ਬਰਜਿੰਦਰ ਕੌਰ ਬਿਸਰਾਓ
ਬੀਬੋ ਤੇ ਰੇਸ਼ਮ ਦੇ ਵਿਆਹ ਨੂੰ ਪੂਰੇ ਦਸ ਵਰ੍ਹੇ ਹੋ ਗਏ ਸਨ। ਉਨ੍ਹਾਂ ਦੇ ਦੋ ਜਵਾਕ ਸਨ। ਵੱਡਾ ਮੁੰਡਾ ਅੱਠ ਸਾਲਾਂ ਦਾ ਤੇ ਛੋਟੀ ਕੁੜੀ ਛੇ ਸਾਲਾਂ ਦੀ ਸੀ। ਘਰ ਵਿੱਚ ਉਸ ਦੇ ਸੱਸ ਸਹੁਰਾ ਤੇ ਆਪ ਚਾਰ ਜੀਅ ਸਨ। ਉਸ ਦਾ ਦਿਓਰ ਚੰਨਣ ਇਨ੍ਹਾਂ ਦੇ ਵਿਆਹ ਤੋਂ ਸਾਲ ਕੁ ਬਾਅਦ ਹੀ ਦੋ ਨੰਬਰ ਵਿੱਚ ਅਮਰੀਕਾ ਨਿਕਲ ਗਿਆ ਸੀ। ਪਹਿਲਾਂ ਦੋ ਸਾਲ ਤਾਂ ਉਸ ਦਾ ਨਾ ਕੋਈ ਫ਼ੋਨ ਤੇ ਨਾ ਚਿੱਠੀ ਆਈ ਸੀ ਪਰ ਹੁਣ ਉਸ ਦਾ ਫੋਨ ਆਉਂਦਾ ਰਹਿੰਦਾ ਸੀ। ਦੋ ਕੁ ਸਾਲ ਪਹਿਲਾਂ ਉਹ ਪੱਕਾ ਹੋ ਗਿਆ ਸੀ ਤੇ ਉਸ ਦਾ ਓਧਰਲਾ ਪਾਸਪੋਰਟ ਬਣ ਗਿਆ ਸੀ। ਕਦੇ ਕਦਾਈਂ ਬੇਬੇ ਬਾਪੂ ਨੂੰ ਥੋੜ੍ਹੇ ਬਹੁਤੇ ਪੈਸੇ ਵੀ ਭੇਜ ਦਿੰਦਾ। ਹੁਣ ਤਾਂ ਅਕਸਰ ਉਹ ਏਧਰ ਆ ਕੇ ਵਿਆਹ ਕਰਵਾਉਣ ਦੀ ਗੱਲ ਕਰਦਾ ਸੀ। ਘਰ ਵਿੱਚ ਵੀ ਹਰ ਵੇਲੇ ਉਸ ਦੇ ਵਿਆਹ ਨੂੰ ਲੈ ਕੇ ਗੱਲਾਂ ਚੱਲਦੀਆਂ ਰਹਿੰਦੀਆਂ। ਬੀਬੋ ਨੇ ਕਈ ਵਾਰੀ ਆਪਣੇ ਜਵਾਕਾਂ ਨੂੰ ਕੋਈ ਚੀਜ਼ ਲੈਣ ਤੋਂ ਰੋਕਣਾ ਹੁੰਦਾ ਤਾਂ ਉਸ ਕੋਲ ਵਿਆਹ ਵਾਲ਼ਾ ਬਹਾਨਾ ਬਹੁਤ ਵਧੀਆ ਸੀ ਤੇ ਇਹ ਕਹਿ ਕੇ ਟਾਲ਼ ਦੇਣਾ, ‘‘ਪੁੱਤ… ਜਦ ਥੋਡਾ ਚਾਚਾ ਮਰੀਕਾ ਤੋਂ ਆਊਗਾ ਤਾਂ ਆਪਾਂ ਉਦੋਂ ਲਵਾਂਗੇ… ਉਹਦੇ ਕੋਲ ਬੰਬ੍ਹੇ ਸਾਰੇ ਪੈਸੇ ਹੋਣਗੇ…।’’
