DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁਦਰਤੀ ਖ਼ੂਬਸੂੁਰਤੀ ਦੇ ਉਪਾਸ਼ਕ ਡਾ. ਰੰਧਾਵਾ

ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਨੇੜਲੇ ਪਿੰਡ ਬੋਦਲਾਂ ਨਾਲ ਸਬੰਧਿਤ ਆਈ ਸੀ ਐੱਸ ਅਫਸਰ ਡਾ. ਮਹਿੰਦਰ ਸਿੰਘ ਰੰਧਾਵਾ ਨੇ ਸਤੰਬਰ 1934 ’ਚ ਇੰਡੀਅਨ ਸਿਵਿਲ ਸਰਵਿਸਜ਼ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਭਾਰਤ ਦੇ ਵੱਖ ਵੱਖ ਹਿੱਸਿਆਂ ’ਚ ਵੱਡੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਬੜੀ ਸੁਹਿਰਦਤਾ...

  • fb
  • twitter
  • whatsapp
  • whatsapp
Advertisement

ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਨੇੜਲੇ ਪਿੰਡ ਬੋਦਲਾਂ ਨਾਲ ਸਬੰਧਿਤ ਆਈ ਸੀ ਐੱਸ ਅਫਸਰ ਡਾ. ਮਹਿੰਦਰ ਸਿੰਘ ਰੰਧਾਵਾ ਨੇ ਸਤੰਬਰ 1934 ’ਚ ਇੰਡੀਅਨ ਸਿਵਿਲ ਸਰਵਿਸਜ਼ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਭਾਰਤ ਦੇ ਵੱਖ ਵੱਖ ਹਿੱਸਿਆਂ ’ਚ ਵੱਡੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਬੜੀ ਸੁਹਿਰਦਤਾ ਨਾਲ ਨਿਭਾਈਆਂ।

ਡਾ. ਰੰਧਾਵਾ ਦਾ ਪਰਿਵਾਰਕ ਪਿਛੋਕੜ ਕਿਸਾਨੀ ਤੇ ਜੱਦੀ ਪਿੰਡ ਬੋਦਲਾਂ ਦੀ ਕੁਦਰਤੀ ਖ਼ੂਬਸੂਰਤੀ ਦਿਲਖਿੱਚਵੀਂ ਹੋਣ ਕਰਕੇ ਉਨ੍ਹਾਂ ਦਾ ਪਿੰਡਾਂ ਤੇ ਕੁਦਰਤ ਨਾਲ ਸਾਰੀ ਉਮਰ ਮੋਹ ਬਣਿਆ ਰਿਹਾ। ਉਨ੍ਹਾਂ ਦਾ ਕਹਿਣਾ ਸੀ, ‘‘ਬਚਪਨ ਤੋਂ ਹੀ ਪੇਂਡੂ ਚੌਗਿਰਦਾ ਤੇ ਪੇਂਡੂ ਲੋਕ ਮੇਰੇ ’ਤੇ ਡੂੰਘਾ ਅਸਰ ਪਾਉਂਦੇ ਰਹੇ ਹਨ। ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਤੇ ਆਪਣੇ ਪਿੰਡ ਬੋਦਲਾਂ ਵਿੱਚ ਮੇਰੇ ਬਚਪਨ ਨੇ ਪਿੰਡਾਂ ਨਾਲ ਮੇਰਾ ਅਜਿਹਾ ਨਾਤਾ ਜੋੜਿਆ, ਜਿਹੜਾ ਅੱਜ ਤੀਕਰ ਮੇਰੇ ਦਿਲ ਵਿੱਚ ਲਿਖਤ ਦੇ ਰੂਪ ਵਿੱਚ ਪ੍ਰਗਟ ਹੋਣ ਲਈ ਤੜਪਦਾ ਰਿਹਾ ਹੈ।’’

