DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਇਨਕਲਾਬੀ ਰੰਗਮੰਚ ਤੇ ਲੋਕ-ਪੱਖੀ ਸੱਭਿਆਚਾਰਕ ਲਹਿਰ ਦੀ ਸਿਰਜਣਾ

ਨਾਟਕਕਾਰ ਗੁਰਸ਼ਰਨ ਸਿੰਘ ਦਾ ਜਨਮ 1929 ਮੁਲਤਾਨ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਮੁੱਢਲੀ ਪੜ੍ਹਾਈ ਮੁਲਤਾਨ ਤੋਂ ਕੀਤੀ ਤੇ ਫਿਰ ਟੈਕਨੀਕਲ ਕੈਮਿਸਟਰੀ ਵਿੱਚ ਐੱਮ ਐੱਸਸੀ ਦੀ ਡਿਗਰੀ ਹਾਸਲ ਕੀਤੀ ਤੇ 1951 ਭਾਖੜਾ ਨੰਗਲ ਡੈਮ ਤੇ ਨੌਕਰੀ ਸ਼ੁਰੂ ਕੀਤੀ। ਉੱਥੇ ਹੀ 1958...

  • fb
  • twitter
  • whatsapp
  • whatsapp
Advertisement

ਨਾਟਕਕਾਰ ਗੁਰਸ਼ਰਨ ਸਿੰਘ ਦਾ ਜਨਮ 1929 ਮੁਲਤਾਨ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਮੁੱਢਲੀ ਪੜ੍ਹਾਈ ਮੁਲਤਾਨ ਤੋਂ ਕੀਤੀ ਤੇ ਫਿਰ ਟੈਕਨੀਕਲ ਕੈਮਿਸਟਰੀ ਵਿੱਚ ਐੱਮ ਐੱਸਸੀ ਦੀ ਡਿਗਰੀ ਹਾਸਲ ਕੀਤੀ ਤੇ 1951 ਭਾਖੜਾ ਨੰਗਲ ਡੈਮ ਤੇ ਨੌਕਰੀ ਸ਼ੁਰੂ ਕੀਤੀ। ਉੱਥੇ ਹੀ 1958 ਤੋਂ ਨਾਟਕ ਦਾ ਸਫ਼ਰ ਸ਼ੁਰੂ ਹੋਇਆ - ਕਰਤਾਰ ਸਿੰਘ ਦੁੱਗਲ ਦਾ ‘ਦੀਵਾ ਬੁਝ ਗਿਆ’ ਅਤੇ ‘ਲੋਹੜੀ ਦੀ ਹੜਤਾਲ’ ਉਨ੍ਹਾਂ ਦੇ ਪਹਿਲੇ ਨਾਟਕ ਸਨ। 1958 ਵਿੱਚ ਸ਼ੁਰੂ ਹੋਇਆ ਸਫ਼ਰ ਤੇ ਫਿਰ ਅਗਲੇ 50 ਵਰ੍ਹੇ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਵੇਖਿਆ। 27 ਸਤੰਬਰ 2011 ਨੂੰ ਉਨ੍ਹਾਂ ਇਸ ਸੰਸਾਰ ਤੋਂ ਵਿਦਾ ਲਈ।

ਸਤਾਈ ਸਤੰਬਰ ਗੁਰਸ਼ਰਨ ਸਿੰਘ ਹੋਰਾਂ ਦੇ ਵਿਛੋੜੇ ਦਾ ਦਿਨ ਹੈ। ਇਹ ਦਿਹਾੜਾ ਉਨ੍ਹਾਂ ਦੀ ਪੰਜਾਬ ਦੇ ਲੋਕ-ਪੱਖੀ ਰੰਗਮੰਚ ਪ੍ਰਤੀ ਪ੍ਰਤੀਬੱਧਤਾ ਅਤੇ ਘਾਲਣਾ ਨੂੰ ਸਲਾਮ ਕਰਦੇ ਹੋਏ ਇਨਕਲਾਬੀ ਰੰਗਮੰਚ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਇੱਕ ਸੰਵਾਦ ਦਾ ਮੌਕਾ ਵੀ ਹੈ। ਅਜੋਕੇ ਸਮਿਆਂ ਵਿੱਚ ਪੰਜਾਬ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਲਗਾਤਾਰ ਹੁੰਦੇ ਨਾਟਕਾਂ; ਵੱਡੀ ਗਿਣਤੀ ਵਿੱਚ ਨਾਟਕਾਂ ਦੇ ਦਰਸ਼ਕ ਹੋਣ; ਘੋਲਾਂ, ਅੰਦੋਲਨਾਂ, ਧਰਨਿਆਂ ਦੀਆਂ ਸਟੇਜਾਂ ’ਤੇ ਹੁੰਦੇ ਨਾਟਕਾਂ, ਕਵਿਤਾਵਾਂ ਤੇ ਗੀਤ ਗਾਏ ਜਾਣ; ਗ਼ਦਰੀਆਂ ਦੀ ਯਾਦ ਵਿੱਚ ਲੱਗਦੇ ਮੇਲਿਆਂ, ਗ਼ਦਰੀ ਗੂੰਜਾਂ ਗੂੰਜਣ; ਲੋਕ ਨਾਇਕਾਂ ਦੇ ਦਿਨ ਮਨਾਏ ਜਾਣ, ਸਾਰੀ ਸਾਰੀ ਰਾਤ ਦੇ ਸੱਭਿਆਚਾਰਕ ਸਮਾਗਮਾਂ; ਪੁਸਤਕ ਮੇਲਿਆਂ, ਤਰਕਸ਼ੀਲ ਸਭਾਵਾਂ ਅਤੇ ਪੰਜਾਬ ਦੀ ਲੋਕ ਸਿਮਰਤੀ ਵਿੱਚ ਵਸੇ ਨਾਇਕਾਂ ਦੀਆਂ ਲਿਖਤਾਂ ਦੇ ਕਲਾਤਮਿਕ ਮੰਚਨ ਹੋਣ ਦਾ ਵੱਡਾ ਸਿਹਰਾ ਲੋਕ-ਪੱਖੀ ਸੱਭਿਆਚਾਰਕ ਲਹਿਰ ਦੇ ਮੋਢੀ ਉਸਰੱਈਆਂ ਤੇ ਅਣਥੱਕ ਸੱਭਿਆਚਾਰਕ ਕਾਮਿਆਂ ਦੇ ਸਿਰ ਬੱਝਦਾ ਹੈ, ਜਿਨ੍ਹਾਂ ਨੇ ਪੰਜਾਬ ’ਚ ਲੋਕ-ਪੱਖੀ ਸੱਭਿਆਚਾਰ ਬਣਾਇਆ, ਲੋਕ ਕਲਾ ਦਾ ਪਰਚਮ ਬੁਲੰਦ ਕੀਤਾ ਅਤੇ ਇਸ ਨੂੰ ਇੱਕ ਲਹਿਰ ਬਣਾਇਆ।

