DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੇ ਸੰਘਰਸ਼ ਦਾ ਦਸਤਾਵੇਜ਼

ਡਾ. ਸੁਦਰਸ਼ਨ ਗਾਸੋ ਦੀ ਪੁਸਤਕ ‘ਪੰਜਾਬੀ ਭਾਸ਼ਾ: ਸਥਿਤੀ ਤੇ ਸੰਭਾਵਨਾਵਾਂ’ (ਪੰਨੇ 352, ਚੇਤਨਾ ਪ੍ਰਕਾਸ਼ਨ, ਲੁਧਿਆਣਾ) ਹਰਿਆਣਾ ਰਾਜ ਵਿੱਚ ਪੰਜਾਬੀ ਭਾਸ਼ਾ ਨੂੰ ਸਤਿਕਾਰਯੋਗ ਰੁਤਬਾ ਦਿਵਾਉਣ ਲਈ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਸੰਘਰਸ਼ ਦਾ ਇੱਕ ਅਹਿਮ ਦਸਤਾਵੇਜ਼ ਹੈ। ਇਸ ਪੁਸਤਕ ਵਿੱਚ...

  • fb
  • twitter
  • whatsapp
  • whatsapp
Advertisement

ਡਾ. ਸੁਦਰਸ਼ਨ ਗਾਸੋ ਦੀ ਪੁਸਤਕ ‘ਪੰਜਾਬੀ ਭਾਸ਼ਾ: ਸਥਿਤੀ ਤੇ ਸੰਭਾਵਨਾਵਾਂ’ (ਪੰਨੇ 352, ਚੇਤਨਾ ਪ੍ਰਕਾਸ਼ਨ, ਲੁਧਿਆਣਾ) ਹਰਿਆਣਾ ਰਾਜ ਵਿੱਚ ਪੰਜਾਬੀ ਭਾਸ਼ਾ ਨੂੰ ਸਤਿਕਾਰਯੋਗ ਰੁਤਬਾ ਦਿਵਾਉਣ ਲਈ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਸੰਘਰਸ਼ ਦਾ ਇੱਕ ਅਹਿਮ ਦਸਤਾਵੇਜ਼ ਹੈ। ਇਸ ਪੁਸਤਕ ਵਿੱਚ ਹਰਿਆਣਾ ਸੂਬੇ ਅੰਦਰ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ 47 ਲੇਖ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਂਦੇ 8 ਹੋਰ ਲੇਖਾਂ ਸਮੇਤ ਓਮ ਪ੍ਰਕਾਸ਼ ਗਾਸੋ ਦੀ ਪੁਸਤਕ ‘ਹੁਨਰ ਬਨਾਮ ਹਿਕਮਤ’ ਵਿੱਚੋਂ ਵੀ ਦੋ ਸੇਧ ਦੇਣ ਵਾਲੇ ਲੇਖ ਲਏ ਗਏ ਹਨ। (ਇਹ ਦੋਵੇਂ ਲੇਖ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬ ਦੀ ਸਥਿਤੀ ਸੁਧਾਰਨ ਸਬੰਧੀ ਸੁਝਾਅ ਦਿੰਦੇ ਹਨ)

