ਧਰਵਾਸ
ਕੜਕਦੀ ਬਿਜਲੀ ਨੇ ਉੱਚੇ-ਲੰਮੇ ਰੁੱਖ ਨੇੜੇ ਹੁੰਦਿਆਂ ਆਖਿਆ, ‘‘ਦੇਖਿਆ, ਲੱਖਾਂ ਕਰੋੜਾਂ ਅੱਖਾਂ ਵਿੱਚ ਮੇਰੀਆਂ ਲਿਸ਼ਕਦੀਆਂ ਤਾਰਾਂ ਦੀਆਂ ਰੌਸ਼ਨੀਆਂ ਕਿਵੇਂ ਚਾਨਣ ਭਰਦੀਆਂ ਨੇ।’’ ‘‘ਤੈਨੂੰ ਇਨ੍ਹਾਂ ਦੀਆਂ ਹੰਝੂ ਭਰੀਆਂ ਅੱਖਾਂ ਨ੍ਹੀਂ ਦਿਸੀਆਂ?” ਰੁੱਖ ਨੇ ਪੁੱਛਿਆ। ‘‘ਅੱਥਰੂ ਕਿਉਂ?’’ ਇਹ ਕਹਿ ਕੇ ਉਹ ਚਮਕੀ।...
ਕੜਕਦੀ ਬਿਜਲੀ ਨੇ ਉੱਚੇ-ਲੰਮੇ ਰੁੱਖ ਨੇੜੇ ਹੁੰਦਿਆਂ ਆਖਿਆ, ‘‘ਦੇਖਿਆ, ਲੱਖਾਂ ਕਰੋੜਾਂ ਅੱਖਾਂ ਵਿੱਚ ਮੇਰੀਆਂ ਲਿਸ਼ਕਦੀਆਂ ਤਾਰਾਂ ਦੀਆਂ ਰੌਸ਼ਨੀਆਂ ਕਿਵੇਂ ਚਾਨਣ ਭਰਦੀਆਂ ਨੇ।’’ ‘‘ਤੈਨੂੰ ਇਨ੍ਹਾਂ ਦੀਆਂ ਹੰਝੂ ਭਰੀਆਂ ਅੱਖਾਂ ਨ੍ਹੀਂ ਦਿਸੀਆਂ?” ਰੁੱਖ ਨੇ ਪੁੱਛਿਆ। ‘‘ਅੱਥਰੂ ਕਿਉਂ?’’ ਇਹ ਕਹਿ ਕੇ ਉਹ ਚਮਕੀ। ‘‘ਤੁਸੀਂ ਬੇਮੌਸਮੇ ਜੋ ਆਏ ਓ। ਖੇਤਾਂ ਵਿੱਚ ਕੰਮ ਕਰਨ ਵਾਲੇ ਇਨ੍ਹਾਂ ਕਿਰਤੀ ਅਤੇ ਕਿਸਾਨਾਂ ਦੀ ਮਿਹਨਤ ਰੋੜ੍ਹ ਰਹੇ ਓ।’’ ਰੁੱਖ ਨੇ ਨਾਰਾਜ਼ਗੀ ਪ੍ਰਗਟਾਈ। ‘‘ਇੱਕ ਵਾਰ ਤਾਂ ਸਾਰੇ ਪਾਸੇ ਚਾਨਣ ਹੋ ਜਾਂਦੈ।’’ ਬਿਜਲੀ ਚਾਂਭਲ਼ੇ ਜਵਾਕਾਂ ਵਾਂਗ ਚੀਕੀ। ‘‘ਹੋ ਤਾਂ ਜਾਂਦੈ ਪਰ ਉਸ ਤੋਂ ਬਾਅਦ ਜਿਹੜਾ ਹਨੇਰਾ ਹੁੰਦੈ, ਉਸ ਤੋਂ ਬੜਾ ਡਰ ਲੱਗਦੈ।’’ ਰੁੱਖ ਨੇ ਗੰਭੀਰਤਾ ਨਾਲ਼ ਆਖਿਆ। ‘‘ਹਾਂ, ਇੱਕ ਵਾਰ ਅੱਖਾਂ ਚੁੰਧਿਆ ਜਾਂਦੀਆਂ ਨੇ ਉਸ ਤੋਂ ਬਾਅਦ ਤਾਂ ਹਨੇਰਾ ਹੋਰ ਵੀ ਸੰਘਣਾ ਲੱਗਣ ਲੱਗ ਪੈਂਦਾ ਹੋਊ।’’ ‘‘ਇਸ ਤੋਂ ਵੀ ਡਰਾਉਣਾ ਹਨੇਰਾ ਜੀਹਨੂੰ ਸਿਰਫ਼ ਕਿਰਤੀ ਕਿਸਾਨ ਈ ਦੇਖ ਸਕਦੇ ਨੇ। ਦੂਸਰਿਆਂ ਨੂੰ ਤਾਂ ਘੱਟ ਈ ਨਜ਼ਰ ਆਉਂਦੈ।’’ ‘‘ਮੈਂ ਸਮਝੀ ਨ੍ਹੀਂ, ਤੂੰ ਦੱਸ ਦੇ।’’ ‘‘ਉਹ ਹਨੇਰਾ ਜਿਹੜਾ ਇਨ੍ਹਾਂ ਦੀਆਂ ਆਸਾਂ ਦੇ ਦੀਵੇ ਬੁੱਝਣ ਨਾਲ ਹੁੰਦੈ। ਜਿਹੜੀਆਂ ਆਸਾਂ ਇਨ੍ਹਾਂ ਨੇ ਫ਼ਸਲਾਂ ’ਤੇ ਲਾਈਆਂ ਹੁੰਦੀਆਂ ਨੇ..! ਜਿਹੜੇ ਖ਼ਰਾਬ ਹੁੰਦੀਆਂ ਫ਼ਸਲਾਂ ਨੂੰ ਦੇਖ ਕੇ ਇਨ੍ਹਾਂ ਨੂੰ ਡੋਬ ਪੈਂਦੇ ਨੇ, ਤੂੰ ਕੜਕ ਕੇ ਉਨ੍ਹਾਂ ਡੋਬਾਂ ਨੂੰ ਹੋਰ ਡੂੰਘਾ ਕਰ ਦਿੰਦੀ ਐਂ।’’ ‘‘ਅੱਛਾ? ਮੈਂ ਤਾਂ ਕਦੇ ਕੋਈ ਗੱਲ ਨ੍ਹੀਂ ਸੁਣੀ ਇਨ੍ਹਾਂ ਦੀ।’’ ਰੁੱਖ ਉਸ ਦੀ ਗੱਲ ਸੁਣ ਕੇ ਵਿਅੰਗਮਈ ਤਰੀਕੇ ਨਾਲ ਹੱਸਿਆ। ਫਿਰ ਬੋਲਿਆ, ‘‘ਗੱਲ ਸੁਣਨ ਲਈ ਰੁਕਣਾ ਜ਼ਰੂਰੀ ਹੁੰਦੈ, ਤੂੰ ਤਾਂ ਸਕਿੰਟ ਵੀ ਨ੍ਹੀਂ ਰੁਕਦੀ... ਪੰਜ ਗੇੜਿਆਂ ’ਚ ਤੂੰ ਇੱਕ ਗੱਲ ਵੀ ਪੂਰੀ ਨਹੀਂ ਸੁਣ ਸਕੀ।’’ ‘‘ਮੇਰੇ ਰੁਕਣ ਨਾਲ਼ ਵੀ ਇਨ੍ਹਾਂ ਦਾ ਨੁਕਸਾਨ ਈ ਹੋਣਾ ਹੁੰਦੈ।’’ ‘‘ਹਾਂ, ਇਹ ਵੀ ਸਹੀ ਐ। ਜੇ ਕਿਤੇ ਮਨੁੱਖ ਤੈਨੂੰ ਸਾਂਭਣ ਦਾ ਜੁਗਾੜ ਕਰ ਲੈਣ ਫਿਰ ਬਿਜਲੀ ਦੀ ਘਾਟ ਨ੍ਹੀਂ ਰਹਿਣੀ।’’ ਇਹ ਆਖ ਕੇ ਰੁੱਖ ਚੁੱਪ ਕਰ ਗਿਆ। ਹਵਾ ਐਨੀ ਤੇਜ਼ ਚੱਲ ਰਹੀ ਸੀ ਕਿ ਰੁੱਖਾਂ ਦੀਆਂ ਟਾਹਣੀਆਂ ਦੂਹਰੀਆਂ ਹੋ ਰਹੀਆਂ ਸਨ।