ਰੇਸ਼ਮ ਘਰ ਦੀ ਚਾਰ ਕਿੱਲੇ ਦੀ ਹੀ ਖੇਤੀਬਾੜੀ ਕਰਦਾ ਤੇ ਬੀਬੋ ਸਾਰਾ ਦਿਨ ਚੁੱਲ੍ਹੇ ਚੌਂਕੇ ਦਾ ਕੰਮ ਸੰਭਾਲਦੀ। ਬੀਬੋ ਚਾਰ ਜਮਾਤਾਂ ਹੀ ਤਾਂ ਪੜ੍ਹੀ ਹੋਈ ਸੀ। ਦੋ ਕਿੱਲੇ ਜ਼ਮੀਨ ਚੰਨਣ ਨੂੰ ਬਾਹਰ ਕੱਢਣ ਵੇਲੇ ਵੇਚ ਦਿੱਤੇ ਸਨ। ਟੱਬਰ ਦਾ ਠੀਕ-ਠਾਕ ਗੁਜ਼ਾਰਾ ਚੱਲੀ ਜਾਂਦਾ ਸੀ। ਇੱਕ ਦਿਨ ਚੰਨਣ ਦਾ ਫ਼ੋਨ ਆਇਆ ਕਿ ਉਹ ਅਗਲੇ ਮਹੀਨੇ ਇੰਡੀਆ ਆ ਰਿਹਾ ਹੈ। ਜਦੋਂ ਤੋਂ ਉਸ ਨੇ ਆਪਣੇ ਆਉਣ ਬਾਰੇ ਫੋਨ ਕਰਕੇ ਦੱਸਿਆ ਸੀ, ਸਾਰਿਆਂ ਦਾ ਚਾਅ ਨਾ ਚੁੱਕਿਆ ਜਾਵੇ। ਘਰ ਵਿੱਚ ਵਿਆਹ ਵਰਗਾ ਮਾਹੌਲ ਸੀ। ਹੁਣ ਘਰ ਦੀਆਂ ਸਾਰੀਆਂ ਯੋਜਨਾਵਾਂ ਚੰਨਣ ਦੇ ਆਉਣ ਨਾਲ ਜੁੜਦੀਆਂ ‘ਜਦ ਚੰਨਣ ਆਊ, ਆਪਾਂ ਆਹ ਕਰਾਂਗੇ… ਜਦ ਚੰਨਣ ਆਊ ਆਪਾਂ ਆਹ ਲਿਆਵਾਂਗੇ… ਜਦ ਚੰਨਣ ਆਊ ਆਪਾਂ ਐਥੇ ਘੁੰਮਣ ਜਾਵਾਂਗੇ… ਚੰਨਣ ਦੇ ਵਿਆਹ ਨੂੰ ਫਲਾਣਾ ਹਲਵਾਈ ਕਰਾਂਗੇ… ਚੰਨਣ ਦੇ ਵਿਆਹ ’ਤੇ ਆਹ ਪਾਵਾਂਗੇ… ਆਹ ਸਿਲਾਵਾਂਗੇ… ਮਤਲਬ ਇਹ ਕਿ ਘਰ ਦੇ ਭਵਿੱਖ ਦੀਆਂ ਸਾਰੀਆਂ ਗੱਲਾਂ ਚੰਨਣ ਨਾਲ ਜੁੜ ਗਈਆਂ ਸਨ। ਬੀਬੋ ਦਾ ਮੁੰਡਾ ਪੁੱਛਦਾ, ‘‘ਮੰਮੀਏ… ਚਾਚਾ ਮਰੀਕਾ ਤੋਂ ਮੇਰੇ ਲਈ ਕੀ ਲਿਆਊਗਾ… (ਫੇਰ ਥੋੜ੍ਹੀ ਦੇਰ ਰੁਕ ਕੇ) ਚਾਚੇ ਨੂੰ ਫ਼ੋਨ ਕਰਦੋ… ਮੈਨੂੰ ਵੀ ਆਪਣੀਆਂ ਐਨਕਾਂ ਵਰਗੀਆਂ ਐਨਕਾਂ ਲਿਆ ਦਵੇ…!’’
‘‘ਪੁੱਤ… ਥੋਡਾ ਚਾਚਾ ਬਥੇਰਾ ਚੰਗਾ… ਓਹਨੇ ਆਪੇ ਲਿਆ ਦੇਣਾ ਬਥੇਰਾ ਕੁਛ…!’’ ਬੀਬੋ ਜਵਾਕਾਂ ਨੂੰ ਦੱਸਦੀ।
ਉਹ ਦਿਨ ਵੀ ਆ ਗਿਆ ਜਦ ਅਮਰੀਕਾ ਤੋਂ ਆਏ ਚੰਨਣ ਦੀ ਗੱਡੀ ਘਰ ਦੇ ਲੱਕੜ ਦੇ ਗੇਟ ਮੂਹਰੇ ਰੁਕੀ। ਬੀਬੋ ਤੇ ਉਸ ਦੀ ਸੱਸ ਨੇ ਗੇਟ ’ਤੇ ਜਾ ਕੇ ਤੇਲ ਚੋਅ ਤੇ ਮੂੰਹ ਨੂੰ ਗੁੜ ਦੀ ਰੋੜੀ ਲਾ ਕੇ ਸ਼ਗਨਾਂ ਨਾਲ ਘਰ ਦੇ ਅੰਦਰ ਵਾੜਿਆ ਸੀ। ਸੁੱਖ ਨਾਲ ਨੌਂ ਸਾਲਾਂ ਬਾਅਦ ਚੰਨਣ ਪਰਦੇਸੋਂ ਮੁੜਿਆ ਸੀ। ਬੀਬੋ ਦੇ ਜਵਾਕ ਚੰਨਣ ਦੇ ਮੂਹਰੇ ਹੋ ਹੋ ਬੈਠਦੇ, ਕਦੇ ਓਹਦੇ ਕੱਪੜਿਆਂ ਨੂੰ ਦੇਖਦੇ ਤੇ ਕਦੇ ਉਹਦੇ ਬੈਗਾਂ ਵੱਲ ਨੂੰ ਦੇਖਦੇ। ਚੰਨਣ ਨੇ ਜੋ ਕੱਪੜੇ ਤੇ ਖਿਡੌਣੇ ਉਨ੍ਹਾਂ ਲਈ ਲਿਆਂਦੇ ਸਨ, ਉਹ ਆਉਂਦੇ ਨੇ ਹੀ ਉਨ੍ਹਾਂ ਨੂੰ ਕੱਢ ਕੇ ਦੇ ਦਿੱਤੇ। ਬੀਬੋ ਜਵਾਕਾਂ ਨੂੰ ਝਿੜਕਦੀ ਆਖਦੀ, ‘‘ਵੇ… ਆਪਣੇ ਚਾਚੇ ਨੂੰ ਅਰਾਮ ਤਾਂ ਕਰ ਲੈਣ ਦਿਓ… ਸੱਤ ਸਮੁੰਦਰੋਂ ਪਾਰ ਤੋਂ ਆਇਆ… ਇਹ ਕਿਹੜਾ ਐਥੋਂ ਸ਼ਹਿਰੋਂ ਕੰਮ ਜਾ ਕੇ ਆਇਆ…!’’