Advertisement

ਡਾ. ਮਹਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਜਿਊਣ ਤੇ ਕੰਮ ਕਰਨ ਲਈ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਹੈ। ਇਸ ਦੀ ਸੁੰਦਰਤਾ ਦੀ ਸ਼ਲਾਘਾ ਕਰਨ ਦਾ ਅਤੇ ਉਸ ਦਾ ਅਨੰਦ ਮਾਣਨ ਦਾ ਵੱਲ ਸਿੱਖਣਾ ਚਾਹੀਦਾ ਹੈ। ਕੁਦਰਤ ਵੱਲੋਂ ਲਈ ਪ੍ਰੇਰਨਾ ਅਥਾਹ ਤੇ ਅਤੁੱਟ ਹੁੰਦੀ ਹੈ, ਜੋ ਕਿਸੇ ਹੋਰ ਦੁਨਿਆਵੀ ਅਵਸਥਾ ਵਿੱਚ ਨਹੀਂ ਮਿਲਦੀ। ਉਨ੍ਹਾਂ ਨੇ ਪੇਂਡੂ ਵਾਤਾਵਰਣ ਅਤੇ ਖੇਤੀ ਨਾਲ ਆਪਣੀ ਸਾਂਝ ਨੂੰ ਹਮੇਸ਼ਾ ਕਾਇਮ ਰੱਖਿਆ। ਪੰਜਾਬੀ ਲੇਖਕ ਕੰਵਲਜੀਤ ਦੁਆਰਾ ਸੰਪਾਦਿਤ ਪੁਸਤਕ ‘ਚੇਤਿਆਂ ’ਚ ਵੱਸਦਾ: ਮਹਿੰਦਰ ਸਿੰਘ ਰੰਧਾਵਾ’ ਮੁਤਾਬਿਕ ਡਾ . ਰੰਧਾਵਾ ਦੀ ਖੇਤੀ ਤੇ ਕਿਸਾਨਾਂ ਨਾਲ ਡੂੰਘੀ ਸਾਂਝ ਸੀ। ਉਹ ਚਾਹੁੰਦੇ ਸਨ ਕਿ ਕਿਸਾਨ ਖੁਸ਼ਹਾਲ ਹੋਣ, ਚੰਗੇ ਮਕਾਨਾਂ ’ਚ ਰਹਿਣ, ਇਨ੍ਹਾਂ ਦੇ ਬੱਚੇ ਪੜ੍ਹੇ ਲਿਖੇ ਹੋਣ ਤੇ ਪਿੰਡਾਂ ਦਾ ਵਾਤਾਵਰਣ ਸੋਹਣਾ ਹੋਵੇ। ਕਿਸਾਨ ਟਰੈਕਟਰ ’ਤੇ ਬੈਠਾ ਹੋਵੇ, ਉਸ ਨੇ ਸੋਹਣੇ ਕੱਪੜੇ ਪਾਏ ਹੋਣ, ਪੈਰੀਂ ਚੰਗੀ ਜੁੱਤੀ ਪਾਈ ਹੋਵੇ। ਪਗੜੀ ਵੀ ਚੰਗੀ ਬੰਨ੍ਹੀ ਹੋਵੇ। ਉਸਦੀ ਘਰ ਵਾਲੀ ਤੇ ਨਿਆਣੇ ਵੀ ਨਾਲ ਬੈਠੇ ਹੋਣ।

