ਜ਼ਮੀਰ
ਲੜਾਈ ਸ਼ੁਰੂ ਹੋਈ ਤਾਂ ਲੂਇਗੀ ਨਾਮ ਦੇ ਇੱਕ ਸ਼ਖ਼ਸ ਨੇ ਪੁੱਛਿਆ ਕਿ ਕੀ ਉਹ ਬਤੌਰ ਸਵੈਮ-ਸੇਵਕ ਫ਼ੌਜ ਵਿੱਚ ਸ਼ਾਮਿਲ ਹੋ ਸਕਦਾ ਹੈ? ਸਾਰੇ ਲੋਕਾਂ ਨੇ ਉਸ ਵੱਲ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਵੇਖਿਆ। ਲੂਇਗੀ ਉਸ ਜਗ੍ਹਾ ਗਿਆ, ਜਿੱਥੇ ਉਹ ਸਭ ਨੂੰ...
ਲੜਾਈ ਸ਼ੁਰੂ ਹੋਈ ਤਾਂ ਲੂਇਗੀ ਨਾਮ ਦੇ ਇੱਕ ਸ਼ਖ਼ਸ ਨੇ ਪੁੱਛਿਆ ਕਿ ਕੀ ਉਹ ਬਤੌਰ ਸਵੈਮ-ਸੇਵਕ ਫ਼ੌਜ ਵਿੱਚ ਸ਼ਾਮਿਲ ਹੋ ਸਕਦਾ ਹੈ? ਸਾਰੇ ਲੋਕਾਂ ਨੇ ਉਸ ਵੱਲ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਵੇਖਿਆ। ਲੂਇਗੀ ਉਸ ਜਗ੍ਹਾ ਗਿਆ, ਜਿੱਥੇ ਉਹ ਸਭ ਨੂੰ ਬੰਦੂਕਾਂ ਵੰਡ ਰਹੇ ਸਨ। ਇੱਕ ਬੰਦੂਕ ਨੂੰ ਹੱਥ ਵਿੱਚ ਚੁੱਕ ਕੇ ਉਸ ਨੇ ਕਿਹਾ, ‘‘ਹੁਣ ਮੈਂ ਜਾ ਕੇ ਉਸ ਅਲਬਰਤੋ ਦੇ ਬੱਚੇ ਨੂੰ ਜਾਨੋਂ ਮਾਰ ਸੁੱਟਾਂਗਾ।’’
ਲੋਕਾਂ ਨੇ ਜਾਣਨਾ ਚਾਹਿਆ ਕਿ ਅਲਬਰਤੋ ਕੌਣ ਹੈ?
ਲੂਇਗੀ ਨੇ ਕਿਹਾ, ‘‘ਉਹ ਦੁਸ਼ਮਣ ਹੈ, ਮੇਰਾ ਜਾਨੀ ਦੁਸ਼ਮਣ।’’
ਲੋਕਾਂ ਨੇ ਉਸ ਨੂੰ ਦੱਸਿਆ ਕਿ ਉਹ ਜਿਸ ਨੂੰ ਚਾਹੇ ਨਹੀਂ, ਸਿਰਫ਼ ਖ਼ਾਸ ਤਰ੍ਹਾਂ ਦੇ ਦੁਸ਼ਮਣਾਂ ਨੂੰ ਹੀ ਮਾਰ ਸਕਦਾ ਹੈ। ਉਸ ਨੇ ਕਿਹਾ, ‘‘ਤੁਸੀਂ ਕੀ ਸਮਝਦੇ ਹੋ ਮੇਰਾ ਦਿਮਾਗ਼ ਖਰਾਬ ਹੈ? ਇਹ ਅਲਬਰਤੋ ਠੀਕ ਉਸੇ ਖ਼ਾਸ ਤਰ੍ਹਾਂ ਦਾ ਦੁਸ਼ਮਣ ਹੈ ਅਤੇ ਉਨ੍ਹਾਂ ਦਾ ਹੀ ਸਾਥੀ ਹੈ। ਮੈਂ ਜਦੋਂ ਸੁਣਿਆ ਕਿ ਤੁਸੀਂ ਸਾਰੇ ਉਨ੍ਹਾਂ ਲੋਕਾਂ ਖ਼ਿਲਾਫ਼ ਮੋਰਚਾ ਖੋਲ੍ਹ ਰਹੇ ਹੋ ਤਾਂ ਮੈਂ ਤੈਅ ਕੀਤਾ ਕਿ ਮੈਂ ਵੀ ਮੋਰਚੇ ’ਤੇ ਜਾਵਾਂਗਾ ਤੇ ਉਸ ... ਅਲਬਰਤੋ ਨੂੰ ਮੌਤ ਦੇ ਘਾਟ ਉਤਾਰ ਦਿਆਂਗਾ। ਇਸੇ ਵਾਸਤੇ ਮੈਂ ਆਇਆ ਹਾਂ। ਉਸ ... ਅਲਬਰਤੋ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਉਸ ਨੇ ਮੈਨੂੰ ਧੋਖਾ ਦਿੱਤਾ ਅਤੇ ਬਿਨਾਂ ਕਿਸੇ ਕਾਰਨ ਇੱਕ ਔਰਤ ਦੇ ਸਾਹਮਣੇ ਮੇਰੀ ਮਿੱਟੀ ਪਲੀਤ ਕੀਤੀ। ਬਹੁਤ ਪੁਰਾਣੀ ਗੱਲ ਹੈ ਇਹ। ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਮੈਂ ਤੁਹਾਨੂੰ ਪੂਰਾ ਕਿੱਸਾ ਸੁਣਾ ਸਕਦਾ ਹਾਂ।’’ ਉਨ੍ਹਾਂ ਨੇ ਕਿਹਾ, ‘‘ਨਹੀਂ ਨਹੀਂ, ਇਸ ਦੀ ਜ਼ਰੂਰਤ ਨਹੀਂ।’’
ਲੂਇਗੀ ਬੋਲਿਆ, ‘‘ਫਿਰ ਠੀਕ ਹੈ। ਤੁਸੀਂ ਲੋਕ ਮੈਨੂੰ ਇਹ ਦੱਸੋ ਕਿ ਇਹ ਅਲਬਰਤੋ ਦਾ ਬੱਚਾ ਹੈ ਕਿੱਥੇ? ਮੈਂ ਉਸੇ ਜਗ੍ਹਾ ਤੋਂ ਆਪਣੀ ਲੜਾਈ ਦੀ ਸ਼ੁਰੂਆਤ ਕਰਾਂਗਾ।’’ ਉਨ੍ਹਾਂ ਨੇ ਕਿਹਾ, ‘‘ਸਾਨੂੰ ਤਾਂ ਪਤਾ ਨਹੀਂ।’’
ਲੂਇਗੀ ਨੇ ਕਿਹਾ, ‘‘ਕੋਈ ਗੱਲ ਨਹੀਂ। ਕਿਤੇ ਨਾ ਕਿਤੇ ਤਾਂ ਕੋਈ ਉਸ ਨੂੰ ਜਾਣਨ ਵਾਲਾ ਮਿਲੇਗਾ ਹੀ। ਦੇਰ-ਸਵੇਰ ਉਹ ਮੇਰੀ ਪਕੜ ਵਿੱਚ ਆ ਹੀ ਜਾਏਗਾ।’’
ਉਨ੍ਹਾਂ ਨੇ ਕਿਹਾ, ‘‘ਇੰਝ ਨਹੀਂ ਹੋ ਸਕਦਾ। ਤੈਨੂੰ ਉੱਥੇ ਹੀ ਜਾ ਕੇ ਲੜਨਾ ਪਵੇਗਾ, ਜਿੱਥੇ ਤੈਨੂੰ ਭੇਜਿਆ ਜਾਵੇਗਾ। ਉੱਥੇ ਜੋ ਵੀ ਤੈਨੂੰ ਮਿਲੇਗਾ, ਉਸੇ ਨੂੰ ਮਾਰਨਾ ਪਵੇਗਾ।’’ ਉਨ੍ਹਾਂ ਨੇ ਫਿਰ ਪੁੱਛਿਆ ਕਿ ਇਹ ਅਲਬਰਤੋ ਕੌਣ ਹੈ ਤੇ ਕਿੱਥੇ ਹੈ?
