DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਿਆਨੀ ਗੁਰਦਿੱਤ ਸਿੰਘ ਦੀ ਨਜ਼ਰ ’ਚ ਡਾਕਟਰ ਰੰਧਾਵਾ

ਐਮ. ਐੱਸ. ਰੰਧਾਵਾ ਬਹੁ-ਭਾਂਤੀ ਗੁਣਵਾਨ ਸ਼ਖਸੀਅਤ ਹਨ। ਇਸ ਰਸੀਏ ਤੇ ਸੁਚੱਜੇ ਪੰਜਾਬੀ ਦਾ ਨਾਂ ਕਈ ਗੁਣਾਂ ਕਰਕੇ ਉੱਘਾ ਹੈ, ਉਨ੍ਹਾਂ ਵਿੱਚੋਂ ਵਰਣਨਯੋਗ ਤੇ ਵਿਸ਼ੇਸ਼ ਗੁਣ ਹਨ: ਕਲਾ-ਵਿਗਿਆਨ, ਸਾਹਿਤ ਤੇ ਕੋਮਲ ਹੁਨਰਾਂ ਪ੍ਰਤੀ ਸੂਝ ਭਰੀ ਦ੍ਰਿਸ਼ਟੀ, ਪ੍ਰੇਰਨਾਤਮਕ ਰੁਚੀ ਤੇ ਕੰਮ ਆਉਣ...

  • fb
  • twitter
  • whatsapp
  • whatsapp
Advertisement

ਐਮ. ਐੱਸ. ਰੰਧਾਵਾ ਬਹੁ-ਭਾਂਤੀ ਗੁਣਵਾਨ ਸ਼ਖਸੀਅਤ ਹਨ। ਇਸ ਰਸੀਏ ਤੇ ਸੁਚੱਜੇ ਪੰਜਾਬੀ ਦਾ ਨਾਂ ਕਈ ਗੁਣਾਂ ਕਰਕੇ ਉੱਘਾ ਹੈ, ਉਨ੍ਹਾਂ ਵਿੱਚੋਂ ਵਰਣਨਯੋਗ ਤੇ ਵਿਸ਼ੇਸ਼ ਗੁਣ ਹਨ: ਕਲਾ-ਵਿਗਿਆਨ, ਸਾਹਿਤ ਤੇ ਕੋਮਲ ਹੁਨਰਾਂ ਪ੍ਰਤੀ ਸੂਝ ਭਰੀ ਦ੍ਰਿਸ਼ਟੀ, ਪ੍ਰੇਰਨਾਤਮਕ ਰੁਚੀ ਤੇ ਕੰਮ ਆਉਣ ਦੀ ਇੱਛਾ।

ਲੰਮਾ ਰਾਜ ਪ੍ਰਬੰਧਕੀ ਤਜਰਬਾ ਤੇ ਹਾਕਮੀ ਭਾਵੇਂ ਇਸ ਸ਼ਖ਼ਸੀਅਤ ਦੇ ਵਿਕਾਸ ਦੇ ਪ੍ਰਬਲ ਤੇ ਮੁੱਖ ਸਾਧਨ ਰਹੇ ਹਨ, ਪਰ ਹਾਕਮੀ ਦੇ ਨਾਲੋ-ਨਾਲ ਇਸ ਦੀ ਤਿੱਖੀ ਅੱਖ, ਲੋਕਾਂ ਦੀਆਂ ਆਪਣੀਆਂ ਜੀਵਨ-ਲੋੜਾਂ ਦੇ ਰਸਾਂ-ਰੰਗਾਂ ਦੀਆਂ ਸੋਝੀਆਂ, ਭੁੱਖਾਂ ਤੇ ਤ੍ਰਿਪਤੀਆਂ ਨੂੰ ਵੀ ਦੇਖਦੀ-ਪੇਖਦੀ ਰਹੀ ਹੈ। ਜਦੋਂ ਇਨ੍ਹਾਂ ਨੂੰ ਆਪਣੇ ਸੂਬੇ ਪੰਜਾਬ ਵਿੱਚ ਕੰਮ ਕਰਨ ਦਾ ਸਮਾਂ ਮਿਲਿਆ ਇਹ ਧੁਖ਼ਦੀਆਂ ਚੰਗਿਆੜੀਆਂ ਇਕਦਮ ਪ੍ਰਜਵਲਤ ਹੋ ਕੇ ਭਾਂਬੜ ਦਾ ਰੂਪ ਧਾਰ ਕੇ ਮੱਚ ਉੱਠੀਆਂ। ਇਸ ਦਾ ਸਮੂਹਿਕ ਪ੍ਰਭਾਵ ਇਹ ਪਿਆ ਕਿ ਪੰਜਾਬ ਦੇ ਲੋਕ-ਜੀਵਨ, ਏਥੋਂ ਦੀ ਕਲਾ ‘ਸੰਸਕ੍ਰਿਤੀ’ ਦੀ ਸੰਭਾਲ ਬਾਰੇ ਰੂਹ ਫੂਕਣ ਵਾਲੀ ਇੱਕ ਲਹਿਰ ਉੱਭਰ ਪਈ।