Advertisement

ਜ਼ਿੰਦਗੀ ਭਰ ਵੱਡੀਆਂ ਪ੍ਰਾਪਤੀਆਂ ਦੇ ਨਾਲ ਨਾਲ ਜਦੋਂ ਉਨ੍ਹਾਂ ਆਪਣੀ ਸਵੈ-ਜੀਵਨੀ ‘ਆਪ ਬੀਤੀ’ ਲਿਖੀ ਤਾਂ ਉਨ੍ਹਾਂ ਆਪਣੇ ਜੱਦੀ ਇਲਾਕੇ ਦੀ ਸਾਦਗੀ ਤੇ ਕੁਦਰਤੀ ਖ਼ੂਬਸੂਰਤੀ ਨੂੰ ਬੜੀ ਨੀਝ ਤੇ ਸ਼ਿੱਦਤ ਨਾਲ ਬਿਆਨ ਕੀਤਾ। ਇਸ ਇਲਾਕੇ ਦੀ ਖ਼ੂਬਸੂਰਤੀ ਬਾਰੇ ਉਹ ਲਿਖਦੇ ਹਨ: ‘ਕਿੰਨੇ ਸੋਹਣੇ ਹਨ ਹੁਸ਼ਿਆਰਪੁਰ ਦੇ ਪਿੰਡ। ਸਾਰੇ ਭਾਰਤ ਵਰਸ਼ ਵਿੱਚ ਇਹ ਹੀ ਇਲਾਕਾ ਹੈ, ਜਿੱਥੇ ਮੈਦਾਨਾਂ ਤੋਂ ਹਿਮਾਲਿਆ ਦੀਆਂ ਬਰਫ਼ ਨਾਲ ਢਕੀਆਂ ਚੋਟੀਆਂ ਏਨੀਆਂ ਸਾਫ਼ ਦਿਖਾਈ ਦਿੰਦੀਆਂ ਹਨ। ਸ਼ਿਵਾਲਿਕ ਦੀਆਂ ਉੱਚੀਆਂ ਨੀਲੀਆਂ ਪਹਾੜੀਆਂ ਨੇ ਤਾਂ ਸੀਰੋਵਾਲ ਦੇ ਉਪਜਾਊ ਇਲਾਕੇ ਨੂੰ ਹੋਰ ਵੀ ਸ਼ਿੰਗਾਰ ਦਿੱਤਾ ਹੈ। ਚਾਰੋਂ ਪਾਸੇ ਅੰਬਾਂ ਦੇ ਬਾਗ਼ ਤੇ ਟਾਹਲੀਆਂ ਦੀਆਂ ਝਿੜੀਆਂ। ਸੀਰੋਵਾਲ ਦੇ ਪਿੰਡਾਂ ਵਿੱਚੋਂ ਬੋਦਲਾਂ ਸਭ ਤੋਂ ਮਸ਼ਹੂਰ ਹੈ। ਇਸ ਦੀ ਜੂਹ ਵਿੱਚ ਗਰਨਾ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਹੈ, ਜਿੱਥੇ ਹਰ ਮਹੀਨੇ ਰੌਣਕ ਮੇਲਾ ਰਹਿੰਦਾ।

ਆਪਣੇ ਪਿੰਡ ਤੋਂ ਦਿਸਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਕੁਦਰਤੀ ਸੁਹੱਪਣ ਨੂੰ ਉਹ ਇੰਝ ਬਿਆਨ ਕਰਦੇ ਹਨ, ‘‘ਸ਼ਿਵਾਲਿਕ ਦੀਆਂ ਨੀਲੀਆਂ ਪਹਾੜੀਆਂ ਦੇ ਪਿੱਛੇ ਬਰਫ਼ਾਂ ਨਾਲ ਅੱਟੀਆਂ ਚੋਟੀਆਂ ਦੀ ਇੱਕ ਕਤਾਰ ਹੈ, ਜਿਹੜੀ ਜਨਵਰੀ ਦੇ ਮਹੀਨੇ ਦਿਖਾਈ ਦਿੰਦੀ ਹੈ। ਧੌਲੀਧਾਰ ਨਾਂ ਦੀ ਇਹ ਬਾਹੀ ਉੱਤਰ ਦੇ ਦਿਸਹੱਦੇ ’ਤੇ ਇੱਕ ਜਾਦੂ ਵਾਂਗ ਪੋਹ ਦੇ ਮਹੀਨੇ ਵਿੱਚ ਉਜਾਗਰ ਹੁੰਦੀ ਹੈ ਅਤੇ ਵਿਸਾਖ ਦੇ ਮਹੀਨੇ ਫੇਰ ਧੂੜ ਤੇ ਧੁੰਦ ਵਿੱਚ ਲੋਪ ਹੋ ਜਾਂਦੀ ਹੈ।’

ਮੁਕੇਰੀਆਂ ਪਠਾਨਕੋਟ ਸੜਕ ਦੀ ਖ਼ੂਬਸੂਰਤੀ ਬਾਰੇ ਉਨ੍ਹਾਂ ਲਿਖਿਆ, ‘‘ਮੁਕੇਰੀਆਂ-ਪਠਾਨਕੋਟ ਸੜਕ ਪੰਜਾਬ ਦੀ ਸਭ ਤੋਂ ਰਮਣੀਕ ਸੜਕ ਹੈ। ਪਹਾੜੀਆਂ ਦੇ ਪੈਰਾਂ ਵਿੱਚ ਇਹ ਸੜਕ ਅੰਬਾਂ ਦੇ ਬਾਗ਼ਾਂ ਵਿੱਚੋਂ ਲੰਘਦੀ ਕਈ ਚੋਆਂ ਨੂੰ ਉਲੰਘਦੀ ਹੈ, ਜਿਨ੍ਹਾਂ ਉੱਤੇ ਥਾਂ ਥਾਂ ਪੁਲ ਬਣਾਏ ਗਏ ਹਨ। ... ਜਦੋਂ ਅਸੀਂ ਇਸ ਇਲਾਕੇ ਵਿੱਚੋਂ ਲੰਘੇ ਤਾਂ ਅੰਬਾਂ ਦੇ ਬੂਟਿਆਂ ਉੱਤੇ ਹਲਕਾ ਪੀਲਾ ਬੂਰ ਆਇਆ ਹੋਇਆ ਸੀ ਜਿਸ ਨਾਲ ਹਵਾ ਵਿੱਚ ਸੁਗੰਧੀਆਂ ਫੈਲੀਆਂ ਹੋਈਆਂ ਸਨ।’’ ‘ਆਪ ਬੀਤੀ’ ਪੁਸਤਕ ਦੇ ‘ਪਿੰਡਾਂ ਦੀਆਂ ਰੌਣਕਾਂ’ ਅਧਿਆਇ ਵਿੱਚ ਹੀ ਉਹ ਫੱਗਣ ਚੇਤ ਦੀ ਕੁਦਰਤੀ ਖ਼ੂਬਸੂਰਤੀ ਨੂੰ ਬੜੇ ਸੂਖ਼ਮ ਤੇ ਕਲਾਤਮਕ ਢੰਗ ਨਾਲ ਬਿਆਨ ਕਰਦੇ ਨਜ਼ਰ ਆਉਂਦੇ ਹਨ: ‘ਫੱਗਣ ਚੇਤ ਵਿੱਚ ਖੇਤਾਂ ’ਚ ਖ਼ੂਬ ਬਹਾਰਾਂ ਹੋਣੀਆਂ। ਸਰ੍ਹੋਂ ਦੇ ਪੀਲੇ ਫੁੱਲਾਂ ਨਾਲ ਕਣਕਾਂ ਦੇ ਖੇਤ ਇੰਜ ਲੱਗਣੇ ਜਿਵੇਂ ਇੱਕ ਸਾਵੀਂ ਤਸਵੀਰ ਪੀਲੇ ਚੌਖਟੇ ਵਿੱਚ ਜੜੀ ਹੋਵੇ। ਸਾਗ ਤੋੜਨ ਵਾਲੀਆਂ ਦੇ ਲਾਲ, ਪੀਲੇ, ਨੀਲੇ ਦੁਪੱਟੇ ਹਰੀਆਂ ਫਸਲਾਂ ਵਿੱਚ ਕਿੰਨੇ ਸੋਹਣੇ ਲੱਗਦੇ।’

