ਦਿੱਲੀ-ਨਿਊਯਾਰਕ ਉਡਾਣ ’ਚ ਮਿਲੀ ਧੀ!
ਮੈਂ ਅਤੇ ਮੇਰੀ ਪਤਨੀ ਸੁਰਜੀਤ ਕੌਰ 2004 ਤੋਂ ਲਗਾਤਾਰ ਲਗਪਗ ਹਰ ਦੂਜੇ ਸਾਲ ਅਮਰੀਕਾ ਆਪਣੇ ਪੁੱਤਰ ਕੋਲ ਜਾਂਦੇ ਹਾਂ। ਐਤਕੀਂ ਮੇਰਾ ਅਮਰੀਕਾ ਜਾਣ ਸਮੇਂ ਹਵਾਈ ਸਫ਼ਰ ਦਾ ਤਜਰਬਾ ਨਿਵੇਕਲਾ ਰਿਹਾ। ਅਸੀਂ 8 ਅਪਰੈਲ 2026 ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ...
ਮੈਂ ਅਤੇ ਮੇਰੀ ਪਤਨੀ ਸੁਰਜੀਤ ਕੌਰ 2004 ਤੋਂ ਲਗਾਤਾਰ ਲਗਪਗ ਹਰ ਦੂਜੇ ਸਾਲ ਅਮਰੀਕਾ ਆਪਣੇ ਪੁੱਤਰ ਕੋਲ ਜਾਂਦੇ ਹਾਂ। ਐਤਕੀਂ ਮੇਰਾ ਅਮਰੀਕਾ ਜਾਣ ਸਮੇਂ ਹਵਾਈ ਸਫ਼ਰ ਦਾ ਤਜਰਬਾ ਨਿਵੇਕਲਾ ਰਿਹਾ। ਅਸੀਂ 8 ਅਪਰੈਲ 2026 ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਨਿਊਯਾਰਕ ਲਈ ਰਵਾਨਾ ਹੋਏ। ਇਸ ਉਡਾਣ ਨੇ ਸਾਢੇ ਸੋਲਾਂ ਘੰਟੇ ਵਿੱਚ ਨਿਊਯਾਰਕ ਹਵਾਈਅੱਡੇ ’ਤੇ ਪਹੁੰਚਣਾ ਸੀ। ਉੱਥੇ ਛੇ ਘੰਟੇ ਦੇ ਠਹਿਰਾਅ ਤੋਂ ਬਾਅਦ ਅਸੀਂ ਲਾਸ ਏਂਜਲਸ ਦੀ ਉਡਾਣ ਫੜਨੀ ਸੀ। ਇਹ ਉਡਾਣ ਛੇ ਘੰਟੇ ਦੀ ਸੀ। ਅੱਗੋਂ ਲਾਸ ਏਂਜਲਸ ਤੋਂ ਸਾਡੇ ਲੜਕੇ ਨੇ ਕਾਰ ਰਾਹੀਂ ਸਾਨੂੰ ਸਾਂਡਿਆਗੋ ਲੈ ਕੇ ਜਾਣਾ ਸੀ। ਲਾਸ ਏਂਜਲਸ ਤੋਂ ਸਾਂਡਿਆਗੋ ਦਾ ਸਫ਼ਰ ਦੋ ਘੰਟੇ ਦਾ ਸੀ। ਪਟਿਆਲਾ ਤੋਂ ਚੱਲ ਕੇ ਸਾਂਡਿਆਗੋ ਪਹੁੰਚਣ ਲਈ 40 ਚਾਲੀ ਘੰਟੇ ਲੱਗਣੇ ਸਨ। ਮੱਧਵਰਗੀ ਪਰਿਵਾਰ ਵਿੱਚੋਂ ਹੋਣ ਕਰਕੇ ਅਸੀਂ ਹਮੇਸ਼ਾ ਇਕੌਨੋਮੀ ਕਲਾਸ ਵਿੱਚ ਸਫ਼ਰ ਕਰਦੇ ਸਾਂ। ਇਸ ਵਾਰ ਵਡੇਰੀ ਉਮਰ ਤੇ ਲੰਮਾ ਸਫ਼ਰ ਹੋਣ ਕਰਕੇ ਮੇਰੇ ਲੜਕੇ ਨੇ ਸਾਡੇ ਲਈ ਪ੍ਰੀਮੀਅਮ ਪਲੱਸ ਕਲਾਸ ਦੀਆਂ ਟਿਕਟਾਂ ਲੈ ਕੇ ਦਿੱਤੀਆਂ ਤਾਂ ਜੋ ਅਸੀਂ ਆਰਾਮ ਨਾਲ ਲੰਮਾ ਸਫ਼ਰ ਤੈਅ ਕਰ ਸਕੀਏ। ਇਸ ਤੋਂ ਪਹਿਲਾਂ ਜਦੋਂ ਅਸੀਂ ਸਫ਼ਰ ਕਰਦੇ ਸਾਂ, ਉਦੋਂ ਇੰਟਰਨੈੱਟ ਦਾ ਜ਼ਮਾਨਾ ਨਹੀਂ ਸੀ। ਪੁਰਾਣੀ ਤਕਨੀਕ ਵਾਲੀਆਂ ਸੀਟਾਂ ਹੁੰਦੀਆਂ ਸਨ। ਹੁਣ ਤਾਂ ਫਲਾਈਟ ਵਿੱਚ ਇੰਟਰਨੈੱਟ ਅਤੇ ਟੈਲੀਫੋਨ, ਲੈਪਟੌਪ ਅਤੇ ਹੋਰ ਇਲੈਕਟਰੌਨਿਕ ਉਪਕਰਨਾਂ ਨੂੰ ਚਾਰਜ ਕਰਨ ਦੀ ਸਹੂਲਤ ਵੀ ਉਪਲਬਧ ਹੁੰਦੀ ਹੈ। ਆਧੁਨਿਕ ਤਕਨਾਲੋਜੀ ਦੇ ਸਮੇਂ ਵਿੱਚ ਬਹੁਤ ਸਾਰੀਆਂ ਨਵੀਆਂ ਖੋਜਾਂ ਹੋ ਰਹੀਆਂ ਹਨ, ਜਿਸ ਕਰਕੇ ਹਵਾਈ ਜਹਾਜ਼ਾਂ ਦੀਆਂ ਸੀਟਾਂ ਵਿੱਚ ਵੀ ਤਬਦੀਲੀਆਂ ਹੋ ਰਹੀਆਂ ਹਨ। ਜਹਾਜ਼ ਦੀਆਂ ਸੀਟਾਂ ਅਤੇ ਹੋਰ ਸਹੂਲਤਾਂ ਵਿੱਚ ਨਵੀਆਂ ਤਕਨੀਕਾਂ ਆ ਜਾਣ ਨਾਲ ਸਾਡੇ ਵਰਗੇ ਬਜ਼ੁਰਗਾਂ ਨੂੰ ਇਨ੍ਹਾਂ ਦੀ ਵਰਤੋਂ ਕਰਨ ਵਿੱਚ ਮੁਸ਼ਕਿਲ ਆ ਰਹੀ ਸੀ। ਅਸੀਂ ਸੀਟ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਜੋ ਲੱਤਾਂ ਨਿਸਾਲ ਕੇ ਆਰਾਮ ਨਾਲ ਸੌਂ ਸਕੀਏ, ਪਰ ਸੀਟਾਂ ਐਡਜਸਟ ਨਹੀਂ ਹੋ ਰਹੀਆਂ ਸਨ। ਸਾਡੀਆਂ ਸੀਟਾਂ ਤੋਂ ਥੋੜ੍ਹੀ ਦੂਰ ਬੈਠੀ ਦਿੱਲੀ ਦੀ ਇੱਕ ਪੜ੍ਹੀ-ਲਿਖੀ ਲੜਕੀ ਨੇ ਸਾਡੇ ਕੋਲ ਆ ਕੇ ਸੀਟਾਂ ਐਡਜਸਟ ਕਰਨ ਬਾਰੇ ਜਾਣਕਾਰੀ ਹੀ ਨਹੀਂ ਦਿੱਤੀ ਸਗੋਂ ਖ਼ੁਦ ਹੀ ਸਾਰਾ ਕੁਝ ਕਰ ਦਿੱਤਾ। ਮੇਰੇ ਕੋਲ ਭਾਰਤੀ ਨੰਬਰ ਵਾਲਾ ਮੋਬਾਈਲ ਸੀ। ਮੇਰੇ ਪੁੱਤਰ ਨੇ ਦੱਸਿਆ ਸੀ ਕਿ ਇਸ ਉਡਾਣ ਵਿੱਚ ਇੰਟਰਨੈੱਟ ਦੀ ਸਹੂਲਤ ਹੁੰਦੀ ਹੈ। ਤੁਸੀਂ ਸਾਡੇ ਨਾਲ ਵੱਟਸਐਪ ਰਾਹੀਂ ਤਾਲਮੇਲ ਕਰਦੇ ਰਹਿਣਾ ਤਾਂ ਜੋ ਸਾਨੂੰ ਤੁਹਾਡੇੇ ਬਾਰੇ ਜਾਣਕਾਰੀ ਮਿਲਦੀ ਰਹੇ। ਮੇਰੇ ਕੋਲੋਂ ਟੈਲੀਫੋਨ ’ਤੇ ਇੰਟਰਨੈੱਟ ਦੀ ਇਹ ਸਹੂਲਤ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਉਪਲਬਧ ਨਹੀਂ ਹੋ ਰਹੀ ਸੀ। ਮੈਨੂੰ ਪ੍ਰੇਸ਼ਾਨ ਵੇਖ ਕੇ ਉਹ ਲੜਕੀ ਫਿਰ ਸਾਡੇ ਕੋਲ ਆ ਕੇ ਪੁੱਛਣ ਲੱਗੀ, ‘‘ਅੰਕਲ, ਤੁਸੀਂ ਪ੍ਰੇਸ਼ਾਨ ਕਿਉਂ ਹੋ?’’ ਮੈਂ ਉਸ ਲੜਕੀ ਨੂੰ ਦੱਸਿਆ, ‘‘ਮੈਨੂੰ ਇੰਟਰਨੈੱਟ ਦੀ ਸਹੂਲਤ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ।’’ ਉਸ ਨੇ ਵੀ ਕੋਸ਼ਿਸ਼ ਕੀਤੀ, ਪਰ ਉਹ ਵੀ ਅਸਫ਼ਲ ਰਹੀ। ਫਿਰ ਉਸ ਨੇ ਕਿਹਾ, ‘‘ਤੁਸੀਂ ਆਪਣੇ ਪੁੱਤਰ ਦਾ ਨੰਬਰ ਦੇ ਦਿਓ ਮੈਂ ਆਪਣੇ ਫੋਨ ਤੋਂ ਉਸ ਨੂੰ ਮੈਸੇਜ ਕਰ ਦਿੰਦੀ ਹਾਂ ਕਿ ਤੁਸੀਂ ਠੀਕ ਹੋ।’’ ਉਸ ਲੜਕੀ ਨੇ ਸਾਡੇ ਬੇਟੇ ਨੂੰ ਮੈਸੇਜ ਕਰ ਦਿੱਤਾ ਤੇ ਸਾਡੇ ਲੜਕੇ ਦਾ ਜਵਾਬ ਵੀ ਉਸ ਨੇ ਸਾਨੂੰ ਦੱਸ ਦਿੱਤਾ। ਉਹ ਕਹਿਣ ਲੱਗੀ ਕਿ ਫਲਾਈਟ ਵਿੱਚ ਇੰਟਰਨੈੱਟ ਦਾ ਕੁਨੈਕਸ਼ਨ ਖਰੀਦਣਾ ਪੈਂਦਾ ਹੈ। ਮੇਰੇ ਪੁੱਤਰ ਨੇ ਉਸ ਲੜਕੀ ਨੂੰ ਕਿਹਾ ਕਿ ਉਹ ਇਹ ਕੁਨੈਕਸ਼ਨ ਲੈ ਦੇਵੇ ਅਤੇ ਪੈਸੇ ਉਹ ਔਨਲਾਈਨ ਦੇ ਦੇਵੇਗਾ। ਮੈਂ ਵੀ ਕਿਹਾ, ‘‘ਮੈਂ ਨਕਦ ਪੈਸੇ ਦੇ ਦੇਵਾਂਗਾ।’’ ਉਹ ਕਹਿਣ ਲੱਗੀ, ‘‘ਕਿਉਂ ਵਾਧੂ ਖ਼ਰਚ ਕਰਨਾ ਹੈ? ਮੈਂ ਤੁਹਾਡੀ ਦੇਖ-ਭਾਲ ਆਪ ਹੀ ਕਰਦੀ ਰਹਾਂਗੀ ਤੇ ਤੁਹਾਡੇ ਪੁੱਤਰ ਨੂੰ ਜਾਣਕਾਰੀ ਵੀ ਦਿੰਦੀ ਰਹਾਂਗੀ।’’ ਥੋੜ੍ਹੀ ਦੇਰ ਬਾਅਦ ਉਹ ਫਿਰ ਸਾਡੇ ਕੋਲ ਆ ਗਈ ਅਤੇ ਸਾਡੇ ਮੋਬਾਈਲ ਉਸ ਨੇ ਇੰਟਰਨੈੱਟ ਨਾਲ ਜੋੜ ਦਿੱਤੇ। ਉਸ ਨੇ ਜਾਂ ਤਾਂ ਨੈੱਟ ਖਰੀਦਿਆ ਹੋਵੇਗਾ ਅਤੇ ਜਾਂ ਫਿਰ ਆਪਣੇ ਮੋਬਾਈਲ ਦੇ ਪਰਸਨਲ ਹੌਟ-ਸਪੌਟ ਨਾਲ ਜੋੜ ਕੇ ਸਾਡੇ ਵੱਟਸਐਪ ਚੱਲਣ ਲਾ ਦਿੱਤੇ ਹੋਣਗੇ, ਪਰ ਸਾਡੇ ਕੋਲੋਂ ਕੋਈ ਪੈਸਾ ਨਹੀਂ ਲਿਆ। ਕਿੰਨੀ ਦਿਆਲੂ ਲੜਕੀ ਸੀ। ਸਾਡੇ ਕੋਈ ਲੜਕੀ ਨਹੀਂ ਹੈ, ਸਾਨੂੰ ਇਉਂ ਲੱਗਿਆ ਕਿ ਪਰਮਾਤਮਾ ਨੇ ਸਾਨੂੰ ਧੀ ਦੇ ਦਿੱਤੀ ਹੈ। ਲੜਕੀਆਂ ਕਿੰਨੀਆਂ ਹਮਦਰਦ ਅਤੇ ਦੁੱਖ-ਸੁੱਖ ਦੀਆਂ ਸਹਾਈ ਹੁੰਦੀਆਂ ਹਨ। ਖ਼ਾਸ ਤੌਰ ’ਤੇ ਬਜ਼ੁਰਗਾਂ ਲਈ ਸਹਾਰਾ ਬਣਦੀਆਂ ਹਨ। ਸ਼ਾਇਦ ਉਸ ਨੂੰ ਸਾਡੇ ਰਾਹੀਂ ਉਸ ਦੇ ਆਪਣੇ ਮਾਪੇ ਹੀ ਵਿਖਾਈ ਦੇਣ ਲੱਗ ਪਏ ਸਨ। ਇੱਥੇ ਹੀ ਬੱਸ ਨਹੀਂ, ਫਿਰ ਮੇਰੀ ਕੰਨਾਂ ਵਾਲੀ ਮਸ਼ੀਨ ਦਾ ਚਾਰਜ ਖ਼ਤਮ ਹੋ ਗਿਆ। ਮੈਂ ਆਪਣੀ ਸੀਟ ਦੇ ਨਾਲ ਚਾਰਜਿੰਗ ਪੁਆਇੰਟ ’ਤੇ ਆਪਣਾ ਚਾਰਜਰ ਲਾ ਰਿਹਾ ਸੀ। ਉਹ ਪੁਰਾਣੀ ਤਕਨੀਕ ਦਾ ਹੋਣ ਕਰ ਕੇ ਲੱਗ ਨਹੀਂ ਸੀ ਰਿਹਾ। ਉਹ ਲੜਕੀ ਫਿਰ ਆ ਕੇ ਚਾਰਜਰ ਐਡਜਸਟ ਕਰਨ ਲੱਗੀ, ਪਰ ਉਹ ਚਾਰਜਰ ਫਿੱਟ ਨਾ ਹੋਇਆ। ਫਿਰ ਉਸ ਨੇ ਮੇਰੀ ਕੰਨਾਂ ਵਾਲੀ ਮਸ਼ੀਨ ਆਪਣੇ ਚਾਰਜਰ ਨਾਲ ਚਾਰਜ ਕਰ ਦਿੱਤੀ। ਓਨੀ ਦੇਰ ਨੂੰ ਵੱਟਸਐਪ ਚੱਲਣ ਕਰ ਕੇ ਸਾਡੇ ਦੋਹਾਂ ਦੇ ਮੋਬਾਈਲ ਫੋਨਾਂ ਦਾ ਚਾਰਜ ਖ਼ਤਮ ਹੋ ਗਿਆ। ਉਸ ਲੜਕੀ ਦਾ ਚਾਰਜਰ ਨਵੀਂ ਤਕਨੀਕ ਦਾ ਸੀ। ਇੱਕ ਚਾਰਜਰ ਨਾਲ ਕਈ ਤਾਰਾਂ ਸਨ। ਉਸ ਨੇ ਸਾਡੇ ਫੋਨ ਵੀ ਚਾਰਜ ਕਰ ਦਿੱਤੇ। ਆਲੇ-ਦੁਆਲੇ ਦੀਆਂ ਸੀਟਾਂ ਵਾਲੇ ਯਾਤਰੀ ਉਸ ਲੜਕੀ ਦੀ ਦਰਿਆਦਿਲੀ ਵੇਖ ਕੇ ਹੈਰਾਨ ਹੋ ਰਹੇ ਸਨ। ਨਿਊਯਾਰਕ ਪਹੁੰਚ ਕੇ ਉਸ ਨੇ ਸਾਡੇ ਫੋਨ ਏਅਰਪੋਰਟ ਦੇ ਨੈੱਟ ਨਾਲ ਜੋੜ ਦਿੱਤੇ। ਜਦੋਂ ਅਸੀਂ ਆਪਣੇ ਅਟੈਚੀ ਕੇਸ ਲੈ ਰਹੇ ਸਾਂ ਤਾਂ ਉਹ ਉੱਥੇ ਵੀ ਸਾਡੇ ਕੋਲ ਆ ਗਈ ਅਤੇ ਸਾਡਾ ਸਾਮਾਨ ਉਸ ਨੇ ਚੁੱਕ ਕੇ ਟਰਾਲੀ ’ਚ ਰਖਵਾਇਆ। ਫਿਰ ਉਹ ਮੈਨੂੰ ਕਹਿਣ ਲੱਗੀ ਕਿ ਲਾਸ ਏਂਜਲਸ ਏਅਰਪੋਰਟ ’ਤੇ ਵੀ ਆਪਣੇ ਫੋਨ ਵੀਲ੍ਹਚੇਅਰ ਵਾਲੇ ਤੋਂ ਇੰਟਰਨੈੱਟ ਨਾਲ ਜੁੜਵਾ ਕੇ ਆਪਣੇ ਪੁੱਤਰ ਨਾਲ ਗੱਲ ਕਰ ਲੈਣਾ। ਉਸ ਲੜਕੀ ਨੇ ਮੈਨੂੰ ਮੇਰੇ ਮੋਬਾਈਲ ਫੋਨ ਨੂੰ ਇੰਟਰਨੈੱਟ ਨਾਲ ਜੋੜਨ ਦਾ ਤਰੀਕਾ ਸਮਝਾਇਆ। ਮੈਂ ਉਸ ਨੂੰ ਦੱਸਿਆ, ‘‘ਮੈਂ ਆਪਣੇ ਫੋਨ ਲਈ ਗਲੋਬਲ ਪੈਕੇਜ ਲਿਆ ਹੈ, ਜਹਾਜ਼ ਤੋਂ ਬਾਹਰ ਤਾਂ ਮੇਰਾ ਫੋਨ ਚੱਲ ਪਵੇਗਾ।’’ ਉਸ ਨੇ ਦੱਸਿਆ ਕਿ ਉਹ ਹਿਊਸਟਨ ਆਪਣੇ ਪਰਿਵਾਰ ਨਾਲ ਰਹਿੰਦੀ ਹੈ, ਪਰ ਉਸ ਦੇ ਮਾਪੇ ਦਿੱਲੀ ਰਹਿੰਦੇ ਹਨ ਅਤੇ ਉਹ ਦਿੱਲੀ ਆਪਣੇ ਬਿਮਾਰ ਪਿਤਾ ਦੀ ਖ਼ਬਰ ਲੈਣ ਗਈ ਸੀ। ਸਾਡੇ ਸਮਾਜ ਵਿੱਚ ਲੜਕੀਆਂ ਨਾਲੋਂ ਲੜਕਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇੱਥੋਂ ਤੱਕ ਕਿ ਭਰੂਣ ਹੱਤਿਆ ਵੀ ਕਰਵਾ ਦਿੱਤੀ ਜਾਂਦੀ ਹੈ ਜਦੋਂਕਿ ਲੜਕੀਆਂ ਹੀ ਆਪਣੇ ਮਾਪਿਆਂ ਦਾ ਸਭ ਤੋਂ ਵੱਧ ਧਿਆਨ ਰੱਖਦੀਆਂ ਹਨ। ਖ਼ਬਰਾਂ ਤੋਂ ਪਤਾ ਲੱਗਦਾ ਹੈ ਕਿ ਲੜਕੇ ਜ਼ਮੀਨ ਜਾਇਦਾਦ ਦੇ ਝਗੜਿਆਂ ਕਰ ਕੇ ਆਪਣੇ ਮਾਪਿਆਂ ਨਾਲ ਚੰਗਾ ਵਿਹਾਰ ਨਹੀਂ ਕਰਦੇ। ਅਸੀਂ ਪਰਵਾਸ ਵਿੱਚ ਜਾਂਦੇ ਰਹਿੰਦੇ ਹਾਂ। ਉੱਥੇ ਆਮ ਸੁਣਨ ਤੇ ਵੇਖਣ ਵਿੱਚ ਆਉਂਦਾ ਹੈ ਕਿ ਜਿਹੜੇ ਬਜ਼ੁਰਗਾਂ ਦੇ ਪਾਰਕਾਂ ਵਿੱਚ ਆਉਣ ਸਮੇਂ ਪਰੈੱਸ ਕੀਤੇ ਸਾਫ਼-ਸੁਥਰੇ ਕੱਪੜੇ ਪਹਿਨੇ ਹੁੰਦੇ ਹਨ, ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੀ ਲੜਕੀ ਕੋਲ ਰਹਿੰਦੇ ਹੋਣਗੇ। ਭਾਵ ਲੜਕੀਆਂ ਮਾਪਿਆਂ ਦਾ ਬਿਹਤਰ ਢੰਗ ਨਾਲ ਧਿਆਨ ਰੱਖਦੀਆਂ ਹਨ, ਪਰ ਲੜਕਿਆਂ ਦਾ ਪ੍ਰਭਾਵ ਬਹੁਤਾ ਚੰਗਾ ਨਹੀਂ। ਫਿਰ ਵੀ ਸਾਡਾ ਪੰਜਾਬੀ ਸਮਾਜ ਲੜਕੀ ਦੇ ਜੰਮਣ ਨੂੰ ਚੰਗਾ ਨਹੀਂ ਸਮਝਦਾ, ਪਰ ਲੜਕੀਆਂ ਸੱਭਿਆ ਸਮਾਜ ਦਾ ਸਰਮਾਇਆ ਹਨ।
ਸੰਪਰਕ: 94178-13072
ਈ-ਮੇਲ: ujagarsingh48@yahoo.com

