ਚਲੀ ਗਈ ਚੰਡੀਗੜ੍ਹ-ਮੁਹਾਲੀ ਦੀ ਇਕਲੌਤੀ ਸਾਹਿਤਕ ਮਹਿਫ਼ਲਸਾਜ਼
ਸੁਰਜੀਤ ਬੈਂਸ ਚਲੀ ਗਈ! ਨਾਲ ਹੀ ਚੰਡੀਗੜ੍ਹ-ਮੁਹਾਲੀ ਵਿਚ ਸਜਦੀ ਆਪਣੀ ਕਿਸਮ ਦੀ ਇਕੋ-ਇਕ ਸਾਹਿਤਕ ਮਹਿਫ਼ਲ ਦਾ ਵੀ ਅੰਤ ਹੋ ਗਿਆ। ਇਸ ਦੁਸ਼ਹਿਰ ਵਿਚ ਕਈ ਸਾਹਿਤਕ-ਸਭਿਆਚਾਰਕ ਸਭਾਵਾਂ ਸਰਗਰਮ ਹਨ, ਬੈਠਕਾਂ ਹੁੰਦੀਆਂ ਹਨ, ਗੋਸ਼ਟੀਆਂ ਹੁੰਦੀਆਂ ਹਨ, ਸਮਾਗਮ ਹੁੰਦੇ ਹਨ, ਪਰ ਮਹਿਫ਼ਲ ਸੁਰਜੀਤ...
ਸੁਰਜੀਤ ਬੈਂਸ ਚਲੀ ਗਈ! ਨਾਲ ਹੀ ਚੰਡੀਗੜ੍ਹ-ਮੁਹਾਲੀ ਵਿਚ ਸਜਦੀ ਆਪਣੀ ਕਿਸਮ ਦੀ ਇਕੋ-ਇਕ ਸਾਹਿਤਕ ਮਹਿਫ਼ਲ ਦਾ ਵੀ ਅੰਤ ਹੋ ਗਿਆ। ਇਸ ਦੁਸ਼ਹਿਰ ਵਿਚ ਕਈ ਸਾਹਿਤਕ-ਸਭਿਆਚਾਰਕ ਸਭਾਵਾਂ ਸਰਗਰਮ ਹਨ, ਬੈਠਕਾਂ ਹੁੰਦੀਆਂ ਹਨ, ਗੋਸ਼ਟੀਆਂ ਹੁੰਦੀਆਂ ਹਨ, ਸਮਾਗਮ ਹੁੰਦੇ ਹਨ, ਪਰ ਮਹਿਫ਼ਲ ਸੁਰਜੀਤ ਦੇ ਘਰ ਹੀ ਸਜਦੀ ਸੀ। ਉਹ ਮਹੀਨੇ ਮਗਰੋਂ ਲੇਖਕਾਂ ਨੂੰ ਬੁਲਾਉਂਦੀ। ਪੱਚੀ-ਤੀਹ ਸਾਹਿਤਕਾਰਾਂ ਤੇ ਸਾਹਿਤ-ਪ੍ਰੇਮੀਆਂ ਦੀ ਰੌਣਕ ਹੋ ਜਾਂਦੀ। ਰਚਨਾਵਾਂ ਵੀ ਪੇਸ਼ ਹੁੰਦੀਆਂ, ਉਹਨਾਂ ਬਾਰੇ ਚਰਚਾ ਵੀ ਹੁੰਦੀ, ਵਿਚੇ ਅਪਣੱਤ-ਭਰੀਆਂ ਗੱਲਾਂ ਦਾ ਤੜਕਾ ਲਗਦਾ ਰਹਿੰਦਾ। ਖ਼ੁਸ਼ੀ ਦੀ ਕਿਣਮਿਣ ਵਰ੍ਹਦੀ ਰਹਿੰਦੀ ਤੇ ਅੰਤ ਵਿਚ ਵਿਆਹ ਵਰਗਾ ਭੋਜਨ ਪਰੋਸਿਆ ਜਾਂਦਾ। ਉਹ ਇਹਨਾਂ ਮਾਸਕ ਮਹਿਫ਼ਲਾਂ ਦੇ ਵਿਚ-ਵਿਚਾਲੇ ਵੀ ਮਿਲ ਬੈਠਣ ਲਈ ਬਹਾਨਾ ਭਾਲਦੀ ਰਹਿੰਦੀ। ਅਜਿਹੀ ਹੀ ਮਾਸਕ ਮਹਿਫ਼ਲਾਂ ਤੋਂ ਵਧੀਕ ਇਕ ਮਹਿਫ਼ਲ ਉਹਨੇ ਚੰਡੀਗੜ੍ਹ ਤੋਂ ਮੇਰੀ ਵਾਪਸੀ ਸਮੇਂ ਸਜਾਈ ਸੀ ਤੇ ਆਮ ਨਾਲੋਂ ਵੱਧ ਹੋਏ ਇਕੱਠ ਵਿਚ ਮੈਨੂੰ ਬੜੇ ਮੋਹ ਨਾਲ ਵਿਦਾਅ ਕੀਤਾ ਸੀ। ਉਸ ਸਮੇਂ ਤੋਂ ਸਾਡਾ ਨੇੜਲਾ ਸੰਪਰਕ ਬਣਿਆ ਰਿਹਾ। ਇਕ ਦਿਨ ਜਸਬੀਰ ਭੁੱਲਰ ਦੀਆਂ ਗੱਲਾਂ ਵਿਚੋਂ ਉਹਦੀ ਸਾਹਿਤਕ ਮਹਿਫ਼ਲ ਦਾ ਪਤਾ ਲੱਗਿਆ ਤਾਂ ਮੈਂ ਫੋਨ ਕੀਤਾ, “ਬੀਬੀ, ਕੱਲ੍ਹ ਹਵਾ ਮੁਹਾਲੀ ਵੱਲੋਂ ਵਗਦੀ ਸੀ, ਬੜੀਆਂ ਖ਼ੁਸ਼ਬੋਈਆਂ ਆ ਰਹੀਆਂ ਸਨ।” ਉਹ ਖੁੱਲ੍ਹ ਕੇ ਹੱਸੀ, “ਭਰਾ, ਤੁਸੀਂ ਆਉਂਦੇ ਤਾਂ ਹੈ ਨਹੀਂ। ਖ਼ੁਸ਼ਬੋਈਆਂ ਖਾਣੇ ਦੀਆਂ ਨਹੀਂ ਸਨ, ਆਪਣੇ ਕਲਮਾਂ ਵਾਲਿਆਂ ਦੀਆਂ ਸਨ। ... ਅੱਛਾ ਆਪਾਂ ਇਉਂ ਕਰਦੇ ਹਾਂ। ਤੁਸੀਂ ਜਿਸ ਦਿਨ ਵੀ ਆਉਣਾ ਹੋਵੇ, ਮੈਨੂੰ ਇਕ ਦਿਨ ਪਹਿਲਾਂ ਦੱਸ ਦੇਣਾ, ਉਸੇ ਦਿਨ ਸਭ ਨੂੰ ਬੁਲਾ ਲਵਾਂਗੇ। ਆਪਾਂ ਦਿਨਾਂ ਦੇ ਗ਼ੁਲਾਮ ਥੋੜ੍ਹੋ ਹਾਂ, ਦਿਨ ਆਪਣੇ ਗ਼ੁਲਾਮ ਨੇ!”
