਨ੍ਹਾਂ ਦੇ ਘਰ ਨਾ ਆਉਂਦੀ ਤਾਂ ਸ਼ਾਇਦ ਵੀਨਾ ਦੇ ਘਰੋਂ ਜਾਣ ਦੀ ‌ਨੌਬਤ ਨਾ ਆਉਂਦੀ। ਸੱਤਿਆ ਨੂੰ ਉਹ ਸਾਰੀਆਂ ਗੱਲਾਂ ਇੱਕ-ਇੱਕ ਕਰਕੇ ਯਾਦ ਆ ਰਹੀਆਂ ਸਨ। ਜਦੋਂ ਰੇਨੂੰ ਉਨ੍ਹਾਂ ਦੇ ਘਰ ਆਈ ਤਾਂ ਘਰ ਦੇ ਸਾਰੇ ਜੀਅ ਖ਼ੁਸ਼ ਸਨ। ਬੱਚਿਆਂ ਨੂੰ ਮਾਸੀ ਦੇ ਆਉਣ ਕਰਕੇ ਚਾਅ ਚੜ੍ਹਿਆ ਹੋਇਆ ਸੀ। ਕਿੰਨਾ ਚਿਰ ਉਹ ਮਾਸੀ ਕੋਲ ਬੈਠੇ ਰਹੇ। ਆਖ਼ਰ ਬੱਚਿਆਂ ਨੂੰ ਨੀਂਦ ਆਉਣ ਲੱਗੀ। ਵੀਨਾ ਵੀ ਚੁੱਪ ਕਰ ਗਈ ਤੇ ਗੌਰਵ ਵੀ। ਵੀਨਾ ਦੀ ਮਾਸੀ ਨੇ ਉਸ ਦੀ ਮਾਂ ਨੂੰ ਪੁੱਛਿਆ, ‘ਵੀਨਾ ਸੌਂ ਗਈ ?’ ‘ਹਾਂ, ਸੌਂ ਗਈ। ਉਸ ਦੀ ਮਾਂ ਨੇ ਜਵਾਬ ਦਿੱਤਾ। ‘ਵੀਨਾ ਹੁਣ ਕੀ ਕਰਦੀ ਐ ?’ ਉਸ ਦੀ ਮਾਸੀ ਨੇ ਸਵਾਲ ਕੀਤਾ। ‘ਕੀ ਦੱਸਾਂ? ਮੈਡੀਕਲ ਨਾਲ ਬਾਰ੍ਹਵੀਂ ਪਾਸ ਕਰ ਲਈ ਹੈ। ਅੱਗੇ ਕਿਵੇਂ ਪੜ੍ਹਾਈਏ ?’ ਉਸ ਦੀ ਮਾਂ ਨੇ ਜਵਾਬ ਦਿੱਤਾ। ‘ਚੱਲ, ਅੱਗੇ ਕੀ ਨੌਕਰੀਆਂ ਰੱਖੀਆਂ ਪਈਆਂ ਨੇ।’ ਉਸ ਦੀ ਮਾਸੀ ਨੇ ਆਖਿਆ। ‘ਚਲੋ , ਜਿਵੇਂ ਇਹਦੀ ਤਕਦੀਰ।’ ਉਸ ਦੀ ਮਾਂ ਨੇ ਆਖਿਆ। ‘ਤਕਦੀਰ ਤਾਂ ਆਪਣੇ ਵੀ ਹੱਥ ਹੁੰਦੀ ਐ।’ ਆਪਣੀ ਭੈਣ ਦਾ ਜਵਾਬ ਸੁਣ ਕੇ ਸੱਤਿਆ ਚੁੱਪ ਕਰ ਗਈ।

ਰੇਨੂੰ ਨੇ ਸੱਤਿਆ ਨੂੰ ਕਿਹਾ,‘ਮੈ ਤਾਂ ਵੀਨਾ ਦੇ ਰਿਸ਼ਤੇ ਬਾਰੇ ਕਹਿਣ ਆਈ ਹਾਂ। ਮੁੰਡੇ ਦਾ ਆਪਣਾ ਬਿਜ਼ਨਸ ਐ। ਬਹੁਤ ਵੱਡੀ ਦੁਕਾਨ ਐ ਲੋਹੇ ਦੀ। ਕਰੋੜਪਤੀ ਅਸਾਮੀ ਐ।’ ‘ਉਹ ਕਰੋੜਪਤੀ ਤੇ ਅਸੀਂ ਗ਼ਰੀਬ। ਅਸੀਂ ਕਿਵੇਂ ਮੱਥਾ ਲਾਵਾਂਗੇ।’ ਵੀਨਾ ਦੀ ਮਾਂ ਨੇ ਜਵਾਬ ਦਿੱਤਾ। ‘ਤੁਸੀਂ ਹਾਂ ਕਰੋ‌। ਉਹ ਆਪਣੇ ਕੱਪੜਿਆਂ ਵਿੱਚ ਹੀ ਲੈ ਜਾਣਗੇ।’ ਉਸ ਦੀ ਮਾਸੀ ਨੇ ਜਵਾਬ ਦਿੱਤਾ। ‘ਫੇਰ ਵੀ ਕੁਸ਼ ਤਾਂ ਕਰਨਾ ਈ ਪਊ।’ ਵੀਨਾ ਦੀ ਮਾਂ ਬੋਲੀ। ‘ਕੋਈ ਨ੍ਹੀਂ ਮੈਂ ਮਦਦ ਕਰ ਦਿਆਂਗੀ।’ ਵੀਨਾ ਦੀ ਮਾਸੀ ਕਹਿਣ ਲੱਗੀ। ‘ਮੁੰਡਾ ਕਿੱਡਾ ਕੁ ਐ ?’ ਵੀਨਾ ਦੀ ਮਾਂ ਨੇ ਪੁੱਛਿਆ। ‘ਮੈਨੂੰ ਪੱਕਾ ਤਾਂ ਪਤਾ ਨਹੀਂ ਪਰ ਤੀਹ ਪਲੱਸ ਐ।’ ਉਸ ਦੀ ਮਾਸੀ ਨੇ ਜਵਾਬ ਦਿੱਤਾ। ‘ਹੈਂ! ਵੀਨਾ ਤਾਂ ਅਜੇ ਅਠਾਰਾਂ ਦੀ ਹੋਵੇਗੀ।’ ਉਸ ਦੀ ਮਾਂ ਹੈਰਾਨ ਹੋ ਕੇ ਬੋਲੀ। ‘ਰਾਜ ਕਰੂਗੀ, ਰਾਜ।’ ਉਸ ਦੀ ਮਾਸੀ ਕਹਿਣ ਲੱਗੀ। ‘ਨਾ ਭੈਣੇ, ਐਂ ਨ੍ਹੀਂ ਠੀਕ।’ ਉਸ ਦੀ ਮਾਂ ਨੇ ਜਵਾਬ ਦਿੰਦਿਆਂ ਕਿਹਾ। ‘ਥੋਡੀ ਵੀ ਗ਼ਰੀਬੀ ਕੱਟੀ ਜਾਵੇਗੀ। ਉਹ ਆਪਣੇ ਸਟੈਂਡਰਡ ਵਾਸਤੇ ਥੋਨੂੰ ਵੀ ਵਧੀਆ ਦੁਕਾਨ ਪਵਾ ਦੇਣਗੇ।’ ਵੀਨਾ ਦੀ ਮਾਸੀ ਨੇ ਆਖਿਆ। ਇਹ ਸੁਣ ਕੇ ਸੱਤਿਆ ਸੋਚਣ ਲੱਗੀ। ਉਸਦੇ ਅੰਦਰ ਲਾਲਚ ਆ ਗਿਆ। ਉਸ ਨੇ ਕਿਹਾ, ‘ਚਲ, ਮੈਂ ਇਹਦੇ ਬਾਪ ਨਾਲ ਗੱਲ ਕਰਕੇ ਦੇਖਦੀ ਹਾਂ।’ ਕੁਝ ਚਿਰ ਦੋਵੇਂ ਚੁੱਪ ਰਹੀਆਂ। ਸੱਤਿਆ ਨੇ ਫਿਰ ਪੁੱਛਿਆ, ‘ਹੁਣ ਤੱਕ ਮੁੰਡੇ ਨੂੰ ਰਿਸ਼ਤਾ ਕਿਉਂ ਨਹੀਂ ਹੋਇਆ ?’ ‘ਸੱਚ ਦੱਸਾਂ, ਪਹਿਲਾਂ ਤਾਂ ਨਿਗ੍ਹਾ ਉੱਚੀ ਸੀ। ਹੁਣ ਉਮਰ ਵੱਡੀ ਹੋਣ ਕਰਕੇ ਹੁੰਦਾ ਨ੍ਹੀਂ। ਰਹਿੰਦੀ‌-ਖੂੰਹਦੀ ਕਸਰ ਆਹ ਅਲਟਰਾਸਾਊਂਡ ਵਾਲਿਆਂ ਨੇ ਕੱਢ ’ਤੀ। ਜੀਹਦੇ ਦੇਖੋ ਮੁੰਡੇ ਈ ਮੁੰਡੇ। ਆਪਣੇ ਲੋਕਾਂ ਨੇ ਤਾਂ ਸ਼ਰਮ ਈ ਲਾਹ ’ਤੀ।