ਗਰਮੀ ਦੀ ਰੁੱਤ ਬਾਰੇ ਡਾ. ਰੰਧਾਵਾ ਦਾ ਨਜ਼ਰੀਆ ਵੱਖਰੀ ਕਿਸਮ ਦਾ ਸੀ। ਉਨ੍ਹਾਂ ਮੁਤਾਬਿਕ, ‘ਬਹੁਤ ਸਾਰੇ ਲੋਕ ਗਰਮੀ ਪਸੰਦ ਨਹੀਂ ਕਰਦੇ, ਪਰ ਮੈਨੂੰ ਗਰਮੀਆਂ ਦੇ ਮਹੀਨੇ ਬਹੁਤ ਚੰਗੇ ਲੱਗਦੇ। ਦਿਨੇ ਠੰਢੇ ਪਾਣੀ ਨਾਲ ਨਹਾਉਣ ਦਾ ਸੁਆਦ ਤੇ ਰਾਤ ਨੂੰ ਕੋਠੇ ਦੀ ਛੱਤ ’ਤੇ ਸੌਣ ਦਾ ਅਨੰਦ। ਖੁੱਲ੍ਹੇ ਆਸਮਾਨ ਹੇਠਾਂ ਸੌਂ ਕੇ ਕੁਦਰਤ ਨਾਲ ਸਿੱਧਾ ਸੰਬੰਧ ਪੈਦਾ ਹੋ ਜਾਂਦਾ ਹੈ। ਮੰਜੇ ’ਤੇ ਪੈ ਕੇ ਚੰਨ ਤਾਰਿਆਂ ਨੂੰ ਵੇਖਣਾ ਤੇ ਵੇਖ ਵੇਖ ਨਾ ਰੱਜਣਾ।’

ਪੇਂਡੂ ਜ਼ਿੰਦਗੀ ਦੀਆਂ ਕੁਦਰਤੀ ਸੌਗਾਤਾਂ ਬਾਰੇ ਡਾ. ਰੰਧਾਵਾ ਦੇ ਕਥਨ ਹਨ : ‘ਛੱਲੀਆਂ ਪੱਕਣੀਆਂ ਤਾਂ ਮੁਰਮੁਰੇ ਝਿਊਰੀ ਦੀ ਭੱਠੀ ’ਤੇ ਭੁੰਨਾਉਣੇ, ਹੋਰ ਪੱਕ ਜਾਵਣ ਤਾਂ ਖਿੱਲਾਂ। ਸਿਆਲਾਂ ਨੂੰ ਵੇਲਣੇ ’ਤੇ ਹਵਾ ਤੱਤੇ ਗੁੜ ਤੇ ਰਾਬ ਦੀ ਮਹਿਕ ਨਾਲ ਭਰ ਜਾਣੀ। ਕਿੰਨੀ ਸੁਆਦਲੀ ਹੈ ਤੱਤੇ ਤੱਤੇ ਗੁੜ ਤੇ ਰਾਬ ਦੀ ਮਹਿਕ? ਮੈਨੂੰ ਹਾਲੇ ਤਾਈਂ ਵੀ ਯਾਦ ਆਉਂਦੀ ਹੈ।’