ਪੁਸਤਕ ਦੇ ਆਰੰਭ ਵਿੱਚ ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ, ਅੰਬਾਲਾ ਕੈਂਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਗੁਰਦੇਵ ਸਿੰਘ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਦੇ ਦੋ ਵਿਸ਼ੇਸ਼ ਲੇਖ ਬਤੌਰ ਜਾਣ-ਪਛਾਣ ਦਰਜ ਹਨ, ਜਿਨ੍ਹਾਂ ਵਿੱਚ ਡਾ. ਸੁਦਰਸ਼ਨ ਗਾਸੋ ਵੱਲੋਂ ਹਰਿਆਣਾ ਵਿੱਚ ਪੰਜਾਬੀ ਦੇ ਵਿਕਾਸ ਲਈ ਕੀਤੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਗਈ ਹੈ। ਖ਼ੁਦ ਡਾ. ਗਾਸੋ ਨੇ ਵੀ ਪੁਸਤਕ ਦੇ ਮੁੱਢ ਵਿੱਚ ਹਰਿਆਣੇ ਅੰਦਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪਿਛਲੇ 40 ਸਾਲਾਂ ਦੌਰਾਨ ਕੀਤੇ ਗਏ ਸੰਘਰਸ਼ ਬਾਰੇ ਇੱਕ ਸੰਖੇਪ ਪਰ ਭਾਵਪੂਰਤ ਲੇਖ ਪੇਸ਼ ਕੀਤਾ ਹੈ। ਕਿਤਾਬ ਦੇ ਅਖੀਰਲੇ ਹਿੱਸੇ ਵਿੱਚ ਡਾ. ਗਾਸੋ ਦੀ ਸਾਹਿਤਕ ਪ੍ਰਤਿਭਾ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਹਿੰਦੁਸਤਾਨ ਟਾਈਮਜ਼ ਦੇ ਪੱਤਰਕਾਰ ਦੇਵ ਸਰੂਪ ਮਾਥੁਰ, ਵਿਸ਼ਵ ਭਾਰਤੀ ਤੇ ‘ਦਿ ਟ੍ਰਿਬਿਊਨ’ ਦੇ ਐੱਸ ਡੀ ਸ਼ਰਮਾ ਸਮੇਤ ਹਰਮੀਤ ਸਿੰਘ ਅਟਵਾਲ, ਮਨਜੀਤ ਕੌਰ ਅੰਬਾਲਵੀ ਅਤੇ ਡਾ. ਗੁਰਦਰਪਾਲ ਸਿੰਘ ਦੇ ਲਿਖੇ ਲੇਖ ਦਰਜ ਹਨ। ਪੁਸਤਕ ਦੇ ਅੰਤ ਵਿੱਚ ਡਾ. ਗਾਸੋ ਵੱਲੋਂ ਪ੍ਰਮੁੱਖ ਪੰਜਾਬੀ ਅਖ਼ਬਾਰਾਂ ਵਿੱਚ ਪੰਜਾਬੀ ਭਾਸ਼ਾ ਸਬੰਧੀ ਸਮੇਂ-ਸਮੇਂ ’ਤੇ ਲਿਖੇ ਨਿਬੰਧਾਂ ਦੇ ਹੁੰਗਾਰੇ ਵਜੋਂ ਪਾਠਕਾਂ ਵੱਲੋਂ ਆਈਆਂ ਕੁਝ ਚਿੱਠੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Advertisement