Advertisement

ਪੰਜਾਬ ਦੀ ਲੋਕ-ਕਲਾ, ਫੁਲਕਾਰੀਆਂ ਤੇ ਬਾਗ਼, ਚੋਪ ਦੀਆਂ ਚਿੜੀਆਂ ਵਾਲੀ ਕਢਾਈ, ਰੁਮਾਲਾਂ ਉਤੇ ਕੱਢੇ ਵੇਲ-ਬੂਟੇ, ਰੇਸ਼ਮੀ ਪੱਟਾਂ ਦੇ ਖਟਮਿੱਠੇ ਰੰਗਾਂ ਦੇ ਮੇਲ ਅਤੇ ਕਢਾਈਆਂ ਵਿੱਚ ਬਰੀਕਬੀਨੀ ਨਾਲ ਕੀਤੇ ਮੋਟੇ ਤੇ ਮਜੀਠੀ ਖੱਦਰਾਂ ਦੀ ਧਰਤੀ ਉੱਤੇ ਸੂਖ਼ਮ ਕਸੀਦਾਕਾਰੀ ਨੂੰ ਨਵ-ਜਾਗ੍ਰਿਤੀ ਦੀਆਂ ਪਸੰਦਾਂ ਨੇ ਇੱਕ ਤਰ੍ਹਾਂ ਮਧੋਲ ਸੁੱਟਿਆ ਸੀ। ਐਮ.ਐੱਸ. ਰੰਧਾਵਾ ਨੇ ਇਨ੍ਹਾਂ ਸਭਨਾਂ ਚੀਜ਼ਾਂ ਨੂੰ- ਸਮੇਤ ਦਰੀਆਂ ਤੇ ਗਲੀਚਿਆ ਦੀਆਂ ਭਾਂਤ-ਸੁਭਾਂਤੀਆਂ ਬੁਣਤੀਆਂ ਦੇ- ਸੰਭਾਲਿਆ ਅਤੇ ‘ਵਿਹਲੜ ਪੰਜਾਬਣਾਂ ਦੇ ਵਾਧੂ ਕੰਮਾਂ’ ਦੇ ਹੈੱਡ ਵਿੱਚੋਂ ਚੁੱਕ ਕੇ ਹੁਨਰਮੰਦ ਪੰਜਾਬਣਾਂ ਦੀ ਕੋਮਲ-ਹੁਨਰਾਂ ਦੀ ਸੂਝ ਦੀਆਂ ਝਲਕੀਆਂ ਤੇ ਨਜ਼ਾਰਿਆਂ ਵਾਲੀਆਂ ਪ੍ਰਦਰਸ਼ਨੀਆਂ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਇਨ੍ਹਾਂ ਯਤਨਾਂ ਨੇ ਪੰਜਾਬੀ ਲੋਕ-ਕਲਾ, ਖ਼ਾਸ ਕਰਕੇ ਪੇਂਡੂ ਸੁਆਣੀਆਂ ਦੀਆਂ ਕਿਰਤਾਂ ਦੀ ਇੱਕ ਗੌਰਵਤਾ ਮਹਿਸੂਸ ਕਰਾਈ ਹੈ। ਪੰਜਾਬ ਦੀਆਂ ਮੁਟਿਆਰਾਂ ਦੇ ਇੱਕ-ਇੱਕ ਵਰ੍ਹਾ ਖਰਚ ਕੇ ਤਿਆਰ ਕੀਤੇ ਬਾਗ਼ ਤੇ ਫੁਲਕਾਰੀਆਂ ਉਨ੍ਹਾਂ ਦੇ ਭਰਵੇਂ ਪੱਲਿਆਂ ’ਤੇ ਇੱਕ-ਇੱਕ ਧਾਗੇ ਨਾਲ ਸੂਈ ਨਾਲ ਪਰੁੰਨਿਆ-ਵਿੰਨ੍ਹਿਆ ਲੱਛੇਦਾਰ ਪੱਟ, ਜਦੋਂ ਹਾਸ਼ੀਏ ਤੇ ਕੰਨੀਆਂ ਤਿਆਰ ਕਰਦਾ ਹੈ ਤਾਂ ਪੰਜਾਬਣਾਂ ਦੇ ਸੁਹਜ ਸ਼ੌਕ ਦੀਆਂ ਵੰਨਗੀਆਂ ਰੂਪਮਾਨ ਹੋ ਕੇ ਉੱਭਰਦੀਆਂ ਹਨ।

