ਕੋਟੀ
ਛੇ ਮਹੀਨੇ ਹੋ ਗਏ ਮਨਮੀਤ ਨੂੰ ਇਹ ਦੁਨੀਆ ਛੱਡ ਕੇ ਗਿਆਂ, ਸ੍ਰਿਸ਼ਟੀ ਅਜੇ ਤੱਕ ਸਹਿਜ ਨਹੀਂ ਸੀ ਹੋ ਸਕੀ। ਜ਼ਿੰਦਗੀ ਉਹਨੂੰ ਬੋਝ ਜਾਪਦੀ ਸੀ, ਅੱਖਾਂ ’ਚੋਂ ਅੱਥਰੂ ਮੁੱਕਣ ਦਾ ਨਾਂ ਨਹੀਂ ਸਨ ਲੈ ਰਹੇ। ‘‘ਉਹਦੇ ਬਿਨਾਂ ਪਹਾੜ ਜਿੱਡੀ ਜ਼ਿੰਦਗੀ ਕਿਵੇਂ...
ਛੇ ਮਹੀਨੇ ਹੋ ਗਏ ਮਨਮੀਤ ਨੂੰ ਇਹ ਦੁਨੀਆ ਛੱਡ ਕੇ ਗਿਆਂ, ਸ੍ਰਿਸ਼ਟੀ ਅਜੇ ਤੱਕ ਸਹਿਜ ਨਹੀਂ ਸੀ ਹੋ ਸਕੀ। ਜ਼ਿੰਦਗੀ ਉਹਨੂੰ ਬੋਝ ਜਾਪਦੀ ਸੀ, ਅੱਖਾਂ ’ਚੋਂ ਅੱਥਰੂ ਮੁੱਕਣ ਦਾ ਨਾਂ ਨਹੀਂ ਸਨ ਲੈ ਰਹੇ। ‘‘ਉਹਦੇ ਬਿਨਾਂ ਪਹਾੜ ਜਿੱਡੀ ਜ਼ਿੰਦਗੀ ਕਿਵੇਂ ਨਿਕਲੇਗੀ ?’’ ਕਈ ਵਾਰ ਉਹ ਸੋਚਦੀ, ‘‘ਜਾਣ ਦੀ ਤਿਆਰੀ ਤਾਂ ਮੇਰੀ ਸੀ, ਆਹ ਅਚਿੰਤੇ ਬਾਜ਼ ਪਤਾ ਨਹੀਂ ਕਿੱਥੋਂ ਆਣ ਪਏ ?’’ ਅਜੇ ਇੰਨਾ ਕੁ ਸਕੂਨ ਤਾਂ ਮਨ ਨੂੰ ਸੀ ਕਿ ਨੌਕਰੀਆਂ ਕਰਦੇ ਪੁੱਤਰ ਅਤੇ ਉਨ੍ਹਾਂ ਦੀਆਂ ਘਰਵਾਲੀਆਂ ਦੁੱਖ-ਸੁੱਖ ਪੁੱਛਦੇ ਰਹਿੰਦੇ ਸਨ। ਪੁੱਤਰਾਂ ਨੂੰ ਤਾਂ ਬਾਹਲੀ ਚਿੰਤਾ ਰਹਿੰਦੀ, ਹੌਸਲਾ ਦਿੰਦੇ ਰਹਿੰਦੇ। ਉਂਝ ਆਉਣ-ਜਾਣ ਵਾਲਿਆਂ ਦਾ ਸਿਲਸਿਲਾ ਵੀ ਦਿਨੋ-ਦਿਨ ਘੱਟ ਗਿਆ ਸੀ। ‘‘ਮੰਮੀ... ਕਿਸੇ ਦਿਨ ਡੈਡੀ ਦੇ ਕਮਰੇ ਦੀ ਸਾਫ਼-ਸਫ਼ਾਈ ਕਰ ਦੇਈਏ, ਅਸੀਂ ਨਾਲ ਲੱਗ ਜਾਵਾਂਗੇ ਪਰ ਉਂਝ ਜੇ ਤੁਸੀਂ ਹੀ ਕਰ ਲਿਆ ਕਰੋ ਹੌਲੀ-ਹੌਲੀ ਤਾਂ ਥੋਡਾ ਟਾਈਮ ਪਾਸ ਹੋ ਜਾਇਆ ਕਰੂ...!’’ ਵੱਡੇ ਪੁੱਤਰ ਨੇ ਕਿਹਾ। ‘‘ਪੁੱਤ ਕਰਾਂਗੀ ਤਾਂ ਮੈਂ ਹੀ ਕਿਸੇ ਦਿਨ, ਮੇਰਾ ਚਿੱਤ ਜਰਾ ਟਿਕ ਲੈਣ ਦਿਓ...!’’ ‘‘ਨਾਲੇ ਜੇ ਕੋਈ ਵਾਧੂ ਸਾਮਾਨ ਹੋਇਆ, ਕੱਢ ਦੇਣਾ- ਸੁੱਟ ਦੇਵਾਂਗੇ। ਜੇ ਕਿਸੇ ਦੇ ਕੰਮ ਆਉਣ ਵਾਲਾ ਹੋਇਆ ਤਾਂ ਉਨ੍ਹਾਂ ਨੂੰ ਦੇ ਦਿਆਂਗੇ।’’ ਪੁੱਤਰ ਨੇ ਸੁਭਾਵਿਕ ਹੀ ਕਿਹਾ, ‘‘ਨਾਲੇ ਸਾਮਾਨ ਕੀ ਹੋਣੈ ? ਕਿਤਾਬਾਂ, ਰਸਾਲੇ, ਕਾਪੀਆਂ ਹੀ ਹੋਣਗੇ, ਕਿਸੇ ਦੇ ਕੀ ਕੰਮ ਆਉਣਗੇ ?’’ ਸ੍ਰਿਸ਼ਟੀ ਨੂੰ ਸੁਣ ਕੇ ਕੁਝ ਮਹਿਸੂਸ ਹੋਇਆ ਜਦੋਂਕਿ ਉਹ ਆਪ ਸਾਰੀ ਉਮਰ ਮਨਮੀਤ ਨਾਲ ਸਹਿਮਤ ਨਹੀਂ ਸੀ ਹੋ ਸਕੀ। ਉਸਦੇ ਚੌਵੀਂ ਘੰਟੇ ਆਹ ਲਿਖਣ-ਪੜ੍ਹਨ ਦੇ ਆਹਰੇ ਲੱਗੇ ਰਹਿਣ, ਕਿਤਾਬਾਂ ਛਪਵਾਉਣ ’ਤੇ ਢੇਰਾਂ ਖਰਚੇ ਕਰਨ, ਪ੍ਰੋਗਰਾਮਾਂ ’ਤੇ ਤੁਰੇ ਰਹਿੰਦਿਆਂ ਕਿਰਾਏ ਭਾੜੇ ਯਾਨੀ ਕਿ ਘਰ ਫੂਕ ਤਮਾਸ਼ਾ ਦੇਖਣ ਅਤੇ ਘਰ ਦੇ ਕੰਮਾਂ (ਉਸਦੇ ਅਤੇ ਬੱਚਿਆਂ ਦੇ ਮੁਤਾਬਿਕ) ਤੋਂ ਟਲਦੇ ਰਹਿਣ ਦੀ ਆਦਤ ਤੋਂ ਅਕਸਰ ਹੀ ਔਖੀ ਰਹਿੰਦੀ ਸੀ ਪਰ ਅੱਜ ‘ਸੁੱਟ ਦਿਆਂਗੇ’ ਸ਼ਬਦ ਉਸ ਦੇ ਮਨ ’ਤੇ ਚੋਟ ਜਿਹੀ ਪਹੁੰਚਾ ਗਏ ਕਿ ਬੰਦਾ ਤਾਂ ਅਜੇ ਰਾਹੇ ਤੁਰਿਆ ਜਾ ਰਿਹਾ ਹੁੰਦਾ ਹੈ ਤੇ ਉਸ ਦਾ ਸਾਮਾਨ ਇਉਂ ਹੀ ਵਾਧੂ ਹੋ ਜਾਂਦਾ ਹੈ ? ‘ਕੀ ਸਭ ਦਾ ਅਜਿਹਾ ਹੀ ਹਾਲ ਹੁੰਦੈ ?’ ਮਨ ਉਚਾਟ ਹੋਣ ਲੱਗਿਆ ਸੀ ਪਰ ਯਾਦ ਆ ਗਿਆ- ਕਿਸੇ ਵੇਲੇ, ਆਪਣੇ ਸਹੁਰੇ ਦੀ ਮੌਤ ਤੋਂ ਬਾਅਦ ਸ੍ਰਿਸ਼ਟੀ ਦੀ ਭਰਜਾਈ ਵੱਲੋਂ ਕਹੀ ਗੱਲ ਕਿ ਆਹ ਬਾਈ ਜੀ ਦਾ ਵਾਧੂ ਪਿਆ ਸਾਮਾਨ ਸੁੱਟ ਦੇਈਏ, ਉਦੋਂ ਗੁੱਸੇ ਹੋਈ ਸ੍ਰਿਸ਼ਟੀ ਨੂੰ ਸਮਝਾਉਂਦਿਆਂ ਮਨਮੀਤ ਨੇ ਕਿਹਾ ਸੀ, ‘‘ਕਿਉਂ ਐਵੇਂ ਮਨ ਨੂੰ ਤਪਾਈ ਜਾਨੀ ਐਂ ? ਆਪਾਂ ਨੂੰ ਪਤੈ ਜੋ ਚਲਾ ਗਿਆ ਉਸਦਾ ਸਾਮਾਨ ਕਿਸੇ ਦੇ ਕੀ ਕੰਮ ਆਉਣੈ ? ਵੱਡੇ-ਵੱਡੇ ਰਾਜਿਆਂ ਮਹਾਰਾਜਿਆਂ ਦੇ ਢੇਰਾਂ ਦੇ ਢੇਰ ਸਾਮਾਨ ਉਨ੍ਹਾਂ ਦੇ ਗਿਆਂ ਮਗਰੋਂ ਸੁੱਟ ਹੀ ਦਿੱਤੇ ਗਏ ਨੇ, ਅੱਜ ਕਿੱਥੇ ਨੇ ਮਹਿਲਾਂ ਵਿੱਚ ਉਨ੍ਹਾਂ ਦੇ ਸਾਮਾਨ ਦੇ ਅੰਬਾਰ ? ਜੀਹਦਾ ਸਾਮਾਨ ਹੁੰਦੈ ਉਹਦੇ ਨਾਲ ਹੀ ਉਸਦੀ ਕੀਮਤ ਖ਼ਤਮ ਹੋ ਜਾਂਦੀ ਹੈ, ਦੂਸਰੇ ਲਈ ਤਾਂ ਉਹ ਕਬਾੜ ਹੀ ਹੁੰਦਾ ਹੈ। ਨਾਲੇ ਪੁਰਾਣਾ ਸਾਮਾਨ ਬਾਹਰ ਜਾਵੇਗਾ ਤਾਂ ਹੀ ਨਵਾਂ ਅੰਦਰ ਆਵੇਗਾ। ਇਹ ਆਉਣਾ-ਜਾਣਾ ਤਾਂ ਬਣਿਆ ਹੀ ਰਹਿੰਦੈ, ਜੇ ਕੋਈ ਕਹਿ ਵੀ ਦੇਵੇ ਤਾਂ ਦੁੱਖ ਕਾਹਦਾ ?’’ ‘‘ਪਰ ਕੀਤਾ ਵੀ ਕੀ ਜਾਵੇ, ਚੰਦਰਾ ਮਨ ਤਾਂ ਤੜਪਦਾ ਹੀ ਹੈ, ਅੱਖਾਂ ਸਾਹਮਣੇ ਇਹ ਕੁਝ ਹੁੰਦਿਆਂ ਦੇਖ ਦੁੱਖ ਤਾਂ ਹੁੰਦਾ ਹੀ ਹੈ।’’ ਇੱਕ ਦਿਨ ਮਨ ਤਕੜਾ ਜਿਹਾ ਕਰਕੇ ਸ੍ਰਿਸ਼ਟੀ ਨੇ ਆਪਣੇ ਆਪ ਨੂੰ ਕਿਹਾ, ‘‘ਚੱਲ ਮਨਾਂ, ਅੱਜ ਬੱਚੇ ਵੀ ਬਾਹਰ ਗਏ ਨੇ ਕਮਰੇ ’ਚ ਹੱਥ ਮਾਰ ਲਵਾਂ। ਕਿੰਨਾ ਚਿਰ ਹੋ ਗਿਆ, ਕਦੇ ਉਹਦੇ ਕਮਰੇ ਦੀ ਸਫ਼ਾਈ ਹੀ ਨਹੀਂ ਕੀਤੀ। ਆਪ ਭਾਵੇਂ ਉਹ ਲੇਖਕਾਂ ਵਾਂਗੂੰ ਮਨਮੌਜੀ ਹੀ ਸੀ ਪਰ ਫਿਰ ਵੀ ਵਰ੍ਹੇ-ਛਿਮਾਹੀ ਕਿਤਾਬਾਂ ਅਲਮਾਰੀਆਂ ਦੀ ਝਾੜ-ਪੂੰਝ ਤਾਂ ਕਰ ਹੀ ਲੈਂਦਾ ਸੀ।’’ ਅੰਦਰ ਵੜਦਿਆਂ ਹੀ ਇੱਕ ਚੀਸ ਜਿਹੀ ਕਾਲਜੇ ’ਚ ਉੱਠੀ, ‘‘ਇੱਥੇ ਬੈਠੇ ਰਹਿੰਦੇ ‘ਸ੍ਰਿਸ਼ਟੀ ਚਾਹ ਲਿਆਈਂ, ਸ੍ਰਿਸ਼ਟੀ ਰੋਟੀ ਉਰਾਂ ਹੀ ਫੜਾ ਜਾ’ ਹੁਕਮ ਝਾੜੀ ਜਾਂਦੇ। ਆਹ ਪਈ ਕੁਰਸੀ... ਹੁਣ ਭਾਂਅ ਭਾਂਅ ਕਰਦੀ। ਹੁਣ ਕਦੋਂ ਬੈਠਣਾ ਉਸ ਆ ਕੇ ?’’
ਉਹਨੂੰ ਕੁਝ ਸਮਝ ਨਾ ਆਵੇ ਕਿੱਧਰੋਂ ਸ਼ੁਰੂ ਕਰੇ ? ਜਿਉਂ ਹੀ ਉਸ ਨੇ ਪਹਿਲੀ ਕਿਤਾਬ ਨੂੰ ਹੱਥ ਲਾਇਆ ਤਾਂ ਗਰਦ ਉਡ ਕੇ ਉਸਦੇ ਮੂੰਹ ਨੂੰ ਚੁੰਮ ਗਈ। ਨਾਲੇ ਇਹ ਗਰਦ ਕੋਈ ਇੱਕ ਦੋ ਦਿਨਾਂ ਦੀ ਤਾਂ ਨਹੀਂ ਸੀ, ਇਹ ਤਾਂ ਜਦੋਂ ਦਾ ਮਨਮੀਤ ਨਰਵ-ਸਿਸਟਮ ਦੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਕੇ ਮੰਜੇ ਨਾਲ ਜੁੜ ਗਿਆ ਅਤੇ ਚਾਰ ਸਾਲ ਦਾ ਸਮਾਂ ਉਸ ਮੰਜੇ ’ਤੇ ਹੀ ਕੱਟਿਆ ਸੀ। ਕਮਰੇ ਵਿੱਚ ਝਾੜਨ ਦਾ ਕੰਮ ਤਾਂ ਕਿਸੇ ਨੇ ਕੀਤਾ ਹੀ ਨਹੀਂ ਸੀ। ਜਦੋਂ ਉਹ ਬਿਮਾਰ ਹੋਇਆ ਸੀ ਤਾਂ ਡਾਕਟਰਾਂ ਨੇ ਗਰਦ ਤੋਂ ਬਚਾਅ ਰੱਖਣ ਦੀ ਤਾਕੀਦ ਕੀਤੀ ਸੀ। ਭਾਵੇਂ ਗਰਦ ਤੋਂ ਬਚਾਅ ਲਈ ਸ੍ਰਿਸ਼ਟੀ ਨੂੰ ਵੀ ਹਦਾਇਤਾਂ ਸਨ ਪਰ ਫਿਰ ਵੀ ਅੱਜ ਉਸਨੇ ਪਾਟੇ ਪੁਰਾਣੇ ਕੱਪੜੇ ਲੈ ਕੇ ਹੌਲੀ-ਹੌਲੀ ਅਲਮਾਰੀਆਂ ’ਚ ਪਈਆਂ ਕਿਤਾਬਾਂ ਨੂੰ ਝਾੜਨਾ ਸ਼ੁਰੂ ਕੀਤਾ। ਇੱਕ ਅਲਮਾਰੀ ’ਚ ਤੁੰਨੀਆਂ ਪਈਆਂ ਫਾਈਲਾਂ ਉਪਰ ਕੱਪੜਾ ਮਾਰਿਆ ਹੀ ਸੀ ਕਿ ਉਪਰਲੇ ਖਾਨੇ ’ਚੋਂ ਥੱਬਾ ਫਾਈਲਾਂ ਥੱਲੇ ਡਿੱਗ ਕੇ ਖਿੱਲਰ ਗਈਆਂ। ਫਾਈਲਾਂ ਦੀ ਫਰੋਲਾ-ਫਰਾਲੀ ਕਰਦਿਆਂ ਇੱਕ ਘਸਿਆ ਜਿਹਾ ਫਾਈਲ ਕਵਰ, ਜਿਸ ਵਿੱਚ ਉਸ ਨੂੰ ਕਾਗਜ਼ਾਂ ਦੀ ਥਾਂ ਕੁਝ ਹੋਰ ਪਿਆ ਲੱਗਿਆ। ਜਿਉਂ ਹੀ ਉਸ ਨੇ ਫਾਈਲ ’ਤੇ ਬੰਨੇ ਫੀਤੇ ਨੂੰ ਖੋਲ੍ਹਿਆ ਤਾਂ ਉਸ ਵਿੱਚ ਕਾਗਜ਼ਾਂ ਦੀ ਥਾਂ ਕਈ ਲਿਫਾਫਿਆਂ ਵਿੱਚ ਵਲੇਟਿਆ ਕੁਝ ਕੂਲਾ ਜਿਹਾ ਕੱਪੜਾ ਉਸਦੇ ਸਾਹਮਣੇ ਸੀ। ਜਿਉਂ ਹੀ ਉਸਨੇ ਬਾਹਰ ਕੱਢਿਆ ਤਾਂ ਕੱਪੜੇ ਤੋਂ ਭੁਰੇ ਲੂੰਅ ਜਿਹੇ ਉਸਦੀ ਮੁੱਠੀ ਵਿੱਚ ਆ ਗਏ, ਕੁਝ ਥੱਲੇ ਖਿੰਡ ਗਏ। ਉਸ ਨੇ ਜਿਉਂ ਹੀ ਉਸ ਦੀ ਤਹਿ ਖੋਲ੍ਹੀ ਤਾਂ ਉਸਦੇ ਮੂੰਹੋਂ ਨਿਕਲਿਆ,