ਆਪਣੇ ਜੱਦੀ ਇਲਾਕੇ ਦੇ ਦੇਸੀ ਅੰਬਾਂ ਦੀ ਖੁਸ਼ਬੋ ਹਮੇਸ਼ਾ ਉਨ੍ਹਾਂ ਦੇ ਚੇਤਿਆਂ ਵਿੱਚ ਵਸੀ ਰਹੀ। ਦੱਸਦੇ ਹਨ ਕਿ ਉਹ ਹਰ ਸਾਲ ਅੰਬਾਂ ਦੀ ਰੁੱਤੇ ਦੇਸੀ ਅੰਬ ਚੂਪਣ ਲਈ ਜ਼ਰੂਰ ਜਾਂਦੇ ਤੇ ਬਾਲਟੀ ਭਰ ਕੇ ਅੰਬ ਚੂਪਿਆ ਕਰਦੇ। ਹੁਸ਼ਿਆਰਪੁਰ ਦੇ ਅੰਬਾਂ ਬਾਰੇ ਉਹ ਆਖਦੇ: ‘ਸਾਡੇ ਹੁਸ਼ਿਆਰਪੁਰੀਆਂ ਦੇ ਬਹਿਸ਼ਤ ਵਿੱਚ ਤਾਂ ਮਿੱਠੇ ਅੰਬ ਹੀ ਹਨ ਤੇ ਇਨ੍ਹਾਂ ਨੂੰ ਕਿਹੜੀ ਚੀਜ਼ ਮਾਤ ਕਰ ਸਕਦੀ ਹੈ? ਸਾਡਾ ਬਹਿਸ਼ਤ ਤਾਂ ਸਾਡੇ ਕੋਲ ਹੈ ਤੇ ਹਰ ਤੀਸਰੇ ਸਾਲ ਸਾਵਣ ਭਾਦਰੋਂ ਦੇ ਮਹੀਨਿਆਂ ਵਿੱਚ ਅਸੀਂ ਇਨ੍ਹਾਂ ਨੂੰ ਮਾਣ ਸਕਦੇ ਹਾਂ।’

ਨਵੀਂ ਪੀੜ੍ਹੀ ਲਈ ਕੁਝ ਨਾ ਕੁਝ ਕਰਦੇ ਰਹਿਣ ਦੀ ਤਾਂਘ ਉਨ੍ਹਾਂ ਦੇ ਮਨ ’ਚ ਹਮੇਸ਼ਾ ਬਰਕਰਾਰ ਰਹੀ। ਪੰਜਾਬ ਦੀ ਨਵੀਂ ਪੀੜ੍ਹੀ ਵੀ ਹੁਸ਼ਿਆਰਪੁਰ ਦੇ ਦੇਸੀ ਅੰਬਾਂ ਦੇ ਸੁਆਦ ਤੇ ਖੁਸ਼ਬੋ ਨੂੰ ਲੰਮੇ ਸਮੇਂ ਤੱਕ ਮਾਣ ਸਕੇ, ਇਸ ਮੰਤਵ ਨਾਲ ਹੀ ਡਾ. ਮਹਿੰਦਰ ਸਿੰਘ ਰੰਧਾਵਾ ਨੇ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਕਾਰਜਕਾਲ ਦੌਰਾਨ ਆਪਣੇ ਜੱਦੀ ਇਲਾਕੇ ’ਚ ਪਿੰਡ ਗੰਗੀਆਂ ਨੇੜੇ ਦਸੁੂਹਾ ਵਿਖੇ 1972 ਵਿੱਚ ਨਿਵੇਕਲੀ ਕਿਸਮ ਦਾ ‘ਫਲ ਖੋਜ ਕੇਂਦਰ ਗੰਗੀਆਂ’ ਵੀ ਸਥਾਪਿਤ ਕਰਵਾਇਆ। ਉਨ੍ਹਾਂ ਉਸ ਸਮੇਂ ਹੁਸ਼ਿਆਰਪੁਰ ਤੇ ਪੰਜਾਬ ਦੇ ਹੋਰ ਥਾਵਾਂ ’ਤੇ ਘੁੰਮ ਘੁੰਮ ਕੇ ਬਹੁਤ ਸਾਰੀਆਂ ਦੇਸੀ ਅੰਬਾਂ ਦੀਆਂ ਸੁਆਦੀ, ਮਹਿਕਦਾਰ, ਬਣਤਰ ਤੇ ਆਕਾਰ ਪੱਖੋਂ ਵਧੀਆ ਕਿਸਮਾਂ ਨੂੰ ਇਸ ਕੇਂਦਰ ’ਚ ਸੰਭਾਲਣ ਦਾ ਸਫ਼ਲ ਯਤਨ ਕੀਤਾ। ਇੱਥੇ ਅੰਬਾਂ ਦੀਆਂ ਦੇਸੀ ਕਿਸਮਾਂ ਨੂੰ ਯੂਨੀਵਰਸਿਟੀ ਵੱਲੋਂ ਜੀ ਐਨ 1 ਤੋਂ ਮਤਲਬ ਗੰਗੀਆਂ ਨੰਬਰ 1 ਤੋਂ ਅੱਗੇ ਤੱਕ ਨਾਂ ਦਿੱਤੇ ਗਏ ਹਨ। ਇਸ ਖੋਜ ਕੇਂਦਰ ਵਿੱਚ ਦੇਸੀ ਅੰਬਾਂ ਦੀਆਂ ਸੰਭਾਲੀਆਂ ਗਈਆਂ ਕਿਸਮਾਂ ’ਚ ਕੂਕਿਆਂ ਦੀ ਛੱਲੀ, ਬਜਰੌਰ ਦੀ ਬੱਡ, ਹਰਿਆਣਾ ਦੀ ਕੰਘੀ, ਸੰਧੂਰੀ ਛੱਲੀ, ਗੁਰਮੇਲ ਦਾ ਅੰਬ ਆਦਿ ਦੇ ਨਾਮ ਵਰਣਨਯੋਗ ਹਨ।

