DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਾਕਟਰ ਮੋਹਨ ਸਿੰਘ ਦੀਵਾਨਾ ਆਪਣੀ ਨਜ਼ਰ ਵਿੱਚ

ਨਾਮ: ਮੋਹਨ ਸਿੰਘ ਪਿਤਾ: ਮੁਨਸ਼ੀ ਸ਼ੇਰ ਸਿੰਘ ਉਬਰਾਏ ਮਾਤਾ: ਮੂਲਾਂ ਦੇਵੀ ਖਾਨਦਾਨ ਬਾਰੇ ਨਾ ਮੈਂ ਕਦੇ ਪੁੱਛਿਆ ਨਾ ਹੀ ਪਿਤਾ ਜੀ ਨੇ ਕਦੇ ਦੱਸਿਆ, ਬੱਸ ਇੰਨਾ ਕਹਿੰਦੇ ਸੁਣਿਆ ਕਿ ਦਾਦਾ ਜੀ ਦਾ ਨਾਮ ਰਾਜ ਕੰਵਰ ਸੀ ਜੋ ਪਿੰਡ ਪਾਦਸ਼ਾਹਾਨ ਤਹਿਸੀਲ...

  • fb
  • twitter
  • whatsapp
  • whatsapp
Advertisement

ਨਾਮ: ਮੋਹਨ ਸਿੰਘ

ਪਿਤਾ: ਮੁਨਸ਼ੀ ਸ਼ੇਰ ਸਿੰਘ ਉਬਰਾਏ

Advertisement

ਮਾਤਾ: ਮੂਲਾਂ ਦੇਵੀ

Advertisement

ਖਾਨਦਾਨ ਬਾਰੇ ਨਾ ਮੈਂ ਕਦੇ ਪੁੱਛਿਆ ਨਾ ਹੀ ਪਿਤਾ ਜੀ ਨੇ ਕਦੇ ਦੱਸਿਆ, ਬੱਸ ਇੰਨਾ ਕਹਿੰਦੇ ਸੁਣਿਆ ਕਿ ਦਾਦਾ ਜੀ ਦਾ ਨਾਮ ਰਾਜ ਕੰਵਰ ਸੀ ਜੋ ਪਿੰਡ ਪਾਦਸ਼ਾਹਾਨ ਤਹਿਸੀਲ ਚੱਕਵਾਲ ਜ਼ਿਲ੍ਹਾ ਜੇਹਲਮ ਦੇ ਵਸਨੀਕ ਸਨ। ਬਜ਼ੁਰਗ ਪਹਿਲਾਂ ਕਿਸੇ ਪੁਸ਼ਤ ਵਿੱਚ ਮਲਹੋਟ ਦੇ ਕਿਲ੍ਹਾਦਾਰ ਸਨ। ਦਾਦਾ ਜੀ ਬਾਅਦ ਵਿੱਚ ਪਾਦਸ਼ਾਹਾਨ ਤੋਂ ਪੰਜ ਕੋਹ ਦੀ ਦੂਰੀ ’ਤੇ ਪਿੰਡ ਸੱਯਦ ਕਸਰਾਂ ਵਿੱਚ ਰਹਿਣ ਲੱਗੇ। ਦੋ ਪੁੱਤਰਾਂ ਤੋਂ ਇਲਾਵਾ ਕੋਈ ਔਲਾਦ ਨਹੀਂ ਸੀ। ਇਸ ਪਿੰਡ ਵਿੱਚ ਸਾਰੇ ਮੁਸਲਿਮ ਪਰਿਵਾਰ ਸੱਯਦ ਬਿਰਾਦਰੀ ਦੇ ਸਨ ਅਤੇ ਸ਼ੀਆ ਰਸਮਾਂ ਦੀ ਪਾਲਣਾ ਪੂਰੀ ਪਾਬੰਦੀ ਨਾਲ ਕਰਦੇ ਸਨ। ਕਰਬਲਾ ਦੇ ਸ਼ਹੀਦਾਂ ਦੀ ਯਾਦ ਵਿੱਚ ਤਾਜ਼ੀਏ ਸ਼ਾਨੋ-ਸ਼ੌਕਤ ਨਾਲ ਕੱਢੇ ਜਾਂਦੇ ਸਨ। ਦਾਦਾ ਜੀ ਦੇ ਨਾਲ ਹੀ ਕਈ ਹੋਰ ਖੱਤਰੀ ਪਰਿਵਾਰ ਦੂਰੋਂ ਨੇੜਿਓਂ ਸੱਯਦ ਪਿੰਡ ਵਿੱਚ ਵੱਸ ਗਏ। ਪਿੰਡ ਸੱਯਦ ਵਿੱਚ ਹਿੰਦੂ-ਸਿੱਖਾਂ ਅਤੇ ਮੁਸਲਮਾਨਾਂ ਦੀ ਗਿਣਤੀ 1/4 ਦੇ ਹਿਸਾਬ ਵਿੱਚ ਸੀ।

ਪਿਤਾ ਜੀ ਦੇ ਵੱਡੇ ਭਰਾ ਦਾ ਨਾਮ ਜੈ ਰਾਮ ਸੀ। ਉਹ ਭਗਤ ਪੁਕਾਰੇ ਜਾਂਦੇ ਸਨ। ਕੋਰੇ ਅਨਪੜ੍ਹ ਸਨ, ਨਮਕ ਅਤੇ ਸਾਬਣ ਵੇਚਦੇ ਸਨ। ਉਹ ਜ਼ਿੱਦ ਕਰਦੇ ਸਨ ਕਿ ਪਿਤਾ ਜੀ ਬਿਲਕੁਲ ਵੀ ਪੜ੍ਹਨ ਲਿਖਣ ਦਾ ਖ਼ਿਆਲ ਨਾ ਕਰਨ। ਸਾਡੇ ਪਿੰਡ ਤੋਂ ਤਿੰਨ-ਚਾਰ ਮੀਲ ਦੇ ਫ਼ਾਸਲੇ ਉਪਰ ਪਿੰਡ ਤੁਰਕਵਾਲ ਸੀ। ਉਨ੍ਹਾਂ ਨੇ ਇਸ ਪਿੰਡ ਦੀ ਮਸਜਿਦ ਦੇ ਇਮਾਮ ਤੋਂ ਉਰਦੂ ਦਾ ਕਾਇਦਾ ਇੱਕ ਮਹੀਨੇ ਵਿੱਚ ਹੀ ਰਾਤ ਨੂੰ ਚੋਰੀ ਚੋਰੀ ਪੜ੍ਹ ਲਿਆ। ਇਸ ਨੂੰ ਕਰਿਸ਼ਮਾ ਕਹੋ ਜਾਂ ਰੱਬ ਦੀ ਬਖ਼ਸ਼ਿਸ਼, ਦੋ ਚਾਰ ਮਹੀਨੇ ਬਾਅਦ ਸੱਯਦ ਪਿੰਡ ਵਿੱਚ ਸਰਕਾਰੀ ਸਕੂਲ ਖੁੱਲ੍ਹ ਗਿਆ। ਆਮ ਚਰਚਾ ਸੀ ਕਿ ਜਿਹੜਾ ਲੜਕਾ ਪਹਿਲੀ ਜਮਾਤ ਵਿੱਚ ਦਾਖਲ ਹੋਵੇਗਾ, ਉਸ ਨੂੰ ਫ਼ੀਸ ਨਹੀਂ ਦੇਣੀ ਪਵੇਗੀ। ਕਿਤਾਬਾਂ, ਤਖ਼ਤੀ, ਸਲੇਟ, ਕਲਮ-ਦਵਾਤ, ਸਿਆਹੀ ਮੁਫ਼ਤ ਤੇ ਵਜ਼ੀਫ਼ਾ ਅੱਠ ਆਨੇ ਮਹੀਨਾ ਅਲੱਗ ਤੋਂ ਮਿਲੇਗਾ। ਪਿਤਾ ਜੀ ਨੇ ਇੱਥੋਂ ਪੰਜਵੀਂ ਪਾਸ ਕੀਤੀ ਤੇ ਰਾਵਲਪਿੰਡੀ ਸ਼ਹਿਰ ਵਿੱਚ ਇੱਕ ਸਾਧਾਰਨ ਸਕੂਲ ਵਿੱਚ ਦਾਖਲ ਹੋ ਗਏ। ਇੱਥੇ ਅਧਿਆਪਕਾਂ ਵਿੱਚ ਮੁਨਸ਼ੀ ਸੂਰਜ ਨਾਰਾਇਣ ਦੇਹਲਵੀ ਵੀ ਸਨ।