‘‘ਹੈਂਅ... ਉਹ ਕੋਟੀ...! ਇਹਦੇ ਬਾਰੇ ਤਾਂ ਉਹ ਕਹਿੰਦੇ ਸੀ ਮੈਂ ਸ੍ਰੀਨਗਰ ਹੋਟਲ ਵਿੱਚ ਭੁੱਲ ਆਇਆ ਹਾਂ,’’ ਜਿੱਥੇ ਅੱਜ ਤੋਂ ਸੱਤ ਸਾਲ ਪਹਿਲਾਂ ਸੈਰ ਕਰਨ ਗਏ ਅਸੀਂ ਕਈ ਦਿਨਾਂ ਲਈ ਠਹਿਰੇ ਸੀ। ਉੱਥੇ ਵੀ ਇਨ੍ਹਾਂ ਨੇ ਕਈ ਵਾਰ ਇਹ ਕੋਟੀ ਪਾਈ ਸੀ, ਮੈਨੂੰ ਬਿਲਕੁਲ ਚੰਗੀ ਨਹੀਂ ਸੀ ਲੱਗਦੀ। ਆਪ ਹੀ ਉਹ ਇਸ ਕੋਟੀ ਨੂੰ ਸੰਭਾਲਦੇ ਸੀ। ਉੱਥੋਂ ਤੁਰਨ ਲੱਗਿਆਂ ਮੈਂ ਵੀ ਨਹੀਂ ਪੁੱਛਿਆ ਤੇ ਉਸ ਵੀ ਕੋਈ ਗੱਲ ਨਹੀਂ ਸੀ ਕੀਤੀ।
ਇਹ ਤਾਂ ਆਇਆਂ ਤੋਂ ਤੀਜੇ ਦਿਨ ਉਸਨੇ ਕਿਹਾ ਸੀ, ‘‘ਮੈਂ ਤਾਂ ਕੋਟੀ ਹੀ ਉੱਥੇ ਭੁੱਲ ਆਇਆਂ ਹਾਂ’’ ਤੇ ਮੈਂ ਵੀ ਵਿਅੰਗ ਕੱਸਦੀ ਨੇ ਕਿਹਾ ਸੀ, ‘‘ਬਿੱਲ ’ਤੇ ਹੋਟਲ ਵਾਲਿਆਂ ਦਾ ਨੰਬਰ ਹੈਗਾ, ਪੁੱਛ ਲਓ ਉਨ੍ਹਾਂ ਨੂੰ।’’ ਪਰ ਅੰਦਰੋਂ ਮੈਂ ਖੁਸ਼ ਸੀ, ‘ਚਲੋ ਖਹਿੜਾ ਤਾਂ ਛੁੱਟਿਆ ਉਸਤੋਂ।’ ਪਹਿਲਾਂ ਵੀ ਮੈਂ ਕਈ ਵਾਰੀ ਆਸੇ-ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਿਵੇਂ ਨਾ ਕਿਵੇਂ ਮੁੜ-ਘੁੜ ਇਨ੍ਹਾਂ ਕੋਲ ਪਹੁੰਚ ਜਾਂਦੀ। ਉਦੋਂ ਇਨ੍ਹਾਂ ਨੇ ਵੀ ਥੋੜ੍ਹਾ ਮੂੰਹ ਮਸੋਸ ਕੇ ਕਿਹਾ ਸੀ, ‘‘ਚੱਲ... ਕਿਸੇ ਗਰੀਬ-ਗੁਰਬੜੇ ਦੇ ਕੰਮ ਆ ਜਾਵੇਗੀ।’’ ਪਰ ਉਦੋਂ ਇਨ੍ਹਾਂ ਲਿਆ ਕੇ ਇੱਥੇ ਲੁਕੋ ਦਿੱਤੀ ਹੋਵੇਗੀ। ਪਤਾ ਨਹੀਂ ਕਦੋਂ-ਕਦੋਂ ਕੱਢ ਕੇ ਇਹਨੂੰ ਵੇਂਹਦਾ ਹੋਵੇਗਾ ? ਮੇਰੇ ਮਨ ’ਚ ਓਨਾ ਚਿਰ ਵਹਿਮ ਹੀ ਰਿਹਾ ਸੀ ਕਿ ਇਸ ਕੋਟੀ ਨਾਲ ਇਹਦੀ ਕਿਸੇ ਪੁਰਾਣੇ ਇਸ਼ਕ ਦੀ ਕਹਾਣੀ ਜੁੜੀ ਹੋਵੇਗੀ, ਪਤਾ ਨਹੀਂ ਕਿਹੜੀ ਡੈਣ ਦੀ ਨਿਸ਼ਾਨੀ ਹੋਵੇਗੀ ? ਮੇਰੇ ਵਾਰ-ਵਾਰ ਪੁੱਛਣ ’ਤੇ ਵੀ ਇਹ ਗੱਲ ਨੂੰ ਹੱਸ ਕੇ ਟਾਲ ਦਿੰਦੇ ਸਨ। ਉਸ ਦਿਨ ਥੋੜ੍ਹਾ ਜਿਹਾ ਅਹਿਸਾਸ ਹੋਇਆ ਸੀ ਕਿ ਕੋਈ ਹੋਰ ਗੱਲ ਵੀ ਹੋ ਸਕਦੀ ਹੈ ਜਿੱਦਣ ਸਿਮਰਨ ਵੱਡੀ ਭੈਣ ਨੇ ਹੱਸਦਿਆਂ ਕਿਹਾ ਸੀ, ‘‘ਦੱਸ ਦਿਆਂ ਫਿਰ ਸ੍ਰਿਸ਼ਟੀ ਨੂੰ, ਕਾਲਜ ਜਾਂਦਿਆਂ ਕਿਵੇਂ ਰੁੱਸਿਆ ਸੀ ਅਤੇ ਮਾਂ ਨੇ ਦਿੱਤੀ ਸੀ ਧਨੇਸੜੀ।’’ ਗੱਲ ਓਦਣ ਇੰਝ ਹੋਈ ਸੀ- ਮੈਂ ਜਦੋਂ ਪੇਕੀ ਮਹੀਨਾ ਲਾ ਕੇ ਆਈ ਸੀ ਤਾਂ ਛੇਹਰਟੇ ਤੋਂ ਭਰਾ ਦੇ ਦੋਸਤ ਦੀ ਦੁਕਾਨ ’ਤੇ ਆਏ ਨਵੇਂ ਸਟਾਕ ਵਿੱਚ ਬਹੁਤ ਹੀ ਖਿੱਚ ਪਾਉਣ ਵਾਲੇ ਡਿਜ਼ਾਈਨ ਦੀ ਕੋਟੀ ਆਈ ਸੀ। ਉਸਨੇ ਸਪੈਸ਼ਲ ਆਪਣੇ ਜੀਜੇ ਲਈ ਉਹ ਕੋਟੀ ਭੇਜੀ ਸੀ ਅਤੇ ਆਉਂਦਿਆਂ ਮੈਂ ਜ਼ਿੱਦ ਕਰਕੇ ਉਹ ਕੋਟੀ ਭੈਣ ਦੇ ਬੈਠਿਆਂ ਇਨ੍ਹਾਂ ਨੂੰ ਪੁਵਾ ਦਿੱਤੀ। ਭੈਣ ਨੇ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ। ਇਨ੍ਹਾਂ ਦੇ ਚਿਹਰੇ ’ਤੇ ਮੁਸਕਰਾਹਟ ਤਾਂ ਸੀ ਪਰ ਮੈਨੂੰ ਤਾਂ ਲੱਗ ਹੀ ਰਿਹਾ ਸੀ ਕਿ ਇਹ ਵੀ ਇਹਦੇ ਪਸੰਦ ਨਹੀਂ ਆਈ। ਉਦੋਂ ਭੈਣਜੀ ਨੇ ਮਿੱਠੀ ਝਿੜਕ ਦਿੰਦਿਆਂ ਕਿਹਾ ਸੀ, ‘‘ਮਹਾਰਾਜ ਜੀ... ਹੁਣ ਤਾਂ ਭਾਬੀ ਦਾ ਧੰਨਵਾਦ ਕਰਦੇ ਕਿ ਦੱਸ ਦਿਆਂ ਤੇਰੇ ਰੁੱਸਣ ਵਾਲੀ ਘਟਨਾ।’’ ਇਨ੍ਹਾਂ ਨੇ ਉਦੋਂ ਹੱਸ ਕੇ ਕਿਹਾ ਸੀ, ‘‘ਅਜਿਹੀਆਂ ਗੱਲਾਂ ਕੋਈ ਯਾਦ ਕਰਨ ਵਾਲੀਆਂ ਥੋੜ੍ਹਾ ਹੁੰਦੀਆਂ ਨੇ ?’’ ਪਰ ਮੇਰੀ ਜਗਿਆਸਾ ਵਧ ਗਈ ਸੀ। ਮੇਰੇ ਵਾਰ-ਵਾਰ ਪੁੱਛਣ ’ਤੇ ਭੈਣ ਜੀ ਨੇ ਦੱਸਿਆ ਸੀ ਜਦੋਂ ਇਹ ਅੰਮ੍ਰਿਤਸਰ ਡਾਕਟਰੀ ਦਾ ਕੋਰਸ ਕਰਨ ਆਇਆ ਸੀ ਉਨ੍ਹਾਂ ਸਾਲਾਂ ’ਚ ਰਿਕਾਰਡ-ਤੋੜ ਠੰਢ ਪਈ ਸੀ। ਅੰਮ੍ਰਿਤਸਰ ਸਭ ਤੋਂ ਵੱਧ ਠੰਢ ਪੈਂਦੀ ਸੀ। ਆਪਣੇ ਘਰ ਦੇ ਹਾਲਾਤ ਉਦੋਂ ਵਧੀਆ ਨਹੀਂ ਸਨ। ਬਾਈ ਜੀ ਬਿਮਾਰ ਰਹਿੰਦੇ ਸੀ, ਵੱਡਾ ਭਰਾ ਬੇਰੁਜ਼ਗਾਰ ਫਿਰਦਾ ਸੀ। ਛੋਟੀ ਜਿਹੀ ਦੁਕਾਨ ’ਚੋਂ ਘਰ ਦਾ ਖਰਚਾ ਮਸਾਂ ਨਿਕਲਦਾ ਸੀ। ਬਾਈ ਸੀ ਚਾਹੁੰਦੇ ਸਨ ਕਿ ਡਿੱਗਦਾ ਢਹਿੰਦਾ ਇਹ ਕੋਰਸ ਕਰਕੇ ਆਪਣੀ ਰੋਟੀ ਜੋਗਾ ਹੋ ਜਾਵੇ। ਉਦੋਂ ਇਹਦੇ ਕੋਲ ਇਕੋ ਹੀ ਸਵੈਟਰ ਹੁੰਦਾ ਸੀ। ਲੋਹੜਿਆਂ ਦੀ ਠੰਢ ਪੈ ਰਹੀ ਸੀ, ਕਾਲਜ ’ਚ ਛੁੱਟੀਆਂ ਹੋ ਜਾਣ ਕਰਕੇ ਇਹ ਵੀ ਘਰ ਆਇਆ ਸੀ। ਜਾਣ ਲੱਗਿਆ ਅੜ ਗਿਆ ਮੈਂ ਤਾਂ ਕੋਟੀ ਲੈਣੀ ਐ, ਉੱਥੇ ਕਲਾਸ ਦੇ ਸਾਰੇ ਮੁੰਡਿਆਂ ਕੁੜੀਆਂ ਦੇ ਨਵੀਆਂ ਤੋਂ ਨਵੀਆਂ ਕੋਟੀਆਂ ਪਾਈਆਂ ਹੁੰਦੀਆਂ ਹਨ। ਮੈਂ ਹੀ ’ਕੱਲਾ ਸਵੈਟਰ ਵਾਲਾ ਹੁੰਦਾ ਹਾਂ...! ਕੋਟੀ ਕਿੱਥੋਂ ਲੈ ਕੇ ਦਿੰਦੇ, ਘਰੇ ਤਾਂ ਦੋ ਡੰਗ ਦੀ ਰੋਟੀ ਦਾ ਵੀ ਫਿਕਰ ਰਹਿੰਦਾ ਸੀ। ਇਹ ਤਾਂ ਖਫ਼ਾ ਗਿਆ, ਤਿੰਨ ਡੰਗ ਰੋਟੀ ਹੀ ਨਾ ਖਾਧੀ। ਮਾਂ ਦਾ ਸੁਭਾਅ ਬਾਹਲਾ ਹੀ ਗਰਮ ਸੀ, ਇਹਦੇ ਲਾ ਵੀ ਦਿੱਤੀਆਂ, ਇਹ ਟੱਸ ਤੋਂ ਮੱਸ ਨਾ ਹੋਇਆ ਤਾਂ ਮਾਂ ਨੇ ਵੀ ਕਹਿਤਾ, ‘‘ਛੱਡੋ... ਨਾ ਜਾਣ ਦਿਓ ਪੜ੍ਹਨ ਇਹਨੂੰ, ਇੱਥੇ ਕਿਸੇ ਦੀ ਦੁਕਾਨ ’ਤੇ ਨੌਕਰ ਰਖਵਾਓ ਨਾਲੇ ਚਾਰ ਪੈਸੇ ਘਰੇ ਆਉਣਗੇ। ਆਪੇ ਸੁਰਤ ਟਿਕਾਣੇ ਆਜੂ।’’ ‘‘ਬਾਈ ਜੀ ਨੇ ਇਸਨੂੰ ਮਸਾਂ ਜਾਣ ਲਈ ਮਨਾਇਆ ਪਰ ਜਾਣ ਲੱਗਿਆ ਰੋਟੀ ਵੀ ਨਾ ਖਾ ਕੇ ਗਿਆ। ਸਾਨੂੰ ਦੁੱਖ ਤਾਂ ਬਹੁਤ ਹੋਇਆ ਪਰ ਕਰ ਕੁਝ ਨਾ ਸਕੇ। ਉਥੇ ਜਾ ਕੇ ਇਹਦਾ ਪਤਾ ਨਹੀਂ ਕੀ ਮਨ ਬਦਲਿਆ ਅਗਲੇ ਦੋ ਸਾਲ ਇਹਨੇ ਕੋਟੀ ਨਹੀਂ ਮੰਗੀ ਸਗੋਂ ਉਸੇ ਸਵੈਟਰ ’ਚ ਹੀ ਕੋਰਸ ਪੂਰਾ ਕੀਤਾ। ਮੈਂ ਕੋਸ਼ਿਸ਼ ਕੀਤੀ ਥੋਡੇ ਜੀਜੇ ਦੇ ਲਿਆਂਦੇ ਸਵੈਟਰ ਇਹਨੂੰ ਦੇਣ ਲਈ ਪਰ ਇਸ ਨੇ ਉਹ ਵੀ ਨਾ ਲਏ।’’
‘‘ਪਰ ਭੈਣ ਜੀ ਉਸ ਕੋਟੀ ਨਾਲ ਕੀ ਸੰਬੰਧ ਹੈ, ਜੀਹਦਾ ਇਹ ਭੋਰਾ ਵਿਸਾਹ ਨਹੀਂ ਕਰਦੇ।’’ ‘‘ਇਹਦਾ ਤਾਂ ਮੈਨੂੰ ਵੀ ਨਹੀਂ ਪਤਾ, ਕਹਿ ਦਿੰਦਾ ਮੈਨੂੰ ਇਹ ਕੋਟੀ ਬਹੁਤ ਹੀ ਵਧੀਆ ਲੱਗਦੀ ਹੈ।’’ ਅਨੇਕਾਂ ਟੈਸਟ ਕਰਨ ਤੋਂ ਬਾਅਦ ਜਦੋਂ ਡਾਕਟਰਾਂ ਨੇ ਮੇਰੇ ਬਾਰੇ ਕਿਹਾ ਸੀ ਕਿ ਇਹ ਫਿਰ ਹੀ ਬਚ ਸਕਦੀ ਹੈ ਜੇ ਆਪਾਂ ਇਹਦਾ ਲਿਵਰ, ਕਿਸੇ ਤੋਂ ਲਿਵਰ ਦਾਨ ਲੈ ਕੇ ਬਦਲੀਏ। ਉਦੋਂ ਇਹਦੀ ਦਿਨ-ਰਾਤ ਇਕ ਕਰ ਦੇਣ ਅਤੇ ਭੱਜ ਦੌੜ ਨੂੰ ਦੇਖ, ਮੈਨੂੰ ਆਪਣੇ ਆਪ ਨੂੰ ਲੱਗਦਾ ਸੀ ਕਿ ਇਹਦੀ ਜ਼ਿੰਦਗੀ ਵੀ ਮੈਂ ਨਰਕ ਬਣਾ ਦਿੱਤੀ। ਕਈ ਵਾਰ ਸੋਚਦੀ ਸਾਂ- ਰੱਬਾ ਜਲਦੀ ਲੈ ਜਾ ਮੈਨੂੰ। ਮੈਨੂੰ ਉਦਾਸ ਦੇਖ ਕੇ ਹੌਸਲਾ ਦੇਣ ਲਈ ਕੋਈ ਨਾ ਕੋਈ ਗੱਲ ਸੁਣਾਉਣ ਲੱਗਦੇ ਤਾਂ ਕਿ ਮੇਰਾ ਮਨ ਖੁਸ਼ ਰਹੇ। ਇਕ ਦਿਨ ਕਈ ਸਾਲਾਂ ਤੋਂ ਛੁਪਾ ਰੱਖਿਆ ਕੋਟੀ ਦਾ ਰਾਜ਼ ਵੀ ਇਨ੍ਹਾਂ ਖੋਲ੍ਹ ਦਿੱਤਾ, ‘‘ਸ੍ਰਿਸ਼ਟੀ, ਗੱਲ ਦੱਸਾਂ ਤੈਨੂੰ! ਤੂੰ ਮੈਨੂੰ ਵਾਰ-ਵਾਰ ਪੁੱਛਦੀ ਰਹਿੰਦੀ ਹੈ ਕਿ ਇਸ ਕੋਟੀ ’ਚ ਅਜਿਹਾ ਕੀ ਹੈ ਇਹਦਾ ਖਹਿੜਾ ਹੀ ਨਹੀਂ ਛੱਡਦੇ ਤਾਂ ਸੁਣ... ਭੈਣ ਜੀ ਨੇ ਓਦਣ ਤੈਨੂੰ ਮੁੱਢਲੀ ਗੱਲ ਮੇਰੇ ਕੋਰਸ ਵੇਲੇ ਦੀ, ਉਥੋਂ ਦੀ ਠੰਢ ਬਾਰੇ ਦੱਸ ਦਿੱਤੀ ਸੀ। ਉਥੇ ਉਸ ਉਮਰ ਵਿੱਚ ਸਾਥੀਆਂ-ਸਾਥਣਾਂ ਵਿੱਚ ਸਾਰੀ ਠੰਢ ਮੈਂ ਇਕ ਸਵੈਟਰ ’ਚ ਫਿਰਦਾ ਗਿਲਾਨੀ ਮਹਿਸੂਸ ਕਰਦਾ ਰਹਿੰਦਾ ਸੀ।
ਮੁੰਡੇ ਕੁੜੀਆਂ ਦੇ ਨਵੇਂ ਨਵੇਂ ਡਿਜ਼ਾਈਨ ਦੀਆਂ ਪਾਈਆਂ ਕੋਟੀਆਂ ਮੈਨੂੰ ਅੱਗ ਲਾ ਦਿੰਦੀਆਂ ਸਨ- ਕਦੇ ਸੋਚਦਾ ਯਾਰ ਮੈਂ ਕਿਸੇ ਦੀ ਕੋਟੀ ਚੋਰੀ ਕਰ ਲਵਾਂ ਜਾਂ ਕੋਈ ਮੁੰਡਾ ਹੀ ਮੈਨੂੰ ਆਪਣੀ ਕੋਟੀ ਦੇ ਦੇਵੇ। ਮੈਂ ਸੋਚਦਾ ਐਤਕੀਂ ਪਿੰਡ ਗਿਆਂ ਕਿਵੇਂ ਵੀ ਕਰਾਂ ਨਵੀਂ ਕੋਟੀ ਲੈ ਕੇ ਆਵਾਂਗਾ ਪਰ ਹਰ ਵਾਰ ਲੜ ਲੜਾ ਕੇ ਵਾਪਿਸ ਆ ਜਾਂਦਾ। ਇਕ ਵਾਰ ਬਾਈ ਜੀ ਜਦ ਮੈਨੂੰ ਸਮਝਾ ਰਹੇ ਸਨ, ਛੁਪਾਉਣ ਦਾ ਯਤਨ ਕਰਦਿਆਂ ਵੀ ਉਨ੍ਹਾਂ ਦੀਆਂ ਭਰੀਆਂ ਅੱਖਾਂ ਛੁਪੀਆਂ ਨਾ ਰਹੀਆਂ ਜਦੋਂ ਉਨ੍ਹਾਂ ਆਪਣੇ ਉਪਰ ਮਾਰੀ ਖੇਸ ਦੀ ਬੁੱਕਲ ਲਾਹੀ ਅਤੇ ਉਨ੍ਹਾਂ ਦੇ ਪਾਏ ਸਵੈਟਰ ਨੂੰ ਥਾਂ-ਥਾਂ ਲੱਗੇ ਟਾਂਕੇ ਦੇਖ ਨਵੀਂ ਕੋਟੀ ਲੈਣ ਦਾ ਮੇਰਾ ਚਾਅ ਰਫੂ ਚੱਕਰ ਹੋ ਗਿਆ। ਸਾਹ ਦੀ ਬਿਮਾਰੀ ਦੇ ਮਰੀਜ਼ ਹੁੰਦਿਆਂ ਵੀ ਉਹ ਕਈ ਕਈ ਕੁੜਤੇ ਉਤੋਂ ਦੀ ਉਤੋਂ ਪਾ ਕੇ ਠੰਢ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ। ਵੱਡੇ ਭਰਾ ਕੋਲ ਵੀ ਇਕੋ ਹੀ ਸਵੈਟਰ ਸੀ, ਉਸ ਇਸ਼ਾਰਾ ਵੀ ਕੀਤਾ ਸੀ ਕਿ ਤੂੰ ਆਹ ਵੀ ਲੈ ਜਾ। ਮੈਂ ਤਾਂ ਖੇਸ ਖੂਸ ਦੀ ਬੁੱਕਲ ਮਾਰ ਲਿਆ ਕਰਾਂਗਾ। ਓਦਣ ਮੈਂ ਮਨ ’ਚ ਧਾਰ ਲਈ ਸੀ ਕਿ ਜਿੰਨਾ ਚਿਰ ਮੈਂ ਨੌਕਰੀ ’ਤੇ ਨਹੀਂ ਲੱਗ ਜਾਂਦਾ ਕੋਟੀ ਤਾਂ ਕੀ ਸਵੈਟਰ ਵੀ ਨਵਾਂ ਨਹੀਂ ਮੰਗਾਂਗਾ। ਜਦੋਂ ਵੀ ਮੌਕਾ ਲੱਗਿਆ ਪਹਿਲੀ ਕੋਟੀ ਮੈਂ ਬਾਈ ਜੀ ਨੂੰ ਲਿਆ ਕੇ ਦੇਵਾਂਗਾ, ਉਹ ਤਾਂ ਕੁਦਰਤ ਨੇ ਮੌਕਾ ਹੀ ਨਾ ਦਿੱਤਾ, ਉਹ ਤਾਂ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਜਦੋਂ ਮੈਨੂੰ ਨੌਕਰੀ ਮਿਲੀ ਉਹ ਘਰੋਂ ਦੂਰ ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸੇ ਛੋਟੇ ਜਿਹੇ ਸ਼ਹਿਰ ’ਚ ਹੀ ਮਿਲੀ ਸੀ। ਤਨਖਾਹ ਮਿਲਦਿਆਂ ਹੀ ਮੈਂ ਸ਼ਹਿਰੋਂ ਆਹ ਕੋਟੀ ਲੈ ਕੇ ਆਇਆ ਸੀ, ਕਸਮ ਨਾਲ ਪਹਿਲੇ ਦਿਨ, ਪਹਿਲੀ ਵਾਰ ਪਹਿਨ ਕੇ ਜਿਹੜਾ ਆਨੰਦ ਮੈਨੂੰ ਮਹਿਸੂਸ ਹੋਇਆ ਸੀ ਉਹ ਅੱਜ ਤੱਕ ਵੀ ਨਵੇਂ ਤੋਂ ਨਵੇਂ ਡਿਜ਼ਾਈਨਾਂ ਦੀਆਂ ਕੋਟੀਆਂ-ਸਵੈਟਰਾਂ, ਹੁੱਡਾਂ, ਕੋਟ-ਪੈਂਟ ਪਾ ਕੇ ਵੀ ਨਹੀਂ ਹੋਇਆ, ਓਹੀ ਆਨੰਦ ਮੇਰੀਆਂ ਯਾਦਾਂ ਵਿੱਚ ਵਸਿਆ ਹੋਇਆ ਹੈ ਇਸੇ ਕਰਕੇ ਮੈਂ ਇਸ ਕੋਟੀ ਦਾ ਮੋਹ ਨਹੀਂ ਤਿਆਗ ਸਕਿਆ- ਤੁਸੀਂ ਸਾਰੇ ਮੈਨੂੰ ਭਾਵੇਂ ਕੁਝ ਵੀ ਕਹਿੰਦੇ ਰਹੇ।’’ ‘‘ਆਹ ਕੀ ਮੰਮੀ ? ਤੂੰ ਤਾਂ ਕਹਿੰਦੀ ਸੀ ਕਿ ਡੈਡੀ ਕਹਿੰਦੇ ਸੀ ਆਪਾਂ ਕੋਟੀ ਸ੍ਰੀਨਗਰ ਭੁੱਲ ਆਏ ਸਾਂ।’’
ਅਚਾਨਕ ਘਰੇ ਵਾਪਿਸ ਪਹੁੰਚੇ ਬੱਚਿਆਂ ਨੇ ਸ੍ਰਿਸ਼ਟੀ ਦੇ ਹੱਥ ’ਚ ਫੜੀ ਕੋਟੀ ਦੇਖ ਕੇ ਪੁੱਛਿਆ। ‘‘ਮੈਂ ਤਾਂ ਆਪ ਹੈਰਾਨ ਹਾਂ... ਆਹ ਤਾਂ ਹੁਣ ਕਿਤਾਬਾਂ ’ਚ ਲੁਕੋਈ ਪਈ ਥਿਆਈ ਹੈ।’’ ‘‘ਊਂ ਤਾਂ ਜਮਾਂ ਹੀ ਥੋਥੀ ਹੋਈ ਪਈ ਹੈ, ਇਹ ਤਾਂ ਕਿਸੇ ਦੇ ਪਾਉਣ ਦੇ ਕੰਮ ਵੀ ਨਹੀਂ ਆਉਣੀ, ਇਹ ਤਾਂ ਸੁੱਟਣੀ ਹੀ ਪਵੇਗੀ।’’ ਜਿਵੇਂ ਹੀ ਮੁੰਡਿਆਂ ਨੇ ਕਿਹਾ ਉਹ ਕੰਬ ਹੀ ਗਈ, ਸੰਭਲਦਿਆਂ ਬੋਲੀ, ‘‘ਕੋਈ ਨਾ ਪੁੱਤ... ਵੇਂਹਦੇ ਹਾਂ, ਪਹਿਲਾਂ ਤੁਸੀਂ ਚਾਹ ਬਣਾਓ, ਮੈਂ ਵੀ ਤੁਹਾਨੂੰ ਉਡੀਕੀ ਜਾਂਦੀ ਸੀ ਕਿ ਤੁਸੀਂ ਆਵੋਂ ਤੇ ਚਾਹ ਪੀਵਾਂ।’’ ਝੱਟ ਉਸਨੇ ਉਹ ਕੋਟੀ ’ਕੱਠੀ ਕਰਕੇ ਲਿਫਾਫੇ ਵਿੱਚ ਪਾ ਕੇ ਕਿਤਾਬਾਂ ਦੇ ਢੇਰ ਹੇਠ ਰੱਖ ਦਿੱਤੀ। ਇਹ ਸੋਚਦਿਆਂ ਕਿ ਜੇ ਉਹ ਪਹਿਲਾਂ ਦੱਸ ਦਿੰਦੇ ਤਾਂ ਜਾਂਦੇ ਦੇ ਗਲ਼ ਇਹ ਵੀ ਪਾ ਦਿੰਦੇ ਪਰ ਕੋਈ ਗੱਲ ਨਹੀਂ ਬੱਚਿਆਂ ਨੂੰ ਸਮਝਾ ਲਊ ਕਿ ਮੇਰੇ ਗਲ਼ ਇਹ ਜ਼ਰੂਰ ਪਾ ਦੇਣੀ।
ਸੰਪਰਕ: 94177-53892/+1 425 286 0163