Advertisement

ਪੰਜਾਬ ਦਾ ਅਮੀਰ ਇਨਕਲਾਬੀ ਸੱਭਿਆਚਾਰਕ ਵਿਰਸਾ ਹੈ। ਇਸ ਦੀ ਵਿਰਾਸਤ ਗ਼ਦਰ ਲਹਿਰ ਵਿੱਚ ਹੈ। ਗ਼ਦਰੀ ਗੂੰਜਾਂ ਦੀ ਕਵਿਤਾ ਸੰਨ 1913 ਤੋਂ ਗਾਈ ਜਾਣ ਲੱਗੀ। ਇਹ ਕਵਿਤਾ ਸੱਤ ਸਮੁੰਦਰਾਂ ਤੇ ਅਨਪੜ੍ਹਤਾ ਦੀਆਂ ਉਹ ਹੱਦਾਂ ਟੱਪ ਗਈ ਸੀ, ਜੋ ਸਿਆਸੀ ਪਰਚੇ ਨਹੀਂ ਟੱਪ ਸਕਦੇ ਸਨ। ਇਸ ਲਈ ਬਰਤਾਨਵੀ ਸਾਮਰਾਜ ਲਈ ਇਹ ਇੰਨੀ ਖ਼ਤਰਨਾਕ ਸੀ ਕਿ ਜ਼ਬਤ ਕੀਤੀ ਜਾਂਦੀ ਰਹੀ। ਗ਼ਦਰੀ ਜਾਣਦੇ ਸਨ ਕਿ ਬਰਤਾਨਵੀ ਹਕੂਮਤ ਬਹੁਤ ਤਾਕਤਵਰ ਹੈ ਅਤੇ ਗ਼ਦਰੀ ਮੁੱਠੀ ਭਰ ਹਨ, ਉਨ੍ਹਾਂ ਕੋਲ ਹਥਿਆਰ ਵੀ ਨਹੀਂ ਹਨ ਪਰ ਉਹ ਹੱਥ ’ਤੇ ਹੱਥ ਧਰ ਕੇ ਬੈਠੇ ਨਾ ਰਹੇ। ਅੱਜ ਕਈ ਕਹਿੰਦੇ ਕਹਾਉਂਦੇ ਬਹੁਤੇ ਸਿਆਣੇ ਕਹਿੰਦੇ ਹਨ ਕਿ ਗ਼ਦਰੀਆਂ ਵਿੱਚ ਜੋਸ਼ ਸੀ, ਪਰ ਹੋਸ਼ ਨਹੀਂ ਸੀ। ਦਰਅਸਲ, ਗ਼ਦਰੀਆਂ ਨੇ ਕਵਿਤਾ ਨੂੰ ਹਥਿਆਰ ਬਣਾਇਆ, ਉਨ੍ਹਾਂ ਦੀ ਕਵਿਤਾ ਨੇ ਹਿੰਦ ਵਾਸੀਆਂ ਨੂੰ ਜਗਾਇਆ ਅਤੇ ਉਹ ਕਵਿਤਾ ਅੱਜ ਵੀ ਸੁਣਨ ਵਾਲਿਆਂ ਨੂੰ ਜੋਸ਼ ਨਾਲ ਭਰ ਦਿੰਦੀ ਹੈ। ਉਨ੍ਹਾਂ ਦੇ ਬੋਲਾਂ ਨੇ ਲੋਕਾਈ ਵਿੱਚ ਉਤਸ਼ਾਹ ਭਰਿਆ। ਉਹ ਲੜੇ ਤੇ ਪੂਰੇ ਜਿਗਰੇ ਨਾਲ ਲੜੇ। ਉਹ ਜੰਗ ਭਾਵੇਂ ਜਿੱਤੇ ਨਹੀਂ, ਪਰ ਉਹ ਹਾਰੇ ਵੀ ਨਹੀਂ। ਗ਼ਦਰੀਆਂ ਨੇ ਸਾਲਾਂਬੱਧੀ ਜੇਲ੍ਹਾਂ ਕੱਟੀਆਂ ਤੇ ਬਾਹਰ ਆ ਕੇ ਫਿਰ ਲੜੇ।