Advertisement

ਸੰਦੂਕਾਂ, ਪੇਟੀਆਂ ਵਿੱਚ ਦੱਬੇ-ਘੁੱਟੇ ਬਾਗ਼ ਤੇ ਫੁਲਕਾਰੀਆਂ ਜੋ ਵਿਆਹ-ਸ਼ਾਦੀਆਂ ਦੇ ਸਮੇਂ ਦੇਣ-ਲੈਣ ਦਾ ਕੰਮ ਸਾਰਨ ਵਾਲੀਆਂ ਚੀਜ਼ਾਂ ਸਮਝ ਕੇ ਸਿੱਟ-ਪਰਸਿੱਟ ਬਣ ਰਹੀਆਂ ਸਨ, ਹੁਣ ਦੇਸ਼ਾਂ-ਵਿਦੇਸ਼ਾਂ ਦੇ ਅਜਾਇਬਘਰਾਂ ਤੇ ਫੈਸ਼ਨਾਂ ਵਿੱਚ ਸਾਡੀ ਲੋਕ-ਕਲਾ ਦੇ ਪੈਰ-ਚਿੰਨ੍ਹਾਂ ਦੀ ਛਾਪ ਤੇ ਕਮਾਲ ਸਮਝ ਕੇ ਖੋਜੀਆਂ ਤੇ ਵਿਚਾਰੀਆਂ ਜਾ ਰਹੀਆਂ ਹਨ।

ਪੰਜਾਬ ਦਾ ਲੋਕ-ਸਾਹਿਤ, ਕੁਝ ਕੁ ਵਰ੍ਹੇ ਪਹਿਲਾਂ ਪੰਜਾਬੀ ਸਾਹਿਤ ਦਾ ਭਾਗ ਨਹੀਂ ਮੰਨਿਆ ਜਾਂਦਾ ਸੀ। ਜੇ ਕੁਝ ਲੋਕ-ਕਥਾਵਾਂ ਦੇ ਗੀਤਾਂ ਨੂੰ ਸਾਹਿਤ ਦੇ ਘੇਰੇ ਅੰਦਰ ਸ਼ਾਮਲ ਕੀਤਾ ਜਾਂਦਾ ਸੀ ਤਾਂ ਸਹਿਮ-ਸਹਿਮ ਕੇ ਅਤੇ ਉਹ ਵੀ ਉਸ ਦੇ ਝੂਠੇ-ਮੂਠੇ ਅਧਿਆਤਮਕ ਅਰਥ ਕੱਢ ਕੇ ਜਾਂ ਆਪਣੇ ਮਨ-ਚਿਤਵੇ ਭਾਵ ਸ਼ਾਮਲ ਕਰਕੇ। ਆਪਣੇ ਅਸਲੀ ਰੂਪ ਵਿੱਚ ਲੋਕ-ਸਾਹਿਤ ਨੂੰ ਪੰਜਾਬੀ ਦਾ ਭ੍ਰਿਸ਼ਟਿਆ ਰੂਪ ਸਮਝਿਆ ਜਾਂਦਾ ਸੀ।

ਇੱਕੇ-ਦੁੱਕੇ ਜਤਨਾਂ ਨੇ ਇਸ ਅਣਛੋਹੇ ਭੰਡਾਰ ਦੇ ਕੁਝ ਗੋਹੜੇ ਕੱਤੇ ਸੀ, ਪਰ ਰੰਧਾਵਾ ਜੀ ਦੇ ਉੱਦਮਾਂ ਤੇ ਪ੍ਰੇਰਨਾ ਨੇ ਤਾਂ ਇੱਕ ਵਾਰੀ ਪੰਜਾਬੀ ਤ੍ਰਿੰਞਣ ਮਘਾ ਦਿੱਤੇ ਅਤੇ ਗਿੱਧਿਆਂ ਵਿੱਚ ਨਵੀਂ ਗਮਕ ਪੈਦਾ ਕਰ ਦਿੱਤੀ। ਇਸ ਤਰ੍ਹਾਂ ਨਾ ਕੇਵਲ ਇਸ ਕਿਸਮ ਦੇ ਲੋਕ-ਸਾਹਿਤ ਨੂੰ ਸੰਭਾਲਣ ਦਾ ਸ਼ੌਕ ਜਾਗ੍ਰਿਤ ਹੋਇਆ ਬਲਕਿ ਦੇਸ਼-ਉਸਾਰੀ ਦੀ ਪੁੱਠ ਵਾਲਾ ਨਵਾਂ ਲੋਕ-ਸਾਹਿਤ ਰਚਣ ਦੇ ਝਰੋਖੇ ਵੀ ਖੁੱਲ੍ਹ ਗਏ।

ਕੋਮਲ ਹੁਨਰਾਂ ਦੀ ਦੁਨੀਆ ਵਿੱਚ ਪੰਜਾਬ ਪੱਛੜਿਆ ਹੋਇਆ ਪ੍ਰਾਂਤ ਕਿਹਾ ਜਾਂਦਾ ਹੈ। ਪੰਜਾਬ ਨੂੰ ਹਮਲਾਵਰ ਹਿੰਦ ਦੇ ਬੂਹੇ ਅੱਗੇ ਵਿਛੇ ਤੱਪੜ ਵਾਂਗ ਲਿਤਾੜ ਕੇ ਲੰਘਦੇ ਰਹੇ ਹਨ। ਇੱਥੋਂ ਦੀ ਕੋਮਲ ਕਲਾ ਉੱਭਰਦੀ ਹੀ ਮਰੁੰਡੀ ਜਾਂਦੀ ਰਹੀ ਹੈ, ਸੰਗ-ਤਰਾਸ਼ੀ ਦੇ ਕਮਾਲ ਦੇ ਬੁੱਤ ਭੰਨੇ-ਤੋੜੇ ਜਾਂਦੇ ਰਹੇ ਹਨ। ਇਸ ਤਰ੍ਹਾਂ ਇਸ ਦੇਸ਼ ਦੀਆਂ ਸੂਖ਼ਮ ਰੁਚੀਆਂ ਤੇ ਕਲਾ-ਸ਼ਕਤੀਆਂ ਕਈ ਵਾਰੀ ਮਧੋਲੀਆਂ ਤੇ ਲਿਤਾੜੀਆਂ ਜਾਂਦੀਆਂ ਰਹੀਆਂ ਹਨ।

ਭਲਾ ਹੋਵੇ ਸ੍ਰੀ ਐਮ. ਐੱਸ. ਰੰਧਾਵਾ ਜੀ ਦਾ, ਜਿਨ੍ਹਾਂ ਨੇ ਪੰਜਾਬ ਦੀ ਚਿੱਤਰਕਲਾ ਖ਼ਾਸ ਕਰਕੇ ਕਾਂਗੜੇ ਤੇ ਬਸੌਲੀ ਦੀਆਂ ਕਲਾ-ਕ੍ਰਿਤੀਆਂ ਅਤੇ ਰਣਜੀਤ ਸਿੰਘ ਕਾਲ ਦੇ ਚਿੱਤਰਕਾਰਾਂ ਦੇ ਕੰਮ ਦਾ ਮੁਲਾਂਕਣ ਕੀਤਾ ਹੈ। ਕਾਂਗੜਾ ਭਾਵੇਂ ਅੱਜ ਪੰਜਾਬ ਨਾਲੋਂ ਅਲਹਿਦਾ ਕਰ ਦਿੱਤਾ ਗਿਆ ਹੈ, ਪਰ ਉਸ ਦੇ ਸੱਭਿਆਚਾਰ ਦੀਆਂ ਨਾੜਾਂ ਵਿੱਚ ਖੌਲਦਾ ਸਾਂਝਾ ਖ਼ੂਨ ਕਦੇ ਨਖੇੜਿਆ ਨਹੀਂ ਜਾ ਸਕੇਗਾ, ਜਿਵੇਂ ਪਾਕਿਸਤਾਨੀ ਪੰਜਾਬ ਦਾ ਸੱਭਿਆਚਾਰਕ ਵਿਰਸਾ ਦੋ ਦੇਸ਼ ਬਣਨ ’ਤੇ ਵੀ ਵੰਡਿਆ ਨਹੀਂ ਜਾ ਸਕਦਾ। ਸ੍ਰੀ ਰੰਧਾਵਾ ਜੀ ਨੇ ਕਾਂਗੜੇ ਤੇ ਬਸੌਲੀ ਦੀ ਚਿੱਤਰਕਾਰੀ ਦਾ ਮੁਲਾਂਕਣ ਕਰਦਿਆਂ ਇਸ ਕਲਾ ਦਾ ਜੋ ਸਥਾਨ ਨਿਸ਼ਚਿਤ ਕੀਤਾ ਤੇ ਆਪਣੇ ਰੋਹਬ ਤੇ ਗੌਰਵਤਾ ਭਰੀਆਂ ਪੁਸਤਕਾਂ ਛਾਪ ਕੇ ਅੰਤਰਰਾਸ਼ਟਰੀ ਪੱਧਰ ਦੀ ਸੋਭਾ ਖੱਟੀ ਹੈ, ਉਸ ਨੇ ਪੰਜਾਬੀਆਂ ਨੂੰ ਕੋਮਲ ਹੁਨਰਾਂ ਦੀ ਦੁਨੀਆ ਵਿੱਚ ਸਿਰ ਉੱਚਾ ਚੁੱਕ ਕੇ ਤੁਰਨ ਦਾ ਬਲ ਬਖ਼ਸ਼ਿਆ ਹੈ।

Advertisement
×