ਇਲਾਕੇ ਦੇ ਵਡੇਰੀ ਉਮਰ ਦੇ ਲੋਕਾਂ ਮੁਤਾਬਿਕ ਆਪਣੇ ਜੱਦੀ ਇਲਾਕੇ ’ਚ ਅੰਬਾਂ ਦਾ ਸੁਆਦ ਮਾਣਨ ਤੋਂ ਇਲਾਵਾ ਬਰਸਾਤਾਂ ਦੇ ਦਿਨਾਂ ’ਚ ਡਾ . ਰੰਧਾਵਾ ਆਪਣੇ ਉੱਚੇ ਕੱਦ ਕਾਠ, ਅੰਗਰੇਜ਼ਾਂ ਵਰਗੀ ਸੂਰਤ, ਸਿਰ ’ਤੇ ਹੈਟ ਤੇ ਹੱਥ ’ਚ ਸੋਟੀ ਫੜ ਇਸ ਇਲਾਕੇ ਦੇ ਵਗਦੇ ਚੋਆਂ ਦੇ ਕੰਢੇ ਦੂਰ ਦੂਰ ਤੱਕ ਪਾਣੀਆਂ ਨਾਲ ਬਣੀਆ ਬਰੇਤੀਆਂ ਤੇ ਚੁਫ਼ੇਰੇ ਪਸਰੀ ਲੰਮੀ ਚੁੱਪ ਦਾ ਲੁਤਫ਼ ਲੈਂਦੇ ਤੇ ਕੁਦਰਤੀ ਸੁਹੱਪਣ ਨੂੰ ਮਾਣਦੇ ‘ਚੋਆਂ ਦੇ ਇਲਾਕੇ ਦਾ ਬਾਦਸ਼ਾਹ’ ਜਾਪਿਆ ਕਰਦੇ ਸਨ।’

ਡਾ. ਮਹਿੰਦਰ ਸਿੰਘ ਰੰਧਾਵਾ ਦੀ ਪਿੰਡਾਂ ਤੇ ਕੁਦਰਤ ਨਾਲ ਸਾਂਝ ਬਦੌਲਤ ਹੀ ਉਨ੍ਹਾਂ ਦੇਸ਼ ਦੀ ਖੇਤੀਬਾੜੀ, ਪਿੰਡਾਂ ਦੇ ਵਿਕਾਸ, ਸਾਹਿਤ, ਕਲਾ ਤੇ ਵਿਰਾਸਤ ਦੀ ਬਿਹਤਰੀ ਲਈ ਅਜਿਹੇ ਮਹਾਨ ਕਾਰਜ ਕੀਤੇ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡੀ ਉਮੀਦ ਤੇ ਪ੍ਰੇਰਨਾ ਦਾ ਸਰੋਤ ਬਣਦੇ ਰਹਿਣਗੇ।

ਸੰਪਰਕ: 70877-87700

Advertisement
×