Advertisement

ਇਸ ਵਿਰਾਸਤ ਨੂੰ ਉਨ੍ਹਾਂ ਦੇ ਵਾਰਿਸਾਂ ਨੇ ਸਾਂਭ ਕੇ ਰੱਖਿਆ ਅਤੇ ਅਗਾਂਹ ਤੋਰਿਆ। ਇਪਟਾ ਇਸ ਵਿਧੀ ਨੂੰ 1940ਵਿਆਂ ਵਿੱਚ ਲੋਕਾਂ ਵਿੱਚ ਲੈ ਕੇ ਗਈ। ਹਿੰਦੋਸਤਾਨ ਦੇ ਸਭ ਤੋਂ ਚੋਟੀ ਦੇ ਗੀਤਕਾਰ, ਲੇਖਕ, ਕਵੀ ਅਤੇ ਅਦਾਕਾਰ ਇਪਟਾ ਦਾ ਹਿੱਸਾ ਬਣੇ। ਪੰਜਾਬ ਵਿੱਚ ਇਪਟਾ ਲਹਿਰ ਨੇ ਤੇਰਾ ਸਿੰਘ ਚੰਨ ਦੀ ਅਗਵਾਈ ਹੇਠ ਗੀਤ-ਨਾਟਕਾਂ ਦੀ ਪਿਰਤ ਪਾਈ, ਜਿਸ ਰਾਹੀਂ ਅਮਨ, ਇਨਸਾਫ਼ ਦੀ ਲੋੜ ਅਤੇ ਕਿਰਤ ਦੀ ਲੁੱਟ ਨੂੰ ਉਜਾਗਰ ਕਰਦੇ ਓਪੇਰੇ ਆਮ ਲੋਕਾਂ ਤੱਕ ਲਿਜਾਏ ਗਏ। 1960ਵਿਆਂ ਵਿੱਚ ਗੁਰਸ਼ਰਨ ਸਿੰਘ ਹੋਰਾਂ ਨੇ ਨਾਟਕ ਨੂੰ ਆਡੀਟੋਰੀਅਮ ਤੋਂ ਕੱਢ ਕੇ ਅਗਲੇ ਪੰਜ ਦਹਾਕੇ ਪਿੰਡਾਂ ਦੀਆਂ ਸੱਥਾਂ ਵਿੱਚ ਪਹੁੰਚਾਇਆ। ਉਨ੍ਹਾਂ ਐਮਰਜੈਂਸੀ ਦੇ ਦੌਰ ਵਿੱਚ ਵੀ ਨਾਟਕ ਕੀਤੇ ਅਤੇ ਪੰਜਾਬ ਦੇ ਕਾਲੇ ਦੌਰ ਵਿੱਚ ਵੀ ਰੁਕੇ ਨਹੀਂ ਤੇ ਲੋਕਾਈ ਨੂੰ ਪ੍ਰੇਰਿਤ ਕਰਦੇ ਰਹੇ। ਅਜਮੇਰ ਔਲਖ ਹੋਰੀਂ ਛੋਟੀ ਕਿਸਾਨੀ ਅਤੇ ਬੇਜ਼ਮੀਨੇ ਮਜ਼ਦੂਰਾਂ ਨੂੰ ਪੰਜਾਬੀ ਨਾਟਕ ਵਿੱਚ ਲਿਆਏ ਅਤੇ ਉਨ੍ਹਾਂ ਦੀ ਜ਼ੁਬਾਨ ਬਣੇ। ਸੰਤ ਰਾਮ ਉਦਾਸੀ ਤੇ ਲਾਲ ਸਿੰਘ ਦਿਲ ਨੇ ਜਾਤ ਤੇ ਜਮਾਤ ਦੇ ਅਪਮਾਨ ਬਾਰੇ ਲਿਖਿਆ। ਪਾਸ਼ ਨੇ ਸੁਪਨਿਆਂ ਦੇ ਮਰ ਜਾਣ ਨੂੰ ਸਭ ਤੋਂ ਖ਼ਤਰਨਾਕ ਆਖਿਆ ਅਤੇ 1988 ਵਿੱਚ ਗੋਲੀਆਂ ਦਾ ਸ਼ਿਕਾਰ ਹੋਇਆ। ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਬਹੁਤ ਸਾਰੀਆਂ ਨਾਟ ਟੀਮਾਂ ਨੇ ਲੋਕ-ਪੱਖੀ ਰੰਗਮੰਚ ਨੂੰ ਅਪਣਾਇਆ, ਜੋ ਪੰਜਾਬ ਭਰ ਵਿੱਚ ਇਨਕਲਾਬੀ ਸੱਭਿਆਚਾਰਕ ਲਹਿਰ ਦੀ ਮਸ਼ਾਲ ਜਗਦੀ ਰੱਖ ਰਹੀਆਂ ਹਨ।

ਦਾਬਾ ਅਤੇ ਜਬਰ ਸੱਭਿਆਚਾਰਕ ਮਸਲਾ ਕਿਵੇਂ ਹੈ?

ਜਬਰ ਸਿਰਫ਼ ਜਮਾਤੀ ਤਾਕਤ ’ਤੇ ਹੀ ਨਹੀਂ ਟਿਕਿਆ। ਕਿਸੇ ਅਨਿਆਂਪੂਰਨ ਪ੍ਰਬੰਧ ਨੂੰ ਪੀੜ੍ਹੀਆਂ ਤੱਕ ਕਾਇਮ ਰੱਖਣ ਲਈ ਜ਼ਰੂਰੀ ਹੈ ਕਿ ਲਤਾੜੀ ਜਾ ਰਹੀ ਲੋਕਾਈ ਨੂੰ ਦੁਨੀਆ ਦੀ ਬਣਤਰ ਕੁਦਰਤੀ, ਜਾਇਜ਼ ਜਾਂ ਨਾ-ਬਦਲਣਯੋਗ ਲੱਗੇ। ਜਿੱਥੇ ਬੇਜ਼ਮੀਨੇ ਮਜ਼ਦੂਰ ਨੂੰ ਯਕੀਨ ਹੋਵੇ ਕਿ ਉਸ ਦੀ ਹਾਲਤ ਕਿਸਮਤ, ਰੱਬ ਦੀ ਮਰਜ਼ੀ ਜਾਂ ਨਿੱਜੀ ਨਾਕਾਮੀ ਦਾ ਨਤੀਜਾ ਹੈ। ਇਹ ਯਕੀਨ ਕਾਨੂੰਨਾਂ ਰਾਹੀਂ ਨਹੀਂ ਫੈਲਦਾ। ਇਹ ਧਰਮਾਂ ਦੇ ਪ੍ਰਚਾਰ-ਪਸਾਰ, ਰੀਤਾਂ-ਰਸਮਾਂ, ਫਿਲਮਾਂ ਅਤੇ ਰੋਜ਼ਮੱਰਾ ਦੀ ਬੋਲੀ ਦੀ ਸ਼ਬਦਾਵਲੀ ਰਾਹੀਂ ਸਫ਼ਰ ਕਰਦਾ ਹੈ। ਇਸੇ ਕਰਕੇ ਲੁੱਟ ਵਿਰੁੱਧ ਸੰਘਰਸ਼ ਕੋਈ ਕਾਨੂੰਨੀ ਲੜਾਈ ਨਹੀਂ ਹੈ। ਸੰਘਰਸ਼ ਉਦੋਂ ਸ਼ੁਰੂ ਹੁੰਦੇ ਹਨ ਜਦੋਂ ਇਹ ਬਿਰਤਾਂਤ ਝੂਠਾ ਲੱਗਣ ਲੱਗਦਾ ਹੈ, ਵਿਹੜਿਆਂ ’ਚੋਂ ਸਵਾਲ ਉੱਠਣ ਲੱਗਦੇ ਹਨ ਕਿ ਗ਼ਰੀਬ ਦੀ ਥਾਂ ਨੀਵੀਂ ਹੀ ਕਿਉਂ ਹੈ, ਅੰਨ ਉਗਾਉਣ ਵਾਲੇ ਦੇ ਬਾਲ ਭੁੱਖੇ ਕਿਉਂ ਹਨ, ਮਿੱਟੀ ਨਾਲ ਮਿੱਟੀ ਹੁੰਦੇ ਮਜ਼ਦੂਰ ਦੀਆਂ ਬੁਨਿਆਦੀ ਲੋੜਾਂ ਵੀ ਕਿਉਂ ਪੂਰੀਆਂ ਨਹੀਂ ਹੁੰਦੀਆਂ। ਇਹ ਝੂਠ ਅਕਸਰ ਸਭ ਤੋਂ ਪਹਿਲਾਂ ਕਿਸੇ ਗੀਤ, ਨਾਟਕ ਜਾਂ ਕਵਿਤਾ ਦੇ ਬੋਲਾਂ ਵਿੱਚ ਬੇਪਰਦ ਹੁੰਦਾ ਹੈ। ਇਸ ਝੂਠ ਨੂੰ ਬੇਪਰਦ ਕਰਨਾ ਤੇ ਇਸ ਵਿਰੁੱਧ ਲੜਨ ਦਾ ਜਜ਼ਬਾ ਪੈਦਾ ਕਰਨਾ ਇਨਕਲਾਬੀ ਸੱਭਿਆਚਾਰ ਦੇ ਹਿੱਸੇ ਆਉਂਦਾ ਹੈ। ਪੰਜਾਬ ਦੀਆਂ ਸਟੇਜਾਂ ਦੇ ਪ੍ਰਸਿੱਧ ਨਾਟਕ ‘ਨਵਾਂ ਜਨਮ’ ਦੇ ਅੰਤਲੇ ਸੀਨ ਵਿੱਚ ਸ਼ਿੱਬੂ ਸਾਂਸੀ ਕਹਿੰਦਾ ਹੈ ਕਿ ‘ਬੰਦਾ ਜੇਕਰ ਕਰਨ ’ਤੇ ਆ ਜਾਏ ਤਾਂ ਫੇਰ ਰੱਬ ਦੇ ਕੀਤੇ ਵਿੱਚ ਵੀ ਦਖ਼ਲ ਦੇ ਦਿੰਦਾ ਹੈ’।