ਇਸ ਪੁਸਤਕ ਦਾ ਡੂੰਘਾ ਅਧਿਐਨ ਕਰਨ ਅਤੇ ਇਸ ਨੂੰ ਵਿਚਾਰਨ ਉਪਰੰਤ ਜਿੱਥੇ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਸਬੰਧੀ 1966 ਤੋਂ ਲੈ ਕੇ ਅਜੋਕੇ ਸਮੇਂ ਤੱਕ ਦੀ ਭਰਪੂਰ ਜਾਣਕਾਰੀ ਮਿਲਦੀ ਹੈ, ਉੱਥੇ ਡਾ. ਸੁਦਰਸ਼ਨ ਗਾਸੋ ਵੱਲੋਂ ਇੱਥੇ ਪੰਜਾਬੀ ਦੇ ਵਿਕਾਸ ਲਈ ਕੀਤੇ ਗਏ ਨਿਰੰਤਰ ਤੇ ਅਣਥੱਕ ਯਤਨਾਂ ਦਾ ਵੀ ਪਤਾ ਲੱਗਦਾ ਹੈ। ਪੁਸਤਕ ਤੋਂ ਇਹ ਸਾਫ਼ ਹੁੰਦਾ ਹੈ ਕਿ ਡਾ. ਗਾਸੋ 1994 ਤੋਂ ਲੈ ਕੇ ਹੁਣ ਤੱਕ ਹਰਿਆਣਾ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਅਤੇ ਇਸ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਹਨ। ਉਨ੍ਹਾਂ ਇਸ ਉਦੇਸ਼ ਦੀ ਪੂਰਤੀ ਲਈ ਵੱਖ ਵੱਖ ਅਖ਼ਬਾਰਾਂ ਵਿੱਚ ਸਮੇਂ-ਸਮੇਂ ਦਰਜਨਾਂ ਲੇਖ ਲਿਖੇ। ਉਹ ਹਰਿਆਣਾ ਦੇ ਪੰਜਾਬੀ ਸਾਹਿਤਕਾਰਾਂ ਅਤੇ ਸਾਹਿਤ ਸਭਾਵਾਂ ਦੇ ਪ੍ਰਤੀਨਿਧ ਮੰਡਲਾਂ ਦਾ ਹਿੱਸਾ ਬਣ ਕੇ ਸਰਕਾਰ ਦਰਬਾਰੇ ਪੰਜਾਬੀ ਦੀ ਆਵਾਜ਼ ਬੁਲੰਦ ਕਰਦੇ ਰਹੇ। ਉਹ ਭਾਰਤ ਸਰਕਾਰ ਦੇ ਘੱਟ-ਗਿਣਤੀ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਡਾ. ਐੱਚ ਐੱਸ ਦਿਓਲ ਸਮੇਤ ਹਰਿਆਣਾ ਦੇ ਵੱਖ-ਵੱਖ ਸਮੇਂ ਰਹੇ ਮੁੱਖ ਮੰਤਰੀਆਂ ਅਤੇ ਭਾਸ਼ਾ ਮੰਤਰੀਆਂ ਕੋਲ ਪੰਜਾਬੀ ਭਾਸ਼ਾ ਦੇ ਵਕੀਲ ਵਜੋਂ ਪੇਸ਼ ਹੁੰਦੇ ਰਹੇ। ਡਾ. ਗਾਸੋ ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਆਪਣੀਆਂ ਲਿਖਤਾਂ ਰਾਹੀਂ ਹਰਿਆਣਾ ਵਿੱਚ ਪੰਜਾਬੀ ਨੂੰ ਦੂਜਾ ਦਰਜਾ ਦਿਵਾਉਣ ਲਈ ਹਾਅ ਦਾ ਨਾਅਰਾ ਮਾਰਨ ਦੀ ਅਪੀਲ ਕੀਤੀ।