ਪੈਸੇ ਦੇ ਜ਼ੋਰ ’ਤੇ ਬਾਣੀਏ ਡਾਕਟਰ ਬਣਗੇ। ਕੁੜੀਆਂ ਜੰਮਣ ਈ ਨ੍ਹੀਂ ਦਿੱਤੀਆਂ। ਇਨ੍ਹਾਂ ‌ਦਾ ਫੁੱਫੜ ਡਾਕਟਰ ਐ। ਇਹਦੇ ਤਾਏ-ਚਾਚਿਆਂ ਦੇ ਮੁੰਡੇ ਨੌਕਰੀਆਂ ’ਤੇ ਲੱਗੇ ਹੋਏ ਨੇ। ਹਾਲ ਉਨ੍ਹਾਂ ਦਾ ਵੀ ਇਹੀ ਐ।’ ਵੀਨਾ ਦੀ ਮਾਸੀ ਇਕੋ ਸਾਹ ਬੋਲੀ। ਉਹ ਗੱਲਾਂ ਕਰ ਕੇ ਹਟੀਆਂ ਤਾਂ ਥੋੜ੍ਹੇ ਚਿਰ ਮਗਰੋਂ ਵੀਨਾ ਉੱਠੀ ਤਾਂ ਦੋਵੇਂ ਡਰ ਗਈਆਂ ਤੇ ਇੱਕ-ਦੂਜੀ ਵੱਲ ਦੇਖਣ ਲੱਗੀਆਂ। ਅਗਲੇ ਦਿਨ ਸਵੇਰੇ-ਸਵੇਰੇ ਰੇਨੂੰ ਜਾਣ ਵਾਸਤੇ ਤਿਆਰ ਹੋ ਗਈ। ਸੱਤਿਆ ਨੇ ਰੇਨੂੰ ਨੂੰ ਅੱਡੇ ’ਤੇ ਬੱਸ ਚੜ੍ਹਾ ਕੇ ਆਉਣਾ ਸੀ ਇਸ ਲਈ ਉਸ ਨੇ ਵੀਨਾ ਨੂੰ ਉੱਠਣ ਲਈ ਕਿਹਾ। ਉਹ ਉੱਠ ਕੇ ਕੰਮ ਲੱਗ ਗਈ। ਸੱਤਿਆ ‌ਆਪਣੀ‌ ਭੈਣ ਰੇਨੂੰ ਨੂੰ ਬੱਸ ਚੜ੍ਹਾਉਣ ਲਈ ਚਲੀ‌ ਗਈ। ਵੀਨਾ ਘਰ ਦਾ ਕੰਮ ਕਰ‌ ਰਹੀ ਸੀ ਤੇ ਰਾਤ ਵਾਲੀ ਗੱਲ ਬਾਰੇ ਵੀ ਸੋਚ ਰਹੀ ਸੀ। ਉਸ ਨੇ ‌ਆਪਣੇ ਪਿਤਾ ਲਈ ਖਾਣਾ ਤਿਆਰ ਕੀਤਾ ਤੇ ਉਹ ਖਾ ਕੇ ਚਲਾ ਗਿਆ। ਕੁਝ ਸਮੇਂ ਮਗਰੋਂ ਸੱਤਿਆ ਵੀ ਆ ਗਈ। ਉਹ ਵੀ ਖਾਣਾ ਖਾ ਕੇ ਚਲੀ ਗਈ। ਸੱਤਿਆ ਨੇ ਵੀਨਾ ਨਾਲ ਕੋਈ ਗੱਲ ਨਾ ਕੀਤੀ। ਦੋਵੇਂ ਭੈਣ-ਭਰਾਵਾਂ ਨੇ ਵੀ ਖਾਣਾ ਖਾਧਾ ਤੇ ਰੋਜ਼ ਵਾਂਗ ਪੜ੍ਹਨ ਲੱਗੇ। ਵੀਨਾ ਦੇ ਚੇਤੇ ਵਿੱਚ ਵਾਰ-ਵਾਰ ਉਹੀ ਖ਼ਿਆਲ ਘੁੰਮ ਰਹੇ ਸਨ। ਉਸ ਨੂੰ ਆਪਣੀ ਮਾਂ ਅਤੇ ਮਾਸੀ‌ ’ਤੇ ਬਹੁਤ ਗੁੱਸਾ ਆ ਰਿਹਾ ਸੀ ਪਰ ਉਹ ਕੀ ਕਰ ਸਕਦੀ ਸੀ। ਸ਼ਾਮ ਨੂੰ ਉਸ ਦਾ ਪਿਤਾ ਕੰਮ ਤੋਂ ਵਾਪਸ ਆ ਗਿਆ। ਵੀਨਾ ਸ਼ਾਮ ਦੀ ਰੋਟੀ ਬਣਾਉਣ ਲੱਗੀ। ਰਾਮ‌ ਲਾਲ ਅੰਦਰ ਆ ਕੇ ਬੈੱਡ ’ਤੇ ਬੈਠ ਗਿਆ। ਸੱਤਿਆ ਵੀ ਉਸ ਕੋਲ ਆ ਕੇ ਬੈਠ ਗਈ। ਵੀਨਾ ਨੂੰ ਆਪਣੇ ਮਾਤਾ-ਪਿਤਾ ’ਤੇ ਰਾਤ ਵਾਲੀ ਗੱਲ ਬਾਰੇ ਵਿਚਾਰ ਕਰਨ ਦਾ ਪਤਾ ਸੀ, ‌‌ਸੋ ਉਸ ਨੇ ਗੱਲ ਸੁਣਨ ਦਾ ਮਨ ਬਣਾ ਲਿਆ। ਉਹ ਕੰਮ ਕਰਨ ਬਹਾਨੇ ਅੰਦਰ ਦੀ ਬਿੜਕ ਲੈਣ ਲੱਗੀ ਅਤੇ ਉਸ ਨੇ ਸਭ ਕੁਝ ਸੁਣ ਲਿਆ ਸੀ ਅਤੇ ਜਿਸ ਗੱਲ ਦਾ ਡਰ ਸੀ ‌ਓਹੀ ਹੋ ਗਈ। ਉਸਦੇ‌ ਮਾਂ ਬਾਪ ਪੈਸੇ ਦੇ ਲਾਲਚ ਵਿੱਚ ਆ ਗਏ। ਵੀਨਾ ਨੂੰ ਆਪਣੀਆਂ ਆਸਾਂ ’ਤੇ ਪਾਣੀ ਫਿਰਦਾ ਜਾਪਿਆ।

ਵੀਨਾ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਨਾ ਕੀਤੀ। ਰੋਟੀ ਖਾਣ ਤੋਂ ਬਾਅਦ ਸਾਰੇ ਸੌਂ ਗਏ। ਮਾਤਾ-ਪਿਤਾ ਤੇ ਭਰਾ ਨੂੰ ਘੂਕ ਸੁੱਤੇ ਦੇਖ ਕੇ ਉਹ ਚੁੱਪ ਚਾਪ ਘਰੋਂ ਚਲੀ ਗਈ। ਦਿਨ ਚੜ੍ਹਦੇ ਜਦੋਂ ਸੱਤਿਆ ਦੀ ਜਾਗ ਖੁੱਲ੍ਹੀ ਤਾਂ ਵੀਨਾ ਨੂੰ ਕਮਰੇ ਵਿੱਚ ਨਾ ਦੇਖ ਕੇ ਉਸਦੇ ਹੋਸ਼ ਉੱਡ ਗਏ। ਉਹ ਉਸ ਨੂੰ ‌ਇੱਧਰ-ਉੱਧਰ ਦੇਖਣ ਲੱਗੀ। ਉਸ ਨੇ ਰਾਮ ਲਾਲ ਨੂੰ ਜਗਾਇਆ। ਰਿਸ਼ਤੇਦਾਰਾਂ ਨੂੰ ਫ਼ੋਨ ਕੀਤੇ ਪਰ ਕੋਈ ਉੱਘ-ਸੁੱਘ ਨਾ ਮਿਲੀ। ਆਖ਼ਰ ਢੇਰੀ ਢਾਹ ਕੇ ਬੈਠ ਗਏ। ਇੱਦਾਂ ਹੀ ਕਈ‌ ਦਿਨ ਲੰਘ ਗਏ। ਸੱਥ ਵਿੱਚ ਬੈਠੇ ਲੋਕਾਂ ਦੀ ਗੱਲ ਸੁਣ ਕੇ ਸੱਤਿਆ ਪ੍ਰੇਸ਼ਾਨ ਹੋ ਗਈ। ਉਸਨੇ ਘਰ ਆਏ ਰਾਮ ਲਾਲ ਨੂੰ ਸਾਰੀ ਗੱਲ ਦੱਸੀ ਤੇ ਨਾਲ ਵੀਨਾ ‌ਵੱਲੋਂ ਫੋਨ ਕਰਨ ਦੀ ਗੱਲ ਕੀਤੀ। ਦੋਵਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਹ ਹੁਣ ਪਛਤਾ ਰਹੇ ਸਨ। ਆਖ਼ਰ ਦੋਵਾਂ ਨੇ ਨਮੋਸ਼ੀ ਤੋਂ ਬਚਣ ਲਈ ਸ਼ਹਿਰ ਛੱਡਣ ਦਾ ਮਨ ਬਣਾਇਆ ਤੇ ਮਕਾਨ ਵੇਚ ਕੇ ਕਿਸੇ ਦੂਸਰੇ ਕਸਬੇ ਵਿੱਚ ਖ਼ਰੀਦ ਲਿਆ। ਰਾਮ ਲਾਲ ਨੇ ਫਿਰ ਕਿਸੇ ਦੀ ਦੁਕਾਨ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ‌ਸੱਤਿਆ ਨੇ ਵੀ ਇੱਕ ਪਬਲਿਕ ਸਕੂਲ ਵਿੱਚ ਚਪੜਾਸੀ ਦੀ ਨੌਕਰੀ ਕਰ ਲਈ। ਉਹ ਆਪਣੇ ਘਰ ਦਾ ਗੁਜ਼ਾਰਾ ਕਰਨ ਲੱਗੇ। ਗੌਰਵ ਵੀ ਵਿਚਾਰਾ ਉਦਾਸ ਰਹਿੰਦਾ। ਪਹਿਲਾਂ ਦਿਨ‌ ਬੀਤੇ, ਫਿਰ ਮਹੀਨੇ ਤੇ ਸਾਲ ਬੀਤ ਗਏ। ਉਹ ਵੀਨਾ ਦਾ ਫ਼ੋਨ ਉਡੀਕਦੇ ਪਰ ਮੁੜ ਕੇ ਫੋਨ ਨਾ ਆਇਆ। ਉਹ ਇੱਕ ਦੂਜੇ ਨਾਲ ਵੀਨਾ ਦੀ ਗੱਲ ਕਰਨ ਤੋਂ ਵੀ ਝਿਜਕਦੇ। ਉਹ ਤਾਂ ਹੁਣ ਕਿਸੇ ਰਿਸ਼ਤੇਦਾਰ ਨੂੰ ਵੀ ‌ਮਿਲਣਾ ਨਹੀਂ ਚਾਹੁੰਦੇ ਸਨ। ਰੇਨੂੰ ਵੀ ਡਰਦੀ ਮੁੜ ਕੇ ਉਨ੍ਹਾਂ ਦੇ ਘਰ ਨਾ ਆਈ। ਇੱਕ ਦਿਨ ਸੱਤਿਆ ਤੋਂ ਰਿਹਾ ਨਾ ਗਿਆ। ਉਸਨੇ ਰਾਮ ਲਾਲ ਨੂੰ ਕਿਹਾ, ‘ਕੀ ਪਤੈ ਜੀ, ਉਹ ਜਿਊਂਦੀ ਵੀ ਹੈ ਕਿ ਨਹੀਂ ?’ ‘ਕੀ‌ ਕਹਿ‌ ਸਕਦੇ ਹਾਂ।’ ਵੀਨਾ ਦੇ ਪਿਤਾ ਨੇ ਜਵਾਬ ਦਿੱਤਾ। ‘ਚੰਦਰੀ ਨੇ ‌ਲੋਹੜਾ‌ ਮਾਰਿਆ, ਚੁੱਪ ਕਰਕੇ ਈ‌ ਖਿਸਕ ਗਈ।’ ਵੀਨਾ ਦੀ ਮਾਂ ਬੋਲੀ। ‘ਉਹਨੂੰ ਪਤਾ ਲੱਗ ਹੀ ਗਿਆ ਹੋਊ।’ ਉਸ ਦੇ ਪਿਤਾ ਨੇ ਆਖਿਆ। ‘ਪਤਾ ਤਾਂ ਉਹਨੂੰ ਲੱਗ ਹੀ ਗਿਆ ਸੀ ਜਦੋਂ ਅਸੀਂ ਗੱਲ ਕਰਕੇ ਹਟੀਆਂ ਸਾਂ, ਉਹ ਪਾਣੀ ਪੀਣ ਬਹਾਨੇ ਉੱਠੀ ਸੀ।’ ਉਸ ਦੀ ਮਾਂ ਨੇ ਕਿਹਾ। ‘ਗੱਲ ਤਾਂ ਆਪਣੀ ਵੀ ਮਾੜੀ ਸੀ। ਆਪਾਂ ਵੀ ਲਾਲਚ ਵਿੱਚ ਆ ਗਏ। ਕਿੱਥੇ ਮੁਟਿਆਰ ਤੇ ਕਿੱਥੇ ਅੱਧਖੜ ਉਮਰ ਦਾ ਬੰਦਾ।’ ਉਸ ਦਾ ਪਿਤਾ ਕਹਿਣ ਲੱਗਾ।

