ਨਜ਼ਮ

ਕਰਤਾਰਾ ਬੜਾ ਟੇਡਾ ਜੀਅ ਐ

ਕਰਤਾਰਾ ਬੜਾ ਟੇਡਾ ਜੀਅ ਐ

ਕਰਤਾਰਾ ਬੜਾ ਟੇਡਾ ਜੀਅ ਐ

ਜਿਸ ਦਿਨ ਜੰਮਿਆ ਸੀ

ਕੋਈ ਹੋਰ ਨ੍ਹੀ ਸੀ ਜੰਮਿਆ

ਕਰਤਾਰਾ ਨਹੀਂ ਜਾਣਦਾ

ਹਾਰਨਾ-ਲਿਫਣਾ ਜਾਂ ਡਰਨਾ

ਤੇ ਨਾਹੀਂ ਉਸਨੇ ਸਿੱਖਿਆ ਹੈ

ਡਾਹਢਿਆਂ ਅੱਗੇ ਰੀਂਗਣਾ ਤੇ ਜੀ ਜੀ ਕਰਨਾ

ਉਹਨੂੰ ਤਾਂ ਬੱਸ ਇੱਕੋ ਗੱਲ ਆਉਂਦੀ ਹੈ

ਹੱਕ ਤੇ ਸੱਚ ਲਈ ਲੜਨਾ।

ਕਰਤਾਰਾ ਹਰ ਵਕਤ

ਝੰਡੀ ਮੋਢੇ 'ਤੇ ਰੱਖਦਾ ਹੈ

ਕੀ ਪਤਾ ਕਿੱਥੇ ਮੋਰਚਾ ਲਾਉਣਾ ਪੈ ਜਾਏ ?

ਪੁੱਛੋ ਤਾਂ ਆਖਦੈ:

ਝੰਡੀ ਹਾਕਮ ਦੀ ਹਿੱਕ 'ਚ ਗੱਡਣੀ ਐ।

ਮੁਖੀਏ ਨੇ ਕਾਨੂੰਨ ਬਣਾਏ

ਉਸਦੇ ਚੇਲੇ ਚਾਪੜਿਆਂ

ਚੈੱਨਲਾਂ 'ਤੇ ਬੈਠ

ਕਰਤਾਰੇ ਨੂੰ ਕਾਨੂੰਨ ਸਮਝਾਏ

ਕਾਨੂੰਨਾਂ ਦੇ ਫਾਇਦੇ ਗਿਣਾਏ

ਨਵੇਂ ਨਵੇਂ ਸੁਪਨੇ ਵਿਖਾਏ

ਆਵਦੇ ਵਲੋਂ ਸਾਰਾ ਜੋਰ ਲਾ ਲਿਆ

ਪਰ ਕਰਤਾਰੇ ਦੀ ਸਮਝ 'ਚ ਨਾ ਆਏ।

ਹਾਕਮ ਆਖਦੈ:

ਕਰਤਾਰਾ ਹਿੰਡੀ ਈ ਨਹੀਂ

ਮੂਰਖ ਵੀ ਐ

ਫਾਇਦੇ ਵਾਲੀ ਗੱਲ ਵੀ ਨਹੀਂ ਸਮਝਦੈ।

ਕਰਤਾਰੇ ਇੱਕੋ ਹਿੰਡ ਫੜੀ ਰੱਖੀ:

ਅਹੀਂ ਨ੍ਹੀ ਜੇ ਫੈਦਾ ਕਰਾਉਣਾ

ਆਵਦੇ ਕਾਨੂੰਨ ਸਾਂਭ ਕੇ ਰੱਖ

ਸਿਆਲਾਂ 'ਚ ਧੂਣੀ ਬਾਲਣ ਦੇ ਕੰਮ ਆਉਣਗੇ।

ਮੁਖੀਏ ਨੂੰ ਗੁੱਸਾ ਆਇਆ

ਉਸਨੇ ਡਾਂਗਾਂ ਨੂੰ ਹੁਕਮ ਸੁਣਾਇਆ

ਡਾਂਗਾਂ ਸਤਿਬਚਨ ਆਖ ਮੰਨਿਆ

ਡਾਂਗਾਂ ਟੁੱਟ ਗਈਆਂ--ਕਰਤਾਰਾ ਨ੍ਹੀ ਟੁੱਟਿਆ

ਫਿਰ ਪਾਣੀ ਦੀਆਂ ਬੁਛਾਰਾਂ ਆਈਆਂ

ਪਾਣੀ ਕਰਤਾਰੇ ਅੱਗੇ ਪਾਣੀ ਪਾਣੀ ਹੋ ਗਿਆ

ਕਰਤਾਰਾ ਕੰਡਿਆਲੀਆਂ ਤਾਰਾਂ ਇਉਂ ਟੱਪ ਗਿਆ

ਜਿਵੇਂ ਮਹਿਬੂਬ ਨੂੰ ਮਿਲਣ ਚੱਲਿਆ ਹੋਵੇ

ਕਰਤਾਰੇ ਮੁਖੀਏ ਦੇ ਬੂਹੇ ਜਾ ਪਲੱਥੀ ਮਾਰੀ

ਮੁਖੀਆ ਮੀਸਣੀ ਹਾਸੀ ਹੱਸਿਆ:

ਕਿੰਨੇ ਕੁ ਦਿਨ ਬੈਠਾ ਰਹੂ ?