ਪਿਤਾ ਜੀ ਅਕਸਰ ਆਪਣੇ ਕੋਰਸ ਦੀਆਂ ਕਿਤਾਬਾਂ ਦਾ ਜ਼ਿਕਰ ਕਰਦਿਆਂ ਦੱਸਦੇ ਕਿ ਸ਼ਾਹਨਾਮਾ, ਸਿਕੰਦਰਨਾਮਾ, ਗੁਲਸਤਾਂ, ਚਹਾਰ ਮੁਕਾਲਾ, ਇਖ਼ਲਾਕ ਜਿਲਾਈ ਆਦਿ ਪੂਰੀਆਂ ਦੀਆਂ ਪੂਰੀਆਂ ਕਿਤਾਬਾਂ ਉਨ੍ਹਾਂ ਦੇ ਸਕੂਲੀ ਕੋਰਸ ਦਾ ਹਿੱਸਾ ਸਨ। ਇਮਤਿਹਾਨ ਦਾ ਉਦੋਂ ਕੋਈ ਰਿਵਾਜ ਨਹੀਂ ਸੀ। ਇਹ ਤਕਰੀਬਨ 1884 ਦੀ ਗੱਲ ਹੈ, ਜਦੋਂ ਉਹ ਤਾਲੀਮ ਹਾਸਿਲ ਕਰਨ ਮਗਰੋਂ ਅਧਿਆਪਕ ਤਾਇਨਾਤ ਹੋਏ। ਤਕਰੀਬਨ 1895 ਵਿੱਚ ਉਹ ਦੇਵੀ ਪਿੰਡ ਤਹਿਸੀਲ ਗੁੱਜਰਖਾਨ ਵਿੱਚ ਬਤੌਰ ਮੁੱਖ ਅਧਿਆਪਕ ਆਏ। 1920 ਵਿੱਚ ਮੁਲਾਜ਼ਮਤ ਤੋਂ ਸੇਵਾਮੁਕਤ ਹੋਏ। ਮੈਂ ਜਦੋਂ ਤੀਸਰੀ ਜਮਾਤ ਵਿੱਚ ਪੜ੍ਹਦਾ ਸੀ, ਉਦੋਂ ਘਰ ਵਿੱਚ ਰਸਾਲਾ ‘ਅਤਾਲੀਕ-ਏ-ਪੰਜਾਬ’ ਆਉਂਦਾ ਸੀ। ਇਸ ਮਾਹਵਾਰ ਰਸਾਲੇ ਦੇ ਐਡੀਟਰ ਮੌਲਾਨਾ ਮੁਹੰਮਦ ਹੁਸੈਨ ਆਜ਼ਾਦ ਸਨ। ਮੌਲਾਨਾ ਆਜ਼ਾਦ ਦੀ ਲਿਖੀ ਕਿਤਾਬ ‘ਆਬ-ਏ-ਹਯਾਤ’ ਵੀ ਘਰ ਵਿੱਚ ਮੌਜੂਦ ਸੀ। ਮੈਂ ਇਨ੍ਹਾਂ ਨੂੰ ਬੜੇ ਸ਼ੌਕ ਨਾਲ ਪੜ੍ਹਦਾ ਸੀ। ‘ਹਿੰਦੋਸਤਾਨ’ ਨਾਂ ਦਾ ਇੱਕ ਅਖ਼ਬਾਰ ਲਾਹੌਰ ਤੋਂ ਆਉਂਦਾ ਸੀ। ਉਸ ਨੂੰ ਵੀ ਬਾਕਾਇਦਾ ਪੜ੍ਹਦਾ ਸਾਂ।

ਪੰਜਵੀ ਜਮਾਤ ਦੇਵੀ ਪਿੰਡ ਦੇ ਮਦਰੱਸੇ ਤੋਂ ਪਾਸ ਕੀਤੀ, ਜਿਸ ਨੂੰ ਡਿਸਟ੍ਰਿਕ ਬੋਰਡ ਰਾਵਲਪਿੰਡੀ ਨੇ ਖੋਲ੍ਹਿਆ ਸੀ। ਇਸ ਮਗਰੋਂ ਖ਼ਾਲਸਾ ਸਕੂਲ ਸੱਯਦ ਤੋਂ ਅੱਠਵੀਂ ਤੇ ਦਸਵੀਂ ਗੌਰਮਿੰਟ ਸਕੂਲ ਸਿਆਲਕੋਟ ਤੋਂ ਪਹਿਲੇ ਦਰਜੇ ਵਿੱਚ ਪਾਸ ਕੀਤੀ। ਐੱਫ ਏ ਦਿਆਲ ਸਿੰਘ ਕਾਲਜ ਲਾਹੌਰ ਤੋਂ ਪਹਿਲੇ ਦਰਜੇ ਵਿੱਚ ਤੇ ਬੀ ਏ ਦੀ ਡਿਗਰੀ ਸਰਕਾਰੀ ਕਾਲਜ ਲਾਹੌਰ ਤੋਂ ਅੰਗਰੇਜ਼ੀ ਆਨਰਜ਼ ਨਾਲ ਦੂਜੇ ਦਰਜੇ ਵਿੱਚ ਹਾਸਲ ਕੀਤੀ। ਕਲਕੱਤਾ ਯੂਨੀਵਰਸਿਟੀ ਤੋਂ ਐੱਮ ਏ ਅੰਗਰੇਜ਼ੀ ਦੂਸਰੇ ਦਰਜੇ ਵਿੱਚ ਪਾਸ ਕੀਤੀ। ਇਸੇ ਯੂਨੀਵਰਸਿਟੀ ਤੋਂ 1931 ਵਿੱਚ ਮਾਡਰਨ ਉਰਦੂ ਸ਼ਾਇਰੀ ਉੱਪਰ ਥੀਸਿਸ ਲਿਖ ਕੇ ਪੀਐੱਚ ਡੀ ਦੀ ਡਿਗਰੀ ਹਾਸਲ ਕੀਤੀ। ਇਹ ਥੀਸਿਸ ਅੰਗਰੇਜ਼ੀ ਭਾਸ਼ਾ ਵਿੱਚ ਸੀ। 1933 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪੰਜਾਬੀ ਸਾਹਿਤ ਦਾ ਇਤਿਹਾਸ ਅੰਗਰੇਜ਼ੀ ਵਿੱਚ ਲਿਖ ਕੇ ਡੀ ਲਿਟ ਦੀ ਡਿਗਰੀ ਹਾਸਲ ਕੀਤੀ।