ਲੂਇਗੀ ਨੇ ਜ਼ੋਰ ਦੇ ਕੇ ਕਿਹਾ, ‘‘ਦੇਖੋ, ਤੁਸੀਂ ਸਮਝਣ ਦੀ ਸਮਝਣ ਕੋਸ਼ਿਸ਼ ਕਿਉਂ ਨਹੀਂ ਕਰਦੇ? ਮੈਨੂੰ ਤੁਹਾਨੂੰ ਪੂਰਾ ਕਿੱਸਾ ਹੀ ਸੁਣਾਉਣਾ ਪਵੇਗਾ। ਇਹ ਅਲਬਰਤੋ ਛਟਿਆ ਹੋਇਆ ਬਦਮਾਸ਼ ਹੈ। ਉਸ ਖ਼ਿਲਾਫ਼ ਲੜਾਈ ਛੇੜ ਕੇ ਦਰਅਸਲ ਤੁਸੀਂ ਇੱਕ ਸਹੀ ਕਦਮ ਉਠਾਇਆ ਹੈ।’’
ਉਸ ਦੀਆਂ ਗੱਲਾਂ ਵਿੱਚ ਉਨ੍ਹਾਂ ਲੋਕਾਂ ਦੀ ਕੋਈ ਦਿਲਚਸਪੀ ਨਹੀਂ ਸੀ। ਉਨ੍ਹਾਂ ਦੀ ਅਜਿਹੀ ਬੇਰੁਖ਼ੀ ਲੂਇਗੀ ਦੀ ਸਮਝ ਤੋਂ ਬਾਹਰ ਸੀ।
‘‘ਮਾਫ਼ ਕਰਨਾ ਤੁਹਾਨੂੰ ਭਾਵੇਂ ਕੋਈ ਫ਼ਰਕ ਨਾ ਪੈਂਦਾ ਹੋਵੇ ਕਿ ਮੈਂ ਇਸ ਦੁਸ਼ਮਣ ਨੂੰ ਮਾਰਾਂ ਜਾਂ ਉਸ ਨੂੰ। ਪਰ ਜਿੱਥੋਂ ਤੱਕ ਮੇਰਾ ਸਵਾਲ ਹੈ, ਜੇ ਮੈਂ ਅਲਬਰਤੋ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਮਾਰ ਸੁੱਟਿਆ ਤਾਂ ਮੈਨੂੰ ਬਹੁਤ ਬੁਰਾ ਲੱਗੇਗਾ।’’
ਉਸ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦਾ ਸਬਰ ਜਵਾਬ ਦੇਣ ਲੱਗਾ। ਉਨ੍ਹਾਂ ਵਿੱਚੋਂ ਇੱਕ ਨੇ ਕਾਫ਼ੀ ਲੰਮੇ ਮਸ਼ਵਰੇ ਨਾਲ ਉਸ ਨੂੰ ਸਮਝਾਇਆ ਕਿ ਯੁੱਧ ਦਾ ਮਤਲਬ ਕੀ ਹੁੰਦਾ ਹੈ ਅਤੇ ਕਿਵੇਂ ਇਸ ਵਿੱਚ ਆਪਣੀ ਮਰਜ਼ੀ ਦੇ ਕਿਸੇ ਵੀ ਦੁਸ਼ਮਣ ਨੂੰ ਮਾਰ ਸੁੱਟਣਾ ਸੰਭਵ ਨਹੀਂ ਹੁੰਦਾ।
ਲੂਇਗੀ ਨੇ ਮੋਢੇ ਚੜ੍ਹਾਏ, ‘‘ਜੇ ਇੰਜ ਹੈ ਤਾਂ ਮੈਨੂੰ ਆਪਣੀ ਇਸ ਮੁਹਿੰਮ ਤੋਂ ਬਾਹਰ ਹੀ ਸਮਝੋ।’’ ‘‘ਤੂੰ ਬਾਹਰ ਨਹੀਂ ਰਹਿ ਸਕਦਾ। ਤੂੰ ਸਾਡੇ ਨਾਲ ਏਂ ਤੇ ਨਾਲ ਹੀ ਰਹੇਂਗਾ!’’ ਉਹ ਚੀਖੇ ਅਤੇ ਉਨ੍ਹਾਂ ਨੇ ‘ਤੇਜ਼ ਕਦਮ ਆਗੇ ਬੜੇ’, ‘ਏਕ-ਦੋ, ਏਕ-ਦੋ’ ਦੇ ਤਾਲ ਵਿੱਚ ਉਸ ਨੂੰ ਲਾਮ ’ਤੇ ਭੇਜ ਦਿੱਤਾ।