ਬੱਦਲਾਂ ਦੀ ਗਰਜ ਕਿਸਾਨਾਂ ਦੇ ਸਾਹ ਸੂਤ ਰਹੀ ਸੀ। ਬਿਜਲੀ ਵਾਰ-ਵਾਰ ਚਮਕ ਰਹੀ ਸੀ। ਉਹ ਵੀ ਜਿਵੇਂ ਮਨੁੱਖੀ ਚਿਹਰਿਆਂ ਦੀਆਂ ਚਿੰਤਾਵਾਂ ਦੀਆਂ ਲਕੀਰਾਂ ਦੇਖਣਾ ਚਾਹੁੰਦੀ ਹੋਵੇ। ਚਿੰਤਾ ਵਿੱਚ ਡੁੱਬਿਆ ਸਾਧੂ ਸਿੰਘ ਆਪਣੇ ਖੇਤ ਦੀ ਵੱਟ ’ਤੇ ਖੜ੍ਹਾ ਸੀ। ਨੰਬਰਦਾਰਾਂ ਦੇ ਗੁਲਜ਼ਾਰ ਨੇ ਆਪਣੇ ਖੇਤੋਂ ਪਰਤਦਿਆਂ ਸਾਧੂ ਸਿੰਘ ਦੇ ਕੋਲ਼ ਆ ਕੇ ਬਿਨਾਂ ਮੋਟਰਸਾਈਕਲ ਰੋਕਿਆ ਹਾਲ-ਚਾਲ ਪੁੱਛਿਆ, ‘‘ਸਾਧੂ ਸਿੰਘ ਨੇ ਸਭ ਵਧੀਆ ਆਖਿਆ’’ ਅਤੇ ਉਹ ਅੱਗੇ ਲੰਘ ਗਿਆ। ਸਾਧੂ ਸਿੰਘ ਦੀਆਂ ਅੱਖਾਂ ਕਦੇ ਫ਼ਸਲ ਨੂੰ ਦੇਖਦੀਆਂ ਕਦੇ ਅਸਮਾਨ ਵੱਲ। ਨਾਲ਼ ਦੇ ਖੇਤ ਦਾ ਗੁਆਂਢੀ ਛੋਟਾ ਕਿਸਾਨ ਨਾਹਰ ਸਿੰਘ ਵੀ ਬਿਨਾਂ ਬੋਲਿਆਂ ਉਸ ਦੇ ਕੋਲ਼ ਆ ਕੇ ਵੱਟ ’ਤੇ ਬੈਠ ਗਿਆ। ‘‘ਆਪਣੇ ਵਰਗੇ ਕਿਸਾਨਾਂ ਦੀ ਜ਼ਿੰਦਗੀ ਵੀ ਦਿਹਾੜੀਦਾਰਾਂ ਵਰਗੀ ਹੁੰਦੀ ਐ ਸਾਧੂ ਸਿੰਘ।’’ ‘‘ਨਹੀਂ ਬਾਈ, ਦਿਹਾੜੀਦਾਰਾਂ ਤੋਂ ਵੀ ਮਾੜੀ ਹੁੰਦੀ ਐ। ਉਨ੍ਹਾਂ ਨੂੰ ਤਾਂ ਕੰਮ ਦੇ ਪੈਸੇ ਮਿਲ ਜਾਂਦੇ ਨੇ। ਆਪਾਂ ਨੂੰ ਤਾਂ ਛੇ ਮਹੀਨੇ ਮਿਹਨਤ ਕਰ ਕੇ ਵੀ ਪਤਾ ਨ੍ਹੀਂ ਹੁੰਦਾ ਪੱਲੇ ਕੁਝ ਪੈਣਾ ਵੀ ਐ ਕਿ ਨਹੀਂ।’’ ‘‘ਊਂ, ਗੱਲ ਤਾਂ ਤੇਰੀ ਠੀਕ ਐ।’’ ਉਸ ਨੇ ਲੰਮਾ ਸਾਹ ਲੈਂਦਿਆਂ ਹਾਮੀ ਭਰੀ। ‘‘ਹੁਣ ਆਹ ਡਾਢੇ ਦਾ ਨ੍ਹੀਂ ਪਤਾ ਲੱਗਦਾ ਕਿੰਨੀ ਕੁ ਮਾਰ ਕਰੂ ?’’ ਸਾਧੂ ਸਿੰਘ ਆਸਮਾਨ ਵੱਲ ਤੱਕਦਿਆਂ ਬੋਲਿਆ। ‘‘ਆਹੋ, ਕਿਸੇ ਹੋਰ ਪਾਸੇ ਤਾਂ ਕਹਿੰਦੇ ਨੇ ਬਹੁਤ ਗੜੇ ਪਏ ਨੇ... ਬੱਲੀਆਂ ਝਾੜ ’ਤੀਆਂ। ਐਂ ਖੇਤਾਂ ਵਿੱਚ ਗੜਿਆਂ ਦੇ ਢੇਰ ਲੱਗੇ ਪਏ ਨੇ, ਜਿਵੇਂ ਵਿਛਾਉਣਾ ਵਿਛਾਇਆ ਹੁੰਦੈ। ਮੰਡੀਆਂ ਵਿੱਚ ਦਾਣਿਆਂ ਦੇ ਬੋਹਲ਼ ਪਾਣੀ ਵਿੱਚ ਡੁੱਬੇ ਪਏ ਸਨ।’’ ਨਾਹਰ ਸਿੰਘ ਨੂੰ ਜਵਾਕਾਂ ਨੇ ਮੋਬਾਈਲ ’ਤੇ ਜੋ ਦਿਖਾਇਆ ਸੀ ਉਸ ਨੇ ਆਖ ਦਿੱਤਾ। ‘‘ਜਿਹੜੇ ਹਿਸਾਬ ਨਾਲ਼ ਚੜ੍ਹਿਆ ਆ ਰਿਹਾ, ਐਂ ਲੱਗਦੈ ਮਾਰ ਤਾਂ ਆਪਾਂ ਨੂੰ ਵੀ ਤਕੜੀ ਪੈਣੀ ਆਂ।’’ ਸਾਧੂ ਸਿੰਘ ਨੇ ਆਸਮਾਨ ਵੱਲ ਤੱਕਦਿਆਂ ਆਖਿਆ। ਮੋਟੀ-ਮੋਟੀ ਕਣੀ ਵੀ ਡਿੱਗਣੀ ਸ਼ੁਰੂ ਹੋ ਚੁੱਕੀ ਸੀ। ‘‘ਕੀ ਪਤੈ ਲੰਘ ਜਾਵੇ... ਹਵਾ ਵੀ ਤੇਜ਼ ਐ ਉਡਾ ਕੇ ਲੈ ਜੇ ਬੱਦਲ਼ਾਂ ਨੂੰ।’’ ਨਾਹਰ ਸਿੰਘ ਆਸ ਦਾ ਦੀਵਾ ਬੁੱਝਣ ਨਹੀਂ ਸੀ ਦੇਣਾ ਚਾਹੁੰਦਾ। ‘‘ਮੀਂਹ ਨਾਲ਼ ਹਵਾ ਵੱਧ ਮਾਰ ਕਰੂ... ਵਿਛਾ ਕੇ ਰੱਖ ਦੇਵੇਗੀ ਸਾਰੀ ਫ਼ਸਲ ਨੂੰ।’’ ਸਾਧੂ ਸਿੰਘ ਦੇ ਅੰਦਰਲਾ ਡਰ ਬੋਲ ਰਿਹਾ ਸੀ। ‘‘ਦੇਖ ਲੈ ਸਾਧੂ ਸਿੰਘ ਸਾਰੇ ਕਿੱਤਿਆਂ ਆਲ਼ੇ ਆਪਣੀ ਕਮਾਈ ਸਾਂਭ ਕੇ ਲੁਕੋ-ਲੁਕੋ ਕੇ ਰੱਖਦੇ ਨੇ..!’’ ਆਖ ਕੇ ਉਹ ਚੁੱਪ ਹੋ ਗਿਆ। ‘‘ਆਹੋ, ਆਪਾਂ ਈ ਆਂ ਜਿਹੜੇ ਆਪਣੀ ਕਮਾਈ ਨੂੰ ਲੁਕੋ ਕੇ ਨ੍ਹੀਂ ਰੱਖ ਸਕਦੇ। ਅੱਖਾਂ ਸਾਹਮਣੇ ਖੜ੍ਹੀ ਫ਼ਸਲ ’ਤੇ ਮਾਰ ਪੈ ਜਾਂਦੀ ਐ। ਜੇ ਇੱਥੇ ਬਚ ਗਏ, ਇਹ ਨ੍ਹੀਂ ਪਤਾ ਫੇਰ ਮੰਡੀਆਂ ’ਚ ਰੁਲ਼ੀਏ। ਬੇਗ਼ਾਨੇ ਆਪਣੀ ਫ਼ਸਲ ਦਾ ਰੇਟ ਦੱਸਦੇ ਨੇ। ਆਪਾਂ ਅਗਲੇ ਦੇ ਮੂੰਹ ਵੱਲ ਝਾਕਦੇ ਰਹਿ ਜਾਂਦੇ ਆਂ।’’ ਸਾਧੂ ਨੇ ਨਾਹਰ ਸਿੰਘ ਦੀ ਅੱਧ ਵਿਚਾਲ਼ੇ ਛੱਡੀ ਗੱਲ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ‘‘ਜੇ ਕਿਤੇ ਬੇਰੁੱਤਾ ਮੀਂਹ ਨਾ ਪਵੇ, ਸਰਕਾਰਾਂ ਫ਼ਸਲਾਂ ਦੇ ਸਹੀ ਮੁੱਲ ਦੇ ਦੇਣ ਫਿਰ ਨ੍ਹੀਂ ਮਾਰ ਖਾਂਦੇ ਆਪਾਂ।’’ ਸਾਧੂ ਸਿੰਘ ਨਿੰਮੋਝੂਣਾ ਜਿਹਾ ਹੋ ਕੇ ਬੋਲਿਆ।
‘‘ਹੁਣ ਨ੍ਹੀਂ ਪੂਰਾ ਪੈਂਦਾ ਖੇਤੀ ਨਾਲ਼... ਆਪਾਂ ਤਾਂ ਔਖੇ-ਸੌਖੇ ਗੁਜ਼ਾਰਾ ਕਰ ਲਿਆ। ਅਜੋਕੇ ਜਵਾਕ ਨ੍ਹੀਂ ਕਰ ਸਕਦੇ। ਹੁਣ ਤਾਂ ਇੱਕ ਮੋਬਾਈਲ ਲੈਣ ਖਾਤਰ ਆਪਣੇ ਸਮੇਂ ਦੇ ਵਿਆਹ ਜਿੰਨਾ ਖਰਚਾ ਹੋ ਜਾਂਦੈ। ਹੋਰ ਤਾਂ ਗੱਲਾਂ ਛੱਡੋ ਜਵਾਕ ਵੀ ਮਾਪਿਆਂ ਦੇ ਗਲ਼ ’ਗੂਠਾ ਦੇ ਕੇ ਲੈ ਲੈਂਦੇ ਨੇ ਮਰਜ਼ੀ ਦਾ ਸਾਮਾਨ, ਕਿਸੇ ਨੂੰ ਮੋਟਰਸਾਈਕਲ ਚਾਹੀਦੈ, ਕਿਸੇ ਨੂੰ ਮਹਿੰਗਾ ਮੋਬਾਈਲ।’’ ਨਾਹਰ ਸਿੰਘ ਅੰਦਰ ਬਹੁਤੇ ਮਾਪਿਆਂ ਦਾ ਸੱਚ ਬੋਲ ਰਿਹਾ ਸੀ। ‘‘ਹੁਣ ਤਾਂ ਵਿਆਹ ਦੇ ਫੰਕਸ਼ਨ ਵੀ ਕਈ-ਕਈ ਹੋਣ ਲੱਗ ਪਏ। ਵਿਆਹ ਤੋਂ ਪਹਿਲਾਂ ਮੰਗਣਾ, ਫਿਰ ਕੱਚਾ ਵਿਆਹ, ਕਾਗਜ਼ੀ ਵਿਆਹ, ਫੇਰ ਪੱਕਾ ਵਿਆਹ।’’ ਸਾਧੂ ਸਿੰਘ ਬੋਲਿਆ। ‘‘ਇੱਕ ਹੋਰ ਰਿਵਾਜ ਚੱਲ ਪਿਆ, ਵਿਆਹ ਆਲ਼ੇ ਦਿਨ ਵਿਆਹ ਤੋਂ ਪਹਿਲਾਂ ਬਣਾਈ ਗਈ ਕੁੜੀ-ਮੁੰਡੇ ਦੀ ਵੀਡੀਓ ਚੱਲ ਪੈਂਦੀ ਐ... ਕਈ ਤਾਂ ਸਿੱਧੀ-ਪੱਧਰੀ ਬਣਾ ਲੈਂਦੇ ਨੇ ਪਰ ਕਈ ਤਾਂ ਦੇਖਣੀਆਂ ਔਖੀਆਂ ਹੋ ਜਾਂਦੀਆਂ ਨੇ... ਦੇਖ ਕੇ ਮੁੰਡੇ ਆਲ਼ੇ ਕੂਕਾਂ ਮਾਰਦੇ ਨੇ... ਕੁੜੀ ਆਲ਼ੇ ਸ਼ਰਮ ਨਾਲ਼ ਪਾਣੀ-ਪਾਣੀ ਹੋਏ ਇੱਧਰ-ਉਧਰ ਤੁਰ ਜਾਂਦੇ ਨੇ।’’ ਥੋੜ੍ਹੇ ਦਿਨ ਪਹਿਲਾਂ ਦੇਖੇ ਵਿਆਹ ਦੇ ਆਧਾਰ ’ਤੇ ਨਾਹਰ ਸਿੰਘ ਆਖ ਰਿਹਾ ਸੀ। ‘‘ਅਮੀਰਾਂ ਦੇ ਚੋਚਲੇ ਨੇ ਸਾਰੇ... ਊਂ, ਜਿਨ੍ਹਾਂ ’ਚ ਪੁੱਗਤ ਹੈ ਕਰਨ ਦੀ, ਬਸ਼ੱਕ ਕਰੀ ਜਾਣ ਪਰ ਮਰਿਆਦਾ ’ਚ ਰਹਿ ਕੇ ਕਰਨ... ਰੀਸੋ-ਰੀਸੀ ਆਪਣੇ ਵਰਗੇ ਮਾਰੇ ਜਾਂਦੇ ਨੇ..! ਖ਼ੈਰ, ਮੇਰੇ ਤਾਂ ਜੁਆਕ ਅਜੇ ਛੋਟੇ ਨੇ ਦਸ ਬਾਰਾਂ ਸਾਲ ਨੂੰ ਵਿਆਹੁਣ ਜੋਗੇ ਹੋਣਗੇ, ਉਦੋਂ ਨੂੰ ਪਤਾ ਨ੍ਹੀਂ ਕਿਹੜੇ ਰਾਜੇ ਦੀ ਪਰਜਾ ਹੋਊ।’’ ਸਾਧੂ ਸਿੰਘ ਨੇ ਮਨ ਆਈ ਆਖ ਸੁਣਾਈ। ‘‘ਮੇਰਾ ਮੁੰਡਾ ਤਾਂ ਕਹਿਣ ਲੱਗ ਗਿਆ... ਮੇਰਾ ਬਾਹਰ ਦਾ ਕਰ ਕੁਸ਼... ਮੈਂ ਤਾਂ ਆਖ ਦਿੱਤਾ, ਆਹੀ ਚਾਰ ਖੁੱਡ ਨੇ ਮੇਰੇ ਕੋਲ਼, ਜੇ ਵੇਚੇਂਗਾ ਤਾਂ ਵੀ ਤੇਰੇ ਈ ਜਾਣੇ ਨੇ, ਜੇ ਨਹੀਂ ਵੇਚੇਂਗਾ ਤਾਂ ਵੀ ਤੇਰੇ ਈ ਰਹਿਣੇ ਨੇ।’’ ਨਾਹਰ ਸਿੰਘ ਨੇ ਦਿਲ ਦੀ ਗੱਲ ਦੱਸੀ।
