ਕਰੋਨਾ
ਕਿੰਨਾ ਭੈੜਾ ਸਮਾਂ ਆ ਗਿਆ ਏ? ਮੌਤ ਦੇ ਭੈਅ ਨੇ ਮਨੁੱਖ ’ਚੋਂ ਮਨੁੱਖਤਾ ਖ਼ਤਮ ਕਰ ਦਿੱਤੀ ਏ। ਹਰ ਕੋਈ ਡਰਿਆ-ਡਰਿਆ, ਸਹਿਮਿਆ-ਸਹਿਮਿਆ ਫਿਰਦਾ ਏ। ਦੁਨੀਆ ਦੇ ਰੰਗ-ਤਮਾਸ਼ਿਆਂ ਵਿੱਚ ਮਸਤ ਹੋਏ ਬੰਦੇ ਦੇ ਮੂੰਹ ’ਤੇ ਮਾਤਮ ਦਾ ਡੇਰਾ ਏ। ਮਾਸਕ ਨਾਲ ਢਕੇ...
ਕਿੰਨਾ ਭੈੜਾ ਸਮਾਂ ਆ ਗਿਆ ਏ? ਮੌਤ ਦੇ ਭੈਅ ਨੇ ਮਨੁੱਖ ’ਚੋਂ ਮਨੁੱਖਤਾ ਖ਼ਤਮ ਕਰ ਦਿੱਤੀ ਏ। ਹਰ ਕੋਈ ਡਰਿਆ-ਡਰਿਆ, ਸਹਿਮਿਆ-ਸਹਿਮਿਆ ਫਿਰਦਾ ਏ। ਦੁਨੀਆ ਦੇ ਰੰਗ-ਤਮਾਸ਼ਿਆਂ ਵਿੱਚ ਮਸਤ ਹੋਏ ਬੰਦੇ ਦੇ ਮੂੰਹ ’ਤੇ ਮਾਤਮ ਦਾ ਡੇਰਾ ਏ। ਮਾਸਕ ਨਾਲ ਢਕੇ ਚਿਹਰਿਆਂ ’ਤੇ ਪਹਿਲਾਂ ਵਾਲਾ ਰੌਂਅ ਨਹੀਂ। ਜਿਹਨੂੰ ਦੇਖੋ, ਮੂੰਹ-ਸਿਰ ਵਲ੍ਹੇਟੀ ਸਾਹਮਣੇ ਵਾਲੇ ਨੂੰ ਦੁਸ਼ਮਣ ਵਾਂਗ ਤੱਕਦਾ ਏ। ਚਾਰ-ਚੁਫੇਰੇ ਇੱਕ ਹੀ ਚਰਚਾ ਏ- ‘ਕਰੋਨਾ! ਕਰੋਨਾ!’ ਪਤਾ ਨਹੀਂ, ਇਹ ਬਿਮਾਰੀ ਏ ਕਿ ਵਹਿਮ ਪਰ ਸਾਰੀ ਦੁਨੀਆ ਨੂੰ ਵਖ਼ਤ ਪਾਇਆ ਹੋਇਐ। ਧਰਤੀ ਅਥਵਾ ਬ੍ਰਹਿਮੰਡ ਵਿੱਚ ਹਲਚਲ ਮੱਚੀ ਹੋਈ ਏ। ਇੱਲਾਂ-ਗਿਰਝਾਂ ਦੇ ਝੁੰਡਾਂ ਵਾਂਗ ਅਕਾਸ਼ ਵਿੱਚ ਉੱਡਦੇ ਜਹਾਜ਼ ਸੁਪਨਾ ਹੋ ਗਏ ਨੇ। ਉੱਡਦੇ ਜਹਾਜ਼ਾਂ ਦੀ ਪੂਛ ਥੱਲਿਓਂ ਥੱਬੇ-ਥੱਬੇ ਜਿੱਡੀਆਂ ਧੂੰਏਂ ਦੀਆਂ ਨਿਕਲਦੀਆਂ ਲਕੀਰਾਂ ਗਾਇਬ ਹੋ ਚੁੱਕੀਆਂ ਹਨ। ਇੰਝ ਜਾਪਦਾ ਏ ਜਿਵੇਂ ਅਕਾਸ਼ ਨੂੰ ਸਾਹ ਆ ਗਿਆ ਹੋਵੇ। ਵਾਤਾਵਰਨ ਵਿੱਚ ਫੈਲਦੀ ਜਾ ਰਹੀ ਦੂਸ਼ਿਤ ਹਵਾ ਨੂੰ ਬਰੇਕ ਲੱਗ ਗਈ ਏ। ਕਾਲੇ ਹੁੰਦੇ ਜਾ ਰਹੇ ਬੱਦਲਾਂ ਦਾ ਰੰਗ ਸਫੈਦ ਹੋਣ ਲੱਗ ਪਿਆ ਏ। ਖੁੱਲ੍ਹੇ ਅਸਮਾਨ ਵਿੱਚ ਉੱਡਦੇ ਪੰਛੀਆਂ ਦੀਆਂ ਢਾਣੀਆਂ ਵਿੱਚ ਚੁੰਝ-ਚਰਚਾ ਜ਼ੋਰਾਂ ’ਤੇ ਸੀ। ‘‘ਧਰਤੀ ’ਤੇ ਵੱਸਦੇ ਮਨੁੱਖਾਂ ਨੂੰ ਕੀ ਹੋ ਗਿਆ ਏ?’’ ਉੱਡੇ ਜਾਂਦੇ ਚਿੜੇ ਨੇ ਨਾਲ ਦੇ ਸਾਥੀ ਨੂੰ ਪੁੱਛਿਆ, ‘‘ਕੋਈ ਸਮਝ ਨਹੀਂ ਆ ਰਹੀ, ਏਨੀ ਚੁੱਪ ਕਿਉਂ ਪੱਸਰ ਗਈ ਏ?’’ ਸਾਥੀ ਆਪ ਹੈਰਾਨ ਸੀ। ‘‘ਨਾ ਕੋਈ ਮੋਟਰ ਗੱਡੀ ਚੱਲ ਰਹੀ ਏ, ਨਾ ਕੋਈ ਕਾਰ-ਸਕੂਟਰ ਦਾ ਸ਼ੋਰ ਏ। ਗੱਲ ਕੀ ਏ?’’ ‘‘ਕਿੰਨੇ ਦਿਨਾਂ ਤੋਂ ਕੋਈ ਜਹਾਜ਼ ਵੀ ਉੱਡਦਾ ਨਹੀਂ ਦੇਖਿਆ?’’ ਨਾਲ ਰਲੇ ਕਬੂਤਰ ਨੇ ਵੀ ਹੈਰਾਨੀ ਜਤਾਈ।