ਥੱਕ ਹਾਰ ਕੇ ਚਹੁੰ ਦਿੰਨਾਂ ਨੂੰ ਮੁੜ ਜਾਊ।

ਮੁਖੀਏ ਕੋਲ ਜਬਰ ਸੀ

ਕਰਤਾਰੇ ਪੱਲੇ ਸਬਰ ਸੀ

ਮੁਖੀਏ ਕੋਲ ਸੱਤਾ ਸੀ

ਕਰਤਾਰਾ ਦਿਲੋਂ ਮਨੋ ਸੱਚਾ ਸੀ

ਮੁਖੀਏ ਦੇ ਪਾਸ਼ੂਆਂ

ਕਰਤਾਰੇ ਨੂੰ ਦੇਸ਼ ਧਰੋਹੀ ਬਣਾਇਆ

ਪਰ ਕਰਤਾਰਾ ਉੱਕਾ ਨਾ ਘਬਰਾਇਆ

ਉਸ ਕੋਲ ਦੇਸ਼ ਭਗਤੀ ਦਾ ਸਰਟੀਫਿਕੇਟ ਨਹੀਂ

ਦੇਸ਼ ਲਈ ਕੁਰਬਾਨੀਆਂ ਦਾ ਇਤਿਹਾਸ ਸੀ।

ਕਰਤਾਰੇ ਕੋਲ ਸੱਚ ਦੀ ਬਾਣੀ ਸੀ

ਕਰਤਾਰੇ ਦੇ ਖੂਨ 'ਚ

ਪੰਜ ਨਦੀਆਂ ਦਾ ਮੁਕੱਦਸ ਪਾਣੀ ਸੀ

ਉਸਦੀ ਪਿੱਠ 'ਤੇ ਸਦੀਆਂ ਦਾ ਇਤਿਹਾਸ ਸੀ

ਸਾਹਾਂ 'ਚ ਕਿਰਤ ਦੀ ਖੁਸ਼ਬੋ ਸੀ

ਅੱਖਾਂ 'ਚ ਸੱਚ ਦੀ ਲੋਅ ਸੀ

ਕਰਤਾਰਾ ਭਲਾ ਕਿਵੇਂ ਹਾਰਦਾ ?

ਇਕ ਪਾਸੇ ਕਰਤਾਰ ਸੀ

ਦੂਜੇ ਪਾਸੇ ਨਫ਼ਸ ਸੀ-ਹੰਕਾਰ ਸੀ

ਹੰਕਾਰ ਨੇ

ਕਰਤਾਰ ਅੱਗੇ ਕਿੰਨਾ ਕੁ ਚਿਰ ਅਟਕਣਾ ਸੀ

ਆਖਰ ਤਾਂ ਹੰਕਾਰ ਨੇ

ਪਿਛਾਂਹ ਵੱਲ ਪਰਤਣਾ ਸੀ।

ਜਬਰ ਦੀ ਧੁੰਦ ਨੇ

ਆਖਰ ਤਾਂ ਛੱਟਣਾ ਸੀ

ਬਾਬਰ ਕਿਆਂ ਨੇ

ਓੜਕ ਨੂੰ ਪਾਸਾ ਵੱਟਣਾ ਸੀ

ਆਪਣਾ ਹੀ ਥੁੱਕਿਆ ਚੱਟਣਾ ਸੀ।

ਕਰਤਾਰੇ ਨੇ ਇਤਿਹਾਸ ਦੇ ਪੰਨਿਆਂ 'ਤੇ

ਇਕ ਹੋਰ ਠੱਪਾ ਲਾਉਣਾ ਸੀ

ਤੇ ਇਸ ਤਰ੍ਹਾਂ ਕਿਰਤੀ ਬਾਬੇ ਦਾ

ਜਨਮ ਦਿਨ ਮਨਾਉਣਾ ਸੀ

ਕਰਤਾਰੇ ਦੀਆਂ ਤਾਂ ਭਾਈ

"ਕਰਤਾਰ" ਹੀ ਜਾਣੇ।

-ਗੁਰਮੀਤ ਕੜਿਆਲਵੀ

9872640994

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All