1935-36 ਵਿੱਚ ਲੰਡਨ ਵਿੱਚ ਸਿਟੀ ਲਿਟਰੇਰੀ ਇੰਸਟੀਟਿਊਟ ਤੋਂ ਕਈ ਮਹੀਨੇ ਇਲਮ ਹਾਸਲ ਕੀਤਾ। ਉਸੇ ਸਾਲ ਇੰਟਰਨੈਸ਼ਨਲ ਓਰੀਐਂਟਲ ਕਾਂਗਰਸ ਦੇ ਰੋਮ ਇਜਲਾਸ ਵਿੱਚ ਸ਼ਾਮਲ ਹੋਇਆ ਤੇ ਦੋ ਪਰਚੇ ਪੜ੍ਹੇ। 1928 ਤੋਂ 1947 ਤੱਕ ਪੰਜਾਬ ਯੂਨੀਵਰਸਿਟੀ ਓਰੀਐਂਟਲ ਕਾਲਜ ਲਾਹੌਰ ਵਿੱਚ ਲੈਕਚਰਾਰ ਰਿਹਾ। ਲਾਹੌਰ ਆਉਣ ਤੋਂ ਪਹਿਲਾਂ ਤਿੰਨ ਸਾਲ ਸਨਾਤਨ ਧਰਮ ਕਾਲਜ ਕਾਨਪੁਰ ਵਿੱਚ ਅੰਗਰੇਜ਼ੀ ਦਾ ਲੈਕਚਰਾਰ ਰਿਹਾ। ਉਸ ਤੋਂ ਪਹਿਲਾਂ ਤਿੰਨ ਸਾਲ ਰੰਗੂਨ (ਹੁਣ ਯੈਂਗੌਨ) ਹਾਈ ਕੋਰਟ ਵਿੱਚ ਫ਼ਾਰਸੀ, ਉਰਦੂ, ਗੁਜਰਾਤੀ, ਪੰਜਾਬੀ ਤੇ ਹਿੰਦੋਸਤਾਨੀ ਦੇ ਤਰਜਮਾਨ ਵਜੋਂ ਮੁਲਾਜ਼ਮਤ ਕੀਤੀ। ਕੁਝ ਮਹੀਨੇ 1918 ਵਿੱਚ ਅਖ਼ਬਾਰਨਵੀਸੀ ਦੇ ਅਭਿਆਸ ਵਿੱਚ ਗੁਜ਼ਾਰੇ। ਚਾਰ ਮਹੀਨੇ ਬਸਰੇ ਵਿੱਚ ਰਿਹਾ। ਕੁਝ ਮਹੀਨੇ ਕਰਾਚੀ ਵਿੱਚ ਅੰਗਰੇਜ਼ੀ ਅਖ਼ਬਾਰ ‘ਡੇਲੀ ਗਜ਼ਟ’ ਵਿੱਚ ਕੰਮ ਕੀਤਾ। 1928 ਤੋਂ 1959 ਤੱਕ ਪੰਜਾਬ ਯੂਨੀਵਰਸਿਟੀ ਵਿੱਚ ਰਿਹਾ। ਅੰਗਰੇਜ਼ੀ, ਫ਼ਾਰਸੀ ਅਤੇ ਉਰਦੂ ਭਾਸ਼ਾਵਾਂ ਤਾਂ ਸਕੂਲ ਅਤੇ ਕਾਲਜ ਵਿੱਚ ਸਿੱਖੀਆਂ ਅਤੇ ਪੜ੍ਹਾਈਆਂ, ਸੰਸਕ੍ਰਿਤ ਪਿਤਾ ਜੀ ਤੋਂ ਸਿੱਖੀ। ਹਿੰਦੀ, ਗੁਜਰਾਤੀ, ਬੰਗਾਲੀ, ਮਰਾਠੀ ਭਾਸ਼ਾਵਾਂ ਖ਼ੁਦ ਸਿੱਖੀਆਂ। ਜਰਮਨ ਭਾਸ਼ਾ ਵੀ ਸਿੱਖੀ। ਜਿੱਥੋਂ ਤੱਕ ਮੈਨੂੰ ਯਾਦ ਹੈ 1916 ਵਿੱਚ ਮੇਰੀ ਕਹਾਣੀ ਮਾਹਵਾਰ ਰਸਾਲਾ ‘ਸੋ ਸਤੰਭ’ ਲਾਹੌਰ ਵਿੱਚ ਛਪੀ, ਜਿਸ ਦੇ ਸੰਪਾਦਕ ਗੌਰੀ ਸ਼ੰਕਰ ਲਾਲ ਅਖ਼ਤਰ ਸਨ। ਲਗਭਗ ਇਸੇ ਸਾਲ ਮੇਰਾ ਇਕ ਤਖ਼ੱਲਜ਼ਾਦਾ (ਗਹਿਰ-ਗੰਭੀਰ) ਮਜ਼ਮੂਨ ‘ਅਲਕਮਰ’ ਵਿੱਚ ਛਪਿਆ ਜਿਸ ਦਾ ਸਿਰਲੇਖ ਇਹ ਸ਼ੇਅਰ ਸੀ ਅਤੇ ਮਜ਼ਮੂਨ ਦਾ ਆਧਾਰ ਵੀ ਬਣਿਆ:

ਕਹਿਤੇ ਹੀ ਯਾ ਕਰੀਮ ਇਧਰ ਸੇ ਉਧਰ ਹੂਏ।

ਲੁਤਫ਼-ਓ-ਗ਼ਜ਼ਬ ਮੇਂ ਫਾਸਲਾ ਥਾ ਕਿਤਨੀ ਦੂਰ ਕਾ।

ਰਾਵਲਪਿੰਡੀ ਤੋਂ ਇੱਕ ਹਫ਼ਤਾਵਾਰ ਉਰਦੂ ਅਖ਼ਬਾਰ ਨਿਕਲਦਾ ਸੀ ‘ਸ਼ਾਂਤੀ’ ਨਾਮ ਦਾ, ਉਸ ਵਿੱਚ ਮੈਂ ਇਸ ਅਰਸੇ ਦੌਰਾਨ ਸ੍ਰੀ ਕ੍ਰਿਸ਼ਨ ਦੇ ਮੁਤੱਲਕ ਸ਼ੇਅਰ ਛਪਵਾਏ। 1916 ਤੱਕ ਮੈਂ ਸ਼ੇਅਰ ਕਹਿਣ ਦੇ ਪਹਿਲੇ ਪੜਾਅ ਪਾਰ ਕਰ ਗਿਆ ਸੀ। ਉਸੇ ਸਾਲ ਦਿਆਲ ਸਿੰਘ ਕਾਲਜ ਦੇ ਮੁਸ਼ਾਇਰੇ ਵਿੱਚ ਮੈਂ ਪਹਿਲੀ ਗ਼ਜ਼ਲ ਪੜ੍ਹੀ, ਪਰ ਸ਼ੇਅਰਗੋਈ ਲਈ ਕਿਸੇ ਦੀ ਰਸਮੀ ਸ਼ਾਗਿਰਦੀ ਅਖ਼ਤਿਆਰ ਨਹੀਂ ਕੀਤੀ।

ਇਹ ਦੱਸਦੇ ਹੋਏ ਬੜੀ ਖ਼ੁਸ਼ੀ ਹੁੰਦੀ ਹੈ ਕਿ ਕਾਨਪੁਰ ਦੀ ਠਾਹਰ ਦੌਰਾਨ 1925 ਤੋਂ 1928 ਤੱਕ ਤਿੰਨ ਸਾਲ ਮੌਲਾਨਾ ਸਈਅਦ ਫਜ਼ਲ ਉਲ ਹਸਨ ਹਸਰਤ ਮੋਹਾਨੀ ਦੀ ਸੰਗਤ ਕਰਨ ਦਾ ਸੁਭਾਗ ਹਾਸਲ ਹੋਇਆ। ਇਸ ਖੁਸ਼ਨਸੀਬੀ ਉਪਰ ਬਹੁਤ ਫ਼ਖਰ ਹੁੰਦਾ ਹੈ। ਕੁਝ ਉਨ੍ਹਾਂ ਦੀ ਸ਼ਖ਼ਸੀਅਤ ਤੇ ਕੁਝ ਉਨ੍ਹਾਂ ਦੇ ਜਾਤੀ ਅਲੋਚਨਾਤਮਕ ਮੁਲਾਂਕਣ ਤੋਂ ਸਭ ਤੋਂ ਵੱਧ ਕੇ ਉਨ੍ਹਾਂ ਦੀ ਕਿਤਾਬ ‘ਤਜ਼ਕਰਾਤ-ਉਸ-ਸ਼ੋਰਾ’ (ਸ਼ਾਇਰਾਂ ਦਾ ਹਾਲ ਅਤੇ ਕਮਾਲ) ਅਤੇ ਖ਼ਾਸ ਤੌਰ ’ਤੇ ਉਨ੍ਹਾਂ ਦੇ ਆਪਣੇ ਕਲਾਮ ਤੋਂ ਮੈਂ ਕਾਫ਼ੀ ਕੁਝ ਸਿੱਖਿਆ। ਸੱਚ ਤਾਂ ਇਹ ਹੈ ਮੈਂ ਵੱਡੇ ਲੇਖਕਾਂ ਦੀਆਂ ਲਿਖਤਾਂ ਤੋਂ ਹੀ ਫ਼ੈਜ਼ ਹਾਸਿਲ ਕੀਤਾ ਹੈ। ਕਿਤਾਬਾਂ ਹੀ ਮੇਰੀਆਂ ਉਸਤਾਦ ਰਹੀਆਂ ਨੇ। ਉਨ੍ਹਾਂ ਦੇ ਅਧਿਐਨ ਦੀ ਪ੍ਰਤੀਕਿਰਿਆ ਦਾ ਨਤੀਜਾ ਮੇਰਾ ਕਲਾਮ ਹੈ। ਉਂਝ ਤੁਸੀਂ ਮੈਨੂੰ ਤਲਾਮਿਜ਼ਾ-ਉਰ-ਰਹਮਾਨ (ਰੱਬ ਦਾ ਬੰਦਾ) ਹੀ ਸਮਝੋ।