‘‘ਕਿਹੜਾ ਕੋਈ ਘਾਟਾ ਏ, ਬਈ ਅਗਲਾ ਕਿਸੇ ਤੋਂ ਫੜ ਕੇ ਲਾ ਦੇਊ... ਬਾਹਰਲੇ ਦੇਸ਼ਾਂ ਆਲ਼ੇ ਤਾਂ ਹੁਣ ਆਪ ਔਖੇ ਹੋਏ ਪਏ ਨੇ... ਮੋਬਾਈਲਾਂ ’ਤੇ ਦੱਸਦੇ ਨੇ, ਕਹਿੰਦੇ ਕੰਮਕਾਰ ਨ੍ਹੀਂ ਮਿਲਦਾ ਚੱਜ ਦਾ।’’ ਸਾਧੂ ਸਿੰਘ ਨੇ ਸੁਣੀ ਸੁਣਾਈ ਗੱਲ ਆਖੀ। ‘‘ਇੱਥੇ ਤਾਂ ਨਸ਼ੇ ਅਤੇ ਮਾਰ-ਧਾੜ ਨ੍ਹੀਂ ਸੰਭਲ਼ ਰਹੀ ਸਰਕਾਰਾਂ ਤੋਂ। ਮਾਪੇ ਡਰਦੇ ਆਪਣੇ ਨਿਆਣਿਆਂ ਨੂੰ ਬਾਹਰ ਭੇਜ ਰਹੇ ਨੇ। ਜੇ ਕਿਤੇ ਇਧਰਲੇ ਪਾਸੇ ਸਰਕਾਰ ਕਾਬੂ ਪਾ ਲਵੇ ਤਾਂ ਲੋਕ ਆਪਣੇ ਨਿਆਣਿਆਂ ਨੂੰ ਬਾਹਰ ਭੇਜਣੋਂ ਹਟ ਜਾਣਗੇ।’’ ਨਾਹਰ ਸਿੰਘ ਨੇ ਕੌੜਾ ਸੱਚ ਆਖ ਦਿੱਤਾ। ਗੱਲਾਂ ਕਰਦਿਆਂ ਕਣੀਆਂ ਤੇਜ਼ ਹੋ ਗਈਆਂ। ਕੱਪੜੇ ਉਨ੍ਹਾਂ ਦੇ ਪਹਿਲਾਂ ਈ ਅੱਧ-ਭਿੱਜੇ ਹੋਏ ਪਏ ਸਨ। ‘‘ਲੈ ਬਈ ਹੁਣ ਤਾਂ ਮੋਟਰ ਆਲ਼ੇ ਕੋਠੇ ’ਚ ਜਾਣਾ ਪਊ।’’ ‘‘ਨਹੀਂ... ਘਰੇ ਚੱਲਦੇ ਆਂ ਇੱਥੇ ਰਹਿ ਕੇ ਕਿਹੜਾ ਆਪਾਂ ਖੇਤਾਂ ’ਤੇ ਛਤਰੀ ਤਾਣ ਲੈਣੀ ਆਂ। ਐਵੇਂ ਦੇਖ-ਦੇਖ ਚਿੱਤ ਖ਼ਰਾਬ ਹੋਊ।’’ ਬਿਜਲੀ ਜ਼ੋਰ ਦੀ ਕੜਕੀ। ਮੀਂਹ ਤੇਜ਼ ਹੋ ਗਿਆ, ਨਾਹਰ ਸਿੰਘ ਨੇ ਥੋੜ੍ਹਾਂ ਉੱਪਰ ਨੂੰ ਦੇਖਿਆ। ‘‘ਤੂੰ ਵੀ ਲੈ ਲੈ ਬਦਲੇ ਜਿਹੜੇ ਲੈਣੇ ਨੇ।’’ ਆਖਦਿਆਂ ਉਸ ਨੇ ਧੌਣ ਝੁਕਾ ਲਈ। ਮੀਂਹ ਦੇ ਛਰਾਟੇ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਭਿਉਂ ਦਿੱਤਾ। ਦੋਵੇਂ ਚੁੱਪ ਸਨ, ਹੁਣ ਉਹ ਆਪਣੇ ਆਪ ਨੂੰ ਤੇਜ਼ ਬਾਰਿਸ਼ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਕਦੇ ਭੱਜਦੇ ਫਿਰ ਤਿਲਕਣ ਦੇ ਡਰੋਂ ਹੌਲ਼ੀ ਹੋ ਜਾਂਦੇ। ‘‘ਸਾਧੂ ਸਿੰਘ ਬੱਸ ਅੱਡੇ ਆਲ਼ੇ ਵਰਾਂਡੇ ’ਚ ਖੜ੍ਹ ਜਾਂਦੇ ਆਂ।’’ ‘‘ਹੁਣ ਤਾਂ ਭਿੱਜ ਗਏ ਸਾਰੇ ਕੱਪੜੇ, ਹੁਣ ਰਸਤੇ ਵਿੱਚ ਖੜ੍ਹਨ ਦਾ ਕੋਈ ਫਾਇਦਾ ਨ੍ਹੀਂ..!’’ ਸਾਧੂ ਨੇ ਸਲਾਹ ਦਿੱਤੀ। ਦੋਵੇਂ ਪੂਰੀ ਤਰ੍ਹਾਂ ਭਿੱਜ ਚੁੱਕੇ ਸਨ। ਆਪੋ-ਆਪਣੇ ਘਰ ਚਲੇ ਗਏ। ਅੱਗੇ ਸਾਧੂ ਸਿੰਘ ਦੀ ਘਰਵਾਲ਼ੀ ਵਰਾਂਡੇ ਵਿੱਚ ਹੱਥ ਜੋੜੀ ਖੜ੍ਹੀ ਸੀ। ਦੋਵੇਂ ਮੱਝਾਂ ਤੇ ਕੱਟੀਆਂ ਵਰਾਂਡੇ ਵਿੱਚ ਬੰਨ੍ਹੀਆਂ ਹੋਈਆਂ ਸਨ। ‘‘ਤੂੰ ਇੱਥੇ ਖੜ੍ਹੀ ਕੀ ਕਰਦੀ ਐਂ?’’ ਸਾਧੂ ਨੇ ਪੁੱਛਿਆ। ‘‘ਮੈਸਾਂ ਵਰਾਂਡੇ ’ਚ ਕੀਤੀਆਂ ਨੇ, ਮੈਨੂੰ ਲੱਗਦੈ ਐਤਕੀਂ ਫੇਰ ਮਾਰੂ ਆਪਾਂ ਨੂੰ।’’ ਉਸ ਦੇ ਅੰਦਰਲਾ ਡਰ ਬੋਲਿਆ। ‘‘ਆਪਾਂ ਤਾਂ ਕੁਝ ਨ੍ਹੀਂ ਕਰ ਸਕਦੇ, ਆਪਣਾ ਕੀ ਜ਼ੋਰ ਐ ਡਾਢੇ ਅੱਗੇ।’’ ‘‘ਪਰ ਇਹ ਭੁੱਖੇ ਵੀ ਨ੍ਹੀਂ ਮਰਨ ਦਿੰਦਾ। ਮੇਰੀ ਬੇਬੇ ਆਖਦੀ ਹੁੰਦੀ ਐ, ਪਹਿਲਾਂ ਫ਼ਸਲ ਵਧੀਆ ਹੋ ਜਾਂਦੀ ਐ, ਫਿਰ ਕੁਦਰਤ ਦੀ ਮਾਰ ਪੈ ਜਾਂਦੀ ਐ ਤੇ ਫਿਰ ਵੀ ਕੋਈ ਨਾ ਕੋਈ ਹੀਲਾ-ਵਸੀਲਾ ਹੋ ਜਾਂਦੈ।’’ ‘‘ਆਹੋ... ਇਹੀ ਧਰਵਾਸ ਦੇਣਾ ਪਊ ਹੁਣ ਤਾਂ।’’ ਸਾਧੂ ਸਿੰਘ ਬੋਲਿਆ। ਬਿਜਲੀ ਜ਼ੋਰ ਦੀ ਚਮਕੀ। ਚਮਕ ਐਨੀ ਸੀ ਕਿ ਕੁਝ ਸਮੇਂ ਲਈ ਤਾਂ ਅੱਖਾਂ ਮੂਹਰੇ ’ਨੇਰਾ ਛਾ ਗਿਆ। ਚਮਕ ਤੋਂ ਬਾਅਦ ਜਿਹੜੀ ਗਰਜਣ ਦੀ ਆਵਾਜ਼ ਸੀ ਉਹ ਕਿਸਾਨ ਦੇ ਅੰਦਰ ਪੈਂਦੇ ਹੌਲ ਨੂੰ ਹੋਰ ਵੀ ਗਹਿਰਾ ਕਰ ਰਹੀ ਸੀ। ਚਿੰਤਾ ਨਾਲ਼ ਉਨ੍ਹਾਂ ਦੇ ਚਿਹਰਿਆਂ ’ਤੇ ਡਰ ਵੀ ਝਲਕਣ ਲੱਗਾ। ‘‘ਮੈਨੂੰ ਲੱਗਦੈ ਆਪਾਂ ਨੂੰ ਤਾਂ ਠੇਕੇ ਆਲ਼ੀ ਜ਼ਮੀਨ ਮਾਰੂ।’’ ਸਾਧੂ ਸਿੰਘ ਦੀ ਚਿੰਤਾ ਗਹਿਰੀ ਹੁੰਦੀ ਜਾ ਰਹੀ ਸੀ। ‘‘ਤੂੰ ਕਿਹੜਾ ਸੁਣਦੈਂ ਕਿਸੇ ਦੀ... ਕਿੰਨੀ ਵਾਰ ਆਖਿਆ ਕਿ ਰਹਿਣ ਦੇ ਨਾ ਪੰਗੇ ਲੈ। ਹੁਣ ਆਪਣੀਆਂ ਲੋੜਾਂ ਘਟਾ ਲਵਾਂਗੇ ਪਰ ਠੇਕਾ ਤਾਂ ਦੇਣਾ ਪਊ ਅਗਲਿਆਂ ਦਾ।’’ ਪਤਨੀ ਚਿੰਤਤ ਹੋ ਕੇ ਬੋਲੀ। ‘‘ਓਏ... ਆਪਣੇ ਦੋ ਢਾਈ ਕਿੱਲਿਆਂ ਨਾਲ਼ ਕੀ ਬਣਦੈ, ਨਾਲ਼ ਲੱਗਦੀ ਐ, ਇਸ ਕਰਕੇ ਲੈ ਲੈਂਦਾ, ਜਦੋਂ ਨੂੰ ਕੁੜੀ ਵਿਆਹੁਣ ਜੋਗੀ ਹੋਊ, ਉਦੋਂ ਤੱਕ ਚਾਰ ਪੈਸੇ ਕੋਲ਼ ਹੋ ਜਾਣਗੇ।’’ ਦੋਵੇਂ ਚੁੱਪ ਕਰ ਗਏ। ਸਾਧੂ ਸਿੰਘ ਨੂੰ ਵੀ ਪਤਾ ਸੀ ਘੱਟ ਜ਼ਮੀਨ ਵਾਲ਼ੇ ਛੋਟੇ ਕਿਸਾਨਾਂ ਦਾ ਕਦੇ ਵੀ ਪੈਸਾ ਨਹੀਂ ਜੁੜਦਾ ਹੁੰਦਾ। ਉਸ ਦੀ ਪਤਨੀ ਨੂੰ ਵੀ ਪਤਾ ਸੀ। ਆਈ ਚਲਾਈ ਚੱਲੀ ਜਾਵੇ ਇਹ ਵੀ ਵੱਡੀ ਗੱਲ ਹੈ। ਉਹ ਅੰਦਰ ਚਲੇ ਗਏ। ਦੋਵੇਂ ਜਵਾਕ ਸਕੂਲੋਂ ਮਿਲਿਆ ਕੰਮ ਕਰ ਰਹੇ ਸਨ। ਆਸਮਾਨੀ ਬਿਜਲੀ ਜ਼ੋਰ ਦੀ ਕੜਕੀ ਅਤੇ ਘਰ ਬਿਜਲੀ ਬੰਦ ਹੋ ਗਈ। ਕੁੜੀ ਨੇ ਆਪਣੀਆਂ ਅਤੇ ਨਿੱਕੇ ਭਰਾ ਦੀਆਂ ਕਿਤਾਬਾਂ ਕਾਪੀਆਂ ਸੰਭਾਲ ਕੇ ਰੱਖ ਦਿੱਤੀਆਂ। ਮੀਂਹ ਹੋਰ ਵੀ ਤੇਜ਼ ਹੋ ਗਿਆ। ਗੜੇ ਡਿੱਗਣ ਲੱਗੇ ਤੇ ਟੀਨ ਦੀ ਛੱਤ ਖੜਕਣ ਲੱਗੀ। ਜਿਉਂ ਜਿਉਂ ਗੜੇ ਵਰ੍ਹ ਰਹੇ ਸਨ, ਉਨ੍ਹਾਂ ਦੀਆਂ ਸੱਧਰਾਂ ਦਮ ਤੋੜ ਰਹੀਆਂ ਸਨ। ਇਸ ਮੀਂਹ ਅਤੇ ਗੜਿਆਂ ’ਚ ਉਨ੍ਹਾਂ ਦੀਆਂ ਜ਼ਰੂਰੀ ਵਸਤਾਂ ਵੀ ਰੁੜ੍ਹ ਰਹੀਆਂ ਸਨ। ਉਸ ਦੀ ਪਤਨੀ ਨੇ ਕਦੇ ਸੂਟ ਦੇ ਨਾਲ਼ ਦੀ ਚੁੰਨੀ ਲੈ ਕੇ ਨਹੀਂ ਦੇਖੀ। ਇੱਕੋ ਚੁੰਨੀ ਸਾਰੇ ਸੂਟਾਂ ਨਾਲ਼ ਲਈ ਰੱਖਦੀ।
ਹਰ ਸਾਲ ਉਹ ਦੋਵੇਂ ਪਤੀ-ਪਤਨੀ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੀਆਂ ਬਹੁਤ ਸਾਰੀਆਂ ਲੋੜਾਂ ’ਤੇ ਕਾਟਾ ਮਾਰ ਦਿੰਦੇ ਸਨ। ਸ਼ਾਮ ਹੋ ਚੁੱਕੀ ਸੀ। ਸਾਧੂ ਸਿੰਘ ਨੇ ਆਲ਼ੇ-ਦੁਆਲ਼ੇ ਨਿਗ੍ਹਾ ਮਾਰਦਿਆਂ ਆਖਿਆ, ‘‘ਰੋਟੀ ਨ੍ਹੀਂ ਪਕਾਉਣੀ ਅੱਜ?’’ ‘‘ਭੁੱਖ ਤਾਂ ਹੈ ਨ੍ਹੀਂ..!’’ ਉਹ ਬੋਲੀ। ‘‘ਭੁੱਖ ਤਾਂ ਮੈਨੂੰ ਵੀ ਨ੍ਹੀਂ... ਜਵਾਕਾਂ ਵਾਸਤੇ ਤਾਂ ਬਣਾ ਦੇ’’ ਉਸ ਆਖਿਆ। ਉਹ ਰਸੋਈ ਵਿੱਚ ਗਈ। ਛੱਤ ਤਿੱਪ-ਤਿੱਪ ਚੋਅ ਰਹੀ ਸੀ। ਥਾਂ-ਥਾਂ ’ਤੇ ਗੂੜ੍ਹੇ ਦਾਖੀ ਰੰਗ ਦੇ ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਘੁੱਤੀਆਂ ਬਣੀਆਂ ਪਈਆਂ ਸਨ। ਅਜਿਹੀ ਕੋਈ ਥਾਂ ਨਹੀਂ ਸੀ, ਜਿੱਥੇ ਬਹਿ ਕੇ ਜਾਂ ਖੜ੍ਹ ਕੇ ਰੋਟੀ ਪਕਾਈ ਜਾ ਸਕੇ। ਉਸ ਨੇ ਖੂੰਜੇ ਵਿੱਚ ਢੱਕ ਕੇ ਰੱਖਿਆ ਰੋਟੀਆਂ ਵਾਲ਼ਾ ਡੱਬਾ ਖੋਲ੍ਹ ਕੇ ਦੇਖਿਆ। ਖਾਸੀਆਂ ਰੋਟੀਆਂ ਪਈਆਂ ਸਨ। ਦੁਪਹਿਰ ਵੇਲ਼ੇ ਅੱਜ ਕਿਸੇ ਨੇ ਚੱਜ ਨਾਲ਼ ਰੋਟੀ ਨਹੀਂ ਸੀ ਖਾਧੀ। ‘‘ਮਾਂ, ਮੇਰੀ ਸਹੇਲੀ ਆਖ ਰਹੀ ਸੀ, ਜਦੋਂ ਇਸ ਤਰ੍ਹਾਂ ਦਾ ਮੌਸਮ ਹੋਵੇ ਤਾਂ ਉਸ ਦੀ ਮਾਂ ਉਨ੍ਹਾਂ ਨੂੰ ਪਕੌੜੇ ਬਣਾ ਕੇ ਖੁਆਉਂਦੀ ਐ।’’ ਮਾਂ ਦੇ ਪਿੱਛੇ ਤੌਲੀਏ ਨਾਲ ਸਿਰ ਢਕੀ ਖੜ੍ਹੀ ਕੁੜੀ ਆਖ ਰਹੀ ਸੀ। ਮਾਂ ਨੂੰ ਕੁੜੀ ’ਤੇ ਗੁੱਸਾ ਤਾਂ ਆਇਆ ਪਰ ਸਹਿਜ ਹੋ ਕੇ ਪੁੱਛਿਆ, ‘‘ਉਨ੍ਹਾਂ ਦਾ ਕੰਮਕਾਰ ਕੀ ਐ ਪੁੱਤ?’ ‘‘ਮੈਨੂੰ ਲੱਗਦੈ ਉਨ੍ਹਾਂ ਦੀਆਂ ਦੁਕਾਨਾਂ ਨੇ ਸ਼ਹਿਰ ਵਿੱਚ।’’ ਧੀ ਨੇ ਦੱਸਿਆ। ‘‘ਪੁੱਤ, ਖੇਤੀ ਕਰਨ ਵਾਲ਼ਿਆਂ ਦੀ ਤਾਂ ਰੋਟੀ ਛੁੱਟ ਜਾਂਦੀ ਐ, ਪਕੌੜੇ ਕਿੱਥੋਂ ਬਣਾਉਣੇ ਤੇ ਖਾਣੇ ਨੇ... ਆਪਣੀ ਰਸੋਈ ਦੀ ਹਾਲਤ ਦੇਖ ਤੇ ਆਪਣੇ ਖੇਤਾਂ ਦੀ ਹਾਲਤ ਦੇਖ।’’ ਮਾਂ ਦੀ ਗੱਲ ਸੁਣ ਕੇ ਕੁੜੀ ਚੁੱਪ ਕਰਕੇ ਅੰਦਰ ਚਲੀ ਗਈ। ਉਸ ਨੇ ਰਸੋਈ ਦੇ ਇੱਕ ਖੂੰਜੇ ਵਿੱਚ ਗੈਸ ਚੁੱਲ੍ਹੇ ’ਤੇ ਤਵਾ ਰੱਖ ਦਿੱਤਾ। ਰੋਟੀਆਂ ਸੇਕ ਕੇ ਘਿਉ ਨਾਲ਼ ਚੋਪੜ ਕੇ ਲੂਣ ਮਿਰਚ ਭੁੱੱਕ ਦਿੱਤਾ। ਕੁੜੀ ਨੂੰ ਆਵਾਜ਼ ਮਾਰ ਦਿੱਤੀ। ਸਾਰਾ ਸਾਮਾਨ ਅੰਦਰ ਲੈ ਗਏ। ‘‘ਆ ਜਾ ਤੂੰ ਵੀ ਖਾ ਲੈ ਇੱਕ ਅੱਧੀ ਰੋਟੀ।’’ ਪਤਨੀ ਨੇ ਸਾਧੂ ਸਿੰਘ ਨੂੰ ਕਿਹਾ। ‘‘ਤੈਨੂੰ ਆਖਿਆ ਤਾਂ ਹੈ ਸੀ ਮੈਨੂੰ ਭੁੱਖ ਨ੍ਹੀਂ।’’ ਉਸ ਨੇ ਜਵਾਬ ਦਿੱਤਾ। ‘‘ਨਹੀਂ ਵੀ ਭੁੱਖ, ਤਾਂ ਵੀ ਖਾ ਲੈ, ਭੁੱਖੇ ਰਹਿ ਕੇ ਕਿਹੜਾ ਫ਼ਸਲ ਠੀਕ ਹੋ ਜੂ।’’ ਇਹ ਆਖਦਿਆਂ ਉਸ ਨੇ ਰੋਟੀਆਂ ਸਾਰਿਆਂ ਨੂੰ ਹੱਥਾਂ ’ਤੇ ਹੀ ਫੜਾ ਦਿੱਤੀਆਂ। ਉਹ ਗੋਲ਼-ਗੋਲ਼ ਕਰਕੇ ਖਾਣ ਲੱਗੇ। ਕੁੜੀ ਨੇ ਮਾਂ ਦੇ ਚਿਹਰੇ ਵੱਲ ਦੇਖਿਆ ਅਤੇ ਮਾਂ ਦੇ ਕੰਨ ’ਚ ਆਖਿਆ, ‘‘ਮਾਂ, ਇਹ ਤਾਂ ਪਕੌੜਿਆਂ ਤੋਂ ਵੀ ਵੱਧ ਸੁਆਦ ਨੇ।’’ ਸੁਣ ਕੇ ਮਾਂ ਹਲਕਾ ਜਿਹਾ ਮੁਸਕਰਾਈ। ਬੱਚੇ ਸੁਆਦ ਨਾਲ਼ ਖਾ ਰਹੇ ਸਨ। ‘‘ਲਿਆ... ਇੱਕ ਹੋਰ ਫੜਾ ਦੇ ਹੁਣ ਤਾਂ।’’ ਸਾਧੂ ਸਿੰਘ ਨੇ ਹੱਥ ਅੱਗੇ ਕਰਦਿਆਂ ਆਖਿਆ। ਪਤਨੀ ਨੇ ਰੋਟੀ ਫੜਾ ਦਿੱਤੀ। ਨਿਆਣਿਆਂ ਦੀ ਭੁੱਖ ਚਮਕੀ ਹੋਈ ਸੀ। ਜਦੋਂ ਸਾਰੇ ਰੋਟੀ ਖਾ ਚੁੱਕੇ ਸਨ ਤਾਂ ਉਸ ਨੇ ਰੋਟੀਆਂ ਵਾਲ਼ੇ ਡੱਬੇ ਵਿੱਚ ਹੱਥ ਮਾਰਿਆ ਤਾਂ ਪੌਣੀ ਕੁ ਰੋਟੀ ਬਚੀ ਸੀ। ਚਲ ਏਹੀ ਬਥੇਰੀ ਐ ਮੈਨੂੰ ਤਾਂ, ਉਸ ਮਨੋ-ਮਨੀ ਆਖਿਆ। ਦੁੱਧ ਵੀ ਅੱਜ ਥੋੜ੍ਹਾ ਜਿਹਾ ਸੀ। ਮੱਝ ਨੇ ਕੜਕਦੀ ਬਿਜਲੀ ਤੋਂ ਡਰਦਿਆਂ ਲੱਤ ਮਾਰ ਦਿੱਤੀ ਸੀ। ‘‘ਤੂੰ ਵੀ ਖਾ ਲੈ ਰੋਟੀ।’’ ਸਾਧੂ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ। ‘‘ਭੁੱਖ ਤਾਂ ਹੈ ਨ੍ਹੀਂ... ਕੋਈ ਨਾ ਖਾ ਲੈਂਦੀ ਆਂ ਇੱਕ-ਅੱਧੀ... ਆਹ ਭਾਂਡੇ ਮਾਂਜਦਿਆਂ ਪਹਿਲਾਂ..?’’ ਮੀਂਹ ਹੋਰ ਵੀ ਤੇਜ਼ ਹੋ ਗਿਆ। ‘ਨਿਆਣਿਓਂ ਤੁਸੀਂ ਆਖ ਕੇ ਦੇਖੋ ਰੱਬ ਨੂੰ ਕੀ ਪਤੈ ਤੁਹਾਡੀ ਮੰਨ ਲਵੇ।’’ ਮਾਂ ਨੇ ਬੱਚਿਆਂ ਨੂੰ ਕਿਹਾ।
‘‘ਹੇ ਸੱਚੇ ਪਾਤਸ਼ਾਹ, ਮੀਂਹ ਬੰਦ ਕਰ ਦਿਓ।’’ ਉਨ੍ਹਾਂ ਦੇ ਸੱਤਾਂ ਕੁ ਵਰ੍ਹਿਆਂ ਦੇ ਮੁੰਡੇ ਨੇ ਹੱਥ ਜੋੜ ਕੇ ਆਖਿਆ। ਕੁੜੀ ਚੁੱਪਚਾਪ ਹੱਥ ਜੋੜੀ ਖੜ੍ਹੀ ਸੀ। ‘‘ਜੇ ਮੀਂਹ ਬੰਦ ਨਾ ਹੋਇਆ ਮਾਂ, ਫਿਰ ਕੀ ਹੋ ਜੂ?’’ ਮੁੰਡੇ ਨੇ ਭੋਲ਼ੇ ਭਾਅ ਪੁੱਛਿਆ। ‘‘ਚੁੱਪ ਕਰ ਓਏ!’’ ਸਾਧੂ ਸਿੰਘ ਮੱਥਾ ਫੜੀ ਮੰਜੇ ’ਤੇ ਬੈਠਾ ਸੀ। ‘‘ਮਾਂ, ਕਿਵੇਂ ਅਰਦਾਸ ਕਰੀਏ, ਜਿਹੜੀ ਰੱਬ ਨੂੰ ਸੁਣ ਜੇ।’’ ਕੁੜੀ ਨੇ ਮਾਂ ਨੂੰ ਪੁੱਛਿਆ। ਕੁੜੀ ਦੀ ਗੱਲ ਸੁਣ ਕੇ ਮਾਂ ਤੇਜ਼ੀ ਨਾਲ ਝਲਾਨੀ (ਰਸੋਈ) ਵੱਲ ਗਈ। ਸਿਰ ’ਤੇ ਥੈਲੇ ਦੀ ਝੁੰਮੀ ਮਾਰੀ। ਤਵਾ ਲਿਆ ਕੇ ਵਿਹੜੇ ਵਿੱਚ ਮੂਧਾ ਮਾਰ ਦਿੱਤਾ। ਬਰਾਂਡੇ ਵਿੱਚੋਂ ਕੱਖਾਂ ਵਾਲ਼ਾ ਟੋਕਰਾ ਚੁੱਕਿਆ, ਉਹ ਵੀ ਵਿਹੜੇ ਵਿਚਾਲ਼ੇ ਮੂਧਾ ਮਾਰ ਦਿੱਤਾ। ਜਦੋਂ ਉਹ ਨੌਵੀਂ ਦਸਵੀਂ ਵਿੱਚ ਪੜ੍ਹਦੀ ਸੀ, ਜਿਹੜੀ ਗੱਲ ਆਪਣੀ ਮਾਂ ਅਤੇ ਦਾਦੀ ਨੂੰ ਕਰਦਿਆਂ ਦੇਖ ਕੇ ਸੌ-ਸੌ ਦਲੀਲਾਂ ਦਿੰਦੀ ਹੁੰਦੀ ਸੀ, ਅੱਜ ਅਚੇਤ ਹੀ ਉਹੀ ਕੰਮ ਕਰ ਦਿੱਤਾ। ‘‘ਕਿਉਂ ਵਹਿਮਾਂ ’ਚ ਪਈ ਐਂ?’’ ਸਾਧੂ ਸਿੰਘ ਥੋੜ੍ਹਾ ਖਿੱਝ ਕੇ ਬੋਲਿਆ। ‘‘ਮੈਂ ਤਾਂ ਰੱਬ ਨੂੰ ਦੱਸਿਆ ਐ... ਜੇ ਮੀਂਹ ਨਾ ਹਟਿਆ ਤਾਂ ਕੀ ਹੋ ਸਕਦੈ?’’ ਉਹ ਬੋਲੀ। ‘‘ਮਾਂ, ਤਵਾ ਤੇ ਟੋਕਰਾ ਕਿਉਂ ਮੂਧਾ ਮਾਰਿਆ?’’ ਧੀ ਨੇ ਪੁੱਛਿਆ। ‘‘ਪੁੱਤ ਆਪਾਂ ਸਾਰਿਆਂ ਨੇ ਰੱਬ ਅੱਗੇ ਹੱਥ ਜੋੜੇ ਨੇ, ਆਪਣਾ ਕੋਈ ਜ਼ੋਰ ਨ੍ਹੀਂ ਚੱਲਦਾ ਕੁਦਰਤ ਅੱਗੇ..! ਮੈਂ ਆਪਣੇ ਹਿਸਾਬ ਨਾਲ਼ ਰੱਬ ਨੂੰ ਬੇਵਸੀ ਦੱਸੀ ਐ... ਜੇ ਮੀਂਹ ਨਾ ਹਟਿਆ ਤਾਂ ਸਾਡੇ ਤਵੇ ਮੂਧੇ ਹੋ ਜਾ ਜਾਣਗੇ ਤੇ ਰੋਟੀ ਪਕਾਉਣ ਲਈ ਅਨਾਜ ਨ੍ਹੀਂ ਹੋਣਾ। ਡੰਗਰ ਭੁੱਖੇ ਮਰ ਜਾਣਗੇ, ਡੰਗਰਾਂ ਲਈ ਦਾਣਾ-ਚਾਰਾ ਨ੍ਹੀਂ ਹੋਣਾ।’’ ਸਾਧੂ ਸਿੰਘ ਪਤਨੀ ਦੇ ਮੂੰਹ ਵੱਲ ਹੈਰਾਨੀ ਨਾਲ ਦੇਖ ਰਿਹਾ ਸੀ। ‘‘ਅੱਛਿਆ! ਇਸ ਦਾ ਇਹ ਮਤਲਬ ਹੁੰਦੈ?’’ ਸਾਧੂ ਸਿੰਘ ਨੇ ਹੈਰਾਨ ਹੁੰਦਿਆਂ ਕਿਹਾ। ‘‘ਬੇਵਸੀ ਤੇ ਲਾਚਾਰੀ ਦਿਖਾਉਣ ਦਾ ਇਸ ਤੋਂ ਵਧੀਆ ਤਰੀਕਾ ਨ੍ਹੀਂ ਹੋ ਸਕਦਾ ਕੋਈ।’’ ਪਤਨੀ ਬੋਲੀ।
