DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਂ ਬੋਲੀ ਦਾ ਨਿਰਾਦਰ

ਕਿਸੇ ਵੀ ਖਿੱਤੇ ਦੀ ਬੋਲੀ ਉਸ ਦੇ ਸੱਭਿਆਚਾਰਕ ਵਜੂਦ ਦੀ ਸ਼ਾਹਰਗ ਹੁੰਦੀ ਹੈ। ਪੰਜਾਬੀ ਭਾਸ਼ਾ, ਜਿਸ ਨੂੰ ਗੁਰੂ ਸਾਹਿਬਾਨ ਨੇ ‘ਗੁਰਮੁਖੀ’ ਅੱਖਰਾਂ ਰਾਹੀਂ ਅਧਿਆਤਮਕ ਉਚਾਈਆਂ ਬਖ਼ਸ਼ੀਆਂ ਅਤੇ ਕਿੱਸਾਕਾਰਾਂ ਨੇ ਇਸ਼ਕ ਹਕੀਕੀ ਦੇ ਰੰਗ ਵਿੱਚ ਰੰਗਿਆ, ਅੱਜ ਆਪਣੇ ਹੀ ਘਰ ਵਿੱਚ...

  • fb
  • twitter
  • whatsapp
  • whatsapp
Advertisement

ਕਿਸੇ ਵੀ ਖਿੱਤੇ ਦੀ ਬੋਲੀ ਉਸ ਦੇ ਸੱਭਿਆਚਾਰਕ ਵਜੂਦ ਦੀ ਸ਼ਾਹਰਗ ਹੁੰਦੀ ਹੈ। ਪੰਜਾਬੀ ਭਾਸ਼ਾ, ਜਿਸ ਨੂੰ ਗੁਰੂ ਸਾਹਿਬਾਨ ਨੇ ‘ਗੁਰਮੁਖੀ’ ਅੱਖਰਾਂ ਰਾਹੀਂ ਅਧਿਆਤਮਕ ਉਚਾਈਆਂ ਬਖ਼ਸ਼ੀਆਂ ਅਤੇ ਕਿੱਸਾਕਾਰਾਂ ਨੇ ਇਸ਼ਕ ਹਕੀਕੀ ਦੇ ਰੰਗ ਵਿੱਚ ਰੰਗਿਆ, ਅੱਜ ਆਪਣੇ ਹੀ ਘਰ ਵਿੱਚ ਬੇਗ਼ਾਨਗੀ ਅਤੇ ਅਪਮਾਨ ਦਾ ਸ਼ਿਕਾਰ ਹੋ ਰਹੀ ਹੈ। ਜਦੋਂ ਅਸੀਂ ਪੰਜਾਬ ਦੀਆਂ ਸੜਕਾਂ ’ਤੇ ਨਿਕਲਦੇ ਹਾਂ ਤਾਂ ਜਨਤਕ ਥਾਵਾਂ, ਮੀਲਪੱਥਰਾਂ ਅਤੇ ਸਰਕਾਰੀ ਅਦਾਰਿਆਂ ਦੇ ਬੋਰਡਾਂ ’ਤੇ ਲਿਖੀ ਪੰਜਾਬੀ ਨੂੰ ਦੇਖ ਕੇ ਮਨ ਪੀੜ ਨਾਲ ਭਰ ਜਾਂਦਾ ਹੈ। ਇਹ ਬੋਰਡ ਮਹਿਜ਼ ਦਿਸ਼ਾ-ਨਿਰਦੇਸ਼ ਨਹੀਂ ਹਨ, ਸਗੋਂ ਇਹ ਸਾਡੀ ਭਾਸ਼ਾਈ ਗੰਭੀਰਤਾ ਦਾ ਸ਼ੀਸ਼ਾ ਹਨ, ਜਿਸ ਵਿੱਚੋਂ ਅੱਜ ਸਾਡਾ ਅਕਸ ਕਾਫ਼ੀ ਧੁੰਦਲਾ ਨਜ਼ਰ ਆਉਂਦਾ ਹੈ।