‘‘ਇਹ ਲੋਕਾਂ ਨੂੰ ਹੋ ਕੀ ਗਿਆ ਏ? ਏਨੀ ਗਹਿਰੀ ਖ਼ਾਮੋਸ਼ੀ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖੀ?’’ ਪਿੱਛੇ ਆ ਰਹੀ ਚਿੜੀ ਵੀ ਗੱਲਬਾਤ ਵਿੱਚ ਸ਼ਾਮਲ ਹੋ ਗਈ। ਉਸਦਾ ਨਿੱਕਾ ਜਿਹਾ ਦਿਲ ਕਿਸੇ ਅਣਜਾਣ ਡਰ ਦੇ ਸੰਕੇਤ ਨਾਲ ਧੜਕ ਉੱਠਿਆ। ‘‘ਆਪਾਂ ਨੂੰ ਪਤਾ ਕਰਨਾ ਚਾਹੀਦੈ, ਧਰਤੀ ’ਤੇ ਕੀ ਅਣਹੋਣੀ ਵਰਤ ਰਹੀ ਏ?’’ ਕਬੂਤਰ ਨੂੰ ਵੀ ਚਿੰਤਾ ਹੋਈ। ‘‘ਚਲੋ, ਪਤਾ ਕਰੀਏ।’’ ਚਿੜੇ ਨੇ ਹਾਮੀ ਭਰੀ। ਉਹ ਜਾਨਣ ਲਈ ਕਾਹਲੇ ਸਨ। ਫਿਰ ਉਨ੍ਹਾਂ ਬਿਨਾਂ ਦੇਰ ਕੀਤਿਆਂ ਧਰਤੀ ਦਾ ਰੁਖ਼ ਕੀਤਾ। ਜਦੋਂ ਉਹ ਧਰਤੀ ’ਤੇ ਆਏ ਤਾਂ ਅੱਗੇ ਕੁਝ ਹੋਰ ਸਾਥੀ ਪੰਛੀ ਸੋਚਾਂ ਵਿੱਚ ਡੁੱਬੇ ਬੈਠੇ ਸਨ। ਉਹ ਵੀ ਉਨ੍ਹਾਂ ਦਾ ਹਿੱਸਾ ਬਣ ਗਏ। ਵਾਤਾਵਰਨ ਵਿੱਚ ਚੁੱਪ ਪੱਸਰੀ ਹੋਈ ਸੀ। ਕੋਈ ਵੀ ਉੱਚਾ ਨਹੀਂ ਸੀ ਬੋਲ ਰਿਹਾ, ਜਿਵੇਂ ਸਭ ਦੇ ਸਭ ਗੂੰਗੇ ਹੋਣ, ਜਿਨ੍ਹਾਂ ਨਾ ਬੋਲਣਾ ਸੀ ਤੇ ਨਾ ਹੁੰਗਾਰਾ ਭਰਨਾ ਸੀ। ਉਹ ਤੁਰਦੇ-ਫਿਰਦੇ ਨਿਰਜੀਵ ਬੁੱਤ ਸਨ। ‘‘ਭਾਈ! ਇਸ ਖ਼ਾਮੋਸ਼ੀ ਦਾ ਕੀ ਰਾਜ਼ ਏ? ਸਾਡੇ ਵੀ ਕੁਝ ਪੱਲੇ ਪਾਓ।’’ ਚਿੜੇ ਨੇ ਚੁੱਪ ਤੋੜਦਿਆਂ ਪੁੱਛਿਆ, ਉਹ ਇਸ ਚੁੱਪ ਦਾ ਰਾਜ ਜਾਣਨ ਲਈ ਬੜਾ ਉਤਾਵਲਾ ਸੀ। ‘‘ਧਰਤੀ ’ਤੇ ਇੱਕ ਬਹੁਤ ਹੀ ਭੈੜਾ ਤੇ ਨਾਮੁਰਾਦ ਰੋਗ ਕਰੋਨਾ ਫ਼ੈਲ ਚੁੱਕਾ ਏ। ਮੈਨੂੰ ਵੀ ਕੱਲ੍ਹ ਈ ਪਤਾ ਲੱਗਾ ਏ।’’ ਕਾਂ ਨੇ ਕਿਹਾ- ‘‘ਮੈਂ ਰੋਟੀ ਦੀ ਤਾਕ ਵਿੱਚ ਬਨੇਰੇ ’ਤੇ ਬੈਠਾ ਸੀ। ਜਦ ਘਰ ਦੇ ਜੀਆਂ ਤੋਂ ਏਹ ਖ਼ਬਰ ਕੰਨੀਂ ਪਈ।’’ ਕਾਂ ਥੋੜ੍ਹਾ ਜਿਹਾ ਅੱਗੇ ਨੂੰ ਸਰਕ ਪਿਆ। ‘‘ਏਹ ਲੌਕਡਾਊਨ ਵੀ ਏਸੇ ਕਰਕੇ ਲੱਗਾ ਏ।’’ ਤੋਤੇ ਨੇ ਵੀ ਆਣ ਸਿਰ ਕੱਢਿਆ। ‘‘ਹਾਂ, ਏਹ ਲੌਕਡਾਊਨ ਏਸੇ ਕਰਕੇ ਈ ਲੱਗਾ ਏ ਕਿ ਕੋਈ ਵੀ ਬੰਦਾ ਘਰੋਂ ਬਾਹਰ ਨਾ ਨਿਕਲੇ।’’ ਕਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ- ‘‘ਸਰਕਾਰਾਂ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਦੋ ਤੋਂ ਵੱਧ ਬੰਦੇ ਇਕੱਠੇ ਨਾ ਹੋਣ। ਵੱਧ ਤੋਂ ਵੱਧ ਇਕਾਂਤ ਵਿੱਚ ਰਹੋ। ਆਪਸ ਵਿੱਚ ਦੂਰੀ ਬਣਾ ਕੇ ਰੱਖੋ।’’ ਕਾਂ ਨੂੰ ਸਾਰੀ ਹਕੀਕਤ ਦਾ ਪਤਾ ਸੀ। ਉਹ ਲੋਕਾਂ ਦੀ ਭਾਖਿਆ ਸੁਣ ਕੇ ਆਇਆ ਸੀ। ‘‘ਪਰ ਕਿਉਂ?’’ ਕਾਫ਼ੀ ਚਿਰ ਤੋਂ ਚੁੱਪ ਬੈਠੇ ਬਗਲੇ ਨੇ ਪੁੱਛਿਆ, ‘‘ਧਰਤੀ ’ਤੇ ਵੱਸਦੇ ਮਨੁੱਖਾਂ ਲਈ ਕਹਿਰ ਬਣਿਆ ਕਰੋਨਾ ਇੱਕ ਐਸਾ ਵਾਇਰਸ ਏ, ਬਗਲਾ ਭਗਤ ਜੀ! ਜਿਹੜਾ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਬੜੀ ਤੇਜ਼ੀ ਨਾਲ ਫੈਲ ਰਿਹਾ ਏ। ਇਹ ਵਾਇਰਸ ਸਾਹ ਰਾਹੀਂ ਤੇ ਹੱਥ ਮਿਲਾਉਣ ਨਾਲ ਵੀ ਹਮਲਾ ਕਰ ਦਿੰਦਾ ਏ। ਏਸੇ ਕਰਕੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦਾ ਹੁਕਮ ਏ। ਮੂੰਹ ’ਤੇ ਮਾਸਕ ਪਾ ਕੇ ਬਾਹਰ ਨਿਕਲਣ ਦੀ ਸਖ਼ਤ ਹਦਾਇਤ ਏ।’’
ਕਾਂ ਨੇ ਸੁਣੀ-ਸੁਣਾਈ ਗੱਲ ਅੱਗੇ ਤੋਰਦਿਆਂ ਕਿਹਾ- ‘‘ਜਿਹੜਾ ਵੀ ਕੋਈ ਮਾੜੀ-ਮੋਟੀ ਕੁਤਾਹੀ ਕਰਦਾ ਏ, ਪੁਲੀਸ ਉਹਦੀ ਚਮੜੀ ਉਧੇੜ ਦਿੰਦੀ ਏ। ਕਿਸੇ ਬੰਦੇ ’ਤੇ ਕਰੋਨਾ ਦਾ ਸ਼ੱਕ ਵੀ ਪੈ ਜਾਵੇ ਤਾਂ ਦਸ ਤੋਂ ਪੰਦਰਾਂ ਦਿਨ ਤੱਕ ਆਈਸੋਲੇਟ ਕੀਤਾ ਜਾਂਦਾ ਏ।’’ ‘‘ਕਾਂ ਵੀਰੇ! ਇਹ ਕੀ ਹੁੰਦਾ ਏ?’’ ਗੁਟਾਰ ਨੂੰ ਸਮਝ ਨਹੀਂ ਸੀ ਆਈ। ‘‘ਮਤਲਬ- ਕਰੋਨਾ ਵਾਲੇ ਬੰਦੇ ਨੂੰ ਕਿਸੇ ਥਾਂ ਇਕੱਲਿਆਂ ਰੱਖਿਆ ਜਾਂਦਾ ਏ ਤਾਂ ਕਿ ਕਿਸੇ ਹੋਰ ਨੂੰ ਕਰੋਨਾ ਨਾ ਹੋ ਜਾਵੇ।’’ ਕਾਂ ਨੇ ਜਿਵੇਂ ਸੁਣਿਆ ਸੀ, ਉਵੇਂ ਅੱਗੇ ਦੱਸ ਦਿੱਤਾ। ‘‘ਹੱਛਾ!’’ ਸੁਣਨ ਵਾਲਿਆਂ ਦੇ ਹੈਰਾਨੀ ਨਾਲ ਮੂੰਹ ਅੱਡੇ ਰਹਿ ਗਏ। ‘‘ਏਹਦੇ ਵਿੱਚ ਰਤਾ ਭਰ ਵੀ ਝੂਠ ਨਹੀਂ।’’ ਘੁੱਗੀ ਨੇ ਕਾਂ ਦੀ ਗੱਲ ਨਾਲ ਸਹਿਮਤ ਹੁੰਦਿਆਂ ਆਖਿਆ, ‘‘ਮੈਂ ਹੁਣੇ-ਹੁਣੇ ਇੱਕ ਘਰੋਂ ਆਈ ਆਂ। ਲੋਕ ਕਰੋਨਾ ਤੋਂ ਬੜੇ ਡਰੇ ਹੋਏ ਨੇ।’’ ‘‘ਏਨਾ ਖ਼ੌਫ ਏ ਮਨੁੱਖ ਜਾਤੀ ਵਿੱਚ!’’ ਚਿੜੇ ਨੂੰ ਜਿਵੇਂ ਸੱਚ ਨਹੀਂ ਸੀ ਆ ਰਿਹਾ। ‘‘ਇਸ ਤੋਂ ਵੀ ਕਿਤੇ ਵੱਧ? ਕਰੋਨਾ ਦੇ ਖ਼ੌਫ ਨਾਲ ਅੱਧ-ਮਰੇ ਹੋਏ ਪਏ ਨੇ।’’ ਘੁੱਗੀ ਕਹਿ ਰਹੀ ਸੀ- ‘‘ਕਿਸੇ ਨੂੰ ਜ਼ੁਕਾਮ ਲੱਗ ਜਾਵੇ? ਕਿਸੇ ਨੂੰ ਇੱਕ-ਦੋ ਛਿੱਕਾਂ ਆ ਜਾਣ? ਕੋਈ ਉਹਦੇ ਨੇੜੇ ਨਹੀਂ ਲੱਗਦਾ। ਕਰੋਨਾ ਦਾ ਸ਼ੱਕ ਹੋਣ ਨਾਲ ਈ ਮਾਂ, ਪੁੱਤ ਤੋਂ ਦੂਰ ਭੱਜਦੀ ਏ ਅਤੇ ਪੁੱਤ, ਮਾਂ ਤੋਂ ਪਾਸਾ ਵੱਟ ਜਾਂਦਾ ਏ। ਕੋਈ ਮਰਦੇ ਪਏ ਦੇ ਮੂੰਹ ਵਿੱਚ ਪਾਣੀ ਦੀ ਘੁੱਟ ਨਹੀਂ ਪਾਉਂਦਾ।’’ ‘‘ਇਹ ਤਾਂ ਬੜੀ ਚਿੰਤਾ ਵਾਲੀ ਗੱਲ ਏ।’’ ਚਿੜਾ ਤੇ ਕਬੂਤਰ ਇਕੱਠੇ ਹੀ ਬੋਲ ਪਏ।
‘‘ਹਸਪਤਾਲ ਕਰੋਨਾ ਦੇ ਮਰੀਜ਼ਾਂ ਨਾਲ ਭਰੇ ਪਏ ਨੇ। ਮੌਤ ਦਾ ਮਾਤਮ ਛਾਇਆ ਹੋਇਆ ਏ। ਕੋਈ ਦਵਾ-ਦਾਰੂ ਦੇਣ ਵਾਲਾ ਨਹੀਂ। ਡਾਕਟਰ ਮਰੀਜ਼ ਨੂੰ ਦੇਖਣ ਤੋਂ ਡਰਦੇ ਏ। ਮੂੰਹਾਂ ’ਤੇ ਮਾਸਕ, ਅੱਖਾਂ ’ਤੇ ਐਨਕਾਂ ਤੇ ਮੋਢਿਆਂ ਤੱਕ ਪਲਾਸਟਿਕ ਦੇ ਗਲੱਵਜ਼ ਚੜ੍ਹਾਏ ਨੇ ਪਰ ਫਿਰ ਵੀ ਮਰੀਜ਼ ਤੋਂ ਪੰਜ ਫੁੱਟ ਦੂਰ ਰਹਿੰਦੇ ਨੇ। ਕੋਈ ਡਾਕਟਰ ਜਾਂ ਨਰਸ ਮਰੀਜ਼ ਦੇ ਨੇੜੇ ਨਹੀਂ ਆਉਂਦੀ। ਫੋਰ ਕਲਾਸ ਮੁਲਾਜ਼ਮ ਮਾੜਾ-ਮੋਟਾ ਗੋਲੀ-ਗੱਟਾ ਦੇ ਕੇ ਸਾਰ ਦਿੰਦਾ ਏ। ਹਸਪਤਾਲਾਂ ਵਿੱਚ ਗੰਦ ਪਿਆ ਏ। ਮਰੀਜ਼ ਤੜਫ਼-ਤੜਫ਼ ਕੇ ਮਰ ਰਹੇ ਨੇ। ਪਰ ਕੋਈ ਡਾਕਟਰ, ਨਰਸ ਜਾਂ ਕੰਪਾਊਂਡਰ ਨੇੜੇ ਨਹੀਂ ਆਉਂਦਾ। ਸਗੋਂ ਦੂਰ ਭੱਜਦਾ ਏ, ਜਿਵੇਂ ਮਰੀਜ਼ ਕਰੰਟ ਮਾਰਦਾ ਹੋਵੇ।’’ ਘੁੱਗੀ ਪੱਤਰਕਾਰਾਂ ਵਾਂਗ ਸਿਹਤ ਪ੍ਰਬੰਧ ਦੀ ਪੋਲ ਖੋਲ੍ਹ ਰਹੀ ਸੀ। ਕਰੋਨਾ ਹਰ ਮਨੁੱਖ ਦੇ ਜ਼ਿਹਨ ਵਿੱਚ ਨਾਸੂਰ ਬਣ ਗਿਆ ਸੀ। ਕਰੋਨਾ ਮੌਤ ਦਾ ਦੂਜਾ ਰੂਪ ਸੀ। ਜਿਸਨੂੰ ਹੋ ਗਿਆ, ਉਹ ਜਿਊਣ ਦੀ ਆਸ ਛੱਡ ਦਿੰਦਾ। ਜਿਸ ਦੀ ਰਿਪੋਰਟ ਵਿੱਚ ਕਰੋਨਾ ਪਾਜ਼ੇਟਿਵ ਆ ਜਾਂਦਾ ਤਾਂ ਉਹ ਸੁਣ ਕੇ ਹੀ ਢੇਰੀ ਢਾਹ ਜਾਂਦਾ। ਵੱਡੇ-ਵੱਡੇ ਦਿਲਾਂ ਵਾਲੇ ਬੰਦੇ ਵੀ ਹੌਸਲਾ ਛੱਡ ਜਾਂਦੇ। ਇਸ ਕਦਰ ਕਰੋਨਾ ਦਾ ਖੌਫ਼ ਲੋਕਾਂ ਦੇ ਦਿਲਾਂ ’ਤੇ ਛਾ ਗਿਆ ਸੀ। ‘‘ਪਰ ਡਾਕਟਰ ਤਾਂ ਹਰ ਮਰਜ਼ ਦਾ ਇਲਾਜ ਕਰਨ ਲਈ ਹੁੰਦਾ ਏ।’’ ਤੋਤੇ ਨੇ ਉਤਸੁਕਤਾ ਨਾਲ ਪੁੱਛਿਆ, ‘‘ਹੁੰਦਾ ਏ ਪਰ ਕਰੋਨਾ ਦਾ ਕੋਈ ਇਲਾਜ ਈ ਨਹੀਂ।’’ ਕਾਂ ਕਹਿਣ ਲੱਗਾ, ‘‘ਜਿਸ ਮਰਜ਼ ਦਾ ਇਲਾਜ ਈ ਕੋਈ ਨਹੀਂ, ਡਾਕਟਰ ਕੀ ਕਰੇ?’’ ‘‘ਖ਼ਬਰਾਂ ਵਿੱਚ ਦੱਸਦੇ ਆ ਕਿ ਕਰੋਨਾ ਦੀ ਰੋਕਥਾਮ ਲਈ ਵੱਡੇ ਪੱਧਰ ’ਤੇ ਵਿਗਿਆਨੀ ਖੋਜ ਕਰ ਰਹੇ ਨੇ। ਛੇਤੀ ਹੀ ਕੋਈ ਨਾ ਕੋਈ ਵੈਕਸੀਨ ਤਿਆਰ ਹੋਣ ਦੀ ਉਮੀਦ ਏ। ਪਤਾ ਨਹੀਂ, ਏਹ ਸੱਚ ਏ ਕਿ ਝੂਠ ਪਰ ਗੱਲਾਂ ਕੀਤੀਆਂ ਜਾ ਰਹੀਆਂ ਨੇ।’’ ਘੁੱਗੀ ਨੇ ਆਪਣੀ ਫਿਲਾਸਫੀ ਘੋਟ ਦਿੱਤੀ।
‘‘ਏਹ ਗੱਲ ਤਾਂ ਮੇਰੇ ਕੰਨੀਂ ਵੀ ਪਈ ਏ। ਅੱਗੇ ਰੱਬ ਜਾਣਦੈ।’’ ਗੁਟਾਰ ਦਾ ਬੋਲ ਸੀ। ‘‘ਬਹੁਤ ਭੈੜੀਆਂ-ਭੈੜੀਆਂ ਖ਼ਬਰਾਂ ਆ ਰਹੀਆਂ ਨੇ ਕਿ ਹਸਪਤਾਲਾਂ ਵਿੱਚ ਮਰੀਜ਼ ਪੂਰੇ ਨਹੀਂ ਆ ਰਹੇ। ਮਰੀਜ਼ਾਂ ਦੀ ਭੀੜ ਵਧ ਰਹੀ ਏ ਤੇ ਲਾਸ਼ਾਂ ਦੀ ਗਿਣਤੀ ਬੇਹਿਸਾਬੀ ਹੁੰਦੀ ਜਾ ਰਹੀ ਏ। ਸ਼ਮਸ਼ਾਨਘਾਟਾਂ ਵਿੱਚ ਸਸਕਾਰ ਕਰਨ ਦੀ ਵਾਰੀ ਨਹੀਂ ਆਉਂਦੀ। ਸਿਵੇ ਦਿਨ-ਰਾਤ ਲੱਟ-ਲੱਟ ਬਲੀ ਜਾਂਦੇ ਨੇ। ਲੱਗਦਾ ਏ ਸਾਰੀ ਲੋਕਾਈ ਨੇ ਮਰ ਜਾਣਾ ਏ।’’ ਦੂਰੋਂ ਆਈ ਇੱਕ ਇੱਲ ਨੇ ਆਖਿਆ- ਉਹ ਨੂੰ ਸਾਹ ਚੜ੍ਹਿਆ ਹੋਇਆ ਲੱਗਦਾ ਸੀ ਤੇ ਜਾਂ ਫਿਰ ਕਰੋਨੇ ਤੋਂ ਡਰਦੀ ਹੋਈ ਘਬਰਾ ਗਈ ਸੀ। ‘‘ਏਹ ਕਿਹੋ-ਜਿਹਾ ਸਮਾਂ ਆ ਗਿਆ? ਸਿਆਣਿਆਂ ਦਾ ਆਖਣਾ, ਬੰਦਾ ਬੰਦੇ ਦਾ ਦਾਰੂ ਏ।’’ ਚਿੜੀ ਦੇ ਬੋਲਾਂ ਵਿੱਚ ਉਦਾਸੀ ਦਾ ਰੰਗ ਸੀ। ‘‘ਹੁਣ ਉਹ ਗੱਲਾਂ ਕਿੱਥੇ? ਮੈਂ ਅੱਖਾਂ ਨਾਲ ਦੇਖ ਕੇ ਆਈ ਆਂ। ਸਕੇ-ਸੰਬੰਧੀ ਆਪਣਿਆਂ ਦੀਆਂ ਲਾਸ਼ਾਂ ਲੈਣ ਤੋਂ ਡਰ ਰਹੇ ਨੇ ਤੇ ਸਸਕਾਰ ਕੀਹਨੇ ਕਰਨਾ ਏ? ਕਈ ਤਾਂ ਨਦੀਆਂ-ਨਾਲਿਆਂ ਵਿੱਚ ਸੁੱਟ-ਸੁੱਟ ਭੱਜ ਰਹੇ ਨੇ। ਮੇਰਾ ਤਾਂ ਪਾਣੀ ਪੀਣ ਨੂੰ ਜੀਅ ਨਹੀਂ ਕੀਤਾ ਤੇ ਵਾਹੋਦਾਹੀ ਐਥੇ ਆਣ ਅੱਪੜੀ ਆਂ।’’ ਇੱਲ ਨੇ ਅੱਖੀਂ ਦੇਖੀ ਰਾਮ-ਕਹਾਣੀ ਬਿਆਨ ਕੀਤੀ। ਇਸ ਵਿੱਚ ਰਤਾ ਭਰ ਵੀ ਸ਼ੱਕ ਨਹੀਂ ਸੀ। ਕਰੋਨਾ ਕਾਲ ਵਿੱਚ ਇਹ ਸਭ ਕੁਝ ਵਾਪਰ ਰਿਹਾ ਸੀ। ਕਰੋਨਾ ਦੇ ਸਹਿਮ ਨਾਲ ਕੋਈ ਵੀ ਕਿਸੇ ਦੇ ਨੇੜੇ ਨਹੀਂ ਸੀ ਲੱਗਦਾ। ਲੋਕ ਹਸਪਤਾਲਾਂ ਵਿੱਚ ਦਾਖ਼ਲ ਆਪਣੇ ਸਕੇ ਮਰੀਜ਼ਾਂ ਦੀ ਮਰਨ ਉਪਰੰਤ ਲਾਸ਼ ਲਿਜਾਣ ਤੋਂ ਕਿਨਾਰਾ ਕਰਨ ਲੱਗੇ ਜਾਂ ਫਿਰ ਕਿਸੇ ਨੂੰ ਪੈਸੇ ਦੇ ਕੇ ਲਾਸ਼ ਦਾ ਸਸਕਾਰ ਕਰਨ ਲਈ ਸੌਂਪ ਦਿੰਦੇ। ਪਰ ਇਸ ਦੇ ਬਾਵਜੂਦ ਹਜ਼ਾਰਾਂ ਡਾਕਟਰ ਸਨ, ਜਿਹੜੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਬੜੀ ਤਨਦੇਹੀ ਨਾਲ ਕਰ ਰਹੇ ਸਨ। ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਵੀ ਦਿਨ-ਰਾਤ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਸੀ। ਸਰਕਾਰਾਂ ਵੱਲੋਂ ਨਵੇਂ-ਨਵੇਂ ਐਲਾਨ ਹੁੰਦੇ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਖੜ੍ਹਾ ਸੀ।
ਹਰ ਕੋਈ ਆਪਣੀ ਜਾਨ ਬਚਾਉਣ ਲਈ ਫ਼ਿਕਰਮੰਦ ਸੀ। ‘ਜਾਨ ਬਚੀ, ਲਾਖੋਂ ਪਾਏ’ ਦੀ ਕਹਾਵਤ ਅਨੁਸਾਰ ‘ਦੁਨੀਆ ਪਵੇ ਢੱਠੇ ਖੂਹ ਵਿੱਚ’ ਵਾਲੀ ਹਾਲਤ ਸੀ। ‘ਤੈਨੂੰ ਸਾਧ ਨਾਲ ਕੀ, ਤੈਨੂੰ ਚੋਰ ਨਾਲ ਕੀ? ਤੂੰ ਆਪਣੀ ਨਿਬੇੜ, ਤੈਨੂੰ ਹੋਰ ਨਾਲ ਕੀ?’ ਵਾਲਾ ਸਵਾਰਥੀ ਵਰਤਾਰਾ ਹਰ ਮਨੁੱਖ ’ਤੇ ਹਾਵੀ ਹੋ ਚੁੱਕਾ ਸੀ। ‘‘ਵਾਹ! ਮਨੁੱਖ ਜਾਤੀ ਇਸ ਕਦਰ ਡਰੀ ਹੋਈ ਏ ਕਿ ਆਪਣਿਆਂ ਤੋਂ ਈ ਮੂੰਹ ਮੋੜ ਬੈਠੀ ਏ।’’ ਤੋਤੇ ਨੇ ਅਫ਼ਸੋਸ ਨਾਲ ਸਿਰ ਮਾਰਿਆ- ‘‘ਮੈਂ ਆਵਦੀ ਜ਼ਿੰਦਗੀ ਦਰਮਿਆਨ ਮਨੁੱਖ ਜਾਤੀ ਵਿੱਚ ਏਨਾ ਖ਼ੌਫ ਕਦੇ ਨਹੀਂ ਦੇਖਿਆ, ਜਿੰਨਾ ਹੁਣ ਏ।’’ ‘‘ਬਿਲਕੁਲ! ਮੈਂ ਵੀ ਮਨੁੱਖਾਂ ਨੂੰ ਏਨਾ ਖੌਫ਼ਜ਼ਦਾ ਕਦੇ ਨਹੀਂ ਦੇਖਿਆ, ਜਿੰਨਾ ਹੁਣ ਦੇਖ ਰਿਹਾਂ।’’ ਕਾਂ ਨੇ ‘ਹਾਂ’ ਵਿੱਚ ‘ਹਾਂ’ ਮਿਲਾਉਂਦਿਆਂ ਤੋਤੇ ਦੀ ਗੱਲ ਦੀ ਪ੍ਰੋੜਤਾ ਕੀਤੀ- ‘‘ਧਰਤੀ ’ਤੇ ਵੱਸਦਾ ਮਨੁੱਖ ਏਨਾ ਸਵਾਰਥੀ ਤੇ ਲੋਭੀ ਹੋ ਚੁੱਕਾ ਏ ਕਿ ਆਪਣੇ ਸਵਾਰਥ ਅਥਵਾ ਲੋਭੀ ਬਿਰਤੀ ਲਈ ਕਸਾਈ ਬਣ ਗਿਆ ਏ। ਆਪ ਤੋਂ ਮਾੜਿਆਂ ਦਾ ਹੱਕ ਖਾਣਾ ਤੇ ਪਦਾਰਥਵਾਦ ਦੀ ਦੌੜ ਵਿੱਚ ਅੰਨ੍ਹਾ ਹੋਇਆ ਬੰਦਾ ਰੱਬ ਨੂੰ ਭੁੱਲ ਗਿਆ ਏ। ਮੈਨੂੰ ਤਾਂ ਲੱਗਦਾ ਏ, ਏਹ ਸਭ ਕੁਝ ਰੱਬ ਨੇ ਆਪ ਕੀਤਾ ਏ ਤਾਂ ਕਿ ਬੰਦੇ ਨੂੰ ਰੱਬ ਚੇਤੇ ਆ ਜਾਵੇ।’’ ‘‘ਤੇਰੀ ਗੱਲ ਮੈਨੂੰ ਠੀਕ ਜਾਪਦੀ ਏ। ਅੱਜ ਜਿੱਧਰ ਵੀ ਨਜ਼ਰ ਮਾਰੋ, ਠੱਗੀ-ਚੋਰੀ, ਹੇਰਾਫੇਰੀ, ਰਿਸ਼ਵਤਖੋਰੀ, ਆਪਣਿਆਂ ਦੇ ਆਪਣਿਆਂ ਹੱਥੋਂ ਕਤਲ, ਧਰਮਾਂ ਦੇ ਨਾਂ ’ਤੇ ਲੜਾਈਆਂ-ਝਗੜੇ ਆਦਿ ਦਾ ਬੋਲਬਾਲਾ ਵਧਿਆ ਹੋਇਆ ਏ। ਹੁਕਮਰਾਨ ਲੋਕਾਂ ਨੂੰ ਲੜਾ ਕੇ ਅਤੇ ਲੁੱਟ ਕੇ ਐਸ਼ ਕਰ ਰਹੇ ਨੇ। ਦਫ਼ਤਰਾਂ ਵਿੱਚ ਬੈਠੇ ਅਫ਼ਸਰ ਜਨਤਾ ਦੀਆਂ ਜੇਬਾਂ ਖਾਲੀ ਕਰਕੇ ਮੌਜਾਂ ਕਰ ਰਹੇ ਨੇ। ਹਸਪਤਾਲਾਂ ਵਿੱਚ ਡਾਕਟਰ ਮਾਫੀਆ ਕਸਾਈ ਬਣ ਕੇ ਮਰੀਜ਼ਾਂ ਦੀ ਖੱਲ ਉਧੇੜ ਰਿਹਾ ਏ। ਬੇਵਜ੍ਹਾ ਟੈਸਟ, ਅਪਰੇਸ਼ਨ ਤੇ ਦਵਾਈਆਂ ਦੇ ਕਮਿਸ਼ਨ ਖਾ ਕੇ ਵੀ ਢਿੱਡ ਨਹੀਂ ਭਰਦਾ। ਸਮਾਜ ਤੇ ਜਨਤਾ ਦੀ ਰਾਖੀ ਲਈ ਬਣੀਆਂ ਸੁਰੱਖਿਆ ਫੋਰਸਾਂ ਵਾਲੇ ਗਿਰਝਾਂ ਵਾਂਗ ਲੋਕਾਂ ਦਾ ਮਾਸ ਨੋਚ-ਨੋਚ ਕੇ ਖਾ ਰਹੇ ਨੇ। ਉਹ ਕਿਹੜਾ ਮਹਿਕਮਾ ਏ ਜਿੱਥੇ ਕਿਸੇ ਭਲੇ ਬੰਦੇ ਦੀ ਸੁਣਵਾਈ ਹੁੰਦੀ ਏ?’’ ਇੱਲ ਨੇ ਸਮਾਜ ਵਿੱਚ ਉੱਥਲ-ਪੁੱਥਲ ਪੈਦਾ ਕਰਨ ਵਾਲੇ ਸਿਸਟਮ ਦੀ ਸਮੀਖਿਆ ਕੀਤੀ।