ਕੁਝ ਮਹੀਨੇ ਪਹਿਲਾਂ ਉਹਨੇ ਆਪਣੀ ਪੁਸਤਕ ‘ਮੈਂ ਤੇ ਮੇਰੇ’ ਭੇਜੀ। ਮਿੱਤਰ ਪਿਆਰਿਆਂ ਦੀਆਂ ਭੇਜੀਆਂ ਪੁਸਤਕਾਂ ਵੱਲ ਆਯੂ ਦੀ ਮਜਬੂਰੀ ਕਾਰਨ ਬਣੇ ਆਪਣੇ ਹੁਣ ਦੇ ਵਿਹਾਰ ਅਨੁਸਾਰ ਮੈਂ ਸਾਂਭਣ ਤੋਂ ਪਹਿਲਾਂ ਸਰਸਰੀ ਨਜ਼ਰ ਮਾਰਨ ਲਗਿਆ। ਕੁਝ ਸਤਰਾਂ ਪੜ੍ਹ ਕੇ ਨਜ਼ਰ ਪਹਿਲਾਂ ਅਟਕੀ, ਫੇਰ ਪੁੱਠੀ ਮੁੜੀ ਤੇ ਸ਼ੁਰੂ ਤੋਂ ਸ਼ਬਦ-ਸ਼ਬਦ ਪੜ੍ਹਨ ਲੱਗੀ। ਮੈਂ ਉਹਦੇ ਜੀਵਨ ਬਾਰੇ ਕਾਫ਼ੀ ਕੁਝ ਜਾਣਦਾ ਸੀ, ਪਰ ਬਹੁਤਾ ਕੁਝ ਜਾਣਨ ਦੀ, ਉਹਦੇ ਨਿੱਜ ਵਿਚ ਡੂੰਘਾ ਜਾਣ ਦੀ ਨਾ ਕਦੀ ਲੋੜ ਮਹਿਸੂਸ ਹੋਈ ਸੀ ਤੇ ਨਾ ਕਦੀ ਮੌਕਾ ਬਣਿਆ ਸੀ। ਹੁਣ ਉਹਦਾ ਸਾਰਾ ਆਪਾ ਪੁਸਤਕ ਦੇ ਪੰਨਿਆਂ ਉੱਤੇ ਉਜਾਗਰ ਹੋਇਆ ਪਿਆ ਸੀ। ਇਕ ਪਾਸੇ ਉਹ ਇਕ ਨਰਮ-ਦਿਲ, ਮੋਹਖੋਰੀ, ਦੁਖਿਆਰਿਆਂ ਦੀ ਹਮਦਰਦ ਤੇ ਮਦਦਗਾਰ, ਖ਼ੂਬਸੂਰਤ ਇਨਸਾਨ ਵਜੋਂ ਸਾਹਮਣੇ ਆਉਂਦੀ ਹੈ, ਦੂਜੇ ਪਾਸੇ ਉਹਦੀ ਆਪਣੀ ਜ਼ਿੰਦਗੀ ਵਿਚ ਵੱਡੇ ਦੁੱਖ ਲੜੀ ਬੰਨ੍ਹ ਕੇ ਆਉਂਦੇ ਹਨ। ਇਹਨਾਂ ਦੁੱਖਾਂ ਵਿਚ ਉਹਦੇ ਇਕਲੌਤੇ ਜਵਾਨ ਪੁੱਤਰ ਦੀ ਲੰਮੀ ਤੇ ਕਸ਼ਟਾਂ-ਭਰੀ ਮੌਤ ਵੀ ਸ਼ਾਮਲ ਸੀ। ਹਰ ਦੁੱਖ ਉਹਨੂੰ ਡੇਗਦਾ ਹੈ, ਨਿਰਾਸ਼ ਕਰਦਾ ਹੈ, ਤੋੜਦਾ ਹੈ, ਪਰ ਉਹ ਖੜ੍ਹੀ ਹੁੰਦੀ ਹੈ, ਆਸ ਦਾ ਪੱਲਾ ਫੜਦੀ ਹੈ, ਟੁਕੜੇ ਝਾੜ-ਪੂੰਝ ਕੇ ਆਪਣੇ ਵਜੂਦ ਨੂੰ ਜੋੜਦੀ ਹੈ ਤੇ ਜੀਵਨ ਦੇ ਸਫ਼ਰ ਉੱਤੇ ਪਹਿਲਾਂ ਨਾਲੋਂ ਵਧੀਕ ਹਿੰਮਤ ਨਾਲ ਤੁਰ ਪੈਂਦੀ ਹੈ। ਹੋਰ ਤਾਂ ਹੋਰ, ਵੀਹ ਕੁ ਸਾਲ ਪਹਿਲਾਂ ਉਹਨੂੰ ਮੂੰਹ ਦਾ ਕੈਂਸਰ ਹੋ ਗਿਆ। ਸੁਣਨ ਵਾਲਾ ਉਦਾਸ ਹੋ ਜਾਂਦਾ, ਪਰ ਉਹਦੇ ਬੋਲਾਂ ਵਿਚੋਂ ਕਦੀ ਨਿਰਾਸ਼ਾ ਦੀ ਝਲਕ ਨਾ ਪਈ। ਆਖ਼ਰ ਉਹ ਇਸ ਬੀਮਾਰੀ ਨੂੰ, ਜਿਸ ਦਾ ਨਾਂ ਸੁਣ ਕੇ ਹੀ ਮਰੀਜ਼ ਦਿਲ ਛੱਡ ਬੈਠਦੇ ਹਨ, ਵੀ ਪਛਾੜਨ ਵਿਚ ਸਫ਼ਲ ਹੋ ਗਈ। ਜਿਵੇਂ ਉਹਦੀ ਪੁਸਤਕ ਨੇ ਮੈਨੂੰ ਸੁਤੇਸਿਧ ਹੀ ਪੜ੍ਹਨ ਲਾ ਲਿਆ ਸੀ, ਉਹਦੀ ਜੀਵਨ-ਕਹਾਣੀ ਨੇ ਮੇਰੀਆਂ ਉਂਗਲਾਂ ਲੈਪਟਾਪ ਦੇ ਅੱਖਰਾਂ ਉੱਤੇ ਟਿਕਾ ਦਿੱਤੀਆਂ। ਲਿਖਤ ਮੈਂ ‘ਪੰਜਾਬੀ ਟ੍ਰਿਬਿਊਨ’ ਨੂੰ ਭੇਜ ਦਿੱਤੀ, ਪਰ ਇਹ ਭੇਤ ਉਹਨੂੰ ਨਹੀਂ ਦੱਸਿਆ। ਬੱਸ ਏਨਾ ਕਿਹਾ, “ਤੁਹਾਡੀ ਪੁਸਤਕ ਚੰਗੀ ਹੈ। ਇਕ ਨਗ ‘ਪੰਜਾਬੀ ਟ੍ਰਿਬਿਊਨ’ ਨੂੰ ਭਿਜਵਾ ਦਿਓ, ਉਹ ਚੰਗੀਆਂ ਪੁਸਤਕਾਂ ਬਾਰੇ ਜ਼ਰੂਰ ਲਿਖਵਾ ਦਿੰਦੇ ਹਨ।” ਜਦੋਂ ਉਹਨੇ ਮੇਰਾ ਲਿਖਿਆ ਪੜ੍ਹਿਆ, ਫੋਨ ਆਇਆ, “ਤੁਸੀਂ ਤਾਂ ਮੈਨੂੰ ਉੱਚੇ ਅੰਬਰੀਂ ਚਾੜ੍ਹ ਦਿੱਤਾ ਹੈ!” ਕੁਝ ਦਿਨ ਲੰਘੇ ਤਾਂ ਫੇਰ ਫੋਨ ਆਇਆ, “ਪਰਸੋਂ ਮੈਂ ਆਪਣੇ ਨਾਲ ਸੁਰਿੰਦਰ ਅਤੈ ਸਿੰਘ ਨੂੰ ਲੈ ਕੇ ਤੁਹਾਨੂੰ ਮਿਲਣ ਆ ਰਹੀ ਹਾਂ।” ਬਹੁਤ ਗੱਲਾਂ ਹੋਈਆਂ ਤੇ ਦੁਖ-ਦੁਖ ਸਾਂਝੇ ਹੋਏ।
ਕਿਸੇ ਦੀ ਸਹਾਇਤਾ ਕਰਨ ਦੇ ਮੌਕੇ ਨੂੰ ਉਹ ਧੰਨਭਾਗ ਸਮਝਦੀ। ਇਸ ਸਹਾਇਤਾ ਦਾ ਤਰੀਕਾ ਵੀ ਅਜਿਹਾ ਹੁੰਦਾ ਕਿ ਅਗਲੇ ਨੂੰ ਅਹਿਸਾਨਮੰਦੀ ਮਹਿਸੂਸ ਨਾ ਹੋਵੇ। ਉਹ ਫੇਰ ਕਦੀ ਕਿਤੇ ਅਜਿਹੀ ਸਹਾਇਤਾ ਦਾ ਜ਼ਿਕਰ ਵੀ ਨਹੀਂ ਸੀ ਕਰਦੀ। ਜੇ ਕੋਈ ਨਿਓਟੀ-ਨਿਆਸਰੀ ਕਿਸੇ ਵਿਧ ਉਹਦੇ ਘਰ ਪਹੁੰਚ ਗਈ, ਇਹ ਉਹਦੀ ਓਟ ਤੇ ਆਸਰਾ ਬਣ ਗਈ। ਉਹਨੂੰ ਮਨੁੱਖ ਤੋਂ ਨੀਵੇਂ ਜੀਵਨ ਦੀ ਦਲਦਲ ਵਿਚੋਂ ਉਭਾਰ ਕੇ ਮਨੁੱਖੀ ਜੀਵਨ ਵਿਚ ਪ੍ਰਵੇਸ਼ ਕਰਵਾ ਦਿੱਤਾ। ਇਕ ਸਾਹਿਤਕ ਵਾਰਤਾ ਸੁਣੋ। ਕਵੀ ਸ਼ਿਵਨਾਥ ਫ਼ੱਕਰ-ਫ਼ਕੀਰ ਬੰਦਾ ਸੀ। ਉਹਦਾ ਕਾਵਿ-ਸੰਗ੍ਰਹਿ ਦੋਸਤਾਂ-ਮਿੱਤਰਾਂ ਤੇ ਪ੍ਰਸ਼ੰਸਕ ਪਾਠਕਾਂ ਸਦਕਾ ਛਪ ਜਾਂਦਾ। ਮੁਹਾਲੀ-ਚੰਡੀਗੜ੍ਹ ਵਿਚ ਕਈ ਲੇਖਕ-ਪਾਠਕ ਉਹਦੇ ਪ੍ਰਸ਼ੰਸਕ ਸਨ ਜਿਨ੍ਹਾਂ ਨੂੰ ਉਹ ਆਪਣੀ ਹਰ ਪੁਸਤਕ ਹੱਥੀਂ ਦੇਣ ਜਾਂਦਾ। ਛਪੀ ਹੋਈ ਪੂਰੀ ਕੀਮਤ ਤਾਂ ਉਹ ਦਿੰਦੇ ਹੀ, ਕਈ ਵੱਧ ਵੀ ਦੇ ਦਿੰਦੇ। ਉਹਨਾਂ ਵਿਚ ਸੁਰਜੀਤ ਵੀ ਸੀ। ਨਾਲ ਹੀ ਉਹ ਆਖਦੀ, “ਮਿਲਣੀ ਵਾਲੇ ਦਿਨ ਕੁਝ ਪੁਸਤਕਾਂ ਲੈ ਆਉਣਾ।” ਉਹ ਪੁਸਤਕ ਮੇਜ਼ ਉੱਤੇ ਰੱਖਦੀ ਤੇ ਆਖਦੀ, “ਲਓ ਭਾਈ, ਸ਼ਿਵਨਾਥ ਦੀ ਨਵੀਂ ਕਿਤਾਬ ਆਈ ਹੈ। ਪੰਜ ਸੌ ਰੱਖ ਕੇ ਕਿਤਾਬ ਚੁੱਕ ਲਵੋ। ਨਹੀਂ ਫੇਰ ਜਿੰਨੇ ਮਰਜ਼ੀ ਰੱਖ ਦਿਓ, ਪਰ ਛਪੀ ਕੀਮਤ ਜਿੰਨੇ ਤਾਂ ਹੋਣ ਹੀ।” ਤੋਰ-ਤੁਰਾਈ ਵੇਲ਼ੇ ਉਹ ਪੈਸੇ ਸ਼ਿਵਨਾਥ ਦੀ ਜੇਬ ਵਿਚ ਪਾ ਦਿੰਦੀ ਤੇ ਬਚੀਆਂ ਪੁਸਤਕਾਂ ਉਹਦੇ ਥੈਲੇ ਵਿਚ। ਸ਼ਿਵਨਾਥ ਦੇ ਚਲਾਣੇ ਮਗਰੋਂ ਮੈਨੂੰ ਉਹਦੀ ਨੂੰਹ ਦਾ ਫੋਨ ਆਇਆ, “ਅੰਕਲ ਜੀ, ਪਿਤਾ ਜੀ ਦੇ ਕਿਤਾਬਾਂ ਦੇ ਢੇਰ ਦਾ ਕੀ ਕਰੀਏ?” ਮੈਂ ਕਿਹਾ, “ਜੋ ਹੋਰਾਂ ਦੀਆਂ ਲਿਖੀਆਂ ਹੋਈਆਂ ਨੇ, ਮੁੰਡਾ ਆ ਕੇ ਮੇਰੇ ਪਿੰਡ ਦੀ ਲਾਇਬਰੇਰੀ ਲਈ ਲੈ ਜਾਵੇਗਾ। ਜੋ ਸ਼ਿਵਨਾਥ ਦੀਆਂ ਆਪਣੀਆਂ ਲਿਖੀਆਂ ਹੋਈਆਂ ਨੇ, ਮੈਨੂੰ ਗਿਣਤੀ ਸਮੇਤ ਉਹਨਾਂ ਦੇ ਨਾਂ ਭੇਜ ਦੇ।” ਮੈਂ ਸਾਰੀ ਗੱਲ ਦੱਸ ਕੇ ਸੱਤਪਾਲ ਭੀਖੀ ਨੂੰ ਕਿਹਾ, ਪਟਿਆਲਾ ਲਿਖਣ-ਪੜ੍ਹਨ ਵਾਲਿਆਂ ਦਾ ਸ਼ਹਿਰ ਹੈ, ਕੁਝ ਕਰ। ਉਹ ਪੈਸੇ ਦੇ ਕੇ ਗਠੜੀ ਬੰਨ੍ਹ ਲਿਆਇਆ। ਪਰ ਕੁਝ ਪੁਸਤਕਾਂ ਜ਼ਿਆਦਾ ਗਿਣਤੀ ਦੀਆਂ ਸਨ ਜੋ ਬਚ ਰਹੀਆਂ। ਆਖ਼ਰੀ ਢੋਈ ਮੈਨੂੰ ਸੁਰਜੀਤ ਬੈਂਸ ਹੀ ਦਿੱਸੀ, ਭਾਵੇਂ ਕਿ ਮੈਨੂੰ ਅਹਿਸਾਸ ਸੀ ਕਿ ਇਹ ਪੁਸਤਕਾਂ ਉਹਦੇ ਘਰ ਪਹਿਲਾਂ ਹੀ ਮਿਲਣੀਆਂ ’ਚ ਰੱਖੀਆਂ ਜਾ ਚੁੱਕੀਆਂ ਹਨ। ਸਾਰੀ ਵਾਰਤਾ ਸੁਣ ਕੇ ਬੋਲੀ, ਉਹਨਾਂ ਨੂੰ ਕਹੋ, ਮੇਰੇ ਘਰ ਦੇ ਜਾਣ। ਮਿਲਣੀ ਮਗਰੋਂ ਉਹਦਾ ਫੋਨ ਆਇਆ, ਉਹਨਾਂ ਨੂੰ ਕਹੋ, ਪੈਸੇ ਤੇ ਕੁਝ ਬਚੀਆਂ ਕਿਤਾਬਾਂ ਲੈ ਜਾਣ।
ਜਦੋਂ ਉਹ ਸੁਰਿੰਦਰ ਨਾਲ ਮੈਨੂੰ ਮਿਲਣ ਆਈ, ਮੈਂ ਕਿਹਾ, “ਬੀਬੀ, ਤੁਹਾਡੀ ਸਿਹਤ ਠੀਕ ਪਈ ਹੈ, ਇਹਨੂੰ ਸੰਭਾਲ ਕੇ ਰੱਖੋ। ਤੁਹਾਡੇ ਵਰਗੇ ਇਨਸਾਨਾਂ ਦੀ ਸਮਾਜ ਨੂੰ ਬਹੁਤ ਲੋੜ ਹੈ।” ਉਹ ਬੋਲੀ, “ਭਰਾ, ਸਮਾਜ ਦਾ ਤਾਂ ਮੈਂ ਕੀ ਸੰਵਾਰ ਦੇਣਾ ਹੈ, ਪਰ ਮੇਰੀ ਸਿਹਤ ਨੂੰ ਚੰਗੀ ਕਿਹਾ ਤਾਂ ਕੀ ਕਿਹਾ! ਮੈਂ ਤਾਂ ਪੁੱਠੀ ਤੁਰੀ ਹੋਈ ਹਾਂ, ਸਦਾ-ਬਹਾਰ ਜਵਾਨੀ ਵੱਲ। ਦਿਨੋ-ਦਿਨ ਜਵਾਨ ਹੁੰਦੀ ਜਾਂਦੀ ਹਾਂ, ਪਹਿਲਾਂ ਨਾਲੋਂ ਸੋਹਣੀ ਹੁੰਦੀ ਜਾਂਦੀ ਹਾਂ। ਸ਼ੀਸ਼ਾ ਦੇਖਦੀ ਹਾਂ ਤਾਂ ਲਗਦਾ ਹੈ, ਆਪਣੀ ਜਵਾਨੀ ਵੇਲੇ ਦੀ ਤਸਵੀਰ ਦੇਖ ਰਹੀ ਹਾਂ! ਜ਼ਿੰਦਗੀ ਦੇ ਕੁਤਕੁਤਾੜੀਆਂ ਕੱਢਦੀ ਫਿਰਦੀ ਹਾਂ, ਜਿਵੇਂ ਰੱਬ ਦੇ ਵਿਆਹ ਆਈ ਹੋਈ ਹੋਵਾਂ।” ਫੇਰ ਹੱਸ ਕੇ ਹੌਲ਼ੀ ਜਿਹੀ ਕਹਿੰਦੀ, “ਮੇਰੇ ਤਾਂ ਖੰਭ ਨਿਕਲ ਆਏ ਨੇ। ਮੈਨੂੰ ਤਾਂ ਇਸ਼ਕ ਵੀ ਹੋ ਗਿਆ ਹੈ। ਉਹ ਵਾਲਾ ਇਸ਼ਕ ਨਹੀਂ, ਆਪਣੇ ਨਾਲ ਇਸ਼ਕ, ਆਪਣਿਆਂ-ਬਿਗਾਨਿਆਂ ਸਭਨਾਂ ਨਾਲ ਇਸ਼ਕ, ਜ਼ਿੰਦਗੀ ਨਾਲ ਇਸ਼ਕ, ਦੁਨੀਆ ਨਾਲ ਇਸ਼ਕ! ਜ਼ਿੰਦਗੀ ਜੋ ਵੀ ਹੈ, ਕਮਾਲ ਦਾ ਕਰਿਸ਼ਮਾ ਹੈ। ਹਰ ਪਲ ਮੇਰੇ ਲਈ ਅਣਮੁੱਲਾ ਹੈ। ਮੌਤ ਦਾ ਤਾਂ ਮੈਨੂੰ ਕਦੀ ਚੇਤਾ ਹੀ ਨਹੀਂ ਆਉਂਦਾ।”
ਅਜਿਹੇ ਦਿਲਦਾਰ ਇਨਸਾਨ ਘੱਟ ਹੀ ਹੁੰਦੇ ਹਨ। ਹਰ ਮੌਤ ਨੂੰ “ਪੂਰਾ ਨਾ ਹੋਣ ਵਾਲਾ ਘਾਟਾ” ਕਹਿਣਾ ਰਸਮੀ ਵਰਤਾਰਾ ਹੈ। ਕਈ ਬਦਕਿਸਮਤ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਘਾਟਾ ਪਰਿਵਾਰ ਨੂੰ ਵੀ ਮਹਿਸੂਸ ਨਹੀਂ ਹੁੰਦਾ। ਕਈਆਂ ਦਾ ਪਰਿਵਾਰ ਤੇ ਆਪਣਿਆਂ ਤੱਕ ਸੀਮਤ ਰਹਿੰਦਾ ਹੈ। ਜਿਨ੍ਹਾਂ ਭਲੇ ਲੋਕਾਂ ਦਾ ਚਲਾਣਾ ਵਡੇਰੇ ਸਮਾਜਕ ਤੇ ਸਾਹਿਤਕ ਹਲਕਿਆਂ ਲਈ ਚੀਸ ਬਣਦਾ ਹੈ, ਸੁਰਜੀਤ ਬੈਂਸ ਉਹਨਾਂ ਵਿਚੋਂ ਸੀ! ਉਹਦੇ ਵਰਗੇ ਚਲਾਣੇ ਬਾਰੇ ਹੀ ਤਾਂ ਕਬੀਰ ਜੀ ਨੇ ਕਿਹਾ ਸੀ: ਕਬੀਰਾ ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਨੈ ਕੋਇ। ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਇ!
ਸੰਪਰਕ: 80763-63058