ਸ਼ਬਦ-ਜੋੜਾਂ ਦਾ ਘਾਣ ਅਤੇ ਅਰਥਾਂ ਦੇ ਅਨਰਥ: ਪੰਜਾਬ ਵਿੱਚ ਲੱਗੇ ਬੋਰਡਾਂ ’ਤੇ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਇੰਨੀਆਂ ਭਿਆਨਕ ਹਨ ਕਿ ਕਈ ਵਾਰ ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਹਨ। ‘ਲ’ ਅਤੇ ‘ਲ਼’ (ਪੈਰ ਬਿੰਦੀ) ਦੇ ਫ਼ਰਕ ਨੂੰ ਤਾਂ ਜਿਵੇਂ ਭੁਲਾ ਹੀ ਦਿੱਤਾ ਹੋਵੇ। ਬੋਲੀ (ਭਾਸ਼ਾ) ਅਤੇ ਬੋਲ਼ੀ (ਕੰਨਾਂ ਤੋਂ ਨਾ ਸੁਣਨ ਵਾਲੀ) ਵਿਚਲਾ ਮਹੀਨ ਫ਼ਰਕ ਬੋਰਡ ਲਿਖਣ ਵਾਲਿਆਂ ਦੀ ਸਮਝ ਤੋਂ ਬਾਹਰ ਜਾਪਦਾ ਹੈ। ਇਸੇ ਤਰ੍ਹਾਂ ਸਿਹਾਰੀ, ਬਿਹਾਰੀ ਅਤੇ ਅੱਧਕ ਦੀਆਂ ਗ਼ਲਤੀਆਂ ਆਮ ਹਨ। ਉਦਾਹਰਣ ਵਜੋਂ, ਸਵਾਗਤ ਨੂੰ ਸਵਗਤ ਜਾਂ ਸਵਾਂਗਤ ਲਿਖਣਾ, ਜ਼ਿਲ੍ਹਾ ਨੂੰ ਜਿਲਾ ਜਾਂ ਜਿਲਾਂ ਲਿਖਣਾ, ‘ਜੀ ਆਇਆਂ ਨੂੰ’ ਦੀ ਥਾਂ ‘ਜੀ ਆਇਆ ਨੂੰ’ ਅਤੇ ਪਿੰਡਾਂ ਦੇ ਨਾਵਾਂ ਵਿੱਚ ਕੀਤੀਆਂ ਜਾਂਦੀਆਂ ‘ਸੋਧਾਂ’ ਸਾਡੀ ਬੋਲੀ ਦੀ ਮੂਲ ਆਤਮਾ ਨਾਲ ਖਿਲਵਾੜ ਹਨ। ਸਭ ਤੋਂ ਵੱਧ ਦੁੱਖ ਉਦੋਂ ਹੁੰਦਾ ਹੈ ਜਦੋਂ ਸਰਕਾਰੀ ਵਿਭਾਗਾਂ ਵੱਲੋਂ ਲਾਏ ਗਏ ਸੂਚਨਾ ਬੋਰਡਾਂ ’ਤੇ ਗ਼ਲਤ ਪੰਜਾਬੀ ਲਿਖੀ ਹੁੰਦੀ ਹੈ। ਇਹ ਸਿੱਧੇ ਤੌਰ ’ਤੇ ਉਸ ਅਧਿਕਾਰੀ ਦੀ ਲਾਪਰਵਾਹੀ ਹੈ, ਜਿਸ ਨੇ ਉਸ ਬੋਰਡ ਨੂੰ ਪਾਸ ਕੀਤਾ। ਕੀ ਸਾਡੇ ਦਫ਼ਤਰਾਂ ਵਿੱਚ ਇੱਕ ਵੀ ਅਜਿਹਾ ਕਰਮਚਾਰੀ ਨਹੀਂ ਹੁੰਦਾ, ਜੋ ਪੰਜਾਬੀ ਦੇ ਪੰਜ-ਸੱਤ ਸ਼ਬਦ ਸ਼ੁੱਧ ਲਿਖ ਸਕੇ?