‘‘ਥਾਣੇ ਚਲੇ ਜਾਓ, ਬੁਰੇ ਬੰਦਿਆਂ ਦੀ ਆਓ-ਭਗਤ ਹੁੰਦੀ ਏ ਤੇ ਸ਼ਰੀਫਾਂ ਨੂੰ ਧੱਕੇ ਮਾਰੇ ਜਾਂਦੇ ਨੇ। ਦਫ਼ਤਰਾਂ ਵਿੱਚ ਰਿਸ਼ਵਤਖੋਰਾਂ ਨੂੰ ਕੁਰਸੀ ਮਿਲਦੀ ਏ ਤੇ ਭਲੇ ਪੁਰਸ਼ ਧੁੱਪ ਵਿੱਚ ਖੜ੍ਹੇ-ਖੜ੍ਹੇ ਥੱਕੇ-ਟੁੱਟੇ ਖਾਲੀ ਹੱਥ ਘਰਾਂ ਨੂੰ ਮੁੜ ਜਾਂਦੇ ਨੇ।’’ ਤੋਤਾ ਜਜ਼ਬਾਤ ਦੇ ਵਹਿਣ ਵਿੱਚ ਕਾਫ਼ੀ ਕਰੜੇ ਸ਼ਬਦ ਬੋਲ ਗਿਆ। ‘‘ਅਸਲ ਵਿੱਚ ਸਭ ਤੋਂ ਵੱਡਾ ਕੋਈ ਕਰੋਨਾ ਵਾਇਰਸ ਹੈ ਤਾਂ ਉਹ ਮਨੁੱਖ ਹੀ ਹੈ।’’ ਘੁੱਗੀ ਨੇ ਸੌ ਦੀ ਇੱਕ ਸੁਣਾਈ, ‘‘ਕਰੋਨਾ ਦਾ ਤਾਂ ਕੋਈ ਨਾ ਕੋਈ ਹੱਲ ਨਿਕਲ ਆਏਗਾ। ਕੋਈ ਦਵਾਈ ਬੂਟੀ ਬਣ ਜਾਏਗੀ। ਪਰ ਸਮਾਜ ਵਿੱਚ ਫੈਲ ਚੁੱਕੇ ਭ੍ਰਿਸ਼ਟਾਚਾਰ ਦੇ ਕਰੋਨਾ ਦੀ ਕੋਈ ਵੈਕਸੀਨ ਨਹੀਂ ਤੇ ਨਾ ਹੀ ਕਦੇ ਬਣੇਗੀ? ਤਖ਼ਤਾਂ ’ਤੇ ਕਾਬਜ਼ ਹੁਕਮਰਾਨ ਤੇ ਦਫ਼ਤਰਾਂ ਵਿੱਚ ਬੈਠੇ ਅਫਸਰ ਇਸ ਕਰੋਨਾ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਨੇ। ਇਸ ਸਦਾ ਬਹਾਰ ਜਾਂ ਸਥਾਈ ਕਰੋਨਾ ਦਾ ਕੋਈ ਤੋੜ ਨਹੀਂ, ਜਿਸ ਤੋਂ ਮਨੁੱਖਤਾ ਨੂੰ ਮੁਕਤੀ ਮਿਲ ਸਕੇ।’’ ਘੁੱਗੀ ਨੇ ਗੱਲ ਮੁਕਾਈ। ‘‘ਚਲੋ, ਸਾਰੇ ਰਲ ਕੇ ਰੱਬ ਅੱਗੇ ਅਰਦਾਸ ਕਰੀਏ ਕਿ ਆਪਣੀ ਖ਼ਲਕਤ ’ਤੇ ਰਹਿਮ ਕਰੇ। ਲੋਕਾਈ ਨੂੰ ਕਰੋਨਾ ਦੇ ਭੈਅ ਤੋਂ ਮੁਕਤ ਕਰੇ।’’ ਚਿੜੀ ਨੇ ਸਾਰਿਆਂ ਅੱਗੇ ਆਪਣਾ ਪ੍ਰਸਤਾਵ ਰੱਖਿਆ। ‘‘ਹਾਂ, ਏਹ ਠੀਕ ਏ। ਸ਼ਾਇਦ ਲੋਕਾਂ ਦਾ ਭਲਾ ਹੋ ਜਾਏ।’’ ਸਾਰਿਆਂ ਨੇ ਇੱਕ ਆਵਾਜ਼ ਵਿੱਚ ਕਿਹਾ- ਫਿਰ ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਪੰਛੀਆਂ ਦਾ ਝੁੰਡ ਅਸਮਾਨ ਵੱਲ ਉੱਡ ਗਿਆ। ਹੇਠਾਂ ਮਨੁੱਖ ਆਪਣੀ ਬਣਾਈ ਹੋਈ ਦੁਨੀਆ ਵਿੱਚ ਕੈਦ ਸੀ। ਕੁਦਰਤ ਜਿਵੇਂ ਉਡੀਕ ਕਰ ਰਹੀ ਸੀ ਕਿ ਮਨੁੱਖ ਕਦੋਂ ਮਨੁੱਖ ਬਣੇਗਾ?
ਸੰਪਰਕ: 94170-46117