‘ਬਸ ਕਿਸਮਤ ਨੇ ਡਾਹ ਨ੍ਹੀਂ ਦਿੱਤੀ। ਮੇਰੀ ਵੀ ਮੱਤ ਮਾਰੀ ਗਈ। ਪਹਿਲਾਂ ਜੇ ਮੈਂ ਕਦੇ ਵਿਆਹ ਦੀ ਗੱਲ ਛੇੜ ਲੈਂਦੀ ਤਾਂ ਕਹਿ ਦਿੰਦੀ,‘ਮਾਂ ਵਿਆਹ ਦੀ ਗੱਲ ਛੱਡ। ਮੈਨੂੰ ਪੜ੍ਹ ਲੈਣ ਦੇ। ਸਾਰਾ ਘਰ ਪੈਸਿਆਂ ਨਾਲ ਭਰ ਦੂੰਗੀ।’ ਉਸ ਦੀ ਮਾਂ ਨੇ ਆਖਿਆ। ਵੀਨਾ ਨੂੰ ਘਰੋਂ ਗਿਆਂ ਲੱਗਪਗ ਸੱਤ‌ ਸਾਲ ਬੀਤ ਗਏ। ਰਹਿੰਦੀ ਖੂੰਹਦੀ ਆਸ ਵੀ ਮੁੱਕ ਗਈ ਕਿ ਵੀਨਾ ਵਾਪਸ ਆਵੇਗੀ। ਗੌਰਵ ਵੀ ਬਾਰ੍ਹਵੀਂ ਜਮਾਤ ਵਿੱਚ ਹੋ ਗਿਆ। ਉਹ ਛੋਟੀ ਮੋਟੀ ਕਮਾਈ ਕਰਨ ਲੱਗਾ। ਛੁੱਟੀ ਵਾਲੇ ਦਿਨ ਉਹ ਸੇਲ ’ਤੇ ਕੱਪੜੇ ਵੇਚਣ ਵਾਲਿਆਂ ਨਾਲ ਚਲਾ ਜਾਂਦਾ। ਰਾਮ ਲਾਲ ਤੇ ਸੱਤਿਆ ਚਿੰਤਾ ਨਾਲ ਦਿਨ-ਬ-ਦਿਨ ਕਮਜ਼ੋਰ ਹੋਣ ਲੱਗੇ। ਸੱਤਿਆ ਸਕੂਲ ਵਿੱਚ ਚਪੜਾਸੀ ਦੀ ਨੌਕਰੀ ਕਰਦੀ ਸੀ। ਸਕੂਲ ਦੀਆਂ ਅਧਿਆਪਕਾਵਾਂ ਅਤੇ ਬਾਕੀ ਸਟਾਫ ਮੈਂਬਰ ਉਸ ਨੂੰ ਉਸਦੇ ਪਰਿਵਾਰ ਬਾਰੇ ਪੁੱਛਦੇ ਤਾਂ ਉਹ ਨਪੇ ਤੁਲੇ ਸ਼ਬਦਾਂ ਵਿੱਚ ਹੀ ਜਵਾਬ ਦਿੰਦੀ। ਭਾਵੇਂ ਸਭ ਨੂੰ ਉਸ ਦੇ ਪਰਿਵਾਰ ਬਾਰੇ ਥੋੜ੍ਹੀ-ਥੋੜ੍ਹੀ ਜਾਣਕਾਰੀ ਜ਼ਰੂਰ ਸੀ। ਸਕੂਲਾਂ ਵਿੱਚ ਆਮ ਤੌਰ ’ਤੇ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਸੱਤਿਆ ਦੇ ਸਕੂਲ ਵਾਲਿਆਂ ਨੇ ਵੀ ਇੱਕ ਪ੍ਰੋਗਰਾਮ ਰੱਖ ਲਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਹੋਰ ਅਫਸਰਾਂ ਨੇ ਆਉਣਾ ਸੀ। ਸੋ, ਸੱਤਿਆ ਦੀ ਜ਼ਿੰਮੇਵਾਰੀ ਵੀ ਵਧ ਗਈ। ਸਮਾਗਮ ਵਾਲਾ ਦਿਨ ਵੀ ਆ ਗਿਆ। ਇਸ ਪ੍ਰੋਗਰਾਮ ਨੂੰ ਦੂਰਦਰਸ਼ਨ ’ਤੇ ਸਿੱਧਾ ਦਿਖਾਉਣ ਲਈ ਕਈ ਚੈਨਲਾਂ ਵਾਲੇ ਵੀ ਪਹੁੰਚੇ ਹੋਏ ਸਨ। ਜਿੱਥੇ ਸਾਰਾ ਸਟਾਫ ਤਨਦੇਹੀ ਨਾਲ ਕੰਮ ਕਰ ਰਿਹਾ ਸੀ, ਉੱਥੇ ਸੱਤਿਆ ਵੀ ਕਿਸੇ ਤੋਂ ਪਿੱਛੇ ਨਹੀਂ ਸੀ। ਡਿਪਟੀ ਕਮਿਸ਼ਨਰ ਨੇ ਸ਼ਮ੍ਹਾਂ ਰੋਸ਼ਨ ਕਰ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਬੁੱਧੀਜੀਵੀਆਂ ਨੇ ਭਾਸ਼ਨ ਤੇ ਸੁਝਾਅ ਦਿੱਤੇ। ਇਹ ਪ੍ਰੋਗਰਾਮ ਨਾਰੀ ਚੇਤਨਾ ’ਤੇ ਕੇਂਦਰਿਤ ਸੀ। ਪ੍ਰੋਗਰਾਮ ਦੇ ਅੰਤ ਵਿੱਚ ਬੋਲਣ ਦੀ ਵਾਰੀ ਇਸ ਪ੍ਰੋਗਰਾਮ ਦੀ ਬ੍ਰਾਂਡ ਅੰਬੈਸਡਰ ਡਾ. ਵੀਨਾ ਚੌਧਰੀ ਦੀ ਸੀ। ਜਿਉਂ ਹੀ ਡਾ. ਵੀਨਾ ਚੌਧਰੀ ਨੇ ਉੱਠ ਕੇ ਲੋਕਾਂ ਨੂੰ ਸੰਬੋਧਨ ਕੀਤਾ ਤਾਂ ਸਾਰੇ ਲੋਕ ਉਸ ਨੂੰ ਸੁਣਨ ਲਈ ਉਤਾਵਲੇ ਹੋ ਗਏ। ਉਸਦੀ ਆਵਾਜ਼ ਸੁਣ ਕੇ ਸੱਤਿਆ ਨੂੰ ਵੀਨਾ ਦੀ ਆਵਾਜ਼ ਲੱਗੀ। ਉਸ ਨੇ ਉਸ ਵੱਲ ਦੇਖਿਆ ਤਾਂ ਉਸ ਨੂੰ ਵੀਨਾ ਦਾ ਝਾਉਲਾ ਪਿਆ। ਜਦੋਂ ਉਸਨੇ ਗਹੁ ਨਾਲ ਦੇਖਿਆ ਤਾਂ ਉਹ ਸੱਚ ਸੀ। ਉਸ ਦੇ ਹੱਥੋਂ ਪਾਣੀ ਦਾ ਕਰੇਟ ਡਿੱਗ ਪਿਆ ਤੇ ਉਹ ਬੇਹੋਸ਼ ਹੋ ਗਈ। ਸਟਾਫ ਦੇ ਕੁਝ ਮੈਂਬਰ ਫੁਰਤੀ ਨਾਲ ਉਸ ਨੂੰ ਇੱਕ ਪਾਸੇ ਲੈ ਗਏ। ਡਾਕਟਰ ਨੂੰ ਬੁਲਾਇਆ ਗਿਆ ਤਾਂ ਉਸਨੇ ਦੇਖਿਆ ਤੇ ਕਿਹਾ ਕਿ ਇਹ ਸਦਮੇ ਕਾਰਨ ਬੇਹੋਸ਼ ਹੋਈ ਹੈ। ਭੀੜ ਵਿੱਚ ਹਲਚਲ ਹੋਣ ਲੱਗੀ। ਲੋਕ ਉਸ ਦਾ ਹਾਲ ਪੁੱਛਣ ਲੱਗੇ। ਸਟੇਜ ’ਤੇ ਬੈਠ ਹੋਏ ਕਿਸੇ ਨੇ ਹੌਲੀ ਜਿਹੀ ਪੁੱਛਿਆ, ‘ਕੀ ਹੋਇਆ ?’ ਸਾਹਮਣੇ ਵਾਲੇ ਨੇ ਕਿਹਾ, ‘ਸੱਤਿਆ ਬੇਹੋਸ਼ ਹੋ ਗਈ। ਉਸ ਨੇ ਕਿਹਾ, ‘ਠੀਕ ਐ, ਮੈਂ ਜਾ ਰਿਹਾ ਹਾਂ।’