Advertisement

ਅੱਜ-ਕੱਲ੍ਹ ਬੋਰਡ ਬਣਾਉਣ ਵਾਲੇ ‘ਗੂਗਲ ਟਰਾਂਸਲੇਟ’ ਜਾਂ ਹੋਰ ਮਸ਼ੀਨੀ ਅਨੁਵਾਦਾਂ ਦਾ ਸਹਾਰਾ ਲੈਂਦੇ ਹਨ। ਮਸ਼ੀਨ ਸ਼ਬਦਾਂ ਦਾ ਅਨੁਵਾਦ ਤਾਂ ਕਰ ਸਕਦੀ ਹੈ, ਪਰ ਉਹ ਭਾਸ਼ਾ ਦੀ ਮੁਹਾਵਰੇਦਾਰ ਬਣਤਰ ਅਤੇ ਸੱਭਿਆਚਾਰਕ ਸੰਦਰਭ ਨੂੰ ਨਹੀਂ ਸਮਝ ਸਕਦੀ। ਅੰਗਰੇਜ਼ੀ ਤੋਂ ਪੰਜਾਬੀ ਵਿੱਚ ਕੀਤੇ ਗਏ ਸਿੱਧੇ ਅਨੁਵਾਦ ਅਕਸਰ ਹਾਸੋਹੀਣੇ ਹੁੰਦੇ ਹਨ। ‘Dead Slow’ ਵਰਗੇ ਸੜਕੀ ਸੰਕੇਤਾਂ ਦਾ ਅਨੁਵਾਦ ਕਈ ਥਾਵਾਂ ’ਤੇ ਬਹੁਤ ਹੀ ਅਜੀਬ ਤਰੀਕੇ ਨਾਲ ਕੀਤਾ ਮਿਲਦਾ ਹੈ। ਇਹ ਮਸ਼ੀਨੀ ਨਿਰਭਰਤਾ ਸਾਨੂੰ ਸਾਡੀ ਮੌਲਿਕਤਾ ਤੋਂ ਦੂਰ ਕਰ ਰਹੀ ਹੈ। ਬੋਰਡਾਂ ’ਤੇ ਪੰਜਾਬੀ ਨੂੰ ਦੂਜੇ ਜਾਂ ਤੀਜੇ ਦਰਜੇ ’ਤੇ ਰੱਖਣਾ ਅਤੇ ਉਸ ਨੂੰ ਗ਼ਲਤ ਲਿਖਣਾ ਸਾਡੀ ‘ਮਾਨਸਿਕ ਗ਼ੁਲਾਮੀ’ ਦਾ ਪ੍ਰਤੀਕ ਹੈ। ਅਸੀਂ ਅੰਗਰੇਜ਼ੀ ਦੇ ਇੱਕ ਕਾਮੇ (Comma) ਦੀ ਗ਼ਲਤੀ ’ਤੇ ਤਾਂ ਸ਼ਰਮਿੰਦੇ ਹੁੰਦੇ ਹਾਂ, ਪਰ ਪੰਜਾਬੀ ਦੇ ਪੂਰੇ ਵਾਕ ਦੇ ਵਿਗਾੜ ’ਤੇ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਨਿੱਜੀ ਸਕੂਲਾਂ ਅਤੇ ਵਪਾਰਕ ਅਦਾਰਿਆਂ ਦੇ ਬੋਰਡਾਂ ’ਤੇ ਪੰਜਾਬੀ ਮਹਿਜ਼ ਖਾਨਾਪੂਰਤੀ ਲਈ ਲਿਖੀ ਜਾਂਦੀ ਹੈ। ਇਹ ਸੋਚ ਬਣ ਚੁੱਕੀ ਹੈ ਕਿ ਪੰਜਾਬੀ ਤਾਂ ਗੰਵਾਰਾਂ ਦੀ ਬੋਲੀ ਹੈ ਅਤੇ ਆਧੁਨਿਕਤਾ ਸਿਰਫ਼ ਅੰਗਰੇਜ਼ੀ ਵਿੱਚ ਹੀ ਹੈ। ਇਹੀ ਕਾਰਨ ਹੈ ਕਿ ਬੋਰਡ ਲਿਖਣ ਵੇਲੇ ਸ਼ੁੱਧਤਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਹ ਗ਼ਲਤੀਆਂ ਸਿਰਫ਼ ਮੌਜੂਦਾ ਸਮੇਂ ਦੀ ਸਮੱਸਿਆ ਨਹੀਂ ਹਨ, ਸਗੋਂ ਇਹ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨਾਲ ਖਿਲਵਾੜ ਹੈ। ਬੱਚਾ ਜੋ ਕੁਝ ਆਪਣੇ ਆਲੇ-ਦੁਆਲੇ ਦੇਖਦਾ ਹੈ, ਉਹੀ ਸਿੱਖਦਾ ਹੈ। ਜੇਕਰ ਉਹ ਰੋਜ਼ਾਨਾ ਸਕੂਲ ਜਾਂਦੇ ਸਮੇਂ ਰਸਤੇ ਵਿੱਚ ਗ਼ਲਤ ਸ਼ਬਦ-ਜੋੜਾਂ ਵਾਲੇ ਬੋਰਡ ਪੜ੍ਹੇਗਾ ਤਾਂ ਉਹ ਕਦੇ ਵੀ ਸ਼ੁੱਧ ਪੰਜਾਬੀ ਨਹੀਂ ਸਿੱਖ ਸਕੇਗਾ। ਅਸੀਂ ਅਣਜਾਣਪੁਣੇ ਵਿੱਚ ਹੀ ਆਪਣੀ ਪਨੀਰੀ ਨੂੰ ਆਪਣੀ ਜੜ੍ਹ ਨਾਲੋਂ ਤੋੜ ਰਹੇ ਹਾਂ। ਇਸ ਗੰਭੀਰ ਚੁਣੌਤੀ ਦਾ ਸਾਹਮਣਾ ਕਰਨ ਲਈ ਸਾਨੂੰ ਤਿੰਨ ਪੱਧਰਾਂ ’ਤੇ ਕੰਮ ਕਰਨ ਦੀ ਲੋੜ ਹੈ:

Advertisement

ਪ੍ਰਸ਼ਾਸਨਿਕ ਸਖ਼ਤੀ: ਸਰਕਾਰ ਨੂੰ ਇੱਕ ਭਾਸ਼ਾ ਨਿਰੀਖਣ ਕਮੇਟੀ ਬਣਾਉਣੀ ਚਾਹੀਦੀ ਹੈ, ਜੋ ਹਰ ਜ਼ਿਲ੍ਹੇ ਵਿੱਚ ਜਨਤਕ ਬੋਰਡਾਂ ਦੀ ਜਾਂਚ ਕਰੇ। ਗ਼ਲਤ ਸ਼ਬਦ ਜੋੜਾਂ ਵਾਲੇ ਬੋਰਡ ਲਾਉਣ ਵਾਲੀ ਕੰਪਨੀ ਜਾਂ ਠੇਕੇਦਾਰ ਨੂੰ ਬਲੈਕਲਿਸਟ ਕੀਤਾ ਜਾਣਾ ਚਾਹੀਦਾ ਹੈ।

ਸਿੱਖਿਆ ਅਤੇ ਸਿਖਲਾਈ: ਬੋਰਡ ਲਿਖਣ ਵਾਲੇ ਪੇਂਟਰਾਂ ਅਤੇ ਡਿਜੀਟਲ ਡਿਜ਼ਾਈਨਰਾਂ ਲਈ ਛੋਟੀ ਮਿਆਦ ਦੇ ਭਾਸ਼ਾਈ ਵਰਕਸ਼ਾਪ ਲਗਾਏ ਜਾਣੇ ਚਾਹੀਦੇ ਹਨ।

ਸਮਾਜਿਕ ਜਾਗਰੂਕਤਾ: ਸਾਨੂੰ ਜਾਗਰੂਕ ਨਾਗਰਿਕ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਜੇਕਰ ਕਿਸੇ ਬੋਰਡ ’ਤੇ ਗ਼ਲਤੀ ਹੈ ਤਾਂ ਸਬੰਧਿਤ ਵਿਭਾਗ ਜਾਂ ਦੁਕਾਨਦਾਰ ਨੂੰ ਇਸ ਬਾਰੇ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਜਾਵੇ। ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਇੱਕ ਵੱਡਾ ਹਥਿਆਰ ਹੈ, ਜਿਸ ਰਾਹੀਂ ਪ੍ਰਸ਼ਾਸਨ ’ਤੇ ਦਬਾਅ ਪਾਇਆ ਜਾ ਸਕਦਾ ਹੈ।

ਪੰਜਾਬੀ ਭਾਸ਼ਾ ਦੀ ਹੋਂਦ ਨੂੰ ਖ਼ਤਰਾ ਬਾਹਰਲੀਆਂ ਬੋਲੀਆਂ ਤੋਂ ਨਹੀਂ, ਸਗੋਂ ਸਾਡੀ ਆਪਣੀ ਬੇਰੁਖ਼ੀ ਤੋਂ ਹੈ। ਬੋਰਡਾਂ ’ਤੇ ਲਿਖੀ ਗ਼ਲਤ ਪੰਜਾਬੀ ਸਾਡੀ ਅਣਗਹਿਲੀ ਦਾ ਉਹ ਦਾਗ਼ ਹੈ, ਜੋ ਸਾਡੀ ਵਿਦਵਤਾ ਅਤੇ ਪੰਜਾਬੀਅਤ ’ਤੇ ਸਵਾਲ ਖੜ੍ਹੇ ਕਰਦਾ ਹੈ। ਜੇਕਰ ਅਸੀਂ ਅੱਜ ਆਪਣੀ ਮਾਂ-ਬੋਲੀ ਦੇ ਸ਼ੁੱਧ ਸਰੂਪ ਨੂੰ ਸੰਭਾਲਣ ਵਿੱਚ ਨਾਕਾਮ ਰਹੇ ਤਾਂ ਇਤਿਹਾਸ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਆਓ! ਆਪਣੀ ਬੋਲੀ ਨੂੰ ਉਹ ਸਤਿਕਾਰ ਦੇਈਏ, ਜਿਸ ਦੀ ਉਹ ਹੱਕਦਾਰ ਹੈ।

ਸੰਪਰਕ: 98721-17172

Advertisement
×