Advertisement

ਡਾ. ਗਾਸੋ ਦੀਆਂ ਕੋਸ਼ਿਸ਼ਾਂ ਸਦਕਾ ਹੀ ਚੌਧਰੀ ਬੰਸੀ ਲਾਲ ਦੀ ਸਰਕਾਰ ਸਮੇਂ ਹਰਿਆਣਾ ਵਿੱਚ ਪਹਿਲੀ ਵਾਰ 500 ਤੋਂ ਵੱਧ ਪੰਜਾਬੀ ਅਧਿਆਪਕ ਭਰਤੀ ਕੀਤੇ ਗਏ। ਸਾਲ 2004 ਵਿੱਚ ਚੌਟਾਲਾ ਸਰਕਾਰ ਵੇਲੇ ਹਰਿਆਣਾ ਵਿਧਾਨ ਸਭਾ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਸਬੰਧੀ ਮਤਾ ਪਾਸ ਹੋਇਆ। ਇਸ ਮਗਰੋਂ 28 ਜਨਵਰੀ 2010 ਨੂੰ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਵੱਲੋਂ ਹਰਿਆਣਾ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦਾ ਸਰਕਾਰੀ ਗਜ਼ਟ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ। ਇੰਨਾ ਹੀ ਨਹੀਂ, ਹਰਿਆਣਾ ਵਿੱਚ ਪੰਜਾਬੀ ਅਕਾਦਮੀ ਦੀ ਸਥਾਪਨਾ ਹੋਈ, ਜਿਸ ਵੱਲੋਂ ਪੰਜਾਬੀ ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤਾ ਜਾਣ ਲੱਗਿਆ। ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ (ਸਿਰਸਾ) ਸਮੇਤ ਹਰਿਆਣਾ ਦੇ ਦਰਜਨ ਦੇ ਕਰੀਬ ਕਾਲਜਾਂ ਵਿੱਚ ਪੰਜਾਬੀ ਵਿਭਾਗ ਸਥਾਪਤ ਹੋਏ। ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੀ ਇਸ ਬਿਹਤਰ ਸਥਿਤੀ ’ਚ ਡਾ. ਸੁਦਰਸ਼ਨ ਗਾਸੋ ਦਾ ਭਰਵਾਂ ਯੋਗਦਾਨ ਹੈ। ਇਸ ਵੱਡੇ ਕਾਰਜ ਵਿੱਚ ਹਰਿਆਣਾ ਦੀਆਂ ਸਾਹਿਤ ਸਭਾਵਾਂ, ਸਿੱਖ ਸੰਸਥਾਵਾਂ ਅਤੇ ਸਮੂਹ ਪੰਜਾਬੀ ਹਿਤੈਸ਼ੀਆਂ ਦਾ ਵੀ ਅਹਿਮ ਯੋਗਦਾਨ ਹੈ। ਇਸ ਪੁਸਤਕ ਦੇ ਨਿਬੰਧਾਂ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਸੁਦਰਸ਼ਨ ਗਾਸੋ ਪਿਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੀ ਬਿਹਤਰੀ ਦੀ ਵਕਾਲਤ ਕਰਦੇ ਆ ਰਹੇ ਹਨ।

ਡਾ. ਸੁਦਰਸ਼ਨ ਗਾਸੋ ਨੇ ਇਸ ਪੁਸਤਕ ਰਾਹੀਂ ਹਰਿਆਣਾ ਅੰਦਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਬਿਹਤਰੀ ਲਈ ਕੀਤੇ ਗਏ 40 ਸਾਲਾਂ ਤੋਂ ਵੱਧ ਦੇ ਸੰਘਰਸ਼ ਨੂੰ ਸੰਭਾਲ ਕੇ ਇੱਕ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਤਿਆਰ ਕਰ ਦਿੱਤਾ ਹੈ। ਉਮੀਦ ਹੈ ਕਿ ਇਹ ਪੁਸਤਕ ਭਵਿੱਖ ਵਿੱਚ ਹਰਿਆਣਾ ਅੰਦਰ ਪੰਜਾਬੀ ਭਾਸ਼ਾ ਨੂੰ ਹੋਰ ਵਧੇਰੇ ਸਨਮਾਨਜਨਕ ਰੁਤਬਾ ਦਿਵਾਉਣ ਲਈ ਸਮੁੱਚੇ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਹਰਿਆਣਾ ਸਰਕਾਰ ਨੂੰ ਵੀ ਲੋੜੀਂਦੇ ਕਦਮ ਚੁੱਕਣ ਲਈ ਪ੍ਰੇਰਿਤ ਕਰੇਗੀ। ਇਸ ਤੋਂ ਇਲਾਵਾ, ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਖੋਜ ਕਰਨ ਵਾਲੇ ਖੋਜਾਰਥੀਆਂ ਲਈ ਵੀ ਇਹ ਕਿਤਾਬ ਬੇਹੱਦ ਲਾਹੇਵੰਦ ਸਾਬਤ ਹੋਵੇਗੀ। ਇਸ ਅਹਿਮ ਕਾਰਜ ਲਈ ਡਾ. ਗਾਸੋ ਦਾ ਇਹ ਯਤਨ ਸੱਚਮੁੱਚ ਸ਼ਲਾਘਾਯੋਗ ਹੈ।

ਸੰਪਰਕ: 97800-36137

Advertisement
×