‘‘ਜੇ ਕਿਤੇ ਠੇਕੇ ਆਲ਼ਿਆਂ ਦੇ ਮਨ ਮਿਹਰ ਪੈ ਜਾਵੇ... ਫਿਰ ਤਾਂ ਔਖੇ-ਸੌਖੇ ਸਾਰ ਲਵਾਂਗੇ। ਨਹੀਂ ਤਾਂ ਬੰਦਾ ਮਰ ਈ ਜਾਵੇ।’’ ਸਾਧੂ ਸਿੰਘ ਦੀ ਬੇਚੈਨੀ ਬੋਲ ਰਹੀ ਸੀ। ‘‘ਆਹੋ... ਆਹੀ ਕੰਮ ਰਹਿ ਗਿਆ। ਮਰੇ ਤਾਂ ਉਹ ਨ੍ਹੀਂ ਵਿਚਾਰੇ ਜਿਨ੍ਹਾਂ ਦੇ ਹੜ੍ਹਾਂ ’ਚ ਘਰ, ਡੰਗਰ-ਵੱਛਾ ਸਭ ਰੁੜ੍ਹ ਗਏ। ਤੈਨੂੰ ਕੀ ਹੋਇਆ? ਸਭ ਕੁਝ ਹੈਗਾ, ਦਾਣਿਆਂ ਦਾ ਢੋਲ ਭਰਿਆ... ਕਿਧਰੇ ਨ੍ਹੀਂ ਭੁੱਖੇ ਮਰਦੇ।’’ ਹੜ੍ਹ ਪੀੜਤਾਂ ਦੀ ਗੱਲ ਕਰਕੇ ਪਤਨੀ ਆਪਣੇ ਆਪ ਨੂੰ ਅਤੇ ਆਪਣੇ ਪਤੀ ਨੂੰ ਧਰਵਾਸ ਦੇਣਾ ਚਾਹੁੰਦੀ ਸੀ। ਸਾਧੂ ਸਿੰਘ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਪਿੰਡ ਵਾਲ਼ਿਆਂ ਨਾਲ਼ ਗਿਆ ਸੀ। ਉੱਥੇ ਤਾਂ ਖੇਤ ਦਿਸਣੋਂ ਈ ਹਟ ਗਏ ਸਨ। ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਲੋਕ ਘਰੋਂ ਬੇਘਰ ਹੋ ਗਏ ਸਨ। ਇਹ ਸਾਰਾ ਕੁਝ ਸੋਚ ਕੇ ਉਸ ਨੂੰ ਆਪਣੀ ਤਕਲੀਫ਼ ਛੋਟੀ ਲੱਗੀ। ‘‘ਹਾਂ... ਇਹ ਤਾਂ ਸ਼ੁਕਰ ਐ ਮਾਲਕ ਦਾ ਆਪਾਂ ਤਾਂ ਫੇਰ ਵੀ ਆਪਣੇ ਘਰਾਂ ਅੰਦਰ ਬੈਠੇ ਆਂ।’’ ਉਸ ਨੂੰ ਆਪਣਾ ਦਰਦ ਘੱਟ ਲੱਗਣ ਲੱਗ ਪਿਆ। ਉਨ੍ਹਾਂ ਦੇ ਗੱਲਾਂ ਕਰਦਿਆਂ-ਕਰਦਿਆਂ ਮੀਂਹ ਰੁਕ ਗਿਆ। ਕਿਣਮਿਣ ਹੋ ਰਹੀ ਸੀ। ‘‘ਮਾਂ ਜੇ ਕਿਤੇ ਵੱਡੀ ਸਾਰੀ ਛੱਤਰੀ ਹੋਵੇ, ਸਾਰੇ ਖੇਤਾਂ ਦੀ ਫ਼ਸਲ ਬਚ ਜੂ।’’ ਮੁੰਡੇ ਦਾ ਭੋਲ਼ਾਪਣ ਦੇਖ ਕੇ ਉਨ੍ਹਾਂ ਦੇ ਉਦਾਸ ਚਿਹਰੇ ਵੀ ਮੁਸਕਰਾ ਪਏ।
‘‘ਇਹ ਤਾਂ ਕਦੇ ਕਿਸੇ ਦੇ ਹੱਥ ਨ੍ਹੀਂ ਆਈ ਪੁੱਤਰਾ,’’ ਆਖਦਿਆਂ ਸਾਧੂ ਸਿੰਘ ਉੱਠ ਖੜ੍ਹਾ ਹੋਇਆ ਅਤੇ ਆਪਣੇ ਬੱਚੇ ਦੀ ਗੱਲ੍ਹ ਨੂੰ ਪੋਲਾ ਜਿਹਾ ਥਾਪੜਿਆ ਅਤੇ ਮੱਝਾਂ ਦੀ ਖੁਰਲੀ ਵਿੱਚ ਪਏ ਪੱਠਿਆਂ ’ਤੇ ਦਾਣਾ ਭੁੱਕਣ ਲੱਗਿਆ। ਪਤਨੀ ਭਾਂਡੇ ਮਾਂਜਦਿਆਂ ਬੋਲੀ, ‘‘ਆਪਾਂ ਕਿਹੜਾ ’ਕੱਲੇ ਕੁਦਰਤ ਦੀ ਮਾਰ ਝੱਲ ਰਹੇ ਆਂ। ਖੇਤਾਂ ਆਲ਼ੇ ਸਾਰੇ ਈ ਝੱਲ ਰਹੇ ਨੇ।’’ ‘‘ਚੱਲ ਉਏ ਮਨਾ ਖੇਤ ਗੇੜਾ ਮਾਰ ਆਈਏ..!’’ ਉਸ ਨੇ ਸੋਟੀ ਅਤੇ ਟਾਰਚ ਚੁੱਕ ਲਈ। ਜਵਾਕਾਂ ਨੇ ਮੋਮਬੱਤੀਆਂ ਜਗਾ ਕੇ ਚਾਨਣ ਕਰ ਲਿਆ ਸੀ। ਅਜੇ ਵੀ ਕੋਈ-ਕੋਈ ਕਣੀ ਪੈ ਰਹੀ ਸੀ, ਬਿਜਲੀ ਵੀ ਚਮਕ ਰਹੀ ਸੀ। ਸਾਧੂ ਸਿੰਘ ਨੇ ਨਾਹਰ ਸਿੰਘ ਨੂੰ ਵੀ ਆਵਾਜ਼ ਮਾਰ ਲਈ। ਬਿਜਲੀ ਦੀ ਚਮਕ ਉਨ੍ਹਾਂ ਨੂੰ ਰਾਹ ਦਿਖਾ ਰਹੀ ਸੀ। ‘‘ਇਨ੍ਹਾਂ ਦੀਆਂ ਅੱਖਾਂ ਦੇ ਅੱਥਰੂ ਕਿੱਥੇ ਗਏ?’’ ਬਿਜਲੀ ਨੇ ਰੁੱਖ ਦੇ ਕੋਲ਼ ਨੂੰ ਹੋ ਕੇ ਪੁੱਛਿਆ। ‘‘ਇਨ੍ਹਾਂ ਦੇ ਮਨਾਂ ਦੀ ਹਿੰਮਤ ਨੇ ਸੁਕਾ ਦਿੱਤੇ। ਇਨ੍ਹਾਂ ਨੂੰ ਸਮੱਸਿਆਵਾਂ ਦੀ ਅੱਖ ਵਿੱਚ ਅੱਖ ਪਾ ਕੇ ਦੇਖਣਾ ਆਉਂਦੈ।’’ ਰੁੱਖ ਦੀਆਂ ਟਾਹਣੀਆਂ ਵੀ ਕਿਸਾਨਾਂ ਨੂੰ ਦੇਖ ਕੇ ਮਿਲੇ ਧਰਵਾਸ ਨਾਲ਼ ਝੂਮਣ ਲੱਗੀਆਂ।
ਸੰਪਰਕ: 98767-14004