ਲੂਇਗੀ ਬੇਹੱਦ ਨਾਖ਼ੁਸ਼ ਸੀ। ਕਦੇ-ਕਦੇ ਉਹ ਉਂਝ ਹੀ ਲੋਕਾਂ ਨੂੰ ਮਾਰ ਸੁੱਟਦਾ। ਇਸ ਅਣਕਹੀ ਉਮੀਦ ਵਿੱਚ ਕਿ ਸ਼ਾਇਦ ਇਸ ਬਹਾਨੇ ਉਸ ਨੂੰ ਅਲਬਰਤੋ ਜਾਂ ਉਸਦੇ ਘਰ ਵਾਲਿਆਂ ਦਾ ਕੋਈ ਸੁਰਾਗ਼ ਮਿਲ ਜਾਵੇ। ਮਾਰੇ ਗਏ ਹਰੇਕ ਦੁਸ਼ਮਣ ਲਈ ਉਸ ਨੂੰ ਇੱਕ ਤਮਗ਼ਾ ਇਨਾਮ ਵਿੱਚ ਮਿਲਦਾ, ਪਰ ਉਹ ਖ਼ੁਸ਼ ਨਹੀਂ ਸੀ। ਉਹ ਸੋਚਦਾ, ‘‘ਜੇ ਮੈਂ ਅਲਬਰਤੋ ਨੂੰ ਨਾ ਮਾਰ ਸਕਿਆ ਤਾਂ ਇਸ ਦਾ ਮਤਲਬ ਇਹ ਨਿਕਲੇਗਾ ਕਿ ਮੈਂ ਖਾਹਮਖਾਹ ਇੰਨੇ ਸਾਰੇ ਬੰਦਿਆਂ ਦੀ ਜਾਨ ਲੈ ਲਈ।’’ ਅਤੇ ਇਹ ਸੋਚ ਕੇ ਉਸ ਨੂੰ ਬਹੁਤ ਬੁਰਾ ਲੱਗਦਾ।
ਇਸੇ ਦੌਰਾਨ ਉਸ ਨੂੰ ਤਮਗ਼ੇ ਮਿਲਦੇ ਜਾ ਰਹੇ ਸਨ। ਇੱਕ ਤੋਂ ਬਾਅਦ ਇੱਕ ਚਾਂਦੀ ਦੇ, ਸੋਨੇ ਦੇ ਤੇ ਹੋਰ ਪਤਾ ਨਹੀਂ ਕਿਹੜੀ-ਕਿਹੜੀ ਧਾਤ ਦੇ। ਲੂਇਗੀ ਸੋਚਦਾ, ‘‘ਕੁਝ ਅੱਜ ਮਰੇ ਹਨ। ਕੁਝ ਕੱਲ੍ਹ ਮਰਨਗੇ। ਇਸ ਤਰ੍ਹਾਂ ਹੌਲੀ-ਹੌਲੀ ਘਟਦੇ ਜਾਣਗੇ। ਆਖ਼ਰਕਾਰ ਕਦੇ ਨਾ ਕਦੇ ਤਾਂ ਉਸ ... ਅਲਬਰਤੋ ਦੀ ਵਾਰੀ ਵੀ ਆਵੇਗੀ।’’
... ਪਰ ਅਲਬਰਤੋ ਦੇ ਲੱਭਣ ਤੋਂ ਪਹਿਲਾਂ ਹੀ ਦੁਸ਼ਮਣ ਨੇ ਆਤਮ-ਸਮਰਪਣ ਕਰ ਦਿੱਤਾ। ਉਸ ਨੂੰ ਇਹ ਸੋਚ ਕੇ ਬੇਹੱਦ ਸ਼ਰਮਿੰਦਗੀ ਮਹਿਸੂਸ ਹੋਈ ਕਿ ਉਸ ਨੇ ਇੰਨੇ ਲੋਕਾਂ ਨੂੰ ਬੇਵਜ੍ਹਾ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਸ਼ਾਂਤੀ ਬਹਾਲ ਹੋ ਚੁੱਕੀ ਸੀ, ਇਸ ਲਈ ਉਹ ਸਾਰੇ ਤਮਗ਼ੇ ਝੋਲੇ ਵਿੱਚ ਪਾ ਕੇ ਦੁਸ਼ਮਣ ਦੇ ਦੇਸ਼ ਵੱਲ ਨਿਕਲ ਗਿਆ ਅਤੇ ਉੱਥੇ ਉਹ ਸਾਰੇ ਤਮਗ਼ੇ ਮਰਨ ਵਾਲਿਆਂ ਦੇ ਬੀਵੀ ਬੱਚਿਆਂ ਵਿੱਚ ਵੰਡਦਾ ਰਿਹਾ। ਇਸੇ ਤਰ੍ਹਾਂ ਭਟਕਦਿਆਂ ਇੱਕ ਦਿਨ ਅਚਾਨਕ ਉਸ ਦੀ ਮੁਲਾਕਾਤ ਅਲਬਰਤੋ ਨਾਲ ਹੋ ਗਈ। ਉਸ ਨੇ ਕਿਹਾ, ‘‘ਚਲੋ, ਦੇਰ ਆਏ ਦਰੁਸਤ ਆਏ।’’ ਇਹ ਕਹਿ ਕੇ ਉਸ ਨੇ ਅਲਬਰਤੋ ਨੂੰ ਜਾਨੋਂ ਮਾਰ ਸੁੱਟਿਆ।
ਇਸੇ ਵਕਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਉੱਤੇ ਕਤਲ ਦਾ ਮੁਕੱਦਮਾ ਚਲਾ ਕੇ ਫਾਂਸੀ ’ਤੇ ਲਟਕਾ ਦਿੱਤਾ ਗਿਆ। ਮੁਕੱਦਮੇ ਦੌਰਾਨ ਉਹ ਵਾਰ-ਵਾਰ ਦੁਹਰਾਉਂਦਾ ਰਿਹਾ ਕਿ ਅਜਿਹਾ ਉਸ ਨੇ ਆਪਣੀ ਜ਼ਮੀਰ ਨੂੰ ਸ਼ਾਂਤ ਕਰਨ ਲਈ ਕੀਤਾ, ਪਰ ਉਸ ਦੀ ਗੱਲ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ।
ਉੱਘੇ ਇਤਾਲਵੀ ਕਹਾਣੀਕਾਰ ਇਤਾਲੋ ਕੈਲਵਿਨੋ ਦੀ ਇਹ ਕਹਾਣੀ ਵਿਅਕਤੀ ਦੀ ਅੰਦਰੂਨੀ ਦੁਰਲੱਭ ਜ਼ਮੀਰ ਦੀ ਤਲਾਸ਼ ਵਿੱਚ ਵਿਅਕਤੀ ਅਤੇ ਸਮਾਜ ਨਾਲ ਜੁੜੇ ਨੈਤਿਕ ਮੁੱਲਾਂ ’ਤੇ ਗੰਭੀਰ ਸਵਾਲੀਆ ਨਿਸ਼ਾਨ ਲਾਉਂਦੀ ਹੈ। ਇਸ ਨੂੰ ਹਿੰਦੀ ’ਚ ਅਨੁਵਾਦ ਜੀਤੇਂਦਰ ਭਾਟੀਆ ਨੇ ਕੀਤਾ ਹੈ ਅਤੇ ਇਸ ਨੂੰ ਪੰਜਾਬੀ ਰੂਪ ਡਾਕਟਰ ਧਨਵੰਤ ਕੌਰ (ਸੰਪਰਕ: 94172-43245) ਨੇ ਦਿੱਤਾ ਹੈ।