ਵੀਨਾ ਦੇ ਕੰਨ ’ਚ ‘ਸੱਤਿਆ’ ਸ਼ਬਦ ਕੱਚ ਵਾਂਗੂੰ ਰੜਕਿਆ। ਉਸਦੇ ਦਿਲ ਵਿੱਚ ਆਇਆ ਕਿ ਕਿਤੇ ਉਸਦੀ ‌ਮਾਂ ਹੀ ਨਾ ਹੋਵੇ। ਉਸ ਨੇ ਆਪਣਾ ਭਾਸ਼ਣ ਕੁਝ ਹੀ ਸਮੇਂ ਵਿੱਚ ਪੂਰਾ ਕੀਤਾ ਤੇ ਉਹ‌ ਉੱਧਰ ਹੀ ਕਾਹਲੀ ਨਾਲ ਜਾਣ ਲੱਗੀ, ਜਿੱਧਰ ਹੋਰ ਜਾ‌ ਰਹੇ ਸਨ। ਵੀਨਾ ਉੱਥੇ ਪਹੁੰਚ ਗਈ। ਸੱਤਿਆ ‌ਨੂੰ ਹੋਸ਼ ਆ ਗਈ ਸੀ। ਉਸਦੇ ਸਾਹਮਣੇ ਵੀਨਾ ਖੜ੍ਹੀ ਸੀ। ਉਹ ਸੀ ਡਾਕਟਰ ਵੀਨਾ ਚੌਧਰੀ। ‘ਮੰਮੀ!’ ਵੀਨਾ ਦੇ ਮੂੰਹੋਂ ਇਕਦਮ ਨਿਕਲਿਆ। ‘ਵੀਨਾ!’ ਸੱਤਿਆ ਨੇ ਝਿਜਕਦਿਆਂ ਕਿਹਾ। ਉਹ ਵੀਨਾ ਨੂੰ ਗਲਵੱਕੜੀ ਵਿੱਚ ਲੈਣ ਤੋਂ ਵੀ ਝਿਜਕਦੀ‌ ਸੀ, ਉਸ ਦੇ ਅਹੁਦੇ ਵੱਲ ਦੇਖ ਕੇ। ਪਰ ਵੀਨਾ ਨੇ ਆਪਣੀ ਮਾਂ ਨੂੰ ਗਲਵੱਕੜੀ ਪਾ ਲਈ। ਆਲੇ-ਦੁਆਲੇ ਖੜ੍ਹੇ ਸਭ ਚੁੱਪ ਚਾਪ ਦੇਖ ਰਹੇ ਸਨ। ਸਭ ਨੂੰ ਅਸਲੀਅਤ ਦਾ ਪਤਾ ਲੱਗ ਚੁੱਕਾ ਸੀ। ਭਾਵੇਂ ਹਾਜ਼ਰ ਲੋਕਾਂ ਨੇ ਕੁੜੀਆਂ ਪ੍ਰਤੀ ਪੈਦਾ ਹੋਏ ਭਰਮ ਨੂੰ ‌ਭਾਸ਼ਨ ਰਾਹੀਂ ਤੋੜਨ ਦਾ ਯਤਨ ਕੀਤਾ ਸੀ ਪਰ ਪ੍ਰਤੱਖ ਦੇਖ ਕੇ ਉਨ੍ਹਾਂ ਲੋਕਾਂ ਦਾ ਗੁਮਾਨ ਵੀ ਟੁੱਟ ਗਿਆ ਜੋ ਇਹ ਸਮਝ ਬੈਠੇ ਸਨ ਕਿ ਕੁੜੀਆਂ ਦਾ ਕੀ ਐ? ਅੰਨ੍ਹੇ, ਕਾਣੇ, ਬੋਲ਼ੇ ਅਮੀਰ ਜਿਸ ਕੁੜੀ ਦਾ ਰਿਸ਼ਤਾ ਚਾਹੁਣ ਮਿਲ ਜਾਵੇ। ਵੀਨਾ ਦੇ ਡਾਕਟਰ ਵੀਨਾ ਚੌਧਰੀ ਬਣਨ ਤੱਕ ਦਾ ਰਹੱਸ ਅਜੇ ਵੀ ਬਰਕਰਾਰ ਸੀ।

ਸੰਪਰਕ: 94630-20766

Advertisement
×