ਆਪਣੀਆਂ ਕਿਤਾਬਾਂ ਬਾਰੇ ਦੱਸਦਾਂ। ਸਾਰੀਆਂ ਮੈਂ ਖ਼ੁਦ ਛਪਵਾਈਆਂ, ਪੈਸਾ ਲਗਾਇਆ, ਹੱਥਲਿਖਤ ਦੇ ਵਾਰ ਵਾਰ ਪੜ੍ਹਨ ਵਿੱਚ ਦੀਦੇ ਗਵਾਏ, ਜਵਾਨੀ ਬਰਬਾਦ ਕੀਤੀ, ਬਹੁਤ ਸਾਰੀਆਂ ਜਿਲਦਾਂ ਮੁਫ਼ਤ ਦੋਸਤਾਂ ਅਤੇ ਦੁਸ਼ਮਣਾਂ ਦੀ ਭੇਟ ਕੀਤੀਆਂ। ਛਪਵਾਈ ਦਾ ਸੰਨ ਯਾਦ ਨਹੀਂ, ਨਾ ਹੀ ਕਿਤਾਬਾਂ ਇਸ ਵਕਤ ਮੇਰੇ ਸਾਹਮਣੇ ਹਨ। ਮੈਂ ਆਪਣੀ ਯਾਦਦਾਸ਼ਤ ਤੋਂ ਲਿਖਵਾ ਰਿਹਾਂ ਅਤੇ ਇੱਕ ਨੇਕਦਿਲ ਬਜ਼ੁਰਗ ਪੰਡਿਤ ਰੂਪ ਚੰਦ ਲਿਖ ਰਹੇ ਨੇ। 1916 ਵਿੱਚ ਜਦੋਂ ਮੈਂ ਗੌਰਮਿੰਟ ਕਾਲਜ ਲਾਹੌਰ ਵਿੱਚ ਵਿਦਿਆਰਥੀ ਸੀ ਤਾਂ ਤੇਤੀ ਸਫ਼ਿਆਂ ਦੀ ਨਜ਼ਮਾਂ ਦੀ ਕਿਤਾਬ ‘ਤਰਾਨਾ ਏ ਕੁਦਰਤ’ ਸਿਰਲੇਖ ਹੇਠ ਪ੍ਰਕਾਸ਼ਿਤ ਕਰਵਾਈ। ਮੇਰੀ ਉਮਰ ਉਦੋਂ ਸਿਰਫ਼ ਸਤਾਰਾਂ ਸਾਲ ਸੀ।

ਪਰ ਉਰਦੂ ਲਈ ਮੈਂ ਉਹ ਕੰਮ ਕੀਤਾ ਜੋ ਵਰਡਜ਼ਵਰਥ, ਕੋਲਰਿਜ ਅਤੇ ਸ਼ੈਲੀ ਨੇ ਅੰਗਰੇਜ਼ੀ ਭਾਸ਼ਾ ਲਈ ਕੀਤਾ ਸੀ। ਹੁਣ ਉਹ ਅੱਲਾਹ ਮੀਆਂ ਦੇ ਘਰ ਵਿੱਚ ਮਿਲਣ ਤਾਂ ਮਿਲਣ। 1920 ਵਿੱਚ ਜਦੋਂ ਮੈਂ ਕੁਝ ਮਹੀਨਿਆਂ ਲਈ ਬਸਰੇ ਸੀ, ਉਦੋਂ ਦੋ ਸੌ ਦੇ ਕਰੀਬ ਰੁਬਾਈਆਂ ਲਿਖੀਆਂ ਅਤੇ ਸੌ ਦੇ ਕਰੀਬ ਅੰਗਰੇਜ਼ੀ ਵਿੱਚ ਅਨੁਵਾਦ ਕਰ ਕੇ ਕਰਾਚੀ ਤੋਂ ਛਪਵਾਈਆਂ, ਨਾਮ ਸੀ ‘ਕਨਫੈਸ਼ਨ ਆਫ ਲਵ ਪਾਰਟ 1 ਐਂਡ ਪਾਰਟ 2’। ਉਰਦੂ ਨਾਮ ਸੀ ‘ਇਤਰਾਫ਼-ਏ-ਮੋਹੱਬਤ’। ਲੋਕ ਕਹਿੰਦੇ ਨੇ ਇਤਰਾਫ਼ ਬਹੁਤ ਵੱਡਾ ਗੁਨਾਹ ਹੁੰਦਾ ਹੈ। ਕਰਾਚੀ ਤੋਂ ਰੰਗੂਨ ਪਹੁੰਚਿਆ। ਕਲਕੱਤਾ ਤੋਂ ‘ਨਾਵਕ’ ਨਾਮ ਹੇਠ ਇੱਕ ਰਸਾਲਾ ਮਾਹਵਾਰ ਕੱਢਿਆ। ਸਰਵਰਕ ਉਰਦੂ ਦੇ ਪ੍ਰਸਿੱਧ ਸ਼ਾਇਰ ਸੌਦਾ ਦਾ ਸ਼ੇਅਰ ਸੀ।