‘‘ਲੈ ਭਾਬੀ… ਤੂੰ ਤਾਂ ਐਵੇਂ ਜਵਾਕਾਂ ਨੂੰ ਝਿੜਕੀ ਜਾਂਦੀ ਏਂ… ਮੈਂ ਕਿਹੜਾ ਕੋਈ ਬੇਗ਼ਾਨਾ ਵਾਂ…!’’ ਚੰਨਣ ਬੀਬੋ ਨੂੰ ਆਖਦਾ।
ਚੰਨਣ ਲਈ ਰਿਸ਼ਤੇ ਆਉਣ ਲੱਗੇ। ਘਰ ਵਿੱਚ ਵਿਆਹ ਦੀਆਂ ਗੱਲਾਂ ਚੱਲਣ ਲੱਗੀਆਂ। ਆਉਂਦੇ ਐਤਵਾਰ ਨੂੰ ਉਹਦੇ ਲਈ ਕੁੜੀ ਦੇਖਣ ਜਾਣਾ ਸੀ। ਸਾਰੇ ਟੱਬਰ ਦੀ ਸਲਾਹ ਸੀ ਕਿ ਚੰਗੇ ਘਰ ਦੀ ਪੜ੍ਹੀ ਲਿਖੀ ਕੁੜੀ ਹੈ। ਜੇ ਸੂਤ ਬੈਠਿਆ ਤਾਂ ਮੁੰਦੀ ਪਾ ਕੇ ਰੋਕਾ ਹੀ ਕਰ ਆਉਣਾ। ਸ਼ਨੀਵਾਰ ਦੀ ਸ਼ਾਮ ਨੂੰ ਦੋਵੇਂ ਭਰਾ ਰੇਸ਼ਮ ਤੇ ਚੰਨਣ ਬੈਠੇ ਖਾ ਪੀ ਰਹੇ ਸਨ ਕਿ ਰੇਸ਼ਮ ਦੀ ਕਿਸੇ ਗੱਲੋਂ ਚੰਨਣ ਨਾਲ਼ ਬਹਿਸ ਹੋ ਗਈ। ਚੰਨਣ ਨੇ ਬਥੇਰੇ ਟਾਲ-ਮਟੋਲ ਲਾ ਕੇ ਉੱਠਣਾ ਚਾਹਿਆ ਪਰ ਰੇਸ਼ਮ ਦੀ ਸ਼ਰਾਬ ਪੀਣੀ ਬਹੁਤ ਖ਼ਰਾਬ ਸੀ। ਬੱਸ ਉਸ ਦੇ ਦਿਮਾਗ਼ ਵਿੱਚ ਆ ਗਿਆ, ‘ਮੇਰੇ ਨਾਲ ਛੋਟਾ ਭਰਾ ਬਹਿਸਦਾ… ਮੈਂ ਤਾਂ ਮਰ ਜਾਣਾ ਫਾਹਾ ਲੈ ਕੇ…।’ ਬੀਬੋ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਬਿਨਾਂ ਗੱਲੋਂ ਐਵੇਂ ਗੱਲ ਨੀ ਵਧਾਈਦੀ… ਪਰ ਸ਼ਰਾਬੀ ਹੋਇਆ ਰੇਸ਼ਮ ਤਾਂ ਜ਼ਿਆਦਾ ਚੌੜ ਕਰੀ ਜਾਵੇ। ਸਾਰਿਆਂ ਨੂੰ ਲੱਗਿਆ ਕਿ ਐਵੇਂ ਰੌਲ਼ਾ ਪਾ ਕੇ ਸੌਂ ਜਾਵੇਗਾ। ਬੀਬੋ ਸਾਰੀ ਰਾਤ ਉਸ ਨੂੰ ਸਮਝਾਉਂਦੀ ਰਹੀ, ‘‘ਚੰਨਣ ਐਨੀ ਦੇਰ ਬਾਅਦ ਪਰਦੇਸੋਂ ਆਇਆ… ਉਹ ਕੀ ਸੋਚੂ…!’’ ਪਰ ਉਸ ਦੇ ਤਾਂ ਘਰ ਦੀ ਕੱਢੀ ਸ਼ਰਾਬ ਦਿਮਾਗ਼ ਨੂੰ ਚੜ੍ਹੀ ਹੋਈ ਸੀ। ਬੀਬੋ ਦੀ ਤਿੰਨ ਕੁ ਵਜੇ ਅੱਖ ਲੱਗ ਗਈ। ਥੋੜ੍ਹੀ ਦੇਰ ਬਾਅਦ ਜਦ ਅੱਖ ਖੁੱਲ੍ਹੀ ਤਾਂ ਰੇਸ਼ਮ ਉੱਥੇ ਹੈ ਨਹੀਂ ਸੀ। ਉਸ ਨੇ ਨੱਠ ਕੇ ਸੱਸ ਸਹੁਰੇ ਤੇ ਚੰਨਣ ਨੂੰ ਜਗਾਇਆ। ਜਦ ਦੇਖਿਆ ਤਾਂ ਰੇਸ਼ਮ ਨੇ ਤੂੜੀ ਵਾਲੇ ਅੰਦਰ ਫਾਹਾ ਲੈ ਲਿਆ ਸੀ। ਘਰ ਵਿਚਲਾ ਵਿਆਹ ਵਾਲਾ ਮਾਹੌਲ ਮਾਤਮ ਵਿੱਚ ਬਦਲ ਚੁੱਕਾ ਸੀ। ਘਰ ਵਿੱਚ ਰੋਣ ਪਿੱਟਣ ਪਿਆ ਹੋਇਆ ਸੀ। ਦਸਵੇਂ ਦਿਨ ਭੋਗ ਪਿਆ ਤਾਂ ਸਾਰੇ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਬੀਬੋ ਨੂੰ ਚੰਨਣ ਦੇ ਸਿਰ ਧਰ ਦਿੱਤਾ ਗਿਆ। ਕਿੱਥੇ ਗੋਰਾ ਚਿੱਟਾ ਅਮਰੀਕਾ ਵਿੱਚ ਰਹਿ ਕੇ ਅੰਗਰੇਜ਼ਾਂ ਵਰਗਾ ਚੰਨਣ ਤੇ ਕਿੱਥੇ ਅਨਪੜ੍ਹ, ਦੋ ਜੁਆਕਾਂ ਦੀ ਮਾਂ ਬੀਬੋ ਜਿਸ ਨੂੰ ਪਹਿਨਣਾ ਪਚਰਨਾ ਵੀ ਚੱਜ ਨਾਲ ਨਹੀਂ ਆਉਂਦਾ ਸੀ। ਇਹ ਤਾਂ ਚੰਨਣ ਦੀ ਸ਼ਾਬਾਸ਼ੇ ਸੀ ਜੋ ਉਸ ਨੇ ਨਾ ਚਾਹੁੰਦਿਆਂ ਵੀ ਰਿਸ਼ਤੇਦਾਰਾਂ ਦੀ ਕਹੀ ਗੱਲ ਵੱਢੀ ਨਹੀਂ ਸੀ। ਨਹੀਂ ਤਾਂ ਉਸ ਨੂੰ ਰਿਸ਼ਤੇ ਦੀ ਦੱਸ ਪਾਉਣ ਵਾਲਿਆਂ ਨੇ ਦੇਹਲੀ ਨੀਵੀਂ ਕੀਤੀ ਪਈ ਸੀ। ਦੋ ਕੁ ਮਹੀਨੇ ਬਾਅਦ ਚੰਨਣ ਵਾਪਸ ਅਮਰੀਕਾ ਚਲਿਆ ਗਿਆ। ਤੀਵੀਂਆਂ ਘੁਸਰ ਮੁਸਰ ਗੱਲਾਂ ਕਰਦੀਆਂ, ‘‘ਨੀ ਉਹਨੇ ਇਹਨੂੰ ਓਥੇ ਤਾਂ ਨੀ ਬੁਲਾਉਣਾ… ਦੇਖਿਓ ਓਥੇ ਕਿਸੇ ਗੋਰੀ ਨਾਲ ਵਿਆਹ ਨਾ ਕਰਵਾਇਆ ਤਾਂ ਮੇਰਾ ਨਾਂ ਵਟਾ ਦਿਓ।’’ ਦੂਜੀ ਔਰਤ ਬੋਲੀ, ‘‘ਚੱਲ… ਮਾੜਾ ਮੋਟਾ ਪੈਸਾ ਧੇਲਾ ਭੇਜ ਦਿਆ ਕਰੂ… ਇਹਦੇ ਜਵਾਕ ਵੀ ਸੌਖੇ ਪਲ਼ ਜਾਣਗੇ…।’’
ਚੰਨਣ ਦੇ ਜਾਣ ਤੋਂ ਬਾਅਦ ਛੇ ਮਹੀਨਿਆਂ ਦੇ ਅੰਦਰ ਹੀ ਸਾਰੇ ਟੱਬਰ ਦੇ ਕਾਗਜ਼ ਆ ਗਏ। ਬੀਬੋ ਆਪਣੇ ਦੋਹਾਂ ਜਵਾਕਾਂ ਤੇ ਸੱਸ ਸਹੁਰੇ ਨਾਲ ਅਮਰੀਕਾ ਚਲੀ ਗਈ। ਸਾਲ ਕੁ ਬਾਅਦ ਉਸ ਦੇ ਘਰ ਇੱਕ ਧੀ ਨੇ ਜਨਮ ਲਿਆ। ਇਸ ਤਰ੍ਹਾਂ ਪਿੰਡ ਵਿੱਚ ਉਸ ਦੀਆਂ ਬਾਹਰ ਜਾਣ ਦੀਆਂ ਅਕਸਰ ਗੱਲਾਂ ਹੁੰਦੀਆਂ। ਦਸ ਕੁ ਸਾਲ ਬਾਅਦ ਪਿੰਡ ਦਾ ਇੱਕ ਮੁੰਡਾ ਅਮਰੀਕਾ ਤੋਂ ਆਇਆ ਜੋ ਉੱਥੇ ਉਨ੍ਹਾਂ ਦੇ ਨੇੜੇ ਹੀ ਰਹਿੰਦਾ ਸੀ। ਲੋਕ ਉਸ ਤੋਂ ਉਸ ਦਾ ਹਾਲ ਪੁੱਛਣ ਦੀ ਥਾਂ ਬੀਬੋ ਦਾ ਹਾਲ ਪਹਿਲਾਂ ਪੁੱਛਦੇ। ਉਹ ਦੱਸਦਾ, ‘‘ਬੀਬੋ ਦੇ ਤਾਂ ਤੁਸੀਂ ਘਰ ਜਾ ਕੇ ਦੇਖੋ… ਕਿਹੜੀ ਚੀਜ਼ ਆ ਜਿਹੜੀ ਨਹੀਂ ਹੈ… ਉਹ ਤਾਂ ਕਾਰ ਵੀ ਚਲਾਉਂਦੀ ਹੈ। ਚੰਨਣ ਆਪਣਾ ਕਾਰੋਬਾਰ ਸੰਭਾਲਦਾ ਤੇ ਬੀਬੋ ਘਰ ਦੇ ਬਾਹਰ ਅੰਦਰ ਦੇ ਸਾਰੇ ਕੰਮ ਆਪ ਈ ਕਰਦੀ ਆ… ਬੀਬੋ ਦੀ ਤਾਂ ਥੋਨੂੰ ਕਿਸੇ ਨੂੰ ਪਛਾਣ ਵੀ ਨੀ ਆਉਣੀ…।’’
ਇੱਕ ਬਜ਼ੁਰਗ ਬੋਲਿਆ, ‘‘ਇਸੇ ਨੂੰ ਤਾਂ ਕਿਸਮਤ ਦੀ ਬਾਜ਼ੀ ਕਹਿੰਦੇ ਨੇ… ਕੀ ਪਤਾ ਹੁੰਦਾ… ਕਦ ਪਲਟੀ ਮਾਰ ਜਾਵੇ! ਇਹੀ ਤਾਂ ਦਾਤੇ ਦੀਆਂ ਖੇਡਾਂ ਨੇ ਜਿਹਨੂੰ ਅੱਜ ਤੱਕ ਕੋਈ ਸਮਝ ਨੀ ਸਕਿਆ।’’
ਸੰਪਰਕ: 99889-01324