ਪੰਜਾਬ ਦੇ ਲੋਕ ਰੰਗਮੰਚ ਨੇ ਬੰਦੇ ਨੂੰ ਰੱਬ ਦੇ ਕੀਤੇ ਵਿੱਚ ਦਖ਼ਲ ਦੇਣ ਲਈ ਪ੍ਰੇਰਿਤ ਕੀਤਾ। ਇਸ ਲਹਿਰ ਨੇ ਪਿੜਾਂ ਵਿੱਚ ਬਹਿ ਕੇ ਨਾਟਕ ਵੇਖਣ ਅਤੇ ਲਹਿਰ ਦੇ ਗੀਤਾਂ ਨੇ ਸਮੂਹਿਕਤਾ ਦਾ ਅਹਿਸਾਸ ਕਰਾਇਆ। ‘ਮਸ਼ਾਲਾਂ ਬਾਲ ਕੇ ਚੱਲਣਾ’, ‘ਤੂੰ ਮਘਦਾ ਰਹੀਂ ਵੇ ਸੂਰਜਾ’, ‘ਛੱਟਾ ਚਾਨਣਾਂ ਦਾ’, ‘ਲਹਿਰਾਂ ਬਣ ਉੱਠੋ’ ਪੜ੍ਹੇ ਨਹੀਂ ਸਗੋਂ ਗਾਏ ਜਾਂਦੇ ਹਨ ਅਤੇ ਉਹ ਹਰ ਉਸ ਸ਼ਖ਼ਸ ਦੇ ਹੁੰਦੇ ਹਨ, ਜੋ ਉਸ ਇਕੱਠ ਵਿੱਚ ਸ਼ਾਮਿਲ ਹੈ ਅਤੇ ਨਾਲ ਰਲ ਕੇ ਗਾਉਂਦਾ ਹੈ। ਸੱਭਿਆਚਾਰਕ ਕਾਰਜ ਨੇ ਲੋਕਾਈ ਨੂੰ ਇਹ ਯਕੀਨ ਦਿਵਾਉਣ ਵਿੱਚ ਹਿੱਸਾ ਪਾਇਆ ਕਿ ਵਿਤਕਰੇ ਭਰਿਆ ਸਮਾਜ ਬਣਾਇਆ ਗਿਆ ਹੈ ਅਤੇ ਜੋ ਬਣਾਇਆ ਗਿਆ ਹੈ ਉਹ ਢਾਹਿਆ ਜਾ ਸਕਦਾ ਹੈ ਤੇ ਉਸ ਦੀ ਥਾਂ ਨਵਾਂ ਉਸਾਰਿਆ ਵੀ ਜਾ ਸਕਦਾ ਹੈ।

ਜੇਕਰ ਇਨਕਲਾਬੀ ਸੱਭਿਆਚਾਰ ਨੇ ਆਮ ਲੋਕਾਈ ਨੂੰ ਚੇਤੰਨ ਕੀਤਾ ਹੈ ਤਾਂ ਹਾਕਮਾਂ ਨੇ ਵੀ ਆਪਣੇ ਦਾਬੇ ਨੂੰ ਮਜ਼ਬੂਤ ਕਰਨ ਲਈ ਸੱਭਿਆਚਾਰਕ ਸੰਦ ਅਤੇ ਹਰ ਹਰਬਾ ਵਰਤਿਆ ਹੈ। 1930ਵਿਆਂ ਵਿੱਚ ਅਡੋਲਫ ਹਿਟਲਰ ਦੀਆਂ ਨਿਊਰਮਬਰਗ ਰੈਲੀਆਂ ਸੰਪੂਰਨ ਥੀਏਟਰ ਸਨ: ਲੱਖਾਂ ਲੋਕਾਂ ਦੇ ਮਾਰਚ, ਨਗਾਰਿਆਂ ਅਤੇ ਬੂਟਾਂ ਦੀ ਨਾ ਰੁਕਣ ਵਾਲੀ ਤਾਲ, ਸਰਚਲਾਈਟਾਂ ਦੀ ਚਕਾਚੌਂਧ ਅਤੇ ਵਿਚਕਾਰ ਇੱਕੋ-ਇੱਕ ਮਹਾਨਾਇਕ ਵਾਂਗ ਉੱਭਰਦਾ ਤਾਨਾਸ਼ਾਹ। ਅਜੋਕੇ ਸਮਿਆਂ ’ਚ ਵੀ ਤਾਨਾਸ਼ਾਹ ਬਿਰਤੀਆਂ ਵਾਲਾ ਹਰ ਆਗੂ ਹਰ ਸਮਾਗਮ ਮੌਕੇ ਆਪ ਕੇਂਦਰ ਵਿੱਚ ਖੜੋਤਾ ਦਿਸਦਾ ਹੈ। ਇਨ੍ਹਾਂ ਸਮਾਗਮਾਂ ਦੀ ਚਕਾਚੌਂਧ ਆਮ ਲੋਕਾਂ ਨੂੰ ਮੰਤਰਮੁਗਧ ਕਰ ਅਵਾਕ ਰਹਿ ਜਾਣ ਵਾਲੇ ਦਰਸ਼ਕ ਵਿੱਚ ਬਦਲ ਦਿੰਦੀ ਹੈ ਅਤੇ ਉਹ ਆਪਣੀ ਹੋਣੀ ਦੇ ਬਦਲਣ ਦੀ ਆਸ ਉਸੇ ਵਿੱਚ ਹੀ ਵੇਖਣ ਲੱਗਦੇ ਹਨ। ਵਿਡੰਬਨਾ ਇਹ ਹੈ ਕਿ ਇਹ ਸਭ ਸੱਭਿਆਚਾਰ ਤੇ ਸਾਂਝੀ ਵਿਰਾਸਤ ਦੇ ਨਾਂ ਹੇਠ ਹੁੰਦਾ ਹੈ।