ਨਾਵਕ ਨੇ ਤੇਰੇ ਸੈਦ ਨਾ ਛੋੜਾ ਜ਼ਮਾਨੇ ਮੇਂ।

ਤੜਪੇ ਹੈ ਮੁਰਗ਼ ਏ ਕਿਬਲਾ ਨੁਮਾ ਆਸ਼ਿਆਨੇ ਮੇਂ।

ਖ਼ਾਸ ਗੱਲ ਇਹ ਹੈ ਕਿ ਇਹ ਪੁਰਾਣੀ ਤਰਜ਼ ਉੱਤੇ ਤਰਹੀ (ਖ਼ਾਸ ਦਿੱਤੇ ਰਦੀਫ਼ ਉੱਪਰ ਸ਼ੇਅਰ ਕਹਿਣਾ) ਗ਼ਜ਼ਲਾਂ ਨਾਲ ਭਰਪੂਰ ਹੁੰਦਾ ਸੀ। ਕਰਾਚੀ ਤੋਂ ਕਾਨਪੁਰ ਆਇਆ। ਹਿੰਦੂ ਅਤੇ ਮੁਸਲਿਮ ਲੇਖਕਾਂ ਦੀ ਸੋਹਬਤ ਰੰਗ ਲੈ ਕੇ ਆਈ। ਮੈਂ ‘ਦੋਸ਼ੀਜ਼ਾ’ ਛਪਵਾਇਆ। ਮੁੱਖਬੰਦ ਹਸਰਤ ਮੋਹਾਨੀ ਦਾ ਸੀ। ਇਸ ਕਾਰਨਾਮੇ ਵਿੱਚ ਨਵੀਨਤਾ ਅਤੇ ਅਛੂਤਾਪਣ ਸੀ। ਬੰਗਾਲ ਦੇ ਇੱਕ ਨਾਮਵਾਰ ਪੇਂਟਰ ਅਤੇ ਪੰਜਾਬ ਦੇ ਪੇਂਟਰ ਠਾਕੁਰ ਸਿੰਘ ਦੀਆਂ ਪੇਂਟਿੰਗਾਂ ਚੁਣ ਕੇ ਉਨ੍ਹਾਂ ਨੂੰ ਸ਼ਾਇਰੀ ਵਿੱਚ ਗੁੰਨ੍ਹ ਕੇ ਵਿਚਾਰ ਅਤੇ ਕਲਪਨਾ ਦੀ ਇਕਸੁਰਤਾ ਵਿੱਚ ਢਾਲ ਕੇ ਸੁਰੀਲੇਪਣ ਦੀ ਰੰਗਾਰੰਗੀ ਨਾਲ ਸ਼ਿੰਗਾਰਿਆ। ਯਾਨੀ ਉਰਦੂ ਵਿੱਚ ਪਿਕਟੋਰੀਅਲ ਪੋਏਟਰੀ (Pictorial Poetry) ਦਾ ਮੁੱਢ ਬੰਨ੍ਹਿਆ। ਛੋਟੀ ਬਹਰ ਵਿੱਚ ‘ਤਾਜ ਬੀਬੀ ਕਾ ਹਸੀਨ ਰੰਜ਼ਾ’ ਮਖਮਸ (ਪੰਜ ਸਤਰਾਂ ਦੀ ਕਵਿਤਾ) ਅਤੇ ਵੱਡੀ ਬਹਿਰ ਵਿੱਚ ਮੁਸਤਫ਼ਾ ਕਮਾਲ ਪਾਸ਼ਾ ਉੱਪਰ ਇੱਕ ਨਜ਼ਮ ਲਿਖੀ। ਇਹ ਗੱਲ ਵੀ ਇਸ ਲਈ ਯਾਦ ਰਹਿ ਗਈ ਕਿ ਜੋਸ਼ ਸਾਹਿਬ ਨੇ ਕਿਸੇ ਜ਼ਮਾਨੇ ਵਿੱਚ ਸੱਤਵੀਂ-ਅੱਠਵੀਂ ਜਮਾਤ ਦਾ ਸਿਲੇਬਸ ਤਿਆਰ ਕੀਤਾ ਸੀ, ਉਸ ਵਿੱਚ ਇਹ ਦੋ ਨਜ਼ਮਾਂ ਸ਼ਾਮਲ ਕਰਵਾਈਆਂ ਸਨ। ਪਰ ਥੱਲੇ ਸਿਰਫ਼ ਦੀਵਾਨਾ ਲਿਖਿਆ ਸੀ ਤਾਂ ਕਿ ਸ਼ਾਇਰ ਦਾ ਮਜ਼ਹਬ ਜ਼ਾਹਿਰ ਨਾ ਹੋਵੇ। ਭੁਲੇਖਾ ਇਹ ਪਵੇ ਕਿ ਸ਼ਾਇਰ ਇਸਲਾਮ ਨਾਲ ਤਾਅਲੁਕ ਰੱਖਦਾ ਹੈ।

ਤਕਰੀਬਨ 1927 ਵਿੱਚ ਕਾਨਪੁਰ ਦੀ ਥੀਓਸੋਫੀਕਲ ਸੁਸਾਇਟੀ ਦੀ ਦਰਖ਼ਾਸਤ ’ਤੇ ਇਸ ਦੇ ਰਸਾਲੇ ਸਿਤਾਰਾ-ਏ-ਸੁਬਹ ਦੀ ਐਡੀਟਰੀ ਵੀ ਕੀਤੀ ਅਤੇ ਮਜ਼ਮੂਨ ਵੀ ਲਿਖੇ, ਜਿਵੇਂ ਖ਼ਵਾਜਾ ਅੱਬਾਸ ਅਤੇ ਹਯਾਤ ਬਅਦ-ਉਲ-ਮੀਮਾਤ (ਮੌਤ ਦੇ ਪਿੱਛੋਂ ਜ਼ਿੰਦਗੀ)। ਉਰਦੂ ਦਾ ਪਹਿਲਾ ਵਨ ਐਕਟ ਨਾਟਕ ਲਿਖਿਆ ਨਾਮ ਸੀ ‘ਨਯਾ ਅਵਤਾਰ’। ਉਸ ਵਿੱਚ ਕ੍ਰਿਸ਼ਨਾ ਮੂਰਤੀ ਦੀ ਸਿੱਖਿਆ ਦੀ ਪ੍ਰਸਤੁਤੀ ਸੀ। ਹਰ ਸ਼ਖ਼ਸ ਇੱਕ ਨਵਾਂ ਅਵਤਾਰ ਹੈ ਜਾਂ ਹਰ ਸ਼ਖ਼ਸ ਨੂੰ ਦੁਨੀਆ ਵਿੱਚ ਨਵਾਂ ਅਵਤਾਰ ਬਣਨਾ ਚਾਹੀਦਾ ਹੈ। ਇਸ ਦੀ ਇੱਕ ਜਿਲਦ ਮੇਰੇ ਕੋਲ ਮਹਿਫੂਜ਼ ਹੈ।

‘ਦੋਸ਼ੀਜ਼ਾ’ ਪੰਜਾਬ ਯੂਨੀਵਰਸਿਟੀ ਲਾਇਬ੍ਰੇਰੀ ਲਾਹੌਰ ਵਿੱਚ ਮੌਜੂਦ ਹੈ। ਮੇਰੇ ਕੋਲ ਇੱਕ ਕਲਮੀ ਨੁਸਖਾ ਪਿਆ ਹੈ। ਮੇਰੇ ਬਹੁਤ ਸਾਰੇ ਮਜ਼ਮੂਨ ਨਾਮਵਰ ਰਸਾਲਿਆਂ ਵਿੱਚ ਛਪੇ। ਮੇਰਾ ਪੈਂਫਲਿਟ ‘ਇਸਰਾਰ-ਏ-ਤਸਵੱਫ਼ ਔਰ ਹਸਰਤ ਮੋਹਾਨੀ’ ਇਸਲਾਮਿਕ ਰਿਸਰਚ ਸੁਸਾਇਟੀ ਦੀ ਪਹਿਲੀ ਪ੍ਰਸਤੁਤੀ ਸੀ। ਲਾਹੌਰ ਤੋਂ ਜੋ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਉਹ ‘ਕੈਫ਼ੀਆਤ ਹਿੱਸਾ ਅੱਵਲ ਅਤੇ ਦੋਇਮ’ ਸਨ ਅਤੇ ਇੱਕ ਗ਼ਜ਼ਲਾਂ ਦੀ ਕਿਤਾਬ ਜੋ ਕਦੀਮ ਅਤੇ ਸਮਕਾਲੀਨ ਸ਼ਾਇਰਾਂ ਦੇ ਸ਼ੇਅਰ ਪੜ੍ਹ ਕੇ ਪ੍ਰਤੀਕ੍ਰਿਆ ਵਜੋਂ ਮੇਰੇ ’ਤੇ ਜੋ ਅਸਰ ਨੁਮਾਇਆ ਹੋਏ, ਉਨ੍ਹਾਂ ਦਾ ਸੰਗ੍ਰਹਿ ਸੀ। ਖ਼ਾਸ ਤੌਰ ’ਤੇ ਮੇਰੇ ਸ਼ੇਅਰ ਅਜ਼ੀਮ-ਉਸ਼-ਸ਼ਾਨ ਅਲਾਮਾ ਇਕਬਾਲ ਦੇ ਸ਼ੇਅਰਾਂ ਦਾ ਜਵਾਬ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਆਪਣੇ ਲਈ ਸਿਰਲੇਖ ਕਾਇਮ ਕਰਦਾ।

ਇਹੀ ਢੰਗ ਮੈਂ ‘ਸਫ਼ੀਨਾ’ ਲਈ ਵੀ ਜਾਰੀ ਰੱਖਿਆ। ਇਹ ਸੰਗ੍ਰਹਿ 1970 ਵਿੱਚ ਦਿੱਲੀ ਤੋਂ ਛਪਿਆ ਸੀ। ਉਦੋਂ ਮੈਂ ਤਿੰਨ ਸਾਲ ਤੱਕ ਦਿੱਲੀ ਵਿੱਚ ਸੀ। ਕਿਸੀ ਸਾਹਿਬ ਨੇ ਕਾਨਪੁਰ ਤੋਂ ਰੀਵਿਊ ਲਿਖਿਆ ਕਿ ਇਹ ਬਜ਼ੁਰਗ ਨਜ਼ਮਾਂ ਕਹਿੰਦੇ ਨੇ ਗਜ਼ਲਾਂ ਘੱਟ ਲਿਖਦੇ ਨੇ। ‘ਕੈਫ਼ੀਆਤ’ ਤੋਂ ਬਾਅਦ ‘ਚੁਟਕੀਆਂ’, ‘ਤਨਜ਼-ਓ-ਮਜ਼ਾਹ’ ਉਸ ਤੋਂ ਬਾਅਦ ‘ਨਈ ਦੁਨੀਆ’ 1931-32 ਦੀ ਪੈਦਾਵਾਰ ਹੈ। 1948 ਵਿੱਚ ਅੰਮ੍ਰਿਤਸਰ ਤੋਂ ‘ਤੀਨ ਸ਼ਾਇਰ’ ਕਿਤਾਬ ਛਪਵਾਈ, ਜਿਸ ਵਿੱਚ ਮੁਨੱਵਰ ਲਖਨਵੀ ਦੇ ਸੌ ਚੋਣਵੇਂ ਸ਼ੇਅਰ ਸਨ। ਇੰਨੇ ਹੀ ਸ਼ੇਅਰ ਅਕਬਰਾਬਾਦੀ ਦੇ ਅਤੇ ਦੋ ਸੌ ਦੇ ਕਰੀਬ ਸ਼ੇਅਰ ਅਤੇ ਗ਼ਜ਼ਲਾਂ ਮੇਰੀਆਂ ਸਨ। ਹੁਣ ਉਹ ਸੋਹਬਤਾਂ ਕਿੱਥੇ? ਫਿਰ ਵੀ ਮੈਂ ‘ਸਫ਼ੀਨਾ’ ਤੋਂ ਇਲਾਵਾ ‘ਇਲਹਾਮਾਤ’ ਇੱਕ ਛੋਟਾ ਜਿਹਾ ਗੁਲਦਸਤਾ ਦਿੱਲੀ ਤੋਂ ਛਪਵਾ ਚੁੱਕਿਆ ਹਾਂ। ‘ਸਫ਼ੀਨਾ’ ਨੂੰ ਮੈਂ ਬਹੁਤ ਜ਼ਿਆਦਾ ਅਹਿਮੀਅਤ ਦਿੰਦਾ ਹਾਂ ਕਿਉਂਕਿ ਮੇਰਾ ਹਰ ਸ਼ੇਅਰ ਮੇਰੇ ਤਜਰਬੇ ਮੇਰੇ ਫ਼ਲਸਫ਼ੇ ਅਤੇ ਮੇਰੀ ਰੁਮਾਨੀ ਕੈਫੀਅਤ ਨੂੰ ਦਰਸਾਉਂਦਾ ਹੈ:

ਅਫ਼ਕਾਰ ਓ ਤਜਰਬਾਤ ਕਾ ਜੌਹਰ ਹੈ ਫ਼ਲਸਫ਼ਾ,

ਜੌਹਰ ਹੈ ਫ਼ਲਸਫ਼ੇ ਕਾ ਹਮਾਰੇ ਕਲਾਮ ਮੇਂ।

ਲਾਹੌਰ ਤੋਂ ਇੱਕ ਅੰਗਰੇਜ਼ੀ ਕਿਤਾਬਚਾ ‘ਮਾਡਰਨ ਉਰਦੂ ਪੋਏਟਰੀ’ ਨਾਮ ਹੇਠ ਨਿਕਲਦਾ ਸੀ। ਉਸ ਵਿੱਚ ਆਲੋਚਨਾਤਮਕ ਮੁਲਾਂਕਣ ਦਾ ਬਹਾਨਾ ਕਰਕੇ ਮੇਰੇ ਪੰਜ-ਸੱਤ ਨਜ਼ਮਾਂ ਦੀਆਂ ਕਿਤਾਬਾਂ ਉਪਰ ਸੁਤੰਤਰ ਨਜ਼ਰ ਪਾਈ ਗਈ ਸੀ। ਮੇਰਾ ਇੱਕ ਕਾਰਨਾਮਾ ਸੀ ‘ਏ ਹੈਂਡਬੁੱਕ ਆਫ਼ ਉਰਦੂ ਲਿਟਰੇਚਰ’ ਜੋ 1937 ਵਿੱਚ ਛਪਿਆ ਸੀ। ਹੁਣ ਇਹ ਇਤਿਹਾਸਕਾਰਾਂ ਦਾ ਕੰਮ ਹੈ ਕਿ ਉਸ ਦੀ ਤਫ਼ਸੀਲ ਦੇਣ ਅਤੇ ਰੀਵਿਊ ਕਰਨ। ਕਿਸ ਨੂੰ ਆਪਣੀ ਕਲਮੀ ਜਾਂ ਜ਼ਿਹਨੀ ਔਲਾਦ ਪਿਆਰੀ ਨਹੀਂ ਹੁੰਦੀ। ਕੌਣ ਉਸ ਦੀ ਤਾਰੀਫ਼ ਵਿੱਚ ਜ਼ਮੀਨ ਆਸਮਾਨ ਇੱਕ ਨਹੀਂ ਕਰਦਾ। ਤੁਸੀਂ ਪੁੱਛਦੇ ਹੋ ਮੇਰੇ ਛਪੇ ਹੋਏ ਕਲਾਮ ਨੂੰ, ਮੈਂ ਰੋਂਦਾ ਹਾਂ ਅਣਛਪੇ ਨੂੰ। ਮਜ਼ਮੂਨਾਂ ਦੇ ਅੰਬਾਰ ਦੇਖ ਕੇ ਮੈਂ ਸੋਚਦਾ ਹਾਂ ਕਿ ਮੈਂ ਜ਼ਿੰਦਗੀ ਵਿੱਚ ਸਾਹਿਤ, ਰੂਹਾਨੀਅਤ ਅਤੇ ਦਰਵੇਸ਼ੀ ਨੂੰ ਕਿਉਂ ਚੁਣਿਆ, ਕਿਸ ਦੇ ਯਕੀਨ ਉੱਪਰ ਇਸ ਅਸਹਿ ਦਰਦ ਦਾ ਤਲਬਗਾਰ ਹੋ ਗਿਆ।

ਸ਼ਾਇਰ ਓ ਫ਼ਲਸਫ਼ੀ ਓ ਆਸ਼ਿਕ ਸੇ।

ਔਰ ਦੀਵਾਨਾ ਕਯਾ ਦੁਨੀਆ ਸੇ।

- ਇਹ ਲੇਖ ਉੱਘੇ ਲੇਖਕ ਡਾ. ਮੋਹਨ ਸਿੰਘ ਦੀਵਾਨਾ ਦਾ ਸਵੈ-ਚਿੱਤਰ ਹੈ। ਇਸ ਨੂੰ ਦਵਿੰਦਰ ਸਿੰਘ (ਸੰਪਰਕ: 98882-69874) ਨੇ ਪੰਜਾਬ ਰੂਪ ਦਿੱਤਾ ਹੈ।

ਅਨੁਵਾਦਕ ਦੀ ਨਜ਼ਰ ’ਚ ਡਾ. ਮੋਹਨ ਸਿੰਘ ਦੀਵਾਨਾ

ਡਾਕਟਰ ਮੋਹਨ ਸਿੰਘ ਦੀਵਾਨਾ (1899-1984) ਪੰਜਾਬ ਦੀਆਂ ਉਨ੍ਹਾਂ ਕੁਝ ਕੁ ਕਾਬਲ-ਏ-ਫ਼ਖ਼ਰ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦੇ ਨਾਮ ’ਤੇ ਵਿੱਦਿਅਕ ਅਦਾਰੇ ਅਤੇ ਖੋਜ ਕੇਂਦਰ ਉਸਾਰ ਕੇ ਖਿਰਾਜ-ਏ-ਅਕੀਦਤ ਪੇਸ਼ ਕਰਨਾ ਚਾਹੀਦਾ ਸੀ, ਪਰ ਦੁੱਖ ਦੀ ਗੱਲ ਹੈ ਕਿ ਅਸੀਂ ਉਨ੍ਹਾਂ ਨੂੰ ਆਪਣੀ ਸਿਮਰਤੀ ਵਿੱਚੋਂ ਹੀ ਖ਼ਾਰਜ ਕਰ ਦਿੱਤਾ। ਸ਼ਾਇਦ ਸਾਡੀ ਨੈਤਿਕ ਅਤੇ ਜ਼ਿਹਨੀ ਅਧੋਗਤੀ ਦਾ ਕਾਰਨ ਵੀ ਇਹੀ ਹੈ ਕਿ ਅਸੀਂ ਆਪਣੇ ਸਾਂਝੇ ਪਿਤਰਾਂ ਨੂੰ ਵਿਸਾਰ ਦਿੱਤਾ ਹੈ।

ਡਾਕਟਰ ਦੀਵਾਨਾ ਦੇ ਅਦਬੀ ਕਾਰਨਾਮਿਆਂ ਦੀ ਗਿਣਤੀ ਬਹੁਤ ਲੰਬੀ ਹੈ। ਡਾਕਟਰ ਦੀਵਾਨਾ ਨੇ ਆਪਣੇ ਲਿਖਾਰੀ ਜੀਵਨ ਦੀ ਸ਼ੁਰੂਆਤ 1918 ਵਿੱਚ ਸਿਰਫ਼ 19 ਸਾਲ ਦੀ ਉਮਰ ਵਿੱਚ ਅੰਗਰੇਜ਼ੀ ਮੈਗਜ਼ੀਨ ‘ਦਿ ਮੈਸੇਜ ਆਫ ਹਿੰਦੂਇਜ਼ਮ’ ਦੇ ਸੰਪਾਦਨ ਤੋਂ ਕੀਤੀ, ਜਿਸ ਦੇ ਉਹ ਮਾਲਕ ਵੀ ਸਨ।

ਇਸ ਵਿੱਚ ਉਨ੍ਹਾਂ ਦਾ ਪ੍ਰਤਿਸ਼ਠਿਤ ਲੇਖ ‘ਦਿ ਹੋਪ ਆਫ ਮਿਸਟਰ ਗਾਂਧੀ’ ਛਪਿਆ। ਇਹ ਗਾਂਧੀ ਜੀ ਦੇ ਸਿਖਾਏ ਸਿਧਾਂਤ ਸੱਤਿਆਗ੍ਰਹਿ ਅਤੇ ਅਹਿੰਸਾ ਦਾ ਪਹਿਲਾ ਦਾਰਸ਼ਨਿਕ ਮੁਲਾਂਕਣ ਸੀ। ਇਸ ਮੈਗਜ਼ੀਨ ਵਿੱਚ ਹੀ ਉਨ੍ਹਾਂ ਨੇ ਆਪਣੀ ਲਿਖੀ ਹੋਈ ਵੇਦਾਂਤ ਦੀ ਮੌਲਿਕ ਵਿਆਖਿਆ ਵੀ ਛਾਪੀ।

ਜੇਕਰ ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਅਦਬ ਦੇ ਖਿੱਲਰੇ ਵਰਕਿਆਂ ਨੂੰ ਸੰਗ੍ਰਹਿ ਕਰਕੇ ਪੰਜਾਬੀ ਸਾਹਿਤ ਵਿੱਚ ਆਲੋਚਤਨਾਤਮਕ ਵਿਸ਼ਲੇਸ਼ਣ ਦੇ ਕਾਇਦਾਬੰਦ ਅਤੇ ਸਿਲਸਿਲੇਵਾਰ ਅਧਿਐਨ ਦੀ ਬੁਨਿਆਦ ਰੱਖੀ ਅਤੇ ਪੰਜਾਬੀ ਸਾਹਿਤ ਵਿੱਚ ਡੀ ਲਿੱਟ ਦੀ ਡਿਗਰੀ ਹਾਸਿਲ ਕਰਨ ਵਾਲੇ ਪਹਿਲੇ ਪੰਜਾਬੀ ਬਣੇ। ਡਾਕਟਰ ਮੋਹਨ ਸਿੰਘ ਦਾ ਵੱਡਾ ਕਾਰਨਾਮਾ ਨਾਥ ਯੋਗੀ ਪਰੰਪਰਾ ਅਤੇ ਪੰਜਾਬੀ ਸੂਫ਼ੀ ਪਰੰਪਰਾ ਉੱਪਰ ਹੈ। ਖ਼ਾਸ ਤੌਰ ’ਤੇ ਗੁਰੂ ਗੋਰਖ ਨਾਥ ਅਤੇ ਸੂਫ਼ੀ ਮਾਧੋ ਲਾਲ ਹੁਸੈਨ ਉੱਪਰ ਉਨ੍ਹਾਂ ਦਾ ਕੰਮ ਆਪਣੀ ਨਜ਼ੀਰ ਖ਼ੁਦ ਹੈ। ਇਸ ਤੋਂ ਇਲਾਵਾ ਡਾਕਟਰ ਦੀਵਾਨਾ ਨੇ ਭਾਰਤੀ ਗਿਆਨ ਪਰੰਪਰਾ ਦੇ ਲਗਭਗ ਹਰ ਰੂਪ ਨੂੰ ਅਧਿਐਨ, ਖੋਜ ਅਤੇ ਲਿਖਤ ਦਾ ਵਿਸ਼ਾ ਬਣਾਇਆ, ਜਿਨ੍ਹਾਂ ਵਿੱਚ ਬੁੱਧਮਤ, ਯੋਗ ਦਰਸ਼ਨ, ਵੇਦ ਦਰਸ਼ਨ ਅਤੇ ਭਗਵਤ ਗੀਤਾ ਉਨ੍ਹਾਂ ਦੇ ਮਹਿਬੂਬ ਵਿਸ਼ੇ ਸਨ। ਹਿੰਦੂਮਤ ਅਤੇ ਬੁੱਧਮਤ ਉੱਪਰ ਅੰਗਰੇਜ਼ੀ ਭਾਸ਼ਾ ਵਿੱਚ ਲਿਖੀਆਂ ਕਿਤਾਬਾਂ ਅਤੇ ਰਸਾਲੇ ਖ਼ਾਸ ਤੌਰ ਤੇ ‘ਨਿਊ ਲਾਈਟ ਓਨ ਸ੍ਰੀ ਕ੍ਰਿਸ਼ਨ ਐਂਡ ਗੀਤਾ’, ‘ਹੂ ਐਮ ਆਏ’, ‘ਮਿਸਟੀਸਿਜ਼ਮ ਆਫ ਟਾਈਮ ਇਨ ਦਿ ਰਿਗਵੇਦਾ’, ‘ਸੀਕ੍ਰੇਟਸ ਆਫ ਸਪਿਰਿਚੂਅਲ ਲਾਈਫ’ ਅਤੇ ‘ਨਿਊ ਲਾਇਟ ਔਨ ਬੁੱਧਾ’ਜ਼ ਫਸਟ ਸਰਮਨ’ ਡਾਕਟਰ ਦੀਵਾਨਾ ਦੀ ਆਰਫਾਨਾ ਤਬੀਅਤ, ਅਦਵੈਤਵਾਦੀ ਅਧਿਆਤਮਕ ਰੁਝਾਨ, ਪ੍ਰਚੰਡ ਵਿਦਵਤਾ, ਪ੍ਰਖਰਬੁੱਧ, ਜੀਵੰਤ ਅਤੇ ਅਦੁੱਤੀ ਖੋਜ ਦਾ ਉੱਤਮ ਨਮੂਨਾ ਹਨ। ਭਾਸ਼ਾ ਉੱਪਰ ਕੁਦਰਤ ਅਤੇ ਸ਼ਬਦਾਂ ਦੀ ਉੱਤਮ ਚੋਣ, ਮਜ਼ਮੂਨ ਦੀ ਸੰਖੇਪਤਾ, ਇਤਿਹਾਸਕ ਵਿਚਾਰਸ਼ੀਲਤਾ, ਸੰਜੀਦਾ ਅਤੇ ਖੋਜੀ ਬਿਰਤਾਂਤ ਦੀ ਸਿਰਜਣਾ, ਇਤਿਹਾਸਕ ਤੇ ਮਿਥਿਹਾਸਕ ਪਾਤਰਾਂ ਅਤੇ ਘਟਨਾਵਾਂ ਦੀ ਦਾਰਸ਼ਨਿਕ ਵਿਆਖਿਆ ਡਾਕਟਰ ਦੀਵਾਨਾ ਦੀ ਲੇਖਣੀ ਨੂੰ ਗਹਿਰ ਗੰਭੀਰ ਅਤੇ ਮਾਅਨੇਖੇਜ਼ ਬਣਾਉਦੇ ਹਨ। ਯੋਗ ਦੇ ਮੌਲਿਕ ਵਿਆਖਿਆਕਾਰ ਤੋਂ ਇਲਾਵਾ ਡਾਕਟਰ ਦੀਵਾਨਾ ਵਸ਼ਿਸ਼ਟ ਯੋਗ ਸਾਧਕ ਅਤੇ ਯੋਗ ਅਭਿਆਸੀ ਵੀ ਸਨ। ਉਨ੍ਹਾਂ ਦੇ ਸ਼ਾਗਿਰਦਾਂ ਦੀ ਗਿਣਤੀ ਦੇਸ਼ ਵਿਦੇਸ਼ ਵਿੱਚ ਵੱਡੇ ਪੱਧਰ ਉੱਤੇ ਸੀ।

ਉਰਦੂ ਅਦਬ ਵਿੱਚ ਸਭ ਤੋਂ ਪਹਿਲੀ ਡਾਕਟਰੇਟ ਹਾਸਿਲ ਕਰਨ ਦਾ ਸ਼ਰਫ ਵੀ ਪੰਜਾਬ ਦੇ ਇਸ ਪੁੱਤਰ ਨੂੰ ਹਾਸਿਲ ਹੈ। ਡਾਕਟਰ ਦੀਵਾਨਾ ਨੇ ਦੀਵਾਨਿਆਂ ਵਾਂਗ ਇਲਮ ਦੇ ਸੁੱਚੇ ਮੋਤੀਆਂ ਦੀ ਖੋਜ ਵਿੱਚ ਦਰਿਆਵਾਂ ਦੀ ਗਵਾਸੀ ਹੀ ਨਹੀਂ ਕੀਤੀ ਬਲਕਿ ਕਤਰਿਆਂ ਦੀ ਖ਼ੁਰਦਬੀਨੀ ਵੀ ਕੀਤੀ। ਪੰਜਾਬੀ ਇਹ ਗੱਲ ਬੜੇ ਮਾਣ ਨਾਲ ਕਹਿ ਸਕਦੇ ਹਨ ਕਿ ਬਹੁ-ਪੱਖੀ ਪ੍ਰਤਿਭਾ ਦੇ ਮਾਲਿਕ ਡਾਕਟਰ ਮੋਹਨ ਸਿੰਘ ਦੀਵਾਨਾ ਦੇ ਵਿਦਵਤਾਪੂਰਨ ਖੋਜ ਕਾਰਜਾਂ ਨੇ ਕਿਸੇ ਸਮੇਂ ਵਿੱਚ ਦੇਸ਼ ਦੇਸ਼ਾਂਤਰ ਦੇ ਵਿਦਵਾਨਾਂ ਨੂੰ ਭਾਰਤ ਦੇ ਦਰਸ਼ਨ ਬਾਰੇ ਨਵੇਂ ਨਜ਼ਰੀਏ ਤੋਂ ਸੋਚਣ ਲਈ ਪ੍ਰੇਰਿਤ ਕੀਤਾ, ਜਿਸ ਦਾ ਸਬੂਤ ਉਨ੍ਹਾਂ ਦੀਆਂ ਲਿਖਤਾਂ ਉੱਪਰ ਸਮਕਾਲੀ ਵਿਦਵਾਨਾਂ ਵੱਲੋਂ ਸਮੇਂ-ਸਮੇਂ ਕੀਤੇ ਰੀਵਿਊ ਹਨ।

ਇਹ ਗੱਲ ਸਾਡੇ ਲਈ ਬਹੁਤ ਸ਼ਰਮਨਾਕ ਹੈ ਕਿ ਅੱਜ ਡਾਕਟਰ ਮੋਹਨ ਸਿੰਘ ਦੀਵਾਨਾ ਦਾ ਯਸ਼ ਅਤੇ ਕੀਰਤੀ ਆਪਣੇ ਘਰ, ਭਾਵ ਪੰਜਾਬ ਵਿੱਚ ਹੀ ਜਾਣ-ਪਛਾਣ ਦਾ ਮੁਹਤਾਜ ਹੈ। ਅਸੀਂ ਉਨ੍ਹਾਂ ਦੇ ਖੋਜ ਕਾਰਜਾਂ ਨੂੰ ਅੱਗੇ ਕੀ ਵਧਾਉਣਾ ਸੀ, ਸਗੋਂ ਉਨ੍ਹਾਂ ਦੀਆਂ ਮੌਲਿਕ ਰਚਨਾਵਾਂ ਨੂੰ ਵੀ ਬਣਦਾ ਮਾਣ ਨਹੀਂ ਦੇ ਸਕੇ ਹਾਂ। ਅੰਤ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਡਾਕਟਰ ਦੀਵਾਨਾ ਦਾ ਤਪ ਇੱਕ ਕਰਮਯੋਗੀ ਵਾਂਗ ਸੀ। ਉਨ੍ਹਾਂ ਨੇ ਇੱਕੋ ਮਨੁੱਖੀ ਜਾਮੇ ਵਿੱਚ ਬਹੁਤ ਸਾਰੇ ਜੀਵਨ ਜੀਵੇ ਅਤੇ ਹਰ ਜੀਵਨ ਪਰਮ ਤੇ ਸਰਬਸੱਚ ਦੀ ਖੋਜ ਵਿੱਚ ਸਮਰਪਿਤ ਕਰ ਦਿੱਤਾ। ਹੱਥਲੀ ਲਿਖਤ ਉਰਦੂ ਤੋਂ ਪੰਜਾਬੀ ਵਿੱਚ ਅਨੁਵਾਦਿਤ ਹੈ। ਇਸ ਦਾ ਉਰਦੂ ਵਿੱਚ ਸਿਰਲੇਖ ‘ਦੀਵਾਨਾ ਅਪਨੀ ਨਜ਼ਰ ਮੇ’ ਹੈ। ਇਹ ਲਿਖਤ ਡਾਕਟਰ ਦੀਵਾਨਾ ਦੀ ਜ਼ਿੰਦਗੀ ਦੇ ਕੁਝ ਕੁ ਪੱਖਾਂ ਅਤੇ ਉਰਦੂ ਅਦਬ ਨਾਲ ਉਨ੍ਹਾਂ ਦੇ ਤਜਰਬਿਆਂ ਦੀ ਦਿਲਚਸਪ ਦਾਸਤਾਨ ਹੈ।

Advertisement
×