ਸਾਡੀ ਲੰਮੀ ਤੇ ਠੋਸ ਸੱਭਿਆਚਾਰਕ ਵਿਰਾਸਤ ਹੈ, ਪਰ ਸੱਭਿਆਚਾਰਕ ਲਾਮਬੰਦੀ ਆਮ ਲੋਕਾਈ ਦੇ ਦੁੱਖਾਂ, ਫ਼ਿਕਰਾਂ ਅਤੇ ਸੰਘਰਸ਼ਾਂ ਨਾਲ ਸਿੱਧੇ ਤੌਰ ’ਤੇ ਜੁੜ ਕੇ ਹੀ ਦਿਸਦੀ ਅਣਦਿਸਦੀ ਗ਼ੁਲਾਮੀ ਤੋਂ ਮੁਕਤੀ ਦਾ ਜ਼ਰੀਆ ਬਣਦੀ ਹੈ। ਜੇਕਰ ਇਹ ਜੋਟੀ ਟੁੱਟ ਜਾਏ ਤਾਂ ਰੰਗਮੰਚ ਸਿਰਫ਼ ਤਿਉਹਾਰ ਬਣ ਕੇ ਰਹਿ ਜਾਏਗਾ ਅਤੇ ਉਸ ਰੌਲ਼ੇ ਵਿੱਚ ਸਾਡਾ ਰੰਗਮੰਚ ਕਿਧਰੇ ਗੁਆਚ ਜਾਵੇਗਾ। ਇਹ ਜੋਖ਼ਮ ਹੁਣ ਤਿੱਖਾ ਹੈ। ਲੋੜ ਹੈ ਆਪਣੇ ਥੜ੍ਹਿਆਂ ਨੂੰ ਮਜ਼ਬੂਤ ਕਰਨ ਦੀ। ਅਸੀਂ ਪਹਿਲਾਂ ਵੀ ਇਹ ਚੁਣੌਤੀਆਂ ਕਬੂਲੀਆਂ ਹਨ ਤੇ ਮਜ਼ਬੂਤੀ ਨਾਲ ਬਦਲਵੇਂ ਸੱਭਿਆਚਾਰ ਦੀ ਥਾਂ ਬਣਾਈ ਹੈ। ਇਸ ਦਿਹਾੜੇ ਉਸ ਸੰਕਲਪ ਨੂੰ ਦੁਹਰਾਉਣ ਅਤੇ ਇਸ ਵਿਸ਼ਵਾਸ ਦੀ ਲੋੜ ਹੈ ਕਿ ਜੇਕਰ ਅਸੀਂ ਕਰਨ ’ਤੇ ਆ ਜਾਈਏ ਤਾਂ ਹਾਕਮਾਂ ਦੇ ਕੀਤੇ ਵਿੱਚ ਵੀ ਦਖ਼ਲ ਦੇ ਸਕਦੇ ਹਾਂ।

ਸੰਪਰਕ: 99101-71808

Advertisement
×